.

ਹਰਿ ਕੋ ਨਾਮੁ ਸਦਾ ਸੁਖਦਾਈ

ੴਸਤਿਗੁਰ ਪ੍ਰਸਾਦਿ॥ ਮਾਰੂ ਮਹਲਾ 9॥
ਹਰਿ ਕੋ ਨਾਮੁ ਸਦਾ ਸੁਖਦਾਈ॥
ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ॥ 1॥ ਰਹਾਉ॥
ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ॥
ਤਾ ਕੋ ਦੂਖੁ ਹਰਿਓ ਕਰੁਣਾਮੈ ਅਪਨੀ ਪੈਜ ਬਢਾਈ॥ 1॥
ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ॥
ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ॥ 2॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 1008
ਨੋਟ – ਗੁਰਮਤਿ ਸਿਧਾਂਤ ਅੰਦਰ ਕੋਈ ਸ੍ਵੈ-ਵਿਰੋਧਤਾ ਨਹੀਂ ਹੈ। ਪਰ, ਗੱਲ ਫਿਰ ਉਥੇ ਮਨਮੁਖ ਲੋਕਾਂ ਦੀਆਂ ਕਹਾਣੀਆਂ ਤੇ ਆ ਮੁੱਕਦੀ ਹੈ ਜੋ ਦਿਨ ਰਾਤ ਪ੍ਰਚਾਰੀਆਂ ਜਾ ਰਹੀਆਂ ਹਨ। ਜਿੰਨਾਂ ਚਿਰ ਇਨ੍ਹਾਂ ਨੂੰ ਗੁਰਮਤਿ ਸਟੇਜਾਂ ਤੋਂ ਅਲਵਿਦਾ ਨਹੀਂ ਕਹਿੰਦੇ, ਗੁਰਮਤਿ ਸੱਚ ਸਾਹਮਣੇ ਨਹੀਂ ਆ ਸਕਦਾ। ਇਸ ਸ਼ਬਦ ਦੀ ਸ਼ੁਰੂਆਤ ‘ੴਸਤਿਗੁਰ ਪ੍ਰਸਾਦਿ ਤੋਂ’ ਹੁੰਦੀ ਹੈ, ਹਰੀ ਦਾ ਨਾਮ ਸਿਮਰਨ ਹੀ ਸਦੀਵੀ ਸੁਖ ਦੀ ਪ੍ਰਾਪਤੀ ਦਾ ਸਾਧਨ ਹੈ। ਹਰੀ ਦਾ ਨਾਮ ਸਿਮਰਨ ਕਰਨ ਨਾਲ ਹੀ ਅਜਾਮਲ ਦਾ ਉਧਾਰ ਹੋਇਆ ਸੀ ਅਤੇ ਗਨਿਕਾ ਨੇ ਗਤੀ ਪ੍ਰਾਪਤ ਕੀਤੀ ਸੀ। ਇਹ ਰਹਾਉ ਦੀਆਂ ਪੰਗਤੀਆਂ ਹਨ। ਗੁਰਮਤਿ ਸਿਧਾਂਤ ਨੇ ਹਰੀ ਦੇ ਨਾਮ ਨੂੰ ਹਮੇਸ਼ਾ ਲਈ ਸੁਖਦਾਈ ਮੰਨਿਆ ਹੈ ਅਤੇ ਇਸ ਸ਼ਬਦ ਅੰਦਰ ਵੀ ਗੁਰਮਤਿ ਸਿਧਾਂਤ ਅਪਨਾਉਣ ਵਾਲਿਆਂ ਨੂੰ ਹੀ ਹਰੀ ਦੀ ਬਖ਼ਸ਼ਿਸ਼ ਦੀ ਪਰਾਪਤੀ ਹੋਈ ਦਰਸਾਈ ਹੈ।
ਪਦ ਅਰਥ
ਹਰਿ ਕੋ ਨਾਮੁ – ਹਰੀ ਦਾ ਨਾਮ ਹੀ
ਸਦਾ ਸੁਖਦਾਈ – ਸਦੀਵੀ ਅਨੰਦ ਦੀ ਬਖ਼ਸ਼ਿਸ਼ ਕਰ ਸਕਦਾ ਹੈ
ਜਾ ਕਉ ਸਿਮਰ – ਜਿਸ ਨੂੰ ਸਿਮਰ ਕੇ
ਅਜਾਮਲੁ ਉਧਰਿਓ – ਅਜਾਮਲ ਦਾ ਉਧਾਰ ਹੋਇਆ ਸੀ
ਗਨਿਕਾ ਹੂ ਗਤਿ ਪਾਈ – ਗਨਿਕਾ ਨੇ ਗਤੀ ਪ੍ਰਾਪਤ ਕੀਤੀ ਸੀ
ਪੰਚਾਲੀ ਕਉ – ਪੰਚਾਲੀ ਨੂੰ ਵੀ
ਕਉ – ਨੂੰ
ਰਾਜ – ਗੁਪਤ ਭੇਦ
ਸਭਾ – ਤਮਾਮ, ਸਾਰੀ
ਰਾਮ ਨਾਮ – ਹਰੀ ਸਿਮਰਨ
ਸੁਧਿ – ਸੂਝ ਪ੍ਰਾਪਤ ਹੋਣਾ
ਤਾ ਕੋ – ਉਸ ਦਾ, ਉਸ ਨੂੰ
ਕਰੁਣਾਮੈ – ਦਯਾ ਰੂਪ ਕਰਤਾਰ
ਪੈਜ – ਬਖ਼ਸ਼ਿਸ਼
ਪੈਜ ਬਢਾਈ –ਬਖ਼ਸ਼ਿਸ਼ ਕੀਤੀ
ਜਿਹ ਨਰ – ਜਿਸ ਕਿਸੇ ਮਨੁੱਖ ਨੇ ਵੀ
ਕ੍ਰਿਪਾ ਨਿਧਿ – ਬਖ਼ਸ਼ਿਸ਼ ਦਾ ਖਜਾਨਾ
ਗਾਇਓ – ਸਿਮਰਨ ਕੀਤਾ
ਤਾ ਕੋ – ਉਸ ਦਾ
ਭਇਓ ਸਹਾਈ –ਬਖ਼ਸ਼ਿਸ਼ ਕੀਤੀ
ਮੈ ਇਹੀ ਭਰੋਸੈ – ਮੈਂ ਵੀ ਉਸ ਦਯਾ ਸਰੂਪ ਬਖ਼ਸ਼ਿਸ਼ ਦੇ ਖ਼ਜ਼ਾਨੇ, ਵਾਹਿਗੁਰੂ ਉੱਪਰ ਭਰੋਸਾ ਕੀਤਾ
ਗਹੀ ਆਨਿ ਸਰਨਾਈ –ਬਖ਼ਸ਼ਿਸ਼ ਦੇ ਖ਼ਜ਼ਾਨੇ ਵਾਹਿਗੁਰੂ ਦੀ ਸ਼ਰਨ ਪਕੜ ਲਈ ਹੈ
ਅਰਥ
ਹੇ ਭਾਈ! ਉਸ ਸਰਬ-ਵਿਆਪਕ ਵਾਹਿਗੁਰੂ ਦੇ ਗਿਆਨ ਦੀ ਬਖ਼ਸ਼ਿਸ਼ ਨਾਲ ਹਰੀ ਦਾ ਨਾਮ ਸਿਮਰਨ ਹੀ ਸਦੀਵੀ ਸੁਖਾਂ ਦੀ ਪ੍ਰਾਪਤੀ ਦਾ ਸਾਧਨ ਹੈ। ਉਸ ਸਰਬ-ਵਿਆਪਕ ਦੇ ਸਿਮਰਨ ਦੀ ਬਖ਼ਸ਼ਿਸ਼ ਨਾਲ ਹੀ ਅਜਾਮਲ ਦਾ ਉਧਾਰ ਹੋਇਆ ਸੀ, ਅਤੇ ਗਨਿਕਾ ਨੂੰ ਮੁਕਤੀ ਪ੍ਰਾਪਤ ਹੋਈ ਸੀ।
ਇਸੇ ਤਰ੍ਹਾਂ ਪੰਚਾਲੀ ਨੂੰ ਵੀ ਸਾਰੇ ਰਾਜ ਦੀ ਉਸ ਸਰਬ-ਵਿਆਪਕ ਰਾਮ ਦੇ ਨਾਮ ਸਿਮਰਨ ਕਰਨ ਨਾਲ ਹੀ ਸੂਝ ਪ੍ਰਾਪਤ ਹੋਈ ਸੀ। ਉਸ ਦਾ ਦੁਖ ਵੀ ਦਯਾ ਸਰੂਪ ਸਰਬ-ਵਿਆਪਕ ਵਾਹਿਗੁਰੂ ਨੇ ਆਪਣੀ ਬਖ਼ਸ਼ਿਸ਼ ਨਾਲ ਦੂਰ ਕੀਤਾ ਸੀ।
ਜਿਸ ਕਿਸੇ ਮਨੁੱਖ ਨੇ ਵੀ ਦਯਾ ਸਰੂਪ ਸਰਬ-ਵਿਆਪਕ ਕ੍ਰਿਪਾ ਦੇ ਖ਼ਜ਼ਾਨੇ, ਹਰੀ ਦਾ ਸਿਮਰਨ ਕੀਤਾ, ਤਾਂ ਉਸ ਉੱਪਰ ਵਾਹਿਗੁਰੂ ਨੇ ਸਹਾਈ ਹੋ ਕੇ ਆਪ ਬਖ਼ਸ਼ਿਸ਼ ਕੀਤੀ। ਹੇ ਭਾਈ! ਨਾਨਕ ਸਾਹਿਬ ਅਖਦੇ ਹਨ, ਕਿ ਮੈਂ ਵੀ ਉਸ ਸਰਬ-ਵਿਆਪਕ, ਜੋ ਇੱਕ ਹੈ, ਉੱਪਰ ਇਹੀ ਭਰੋਸਾ ਕਰਕੇ ਸ਼ਰਨ ਆਇਆ ਹਾਂ, ਕਿ ਉਹ ਬਖ਼ਸ਼ਿਸ਼ ਦਾ ਖ਼ਜ਼ਾਨਾ ਸਰਬ-ਵਿਆਪਕ ਵਾਹਿਗੁਰੂ ਆਪ ਹੀ ਹੈ, ਹੋਰ ਕੋਈ ਉਸ ਦੇ ਤੁੱਲ ਨਹੀਂ ਹੈ।
ਨੋਟ – ਸ਼ਬਦ ਦੀ ਸ਼ੁਰੂਆਤ ‘ੴਸਤਿਗੁਰ ਪ੍ਰਸਾਦਿ’ ਤੋਂ ਹੁੰਦੀ ਹੈ। ੴ- ਉਹ ਇੱਕ ਹੈ ਜੋ ਸਰਬ-ਵਿਆਪਕ ਹੈ। ਸਾਰੇ ਸ਼ਬਦ ਦਾ ਅਧਾਰ ਉਸ ਵਾਹਿਗੁਰੂ ਦੀ ਬਖ਼ਸ਼ਿਸ਼ ਉੱਪਰ ਹੀ ਖੜਾ ਹੈ। ਇਸ ਕਰਕੇ ਕੋਈ ਭੁਲੇਖਾ ਨਹੀਂ ਰਹਿ ਜਾਂਦਾ।
ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ॥
ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ॥
ਗੁਰੂ ਗ੍ਰੰਥ ਸਾਹਿਬ, ਪੰਨਾ 1219
ਬਲਦੇਵ ਸਿੰਘ ਟੋਰਾਂਟੋ




.