.

ਧੁੰਦਲੀ ਜਿਹੀ ਯਾਦ ਰੌਲ਼ਿਆਂ ਦੀ

ਉਨੀ ਸੌ ਸੰਤਾਲ਼ੀ ਵਿਚ, ਪਾਕਿਸਤਾਨ ਬਣਨ ਦੇ ਸਮੇ ਵਾਪਰੀਆਂ ਭਿਆਨਕ ਘਟਨਾਵਾਂ ਨੂੰ, ਮੇਰੇ ਪਿੰਡ ਦੇ ਲੋਕ ‘ਰੌਲ਼ੇ’ ਹੀ ਆਖਿਆ ਕਰਦੇ ਸਨ।
ਮਹੀਨਾ ਅਗੱਸਤ ਜਿਥੇ ਹਿੰਦੁਸਤਾਨ ਦੇ ਮੁੱਠੀ ਭਰ ਲੋਕਾਂ ਲਈ ਆਜ਼ਾਦੀ ਦੇ ਨਾਂ ਤੇ, ਰਾਜਤੰਤਰ ਉਪਰ ਕਬਜ਼ਾ ਕਰਕੇ, ਨਵੇਂ ਜ਼ਮਾਨੇ ਦੇ ਰਾਜੇ ਬਣਨ ਦਾ ਮੌਕਾ ਲੈ ਕੇ ਆਇਆ ਓਥੇ ਆਮ ਜਨਤਾ ਲਈ ਇਤਿਹਾਸ ਦਾ ਸਭ ਤੋਂ ਵੱਡਾ ਤੇ ਭਿਆਨਕ ਕਹਿਰ ਲਿਆਇਆ। ਇਸ ਬਾਰੇ ਹੁਣ ਤੱਕ ਬਹੁਤ ਕੁੱਝ ਕਿਹਾ, ਸੁਣਿਆ, ਸੁਣਾਇਆ, ਲਿਖਿਆ, ਲਿਖਾਇਆ, ਪੜ੍ਹਿਆ ਤੇ ਪੜ੍ਹਾਇਆ ਗਿਆ ਹੈ। ਮੈ ਏਥੇ ਸਿਰਫ ਆਪਣੀ ਇੱਕ ਧੁੰਦਲੀ ਜਿਹੀ ਯਾਦ ਹੀ ਦੁਹਰਾਉਣ ਲੱਗਾ ਹਾਂ। ਇਸ ਦੇਸ਼ ਦੀ ਵੰਡ ਨੇ ਨਾ ਤਾਂ ਮੁਸਲਮਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਹੈ ਤੇ ਨਾ ਹੀ ਬਾਕੀ ਬਚੇ ਹਿੰਦੁਸਤਾਨ ਦੇ ਵਸਨੀਕਾਂ ਨੂੰ ਕੋਈ ਖਾਸ ਅਮਨ ਚੈਨ ਮਿਲ਼ ਸਕਿਆ ਹੈ। ਕਾਗਜ਼ ਤੇ ਵਾਹੀ ਨਕਲੀ ਲੀਕ, ਵਾਹਗੇ ਤੋਂ ਪਾਰੋਂ ਹਿੰਦੂ ਸਿੱਖ ਕਿਵੇਂ ਏਧਰ ਆਏ ਤੇ ਏਧਰੋਂ ਮੁਸਲਮਾਨ ਕਿਵੇਂ ਓਧਰ ਗਏ, ਇਹ, ਮਨੁਖੀ ਇਤਿਹਾਸ ਵਿੱਚ ਹੁਣ ਤੱਕ ਹੋਈ ਸਭ ਤੋਂ ਭਿਆਨਕ ਅਤੇ ਦੁਖਦਾਈ ਟ੍ਰੈਜਡੀ, ਕਿਸੇ ਤੋਂ ਭੁੱਲੀ ਹੋਈ ਨਹੀ। ਸਵਾ ਛੇ ਦਹਾਕੇ ਤੋਂ ਵਧ ਸਮਾ ਬੀਤ ਜਾਣ ਤੇ ਵੀ, ਉਸ ਸਮੇ ਬਿਹਾਰ ਤੋਂ ਪੂਰਬੀ ਪਾਕਿਸਤਾਨ ਗਏ ਮੁਸਲਮਾਨ, ਅੱਜ ਵੀ ਦਰ ਬਦਰ ਰੁਲ਼ ਰਹੇ ਹਨ। ਜਾਨਾਂ ਜੋਖਮ ਵਿੱਚ ਪਾ ਕੇ ਬੰਗਲਾ ਦੇਸੋਂ ਹਿੰਦੁਸਤਾਨ ਤੇ ਫਿਰ ਹਿੰਦੁਸਤਾਨੋ ਪਾਕਿਸਤਾਨ ਵਿਚ, ਚੋਰੀਂ ਦਾਖ਼ਲ ਹੋਣ ਲਈ ਜੋ ਜੋ ਪਾਪੜ ਵੇਲ਼ ਰਹੇ ਹਨ, ਜਾਣਕਾਰ ਸੱਜਣ ਜਾਣਦੇ ਹਨ। ਉਹ ਜ਼ਾਲਮ ਠੱਗਾਂ ਹੱਥੋਂ ਹਰ ਪ੍ਰਕਾਰ ਦੀ ਲੁੱਟ ਦਾ ਸ਼ਿਕਾਰ ਹੋਣ ਦੇ ਨਾਲ਼ ਨਾਲ਼ ਗੋਲ਼ੀਆਂ ਦਾ ਵੀ ਸ਼ਿਕਾਰ ਬਣਦੇ ਹਨ। ਕੋਈ ਵਿਰਲੇ ਹੀ ਖ਼ੁਸ਼ਕਿਸਮਤ ਹੋਣਗੇ ਜੋ ਪਾਕਿਸਤਾਨ ਵਿੱਚ ਦਾਖ਼ਲ ਹੋ ਸਕਦੇ ਹੋਣਗੇ! ਅੱਗੇ ਪਾਕਿਸਤਾਨ ਵਿੱਚ ਜੇਹੜੀ ਮਾਸੀ ਪ੍ਰਾਉਂਠੇ ਪਕਾ ਕੇ ਉਹਨਾਂ ਦੀ ਉਡੀਕ ਕਰ ਰਹੀ ਹੈ, ਇਸ ਤੋਂ ਵੀ ਉਹ ਜਾਣੂ ਹੀ ਹਨ।
ਬਹੁਤਾ ਤੇ ਨਹੀ ਯਾਦ ਪਰ ਝੌਲ਼ਾ ਜਿਹਾ ਪੈਂਦਾ ਹੈ ਕਿ ਅੰਮ੍ਰਿਤਸਰੋਂ ਸ੍ਰੀ ਹਰਿ ਗੋਬਿੰਦਪੁਰ ਨੂੰ ਜਾਣ ਵਾਲ਼ੀ ਸੜਕ ਦੇ ਬਾਈਵੇਂ ਮੀਲ਼ ਤੇ ਮੌਜੂਦ, ਸਾਡੇ ਨਿਕੇ ਜਿਹੇ ‘ਸੂਰੋ ਪੱਡਾ’ ਨਾਮੀ ਪਿੰਡ ਵਿੱਚ ਤਿੰਨ ਘਰ ਮੁਸਲਮਾਨਾਂ ਦੇ ਸਨ। ਇੱਕ ਤੇਲੀਆਂ ਦਾ, ਦੂਜਾ ਮਰਾਸੀਆਂ ਦਾ ਤੇ ਤੀਜਾ ਲੁਹਾਰਾਂ ਦਾ। ਮਰਾਸੀ ਪਰਵਾਰ ਦੇ ਮੁਖੀ ਦਾ ਨਾਂ ਮੌਲੂ ਦੱਸਦੇ ਸਨ। ਆਖਦੇ ਨੇ ਕਿ ਓਦੋਂ ਕੋਈ ਸੋਚ ਵੀ ਨਹੀ ਸੀ ਸਕਦਾ ਕਿ ਲੋਕਾਂ ਨੂੰ ਇਸ ਤਰ੍ਹਾਂ ਭਾਜੜਾਂ ਪੈਣਗੀਆਂ। ਰਾਜ ਤਾਂ ਬਦਲਦੇ ਆ ਰਹੇ ਲੋਕਾਂ ਨੇ ਸੁਣੇ ਸਨ ਪਰ ਪਰਜਾ ਬਦਲੂਗੀ ਇਹ ਤਾਂ ਜਨ ਸਾਧਾਰਣ ਦੀ ਸੋਚੋਂ ਬਾਹਰੀ ਬਾਤ ਹੋਣ ਕਰਕੇ ਕਿਸੇ ਦੇ ਚਿਤ ਚੇਤੇ ਵਿੱਚ ਵੀ ਨਹੀ ਸੀ।
ਅੰਮ੍ਰਿਤਸਰੋਂ ਆ ਰਹੀ ਸੜਕ ਜੋ ਕਿ ਅੱਗੇ ਮਹਿਤੇ ਚੌਂਕ ਤੋਂ ਚਾਰ ਕਿਲੋ ਮੀਟਰ ਪਹਿਲਾਂ, ਐਨ ਸੜਕ ਦੇ ਉਪਰ ਸਾਡਾ ਖੂਹ ਹੁੰਦਾ ਸੀ। ਇਸ ਸੜਕ ਉਪਰ ਤਿੰਨ ਖੂਹ ਹੁੰਦੇ ਸਨ। ਨਾਥ ਦੀ ਖੂਹੀ ਵੱਲੋਂ ਇੱਕ ਮੀਲ ਤੇ, ਪਹਿਲਾ ਖੂਹ ਖੱਬੇ ਹੱਥ ਵਾਲਾ ਸਾਡੇ ਭਾਈਚਾਰੇ ਦਾ ਹੁੰਦਾ ਸੀ ਜਿਸ ਨੂੰ ‘ਸੜਕ ਵਾਲ਼ਾ ਖੂਹ’ ਆਖਦੇ ਸਨ ਜਿਥੇ ਕਿ ਹੁਣ ਸਕੂਲ ਬਣ ਚੁੱਕਿਆ ਹੈ। ਇਸ ਦੇ ਨਾਲ਼ੋਂ ਹੀ ਪਿੰਡ ਵਿੱਚ ਪ੍ਰਵੇਸ ਕਰਨ ਵਾਲ਼ਾ ਰਾਹ ਹੈ। ਇਸ ਤੋਂ ਅੱਗੇ ਸੜਕ ਦੇ ਸੱਜੇ ਪਾਸੇ ਵਾਰੋ ਵਾਰੀ ਦੋ ਖੂਹ ਆਉਂਦੇ ਸਨ। ਪਹਿਲੇ ਨੂੰ ‘ਵਿਚਕਾਰਲਾ’ ਤੇ ਏਸੇ ਤਰ੍ਹਾਂ ਦੂਜੇ ਦਾ ਵੀ ਕੋਈ ਨਾ ਹੋਵੇਗਾ ਪਰ ਮੇਰੀ ਬਚਗਾਨਾ ਸੋਚ ਵਿੱਚ ਉਸਦਾ ਨਾਂ ‘ਬੋਤਲਾਂ ਵਾਲ਼ਾ ਖੂਹ’ ਬੈਠਾ ਹੋਇਆ ਸੀ। ਸਾਡੇ ਚਾਚਾ ਜੀ ਖੂਹ ਦੀ ਜੋਗ ਹਿੱਕ ਰਹੇ ਸਨ ਤੇ ਅਸੀਂ ਤਿੰਨੇ: ਮੈ, ਮੇਰਾ ਛੋਟਾ ਭਰਾ ਭੀਰੋ (ਹੁਣ ਸੂਬੇਦਾਰ ਦਲਬੀਰ ਸਿੰਘ) ਤੇ ਚਾਚਾ ਜੀ ਦਾ ਪੁੱਤਰ ਮਨੋਹਰ (ਹੁਣ ਸ. ਮਨੋਹਰ ਸਿੰਘ) ਔਲ਼ੂ ਵਿੱਚ ਨਹਾ ਰਹੇ ਸਾਂ ਤੇ ਆਪਣੇ ਝੱਗੇ ਅਸਾਂ ਪਾਣੀ ਵਿੱਚ ਭੇਂ ਕੇ, ਧੁੱਪੇ ਸੁੱਕਣੇ ਪਾਏ ਹੋੇਏ ਸਨ। ਗਰਮੀਆਂ ਦੀ ਦੁਪਹਿਰ ਦਾ ਸਮਾ ਸੀ। ਕੀ ਵੇਖਦੇ ਹਾਂ ਕਿ ਅੰਮ੍ਰਿਤਸਰ ਵਾਲ਼ੇ ਪਾਸਿਉਂ ਸੜਕੇ ਸੜਕ ਕੋਈ ਬੰਦਾ ‘ਆ ਗਏ, ਆ ਗਏ’ ਕਰਦਾ ਨਠਾ ਆ ਰਿਹਾ ਸੀ। ਉਸ ਨੇ ਗਾਤਰੇ ਛੋਟੀ ਕ੍ਰਿਪਾਨ ਪਾਈ ਹੋਈ ਸੀ ਤੇ ਉਸ ਦਾ ਮੁਹਾਂਦਰਾ ਕੁੱਝ ਕੁੱਝ ਸਾਡੇ ਛੋਟੇ ਚਾਚਾ ਜੀ ਨਾਲ਼ ਮਿਲ਼ਦਾ ਜੁਲ਼ਦਾ ਸੀ। “ਆ ਗਏ, ਆ ਗਏ” ਦਾ ਮਤਲਬ ਸੀ ਕਿ ਮੁਸਲਮਾਨਾਂ ਦਾ ਹਜੂਮ ਲੁੱਟਣ ਕੁੱਟਣ ਲਈ ਆ ਰਿਹਾ ਹੈ; ਬਚ ਜਾਓ।
ਚਾਚਾ ਜੀ ਨੇ ਸਾਨੂੰ ਆਖਿਆ, “ਝੱਗੇ ਪਾ ਲਓ; ਘਰ ਨੂੰ ਚੱਲੀਏ। “ਮੈ ਆਖਿਆ, “ਝੱਗੇ ਤੇ ਗਿੱਲੇ ਨੇ। “ਉਹਨਾਂ ਨੇ ਆਖਿਆ, “ਗਿੱਲੇ ਸਗੋਂ ਚੰਗੇ ਨੇ।” ਇਸ ਦੇ ਮਤਲਬ ਦਾ ਨਹੀ ਪਤਾ ਕਿ ਉਹਨਾਂ ਨੇ ਇਹ ਕਿਉਂ ਆਖਿਆ। ਝੱਗੇ ਸਾਡੇ ਗਲ਼ਾਂ ਵਿੱਚ ਚਾਚਾ ਜੀ ਨੇ ਪਾ ਦਿਤੇ ਤੇ ਸਾਨੂੰ ਦੋਹਾਂ ਨੂੰ ਦੋਹਾਂ ਮੋਢਿਆਂ ਉਤੇ ਤੇ ਇੱਕ ਜਣੇ ਨੂੰ ਢਾਕੇ ਚੁੱਕ ਕੇ ਘਰ ਲੈ ਆਏ। ਪਿੰਡ ਦੀਆਂ ਬੁਢੀਆਂ ਬੱਚੇ ਕੋਠਿਆਂ ਉਪਰ ਚੜ੍ਹ ਕੇ ਮੇਰੇ ਵੱਡੀ ਚਾਚੀ ਜੀ ਦੇ ਪਿੰਡ ਵੱਲ ਵੇਖ ਰਹੇ ਸਨ। ਓਧਰੋਂ ਧੂੰਆਂ ਨਿਕਲ਼ਦਾ ਦਿਸ ਰਿਹਾ ਸੀ। ਇਹ ਸਾਡੇ ਪਿੰਡ ਤੋਂ ਦੋ ਮੀਲ ਦੀ ਦੂਰੀ ਉਤੇ, ਜ਼ਿਲਾ ਗੁਰਦਾਸਪੁਰ ਦੀ ਹੱਦ ਅੰਦਰ ਆਉਂਦਾ ਸੀ। ਇਸ ਪਿੰਡ ਦਾ ਨਾਂ ਹੈ ਵੈਰੋ ਨੰਗਲ਼। ਇਕੇ ਨਾਂ ਦੇ ਦੋ ਪਿੰਡ ਲਾਗੋ ਲਾਗੀ ਹਨ। ਪੁਰਾਣਾ ਵੈਰੋ ਨੰਗਲ਼ ਤੇ ਨਵਾਂ ਵੈਰੋ ਨੰਗਲ਼। ਦੋਹਵਾਂ ਪਿੰਡਾਂ ਦੇ ਵਿਚਕਾਰ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਇਤਿਹਾਸਕ ਗੁਰਦੁਅਰਾ, ਗੁਰੂਆਣਾ ਹੈ। ਬੰਦੇ ਸਿਰਾਂ ਤੇ ਮੜਾਸੇ ਮਾਰ ਕੇ, ਲੱਕਾਂ ਨੂੰ ਪਰਨਿਆਂ ਦੇ ਕਮਰਕੱਸੇ ਬੰਨ੍ਹ ਕੇ, ਬਰਛੇ ਤੇ ਕ੍ਰਿਪਾਨਾਂ ਲੈ ਕੇ ਅਤੇ ਗੁੜ ਦਾ ਸ਼ਰਬਤ ਪੀ ਕੇ, ਘਰਾਂ ਤੋਂ ਬਾਹਰ ਜਾ ਰਹੇ ਸਨ ਤਾਂ ਕਿ ਵੈਰੋ ਨੰਗਲ਼ ਨੂੰ ਜਾਇਆ ਜਾਵੇ। ਪਿਛੋਂ ਪਤਾ ਲੱਗਾ ਕਿ ਓਥੇ ਬਲੋਚ ਮਿਲਟਰੀ ਨੇ ਕੁੱਝ ਬੰਦੇ ਮਾਰ ਦਿਤੇ ਸਨ ਤੇ ਮੁਸਲਿਮ ਬਹੁਸੰਮਤੀ ਦੇ ਸ਼ਹਿਰ ਬਟਾਲ਼ੇ ਵਿਚ, ਗਿਰਦ ਨਿਵਾਹੀ ਦਾ ਇਕੱਠਾ ਹੋਇਆ ਮੁਸਲਿਮ ਮੁਲਖਈਆ ਵੀ ਏਧਰ ਨੂੰ ਚੜ੍ਹਿਆ ਆ ਰਿਹਾ ਸੀ ਤੇ ਰਸਤੇ ਵਿੱਚ ਆਉਣ ਵਾਲੇ ਪਿੰਡਾਂ ਨੂੰ ਤਬਾਹ ਕਰਦਾ ਆ ਰਿਹਾ ਸੀ। ਕੋਠਿਆਂ ਤੇ ਚੜ੍ਹੀਆਂ ਬੁਢੀਆਂ ਆਪਸ ਵਿੱਚ ਮੂੰਹ ਆਈਆਂ ਗੱਲਾਂ ਕਰ ਰਹੀਆਂ ਸਨ। ਕੋਈ ਕੁੱਝ ਬੋਲਦੀ ਸੀ ਤੇ ਕੋਈ ਕੁਝ। ਮੈਨੂੰ ਅੰਦਰ ਸੁਫੇ ਵਿੱਚ ਵਾੜ ਕੇ ਮੇਰੀ ਬੀਬੀ ਜੀ ਨੇ ਖੰਡ ਘਿਓ ਨਾਲ਼ ਰੋਟੀ ਖਾਣ ਨੂੰ ਦਿਤੀ ਸੀ। ਇਸ ਰਾਮ ਰੌਲ਼ੇ ਜਿਹੇ ਵਿੱਚ ਮੇਰਾ ਖਾਣ ਨੂੰ ਜੀ ਨਾ ਕਰੇ। “ਕੀ ਹੋ ਰਿਹਾ?” ਦੀ ਤਾਂ ਸਮਝ ਨਹੀ ਸੀ ਪਰ ਇਉਂ ਮਹਿਸੂਸ ਹੁੰਦਾ ਸੀ ਕਿ ਜੋ ਵੀ ਹੋ ਰਿਹਾ ਸੀ, ਕੁੱਝ ਚੰਗਾ ਜਿਹਾ ਨਹੀ ਹੋ ਰਿਹਾ।
ਬੰਦੇ ਪਿੰਡੋਂ ਬਾਹਰ ਜਾਈ ਜਾ ਰਹੇ ਸਨ। ਬੰਦਿਆਂ ਦਾ ਉਸ ਪਾਸੇ ਵੱਲ ਉਲਾਰ ਸੀ ਜਿਧਰ ਮਜ਼ਹਬੀਆਂ ਤੇ ਲੁਹਾਰਾਂ ਦੇ ਘਰ ਸਨ। ਉਸ ਪਾਸੇ ਹੀ ਵੈਰੋ ਨੰਗਲ਼ ਪਿੰਡ ਪੈਂਦਾ ਸੀ। ਪਿੰਡ ਦੀਆਂ ਇਸਤਰੀਆਂ ਕੋਠਿਆਂ ਤੇ ਖਲੋ ਕੇ ਉਸ ਪਾਸੇ ਵੱਲ ਵੇਖ ਰਹੀਆਂ ਸਨ। ਉਹਨਾਂ ਵਿਚੋਂ ਇੱਕ ਨੇ ਦੂਜੀ ਨੂੰ ਪੁੱਛਿਆ, “ਬੰਦੇ ਜਾਣਗੇ? “ਦੂਜੀ ਨੇ ਆਖਿਆ, “ਘੋੜੀਆਂ ਵਾਲ਼ੇ ਜਾਣਗੇ, ਸਾਰੇ ਨਹੀ।” ਤਿਆਰ ਹੋ ਕੇ ਤੇ ਸ਼ਰਬਤ ਪੀ ਕੇ ਘਰੋਂ ਬਾਹਰ ਜਾਣ ਵਾਲ਼ਿਆਂ ਵਿੱਚ ਮੇਰੇ ਭਾਈਆ ਜੀ ਤੇ ਚਾਚਾ ਜੀ ਵੀ ਸਨ। ਮੇਰੀ ਯਾਦ ਅਨੁਸਾਰ ਭਾਈਆ ਜੀ ਪਾਸ ਕ੍ਰਿਪਾਨ ਤੇ ਚਾਚਾ ਜੀ ਦੇ ਹੱਥ ਵਿੱਚ ਬਰਛਾ ਫੜਿਆ ਹੋਇਆ ਸੀ ਤੇ ਲੱਕ ਦੋਹਾਂ ਦੇ ਪਰਨਿਆਂ ਨਾਲ਼ ਬਧੇ ਹੋਏ ਸਨ ਤੇ ਸਿਰਾਂ ਤੇ ਮੜਾਸੇ ਵੀ ਕੀਤੇ ਹੋਏ ਸਨ। ਛੋਟੇ ਚਾਚਾ ਜੀ ਉਸ ਸਮੇ ਪਿੰਡ ਵਿੱਚ ਨਹੀ ਸਨ ਤੇ ਸ਼ਾਇਦ ਦਾਦੀ ਮਾਂ ਜੀ ਵੀ ਆਪਣੇ ਪੇਕੀਂ, ਰਿਆਸਤ ਕਪੂਰਥਲਾ ਦੇ ਪਿੰਡ, ਸੰਗੋਜਲੇ ਗਏ ਹੋਏ ਹੋਣਗੇ ਤਾਂ ਹੀ ਤਾਂ ਇਸ ਸਮੇ ਉਹ ਮੇਰੀ ਯਾਦ ਵਿੱਚ ਨਹੀ ਆ ਰਹੇ। ਵੈਸੇ ਓਹਨੀਂ ਦਿਨੀਂ ਬਾਹਰੋਂ ਕੋਈ ਮਿਸਤਰੀ ਸੱਦ ਕੇ, ਸਾਡੇ ਘਰ ਵੱਲ ਨੂੰ ਜਾ ਵਾਲ਼ੀ ਗਲ਼ੀ ਦੇ ਵਿਚਕਾਰ ਪੈਣ ਵਾਲ਼ੇ ਮੋੜ ਉਤੇ, ਝੀਰਾਂ ਦੀ ਭੱਠੀ ਵਾਲ਼ੇ ਥਾਂ ਕ੍ਰਿਪਾਨਾਂ ਤੇ ਬਰਛੇ ਵੀ ਬਣਵਾਏ ਜਾ ਰਹੇ ਸਨ। ਮੇਰੇ ਬਾਬਾ ਜੀ ਦੇ ਸਭ ਤੋਂ ਛੋਟੇ ਭਰਾ, ਬਾਪੂ ਈਸ਼ਰ ਸਿੰਘ ਜੀ, ਕੋਲ਼ ਗੰਡਾਸਾ ਹੁੰਦਾ ਸੀ ਜੋ ਉਹ ਹਵੇਲੀ ਵਿੱਚ ਤੂੜੀ ਵਾਲ਼ੇ ਅੰਦਰ, ਤੂੜੀ ਵਿੱਚ ਲੁਕਾ ਕੇ ਰੱਖਦੇ ਸੀ। ਸਾਡੇ ਖੂਹ ਦੇ ਲਾਗੋਂ ਸੜਕ ਤੋਂ ਪਿੰਡ ਨੂੰ ਆਉਣ ਵਾਲ਼ੇ ਰਾਹ ਅਰਥਾਤ ਪਹੇ ਵਿੱਚ ਟੋਆ ਵੀ ਪੁੱਟਿਆ ਹੋਇਆ ਹੁੰਦਾ ਸੀ ਤਾਂ ਕਿ ਕੋਈ ਦੁਸ਼ਮਣ ਕਿਸੇ ਗੱਡੇ/ਗੱਡੀ ਉਪਰ ਚੜ੍ਹ ਕੇ ਪਿੰਡ ਵਿੱਚ ਨਾ ਆ ਵੜੇ। ਗਵਾਂਢੀ ਵੱਡੇ ਪਿੰਡ ਨੰਗਲ਼ ਦੇ ਕੁੱਝ ਲੋਕ ਘੋੜੀਆਂ ਤੇ ਚੜ੍ਹ ਕੇ, ਇੱਕ ਤੋਂ ਵਧ ਵਾਰੀਂ ਸਾਡੇ ਪਿੰਡ ਆਏ। ਉਹ ਆਖਦੇ ਸਨ ਕਿ ਸਾਡੇ ਪਿੰਡ ਵਾਲ਼ੇ ਮੁਸਲਮਾਨ ਉਹਨਾਂ ਦੇ ਹਵਾਲੇ ਕਰ ਦਿਤੇ ਜਾਣ ਤਾਂ ਕਿ ਉਹ ਉਹਨਾਂ ਨੂੰ ਮਾਰ ਸਕਣ। ਅਜਿਹਾ ਉਹ ਇਸ ਲਈ ਉਹ ਪਿੰਡ ਬਹੁਤ ਵੱਡਾ ਤੇ ਬੰਦੇ ਤਕੜੇ ਹੋਣ ਕਰਕੇ, ਸਾਡੇ ਪਿੰਡ ਵਾਲ਼ੇ ਜੋਰ ਨਾਲ਼ ਤਾਂ ਉਹਨਾਂ ਨੂੰ ਰੋਕ ਨਹੀ ਸਨ ਸਕਦੇ ਪਰ ਮਿੰਨਤਾਂ-ਤਰਲੇ, ਲੋਲੋ-ਪੋਪੋ ਤੇ ਇਕਰਾਰਾਂ ਨਾਲ਼ ਉਹਨਾਂ ਨੂੰ ਮੋੜ ਦਿੰਦੇ ਰਹੇ। ਆਖਣਾ ਕਿ ਅਸੀਂ ਪੰਚਾਇਤ ਨਾਲ਼ ਸਲਾਹ ਕਰਕੇ ਇਹਨਾਂ ਨੂੰ ਤੁਹਾਡੇ ਹਵਾਲੇ ਕਰ ਦਿਆਂਗੇ। ਅੰਤ ਨੂੰ ਵਾਹ ਨਾ ਚੱਲਦੀ ਵੇਖ ਕੇ ਇੱਕ ਰਾਤ ਨੂੰ ਪਿੰਡ ਵਾਲ਼ੇ ਚੁਪ ਚੁਪੀਤੇ ਹੀ ਉਹਨਾਂ ਨੂੰ ਪਾਕਿਸਤਾਨ ਨੂੰ ਜਾਣ ਵਾਲੇ ਕਾਫ਼ਲੇ ਵਿੱਚ ਛੱਡ ਆਏ ਤੇ ਇਸ ਤਰ੍ਹਾਂ ਆਪਣੇ ਪਿੰਡ ਵਿੱਚ ਅੱਖਾਂ ਦੇ ਸਾਹਮਣੇ ਖ਼ੂਨ ਖ਼ਰਾਬਾ ਹੋ ਜਾਣ ਤੋਂ ਬਚਾ ਲਿਆ।
ਇਹਨਾਂ ਦਿਨਾਂ ਵਿੱਚ ਹੀ ਇੱਕ ਰਾਤ ਸਾਡੇ ਪਰਵਾਰ ਦੇ ਬੱਚੇ ਤੇ ਬੀਬੀਆਂ ਮੁਸਲਮਾਨਾਂ ਦੇ ਕਿਸੇ ਸੰਭਾਵੀ ਹਮਲੇ ਤੋਂ ਡਰਦਿਆਂ, ਓਸੇ ਪਿੰਡ ਅਰਥਾਤ ਨੰਗਲ਼ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਰਾਤ ਨੂੰ ਚਲੇ ਗਏ। ਮੈਨੂੰ ਯਾਦ ਹੈ ਰਾਤ ਨੂੰ ਅਸੀਂ ਸਾਰੇ ਕੋਠੇ ਉਤੇ ਸੁੱਤੇ ਸਾਂ। ਵੱਡੇ ਤਾਰੇ ਝਿਲਮਿਲ਼ ਝਿਲਮਿਲ ਕਰਦੇ ਤੇ ਛੋਟੇ ਟਿਮ ਟਿਮਾਂਦੇ ਮੈਨੂੰ ਬੜੇ ਸੋਹਣੇ ਲੱਗ ਰਹੇ ਸਨ। ਸਵੇਰੇ ਜਦੋਂ ਜਾਗ ਆਈ ਤਾਂ ਅਸੀਂ ਸਾਰੇ ਘਰ ਦੇ ਅੰਦਰ ਸਾਂ ਤੇ ਬਾਹਰ ਮੀਹ ਪੈ ਰਿਹਾ ਸੀ। ਰਾਤ ਕਿਸੇ ਵੇਲ਼ੇ ਮੀਹ ਆਇਆ ਹੋਵੇਗਾ ਤੇ ਸਾਨੂੰ ਥੱਲੇ ਉਤਾਰ ਲਿਆ ਗਿਆ ਹੋਵੇਗਾ। ਉਹ ਸਾਰਾ ਦਿਨ ਅਸੀਂ ਸਾਰੇ ਬੱਚੇ ਤੇ ਉਸ ਘਰ ਦੇ ਬੱਚੇ ਰਲ਼ ਕੇ ਘਰ ਦੇ ਅੰਦਰ ਹੀ ਖੇਡਦੇ ਰਹੇ। ਕਦੋਂ ਤੇ ਕਿਵੇਂ ਆਪਣੇ ਪਿੰਡ ਵਾਪਸ ਮੁੜੇ, ਕੁੱਝ ਵੀ ਯਾਦ ਨਹੀ।
ਇਹ ਸੀ ਮੇਰੇ ਬਾਲ ਮਨ ਦੇ ਕਿਸੇ ਖੂੰਜੇ ਵਿੱਚ ਪਈ ਉਸ ਸਮੇ ਦੀ ਯਾਦ। ਮੇਰੀਆਂ ਅਜਿਹੀਆਂ ਝੱਲ-ਵਲੱਲੀਆਂ ਜਿਹੀਆਂ ਗੱਲਾਂ ਸੁਣ ਸੁਣ ਕੇ ਇੱਕ ਦਿਨ ਮੇਰੀ ਬੀਬੀ (ਮਾਂ) ਜੀ ਨੇ ਆਖਿਆ ਸੀ, “ਇਹ ਤੇ ਬਾਬੇ ਆਦਮ ਵੇਲ਼ੇ ਦੀਆਂ ਗੱਲਾਂ ਕਰਦਾ!”
ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ
.