.

ਸਤਿਗੁਰੁ ਮਿਲੈ ਤ ਪੂਰਾ ਪਾਈਐ

ਬਸੰਤੁ ਹਿੰਡੋਲੁ ਘਰੁ 2 ਮਹਲਾ 4
ੴ ਸਤਿਗੁਰ ਪ੍ਰਸਾਦਿ॥
ਕਾਂਇਆ ਨਗਰਿ ਇਕੁ ਬਾਲਕੁ ਵਸਿਆ ਖਿਨੁ ਪਲੁ ਥਿਰੁ ਨ ਰਹਾਈ॥
ਅਨਿਕ ਉਪਾਵ ਜਤਨ ਕਰਿ ਥਾਕੇ ਬਾਰੰ ਬਾਰ ਭਰਮਾਈ॥ 1॥
ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ॥
ਸਤਿਗੁਰੁ ਮਿਲੈ ਤ ਪੂਰਾ ਪਾਈਐ ਭਜੁ ਰਾਮ ਨਾਮੁ ਨੀਸਾਣੁ॥ 1॥ ਰਹਾਉ॥
ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ॥
ਰਾਮ ਨਾਮੁ ਗੁਰਿ ਉਦਕੁ ਚੁਆਇਆ ਫਿਰਿ ਹਰਿਆ ਹੋਆ ਰਸਿਆ॥ 2॥
ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖਿ ਚਲਤੁ ਦਿਖਾਇਆ॥
ਬਾਹਰੁ ਖੋਜਿ ਮੁਏ ਸਭਿ ਸਾਕਤ ਹਰਿ ਗੁਰਮਤੀ ਘਰਿ ਪਾਇਆ॥ 3॥
ਦੀਨਾ ਦੀਨ ਦਇਆਲ ਭਏ ਹੈ ਜਿਉ ਕ੍ਰਿਸਨੁ ਬਿਦਰ ਘਰਿ ਆਇਆ॥
ਮਿਲਿਓ ਸੁਦਾਮਾ ਭਾਵਨੀ ਧਾਰਿ ਸਭੁ ਕਿਛੁ ਆਗੈ ਦਾਲਦੁ ਭੰਜਿ ਸਮਾਇਆ॥ 4॥
ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰਿ ਆਪਿ ਰਖਾਈ॥
ਜੇ ਸਭਿ ਸਾਕਤ ਕਰਹਿ ਬਖੀਲੀ ਇੱਕ ਰਤੀ ਤਿਲੁ ਨ ਘਟਾਈ॥ 5॥
ਜਨ ਕੀ ਉਸਤਤਿ ਹੈ ਰਾਮ ਨਾਮਾ ਦਹ ਦਿਸਿ ਸੋਭਾ ਪਾਈ॥
ਨਿੰਦਕੁ ਸਾਕਤੁ ਖਵਿ ਨ ਸਕੈ ਤਿਲੁ ਅਪਣੈ ਘਰਿ ਲੂਕੀ ਲਾਈ॥ 6॥
ਜਨ ਕਉ ਜਨੁ ਮਿਲਿ ਸੋਭਾ ਪਾਵੈ ਗੁਣ ਮਹਿ ਗੁਣ ਪਰਗਾਸਾ॥
ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵਹਿ ਦਾਸਨਿ ਦਾਸਾ॥ 7॥
ਆਪੇ ਜਲੁ ਅਪਰੰਪਰੁ ਕਰਤਾ ਆਪੇ ਮੇਲਿ ਮਿਲਾਵੈ॥
ਨਾਨਕ ਗੁਰਮੁਖਿ ਸਹਜਿ ਮਿਲਾਏ ਜਿਉ ਜਲੁ ਜਲਹਿ ਸਮਾਵੈ॥ 8॥ 1॥ 9॥
ਗੁਰੂ ਗ੍ਰੰਥ ਸਾਹਿਬ, ਪੰਨਾ 1191

ਨੋਟ – ਇਸ ਸ਼ਬਦ ਅੰਦਰ ਵੀ ਗੁਰੂ ਪਾਤਸ਼ਾਹ ਨੇ ਸਪਸ਼ਟ ਦਰਸਾਇਆ ਹੈ ਕਿ ਸੁਦਾਮਾ, ਅਤੇ ਬਿਦਰੁ ਜੀ ਉੱਤੇ ਅਕਾਲ ਪੁਰਖੁ ਹਰੀ ਕਿਵੇਂ ਤੁੱਠਾ ਅਤੇ ਕਿਵੇਂ ਉਨ੍ਹਾਂ ਨੂੰ ਪ੍ਰਾਪਤੀ ਹੋਈ।
ਪਦ ਅਰਥ
ਕਾਂਇਆ ਨਗਰਿ – ਸਰੀਰ ਰੂਪੀ ਨਗਰ
ਬਾਲਕੁ – ਅੰਞਾਣ ਮਨ
ਖਿਨੁ ਪਲੁ – ਰਤਾ ਭਰ ਸਮੇਂ ਲਈ ਵੀ
ਥਿਰੁ – ਅਡੋਲ
ਥਿਰੁ ਨ ਰਹਾਈ – ਸਥਿਰ ਨਹੀਂ ਰਹਿੰਦਾ
ਅਨਿਕ ਉਪਾਵ – ਅਨੇਕ ਯਤਨ
ਬਾਰੰ ਬਾਰ – ਬਾਰ ਬਾਰ
ਭਰਮਾਈ – ਭਟਕਦਾ ਹੈ
ਆਣੁ – ਲਿਆ, ਲਿਆਉਣ ਨਾਲ
ਇਕਤੁ ਘਰਿ ਆਣੁ – ਹਿਰਦੇ ਰੂਪੀ ਘਰ ਅੰਦਰ ਇੱਕ ਪ੍ਰਮੇਸ਼ਰ ਉੱਪਰ ਭਰੋਸਾ ਲਿਆਉਣ ਨਾਲ
ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ – ਇਹ ਪੰਗਤੀ ਬਹੁਤ ਗਹਿਰਾਈ ਵਾਲੀ ਹੈ। ਹਿਰਦੇ ਰੂਪੀ ਘਰ ਅੰਦਰ ਪਰਤਣ ਦੀ ਲੋੜ ਹੈ, ਭਾਲਣ ਦੀ ਲੋੜ ਹੈ। ਹਿਰਦੇ ਰੂਪੀ ਘਰਿ ਅੰਦਰ, ਇੱਕ ਪ੍ਰਭੂ ਉੱਪਰ ਭਰੋਸਾ ਆ ਜਾਣਾ ਹੀ ਮੇਰੇ ਠਾਕੁਰ ਦਾ ਘਰ ਆਉਣਾ ਹੈ।
ਬਿਨੁ ਨਾਵੈ ਕੋ ਛੂਟੈ ਨਾਹੀ ਸਭ ਬਾਧੀ ਜਮਕਾਲਿ॥
ਨਾਨਕ ਅੰਤਰਿ ਤੇਰੈ ਨਿਧਾਨੁ ਹੈ ਤੂ ਬਾਹਰਿ ਵਸਤੁ ਨ ਭਾਲਿ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 569
ਸਾਰੀ ਗੁਰਬਾਣੀ ਅੰਦਰ ਸਵੈ-ਪੜਚੋਲ ਦੀ ਪ੍ਰੇਰਨਾ ਹੈ।
ਸਤਿਗੁਰੁ – ਇਥੇ ਆਤਮਿਕ ਗਿਆਨ ਦਾ ਨਾਮ ਸਤਿਗੁਰੁ ਹੈ ( ‘ਗ’ ਅਤੇ ‘ਰ’ ਨੂੰ ਔਂਕੜ ਲੱਗੇ ਹਨ)
ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ॥
ਸਤਿਗੁਰੁ ਸੇਵੀ ਅਵਰੁ ਨ ਦੂਜਾ॥
ਗੁਰੂ ਗ੍ਰੰਥ ਸਾਹਿਬ, ਪੰਨਾ 1069
ਸਤਿਗੁਰੁ ਮਿਲੈ ਤ – ਆਤਮਿਕ ਗਿਆਨ ਦੀ ਪ੍ਰਾਪਤੀ ਹੋਵੇ ਤਾਂ
ਪੂਰਾ ਪਾਈਐ – ਤਾਂ ਪੂਰਨ, ਸਮਰਥ ਪ੍ਰਮੇਸ਼ਰ ਪਾਇਆ ਜਾ ਸਕਦਾ ਹੈ, ਪੂਰੇ ਦੀ ਪ੍ਰਾਪਤੀ ਹੋ ਸਕਦੀ ਹੈ
ਨੀਸਾਣੁ – ਜਾਣ ਲੈਣਾ
ਭਜੁ ਰਾਮ ਨਾਮੁ ਨੀਸਾਣੁ – ਰਾਮ ਨਾਮ ਸਿਮਰਨ ਦੀ ਧੁਨਿ ਅੰਦਰ ਵੱਜ ਪੈਣ ਨਾਲ ਜਾਣਿਆ ਜਾ ਸਕਦਾ ਹੈ
ਇਹੁ ਮਿਰਤਕੁ ਮੜਾ ਸਰੀਰੁ ਹੈ – ਆਤਮਿਕ ਤੌਰ ਤੇ ਖ਼ਤਮ ਹੋ ਚੁੱਕਾ, ਭਾਵ ਸਰੀਰਕ ਤੌਰ ਤੇ ਜ਼ਿੰਦਾ, ਪਰ ਆਤਮਿਕ ਤੌਰ ਤੇ ਮਰ ਚੁੱਕਾ ਮਨੁੱਖ
ਸਭੁ ਜਗੁ – ਸਾਰੇ ਸੰਸਾਰ ਅੰਦਰ
ਜਿਤੁ ਰਾਮ ਨਾਮੁ ਨਹੀਂ ਵਸਿਆ – ਜਿਸ ਕਿਸੇ ਦੇ ਅੰਦਰ ਰਾਮ ਨਾਮ ਦੀ ਯਾਦ ਨਹੀਂ ਵਸੀ
ਰਾਮ ਨਾਮੁ ਗੁਰਿ ਉਦਕੁ ਚੁਆਇਆ –
ਰਾਮ ਨਾਮੁ – ਹਰੀ ਸਿਮਰਨ ਕਰਨ ਨਾਲ
ਗੁਰਿ ਉਦਕੁ – ਆਤਮਿਕ ਗਿਆਨ ਰੂਪੀ ਜਲ
ਉਦਕੁ - ਸੰ: ਜਲ
ਅਬ ਮੋਹਿ ਜਲਤ ਰਾਮ ਜਲੁ ਪਾਇਆ॥
ਰਾਮ ਉਦਕਿ ਤਨੁ ਜਲਤ ਬੁਝਾਇਆ॥ 1॥ ਰਹਾਉ॥
ਗੁਰੂ ਗ੍ਰੰਥ ਸਾਹਿਬ, ਪੰਨਾ 323
ਚੁਆਇਆ – ਛਿੜਕਣਾ, ਛਿੜਕਾਉ ਕਰਨਾ
ਫਿਰਿ ਹਰਿਆ ਹੋਆ ਰਸਿਆ – ਤਾਂ ਇਹ ਹਰਿਆ ਹੋਇਆ ਭਾਵ ਆਤਮਿਕ ਤੌਰ ਤੇ ਖ਼ਤਮ ਹੋ ਚੁੱਕਾ ਸੀ, ਪਰ ਆਤਮਿਕ ਗਿਆਨ ਰੂਪੀ ਅੰਮ੍ਰਿਤ ਨਾਲ ਹਰੀ ਨਾਮ ਅੰਦਰ ਲੀਨ ਹੋ ਕੇ ਹਰਿਆ-ਭਰਿਆ ਹੋ ਗਿਆ
ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ – ਫਿਰ ਮੈਂ ਚੰਗੀ ਤਰ੍ਹਾਂ ਆਪਣੇ ਆਪ ਦਾ ਨਿਰੀਖਣ ਭਾਵ ਸਵੈ ਪੜਚੋਲ ਕੀਤੀ
ਇਕੁ ਗੁਰਮੁਖਿ ਚਲਤੁ ਦਿਖਾਇਆ – ਇਕੁ ਆਤਮਿਕ ਗਿਆਨ ਦਾ ਅਜਬ ਨਜ਼ਾਰਾ ਡਿੱਠਾ
ਬਾਹਰੁ ਖੋਜਿ ਮੁਏ ਸਭਿ ਸਾਕਤ – ਜੋ ਪ੍ਰਭੂ ਦੀ ਰਜ਼ਾ ਨਾਲੋਂ ਟੁੱਟੇ ਹੋਏ ਮਨੁੱਖ ਬਾਹਰ ਲੱਭਦੇ ਸਨ, ਆਤਮਿਕ ਤੌਰ ਤੇ ਖ਼ਤਮ ਹੋ ਗਏ ਅਤੇ ਆਪਣਾ ਜੀਵਨ ਵਿਅਰਥ ਗਵਾ ਗਏ
ਹਰਿ ਗੁਰਮਤੀ ਘਰਿ ਪਾਇਆ – ਦਰਅਸਲ ਹਰੀ ਦੀ ਗੁਰਮਤੀ, ਗੁਰਮਤਿ ਨਾਲ ਹਿਰਦੇ ਅੰਦਰੋਂ (ਘਰੋਂ) ਹੀ ਪਾਇਆ ਜਾ ਸਕਦਾ ਹੈ - ਬਾਹਰੋਂ ਨਹੀਂ
ਦੀਨਾ ਦੀਨ – ਅਨਾਥਾਂ ਦਾ ਨਾਥ ਪ੍ਰਭੂ
ਦਇਆਲ ਭਏ – ਤੁੱਠ ਪਵੇ
ਜਿਉ – ਜਿਉਂ, ਜਿਵੇਂ, ਜਿਉਂ ਹੀ
ਕ੍ਰਿਸ਼ਨ – ਅਕਾਲ ਪੁਰਖੁ ਕ੍ਰਿਸ਼ਨ ਹਰਿ ਆਪ (ਦੁਨਿਆਵੀ ਕ੍ਰਿਸ਼ਨ ਨਹੀਂ)
ਬਿਦਰ ਘਰਿ ਆਇਆ – ਜਿਵੇਂ ਬਿਦਰ ਆਪਣੇ ਹਿਰਦੇ ਰੂਪ ਘਰਿ ਆਇਆ ਭਾਵ ਜਿਵੇਂ ਬਿਦਰ ਨੇ ਸਵੈ ਪੜਚੋਲ ਕੀਤੀ
ਮਿਲਿਓ ਸੁਦਾਮਾ ਭਾਵਨੀ ਧਾਰਿ – ਇਹੀ ਭਾਵਨਾ ਸ਼ਰਧਾ ਸੁਦਾਮਾ ਜੀ ਦੀ ਸੀ, ਤਾਂ ਪ੍ਰਾਪਤੀ ਹੋਈ, ਮਿਲਣਾ ਹੋਇਆ, ਭਾਵ ਇਕੁ ਪ੍ਰਮੇਸ਼ਰ ਉੱਪਰ ਭਰੋਸਾ ਲਿਆਉਣ ਨਾਲ ਸੁਦਾਮਾ ਜੀ ਨੂੰ ਪ੍ਰਭੂ ਪ੍ਰਾਪਤੀ ਹੋਈ। ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ – ਮੇਰੇ ਠਾਕੁਰ ਤੇ ਜਿਸ ਕਿਸੇ ਨੇ ਵੀ ਆਪਣੇ ਹਿਰਦੇ ਅੰਦਰ ਭਰੋਸਾ ਲਿਆਂਦਾ, ਉਨ੍ਹਾਂ ਅੰਦਰ ਸਿਮਰਨ ਦੀ ਧੁਨੀ ਵਜੀ ਅਤੇ ਉਨ੍ਹਾਂ ਨੂੰ ਪ੍ਰਾਪਤੀ ਹੋਈ
ਦਾਲਿਦ – ਨਿਰਧਨ
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ॥
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ॥
ਗੁਰੂ ਗ੍ਰੰਥ ਸਾਹਿਬ, ਪੰਨਾ 88
ਗੁਰਬਾਣੀ ਅਨੁਸਾਰ ਨਿਰਧਨ ਕੌਣ ਹੈ? ਹੇਠਾਂ ਕਬੀਰ ਜੀ ਦਾ ਸ਼ਬਦ ਪੜ੍ਹੋ।
ਕਹਿ ਕਬੀਰ ਨਿਰਧਨੁ ਹੈ ਸੋਈ॥
ਜਾ ਕੇ ਹਿਰਦੈ ਨਾਮੁ ਨ ਹੋਈ॥ 4॥ 8॥
ਗੁਰੂ ਗ੍ਰੰਥ ਸਾਹਿਬ, ਪੰਨਾ 1159
ਦਾਲਦੁ ਭੰਜਿ ਸਮਾਇਆ – ਨਿਰਧਨ ਤੋਂ ਧਨਵਾਨ ਬਣੇ ਭਾਵ ਨਾਮ ਰੂਪੀ ਧਨ ਪ੍ਰਾਪਤ ਕੀਤਾ ਤਾਂ ਉਸ ਵਾਹਿਗੁਰੂ ਵਿੱਚ ਲੀਨ ਹੋ ਗਏ
ਰਾਮ ਨਾਮ – ਹਰੀ ਸਿਮਰਨ
ਪੈਜ – ਬਖ਼ਸ਼ਿਸ਼
ਪੈਜ ਵਡੇਰੀ –ਬਖ਼ਸ਼ਿਸ਼ ਵੱਡੀ ਹੈ
ਸਾਕਤ – ਰਜ਼ਾ ਨਾਲੋ ਟੁੱਟੇ ਹੋਏ ਮਨੁੱਖ
ਬਖੀਲੀ – ਕਮੀਨਗੀ, ਖੁਦਗ਼ਰਜ਼ੀ, ਚੁਗ਼ਲੀ, ਨਿੰਦਾ, ਕੰਜੂਸੀ
ਜਨ – ਬੰਦਗੀ ਵਾਲਾ ਪੁਰਸ਼
ਰਾਮ ਨਾਮਾ – ਰਾਮ ਨਾਮ
ਜਨ ਕੀ ਉਸਤਤਿ ਹੈ ਰਾਮ ਨਾਮਾ – ਬੰਦਗੀ ਵਾਲੇ ਪੁਰਸ਼ ਰਾਮ ਨਾਮ ਦੀ ਬੰਦਗੀ ਕਰਦੇ ਹਨ ਅਤੇ ਦਹਿਦਿਸ ਉਨ੍ਹਾਂ ਦੀ ਸੋਭਾ ਹੁੰਦੀ ਹੈ
ਨਿੰਦਕੁ ਸਾਕਤੁ – ਰਜ਼ਾ ਨਾਲੋ ਟੁੱਟੇ ਹੋਏ ਪੁਰਸ਼, ਨਿੰਦਾ ਕਰਨ ਵਾਲੇ
ਖਵਿ – ਬਰਦਾਸ਼ਤ ਕਰਨਾ
ਖਵਿ ਨ ਸਕੈ – ਬਰਦਾਸ਼ਤ ਨਹੀਂ ਕਰ ਸਕਦੇ
ਅਪਣੈ ਘਰਿ ਲੂਕੀ ਲਾਈ – ਆਪਣੇ ਘਰ ਅੰਦਰ ਹੀ ਅੱਗ ਲਾਈ ਛੱਡਦੇ ਹਨ, ਭਾਵ ਈਰਖਾ ਵਿੱਚ ਜਲਦੇ ਸੜਦੇ ਹਨ
ਜਨੁ – ਸੰ: ਪੈਦਾ ਕਰਨਾ, ਉਤਪਤਿ ਕਰਨਾ
ਜਨੁ ਮਿਲਿ – ਪ੍ਰਾਪਤ ਕਰਨਾ
ਜਨੁ ਮਿਲਿ ਸੋਭਾ ਪਾਵੈ – ਸੱਚ ਦੀ ਪ੍ਰਾਪਤੀ ਕਰਨ ਨਾਲ ਸੋਭਾ ਪਾਉਂਦਾ ਹੈ
ਗੁਣ – ਚੰਗੇ ਗੁਣ ਗ੍ਰਹਿਣ ਕਰਨੇ
ਗੁਣ ਮਹਿ ਗੁਣ – ਚੰਗੇ ਗੁਣਾਂ ਵਿੱਚੋਂ ਚੰਗੇ ਗੁਣ ਗ੍ਰਹਿਣ ਕਰਨ ਨਾਲ
ਗੁਣ ਮਹਿ ਗੁਣ ਪਰਗਾਸਾ – ਚੰਗੇ ਗੁਣਾ ਵਿੱਚੋਂ ਅਸਲ ਸੱਚ ਰੂਪੀ ਗੁਣਾਂ ਦਾ ਪਰਕਾਸ਼ ਹੁੰਦਾ ਹੈ
ਮੇਰੇ ਠਾਕੁਰ ਕੇ ਜਨ – ਮੇਰੇ ਠਾਕੁਰ ਦੀ ਜੋ ਬੰਦਗੀ ਕਰਨ ਵਾਲੇ ਪੁਰਸ਼ ਹਨ
ਕੇ ਜਨ – ਬਹੁ ਬਚਨ ਹੈ
ਪ੍ਰੀਤਮ ਪਿਆਰੇ – ਅਤਿ ਦੇ ਪਿਆਰੇ ਹਨ
ਪ੍ਰੀਤਮ ਪਿਆਰੇ ਜੋ ਹੋਵਹਿ – ਮੇਰੇ ਠਾਕੁਰ ਨੂੰ ਅਤਿ ਦਾ ਪਿਆਰ ਕਰਨ ਵਾਲੇ ਜੋ ਬਣਦੇ ਹਨ
ਦਾਸਨਿ ਦਾਸਾ – ਦਾਸਾਂ ਨੂੰ ਨਿਵਾਜਣ ਵਾਲਾ (ਜਿਵੇਂ ਪਹਿਲਾ ਸ਼ਬਦ ਆਇਆ ਹੈ ਦੀਨਾ ਦੀਨ ਭਾਵ ਅਨਾਥਾਂ ਦਾ ਨਾਥ ਆਪ ਅਕਾਲ ਪੁਰਖੁ)
ਆਪੇ ਜਲੁ ਅਪਰੰਪਰੁ ਕਰਤਾ – ਕਰਤੇ ਦਾ ਆਪਣਾ ਸਭਾਉ ਹੀ ਜਲ ਵਰਗਾ ਹੈ, ਜਿਵੇਂ ਜਲ-ਜਲ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ ਜਾਂ ਮੇਲਿ ਲੈਂਦਾ ਹੈ
ਗੁਰਮੁਖਿ – ਆਤਮਿਕ ਗਿਆਨ ਰਾਹੀਂ
ਸਹਜਿ – ਸਹਿਜ ਅਵਸਥਾ
ਗੁਰਮੁਖਿ ਸਹਜਿ – ਆਤਮਿਕ ਗਿਆਨ ਰਾਹੀਂ ਸਹਿਜ ਪ੍ਰਾਪਤੀ ਹੈ
ਜਲੁ ਜਲਹਿ – ਪਾਣੀ ਪਾਣੀ ਵਿੱਚ
ਜਲੁ ਜਲਹਿ ਸਮਾਵੈ – ਪਾਣੀ ਪਾਣੀ ਵਿੱਚ ਸਮਾ ਜਾਂਦਾ ਹੈ
ਅਰਥ
ਹੇ ਭਾਈ! ਇਸ ਕਾਇਆਂ ਰੂਪੀ ਨਗਰੀ ਅੰਦਰ ਇੱਕ ਮਨ ਰੂਪੀ ਬਾਲਕ ਵਸਦਾ ਹੈ, ਜੋ ਇੱਕ ਪਲ ਲਈ ਵੀ ਸਥਿਰ ਨਹੀਂ ਰਹਿ ਸਕਦਾ ਅਤੇ ਆਪਣੇ ਹਿਰਦੇ ਅੰਦਰ ਇੱਕ ਅਕਾਲ ਹਰੀ ਉੱਪਰ ਭਰੋਸਾ ਲਿਆਉਣ ਤੋਂ ਬਗ਼ੈਰ ਬਾਰ ਬਾਰ ਭਟਕਦਾ ਹੈ।
ਜਦੋਂ ਅਕਾਲ ਪੁਰਖੁ ਹਰੀ ਦੇ ਰਾਮ ਨਾਮ ਦੀ ਸਿਮਰਨ ਰੂਪੀ ਧੁਨੀ ਹਿਰਦੇ ਅੰਦਰ ਵਸਦੀ ਹੈ ਤਾਂ ਪੂਰੇ ਆਤਮਿਕ ਗਿਆਨ ਦੀ ਸੂਝ ਪ੍ਰਾਪਤ ਹੁੰਦੀ ਹੈ। ਆਤਮਿਕ ਗਿਆਨ ਦੀ ਸੂਝ ਪ੍ਰਾਪਤ ਹੋਣ ਨਾਲ ਜਦੋਂ ਇੱਕ ਅਕਾਲ ਪੁਰਖੁ ਹਰੀ ਉੱਪਰ ਭਰੋਸਾ ਆਉਂਦਾ ਹੈ, ਤਾਂ ਇਸ ਮਨ ਰੂਪੀ ਬਾਲਕ ਦੀ ਭਟਕਣਾ ਖ਼ਤਮ ਹੁੰਦੀ ਹੈ। ਉਸ ਵਾਹਿਗੁਰੂ ਦੀ ਯਾਦ ਹਿਰਦੇ ਅੰਦਰ ਵਸਣ ਨੂੰ ਉਸ ਅਕਾਲ ਪੁਰਖੁ ਹਰੀ ਦਾ ਘਰ ਆਉਣਾਂ ਕਿਹਾ ਗਿਆ ਹੈ।
ਨੋਟ – ਕੰਧਾਂ ਕੋਠਿਆਂ ਵਾਲੇ ਘਰ ਅੰਦਰ ਕਿਸੇ ਦਾ ਸਰੀਰਕ ਤੌਰ ਤੇ ਆਉਣਾ ਗੁਰਮਤਿ ਅਨੁਸਾਰ ਕੋਈ ਅਹਿਮੀਅਤ ਨਹੀਂ ਰੱਖਦਾ। ਗੁਰੂ ਪਾਤਸ਼ਾਹ ਨੇ ਸਪਸ਼ਟ ਕੀਤਾ ਹੈ ਕਿ ਆਤਮਿਕ ਗਿਆਨ ਦੀ ਸੂਝ ਪ੍ਰਾਪਤ ਕਰ ਕੇ ਇਕੁ ਅਕਾਲ ਪੁਰਖੁ ਹਰੀ ਤੇ ਭਰੋਸਾ ਲਿਆਉਣਾ, ਅਤੇ ਉਸ ਅਕਾਲ ਰੂਪ ਹਰੀ ਦੀ ਯਾਦ ਦਾ ਹਿਰਦੇ ਰੂਪੀ ਘਰ ਵਿੱਚ ਆ ਟਿਕਣਾ ਹੀ ਉਸ ਹਰੀ ਦਾ ਘਰ ਆਉਣਾ ਹੈ।
ਇਸ ਸੰਸਾਰ ਵਿੱਚ ਜਿਸ ਕਿਸੇ ਦੇ ਅੰਦਰ ਵੀ ਉਸ ਅਕਾਲ ਪੁਰਖੁ ਹਰੀ ਸਰਬ -ਵਿਆਪਕ ਰਾਮ ਦੀ ਯਾਦ ਨਹੀਂ ਟਿਕੀ, ਉਹ ਮਨੁੱਖ ਮਿਰਤਕ ਮੜ੍ਹਾ ਹੈ, ਭਾਵ ਸਰੀਰਕ ਤੌਰ ਤੇ ਬੇਸ਼ਕ ਜ਼ਿੰਦਾ ਹੈ, ਪਰ ਆਤਮਿਕ ਤੌਰ ਤੇ ਖ਼ਤਮ ਹੋ ਚੁੱਕਿਆ ਹੈ। ਜਿਸ ਕਿਸੇ ਨੇ ਮੁੜ ਉਸ ਅਕਾਲ ਪੁਰਖ ਹਰੀ ਦੀ ਯਾਦ ਨੂੰ ਆਪਣੇ ਅੰਦਰ ਟਿਕਾਇਆ ਹੈ, ਤਾਂ ਅਕਾਲ ਪੁਰਖੁ ਹਰੀ ਨੇ ਉਸ ਮਨੁੱਖ ਉੱਪਰ ਆਤਮਿਕ ਗਿਆਨ ਰੂਪੀ ਜਲ ਦੀ ਵਰਖਾ ਕੀਤੀ ਹੈ। ਜੋ ਮਨੁੱਖ ਆਤਮਿਕ ਤੌਰ ਤੇ ਖ਼ਤਮ ਹੋ ਚੁੱਕਾ ਸੀ, ਅਕਾਲ ਪੁਰਖੁ ਹਰੀ ਦੇ ਆਤਮਿਕ ਗਿਆਨ ਰੂਪੀ ਜਲ ਦੀ ਵਰਖਾ ਨਾਲ ਹਰਿਆ-ਭਰਿਆ ਹੋ ਗਿਆ, ਭਾਵ ਆਤਮਿਕ ਤੌਰ ਤੇ ਜ਼ਿੰਦਾ ਹੋ ਗਿਆ, ਅਤੇ ਉਸ ਅੰਦਰ ਅਕਾਲ ਪੁਰਖੁ ਹਰੀ ਦੀ ਯਾਦ ਸਦਾ ਲਈ ਟਿਕ ਗਈ। ਜਿਨ੍ਹਾਂ ਅੰਦਰ ਉਸ ਦੀ ਯਾਦ ਟਿਕ ਗਈ, ਉਹ ਹਰੀ ਸਿਮਰਨ ਅੰਦਰ ਲੀਨ ਹੋ ਗਏ। ਇਸ ਤਰ੍ਹਾਂ ਉਨ੍ਹਾਂ ਦੇ ਹਿਰਦੇ ਰੂਪੀ ਘਰ ਅੰਦਰ ਅਕਾਲ ਪੁਰਖੁ ਹਰੀ ਦਾ ਆਉਣਾ ਹੋਇਆ।
ਇਸੇ ਤਰ੍ਹਾਂ ਜਦੋਂ ਮੈਂ ਵੀ ਆਪਣੇ ਸਰੀਰ ਦਾ ਨਿਰੀਖਣ ਕੀਤਾ, ਭਾਵ ਸਵੈ-ਪੜਚੋਲ ਕੀਤੀ ਤਾਂ ਇੱਕ ਅਜਬ ਅਸਚਰਜ ਨਜ਼ਾਰਾ ਗੁਰਮਤਿ ਦੀ ਰੌਸ਼ਨੀ ਅੰਦਰ ਵੇਖਣ ਨੂੰ ਮਿਲਿਆ। ਇਸ ਗੱਲ ਦੀ ਸੂਝ ਪਈ ਕਿ ਜਿਸ ਅਕਾਲ ਪੁਰਖੁ ਹਰੀ ਨੂੰ ਰਜ਼ਾ ਨਾਲੋਂ ਟੁੱਟੇ ਹੋਏ ਮਨੁੱਖ ਬਾਹਰ ਲੱਭਦੇ ਖ਼ਤਮ ਹੋ ਜਾਂਦੇ ਹਨ, ਅਤੇ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ, ਉਸ ਅਕਾਲ ਪੁਰਖੁ ਹਰੀ ਨੂੰ ਮੈਂ ਆਪਣੇ ਹਿਰਦੇ ਰੂਪੀ ਘਰ ਅੰਦਰੋ ਗੁਰਮਤਿ ਦੀ ਸੂਝ ਨਾਲ ਪਾਇਆ, ਭਾਵ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਅਨਾਥਾਂ ਦਾ ਨਾਥ ਅਕਾਲ ਪੁਰਖੁ ਹਰੀ ਜਦੋਂ ਬਿਦਰੁ ਤੇ ਤੁੱਠਾ ਭਾਵ ਦਿਆਲ ਹੋਇਆ, ਤਾਂ ਬਿਦਰੁ ਜੀ ਨੇ ਵੀ ਹਿਰਦੇ ਰੂਪੀ ਘਰਿ ਅੰਦਰ ਉਸ ਅਕਾਲ ਪੁਰਖੁ ਹਰੀ ਤੇ ਭਰੋਸਾ ਲਿਆਂਦਾ। ਇਸ ਨਾਲ ਬਿਦਰੁ ਜੀ ਦੇ ਹਿਰਦੇ ਰੂਪੀ ਘਰਿ ਅੰਦਰ ਪ੍ਰਭੂ ਦੀ ਯਾਦ ਸਦਾ ਲਈ ਟਿਕ ਗਈ। ਇਹ ਬਿਦਰੁ ਜੀ ਦੇ ਘਰ ਅਕਾਲ ਪੁਰਖੁ ਹਰੀ ਕ੍ਰਿਸ਼ਨ ਦਾ ਆਉਣਾ ਸੀ। ਇਹ ਕਿਸੇ ਦੁਨਿਆਵੀ ਕ੍ਰਿਸ਼ਨ ਦੇ ਆਉਣ ਦੀ ਗੱਲ ਨਹੀਂ।
ਇਹੀ ਇਕੁ ਅਕਾਲ ਪੁਰਖੁ ਹਰੀ ਉੱਪਰ ਭਰੋਸਾ ਲਿਆਉਣ ਵਾਲੀ ਭਾਵਨਾ ਸੁਦਾਮਾ ਜੀ ਨੇ ਧਾਰੀ ਸੀ, ਜਿਸ ਭਾਵਨਾ ਦੇ ਧਾਰਨ ਕਰਨ ਨਾਲ ਸੁਦਾਮਾ ਜੀ ਨਿਰਧਨ ਤੋਂ ਧਨਵਾਨ ਹੋ ਗਏ ਸਨ ਭਾਵ ਉਨ੍ਹਾਂ ਨੂੰ ਨਾਮ ਧਨ ਦੀ ਪ੍ਰਾਪਤੀ ਹੋਈ ਸੀ।
ਕਹਿ ਕਬੀਰ ਨਿਰਧਨੁ ਹੈ ਸੋਈ॥
ਜਾ ਕੇ ਹਿਰਦੈ ਨਾਮੁ ਨ ਹੋਈ॥ 4॥ 8॥
ਗੁਰੂ ਗ੍ਰੰਥ ਸਾਹਿਬ, ਪੰਨਾ 1159
ਬਿਦਰੁ ਅਤੇ ਸੁਦਾਮਾ ਜੀ ਦੀ ਭਾਵਨਾ ਸੀ: -
ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ॥
ਸਤਿਗੁਰੁ ਮਿਲੈ ਤ ਪੂਰਾ ਪਾਈਐ ਭਜੁ ਰਾਮ ਨਾਮੁ ਨੀਸਾਣੁ॥ 1॥ ਰਹਾਉ॥
ਗੁਰੂ ਗ੍ਰੰਥ ਸਾਹਿਬ, ਪੰਨਾ 1191
ਰਾਮ ਨਾਮ ਦੀ ਬਖ਼ਸ਼ਿਸ਼ ਬਹੁਤ ਵਡੇਰੀ ਹੈ, ਜੋ ਠਾਕੁਰ ਪ੍ਰਭੂ ਨੇ ਆਪ ਬਿਦਰੁ ਜੀ ਅਤੇ ਸੁਦਾਮਾ ਜੀ ਉੱਪਰ ਕੀਤੀ। ਜੇਕਰ ਦੁਨੀਆਂ ਭਰ ਦੇ ਸਾਕਤ ਅਜਿਹੇ ਗੁਰਮੁਖਿ ਜਨਾਂ ਦੀ ਨਿੰਦਿਆ ਚੁਗ਼ਲੀ ਕਰਦੇ ਵੀ ਰਹਿਣ ਉਨ੍ਹਾਂ ਦੀ ਇੱਕ ਰੱਤੀ ਤੇ ਕੀ ਇੱਕ ਤਿਲ ਭਰ ਸੋਭਾ ਨਹੀਂ ਘਟਦੀ।
ਗੁਰਮੁਖਿ ਜਨ ਰਾਮ ਨਾਮ ਸਿਮਰਨ ਰਾਹੀਂ ਉਸ ਪ੍ਰਭੂ ਦੀ ਉਸਤਤਿ ਕਰਦੇ ਹਨ ਤਾਂ ਦਹਿਦਿਸ ਉਹ ਸੋਭਾ ਪਾਉਂਦੇ ਹਨ, ਅਤੇ ਪ੍ਰਭੂ ਦੀ ਰਜ਼ਾ ਨਾਲੋ ਟੁੱਟੇ ਹੋਏ ਨਿੰਦਕ ਨੂੰ, ਗੁਰਮੁਖਿ ਜਨਾਂ ਦੀ ਸੋਭਾ ਇੱਕ ਪਲ ਵੀ ਬਰਦਾਸ਼ਤ ਨਹੀਂ ਹੁੰਦੀ। ਨਿੰਦਕ ਆਪਣੇ ਹਿਰਦੇ ਅੰਦਰ ਜਲਦੇ ਸੜਦੇ ਰਹਿੰਦੇ ਹਨ।
ਸਭਨਾ ਦੇ ਜੀਅ ਅੰਦਰ ਧੁਖਾ
ਭਾਈ ਗੁਰਦਾਸ, ਵਾਰ 10
ਗੁਰਮੁਖਿ ਜਨ ਸੱਚ ਨੂੰ ਪ੍ਰਾਪਤ ਕਰ ਕੇ ਸੋਭਾ ਰੂਪ ਗੁਣ ਪ੍ਰਾਪਤ ਕਰਦੇ ਹਨ। ਉਨ੍ਹਾਂ ਅੰਦਰ ਗੁਣਾਂ ਦਾ ਪ੍ਰਕਾਸ਼ ਹੋ ਜਾਂਦਾ ਹੈ, ਅਤੇ ਮੇਰੇ ਠਾਕੁਰ ਦੇ ਗੁਣਾਂ ਦਾ ਜਿਹੜੇ ਜਨਾਂ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਉਹ ਉਸ ਨੂੰ ਅਤਿ ਪਿਆਰੇ ਹਨ। ਉਹ ਪ੍ਰਭੂ ਆਪ ਹੀ ਆਪਣੇ ਦਾਸਾਂ ਨੂੰ ਨਿਵਾਜਣ ਵਾਲਾ ਹੈ।
ਨੋਟ – ਉਨ੍ਹਾਂ ਦੀ ਸਾਕਤ ਲੋਕ ਭਾਵੇਂ ਨਿੰਦਿਆ ਕਰੀ ਜਾਣ, ਅਤੇ ਭਾਵੇਂ ਉਨ੍ਹਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਜੋੜ ਦੇਣ, ਉਨ੍ਹਾਂ ਵਲੋਂ ਸਿਰਜੇ ਸੱਚ ਨੂੰ ਘਟਾਇਆ ਨਹੀਂ ਜਾ ਸਕਦਾ। ਇਹ ਸੱਚ ਸਾਡੇ ਸਾਹਮਣੇ ਪਾਤਸ਼ਾਹ ਨੇ ਪਰਗਟ ਕੀਤਾ ਹੈ।
ਕਰਤੇ ਦਾ ਆਪਣਾ ਸੁਭਾਉ ਹੀ ਜਲ ਵਰਗਾ ਹੈ। ਜਿਵੇਂ ਜਲ, ਜਲ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ, ਇਸੇ ਤਰ੍ਹਾਂ ਗੁਰਮੁਖਿ ਜਨਾਂ ਨੂੰ ਪ੍ਰਭੂ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਨਾਨਕ ਸਾਹਿਬ ਇਸ ਸੱਚ ਉੱਪਰ ਮੋਹਰ ਲਾਉਂਦੇ ਹਨ ਕਿ ਉਸ ਪ੍ਰਭੂ ਦੇ ਤੁੱਲ ਹੋਰ ਕੋਈ ਨਹੀਂ ਹੋ ਸਕਦਾ।
ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ॥
ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ॥
ਗੁਰੂ ਗ੍ਰੰਥ ਸਾਹਿਬ, ਪੰਨਾ 1219
ਉਸ ਪ੍ਰਭੁ ਦੀ ਅਸਲੀ ਸੇਵਾ ਕੀ ਹੈ?
ਹਰਿ ਕੀ ਟਹਲ ਕਮਾਵਣੀ ਜਪੀਐ ਪ੍ਰਭ ਕਾ ਨਾਮੁ॥
ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸ੍ਰਾਮੁ॥ 15॥
ਗੁਰੂ ਗ੍ਰੰਥ ਸਾਹਿਬ, ਪੰਨਾ 300
ਉਸ ਦੀ ਬੰਦਗੀ ਕਰਨੀ, ਭਾਵ ਰਜ਼ਾ ਅੰਦਰ ਰਹਿਣਾ।
ਬਲਦੇਵ ਸਿੰਘ ਟੋਰਾਂਟੋ




.