.

ਰਾਜਨ ਕਉਨੁ ਤੁਮਾਰੈ ਆਵੈ

ਰਾਜਨ ਕਉਨੁ ਤੁਮਾਰੈ ਆਵੈ॥
ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ॥ 1॥ ਰਹਾਉ॥
ਗੁਰੂ ਗ੍ਰੰਥ ਸਾਹਿਬ, ਪੰਨਾ 1105

ਇਸ ਸ਼ਬਦ ਉੱਪਰ ਗੁਰਮਤਿ ਅਨੁਸਾਰ ਝਾਤ ਮਾਰਨ ਦੇ ਨਾਲ ਸਭ ਤੋਂ ਪਹਿਲਾਂ ਬਿਦਰ ਜੀ ਦਾ ਜੀਵਨ ਜੋ ਗੁਰਮਤਿ ਸਿਧਾਂਤ ਗੁਰਬਾਣੀ ਅੰਦਰ ਦਰਸਾਇਆ ਗਿਆ ਹੈ, ਉਸ ਨੂੰ ਜਾਨਣਾ ਪਵੇਗਾ। ਉਹ ਤਾਂ, ਜੋ ਕਿ ਗੁਰਮਤਿ ਸੱਚ ਨੂੰ ਸਮਝ ਸਕੀਏ ਅਤੇ ਭਰਮ ਭੁਲੇਖਿਆਂ ਤੋਂ ਉੱਪਰ ਉੱਠ ਕੇ ਸੱਚ ਦਾ ਮਾਰਗ ਅਪਣਾ ਸਕੀਏ। ਬਿਦਰ ਜੀ ਗੁਰਮਤਿ ਦੇ ਧਾਰਨੀ ਸਨ ਅਤੇ ਉਨ੍ਹਾਂ ਦਾ ਕ੍ਰਿਸ਼ਨ ਉਹ ਹੈ ਜੋ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਬਿਦਰ ਜੀ ਨੇ ਕਿਸੇ ਅਵਤਾਰੀ ਕ੍ਰਿਸ਼ਨ ਦੀ ਮੁਥਾਜੀ ਨਹੀਂ ਕਬੂਲੀ ਕਿਉਂਕਿ ਉਹ ਸੱਚ ਦੇ ਪੁਜਾਰੀ ਸਨ। ਗੁਰਬਾਣੀ ਉੱਪਰ ਵੀਚਾਰ ਕਰਨ ਤੋਂ ਪਹਿਲਾਂ ਭਾਈ ਗੁਰਦਾਸ ਜੀ ਵਲੋਂ ਉਚਾਰਨ 10ਵੀਂ ਵਾਰ ਦੀ ਸੱਤਵੀਂ ਪਉੜੀ ਉੱਪਰ ਗੁਰਮਤਿ ਅਨੁਸਾਰ ਝਾਤ ਮਾਰਨੀ ਬਣਦੀ ਹੈ। (ਬਿਦਰ ਅਰ ਦੁਰਜੋਧਨ)
ਆਇਆ ਸੁਣਿਆ ਬਿਦਰ ਦੇ ਬੋਲੇ ਦੁਰਜੋਧਨ ਹੋਇ ਰੁਖਾ॥
ਘਰ ਅਸਾਡੇ ਛੱਡਕੇ ਗੋਲੇ ਦੇ ਘਰ ਜਾਹਿ ਕਿ ਸੁਖਾ॥
ਭੀਖਮ ਦ੍ਰੋਣਾ ਕਰਨ ਤਜ ਸਭਾ ਸੀਂਗਾਰ ਵਡੇ ਮਾਨੁਖਾ॥
ਝੁਗੀ ਜਾਇ ਵਲਾਓਨ ਸਬਨਾਂ ਦੇ ਜੀਅ ਅੰਦਰ ਧੁਖਾ॥
ਹਸ ਬੋਲੇ ਭਗਵਾਨ ਜੀ ਸੁਣਹੋ ਰਾਜਾ ਹੋਇ ਸਨਮੁਖਾ॥
ਤੇਰੇ ਭਾਉ ਨ ਦਿਸਈ ਮੇਰੇ ਨਾਹੀਂ ਅਪਦਾ ਦੁਖਾ॥
ਭਾਉ ਜਿਵੇਹਾ ਬਿਦਰ ਦੇ ਹੋਰੀ ਦੇ ਚਿਤ ਚਾਉ ਨ ਚੁਖਾ॥
ਗੋਵਿੰਦ ਭਾਉ ਭਗਤ ਦਾ ਭੁਖਾ॥ 7॥
ਭਾਈ ਗੁਰਦਾਸ, ਵਾਰ 10

ਸਭ ਤੋਂ ਪਹਿਲਾ ਇਹ ਜਾਨਣਾ ਜ਼ਰੂਰੀ ਹੈ, ਕਿ ਇਸ ਵਾਰ ਦਾ ਸਿਰਲੇਖ ਹੈ ਬਿਦਰ ਅਰ ਦੁਰਜੋਧਨ, ਪਰ ਜਦੋਂ ਪਰਚੱਲਤ ਵਿਆਖਿਆ ਸ਼ੁਰੂ ਹੁੰਦੀ ਹੈ ਤਾਂ ਇਹ ਬਦਲ ਜਾਂਦੀ ਹੈ ਕ੍ਰਿਸ਼ਨ ਅਤੇ ਦੁਰਜੋਧਨ ਵਿਚਕਾਰ। ਇਸ ਕਰਕੇ ਇਹ ਜਾਨਣਾ ਜ਼ਰੂਰੀ ਹੈ ਕਿ ਇਸ ਪਉੜੀ ਅੰਦਰ ਜੋ ਵਾਰਤਾਲਾਪ ਹੈ, ਬਿਦਰ ਅਤੇ ਦੁਰਜੋਧਨ ਵਿਚਕਾਰ ਹੈ, ਦੁਰਜੋਧਨ ਅਤੇ ਕ੍ਰਿਸ਼ਨ ਵਿਚਕਾਰ ਨਹੀਂ। (ਵਿਆਖਿਆ ਦੇਖੋ ਪੰਨਾ 163; ਰਾਜਨ, 166)
ਜਦੋਂ ਬਿਦਰ ਜੀ ਉੱਪਰ ਵਾਹਿਗੁਰੂ ਜੀ ਦੀ ਬਖ਼ਸ਼ਿਸ਼ ਹੋਈ ਤਾਂ ਉਨ੍ਹਾਂ ਸੱਚ ਪ੍ਰਚਾਰਨਾਂ ਸ਼ੁਰੂ ਕੀਤਾ। ਜਦੋਂ ਵੀ ਕੋਈ ਸੱਚ ਬੋਲਣ ਦੀ ਜੁੱਰਤ ਕਰਦਾ ਹੈ, ਤਾਂ ਆਲੇ ਦੁਆਲੇ ਦੇ ਕਰਮਕਾਂਡੀ ਲੋਕ ਇਸ ਫਿਕਰ ਵਿੱਚ ਗ੍ਰਸਤ ਹੋ ਜਾਂਦੇ ਹਨ ਕਿ ਉਨ੍ਹਾਂ ਦਾ ਕਰਮਕਾਂਡੀ ਜਾਲ ਟੁੱਟਣ ਲੱਗਾ ਹੈ। ਇਸ ਕਰਕੇ ਕਰਮਕਾਂਡੀ ਲੋਕ ਆਪਣਾ ਅਸਰ ਗੁਰਮੁਖਿ ਜਨਾਂ ਉੱਪਰ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਜੋ ਗਰਮੁਖਿ ਜਨ ਇਨ੍ਹਾਂ ਦੇ ਪ੍ਰਭਾਵ ਵਿੱਚ ਨਹੀਂ ਆਉਂਦੇ, ਉਹ ਕਿਸੇ ਵੀ ਕਰਮਕਾਂਡੀ ਦਾ ਡਰ ਜਾਂ ਭੈ ਕਬੂਲ ਨਹੀਂ ਕਰਦੇ, ਭਾਵੇਂ ਉਨ੍ਹਾਂ ਨੂੰ ਆਪਣੀ ਜਾਨ ਤੱਕ ਦੀ ਆਹੂਤੀ ਵੀ ਦੇਣੀ ਪਵੇ। ਇਸ ਵਾਰ ਅੰਦਰ ਜੋ ਵਾਰਤਾਲਾਪ ਹੈ, ਇਸੇ ਕਿਸਮ ਦਾ ਹੈ। ਬਿਦਰ ਜੀ ਇਹ ਸੱਚ ਪ੍ਰਚਾਰਦੇ ਹਨ ਕਿ ਮੇਰੇ ਹਿਰਦੇ ਰੂਪੀ ਘਰ ਅੰਦਰ ਉਹ ਕ੍ਰਿਸ਼ਨ ਜੀ ਹਨ ਜੋ ਆਪਣੇ ਆਪ ਤੋਂ ਪ੍ਰਕਾਸ਼ਮਾਨ ਹਨ, ਭਾਵ ਅਕਾਲ ਬੋਧਿਕ ਵਾਹਿਗੁਰੂ ਦੇ ਆਪਣੇ ਹਿਰਦੇ ਅੰਦਰ ਆਉਣ ਦਾ ਪ੍ਰਚਾਰ ਕਰਦੇ ਹਨ, ਭਾਵ - ਵਾਹਿਗੁਰੂ ਤਾਂ ਹਿਰਦੇ ਅੰਦਰ ਹੀ ਹੈ।
ਦੁਰਜੋਧਨ ਆਪਣੇ ਰਾਜ ਦੇ ਹੰਕਾਰ ਦੇ ਨਸ਼ੇ ਵਿੱਚ ਬਿਦਰ ਜੀ ਨੂੰ ਬੁਰਾ ਭਲਾ ਬੋਲਦਾ ਹੈ, ਕਿ ਤੇਰੇ ਘਰ ਕ੍ਰਿਸ਼ਨ ਕਿਵੇਂ ਆ ਸਕਦਾ ਹੈ, ਮੇਰੇ ਮਹਿਲ ਮਾੜੀਆਂ ਛੱਡ ਕੇ? ਨਾਲ ਹੀ ਇਹ ਕਹਿੰਦਾ ਹੈ, ਕਿ ਮੇਰੇ ਘਰ ਅੰਦਰ ਤਾਂ ਭੀਸ਼ਮ, ਦ੍ਰੋਣਾ, ਅਤੇ ਕਰਣ ਵਰਗੇ ਜੋ ਸਭਾ ਦੇ ਸ਼ਿੰਗਾਰ ਹਨ, ਨੇ ਕ੍ਰਿਸ਼ਨ ਦਾ ਸਤਿਕਾਰ ਕਰਨਾ ਸੀ। ਇਹ ਕਿਵੇਂ ਹੋ ਗਿਆ ਕਿ ਇਤਨੀ ਵੱਡੀ ਆਉ ਭਗਤ ਛਡਿ ਕੇ ਤੇਰੇ ਗੋਲੇ ਦੇ ਘਰ ਆ ਗਿਆ?
ਇਥੇ ਯਾਦ ਰੱਖਣਾ ਕਰਨਾ ਹੈ, ਕਿ ਦੁਰਜੋਧਨ ਰਾਜ ਦੇ ਹੰਕਾਰ ਦੇ ਨਸ਼ੇ ਵਿੱਚ ਬਿਦਰ ਦੇ ਘਰ ਆਉਣ ਵਾਲਾ ਕ੍ਰਿਸ਼ਨ ਜਸ਼ੋਧਾ ਦਾ ਪੁੱਤਰ ਸਮਝੀ ਬੈਠਾ ਸੀ। ਜਦੋਂ ਕਿ ਬਿਦਰ ਜੀ ਅਕਾਲ ਪੁਰਖੁ ਦੀ ਗੱਲ ਕਰ ਰਹੇ ਸਨ। ਇਸ ਵਾਰ ਅੰਦਰ ਭਾਈ ਗੁਰਦਾਸ ਜੀ ਕਰਮਕਾਂਡ ਦਾ ਭਰਮ ਤੋੜ ਰਹੇ ਹਨ, ਕਿ ਜਿਹੜਾ ਬਿਦਰ ਜੀ ਦਾ ਕ੍ਰਿਸ਼ਨ ਹੈ, ਉਹ ਕਰਮਕਾਂਡੀਆਂ ਦੇ ਕ੍ਰਿਸ਼ਨ ਤੋਂ ਵੱਖਰਾ ਹੈ। ਉਹ ਇਹ ਨਹੀਂ ਵੇਖਦਾ ਕਿ ਇਹ ਗ਼ਰੀਬ ਦਾਸੀ ਦਾ ਪੁੱਤਰ ਹੈ। ਉਹ ਭਾਉ ਦੇਖਦਾ ਹੈ, ਕਿ ਕਿਸ ਦੇ ਅੰਦਰ ਹਉਮੈ ਦਾ ਰੋਗ ਨਹੀਂ। ਜਿਸ ਕਿਸੇ ਦੇ ਅੰਦਰ ਚਾਉ ਉਪਜਿਆ ਹੀ ਨਹੀਂ, ਪ੍ਰਭੂ ਨਾਲ ਪ੍ਰੇਮ ਉਪਜਿਆ ਹੀ ਨਹੀਂ, ਉਸ ਨੂੰ ਜਸ਼ੋਧਾ ਦਾ ਕ੍ਰਿਸ਼ਨ ਹੀ ਵੱਡਾ ਦਿਸਦਾ ਹੈ। ਜਿਹੜਾ ਕ੍ਰਿਸ਼ਨ ਬਿਦਰ ਜੀ ਦਾ ਹੈ, ਉਸ ਨੂੰ, ਜਿਨ੍ਹਾਂ ਦੇ ਅੰਦਰ ਹਉਮੈ ਹੰਕਾਰ ਹੈ, ਭਾਵ ਜਲਨ ਹੈ, ਉਨ੍ਹਾਂ ਦੀਆ ਮਹਿਲ ਮਾੜੀਆਂ ਝੁੱਗੀਆਂ ਨਜ਼ਰ ਆਉਂਦੀਆਂ ਹਨ। ਜਿਨ੍ਹਾਂ ਗੁਰਮੁਖਾਂ ਦੇ ਅੰਦਰ ਉਸ ਪ੍ਰਮੇਸ਼ਰ ਲਈ ਅਥਾਹ ਪ੍ਰੇਮ ਹੈ, ਉਹ ਭਾਵੇਂ ਗ਼ਰੀਬ ਹੀ ਹੋਣ, ਉਸ ਵਾਹਿਗੁਰੂ ਦੀ ਨਜ਼ਰ ਅੰਦਰ ਉਹ ਬਾਦਸ਼ਾਹ ਹਨ। ਹੁਣ ਇਸ ਵਾਰ ਦਾ ਵਖਿਆਨ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਬਿਦਰ ਜੀ ਦੇ ਜੀਵਨ ਜ਼ਿਕਰ ਉੱਪਰ ਝਾਤ ਮਾਰੀਏ।
ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ ੴਸਤਿਗੁਰ ਪ੍ਰਸਾਦਿ॥
ਦੇਵਾ ਪਾਹਨ ਤਾਰੀਅਲੇ॥ ਰਾਮ ਕਹਤ ਜਨ ਕਸ ਨ ਤਰੇ॥ 1॥ ਰਹਾਉ॥
ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ॥
ਚਰਨ ਬਧਿਕ ਜਨ ਤੇਊ ਮੁਕਤਿ ਭਏ॥ ਹਉ ਬਲਿ ਬਲਿ ਜਿਨ ਰਾਮ ਕਹੇ॥ 1॥
ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ॥
ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ॥ 2॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 345

ਨੋਟ – ਇਸ ਸ਼ਬਦ ਦਾ ਸਿਰਲੇਖ ਹੈ ੴਸਤਿਗੁਰ ਪ੍ਰਸਾਦਿ॥
ਉਹ ਇੱਕ ਜੋ ਸਰਬ-ਵਿਆਪਕ ਰਾਮ ਹੈ ਅਤੇ ਆਤਮਿਕ ਗਿਆਨ ਉਸ ਪ੍ਰਭੂ ਦੀ ਬਖ਼ਸ਼ਿਸ਼ ਹੈ। ਉਸ ਦੀ ਬਖ਼ਸ਼ਿਸ਼ ਕਿਸ ਕਿਸ ਗੁਰਮੁਖ ਜਨ ਤੇ ਹੋਈ? ਰਾਮ ਕਹਤ ਜਨ ਕਸ ਨ ਤਰੇ, ਭਾਵ ਜਿਨ੍ਹਾਂ ਸਰਬ-ਵਿਆਪਕ ਰਾਮ ਦੀ ਬੰਦਗੀ ਕੀਤੀ ਹੋਵੇ, ਇਹ ਕਿਵੇਂ ਹੋ ਸਕਦਾ ਹੈ ਕਿ ਉਹ ਨਾਂ ਤਰੇ ਹੋਣ? ਜਦ ਕਿ ਅਕਾਲ ਪੁਰਖੁ ਦੀ ਬਖ਼ਸ਼ਿਸ਼ ਨਾਲ ਪੱਥਰ ਦਿਲ ਇਨਸਾਨ ਵੀ ਤਰ ਸਕਦੇ ਹਨ। ਉਸ ਦੀ ਬਖ਼ਸ਼ਿਸ਼ ਦੀ ਬਹੁਤ ਸ਼ਕਤੀ ਹੈ।
ਅਗਲੀ ਪੰਗਤੀ ਵਿੱਚ ਉਨ੍ਹਾਂ ਕੁੱਝ ਗੁਰਮੁਖਾਂ ਦੇ ਨਾਮ ਹਨ ਜਿਹੜੇ ਉਸ ਦੀ ਬਖ਼ਸ਼ਿਸ਼ ਦੇ ਪਾਤਰ ਬਣੇ: -
ਗਨਿਕਾ, ਕੁਬਿਜਾ, ਬਿਆਧਿ, ਅਜਾਮਲ, ਬਿਦਰ, ਉਗ੍ਰਸੈਨ, ਸੁਦਾਮਾ
ਸ਼ਬਦ ਦੀ ਸ਼ੁਰੂਆਤ ਸਰਬ-ਵਿਆਪਕ ਰਾਮ ਦੀ ਬਖ਼ਸ਼ਿਸ਼ ਗੁਰ ਪ੍ਰਸਾਦਿ ਤੋਂ ਹੁੰਦੀ ਹੈ ਅਤੇ ਨਾਮਦੇਵ ਜੀ ਆਪ ਵੀ ਸਰਬ-ਵਿਆਪਕ ਦੇ ਪੁਜਾਰੀ ਹਨ, ਅਤੇ ਸਰਬ-ਵਿਆਪਕ ਰਾਮ ਦੀ ਬਖਸ਼ਿਸ਼ ਨਾਲ ਹੀ ਇਨ੍ਹਾਂ ਗੁਰਮੁਖਾਂ ਦਾ ਉਧਾਰਿ ਹੋਇਆ ਦਰਸਾ ਰਹੇ ਹਨ, ਅਤੇ ਉਸ ਕਰਮਕਾਂਡੀ ਸਾਖੀ ਦਾ ਖੰਡਨ ਕਰਦੇ ਹਨ, ਜਿਹੜੀ ਇਹ ਦਰਸਾਉਂਦੀ ਹੈ ਕਿ ਇਹ ਗੁਰਮੁਖ ਲੋਕ ਅਵਤਾਰੀ ਕ੍ਰਿਸ਼ਨ ਦੀ ਪੂਜਾ ਕਰਦੇ ਤਰੇ ਹਨ।
ਜਦੋਂ ਵਿਆਖਿਆ ਨਾਲ ਪਰਚੱਲਤ ਕਰਮਕਾਂਡੀ ਸਾਖੀ ਜੁੜ ਜਾਂਦੀ ਹੈ ਤਾਂ ਗੁਰਮਤਿ ਦੇ ਸਿਤਾਰੇ ਸਿਫ਼ਰ, ਅਤੇ ਨਿਕਾਰੇ ਹੋਏ ਸਿਤਾਰੇ ਨਜ਼ਰ ਆਉਂਦੇ ਹਨ। ਫਿਰ ਅਸੀਂ ਵੀ ਅਗਿਆਨਤਾ ਵੱਸ ਕਹਿਣ ਲੱਗ ਜਾਂਦੇ ਹਾਂ, ਕਿ ਗੁਰੂ ਪਾਤਸ਼ਾਹ ਅਤੇ ਭਗਤ ਮਜਬੂਰੀ ਕਰਕੇ ਇਹ ਕਰਮਕਾਂਡੀ ਕਹਾਣੀਆਂ ਸਾਨੂੰ ਸਿੱਖਿਆ ਦੇਣ ਲਈ ਲਿਖ ਗਏ ਹਨ। ਕਈ ਸੱਜਣ ਕਹਿੰਦੇ ਹਨ ਕਿ ਇਹ ਕਲਪਿਤ ਪਾਤਰ ਹਨ, ਪਰ ਇਨ੍ਹਾਂ ਸੱਜਣਾਂ ਨੂੰ ਇਹ ਬੇਨਤੀ ਹੈ ਕਿ ਗੁਰਬਾਣੀ ਕੋਈ ਕਹਾਣੀ ਜਾਂ ਨਾਵਲ ਨਹੀਂ ਜਿਸ ਵਿੱਚ ਕਲਪਿਤ ਪਾਤਰ ਹਨ। ਗੁਰਬਾਣੀ ਪਰਮਾਰਥ ਦੇ ਰਸਤੇ ਦਾ ਇਲਾਹੀ ਸੱਚ ਹੈ।
ਸੰਸਾਰ ਸਮੁੰਦਰ ਤਰਨ ਦਾ ਰਸਤਾ ਇੱਕੋ ਇੱਕ ਹੀ ਹੈ, ਜੋ ਗੁਰਮਤਿ ਅੰਦਰ ਬਿਆਨ ਹੈ: -
ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ॥
ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ॥
ਗੁਰੂ ਗ੍ਰੰਥ ਸਾਹਿਬ, ਪੰਨਾ 1219
ਇਸ ਕਰਕੇ ਭਗਤਾਂ ਜਾਂ ਗੁਰੂ ਪਾਤਸ਼ਾਹ ਨੇ ਜੋ ਸਾਡੇ ਲਈ ਪ੍ਰੇਰਨਾ ਸਰੋਤ ਉਦਾਹਰਣਾਂ ਦਿਤੀਆਂ ਹਨ, ਅਤੇ ਜਿਨ੍ਹਾਂ ਗੁਰਮੁਖਾਂ ਦਾ ਜ਼ਿਕਰ ਕੀਤਾ ਹੈ, ਉਹ ਕਲਪਿਤ ਪਾਤਰ ਨਹੀਂ ਹਨ।
ਮਨ ਰੇ ਪ੍ਰਭ ਕੀ ਸਰਨਿ ਬਿਚਾਰੋ॥
ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ॥ 1॥ ਰਹਾਉ॥
ਗੁਰੂ ਗ੍ਰੰਥ ਸਾਹਿਬ, ਪੰਨਾ 632
ਗੁਰਬਾਣੀ ਰਚਣਹਾਰੇ ਸਾਨੂੰ ਸਮਝਾ ਰਹੇ ਹਨ। ਮਨ ਰੇ! ਉਸ ਪ੍ਰਭੂ ਦੀ ਸਰਨਿ ਬੀਚਾਰੋ, ਜਿਸ ਪ੍ਰਭੂ ਦਾ ਸਿਮਰਨ ਕਰਨ ਨਾਲ ਗਨਿਕਾ ਦਾ ਉਧਾਰ ਹੋਇਆ ਸੀ। ਕੋਈ ਭੁਲੇਖਾ ਨਹੀਂ ਸਮਝਣ ਵਿੱਚ, ਕਿਉਂਕਿ ਸਾਫ਼ ਜ਼ਾਹਿਰ ਹੈ ਕਿ ਗਨਿਕਾ ਨੇ ਪ੍ਰਭੂ ਨੂੰ ਸਿਮਰਿਆ ਸੀ, ਨਾਂਹ ਕਿ ਕਿਸੇ ਅਵਤਾਰੀ ਨੂੰ।
ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ॥
ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ॥ 3॥ 4॥
ਗੁਰੂ ਗ੍ਰੰਥ ਸਾਹਿਬ, ਪੰਨਾ 632
ਗੁਰੂ ਪਾਤਸ਼ਾਹ ਸਮਝਾਉਂਦੇ ਹਨ ਕਿ ਜੇਕਰ ਅਜਾਮਲ ਵਰਗਾ ਜੱਗ ਵਿੱਚ ਜਾਣਿਆ ਜਾਂਦਾ ਪਾਪੀ ਮਨੁੱਖ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਤਰ ਸਕਦਾ ਹੈ, ਤਾਂ ਤੂੰ ਵੀ ਹਿਰਦੇ ਵਿੱਚ ਉਸ ਪ੍ਰਭੂ ਦੀ ਬੰਦਗੀ ਕਰਕੇ ਤਰ ਜਾਏਂਗਾ, ਭਾਵ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਂਗਾ। ਕਰਮਕਾਂਡੀਆਂ ਲਈ ਅਜਾਮਲ ਪਾਪੀ ਹੈ, ਕਿਉਂਕਿ ਉਹ ਕਰਮਕਾਂਡੀਆਂ ਦੇ ਕਰਮਕਾਂਡਾਂ ਨੂੰ ਭੰਨਦਾ ਹੈ।
ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ॥
ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 692
ਅਜਾਮਲ, ਗਜ ਅਤੇ ਗਨਿਕਾ ਵਰਗੇ ਪਤਿਤ ਕਰਮਾਂ ਵਾਲੇ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਰਾਮ ਨਾਮ ਲੈਣ ਨਾਲ ਭਾਵ ਸਿਮਰਨ ਦੀ ਬਦੌਲਤ ਉਹ ਤਰ ਸਕਦੇ ਹਨ, ਤਾਂ ਐ ਮਨ ਤੂੰ ਕਿਉਂ ਨਹੀਂ ਤਰ ਸਕਦਾ?
ਦੁਖ ਹਰਤਾ ਹਰਿ ਨਾਮੁ ਪਛਾਨੋ॥
ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ॥ 1॥ ਰਹਾਉ॥
ਗੁਰੂ ਗ੍ਰੰਥ ਸਾਹਿਬ, ਪੰਨਾ 830
ਦੁੱਖਾਂ ਦਾ ਨਾਸ਼ ਕਰਨ ਵਾਲੇ ਉਸ ਹਰੀ ਦਾ ਨਾਮ ਪਛਾਣੋ, ਜਿਸ ਹਰੀ ਦਾ ਨਾਮ ਸਿਮਰਨ ਨਾਲ ਅਜਾਮਲ ਅਤੇ ਗਨਿਕਾ ਮੁਕਤੀ ਨੂੰ ਪ੍ਰਾਪਤ ਹੋ ਗਏ।
ਗੁਰਮਤਿ ਦੇ ਮਾਰਗ ਅੰਦਰ ਕੋਈ ਭੁਲੇਖਾ ਨਹੀਂ ਹੈ, ਪਰ ਅਸੀਂ ਕਰਮਕਾਂਡੀ ਸਾਖੀਆਂ ਛੱਡਣੀਆਂ ਹੀ ਨਹੀਂ ਚਾਹੁੰਦੇ। ਉੱਪਰ ਦਿੱਤੇ ਪ੍ਰਮਾਣਾਂ ਤੋਂ ਸਿੱਧ ਹੁੰਦਾ ਹੈ, ਕਿ ਸਰਬ-ਵਿਆਪਕ ਹਰੀ ਦੇ ਨਾਮ ਸਿਮਰਨ ਦੁਆਰਾ ਅਜਾਮਲ ਅਤੇ ਗਨਿਕਾ ਮੁਕਤ ਹੋ ਗਏ।
ਹਰਿ ਹਰਨਾਖਸ ਹਰੇ ਪਰਾਨ॥
ਅਜੈਮਲ ਕੀਓ ਬੈਕੁੰਠਹਿ ਥਾਨ॥
ਗੁਰੂ ਗ੍ਰੰਥ ਸਾਹਿਬ, ਪੰਨਾ 874
ਗੁਰਬਾਣੀ ਅੰਦਰ ਕਲਪਤਿ ਪਾਤਰ ਨਹੀਂ ਹਨ, ਸੱਚ ਇਹ ਹੈ ਕਿ ਕੇਵਲ ਸਮਝਣ ਦੀ ਲੋੜ ਹੈ।
ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ॥
ਗੁਰੂ ਗ੍ਰੰਥ ਸਾਹਿਬ, ਪੰਨਾ 345
ਬਿਦਰ ਜੀ, ਸੁਦਾਮਾ, ਅਤੇ ਉਗ੍ਰਸੈਨ ਜੀ ਸਰਬ-ਵਿਆਪਿਕ ਪ੍ਰਮਾਤਮਾ ਦੇ ਹੀ ਪੁਜਾਰੀ ਸਨ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਬਹੁਤ ਹੀ ਪ੍ਰਮਾਣ ਹਨ। ਸੁਦਾਮਾ ਜੀ ਬਾਰੇ ਨਾਮਦੇਵ ਜੀ ਦਾ ਪ੍ਰਮਾਣ: -
ਨਉ ਨਿਧਿ ਠਾਕੁਰਿ ਦਈ ਸੁਦਾਮੈ ਧ੍ਰ¨ਅ ਅਟਲੁ ਅਜਹੂ ਨ ਟਰਿਓ॥ 3॥
ਭਗਤ ਹੇਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ॥
ਗੁਰੂ ਗ੍ਰੰਥ ਸਾਹਿਬ, ਪੰਨਾ 1105
ਜੈਦੇਉ ਨਾਮਾ ਬਿਪ ਸੁਦਾਮਾ ਤਿਨ ਕਉ ਕ੍ਰਿਪਾ ਭਈ ਹੈ ਅਪਾਰ॥
ਕਹਿ ਕਬੀਰ ਤੁਮ ਸੰਮ੍ਰਥ ਦਾਤੇ ਚਾਰਿ ਪਦਾਰਥ ਦੇਤ ਨ ਬਾਰ॥ 2॥ 7॥
ਗੁਰੂ ਗ੍ਰੰਥ ਸਾਹਿਬ, ਪੰਨਾ 856
ਉਗ੍ਰਸੈਨ ਬਾਰੇ ਗੁਰੂ ਜੀ ਫੁਰਮਾਉਂਦੇ ਹਨ: -
ਬੇਸੁਆ ਰਵਤ ਅਜਾਮਲੁ ਉਧਰਿਓ ਮੁਖਿ ਬੋਲੈ ਨਾਰਾਇਣੁ ਨਰਹਰੇ॥
ਨਾਮੁ ਜਪਤ ਉਗ੍ਰਸੈਣਿ ਗਤਿ ਪਾਈ ਤੋੜਿ ਬੰਧਨ ਮੁਕਤਿ ਕਰੇ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 995
ਭੱਟ ਆਪਣੀ ਬਾਣੀ ਵਿੱਚ ਕ੍ਰਿਸ਼ਨ ਵਾਲੀ ਉਸ ਕਰਮਕਾਂਡੀ ਸਾਖੀ ਨੂੰ ਰੱਦ ਕਰਦੇ ਹਨ, ਜਿਸ ਅਨੁਸਾਰ ਕੰਸ ਨੂੰ ਮਾਰਕੇ ਉਗ੍ਰਸੈਨ ਨੂੰ ਰਾਜ ਦਿਵਾਉਣ ਵਾਲੀ ਕਹਾਣੀ ਹੈ। ਭੱਟ ਕਹਿੰਦੇ ਹਨ ਕਿ ਜਸ਼ੋਧਾ ਪੁੱਤਰ ਕ੍ਰਿਸ਼ਨ ਕੌਣ ਹੁੰਦਾ ਹੈ? ਉਸ ਦੀ ਕੀ ਹੈਸੀਅਤ ਹੈ, ਉਗ੍ਰਸੈਨ ਨੂੰ ਰਾਜ ਦਵਾਉਣ ਵਾਲੀ?
ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ॥
ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ॥
ਗੁਰੂ ਗ੍ਰੰਥ ਸਾਹਿਬ, ਪੰਨਾ 1390
ਭੱਟ ਜੀ ਉਗ੍ਰਸੈਨ ਨੂੰ ਅਭੈ ਪਦਵੀ ਅਕਾਲ ਪੁਰਖੁ ਦੀ ਬੰਦਗੀ ਕਰਨ ਦੁਆਰਾ ਪ੍ਰਾਪਤ ਹੋਈ ਦਰਸਾ ਰਹੇ ਹਨ। ਜਿਸ ਤਰ੍ਹਾਂ ਪੰਨਾ 995 ਵਾਲਾ ਗੁਰਬਾਣੀ ਦਾ ਫੁਰਮਾਨ ਉੱਪਰ ਦਿੱਤਾ ਗਿਆ ਹੈ। ਸਾਨੂੰ ਅਸਲੀਅਤ ਜਾਣ ਕੇ ਸੱਚ ਪਛਾਨਣ ਦੀ ਲੋੜ ਹੈ।
ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ॥
ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 733
ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਬਿਦਰ ਜੀ ਕਿਸੇ ਕਰਮਕਾਂਡੀ ਦੇ ਪੁਜਾਰੀ ਨਹੀਂ। ਦਾਸੀ ਦੇ ਪੁਤਰ ਬਿਦਰ ਜੀ ਬਾਰੇ ਮੈਨੂੰ ਜੇ ਪੁਛਦੇ ਹੋ ਕਿ ਕਿਹੜੇ ਕ੍ਰਿਸ਼ਨ ਨੇ ਬਿਦਰ ਜੀ ਦੇ ਹਿਰਦੇ ਰੂਪੀ ਘਰ ਅੰਦਰ ਜਾ ਕੇ ਉਤਾਰਾ ਕੀਤਾ ਸੀ, ਤਾਂ ਉਹ ਅਕਾਲ ਪੁਰਖੁ, ਹਰੀ ਆਪ ਸੀ। ਇਹ ਕੋਈ ਅਵਤਾਰੀ ਨਹੀਂ ਸੀ।
ਬਲਦੇਵ ਸਿੰਘ ਟੋਰਾਂਟੋ




.