ਨਾਮ ਕੀ ਹੈ?
ਹਰਦੇਵ ਸਿੰਘ, ਜੰਮੂ
(From the Book Sikhi Da Darshan by Hardev
Singh)
ਸਿੱਖ ਮਤ ਵਿੱਚ ਨਾਮ ਦੀ ਇੱਕ
ਅਤਿਅੰਤ ਵਿਸ਼ੇਸ਼ ਥਾਂ ਹੈ। ਇਸ ਮਤ ਵਿੱਚ ਨਾਮ ਦਾ ਮਹੱਤਵ ਗੁਰੁ ਗਰੰਥ ਸਾਹਿਬ ਜੀ ਦੇ ਅਨੇਕਾਂ ਸ਼ਬਦਾਂ
ਰਾਹੀਂ ਸਮਝਿਆ ਜਾ ਸਕਦਾ ਹੈ।
ਨਾਮ ਬਿਨਾ ਨਹੀ ਜੀਵਿਆ ਜਾਇ।।
ਨਾਮ ਬਿਨਾ ਧ੍ਰਿਗ ਧ੍ਰਿਗ ਜੀਵਾਇ।।
ਅਵਰੁ ਕਾਜੁ ਤੇਰੇ ਕੀਤੈ ਨਾ ਕਾਮੁ।।
ਮਿਲ ਸਾਧ ਸੰਗਤਿ ਭਜੁ ਕੇਵਲ ਨਾਮੁ।।
ਜਿਨ ਹਰਿ ਹਰਿ ਨਾਮੁ ਨਾ ਧਿਆਇਆ
ਤੇ ਭਾਗ ਹੀਣ ਜਮ ਪਾਸ।।
ਸਿੱਖ ਮਤ ਵਿੱਚ ਇਸ ਨਾਮੁ ਨੂੰ ਜਪਣ ਦਾ ਇੱਕ ਅਨੋਖਾ ਤਰੀਕਾ ਹੈ। ਇਹ ਤਰੀਕਾ ਕਿਸੇ ਔਖੇ ਕਰਮ ਕਾਂਡ
ਜਾਂ ਅਡੰਬਰ ਵਰਗਾ ਨਹੀਂ। ਨਾਮ ਜਪਣ ਤੋਂ ਪਹਿਲਾਂ ਇਹ ਸਮਝ ਲੈਣਾ ਜ਼ਰੁਰੀ ਹੈ ਕਿ ਨਾਮ ਹੈ ਕੀ?
ਨਾਮ ਜਪਣਾ ਦੋ ਸ਼ਬਦਾਂ ਨਾਲ ਬਣਿਆ ਹੈ। ਨਾਮ ਗੁਰੂ ਦਾ ਫ਼ਲਸਫ਼ਾ ਹੈ ਅਤੇ ਜਪਣਾ ਉਸ ਫ਼ਲਸਫ਼ੇ ਤੇ ਚੱਲਣਾ
ਹੈ। ਨਾਮ ਇੱਕ ਰਸਤਾ ਹੈ ਅਤੇ ਜਪਣਾ ਉਸ ਰਸਤੇ ਤੇ ਚੁਕੇ ਜਾਣ ਵਾਲੇ ਕਦਮ ਹਨ। ਨਾਮ ਗੁਰੂ ਦਾ ਮਤ ਅਤੇ
ਇੱਕ ਸਿੱਖ ਦਾ ਗਿਆਨ (ਸਿਆਣਪ) ਹੈ ਅਤੇ ਜਪਣਾ ਉਸ ਗਿਆਨ ਰਾਹੀਂ ਸੱਚਾ (ਸਚਿਆਰਾ) ਹੋਣਾ ਹੈ ਪਰ ਇਸ
ਲੇਖ ਵਿੱਚ ਅਸੀਂ ਕੇਵਲ ਨਾਮ ਦੀ ਪੜਚੋਲ ਕਰਾਂਗੇ।
ਆਮ ਤੌਰ ਤੇ ਨਾਮ ਦਾ ਸਬੰਧ ਇੱਕ ਸੰਬੋਧਨ ਤੋਂ ਹੈ ਜਿਸ ਦੇ ਰਾਹੀਂ ਅਸੀਂ ਜੀਵ-ਨਿਰਜੀਵ ਅਤੇ ਦ੍ਰਿਸ਼ਟ
–ਅਣਦ੍ਰਿਸ਼ਟ ਚੀਜ਼ਾਂ ਨੂੰ ਪੁਕਾਰਦੇ ਜਾਂ ਜਾਣਦੇ ਹਾਂ। ਇਹ ਸਾਰੇ ਸੰਬੋਧਨ ਮਨੁੱਖ ਦੀ ਆਪਣੀ ਸੋਚ
ਵਿਚੋਂ ਨਿਕਲੇ ਹਨ ਜਾਂ ਅਸੀਂ ਇਨ੍ਹਾਂ ਨੂੰ ਸਮਾਜ ਤੋਂ ਸਿਖਿਆ ਹੈ। ਇਸ ਨੁਕਤੇ ਨਾਲ ਨਾਮ ਇੱਕ ਸਚ
ਨਹੀਂ ਬਲਕਿ ਇੱਕ ਸੰਬੋਧਨ ਜਾਂ ਪਛਾਣ ਹੈ। ਜਦਕਿ ਸਚ ਇੱਕ ਐਸੀ ਚੀਜ਼ ਹੈ ਜਿਸ ਦਾ ਸਬੰਧ ਕਿਸੇ ਚੀਜ਼ ਦੇ
ਗੁਣਾਂ ਨਾਲ ਹੈ। ਉਦਾਹਰਣ ਲਈ ਸੱਪ ਇੱਕ ਨਾਮ ਹੈ। ਇਹ ਇੱਕ ਸੰਬੋਧਨ ਹੈ। ਇਹ ਸੰਬੋਧਨ ਮਨੁੱਖਾਂ ਨੇ
ਇੱਕ ਜੀਵ ਜਾਤੀ ਲਈ ਘੜਿਆ ਹੈ। ਦੂਜੇ ਪਾਸੇ ਸੱਪ ਡੱਸਦਾ ਹੈ ਅਤੇ ਰੇਂਗਦਾ ਹੈ। ਇਹ ਚੀਜ਼ਾਂ ਸੱਪ ਦੇ
ਕੁਦਰਤੀ ਅਤੇ ਅਸਲੀ ਗੁਣ ਹਨ। ਹੁਣ ਜੇਕਰ ਅਸੀਂ ਇੱਕ ਰੱਸੀ ਨੂੰ ਸੱਪ ਆਖੀਏ ਤਾਂ ਲੋਕ ਸਾਡੇ ਤੇ ਹੱਸਣ
ਗੇ ਕਿਉਂ ਕਿ ਰੱਸੀ ਸੱਪ ਦੇ ਅਸਲੀ ਗੁਣਾਂ ਤੋਂ ਬਿਨਾਂ ਹੈ। ਇਸ ਲਈ ਇਹ ਸਪਸ਼ਟ ਹੁੰਦਾ ਹੈ ਕਿ ਨਾਮ
ਇੱਕ ਸੰਬੋਧਨ ਮਾਤਰ ਤੋਂ ਪਰ੍ਹੇ ਕੁੱਝ ਹੋਰ ਵੀ ਹੈ। ਹੁਣ ਸਾਡੇ ਸਾਹਮਣੇ ਦੋ ਸਵਾਲ ਹਨ:-
(1) ਗੁਰੂ ਗਰੰਥ ਸਾਹਿਬ ਵਿੱਚ ਦਸਿਆ ਹੋਇਆ ਨਾਮ ਕੀ ਹੈ?
(2) ਇਹ ਸੰਬੋਧਨ ਕਿਸ ਦੇ ਪ੍ਰਤੀ ਹੈ?
ਬਹੁਤ ਸਾਰੇ ਲੋਕ ਨਾਮ ਨੂੰ ਪਰਮਾਤਮਾ ਪ੍ਰਤੀ ਇੱਕ ਸੰਬੋਧਨ ਦੇ ਰੂਪ ਵਿੱਚ ਦੇਖਦੇ ਹਨ:
ਉਦਾਹਰਣ ਲਈ- ਹਿੰਦੁਸਤਾਨੀ ਰਿਵਾਇਤ ਵਿੱਚ ‘ਰਾਮ` ਪਰਮਾਤਮਾ ਪ੍ਰਤੀ ਇਸਤੇਮਾਲ ਕੀਤੇ ਜਾਣ ਵਾਲਾ ਇੱਕ
ਸੰਬੋਧਨ ਹੈ। ਅਤੇ ਪਰਮਾਤਮਾ ਦਾ ਨਾਮ ਜਪਣ ਵਾਲੇ ਕੁੱਝ ਲੋਕ ਰਾਮ-ਰਾਮ ਬੋਲਦੇ ਪਰਮਾਤਮਾ ਦਾ ਨਾਮ ਜਪਣ
ਦੀ ਕੋਸ਼ਿਸ਼ ਕਰਦੇ ਹਨ। ਇਸੇ ਤਰ੍ਹਾਂ ਕੁੱਝ ਵਾਹਿਗੁਰੂ-ਵਾਹਿਗੁਰੁ ਰਟ ਕੇ ਜਾਂ ਬੋਲ ਕੇ ਪਰਮਾਤਮਾ ਦਾ
ਨਾਮ ਜਪਣ ਦੀ ਕੋਸ਼ਿਸ਼ ਵਿੱਚ ਲਗੇ ਰਹਿੰਦੇ ਹਨ। ਥੋੜੀ ਕੁ ਜ਼ਿਆਦਾ ਸਮਝ ਰੱਖਣ ਵਾਲੇ ਅਗਿਆਨੀ ਲੋਕ ਪਾਠ
ਰਾਹੀਂ ਪਰਮਾਤਮਾ ਦਾ ਨਾਮ ਜਪਣ ਦੀ ਕੋਸ਼ਿਸ਼ ਕਰਦੇ ਹਨ ਪਰ ਨਾਮ ਬਾਰੇ ਸਿੱਖ ਮਤ ਦਾ ਫ਼ਲਸਫ਼ਾ ਇਨ੍ਹਾਂ
ਨਾਮ ਲੈਣ ਦੀਆਂ ਕੋਸ਼ਿਸ਼ਾਂ ਤੋਂ ਬਿਲਕੁਲ ਅਲੱਗ ਹੈ। ਸਿੱਖ ਮਤ ਵਿੱਚ ‘ਨਾਮ` ਸ਼ਬਦ ਦੀ ਵਰਤੋਂ ਪਰਮਾਤਮਾ
ਲਈ ਇੱਕ ਸੰਬੋਧਨ ਵਜੋਂ ਹੀ ਨਹੀਂ ਕੀਤੀ ਗਈ। ਦਰਅਸਲ ਸਿੱਖ ਮਤ ਵਿੱਚ ਨਾਮ ਸੰਬੋਧਨ ਹੈ ਪਰਮਾਤਮਾ ਦੇ
ਗੁਣਾਂ ਦਾ। ਗੁਰੂ ਨਾਨਕ ਜੀ ਨੇ ਕਦੇ ਵੀ ਪਰਮਾਤਮਾ ਨੂੰ ਕੋਈ ਵਿਸ਼ੇਸ਼ ਸੰਬੋਧਨ ਜਾਂ ਨਾਮ ਨਹੀਂ
ਦਿੱਤਾ। ਉਨ੍ਹਾਂ ਨੇ ਕੇਵਲ ਪਰਮਾਤਮਾ ਲਈ ਵਰਤੇ ਜਾਣ ਵਾਲੇ ਸਮਕਾਲੀ, ਪ੍ਰਚਲਿਤ ਨਾਵਾਂ ਦੀ ਵਰਤੋਂ
ਕੀਤੀ। ਉਨ੍ਹਾਂ ਨਾਵਾਂ ਦੀ ਵਰਤੋਂ ਦਾ ਮਕਸਦ ਕੇਵਲ ਲੋਕਾਂ ਤਕ ਆਪਣੇ ਮਤ ਨੂੰ ਪਹੁੰਚਾਉਂਣਾ ਸੀ।
ਗੁਰੂ ਨਾਨਕ ਨੇ ਪਰਮਾਤਮਾ ਨੂੰ ਕੇਵਲ ਉਸ ਦੇ ਗੁਣਾਂ (ਮੂਲਮੰਤਰ) ਰਾਹੀਂ ਸੰਬੋਧਿਤ ਕੀਤਾ ਕਿਉਂ ਕਿ
ਸਚ ਕੇਵਲ ਗੁਣਾਂ ਰਾਹੀਂ ਹੀ ਪ੍ਰਗਟ ਹੋ ਸਕਦਾ ਹੈ ਨਾ ਕਿ ਕਿਸੇ ਸੰਬੋਧਨ ਨਾਲ। ਉਨ੍ਹਾਂ ਨੇ ਪਰਮਾਤਮਾ
ਲਈ ਕੋਈ ਨਾਮ ਨਹੀਂ ਘੜਿਆ। ਕਿਉਂ ਕਿ ਉਨ੍ਹਾਂ ਦੀ ਫ਼ਿਲਾਸਫ਼ੀ ਦੇ ਮੁਤਾਬਿਕ ਪਰਮਾਤਮਾ ਕੇਵਲ ਉਸ ਦੇ
ਗੁਣਾਂ (ਸਚ) ਰਾਹੀਂ ਬਿਆਨ ਕੀਤਾ ਜਾ ਸਕਦਾ ਹੈ ਨਾ ਕਿ ਘੜੇ ਹੋਏ ਸੰਬੋਧਨਾ ਨਾਲ। ਉਨ੍ਹਾਂ ਨੇ ਇਸ
ਡੂੰਘੀ ਸੋਚ ਦੇ ਚਲਦੇ ਸਭ ਤੋਂ ਪਹਿਲਾਂ ਪਰਮਾਤਮਾ ਨੂੰ ਇੱਕ (੧) ਰੂਪੀ ਗੁਣ ਰਾਹੀਂ ਬਿਆਨ ਕੀਤਾ।
ਸਾਨੂੰਂ ਇਸ ਨੁਕਤੇ ਤੋਂ ਚਲ ਕੇ ਨਾਮ ਨੂੰ ਇਸ ਦੀ ਸੰਪੂਰਨਤਾ ਵਿੱਚ ਸਮਝਣ ਦਾ ਯਤਨ ਕਰਨਾ ਚਾਹੀਦਾ
ਹੈ। ਕੁੱਝ ਥਾਵਾਂ ਤੇ ਗੁਰੂ ਸਾਹਿਬ ਨੇ ‘ਸਾਚਾ ਨਾਮ` ਵਰਗੇ ਸ਼ਬਦ ਵਰਤੇ ਹਨ। ਇਹ ਸ਼ਬਦ ਪਰਮਾਤਮਾ ਦੇ
ਸਚੇ ਗੁਣਾਂ ਪ੍ਰਤੀ ਜਾਂ ਉਨ੍ਹਾਂ ਦੇ ਆਪਣੇ ਸਚੇ ਮਤ ਪ੍ਰਤੀ ਹਨ। ਦਰਅਸਲ ਨਾਮ ਇੱਕ ਸੰਬੋਧਨ ਹੈ
ਪਰਮਾਤਮਾ ਦੇ ਗੁਣਾਂ ਦਾ ਅਤੇ ਉਨ੍ਹਾਂ ਗੁਣਾਂ ਪ੍ਰਤੀ ਸਿਖ ਧਰਮ ਫ਼ਲਸਫ਼ੇ ਦਾ। ਜੇ ਅਸੀਂ ਇਹ ਸਮਝੀਏ
ਤਾਂ ਪਤਾ ਚਲੇ ਗਾ ਕਿ ਗੁਰੂ ਜੀ ਦੇ ਦਸੇ ਹੋਏ ਜੀਵਨ ਮਾਰਗ ਦਾ ਮਤਲਬ ਹੀ ਨਾਮ ਹੈ। ਅਤੇ ਇਹੀ ਮਾਰਗ
ਪਰਮਾਤਮਾ ਦੇ ਨਾਮ ਦੇ ਅਸਲੀ ਮਤਲਬ ਅਤੇ ‘ਉਸ` ਦੇ ਗੁਣਾਂ ਨੂੰ ਦਰਸਾਉਂਦਾ ਹੈ।