.

“ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ”

ਇਹ ਸੰਸਾਰ ਰਚਨਾ ਉਸ ਕਰਤੇ ਦੀ ਖੇਡ ਹੈ। ਇਸ ਜਗਤ ਰਚਨਾ ਤੋਂ ਪਹਿਲਾਂ ਉਹ ਅਕਾਲ ਪੁਰਖ ਸਿਰਫ਼ ਆਪ ਹੀ ਆਪ ਸੀ ਉਸ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਸੀ। ਜਦੋਂ ਉਸ ਅਕਾਲ ਪੁਰਖ ਨੂੰ ਭਾਇਆ ਉਸ ਨੇ ਆਪਣੇ ਆਪ ਤੋਂ ਇਹ ਜਗ ਰਚਨਾ ਕਰ ਦਿੱਤੀ।

“ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥ …. . ਨਰਕੁ ਸੁਰਗੁ ਨਹੀਂ ਜੰਮਣ ਮਰਣਾ ਨਾ ਕੋ ਆਇ ਜਾਇਦਾ॥ … ਨਾਰਿ ਨ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ॥ 4॥ . . ਕਰਮ ਧਰਮ ਨਹੀ ਮਾਇਆ ਮਾਖੀ॥ ਜਾਤਿ ਜਨਮੁ ਨਹੀ ਦੀਸੈ ਆਖੀ॥ …. ਜਾ ਤਿਸੁ ਭਾਣਾ ਤਾ ਜਗਤ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ॥ ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥ 14॥ ਵਿਰਲੇ ਕਉ ਗੁਰਿ ਸਬਦੁ ਸੁਣਾਇਆ॥ ਕਰਿ ਕਰਿ ਦੇਖੈ ਹੁਕਮੁ ਸਬਾਇਆ॥ …ਤਾ ਕਾ ਅੰਤੁ ਨ ਜਾਣੈ ਕੋਈ॥ ਪੂਰੇ ਗੁਰ ਤੇ ਸੋਝੀ ਹੋਈ….॥” (ਪੰਨਾ- 1035)।

ਸੰਸਾਰ ਰਚਨਾ ਰਚ ਕੇ ਦੁਖ ਸੁਖ ਭੋਗਣ ਵਾਲੇ ਜੀਵ ਪੈਦਾ ਕਰ ਦਿੱਤੇ। ਜੀਵਾਂ ਵਿੱਚ ਮਾਇਆ ਦਾ ਮੋਹ ਵਧਾ ਦਿੱਤਾ।

“ਪੰਜ ਤਤੁ ਸੁੰਨਹੁ ਪਰਗਾਸਾ॥ ਦੇਹ ਸੰਜੋਗੀ ਕਰਮ ਅਭਿਆਸਾ॥ ਬੁਰਾ ਭਲਾ ਦੋਇ ਮਸਤਕਿ ਲਿਖੇ ਪਾਪ ਪੁੰਨ ਬੀਜਾਇਦਾ॥ 15॥” (1037-38)

ਅੱਗ ਪਾਣੀ ਆਦਿ ਤੱਤਾਂ ਦੇ ਸਰੀਰ ਅਤੇ ਉਨ੍ਹਾਂ ਵਿੱਚ ਜੀਵਾਤਮਾ ਉਸੇ ਦੀ ਜੋਤ ਹੈ। ਸਭ ਜੀਵ ਧੁਰੋਂ ਪ੍ਰਭੂ ਦੇ ਹੁਕਮ ਵਿੱਚ ਹੀ ਲਿਖੇ ਸੰਸਕਾਰਾਂ ਅਨੁਸਾਰ ਕਰਮ ਕਮਾ ਰਹੇ ਹਨ। ਪੰਜ ਤੱਤਾਂ ਤੋਂ ਬਣਿਆ ਇਹ ਮਨੁੱਖੀ ਸਰੀਰ ਨਿਰੋਲ ਪ੍ਰਭੂ ਦੇ ਆਪਣੇ ਆਪ ਤੋਂ ਹੀ ਪਰਗਟ ਹੋਇਆ। ਇਸ ਸਰੀਰ ਦੇ ਸੰਜੋਗ ਕਰਕੇ ਜੀਵ ਕਰਮਾਂ ਵਿੱਚ ਰੁਝ ਪੈਂਦਾ ਹੈ।

ਅਰਥਾਤ ਜਦੋਂ ਜੀਵ ਅਤੇ ਸਰੀਰ ਦਾ ਸੰਜੋਗ ਹੋਇਆ ਓਦੋਂ ਤੋਂ ਕਰਮਾਂ ਵਿੱਚ ਰੁਝ ਗਿਆ। ਉਦੋਂ ਤੋਂ ਕਰਮਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪ੍ਰਭੂ ਦੇ ਹੁਕਮ ਵਿੱਚ ਜੀਵ ਸੰਸਾਰ ਤੇ ਆਉਂਦਾ ਹੈ। ਧੁਰੋਂ ਲਿਖੇ ਲੇਖਾਂ ਅਨੁਸਾਰ ਇੱਥੇ ਵਿਚਰਦਾ ਹੈ। ਇਸ ਜਨਮ ਵਿੱਚ ਕੀਤੇ ਕਰਮਾਂ ਅਨੁਸਾਰ ਪ੍ਰਭੂ ਦੇ ਹੁਕਮ ਵਿੱਚ ਹੀ ਜੀਵ ਦੇ ਲੇਖ ਲਿਖੇ ਜਾਂਦੇ ਹਨ।

ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ” (1241)

“ਤਿਸੁ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਇਆ॥” (433)

ਜੀਵ ਇੱਥੇ ਵਿਚਰਦਿਆਂ ਉਸ ਦਾ ਹੁਕਮ ਪਛਾਣਦਿਆਂ ਹੋਇਆਂ ਗੁਰਮੁਖਾਂ ਵਾਲਾ ਜੀਵਨ ਬਿਤਾ ਕੇ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ। ਜਾਂ ਫ਼ੇਰ ਮਨਮੁਖਾਂ ਵਾਲ਼ਾ ਜੀਵਨ ਬਿਤਾ ਕੇ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ ਅਤੇ ਅਨੇਕਾਂ ਜੂਨੀਆਂ ਵਿੱਚ ਜਨਮ ਲੈ ਕੇ ਦੁਖ ਸੁਖ ਭੋਗਦਾ ਹੈ। ਜੀਵ ਨੂੰ ਆਪਣੇ ਪਿਛਲੇ ਜਾਂ ਪਿਛਲੇਰੇ ਮਨੁੱਖਾ ਜਨਮ ਵਿੱਚ ਕੀਤੇ ਚੰਗੇ ਮਾੜੇ ਕਰਮਾਂ ਦੇ ਹਿਸਾਬ ਨਾਲ ਹੀ ਦੁਖ ਸੁਖ ਮਿਲਦੇ ਹਨ।

ਸੁਖ ਦੁਖ ਪੂਰਬ ਜਨਮ ਕੇ ਕੀਏ ਸੋ ਜਾਣੈ ਜਿਨਿ ਦਾਤੈ ਦੀਏ॥ ਕਿਸ ਕਉ ਦੋਸ ਦੇਹਿ ਤੂ ਪ੍ਰਾਣੀ ਸਹੁ ਆਪਣਾ ਕੀਆ ਕਰਾਰਾ ਹੇ॥” (ਪੰਨਾ- 1030)।

“ਮਤੁ ਕੋ ਜਾਣੈ ਜਾਇ ਅਗੈ ਪਾਇਸੀ॥ ਜੇਹੇ ਕਰਮ ਕਮਾਇ ਤੇਹਾ ਹੋਇਸੀ॥” (ਪੰਨਾ- 730)

ਕਰਮਾ ਉਪਰਿ ਨਿਬੜੈ ਜੇ ਲੋਚੈ ਸਭ ਕੋਇ॥” (ਪੰਨਾ-157)।

“ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ॥ ਪੂਰਬ ਜਨਮਿ ਕਰਮਿ ਭੁਮਿ ਬੀਜ ਨਾਹੀ ਬੋਇਆ॥” (ਪੰਨਾ- 481)।

“ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ॥” (ਪੰਨਾ-134)

ਕਰਮ ਧਰਤੀ ਸਰੀਰ ਜੁਗ ਅੰਤਰਿ ਜੋ ਬੋਵੈ ਸੋ ਖਾਤਿ॥” (ਪੰਨਾ-78)।

“ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ॥” (ਪੰਨਾ-464)।

“ਅਗੈ ਜਾਤ ਰੂਪ ਨ ਜਾਇ ਤੇਹਾ ਹੋਵੈ ਜੇਹੇ ਕਰਮ ਕਮਾਇ॥” (ਪੰਨਾ-363)।

“ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ॥” (316)

ਸੋ ਜੀਵ ਪ੍ਰਭੂ ਦੇ ਲਿਖੇ ਲੇਖਾਂ ਅਨੁਸਾਰ ਇੱਥੇ ਵਿਚਰਦਾ ਹੈ। ਆਪਣੇ ਕੀਤੇ ਕਰਮਾਂ ਅਨੁਸਾਰ ਹੀ ਪ੍ਰਭੂ ਦੇ ਹੁਕਮ ਵਿੱਚ ਦੁਖ ਸੁਖ ਭੋਗਦਾ ਹੈ। ਆਪਣੇ ਮਨ ਦੀ ਮੱਤ ਤੇ ਚੱਲ ਕੇ ਅੱਗੋਂ ਆਪਣੇ ਲਈ ਮਾੜੇ ਲੇਖ ਲਿਖੇ ਜਾਣ ਦਾ ਕਾਰਣ ਬਣਦਾ ਹੈ।

ਉਸ ਪ੍ਰਭੂ ਦੇ ਲਿਖੇ ਲੇਖ ਕਿਸੇ ਤਰ੍ਹਾਂ ਮਿਟਾਏ ਨਹੀਂ ਜਾ ਸਕਦੇ।

“ਲੇਖ ਨ ਮਿਟਈ ਪੁਰਬਿ ਕਮਾਇਆ ਕਿਆ ਜਾਣਾ ਕਿਆ ਹੋਸੀ॥ (689)

“ਲੇਖ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ॥ (937)

“ਕਿਰਤੁ ਨ ਮਿਟਈ ਹੁਕਮੁ ਨ ਬੂਝੈ ਪਸੂਆ ਮਾਹਿ ਸਮਾਨਾ॥ (1013)

“ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਨ ਹੋਈ॥ ਜੈਸਾ ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ॥” (395)

ਸਾਡੇ ਜਨਮ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਜੋ ਇਕੱਠ ਸਾਡੇ ਮਨ ਤੇ ਉਕਰਿਆ ਪਿਆ ਹੁੰਦਾ ਹੈ, ਉਸ ਦੇ ਅਨੁਸਾਰ ਸਾਡੀ ਜੀਵਨ-ਰਾਹਦਾਰੀ ਲਿਖੀ ਪਈ ਹੁੰਦੀ ਹੈ, ਉਸ ਦੇ ਉਲਟ ਜ਼ੋਰ ਨਹੀਂ ਚੱਲ ਸਕਦਾ। ਫਿਰ ਜੇਹੋ ਜੇਹਾ ਉਹ ਜੀਵਨ-ਲੇਖ ਲਿਖਿਆ ਪਿਆ ਹੈ, ਉਸ ਦੇ ਅਨੁਸਾਰ (ਜੀਵਨ-ਸਫ਼ਰ) ਉਘੜਦਾ ਚਲਾ ਆਉਂਦਾ ਹੈ, ਕੋਈ (ਉਹਨਾਂ ਲੀਹਾਂ ਨੂੰ ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ (ਉਹਨਾਂ ਨੂੰ ਮਿਟਾਣ ਦਾ ਇਕੋ ਇੱਕ ਤਰੀਕਾ ਹੈ—ਰਜ਼ਾ ਵਿੱਚ ਤੁਰ ਕੇ ਸਿਫ਼ਤਿ-ਸਾਲਾਹ ਕਰਦੇ ਰਹਿਣਾ)।

“ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ॥ ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ॥ ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ॥ (149)

ਪਾਪਾਂ ਦੇ ਕਾਰਨ (ਜੋ ਜੀਵ) ਜੰਮਦੇ ਹਨ, (ਇਥੇ ਭੀ) ਪਾਪ ਕਰਦੇ ਹਨ ਤੇ (ਅਗਾਂਹ ਭੀ ਇਹਨਾਂ ਕੀਤੇ ਪਾਪਾਂ ਦੇ ਸੰਸਕਾਰਾਂ ਕਰਕੇ) ਪਾਪਾਂ ਵਿੱਚ ਹੀ ਪ੍ਰਵਿਰਤ ਹੁੰਦੇ ਹਨ। ਇਹ ਪਾਪ ਧੋਤਿਆਂ ਉੱਕਾ ਹੀ ਨਹੀਂ ਉਤਰਦੇ ਭਾਵੇਂ ਸੌ ਧੋਣ ਧੋਈਏ (ਭਾਵ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੀਏ)। ਜੇ ਪ੍ਰਭੂ ਮਿਹਰ ਕਰੇ (ਤਾਂ ਇਹ ਪਾਪ) ਬਖ਼ਸ਼ੇ ਜਾਂਦੇ ਹਨ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਹਨ।

ਸੋ ਜੀਵ ਦੇ ਧੁਰੋਂ ਲਿਖੇ ਲੇਖ ਕਿਸੇ ਤਰ੍ਹਾਂ ਮਿਟਾਏ ਨਹੀਂ ਜਾ ਸਕਦੇ ਪਰ ਜੇ ਪ੍ਰਭੂ ਮਿਹਰ ਕਰੇ ਤਾਂ ਬਖਸ਼ੇ ਜਾ ਸਕਦੇ ਹਨ। ਗੁਰਮਤ ਅਨੁਸਾਰ ਕਰਮਾਂ ਦਾ ਲੇਖਾ ਤਾਂ ਹੁੰਦਾ ਹੈ ਪਰ ਉਸ ਦੇ ਭਾਣੇ ਵਿੱਚ ਚੱਲਣ ਨਾਲ ਪ੍ਰਭੂ ਦੀ ਕ੍ਰਿਪਾ ਹੋ ਜਾਵੇ ਤਾਂ ਕਰਮਾਂ ਦੇ ਲੇਖੇ ਤੋਂ ਛੁਟਕਾਰਾ ਮਿਲ ਸਕਦਾ ਹੈ।

ਗਣਤੀ ਗਣੀ ਨ ਛੁਟੈ ਕਤਹੂ ਕਾਚੀ ਦੇਹ ਇਆਣੀ॥ ਕ੍ਰਿਪਾ ਕਰਹੁ ਪ੍ਰਭ ਕਰਣੈ ਹਾਰੇ ਤੇਰੀ ਬਖਸ ਨਿਰਾਲੀ॥ (ਪ-748)।

ਗੁਰਮਤ ਅਨੁਸਾਰ ਕਰਮ ਅਤੇ ਕਰਮ-ਫ਼ਲ ਕੰਪੀਊਟਰ ਦੀ ਤਰ੍ਹਾਂ ਨਹੀਂ ਕਿ ਜੋ ਪਰੋਗ੍ਰਾਮ ਫ਼ੀਡ ਕੀਤਾ ਗਿਆ ਹੈ ਉਸੇ ਤਰ੍ਹਾਂ ਦਾ ਰਿਜ਼ਲਟ ਸਾਮ੍ਹਣੇ ਆਣਾ ਹੀ ਹੈ। ਜੇ ਪ੍ਰਭੂ ਚਾਹੇ ਤਾਂ ਖੋਟੇ ਜੀਵਾਂ ਨੂੰ ਭਖਸ਼ ਕੇ ਖਰੇ ਬਣਾ ਸਕਦਾ ਹੈ। ਅਤੇ ਰਜ਼ਾ ਵਿੱਚ ਚੱਲਣ ਦੀ ਸੁਮੱਤ ਬਖਸ਼ ਸਕਦਾ ਹੈ।

ਇਕ ਸਵਾਲ ਆਮ ਹੀ ਉਠਾਇਆ ਜਾਂਦਾ ਹੈ ਕਿ ਜੇ ਕਰਮਾਂ ਦਾ ਬੱਧਾ ਹੋਇਆ ਹੀ ਜੀਵ ਦੁਨੀਆਂ ਤੇ ਆਉਂਦਾ ਹੈ ਤਾਂ, ਸਭ ਤੋਂ ਪਹਿਲਾਂ ਜੀਵ ਕਿਹੜੇ ਕਰਮ ਲੈ ਕੇ ਸੰਸਾਰ ਤੇ ਆਇਆ?

“ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ॥ ਅਪਨਾ ਖੇਲ ਆਪਿ ਕਰਿ ਦੇਖੈ ਠਾਕੁਰਿ ਰਚਨ ਰਚਾਇਆ॥” (ਪੰਨਾ-748)।

ਇਥੇ ਤੁਕ ਦੇ ਪਹਿਲੇ ਹਿੱਸੇ ਵਿੱਚ ਸਵਾਲ ਹੈ ਅਤੇ ਦੂਜੇ ਹਿੱਸੇ ਵਿੱਚ ਜਵਾਬ।

(ਸਵਾਲ) ਜਦੋਂ ਕੁੱਝ ਵੀ ਨਹੀਂ ਸੀ, ਨਾ ਕੋਈ ਕਰਮ ਅਤੇ ਨਾ ਹੀ ਕੋਈ ਕਰਮ ਕਰਨ ਵਾਲਾ। ਉਸ ਵਕਤ ਜੀਵ ਕਿਹੜੇ ਕਰਮਾਂ ਕਰਕੇ ਦੁਨੀਆਂ ਤੇ ਆਇਆ?

(ਜਵਾਬ) ਇਹ ਜਗਤ ਰਚਨਾ ਉਸ ਦੀ ਖੇਡ ਹੈ। ਉਸ ਦੀ ਇੱਛਾ ਅਤੇ ਹੁਕਮ ਨਾਲ ਇਹ ਸੰਸਾਰ ਰਚਨਾ ਹੋਈ। ਉਸ ਦੀ ਇੱਛਾ ਨਾਲ ਉਸ ਦੇ ਹੁਕਮ ਵਿੱਚ ਜੀਵ ਜਗਤ ਤੇ ਆਇਆ (ਕਿਸੇ ਕੀਤੇ ਕਰਮਾਂ ਕਰਕੇ ਨਹੀਂ)।

ਜੀਵ ਜਦੋਂ ਵੀ ਸੰਸਾਰ ਤੇ ਆਇਆ (ਪਹਿਲੀ ਵਾਰੀਂ ਜਾਂ ਹਜਾਰਵੀਂ ਵਾਰੀਂ ਜਾਂ…. ਵਾਰੀਂ) ਉਸ ਦੇ ਹੁਕਮ ਵਿੱਚ ਹੀ ਆਇਆ ਹੈ ਅਤੇ ਆਉਂਦਾ ਹੈ। “ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ” (1239)। ਇਸ ਜਗਤ ਤੇ ਆ ਕੇ ਜੀਵ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਉਸੇ ਤਰ੍ਹਾਂ ਦੇ ਫ਼ਲ ਅਗਲੇ ਜਾਂ ਅਗਲੇਰੇ ਜਨਮਾਂ ਵਿੱਚ ਭੋਗਦਾ ਹੈ।

ਕਰਮਾਂ ਬਾਰੇ ਕਬੀਰ ਸਾਹਿਬ ਕਹਿੰਦੇ ਹਨ: “ਪੰਚ ਤਤੁ ਮਿਲਿ ਕਾਇਆ ਕੀਨੀ ਤਤੁ ਕਹਾ ਤੇ ਕੀਨੁ ਰੇ॥ ਕਰਮ ਬਧ ਤੁਮ ਜੀਉ ਕਹਿਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ॥ ਹਰਿ ਮਹਿ ਤਨੁ ਹੈ ਤਨੁ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ॥ ਕਹਿ ਕਬੀਰ ਰਾਮ ਨਾਮ ਨ ਛੋਡਉ ਸਹਜੇ ਹੋਇ ਸੁ ਹੋਇ ਰੇ॥” (ਪ-870)

ਅਰਥ: ਪੰਜਾਂ ਤੱਤਾਂ ਤੋਂ ਮਿਲ ਕੇ ਇਹ ਸਰੀਰ ਬਣਿਆ ਹੈ। ਇਹ ਤੱਤ ਵੀ ਕਿੱਥੋਂ ਬਣਨੇ ਸਨ? ਇਹ ਵੀ ਉਸ ਪ੍ਰਭੂ ਨੇ ਬਣਾਏ ਅਤੇ ਕੋਈ ਵੀ ਜੀਵ ਚੇਤਨ ਸੱਤਾ ਤੋਂ ਬਿਨਾਂ ਨਹੀਂ। ਅਰਥਾਤ ਜੀਵ ਦਾ ਸਰੀਰ ਅਤੇ ਜੀਵਨ ਸੱਤਾ ਇਕੱਠੇ ਹੀ ਪ੍ਰਭੂ ਦੀ ਰਜ਼ਾ ਨਾਲ ਹੋਂਦ ਵਿੱਚ ਆਏ। ਤੁਸੀਂ ਕਹਿੰਦੇ ਹੋ ਕਿ ਜੀਵਾਤਮਾ ਕੀਤੇ ਕਰਮਾਂ ਦਾ ਬੱਝਾ ਹੋਇਆ ਹੈ ਪਰ ਕਰਮ ਵੀ ਕਿੱਥੋਂ ਆਉਣੇ ਸਨ? ਇਨ੍ਹਾਂ ਕਰਮਾਂ ਨੂੰ ਵੀ ਪ੍ਰਭੂ ਨੇ ਹੀ ਵਜੂਦ ਵਿੱਚ ਲਿਆਂਦਾ। …. ਜੋ ਕੁੱਝ ਵੀ ਸੰਸਾਰ ਤੇ ਹੋ ਰਿਹਾ ਹੈ ਸਹਜੇ ਹੀ ਉਸ ਦੀ ਰਜ਼ਾ ਵਿੱਚ ਹੋ ਰਿਹਾ ਹੈ।

ਜਦੋਂ ਪ੍ਰਭੂ ਨੂੰ ਭਾਇਆ ਸੰਸਾਰ ਰਚਨਾ ਕਰ ਦਿੱਤੀ ਪੰਜ ਭੂਤਕ ਸਰੀਰ, ਸਰੀਰ ਵਿੱਚ ਜੀਵਾਤਮਾ/ ਚੇਤਨ ਸੱਤਾ ਪਾ ਦਿੱਤੀ ਉਸ ਦੇ ਹੁਕਮ/ਰਜ਼ਾ ਵਿੱਚ ਹੀ ਸਭ ਕੁੱਝ ਹੋਂਦ ਵਿੱਚ ਆਇਆ ਅਤੇ ਵਾਪਰ ਰਿਹਾ ਹੈ। ਸੰਸਾਰ ਦੇ ਤੱਤ, ਜੀਵ ਦਾ ਪੰਜ ਭੂਤਕ ਸਰੀਰ, ਜੀਵਆਤਮਾ, ਅਤੇ ਕਰਮਾਂ ਦਾ ਸਿਲਸਿਲਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਪ੍ਰਭੂ ਨੇ ਸੰਸਾਰ ਰਚਨਾ ਕੀਤੀ।

ਉਪਰ ਦਿੱਤੇ ਸ਼ਬਦ ਦੀਆਂ ਪਹਿਲੀਆਂ ਦੋ ਪੰਗਤੀਆਂ ਧਿਆਨ ਨਾਲ ਵਿਚਾਰਨ ਯੋਗ ਹਨ।

ਪਹਿਲੀ ਪੰਗਤੀ ਵਿੱਚ ਸਵਾਲ ਕੀਤਾ ਗਿਆ ਹੈ ਕਿ ਪੰਜਾਂ ਤੱਤਾਂ ਤੋਂ ਸਰੀਰ ਬਣਿਆ। ਪਰ ਇਹ ਤੱਤ ਕਿੱਥੋਂ ਆਏ? ਅਰਥਾਤ ਇਹ ਤੱਤ ਉਸ ਪ੍ਰਭੂ ਨੇ ਹੋਂਦ ਵਿੱਚ ਲਿਆਂਦੇ।

ਇਸੇ ਤਰਜ ਤੇ, ਦੂਸਰੀ ਪੰਗਤੀ ਵਿੱਚ ਸਵਾਲ ਹੈ ਕਿ ਤੁਸੀਂ ਕਹਿੰਦੇ ਹੋ ਕਿ ਜੀਵ ਕਰਮਾਂ ਦਾ ਬੱਝਾ ਸੰਸਾਰ ਤੇ ਆਇਆ। ਪਰ ਇਹ ਕਰਮ ਕਿੱਥੋਂ ਆਏ? ਅਰਥਾਤ ਇਹ ਕਰਮ ਵੀ ਉਸ ਪ੍ਰਭੂ ਨੇ ਹੀ ਹੋਂਦ ਵਿੱਚ ਲਿਆਂਦੇ।

ਤੱਤ ਕਿਥੋਂ ਆਏ ਅਤੇ ਕਰਮ ਕਿੱਥੋਂ ਆਏ ਦੋਨਾਂ ਗੱਲਾਂ ਦਾ ਇਕੋ ਹੀ ਜਵਾਬ ਹੈ; ਉਸੇ ਪ੍ਰਭੂ ਦੇ ਹੁਕਮ ਨਾਲ।

ਇੱਥੇ ਇੱਕ ਗੱਲ ਹੋਰ ਧਿਆਨ ਦੇਣ ਵਾਲ਼ੀ ਹੈ, ਉਹ ਇਹ ਕਿ ਇਸ ਸ਼ਬਦ ਵਿੱਚ ਕਰਮ ਫ਼ਲੌਸਫ਼ੀ ਦਾ ਖੰਡਣ ਨਹੀਂ ਕੀਤਾ ਗਿਆ। “ਕਰਮ ਬਧ ਤੁਮ ਜੀਉ ਕਹਿਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ॥” ਇੱਥੇ ਸਵਾਲ ਕੀਤਾ ਗਿਆ ਹੈ; ‘ਤੁਸੀਂ ਕਹਿੰਦੇ ਹੋ ਕਿ ਜੀਵਾਤਮਾ ਕੀਤੇ ਕਰਮਾਂ ਦਾ ਬੱਝਾ ਹੋਇਆ ਹੈ’। ਇਸ ਗੱਲ ਬਾਰੇ ਸਵਾਲ ਕਰਨ ਵਾਲੇ ਨੂੰ ਹੀ ਅੱਗੋਂ ਸਵਾਲ ਕੀਤਾ ਗਿਆ ਹੈ: ‘ਪਰ ਕਰਮ ਕਿੱਥੋਂ ਆਏ’ ? (ਅਰਥਾਤ ਕਰਮ ਵੀ ਉਸ ਪ੍ਰਭੂ ਦੇ ਹੁਕਮ ਨਾਲ ਹੀ ਹੋਂਦ ਵਿੱਚ ਆਏ)। ਸੋ ਇੱਥੇ ਕਰਮ ਫ਼ਲੌਸਫ਼ੀ ਦਾ ਖੰਡਣ ਨਹੀਂ ਕੀਤਾ ਗਿਆ ਬਲਕਿ ਸਮਰਥਨ ਕੀਤਾ ਗਿਆ ਹੈ। ਫ਼ਰਕ ਏਨਾ ਹੈ ਕਿ ਹਿੰਦੂ ਫ਼ਲੌਸਫ਼ੀ ਅਨੁਸਾਰ; ਜੀਵ, ਪ੍ਰਕਿਰਤੀ ਅਤੇ ਪਰਮਾਤਮਾ ਤਿੰਨੋਂ ਅਨਾਦੀ ਹਨ ਇਸ ਲਈ ਕਰਮਾਂ ਦਾ ਸਿਲਸਿਲਾ ਵੀ ਅਨਾਦੀ ਹੈ। ਪਰ ਗੁਰਮਤ ਅਨੁਸਾਰ ਸਿਰਫ਼ ਪਰਮਾਤਮਾ ਹੀ ਅਨਾਦੀ ਹੈ। ਸੰਸਾਰ ਰਚਨਾ ਤੋਂ ਪਹਿਲਾਂ ਕੁੱਝ ਵੀ ਨਹੀਂ ਸੀ। ਨਾ ਕੋਈ ਕਰਮ ਅਤੇ ਨਾ ਕੋਈ ਕਰਮ ਕਰਨ ਵਾਲ਼ਾ। ਕਰਮਾਂ ਦਾ ਸਿਲਸਿਲਾ ਸੰਸਾਰ ਰਚਨਾ ਹੋਣ ਤੇ ਸ਼ੁਰੂ ਹੋਇਆ।

ਇਸੇ ਵਿਚਾਰ ਅਧੀਨ ਪ੍ਰੋ: ਸਾਹਿਬ ਸਿੰਘ ਦਾ ‘ਸੁਖਮਨੀ ਸਾਹਿਬ ਦੀ 21 ਵੀਂ’ ਅਸ਼ਟਪਦੀ ਦੇ ਅਖੀਰ ਵਿੱਚ ਲਿਖਿਆ ਨੋਟ ਪੜ੍ਹਨ ਯੋਗ ਹੈ। ਪ੍ਰੋ: ਸਾਹਿਬ ਲਿਖਦੇ ਹਨ:

“ਇਸ ਅਸ਼ਟਪਦੀ ਵਿੱਚ ਇਸ ਖ਼ਿਆਲ ਦਾ ਖੰਡਨ ਕੀਤਾ ਹੈ ਕਿ ਜਗਤ ਦੀ ਰਚਨਾ ਜੀਵਾਂ ਦੇ ਕਰਮਾਂ ਕਰਕੇ ਹੋਈ। ਗੁਰ-ਆਸ਼ੇ ਅਨੁਸਾਰ ਸਿਰਫ਼ ਪਰਮਾਤਮਾ ਹੀ ਅਨਾਦੀ ਹੈ। ਜਦੋਂ ਅਜੇ ਜਗਤ ਹੈ ਹੀ ਨਹੀਂ ਸੀ, ਕੇਵਲ ਅਕਾਲ ਪੁਰਖ ਹੀ ਸੀ, ਤਦੋਂ ਨਾ ਕੋਈ ਜੀਵ ਸਨ, ਨਾ ਹੀ ਮਾਇਆ ਸੀ। ਤਦੋਂ ਕਰਮਾਂ ਦਾ ਭੀ ਅਭਾਵ ਸੀ। ਪਰਮਾਤਮਾ ਨੇ ਆਪ ਹੀ ਇਹ ਖੇਡ ਰਚੀ। ਕਰਮਾਂ ਦਾ, ਨਰਕ ਸੁਰਗ ਦਾ, ਪਾਪ ਪੁੰਨ ਦਾ ਸਿਲਸਿਲਾ ਤਦੋਂ ਸ਼ੁਰੂ ਹੋਇਆ, ਜਦੋਂ ਜਗਤ ਹੋਂਦ ਵਿੱਚ ਆ ਹੀ ਗਿਆ”।

ਗੁਰਮਤ ਅਨੁਸਾਰ ਜੀਵ ਨੂੰ ਆਪਣੇ ਕੀਤੇ ਕਰਮਾਂ ਦਾ ਫ਼ਲ ਤਾਂ ਭੋਗਣਾ ਪੈਂਦਾ ਹੈ ਪਰ, ਕਿਹੜੇ ਕੀਤੇ ਕਰਮਾਂ ਦਾ ਕੀ ਫ਼ਲ਼ ਅਤੇ ਕਦੋਂ ਭੋਗਣਾ ਹੈ ਇਹ ਉਸ ਪ੍ਰਭੂ ਦੇ ਹੱਥ ਵਿੱਚ ਹੈ, ਉਸ ਦੇ ਹੁਕਮ ਨਾਲ ਹੀ ਕੀਤੇ ਕਰਮਾਂ ਦਾ ਫ਼ਲ ਮਿਲਦਾ ਹੈ।

ਦੂਸਰਾ, ਜੇ ਪ੍ਰਭੂ ਦੀ ਕ੍ਰਿਪਾ ਹੋ ਜਾਵੇ ਤਾਂ ਕਰਮਾਂ ਦੇ ਫ਼ਲ ਤੋਂ ਛੁਟਕਾਰਾ ਵੀ ਮਿਲ ਸਕਦਾ ਹੈ। ਪ੍ਰਭੂ ਦੀ ਕ੍ਰਿਪਾ ਕਦੋਂ ਹੁੰਦੀ ਹੈ? ਗੁਰੂ ਦੀ ਮੱਤ ਤੇ ਚੱਲ ਕੇ ਉਸ ਦੇ ਭਾਣੇ ਵਿੱਚ ਚੱਲਣ ਨਾਲ।

ਗੁਰਮਤ ਦਾ ਇੱਕ ਪਹਿਲੂ ਇਹ ਹੈ ਕਿ ਪ੍ਰਭੂ ਨੇ ਜੋ ਲੇਖ ਲਿਖ ਦਿੱਤੇ ਉਨ੍ਹਾਂ ਨੂੰ ਟਾਲਿਆ ਨਹੀਂ ਜਾ ਸਕਦਾ।

ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਪ੍ਰਭੂ ਨੇ ਆਪਣੇ ਕੀਤੇ ਕਰਮਾਂ ਅਨੁਸਾਰ ਲੇਖ ਲਿਖ ਹੀ ਦਿੱਤੇ ਹਨ, ਅਤੇ ਜੀਵ ਨੇ ਲਿਖੇ ਲੇਖਾਂ ਅਨੁਸਾਰ ਹੀ ਵਿਚਰਨਾ ਹੈ। ਲਿਖੇ ਲੇਖਾਂ ਨੂੰ ਮਿਟਾਇਆ ਨਹੀਂ ਜਾ ਸਕਦਾ ਤਾਂ ਜੀਵ ਦੇ ਚੰਗੇ ਮਾੜੇ ਕਰਮ ਕਰਨ ਵਿੱਚ ਬੰਦੇ ਦਾ ਕੀ ਹੱਥ ਹੋਇਆ, ਬੰਦਾ ਆਪਣੀ ਮਰਜੀ ਨਾਲ ਚੰਗੇ ਮਾੜੇ ਕਰਮ ਕਿਸ ਤਰ੍ਹਾਂ ਕਰ ਸਕਦਾ ਹੈ?

ਕਰਮ ਅਤੇ ਹੁਕਮ ਦਾ ਸੰਕਲਪ ਇਸੇ ਤਰ੍ਹਾਂ ਹੈ ਜਿਵੇਂ ਇੱਕ ਆਜ਼ਾਦ ਮੁਲਕ ਵਿੱਚ ਰਹਿਣ ਵਾਲਾ ਵਿਅਕਤੀ ਮੁਲਕ ਵਿੱਚ ਕਿਤੇ ਵੀ ਆ ਜਾ ਸਕਦਾ ਹੈ। ਆਪਣੀ ਮਰਜੀ ਨਾਲ ਕੁੱਝ ਵੀ ਕਰ ਸਕਦਾ ਹੈ ਪਰ ਉਸ ਦੇਸ਼ ਦੇ ਕਾਨੂੰਨ ਦੀਆਂ ਹੱਦ ਬੰਦੀਆਂ ਵਿੱਚ ਰਹਿੰਦਿਆਂ ਹੋਇਆ। ਦੇਸ਼ ਦੇ ਕਾਨੂੰਨ ਦੀਆਂ ਸ਼ਰਤਾਂ ਵੀ ਉਸ ਤੇ ਲਾਗੂ ਹਨ ਅਤੇ ਆਪਣੀ ਮਰਜੀ ਨਾਲ ਕੋਈ ਕੰਮ ਕਰਨ ਦੀ ਵੀ ਉਸ ਨੂੰ ਆਜਾਦੀ ਹੈ। ਇਸੇ ਤਰ੍ਹਾਂ ਉਸ ਪ੍ਰਭੂ ਦੇ ਹੁਕਮ ਨੂੰ ਪਛਾਣਦਿਆਂ ਹੋਇਆਂ ਬੰਦੇ ਨੂੰ ਕੰਮ ਕਰਨ ਦੀ ਛੁਟ ਹੈ। ਸੰਸਕਾਰ ਰੂਪ ਵਿੱਚ ਬੰਦੇ ਦੇ ਕਰਮ ਉਸ ਦੇ ਮਨ ਤੇ ਉਕਰੇ ਪਏ ਹਨ। ਉਨ੍ਹਾਂ ਸੰਸਕਾਰਾਂ ਤੇ ਚੱਲਣਾ ਉਸ ਦੀ ਮਨ ਮੱਤ ਹੈ, ਜਿਸ ਨੂੰ ਉਸ ਨੇ ਤਿਆਗਣਾ ਹੈ। ਪਰ ਪ੍ਰਭੂ ਦੇ ਹੁਕਮ ਨੂੰ ਪਛਾਣ ਕੇ ਜੀਵ ਨੇ ਉਸ ਦੇ ਭਾਣੇ ਵਿੱਚ ਚੱਲਣਾ ਹੈ ਇਹ ਉਸ ਦਾ ਫ਼ਰਜ ਹੈ।

ਬੰਦਾ ਲਿਖੇ ਲੇਖਾਂ ਨੂੰ ਕਿਸੇ ਤਰ੍ਹਾਂ ਵੀ ਮਿਟਾ ਜਾਂ ਬਦਲ ਨਹੀਂ ਸਕਦਾ। ਪਰ ਜਿਸ ਨੇ ਲੇਖ ਲਿਖੇ ਹਨ ਉਸ ਦੇ ਹੱਥ ਵਿੱਚ ਸਭ ਕੁੱਝ ਹੈ। ਉਹ ਆਪ ਲਿਖੇ ਲੇਖਾਂ ਤੋਂ ਛੁਟਕਾਰਾ ਵੀ ਦੇ ਸਕਦਾ ਹੈ। ਗੁਰਮਤ ਅਨੁਸਾਰ ਇਕੱਲਾ ‘ਕਰਮ ਸਿਧਾਂਤ’ ਅਧੂਰਾ ਹੈ। ਕਰਮ ਫ਼ਲੌਸਫ਼ੀ ਨਾਲ ਜੁੜੇ ਕੁੱਝ ਹੋਰ ਵੀ ਪਹਿਲੂ ਹਨ। ਉਹ ਹਨ; ਹੁਕਮ, ਰਜ਼ਾ, ਮਿਹਰ, ਬਖਸ਼ਿਸ਼, ਨਾਮ ਸਿਮਰਨ, ਭਾਣਾ, ਅਰਦਾਸ …. ।

ਪਿਛਲੇ ਜਨਮ ਜਾਂ ਜਨਮਾਂ ਦੇ ਮਾੜੇ ਸੰਸਕਾਰਾਂ ਤੋਂ ਛੁਟਕਾਰਾ ਪਾਉਣਾ ਸੌਖਾ ਨਹੀਂ ਜਿਵੇਂ ਕੋਹਲੂ ਨੂੰ ਸਾਫ ਕਰਨ ਵਾਲ਼ੀ ਧੋਤੀ (ਲੀਰ) ਸਾਫ਼ ਨਹੀਂ ਕੀਤੀ ਜਾ ਸਕਦੀ, ਇਸੇ ਤਰ੍ਹਾਂ ਪਿਛਲੇ ਜਨਮਾਂ ਦੇ ਸੰਸਕਾਰ ਮਨ ਤੇ ਬੜੇ ਡੂੰਘੇ ਉਕਰੇ ਪਏ ਹਨ। ਪਰ ਗੁਰੂ ਦੀ ਮੱਤ ਤੇ ਚੱਲ ਕੇ, ਨਾਮ ਸਿਮਰਨ ਨਾਲ, ਆਪਾ ਭਾਵ ਮਿਟਾ ਕੇ (ਜੀਵਤ ਮਰ ਕੇ) ਜੇ ਪ੍ਰਭੂ ਦੀ ਮਿਹਰ ਹੋ ਜਾਵੇ ਤਾਂ ਇਨ੍ਹਾਂ ਸੰਸਕਾਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

“ਜਨਮ ਜਨਮ ਕੀ ਇਸ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥ ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥ ਗੁਰ ਪਰਸਾਦੀ ਜੀਵਤ ਮਰੈ ਉਲਟੀ ਹੋਵੈ ਮਤਿ ਬਦਲਾਹੁ॥ ਨਾਨਕ ਮੈਲ ਨ ਲਗਈ ਨਾ ਫਿਰਿ ਜੋਨੀ ਪਾਹੁ॥” (ਪ-651)।

ਉਸ ਪ੍ਰਭੂ ਨੇ ਬੰਦੇ ਨੂੰ ਕਰਮਾਂ ਤੋਂ ਛੁਟਕਾਰਾ ਪਾਉਣ ਅਤੇ ਪ੍ਰਭੂ ਵਿੱਚ ਇੱਕ ਮਿਕ ਹੋਣ ਲਈ ਅਕਲ ਵੀ ਬਖਸ਼ੀ ਹੈ। ਸੋਚਣ ਸਮਝਣ ਦੀ ਮੱਤ ਸਿਰਫ਼ ਬੰਦੇ ਕੋਲ ਹੀ ਹੈ। ਕਿਸੇ ਹੋਰ ਜੂਨੀ ਵਿੱਚ ਕਰਮਾਂ ਤੋਂ ਛੁਟਕਾਰਾ ਪਾਉਣ ਲਈ ਸੋਝੀ ਨਹੀਂ ਹੈ। ਇਸੇ ਲਈ ਇਸ ਮਨੁਖਾ ਜਨਮ ਨੂੰ ਦੁਰਲਭ ਕਿਹਾ ਗਿਆ ਹੈ। ਬੰਦਾ ਪਿਛਲੇ ਸੰਸਾਕਾਰਾਂ ਅਧੀਨ ਮਨ ਦੀ ਮੱਤ ਤੇ ਚੱਲ ਕੇ ਕਰਮਾਂ ਦੇ ਜਾਲ ਵਿੱਚ ਫ਼ਸਿਆ ਰਹਿੰਦਾ ਹੈ। ਪਰ ਮਨ ਦੀ ਮੱਤ ਤਿਆਗ ਕੇ ਗੁਰੂ ਦੀ ਮੱਤ ਤੇ ਚੱਲ ਕੇ ਕਰਮਾਂ ਦੇ ਜਾਲ ਤੋਂ ਛੁਟਕਾਦਾ ਪਾ ਸਕਦਾ ਹੈ।

ਗੁਰਮਤ ਅਨੁਸਾਰ ਜਿਹੜਾ ਬੰਦਾ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਉਹੀ ਉਸ ਦਾ ਫ਼ਲ਼ ਭੁਗਤਦਾ ਹੈ। ਕਿਸੇ ਇੱਕ ਦੇ ਕੀਤੇ ਕਰਮਾਂ ਦਾ ਫ਼ਲ ਕੋਈ ਦੂਸਰਾ ਨਹੀਂ ਭੁਗਤਦਾ। ਫ਼ੁਰਮਾਨ ਹੈ:

“ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥” (406)।

“ਕਰਮੀ ਆਪੋ ਆਪਣੀ ਆਪੇ ਪਛੁਤਾਣੀ॥” (315)।

ਅਜ-ਕਲ੍ਹ ਗੁਰਮਤ ਵਿੱਚ ਇੱਕ ਨਵੀਂ ਸੋਚ ਦੀ ਘੁਸਪੈਠ ਹੋ ਰਹੀ ਹੈ। ਇਸ ਨਵੀਂ ਸੋਚ ਅਨੁਸਾਰ, ਕਿਸੇ ਦੇ ਵੀ ਕੀਤੇ ਕਰਮਾਂ ਦਾ ਕੋਈ ਲੇਖਾ ਨਹੀਂ ਹੁੰਦਾ। ਜਾਂ ਜੇ ਹੁੰਦਾ ਵੀ ਹੈ ਤਾਂ, ਕਿਸੇ ਇੱਕ ਦੇ ਕੀਤੇ ਕਰਮਾਂ ਦਾ ਫ਼ਲ ਕਿਸੇ ਦੂਸਰੇ ਨੂੰ ਵੀ ਭੁਗਤਣਾ ਪੈ ਸਕਦਾ ਹੈ। ਇਸੇ ਤਰ੍ਹਾਂ ਦੀ ਨਵੀਂ ਸੋਚ ਵਾਲੇ ਇੱਕ ਵਿਦਵਾਨ ਜੀ ਲਿਖਦੇ ਹਨ:

“ਕਰਮਾਂ ਦੇ ਫ਼ਲ ਦੀ ਵਿਆਖਿਆ ਕਲਪਣਾ ਮਾਤ੍ਰ ਹੈ”।

“ਇੱਥੇ ਕਿਸੇ ਇੱਕ ਦਾ ਕੀਤਾ ਕਿਸੇ ਦੂਜੇ ਨੂੰ ਜਾਂ ਦੂਜਿਆਂ ਨੂੰ ਭੁਗਤਣਾ ਪੈ ਸਕਦਾ ਹੈ”।

“ਦਰਅਸਲ ਸਾਨੂੰ ਕਰਮ ਸਿਧਾਂਤ ਵਿੱਚ ਦੱਸੀਆਂ ਗਈਆਂ ਗੱਲਾਂ ਦਾ ਤਿਆਗ ਕਰਣਾ ਪਏਗਾ”।

“ਸਾਨੂੰ ਉਨ੍ਹਾਂ ਵਿਆਖਿਆਵਾਂ ਨੂੰ ਮੁਢ੍ਹ ਤੋਂ ਸਮਝਣਾ ਪਵੇਗਾ ਜੋ ਸਿੱਖ ਫ਼ਿਲੌਸਫ਼ੀ ਦਾ ਹਿੱਸਾ ਨਹੀਂ ਹਨ”। ਜਾਣੀ ਕਿ ਗੁਰਬਾਣੀ ਦੇ ਅਰਥ ਉਹ ਸਹੀ ਹਨ ਜਿਹੜੇ ਇਹ ਅੱਜ ਕਲ੍ਹ ਦੇ ਨਵੀਂ ਸੋਚ ਦੇ ਵਿਦਵਾਨ ਦੱਸਣ ਅਤੇ ਗੁਰਮਤ ਫ਼ਲੌਸਫ਼ੀ ਵੀ ਉਹ ਹੈ ਜਿਹੜੀ ਇਹ ਵਿਦਵਾਨ ਸਮਝਾਉਣ।

ਗੁਰਮਤ ਅਨੁਸਾਰ ਪਾਪ ਪੁੰਨ, ਕਰਮ-ਕਰਮਫ਼ਲ਼ ਆਦਿ ਸਿਰਫ਼ ਕਹਿਣ ਦੀ ਹੀ ਗੱਲ ਨਹੀਂ ਸੱਚ ਮੁੱਚ ਹਨ। ਅਤੇ ਇਹ ਵੀ ਨਹੀਂ ਕਿ ਜੇ ਕੋਈ ਕਹੇ ਕਿ ਮੈਂ ਨਹੀਂ ਕਿਸੇ ‘ਕਰਮ-ਕਰਮਫ਼ਲ਼’ ਨੂੰ ਮੰਨਦਾ, ਤਾਂ ਉਸ ਦਾ ਕਰਮ-ਫ਼ਲ਼ ਤੋਂ ਛੁਟਕਾਰਾ ਹੋ ਜਾਵੇਗਾ।

ਗੁਰੂ ਸਾਹਿਬ ਕਹਿੰਦੇ ਹਨ: “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ॥” (ਪੰਨਾ-4)।

ਅਰਥ:- ਹੇ ਨਾਨਕ! ‘ਪੁੰਨ’ ਜਾਂ ‘ਪਾਪ’ ਨਿਰਾ ਕਹਿਣ-ਮਾਤਰ ਨਹੀਂ ਹੈ, ਸੱਚ-ਮੁੱਚ ਹੀ। ਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ। ਜੋ ਕੁੱਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ। (ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿੱਚ ਜਨਮ ਮਰਨ ਦੇ ਗੇੜ ਵਿੱਚ ਪਿਆ ਰਹੇਂਗਾ।

ਨੋਟ: ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੇ ਖ਼ਾਸ ਨੀਯਮਾਂ ਵਿੱਚ ਚੱਲ ਰਹੀ ਹੈ। ਇਹਨਾਂ ਨੀਯਮਾਂ ਦਾ ਨਾਮ ਸਤਿਗੁਰੂ ਜੀ ਨੇ ‘ਹੁਕਮ’ ਰੱਖਿਆ ਹੈ। ਉਹ ਨੀਯਮ ਇਹ ਹਨ ਕਿ ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ, ਤਿਹੋ ਜਿਹਾ ਫਲ ਪਾਂਦਾ ਹੈ। ਉਸ ਦੇ ਆਪਣੇ ਧੁਰ ਅੰਦਰ ਉਹੋ ਜਿਹੇ ਹੀ ਚੰਗੇ-ਮੰਦੇ ਸੰਸਕਾਰ ਬਣ ਜਾਂਦੇ ਹਨ ਅਤੇ ਉਹਨਾਂ ਦੇ ਅਨੁਸਾਰ ਹੀ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ, ਜਾਂ, ਅਕਾਲ ਪੁਰਖ ਦੀ ਰਜ਼ਾ ਵਿੱਚ ਤੁਰ ਕੇ ਆਪਣਾ ਜਨਮ ਸਫਲ ਕਰ ਲੈਂਦਾ ਹੈ। (ਅਰਥ ਅਤੇ ਨੋਟ, ਪ੍ਰੋ: ਸਾਹਿਬ ਸਿੰਘ ਦੁਆਰਾ)।

ਨਵੀਂ ਸੋਚ ਦੀ ਕਰਮ ਫ਼ਲੌਸਫ਼ੀ ਦੇ ਸੰਬੰਧ ਵਿੱਚ ਇੱਕ ਉਦਾਹਰਣ: ਮੰਨ ਲਵੋ ਕੋਈ ਬੰਦਾ ਬਜਾਰੋਂ ਕੇਕ ਲਿਆਉਂਦਾ ਹੈ। ਕੇਕ ਬਨਾਉਣ ਵਾਲੇ ਨੇ ਮਾੜੀ ਨੀਯਤ ਨਾਲ ਉਸ ਵਿੱਚ ਜ਼ਹਰ ਮਿਲਾ ਦਿੱਤੀ ਹੈ। ਤਾਂ ਇਸ ਨਵੀਂ ਸੋਚ ਮੁਤਾਬਕ, ਕੇਕ ਵਿੱਚ ਜ਼ਹਰ ਮਿਲਾਣ ਵਾਲੇ ਨੂੰ ਇਸ ਦਾ ਫ਼ਲ ਨਹੀਂ ਭੁਗਤਣਾ ਪੈਂਦਾ। ਬਲਕਿ ਫ਼ਲ, ਕੇਕ ਖਾਣ ਵਾਲ਼ੇ ਨੂੰ ਭੁਗਤਣਾ ਪੈਂਦਾ ਹੈ। ਜਾਂ ਜੇ ਕੋਈ ਵਹਸ਼ੀ ਬੰਦਾ ਕਿਸੇ ਛੋਟੀ ਜਿਹੀ ਬੱਚੀ ਨਾਲ ਕੁਕਰਮ ਕਰਦਾ ਹੈ ਤਾਂ ਇਸ ਦਾ ਇਵਜਾਨਾਂ ਕੁਕਰਮ ਕਰਨ ਵਾਲੇ ਨੂੰ ਨਹੀਂ ਬਲਕਿ ਉਸ ਛੋਟੀ ਬੱਚੀ ਨੂੰ ਭੁਗਤਣਾ ਪੈਂਦਾ ਹੈ।

ਇਹ ਨਵੀਂ ਸੋਚ ਨਾਸਤਕਤਾ ਵੱਲ ਪ੍ਰੇਰਣ ਵਾਲੀ ਹੈ। ਇਸ ਸੋਚ ਮੁਤਾਬਕ ਕਿਸੇ ਤਰ੍ਹਾਂ ਦੇ ਵੀ ਕੁਕਰਮ ਕਰੀ ਜਾਵੋ, ਉਨ੍ਹਾਂ ਦਾ ਫ਼ਲ਼ ਭੁਗਤਣ ਦੀ ਚਿੰਤਾ ਕਰਨ ਦੀ ਕੋਈ ਜਰੂਰਤ ਨਹੀਂ। ਕਿਉਂਕਿ ਇਸ ਦਾ ਫ਼ਲ਼ ਆਪੇ ਕੋਈ ਹੋਰ ਭੁਗਤਦਾ ਫ਼ਿਰੇਗਾ। ਇਹ ਨਵੀਂ ਸੋਚ ਉਸ ਪ੍ਰਭੂ ਦੀ ਹੋਂਦ ਤੋਂ ਹੀ ਆਕੀ (ਨਾਸਤਿਕ) ਹੋਣ ਵੱਲ ਪ੍ਰੇਰਦੀ ਹੈ। ਜਾਂ ਫ਼ੇਰ ਇਸ ਗੱਲ ਵੱਲ ਪ੍ਰੇਰਦੀ ਹੈ ਕਿ (ਜੇ ਕੋਈ ਰੱਬ ਹੈ ਵੀ ਤਾਂ) ਉਸ ਪ੍ਰਭੂ ਦਾ ਨਿਆਉਂ ਸੱਚਾ ਨਹੀਂ। ਸਭ ਕੁੱਝ ਬੇ ਹਿਸਾਬਾ ਹੀ ਚੱਲ ਰਿਹਾ ਹੈ, ਕਰੇ ਕੋਈ ਭਰੇ ਕੋਈ। ਇਹ ਸੋਚ ਬੰਦੇ ਨੂੰ ਵੀ ਬੇ ਹਿਸਾਬਾ ਹੀ ਵਿਚਰਨ ਲਈ ਪ੍ਰੇਰਦੀ ਹੈ, ਬੱਸ ਬੰਦੇ ਨੂੰ ਕੋਈ ਵੀ ਮਾੜਾ ਕਰਮ ਕਰਨ ਵੇਲ਼ੇ ਦੇਸ਼ ਸਮਾਜ ਦੇ ਕਨੂੰਨੀ ਸ਼ਕੰਜੇ ਵਿੱਚ ਫ਼ਸਣ ਤੋਂ ਬਚਣ ਦੀ ਜਰੂਰਤ ਹੈ, ਫ਼ੇਰ ਉਹ ਜਿਸ ਤਰ੍ਹਾਂ ਦੇ ਮਰਜੀ ਕੁਕਰਮ ਕਰੀ ਜਾਵੇ। ਬਲਕਿ ਕਦੇ ਕਦੇ ਤਾਂ ਇਸ ਦੀ ਵੀ ਜਰੂਰਤ ਨਹੀਂ ਪੈਂਦੀ। ਕਿਉਂਕਿ ਕਈ ਵਾਰੀਂ ਦੇਸ਼ ਦੇ ਹਾਕਮ ਹੀ ਕਿਸੇ ਇੱਕ ਫ਼ਿਰਕੇ ਦੇ ਲੋਕਾਂ ਨੂੰ ਹਜਾਰਾਂ ਦੀ ਗਿਣਤੀ ਵਿੱਚ ਗਲ਼ਾਂ ਵਿੱਚ ਟਾਇਰ ਪਾ ਕੇ ਜਿਉਂਦਿਆਂ ਸਾੜਨ ਲਈ ਮਦਦ ਕਰ ਦਿੰਦੇ ਹਨ।

ਇਹ ਨਵੀਂ ਸੋਚ ਗੁਰਬਾਣੀ ਦੇ ਡੂੰਘੇ ਅਰਥਾਂ ਦੇ ਨਾਮ ਤੇ, ਆਪਣੇ ਹੀ ਅਰਥ ਘੜ ਕੇ ਗੁਰਮਤ ਤੋਂ ਦੂਰ, ਕਮਿਊਨਿਜ਼ਮ ਵੱਲ ਪ੍ਰੇਰਦੀ ਹੈ।

ਅਸਲ ਵਿੱਚ ਇਹ ਸਭ ਕੁੱਝ ਇਸ ਲਈ ਹੈ ਕਿ ਨਵੀਂ ਸੋਚ ਅਨੁਸਾਰ ਇਹ ਜੋ ਸੰਸਾਰ ਆਪਾਂ ਦੇਖਦੇ ਹਾਂ ਬਸ ਇਹੀ ਸਭ ਕੁੱਝ ਹੈ। ਸੰਸਾਰ ਦੀਆਂ ਸੂਖਮ ਗੱਲਾਂ ਬਾਰੇ ਨਾ ਇਹ ਕੁੱਝ ਸੋਚਦੇ ਹਨ ਅਤੇ ਨਾ ਹੀ ਸੋਚਣਾ ਚਾਹੁੰਦੇ ਹਨ। ਇੱਕ ਛੋਟੀ ਜਿਹੀ ਮਿਸਾਲ; ਆਪਾਂ ਹੱਥਾਂ ਦੀ ਸਹਾਇਤਾ ਨਾਲ ਰੋਟੀ ਖਾਂਦੇ ਹਾਂ। ਇਸ ਕ੍ਰਿਆ ਵਿੱਚ ਕਰਤੇ ਦੀ ਕਾਰੀਗਰੀ ਬਾਰੇ ਸੋਚੋ। ਜੇ ਆਪਣੇ ਹੱਥਾਂ ਦੇ ਉਂਗਲਾਂ ਨਾਂ ਹੁੰਦੀਆਂ ਤਾਂ ਕੀ ਫ਼ੇਰ ਵੀ ਆਪਣੇ ਲਈ ਕੋਈ ਚੀਜ ਚੁੱਕਣੀ ਜਾਂ ਰੋਟੀ ਖਾਣੀ ਏਨੀਂ ਹੀ ਸੌਖੀ ਹੋਣੀ ਸੀ, ਜਿੰਨੀਂ ਹੁਣ ਹੈ? ਜਿਸ ਕੰਪੀਊਟਰ ਨੇ ਦੁਨੀਆਂ ਦੇ ਵੱਡੇ ਵੱਡੇ ਕੰਮ ਸੌਖੇ ਕਰ ਦਿੱਤੇ ਹਨ ਉਸ ਨੂੰ ਬਨਾਉਣਾ ਤਾਂ ਦੂਰ, ਜੇ ਆਪਣੇ ਹੱਥਾਂ ਦੇ ਉਗਲਾਂ ਨਾਂ ਹੁੰਦੀਆਂ ਤਾਂ ਕੀ ਇਸ ਦਾ ਇਸਤੇਮਾਲ ਕਰਨਾ ਏਨਾ ਹੀ ਸੌਖਾ ਹੋਣਾ ਸੀ ਜਿੰਨਾ ਹੁਣ ਹੈ? ਜੇ ਨਹੀਂ ਤਾਂ, ਜ਼ਰਾ ਉਂਗਲਾਂ ਦੀ ਬਣਤਰ ਧਿਆਨ ਨਾਲ ਦੇਖੋ ਅਤੇ ਸੋਚੋ, ਕੀ ਇਨ੍ਹਾਂ ਉਂਗਲਾਂ ਦੀ ਬਣਤਰ ਦੀ ਡਿਜ਼ਾਨਿੰਗ ਆਪੇ ਹੀ ਕਿਸੇ ਕੁਦਰਤੀ ਤਰੀਕੇ ਨਾਲ ਹੋ ਗਈ? ਜੇ ਇਹ ਡਿਜ਼ਾਇਨਿੰਗ ਕਿਸੇ ਵਿਗਿਆਨੀ ਨੇ ਨਹੀਂ ਕੀਤੀ ਤਾਂ ਫ਼ੇਰ ਕਿਸ ਨੇ ਕੀਤੀ ਹੈ? ਜੇ ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਇਹ ਲੋਕ ਸੋਚਣ ਲੱਗੇ ਤਾਂ ਇਨ੍ਹਾਂ ਨੂੰ ਰੱਬ ਦੀ ਹੋਂਦ ਮੰਨਣੀ ਪੈ ਜਾਵੇਗੀ, ਜੋ ਇਹ ਲੋਕ ਚਾਹੁੰਦੇ ਨਹੀਂ। ਹੱਥਾਂ ਦੀ ਇਹ ਬਹੁਤ ਬਹੁਤ ਬਹੁਤ ਛੋਟੀ ਜਿਹੀ ਮਿਸਾਲ ਦਿੱਤੀ ਗਈ ਹੈ। ਜੇ ਦੁਨੀਆਂ ਦੇ ਸਾਰੇ ਲੋਕ ਰਲ਼ ਕੇ ਇਸ ਪਾਸੇ ਸੋਚਣ ਲਗਣ ਤਾਂ ਜ਼ਿੰਦਗ਼ੀਆਂ ਖ਼ਤਮ ਹੋ ਜਾਣਗੀਆਂ ਪਰ ਉਸ ਦੀਆਂ ਕਾਰੀਗਰੀਆਂ ਦੀ ਲਿਸਟ ਕਦੇ ਨਹੀਂ ਮੁੱਕਣੀ। ਅਤੇ ਰੱਬ ਦੀ ਹੋਂਦ ਅਤੇ ਉਸ ਦੀ ਕਾਰੀਗਰੀ ਤੇ ਯਕੀਨ ਕਰਨਾ ਪਏਗਾ। ਅਤੇ ਮੰਨਣਾ ਪਏਗਾ ਕਿ ਉਸ ਦੇ ਸੰਸਾਰ ਬਨਾਉਣ ਅਤੇ ਚਲਾਉਣ ਵਿੱਚ ਕਿਤੇ ਕੋਈ ਕਮੀਂ ਜਾਂ ਖਰਾਬੀ ਨਹੀਂ ਹੈ। ਸੋ ਉਸ ਦਾ ਇਨਸਾਫ਼ ਵੀ ਇਹ ਨਹੀਂ ਹੋ ਸਕਦਾ ਕਿ ‘ਕਰੇ ਕੋਈ ਅਤੇ ਭਰੇ ਕੋਈ’।

ਗੁਰਮਤ ਅਨੁਸਾਰ; ਮਾੜੀ ਨੀਯਤ ਨਾਲ ਕੇਕ ਵਿੱਚ ਜ਼ਹਿਰ ਮਿਲਾਣ ਦੇ ਮਾਮਲੇ ਵਿੱਚ ਕੇਕ ਬਨਾਣ ਵਾਲੇ ਨੇ ਆਪਣੇ ਕੀਤੇ ਦਾ ਫ਼ਲ ਭੋਗਣਾ ਹੈ। ਉਸ ਦਾ ਲੇਖਾ ਪ੍ਰਭੂ ਦੀ ਦਰਗਹ ਵਿੱਚ ਉਸ ਨੂੰ ਸਮਝਾਇਆ ਜਾਣਾ ਹੈ। “ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ॥” (ਪੰਨਾ-464)। ਜੇ ਜ਼ਹਿਰੀਲਾ ਕੇਕ ਖਾ ਕੇ ਕੋਈ ਮਰ ਜਾਂਦਾ ਹੈ ਤਾਂ ਇਹ “ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ” (ਪ-472)। “ਹੁਕਮੈ ਜੰਮਣੁ ਹੁਕਮੈ ਮਰਣੁ॥” (ਪ-564), ਅਨੁਸਾਰ ਜੀਵ ਉਸ ਦੇ ਹੁਕਮ ਵਿੱਚ ਜੱਗ ਤੇ ਆਉਂਦਾ ਹੈ ਅਤੇ ਹੁਕਮ ਵਿੱਚ ਹੀ ਇੱਥੋਂ ਚਲਾ ਜਾਂਦਾ ਹੈ। ਕਿਸੇ ਦਾ ਮਰ ਜਾਣਾ ਕੋਈ ਸਜਾ ਨਹੀਂ, ਕੁਦਰਤੀ ਨਿਯਮ ਹੈ। ਕੋਈ ਛੋਟੀ ਉਮਰ ਵਿੱਚ ਹੀ ਅਤੇ ਕੋਈ ਲੰਮੀਂ ਉਮਰ ਭੋਗ ਕੇ ਮਰਦਾ ਹੈ, ਇਹ ਵੀ ਸਭ ਉਸ ਦੇ ਹੁਕਮ ਵਿੱਚ ਹੈ।

ਛੋਟੀ ਬੱਚੀ ਨਾਲ ਕੁਕਰਮ ਕਰਨ ਦੇ ਮਾਮਲੇ ਵਿੱਚ ਬੱਚੀ ਨੂੰ ਉਸ ਦੇ ਪਿਛਲੇ ਕਰਮਾਂ ਮੁਤਾਬਕ ਸਜ਼ਾ ਮਿਲੀ ਹੈ “ਸੁਖੁ ਦੁਖੁ ਪੂਰਬ ਜਨਮ ਕੇ ਕੀਏ॥” (ਪ-364)। ਅਤੇ ਕੁਕਰਮ ਕਰਨ ਵਾਲੇ ਨੂੰ ਉਸ ਦੇ ਕੀਤੇ ਕਰਮਾਂ ਦੀ ਸਜ਼ਾ ਮਿਲ ਜਾਵੇਗੀ। “ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ ਜੀਉ॥” (ਪ-751)।

ਨਵੀਂ ਸੋਚ ਇਹ ਸਮਝਣ ਤੋਂ ਅਸਮਰਥ ਹੈ (ਬਲਕਿ ਸੋਚਣਾ ਹੀ ਨਹੀਂ ਚਾਹੁੰਦੀ) ਕਿ ਇਸ ਦਿਸਦੇ ਸੰਸਾਰ ਤੋਂ ਬਿਨਾਂ ਵੀ ਬਹੁਤ ਕੁੱਝ ਐਸਾ ਹੈ ਜੋ ਆਪਣੇ ਦੇਖਣ ਪਰਖਣ ਤੋਂ ਪਰੇ ਹੈ। ਇਸ ਸੰਸਾਰ ਵਿੱਚ ਅਣਦਿਸਦਾ ਜੋ ਵਾਪਰ ਰਿਹਾ ਹੈ, ਉਸ ਬਾਰੇ ਇਹ ਗੱਲ ਧਿਆਨ ਨਾਲ ਵਿਚਾਰਨ ਦੀ ਜਰੂਰਤ ਹੈ ਕਿ:

“ਪੰਚ ਤਤੁ ਮਿਲਿ ਕਾਇਆ ਕੀਨੀ ਤਤੁ ਕਹਾ ਤੇ ਕੀਨੁ ਰੇ॥” (?)

ਅੱਜ ਤੱਕ ਕੋਈ ਵੀ ਵਿਗਿਆਨੀ ਇਹ ਨਹੀਂ ਦੱਸ ਸਕਿਆ ਕਿ ਇਸ ਸੰਸਾਰ ਵਿੱਚ ਤੱਤ ਕਿੱਥੋਂ ਆਏ? (ਜੇ ਕੋਈ ਜਾਣਦਾ ਹੈ ਤਾਂ ਦੱਸਣ ਦੀ ਖੇਚਲ ਕਰੇ)। ਜੇ ਏਨਾ ਵੱਡਾ ਸੰਸਾਰ ਆਪਣੇ ਆਪ ਹੀ ਕਿਸੇ ਸੂਖਮ ਤਰੀਕੇ ਨਾਲ ਹੋਂਦ ਵਿੱਚ ਆ ਸਕਦਾ ਹੈ, ਤਾਂ ਹੋਰ ਵੀ ਬਹੁਤ ਕੁੱਝ ਐਸਾ ਹੈ ਜੋ ਸੂਖਮ ਤਰੀਕੇ ਨਾਲ ਇਸ ਸੰਸਾਰ ਵਿੱਚ ਵਰਤ ਰਿਹਾ ਹੈ, ਜਿਹੜਾ ਇਨ੍ਹਾਂ ਅੱਜ ਕਲ੍ਹ ਦੀ ਨਵੀਂ ਸੋਚ ਦੇ ਸੋਚਣ, ਸਮਝਣ ਅਤੇ ਵਿਚਾਰਨ ਦੀ ਸਮਰੱਥਾ ਤੋਂ ਪਰੇ ਦੀ ਗੱਲ ਹੈ।

ਇਨ੍ਹਾਂ ਵਿਦਵਾਨਾਂ ਵੱਲੋਂ ਇੱਕ ਹੋਰ ਮਿਸਾਲ ਦਿੱਤੀ ਜਾਂਦੀ ਹੈ: ਮੰਨ ਲਵੋ ਦੋ ਮਿਹਨਤੀ ਆਦਮੀ ਹਨ। ਇੱਕ ਦਿਨ ਭਰ ਚਿਲ-ਚਿਲਾਉਂਦੀ ਧੁੱਪ ਵਿੱਚ ਸੜਕ ਉਤੇ ਲੁੱਕ (ਤਾਰਕੋਲ) ਪਾਉਂਦਾ ਹੈ। ਅਤੇ ਦੂਸਰਾ ਦਿਨ ਭਰ ਦਫ਼ਤਰ ਵਿੱਚ ਬੈਠ ਕੇ ਹੁਕਮ ਚਲਾਉਂਦਾ ਹੈ। ਲੇਕਿਨ ਇੱਕ ਦੇ ਕੋਲ ਧਨ ਦੌਲਤ, ਮੋਟਰ ਬੰਗਲਾ ਕੁੱਝ ਵੀ ਨਹੀਂ ਅਤੇ ਦੂਸਰੇ ਕੋਲ ਸਭ ਕੁੱਝ ਹੈ। ਐਸਾ ਕਿਉਂ ਹੈ?

ਅੱਜ ਕਲ੍ਹ ਦੀ (ਕਮਿਊਨਿਸਟ) ਸੋਚ ਇਹ ਸਮਝਣ ਤੋਂ ਅਸਮਰਥ ਹੈ ਕਿ ਦਫ਼ਤਰ ਵਿੱਚ ਬੈਠ ਕੇ ਕੰਮ ਕਰਨ ਵਾਲਾ ਐਸੇ ਥਾਂ, ਐਸੇ ਘਰ ਵਿੱਚ ਜਨਮਿਆ ਜਿੱਥੇ ਹਰ ਕਿਸਮ ਦੀਆਂ ਸੁਖ ਸਹੂਲਤਾਂ ਉਸ ਨੂੰ ਉਪਲਭਧ ਸਨ। ਕਿਸੇ ਚੀਜ ਦੀ ਕਮੀਂ ਨਾ ਹੋਣ ਕਰਕੇ ਚੰਗੀ ਪੜ੍ਹਾਈ ਕਰਕੇ ਦਫ਼ਤਰ ਵਿੱਚ ਅਫ਼ਸਰ ਲੱਗ ਗਿਆ। ਅਤੇ ਚੰਗੀ ਤਨਖਾਹ ਹਾਸਲ ਕਰਦਾ ਹੈ। ਇਸ ਦੇ ਉਲਟ ਸੜਕ ਤੇ ਲੁੱਕ ਪਾਉਣ ਵਾਲਾ ਕਿਸੇ ਸੜਕ ਦੇ ਕਿਨਾਰੇ ਬਣੀ ਝੁੱਗੀ ਵਿੱਚ ਜਨਮਿਆ। ਜਿੱਥੇ ਉਸ ਨੂੰ ਉਚੀ ਪੜ੍ਹਾਈ ਕਰ ਸਕਣੀ ਅਤੇ ਹੋਰ ਸੁਖ ਸਹੂਲਤਾਂ ਤਾਂ ਦੂਰ ਦੀ ਗੱਲ, ਖਾਣ ਪਹਿਨਣ ਲਈ ਵੀ ਲੋੜੀਂਦੀਆਂ ਸਹੂਲਤਾਂ ਨਹੀਂ ਸਨ। ਉਚੇ ਦਰਜੇ ਦੀ ਪੜ੍ਹਾਈ ਨਾ ਕਰ ਸਕਣ ਕਰਕੇ ਦਫ਼ਤਰ ਵਿੱਚ ਬੈਠ ਕੇ ਹੁਕਮ ਚਲਾਉਣ ਵਾਲੀ ਨੌਕਰੀ ਨਹੀਂ ਕਰ ਸਕਦਾ। ਝੁੱਗੀ ਵਿੱਚ ਉਸ ਬੱਚੇ ਦੇ ਜਨਮ ਲੈਣ ਵਿੱਚ ਹੋਰ ਚਾਹੇ ਕਿਸੇ ਦਾ ਵੀ ਦੋਸ਼ ਹੋਵੇ ਜਾਂ ਨਾਹ ਪਰ ਉਸ ਬੱਚੇ ਦਾ (ਇਸ ਜਨਮ ਵਿਚਲਾ) ਆਪਣਾ ਕੋਈ ਦੋਸ਼ ਨਹੀਂ ਹੋ ਸਕਦਾ। ਇਸ ਸੰਬੰਧ ਵਿੱਚ ਗੁਰੂ ਸਾਹਿਬ ਕਹਿੰਦੇ ਹਨ: “ਪਉਣੈ ਪਾਣੀ ਅਗਨੀ ਜੀਉ ਤਿਨ ਕਿਆ ਖੁਸੀਆ ਕਿਆ ਪੀੜ॥ ਧਰਤੀ ਪਾਤਾਲੀ ਆਕਾਸੀ ਇਕਿ ਦਰਿ ਰਹਨਿ ਵਜੀਰ ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰਇਕਿ ਦੇ ਨਿਖੁਟੈ ਨਾਹੀ ਇਕਿ ਸਦਾ ਫਿਰਹਿ ਫਕੀਰ॥ ਹੁਰਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ॥ ਸਭ ਕੋ ਨਥੈ ਨਥਿਆ ਬਖਸੇ ਤੋੜੇ ਨਥ॥” (1289)।

ਅਰਥ: ਹਵਾ ਪਾਣੀ ਤੇ ਅੱਗ (ਆਦਿਕ ਤੱਤਾਂ ਦਾ ਮੇਲ ਮਿਲਾ ਕੇ ਤੇ ਜੀਵਾਤਮਾ ਪਾ ਕੇ ਪ੍ਰਭੂ ਨੇ) ਜੀਵ ਬਣਾਇਆ, (ਤੱਤ ਸਭ ਜੀਵਾਂ ਦੇ ਇਕੋ ਜਿਹੇ ਹਨ, ਪਰ ਅਚਰਜ ਖੇਡ ਹੈ ਕਿ) ਇਹਨਾਂ ਨੂੰ ਕਈਆਂ ਨੂੰ ਦੁੱਖ ਤੇ ਕਈਆਂ ਨੂੰ ਸੁਖ (ਮਿਲ ਰਹੇ ਹਨ)। ਕਈ ਧਰਤੀ ਤੇ ਹਨ (ਭਾਵ, ਸਾਧਾਰਨ ਜਿਹੀ ਹਾਲਤ ਵਿੱਚ ਹਨ) ਕਈ (ਮਾਨੋ) ਪਤਾਲ ਵਿੱਚ ਪਏ ਹਨ (ਭਾਵ, ਕਈ ਨਿੱਘਰੇ ਹੋਏ ਹਨ) ਕਈ (ਮਾਨੋ) ਅਕਾਸ਼ ਵਿੱਚ ਹਨ (ਭਾਵ, ਕਈ ਹੁਕਮ ਕਰ ਰਹੇ ਹਨ), ਤੇ ਕਈ (ਰਾਜਿਆਂ ਦੇ) ਦਰਬਾਰ ਵਿੱਚ ਵਜ਼ੀਰ ਬਣੇ ਹੋਏ ਹਨ। ਕਈ ਬੰਦਿਆਂ ਦੀ ਵੱਡੀ ਉਮਰ ਹੈ, ਕਈ (ਘਟ ਉਮਰੇ) ਮਰ ਕੇ ਦੁਖੀ ਹੁੰਦੇ ਹਨ। ਕਈ ਬੰਦੇ (ਹੋਰਨਾਂ ਨੂੰ ਭੀ) ਦੇ ਕੇ ਆਪ ਭੀ ਵਰਤਦੇ ਹਨ (ਪਰ ਉਹਨਾਂ ਦਾ ਧਨ) ਮੁੱਕਦਾ ਨਹੀਂ, ਕਈ ਸਦਾ ਕੰਗਾਲ ਫਿਰਦੇ ਹਨ। ਪ੍ਰਭੂ ਆਪਣੇ ਹੁਕਮ ਅਨੁਸਾਰ ਇੱਕ ਪਲਕ ਵਿੱਚ ਲੱਖਾਂ ਜੀਵ ਪੈਦਾ ਕਰਦਾ ਹੈ ਲੱਖਾਂ ਨਾਸ ਕਰਦਾ ਹੈ, ਹਰੇਕ ਜੀਵ (ਆਪਣੇ ਕੀਤੇ ਕਰਮਾਂ ਅਨੁਸਾਰ ਰਜ਼ਾ-ਰੂਪ) ਨੱਥ ਵਿੱਚ ਜਕੜਿਆ ਪਿਆ ਹੈ। (ਅਰਥ- ਪ੍ਰੋ: ਸਾਹਿਬ ਸਿੰਘ)

ਗੁਰਮਤ ਇਸੇ ਵਿਚਾਰ ਦਾ ਖੁਲਾਸਾ ਇਸ ਤਰ੍ਹਾਂ ਵੀ ਕਰਦੀ ਹੈ:

ਜੀਵ- ਮੱਛਰ, ਮੱਖੀ, ਚੂਹਾ, ਖੋਤਾ ਸ਼ੇਰ ਆਦਿ ਅਨੇਕ ਜੂਨਾਂ ਵਿੱਚ ਜਨਮ ਲੈਂਦੇ ਹਨ ਅਤੇ ਆਪਣੇ ਪਿਛਲੇ (ਮਨੁਖਾ) ਜਨਮ ਵਿੱਚ ਕੀਤੇ ਕਰਮਾਂ ਕਾਰਣ ਦੁਖ ਸੁਖ ਭੋਗਦੇ ਹਨ:

“ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ॥ ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ॥ ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ ਬੀਜ ਬੋਵਹਿ ਭੋਗ ਭੋਗਹਿ ਕੀਆ ਅਪਣਾ ਪਾਵਏ॥ ਰਤਨ ਜਨਮ ਹਾਰੰਤ ਜੂਐ ਪ੍ਰਭੂ ਆਪ ਨ ਭਾਵਹੀ॥ ਬਿਨਵੰਤਿ ਨਾਨਕ ਭਰਮਹਿ ਭ੍ਰਮਾਏ ਖਿਨੁ ਏਕ ਟਿਕਨ ਨ ਪਾਵਹੀ॥” (ਪ-705)।

“ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬ ਕਮਾਈ॥” (1273)।

ਸੋ ਹਰ ਇੱਕ ਨੂੰ ਆਪਣੇ ਕੀਤੇ ਕਰਮਾਂ ਦਾ ਫ਼ਲ ਜਰੂਰ ਮਿਲਣਾ ਹੈ। ਕਿਸੇ ਦਾ ਵੀ ਆਪਣੇ ਕੀਤੇ ਕਰਮਾਂ ਦੇ ਫ਼ਲ ਮਿਲਣ ਤੋਂ ਬਿਨਾਂ ਛੁਟਕਾਰਾ ਨਹੀਂ।

ਕਰਮਾ ਉਪਰਿ ਨਿਬੜੈ ਜੇ ਲੋਚੈ ਸਭ ਕੋਇ॥”

ਜਸਬੀਰ ਸਿੰਘ (ਕੈਲਗਰੀ)




.