.

ਆਇਆ ਸੁਣਿਆ ਬਿਦਰ ਦੇ

(ਬਿਦਰੁ ਅਰੁ ਦੁਰਜੋਧਨ) ਸਤਵੀਂ ਵਾਰ ਦੀ ਸਤਵੀਂ ਪਾਉੜੀ -ਭਾਈ ਗੁਰਦਾਸ ਜੀ
ਆਇਆ ਸੁਣਿਆ ਬਿਦਰ ਦੇ ਬੋਲੇ ਦੁਰਜੋਧਨ ਹੋਇ ਰੁਖਾ॥
ਘਰ ਅਸਾਡੇ ਛੱਡਕੇ ਗੋਲੇ ਦੇ ਘਰ ਜਾਹਿ ਕਿ ਸੁਖਾ॥
ਭੀਖਮ ਦ੍ਰੋਣਾ ਕਰਨ ਤਜ ਸਭਾ ਸੀਂਗਾਰ ਵਡੇ ਮਾਨੁਖਾ॥
ਜੁਗੀ ਜਾਇ ਵਲਾਇਓਨ ਸਬਨਾਂ ਦੇ ਜੀਅ ਅੰਦਰ ਧੁਖਾ॥
ਹਸ ਬੋਲੇ ਭਗਵਾਨ ਜੀ ਸੁਣਹੋ ਰਾਜਾ ਹੋਇ ਸਨਮੁਖਾ॥
ਤੇਰੇ ਭਾਉ ਨ ਦਿਸਈ ਮੇਰੇ ਨਾਹੀਂ ਅਪਦਾ ਦੁਖਾ॥
ਭਾਉ ਜਿਵੇਹਾ ਬਿਦਰ ਦੇ ਹੋਰੀ ਦੇ ਚਿਤ ਚਾਉ ਨ ਚੁਖਾ॥
ਗੋਵਿੰਦ ਭਾਉ ਭਗਤ ਦਾ ਭੁਖਾ॥ 7॥
ਭਾਈ ਗੁਰਦਾਸ, ਵਾਰ 7
ਪਦ ਅਰਥ
ਰੁਖਾ – ਰੁਖਾ ਬੋਲਣਾ, ਬੁਰਾ ਬੋਲਣਾ
ਘਰ ਅਸਾਡੇ – ਅਸਾਂ ਦੇ ਘਰ, ਹਉਮੈ ਗ੍ਰਸਤ ਲੋਕਾਂ ਵਲੋਂ ਆਪਣੀ ਮੈਂ ਦਾ ਪ੍ਰਗਟਾਵਾ ਕਰਨਾ
ਜਾਹਿ ਕਿ ਸੁਖਾ – ਜਾ ਕੇ ਕੀ ਸੁਖ ਮਿਲਿਆ
ਸਭਾ ਸੀਂਗਾਰ ਵਡੇ ਮਾਨੁਖਾ – ਵੱਡੀਆਂ ਵੱਡੀਆਂ ਸਭਾਵਾ ਦੇ ਸ਼ਿੰਗਾਰ ਹਉਮੈ ਗ੍ਰਸਤ ਲੋਕ
ਜੁਗੀ ਜਾਇ ਵਲਾਇਓਨ ਸਬਨਾਂ ਦੇ ਜੀਅ ਅੰਦਰ ਧੁਖਾ – ਜਿਹੜੀਆਂ ਹਿਰਦੇ ਰੂਪੀ ਝੁੱਗੀਆ ਅੰਦਰੋ ਹਉਮੈ ਹੰਕਾਰ ਮਾਇਆ ਦੇ ਮਦ ਨਾਲ ਧੁਖ ਰਹੀਆਂ ਹਨ
ਵਲਾਇਓਨ – ਛੱਡ ਕੇ ਅੱਗੇ ਜਾਣਾ
ਹਸ ਬੋਲੇ ਭਗਵਾਨ ਜੀ – ਪ੍ਰਭੂ ਦਾ ਗੁਰਮੁਖਿ ਜਨ ਉੱਪਰ ਪ੍ਰਸੰਨ ਹੋਣਾ, ਗੁਰਮਤਿ ਅਨੁਸਾਰ ਪ੍ਰਭੂ ਦਾ ਹਸਿ ਬੋਲਣਾ ਕੀ ਹੈ?
ਪ੍ਰਭ ਹਸਿ ਬੋਲੇ ਕੀਏ ਨਿਆਂਏਂ॥ ਸਗਲ ਦੂਤ ਮੇਰੀ ਸੇਵਾ ਲਾਏ॥
ਗੁਰੂ ਗ੍ਰੰਥ ਸਾਹਿਬ, ਪੰਨਾ 1347
ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਹਸਿ ਬੋਲਣਾ – ਪ੍ਰਸੰਨ ਹੋਣਾ –ਬਖ਼ਸ਼ਿਸ਼ ਕਰਨਾ ਹੀ ਹੈ। ਬਖ਼ਸ਼ਿਸ਼ ਕਰਨਾ ਕੀ ਹੈ? ਨਿਆਏ ਕਰਨਾ। ਨਿਆਂ ਕਰਨਾ ਕੀ ਹੈ? ਭਾਵਨਾ ਦੇਖਣੀ, ਪ੍ਰੇਮ ਦੇਖਣਾ, ਜ਼ਾਤ ਪਾਤ ਜਾਂ ਰੰਗ ਨਹੀਂ।
ਸੁਣਹੋ ਰਾਜਾ ਹੋਇ ਸਨਮੁਖਾ – ਬਿਦਰ ਜੀ ਦਾ ਬਗ਼ੈਰ ਕਿਸੇ ਡਰ ਭੈ ਦੇ ਦੁਰਜੋਧਨ ਨੂੰ ਕਹਿਣਾ ਕਿ ਐਧਰ ਮੂੰਹ ਕਰਕੇ ਸੁਣ, ਕਿ ਜਿਹੜੇ ਕ੍ਰਿਸ਼ਨ ਦੀ ਤੂੰ ਗੱਲ ਕਰਦਾ ਹੈ, ਉਹ ਕ੍ਰਿਸ਼ਨ ਮੇਰਾ ਕ੍ਰਿਸ਼ਨ ਨਹੀਂ।
ਤੇਰੇ ਭਾਉ ਨ ਦਿਸਈ – ਤੇਰੇ ਅੰਦਰ ਮੇਰੇ ਸਰਬ-ਵਿਆਪਕ ਕ੍ਰਿਸ਼ਨ ਲਈ ਭਾਉ ਹੀ ਨਹੀਂ ਹੈ। ਤੇਰੇ ਅੰਦਰ ਆਪੇ ਦਾ ਦੁੱਖ ਹੈ
ਮੇਰੇ ਨਾਹੀਂ ਅਪਦਾ ਦੁਖਾ – ਮੇਰੇ ਅੰਦਰ ਆਪੇ ਦਾ ਦੁਖ ਨਹੀਂ ਹੈ
ਭਾਉ ਜਿਵੇਹਾ ਬਿਦਰ ਦੇ – ਜਿਹੋ ਜਿਹੀ ਭਾਵਨਾ ਬਿਦਰ ਦੀ ਹੈ
ਹੋਰੀ ਦੇ ਚਿਤ ਚਾਉ ਨ ਚੁਖਾ – ਹੋਰਨਾਂ ਦੇ ਅੰਦਰ ਬਿਦਰ ਜਿਹਾ ਚਾਉ ਉਪਜਿਆ ਹੀ ਨਹੀਂ (ਹੋਰਨਾ ਦੇ ਅੰਦਰ ਜਸ਼ੋਧਾ ਦੇ ਪੁੱਤਰ ਕ੍ਰਿਸ਼ਨ ਲਈ ਤਾਂ ਪਿਆਰ ਹੋ ਸਕਦਾ ਹੈ, ਪਰ ਬਿਦਰ ਜੀ ਵਾਂਗ, ਸਰਬ-ਵਿਆਪਕ ਵਾਸਤੇ ਨਹੀਂ)
ਗੋਵਿੰਦ ਭਾਉ ਭਗਤ ਦਾ ਭੁਖਾ – ਬਿਦਰ ਜੀ ਅੰਦਰ ਸ੍ਰਿਸਟੀ ਦੇ ਪਾਲਕ ਅਤੇ ਰੱਖਿਅਕ ਲਈ ਪ੍ਰੇਮ ਦੀ ਭੁੱਖ ਹੈ
ਹੁਣ ਇਥੇ ਸ਼ੁਰੂ ਅੰਦਰ ਵੀਚਾਰਨ ਵਾਲੀ ਜ਼ਰੂਰੀ ਗੱਲ ਹੈ ਕਿ ਭਾਈ ਸਾਹਿਬ ਕਹਿੰਦੇ ਹਨ “ਆਇਆ ਸੁਣਿਆ ਬਿਦਰ ਦੇ”। ਇਸ ਪੰਗਤੀ ਅੰਦਰ ਸਿਰਫ ਇਸ਼ਾਰਾ ਹੈ ਕਿ ਦੁਰਜੋਧਨ ਨੇ ਸਿਰਫ ਆਇਆ ਹੀ ਸੁਣਿਆ, ਪਰ ਦੁਰਜੋਧਨ ਨੂੰ ਰਾਜ ਦੇ ਮਦ ਦੇ ਹੰਕਾਰ ਅੰਦਰ ਇਹ ਨਹੀਂ ਪਤਾ ਲੱਗਾ ਕਿ ਆਇਆ ਕੌਣ? ਉਸ ਨੂੰ ਇਹ ਨਹੀਂ ਪਤਾ ਲੱਗਾ ਕਿ ਬਿਦਰ ਜੀ ਦੇ ਘਰ ਆਉਣ ਵਾਲਾ ਕੌਣ ਸੀ। ਇਥੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਬਿਦਰ ਜੀ ਦੇ ਘਰ ਆਉਣ ਵਾਲਾ ਕੋਈ ਅਵਤਾਰੀ ਨਹੀਂ ਸੀ।
ਅਰਥ
ਭਾਈ ਗੁਰਦਾਸ ਜੀ ਸਮਝਾਉਣਾ ਕਰ ਰਹੇ ਹਨ ਕਿ ਜਦੋਂ ਬਿਦਰ ਦੇ ਘਰ ਆਇਆ ਸੁਣਿਆ ਤਾਂ ਮਾਇਆ ਦੇ ਮਦ ਦੇ ਹੰਕਾਰ ਅੰਦਰ ਦੁਰਜੋਧਨ ਨੇ ਬੁਰਾ ਭਲਾ ਬੋਲਿਆ ਕਿ ਸਾਡਾ ਘਰ ਛੱਡ ਕੇ ਗੋਲੇ ਦੇ ਘਰ ਜਾ ਕੇ ਕੀ ਸੁਖ ਮਿਲਿਆ ਹੋਵੇਗਾ?
ਨੋਟ – ਇਹ ਪੱਖ ਦਰਜੋਧਨ ਦਾ ਹੈ ਜੋ ਰਾਜ ਦੇ ਹੰਕਾਰ ਵਿੱਚ ਬਿਦਰ ਜੀ ਦੇ ਘਰ ਆਉਣ ਵਾਲਾ ਕ੍ਰਿਸ਼ਨ ਜਸ਼ੋਧਾ ਦਾ ਪੁੱਤਰ ਸਮਝੀ ਬੈਠਾ ਸੀ। ਉਸ ਨੂੰ ਇਹ ਨਹੀਂ ਸੀ ਪਤਾ ਕਿ ਬਿਦਰ ਜੀ ਸਰਬ-ਵਿਆਪਕ ਹਰੀ ਦੇ ਆਪਣੇ ਹਿਰਦੇ ਰੂਪੀ ਘਰ ਵਿੱਚ ਆਉਣ ਦੀ ਗੱਲ ਕਰ ਰਹੇ ਹਨ। ਦੂਸਰੀ ਇਹ ਗੱਲ ਆਪਣੇ ਆਪ ਵਿੱਚ ਹੀ ਸਪਸ਼ਟ ਹੈ ਕਿ “ਸਬਨਾਂ ਦੇ ਜੀਅ ਅੰਦਰ ਧੁਖਾ” ਮਤਲਬ ਸਾਰਿਆ ਦੇ ਅੰਦਰ ਧੁਖ ਰਹੇ ਹਨ। ਸਾਰਿਆਂ ਦੇ ਹਿਰਦੇ ਸੜ ਰਹੇ ਹਨ ਮਾਇਆ ਦੇ ਮਦ ਦੇ ਹੰਕਾਰ ਵਿਚ। ਸੋ ਸਪਸ਼ਟ ਹੈ ਕਿ ਕਿਸੇ ਇੱਟਾਂ ਪੱਥਰਾਂ ਦੇ ਬਣੇ ਘਰ ਅੰਦਰ ਕਿਸੇ ਦੁਨਿਆਵੀ ਕ੍ਰਿਸ਼ਨ ਦੇ ਤਨ ਕਰਕੇ ਆਉਣ ਦੀ ਗੱਲ ਨਹੀਂ ਹੈ।
ਅਰਥ
ਸਾਡੇ ਘਰ ਆਉਂਦਾ ਤਾਂ ਭੀਖਣ, ਦ੍ਰੋਣਾ, ਕਰਨ, ਆਦਿ ਵਰਗੇ ਜੋ ਵੱਡੀਆਂ ਵੱਡੀਆਂ ਸਭਾਵਾਂ ਦੇ ਸ਼ਿੰਗਾਰ ਹਨ, ਨੇ ਉਨ੍ਹਾਂ ਦੀ ਆਉ ਭਗਤ ਕਰਨੀ ਸੀ। (ਦੁਰਜੋਧਨ ਨੇ ਆਪਣੇ ਹੰਕਾਰ ਵਿੱਚ ਸਿਰਫ਼ ਆਇਆ ਹੀ ਸੁਣਿਆ, ਪਰ ਇਹ ਨਹੀਂ ਪਤਾ ਲੱਗਾ ਕਿ ਕੌਣ ਆਇਆ ਹੈ। ਹੁਣ ਇਥੋ ਅੱਗੇ ਬਿਦਰ ਜੀ ਦਾ ਪੱਖ ਹੈ।)
ਹੇ ਰਾਜਾ ਐਧਰ ਨੂੰ ਮੂੰਹ ਕਰਕੇ ਸੁਣ। ਹੁਣ ਪਰਾਂ ਨੂੰ ਮੂਹ ਨਾਂਹ ਕਰ, ਸਨਮੁਖ ਹੋ। ਜਿਹੜੇ ਤੇਰੇ ਵਰਗਿਆਂ ਦੇ ਹਿਰਦੇ ਹਉਮੈ ਮਾਇਆ ਮਦ ਦੇ ਹੰਕਾਰ ਨਾਲ ਧੁਖ ਰਹੇ ਹਨ, ਇਹ ਮੇਰੇ ਮਾਲਕ ਸਰਬ-ਵਿਆਪਕ ਹਰੀ ਲਈ ਜਲ ਸੜ ਰਹੀਆਂ ਝੁੱਗੀਆਂ ਹਨ। ਜਿਹੜੇ ਮਨੁੱਖ ਉਸ ਦੀ ਬਖ਼ਸ਼ਿਸ਼ ਦੇ ਪਾਤਰ ਬਣਦੇ ਹਨ ਉਨ੍ਹਾਂ ਉੱਪਰ ਉਹ ਪ੍ਰਸੰਨ ਹੁੰਦਾ ਹੈ। ਤੇਰੇ ਅੰਦਰ ਉਸ ਸਰਬ-ਵਿਆਪਕ ਪਾਲਕ ਅਤੇ ਰੱਖਿਅਕ ਲਈ ਭਾਉ ਨਹੀਂ ਹੈ, ਅਤੇ ਮੇਰੇ ਅੰਦਰ ਅਪਦਾ ਭਾਵ ਹਉਮੈ ਦਾ ਦੁੱਖ ਨਹੀਂ ਹੈ। ਤੇਰੇ ਅੰਦਰ ਹਉਮੈ ਦਾ ਰੋਗ ਹੈ। ਇਸ ਕਰਕੇ ਉਹ ਸਰਬ-ਵਿਆਪਕ ਹਰੀ ਹਉਮੈ ਅੰਦਰ ਜਲ ਸੜ ਧੁਖ ਰਹੀਆਂ ਹਿਰਦੇ ਰੂਪੀ ਝੁੱਗੀਆ ਛੱਡ ਕੇ ਮੇਰੇ ਘਰ ਆਇਆ ਹੈ।
ਭਾਈ ਗੁਰਦਾਸ ਜੀ ਦਾ ਆਪਣਾ ਫ਼ੈਸਲਾ –
ਜਿਸ ਤਰ੍ਹਾਂ ਬਿਦਰ ਜੀ ਦੇ ਅੰਦਰ ਉਸ ਸਰਬ-ਵਿਆਪਕ ਪਾਲਕ ਅਤੇ ਰੱਖਿਅਕ ਗੋਬਿੰਦ ਹਰੀ ਲਈ ਪ੍ਰੀਤ ਹੈ, ਭਾਉ ਹੈ, ਚਾਉ ਹੈ; ਉਹ ਭੁੱਖ, ਉਹ ਚਾਉ ਹੋਰਨਾਂ ਦੁਰਜੋਧਨ ਵਰਗੇ ਹੰਕਾਰੀ ਮਨੁੱਖਾਂ ਦੇ ਅੰਦਰ ਉਪਜਿਆ ਹੀ ਨਹੀਂ।
ਇਸ ਕਰ ਕੇ ਉਹ ਸਰਬ-ਵਿਆਪਕ ਹਰੀ, ਬਿਦਰ ਦੇ ਹਿਰਦੇ ਰੂਪੀ ਘਰ ਵਿੱਚ ਆਇਆ ਹੈ।
ਨੋਟ – ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਭਾਈ ਗੁਰਦਾਸ ਜੀ ਵਰਗੀ ਮਹਾਨ ਸ਼ਖ਼ਸੀਅਤ ਗੁਰਮਤਿ ਵਿਰੁੱਧ ਆਪਣਾ ਕੋਈ ਵਿਚਾਰ ਪੇਸ਼ ਕਰੇ। ਉਨ੍ਹਾਂ ਵਲੋਂ ਬਿਦਰ ਜੀ ਨਾਲ ਜੁੜੀ ਪ੍ਰਚੱਲਤ ਕਰਮਕਾਂਡੀ ਕਹਾਣੀ ਨਿਖੇੜੀ ਗਈ ਹੈ, ਜੋੜੀ ਨਹੀਂ ਗਈ।

ਆਉ ਹੁਣ ਕਬੀਰ ਜੀ ਵਲੋਂ ਬਿਦਰੁ ਜੀ ਪ੍ਰਤੀ ਉਚਾਰਨ ਸ਼ਬਦ ਨੂੰ ਵੀਚਾਰਨ ਦੀ ਕੋਸ਼ਿਸ਼ ਕਰੀਏ।
ਰਾਜਨ ਕਉਨੁ ਤੁਮਾਰੈ ਆਵੈ॥
ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ॥ 1॥ ਰਹਾਉ॥
ਹਸਤੀ ਦੇਖਿ ਭਰਮ ਤੇ ਭੂਲਾ ਸ੍ਰੀ ਭਗਵਾਨੁ ਨ ਜਾਨਿਆ॥
ਤੁਮਰੋ ਦੂਧੁ ਬਿਦਰ ਕੋ ਪਾਨੋ ਅੰਮ੍ਰਿਤੁ ਕਰਿ ਮੈ ਮਾਨਿਆ॥ 1॥
ਖੀਰ ਸਮਾਨਿ ਸਾਗੁ ਮੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ॥
ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ॥ 2॥ 9॥
ਗੁਰੂ ਗ੍ਰੰਥ ਸਾਹਿਬ, ਪੰਨਾ 1105

ਪਦ ਅਰਥ
ਰਾਜਨ – ਵਾਹਿਗੁਰੂ, ਅਕਾਲ ਪੁਰਖੁ “ਕੋਊ ਹਰਿ ਸਮਾਨਿ ਨਹੀ ਰਾਜਾ” -ਪੰਨਾ 856
ਕਉਨੁ – ਕੌਣ
ਤੁਮਾਰੈ ਆਵੈ – ਤੇਰੇ ਦਰ ਕੌਣ ਆਉਂਦੇ ਹਨ
ਐਸੋ ਭਾਉ – ਐਸੀ ਬਖ਼ਸ਼ਿਸ਼ ਰੂਪ ਨਦਰਿ
ਬਿਦਰ ਕੋ ਦੇਖਿਓ – ਜਿਹੜੀ ਬਖ਼ਸ਼ਿਸ਼ ਰੂਪ ਨਦਰਿ ਬਿਦਰ ਜੀ ਉੱਪਰ ਕੀਤੀ
ਓਹੁ – ਉਹੀ ਨਦਰਿ
ਮੋਹਿ – ਮੇਰੇ ਉੱਪਰ
ਭਾਵ – ਪ੍ਰਕਾਰ, ਤਰ੍ਹਾਂ
ਭਾਵੈ – ਭਾਵ ਤੋਂ ਭਾਵੈ ਹੈ (ਦੇਖੋ ਮਹਾਨ ਕੋਸ਼) ਭਾਵ ਉਸੇ ਪ੍ਰਕਾਰ, ਉਸੇ ਤਰ੍ਹਾਂ, ਹੂਬਹੂ
ਹਸਤੀ – ਫਾ: ਦੌਲਤਮੰਦੀ, ਅਮੀਰੀ, ਪਦਾਰਥ ਵਾਦ
ਦੇਖਿ – ਦੇਖ ਕੇ ਭਰਮ ਤੇ ਭੂਲਾ – ਭਰਮ ਵਿੱਚ ਭੁੱਲ ਜਾਣਾ
ਸ੍ਰੀ ਭਗਵਾਨੁ ਨ ਜਾਨਿਆ – ਅਸਲ ਭਗਵਾਨ ਨੂੰ ਨਾਂਹ ਜਾਨਣਾ
ਖੀਰ – ਫਾ: ਹੈਰਾਨ, ਅਸਚਰਜ, ਅਸਚਰਜਤਾ
ਸਾਗੁ – ਸੰ: ਸਮਾਨ ਅੰਗ, ਉਹੋ ਜਿਹਾ, ਭਾਵ ਹੂਬਹੂ
ਦੂਧੁ – ਦੁੱਧ, ਗੁਰਮਤਿ ਅਨੁਸਾਰ ਆਤਮਿਕ ਤੌਰ ਤੇ ਬਲਵਾਨ ਕਰ ਦੇਣ ਵਾਲਾ ਨਾਮ ਰੂਪੀ ਦੁੱਧ
ਪਾਨੑੋ – ਪ੍ਰਾਪਤੀ, ‘ਨ’ ਦੇ ਪੈਰ ਵਿੱਚ ਅੱਧਾ ਰਾਰਾ ਹੈ, ਪਾ ਲੈਣਾ, ਪ੍ਰਾਪਤੀ ਕਰ ਲੈਣੀ
ਮੈ ਮਾਨਿਆ – ਮੈਂ ਜਾਣਿਆ, ਜਾਣ ਲਿਆ
ਗੁਨ ਗਾਵਤ – ਪ੍ਰਭੂ ਦੀ ਸਿਫ਼ਤੋ-ਸਲਾਹ ਕਰਨੀ
ਰੈਨਿ ਬਿਹਾਨੀ – ਜੀਵਨ ਰੂਪੀ ਰਾਤ ਦਾ ਬੀਤਣਾ
ਕਬੀਰ ਕੋ ਠਾਕੁਰੁ – ਕਬੀਰ ਜੀ ਦਾ ਸਰਬ-ਵਿਆਪਕ ਪਰਮੇਸ਼ਰ
ਅਨਦ ਬਿਨੋਦੀ – ਬਗ਼ੈਰ ਰੰਗ ਨਸਲ ਜ਼ਾਤਿ ਪਾਤ ਦੇ ਬਖ਼ਸ਼ਿਸ਼ ਕਰਨ ਵਾਲਾ ਸਰਬ-ਵਿਆਪਕ ਹਰੀ
ਜਾਤਿ ਨ ਕਾਹੂ ਕੀ ਮਾਨੀ – ਜ਼ਾਤ-ਪਾਤ ਕਿਸੇ ਦੀ ਦੇਖਦਾ ਨਹੀਂ
ਅਰਥ
ਹੇ ਰਾਜਨ ਤੇਰੇ ਦਰ ਤੇ ਕਉਣ ਆਉਂਦੇ ਹਨ? ਬਿਦਰ ਜੀ ਵਰਗੇ ਜਿਨਾਂ ਉੱਪਰ ਤੂੰ ਮਿਹਰ ਦੀ ਨਦਰ ਕੀਤੀ ਹੈ ਅਤੇ ਕਰਦਾ ਹੈਂ, (ਹੰਕਾਰੀ ਨਹੀਂ)। ਉਸੇ ਪ੍ਰਕਾਰ ਹੂ-ਬਹੂ ਬਖ਼ਸ਼ਿਸ਼ ਰੂਪ ਨਦਰਿ ਮੇਰੇ ਗ਼ਰੀਬ ਉੱਪਰ ਵੀ ਕਰ।
ਹਸਤੀ – ਪਦਾਰਥ – ਪਦਾਰਥ ਦੇਖ ਕੇ ਮੈਂ ਵੀ ਭਰਮ ਵਿੱਚ ਭੁੱਲਾ ਹੋਇਆ ਸੀ, ਅਤੇ ਸ੍ਰੀ ਭਗਵਾਨ ਨੂੰ ਪ੍ਰਾਪਤ ਕਰਨ ਦਾ ਰਾਹ ਸਮਝ ਨਾਂਹ ਸਕਿਆ।
ਜੋ ਨਾਮ ਰੂਪੀ ਦੁੱਧ ਆਤਮਿਕ ਤੌਰ ਤੇ ਬਲਵਾਨ ਕਰਨ ਵਾਲਾ ਹੈ, ਜਿਸ ਨਾਮ ਰੂਪੀ ਦੁੱਧ ਦੀ ਬਿਦਰ ਜੀ ਨੂੰ ਪ੍ਰਾਪਤੀ ਹੋਈ ਸੀ, ਜਦੋਂ ਮੈਂ ਅੰਮ੍ਰਿਤ ਕਰਕੇ ਜਾਣਿਆ, ਤਾਂ ਮੇਰੇ ਤੇ ਹੂਬਹੂ ਬਿਦਰ ਜੀ ਵਾਂਗ ਪੂਰਨ ਅਸਚਰਜ ਬਖ਼ਸ਼ਿਸ਼ ਹੋਈ। ਫਿਰ ਮੇਰੀ ਜੀਵਨ ਰੂਪੀ ਰਾਤ ਰਾਜਨ ਪ੍ਰਭੂ ਦੇ ਗੁਣ ਗਾਉਂਦਿਆ ਬੀਤਣੀ ਸ਼ੁਰੂ ਹੋਈ। ਕਬੀਰ ਨੇ ਇਹ ਸੱਚ ਜਾਣਿਆ ਹੈ ਕਿ ਇਕੁ ਕਬੀਰ ਦਾ ਠਾਕੁਰ ਵਾਹਿਗੁਰੂ ਹੀ ਹੈ ਜੋ ਅਨਦ ਬਿਨੋਦੀ ਹੈ। ਇਕੁ ਵਾਹਿਗੁਰੂ ਹੀ ਹੈ ਜੋ ਬਗ਼ੈਰ ਰੰਗ ਨਸਲ ਜ਼ਾਤ-ਪਾਤ ਦੇ ਭੇਦ ਭਾਵ ਦੇ ਬਖ਼ਸ਼ਿਸ਼ ਕਰਨ ਵਾਲਾ ਹੈ।
ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ॥
ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰਿ ਕੋਮਾ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 507
ੜਾੜੈ ਰੂੜਾ ਹਰਿ ਜੀਉ ਸੋਈ॥ ਤਿਸੁ ਬਿਨੁ ਰਾਜਾ ਅਵਰੁ ਨ ਕੋਈ॥
ਗੁਰੂ ਗ੍ਰੰਥ ਸਾਹਿਬ, ਪੰਨਾ 936
ਨੋਟ – ਇਸ ਗੱਲ ਤੇ ਮੋਹਰ ਹੈ ਕਿ ਇਕੁ ਅਕਾਲ ਪੁਰਖੁ ਤੋ ਬਗ਼ੈਰ ਹੋਰ ਕੋਈ ਬਖ਼ਸ਼ਿਸ਼ ਕਰਨ ਦੀ ਸਮਰੱਥਾ ਨਹੀਂ ਰੱਖਦਾ। ਉਸ ਸਰਬ-ਵਿਆਪਕ ਤੋਂ ਬਗ਼ੈਰ ਜੇਕਰ ਕੋਈ ਇਹ ਦਾਅਵਾ ਕਰਦਾ ਹੈ ਤਾਂ ਸਭ ਝੂਠ ਹੈ।
ਐਸੀ ਲਾਲ ਤੁਝ ਬਿਨੁ ਕਉਨੁ ਕਰੈ॥
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ॥ 1॥ ਰਹਾਉ॥
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀ ਢਰੈ॥
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥ 1॥
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥ 2॥ 1॥

ਗੁਰੂ ਗ੍ਰੰਥ ਸਾਹਿਬ, ਪੰਨਾ 1106
ਸੋ, ਕੋਈ ਭੁਲੇਖਾ ਕਿਸੇ ਵੀ ਕਿਸਮ ਦਾ ਗੁਰਬਾਣੀ ਸੱਚ ਅੰਦਰ ਹੈ ਹੀ ਨਹੀਂ। ਗ਼ਰੀਬਾਂ ਨੂੰ ਨਿਵਾਜਣ ਵਾਲਾ ਇਕੁ ਹੀ ਹੈ। ਉਹ ਇੱਕ ਹੀ ਹੈ ਜੋ ਆਪਣੀ ਸ਼ਰਨ ਆਉਣ ਵਾਲਿਆਂ ਨੂੰ ਨੀਚਾਂ ਤੋਂ ਊਚ ਬਣਾ ਸਕਦਾ ਹੈ, ਜੋ ਕਿਸੇ ਤੋਂ ਡਰਦਾ ਨਹੀਂ।
ਬਲਦੇਵ ਸਿੰਘ ਟੋਰਾਂਟੋ




.