.

ਵਿਆਹ ਅਤੇ ਭੋਗ ਸਮਾਗਮ ਵੀ ਹੁਣ ਮੇਲੇ ਬਣ ਕੇ ਰਹਿ ਗਏ ਹਨ।

ਬਰਿੰਦਰ ਸਿੰਘ ਢਿੱਲੋਂ, ਐਡਵੋਕੇਟ

ਅੱਜ ਸਵੇਰੇ ਮੈਂ ਇੱਕ ਲੀਡਰ ਮਿੱਤਰ ਨੂੰ ਫੋਂਨ ਤੇ ਪੁੱਛ ਬੈਠਾ ਕਿ ਇਸ ਵੇਲੇ ਕੀ ਕਰ ਰਹੇ ਹੋ? ਜਵਾਬ ਮਿਲਿਆ ਕਿ ਕੁੱਤੇ ਭਕਾਈ ਕਰਨ ਚੱਲੇ ਹਾਂ ਤੇ ਨਾਲ ਹੀ ਉਹ ਹੱਸ ਪਿਆ। ਫਿਰ ਦੱਸਣ ਲੱਗਾ ਕਿ ਅੱਜ ਤਿੰਨ ਵਿਆਹਾਂ `ਚ ਪਹੁੰਚਣਾ ਹੈ। ਬੱਸ ਹੁਣ ਵਿਆਹਾਂ ਦੀ ਰੁੱਤ ਸੂਰੂ ਹੋ ਗਈ। ਰੋਜ ਇਹੀ ਕੰਮ ਕਰਾਂਗੇ। ਪਰ ਨਾਲ ਹੀ ਕਹਿਣ ਲੱਗਾ ਕਿ ਮੇਰਾ ਨਾਂਮ ਨਾਂ ਲਿਖੀਂ। ਮੈਂ ਵੋਟਾਂ ਵੀ ਲੈਣੀਆਂ ਹਨ। ਇਹ ਕਿਸੇ ਇੱਕ ਲੀਡਰ ਦੀ ਕਹਾਣੀ ਨਹੀਂ। ਕਿਸੇ ਵਿਰਲੇ ਟਾਂਵਿਆਂ ਨੂੰ ਛੱਡ ਕੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਸੂਬਾ ਪੱਧਰ ਦੇ ਲੀਡਰਾਂ ਦਾ ਇਹੋ ਹਾਲ ਹੈ। ਆਂਮ ਵਿਆਹ ਸਮਾਗਮਾਂ `ਚ ਤਿੰਨ ਕੁ ਸੌ ਵਿਅਕਤੀਆਂ ਦਾ ਇਕੱਠ ਹੁੰਦਾ। ਜਿਹੜਾ ਥੋੜਾਂ ਲੀਡਰ ਕਿਸਮ ਦਾ ਤੇ ਪੈਸੇ ਧੇਲੇ ਪੱਖੋ ਸੌਖਾ ਹੁੰਦਾ ਉਹਦੇ ਸੱਤ ਕੁ ਸੌ ਤੱਕ ਲੋਕੀਂ ਆਏ ਹੁੰਦੇ ਹਨ। ਸੌ ਦੋ ਸੌ ਬਹਿਰੇ ਡਰਾਇਵਰ ਇਨ੍ਹਾਂ ਤੋਂ ਵੱਖ ਹੁੰਦੇ ਹਨ। ਹਜਾਰ ਵਿਅਕਤੀ ਡਕਾਰ ਮਾਰਕੇ ਤੁਰ ਜਾਂਦੇ ਹਨ। ਪਰ ਅਨੰਦ ਕਾਰਜ ਵੇਲੇ ਗੁਰਦਵਾਰੇ ਅਤੇ ਡੋਲੀ ਤਰਨ ਵੇਲੇ ਸਿਰਫ ਘਰ ਵਾਲੇ ਹੀ ਹੁੰਦੇ ਹਨ।
ਮੈਰਿਜ ਪੈਲੇਸ ਵਾਲਿਆਂ ਚਾਰ-ਪੰਜ ਸੌ ਰੁਪਿਆ ਪ੍ਰਤੀ ਪਲੇਟ ਤੋਂ ਲੈ ਕੇ ਹਜਾਰ ਰੁਪਏ ਪਰਤੀ ਪਲੇਟ ਤੱਕ ਦੇ ਹਿਸਾਬ ਤਹਿ ਕੀਤਾ ਹੁੰਦਾ। ਖਰਚੇ ਦਾ ਅੰਦਾਜ਼ਾ ਦੋ ਲੱਖ ਤੋਂ ਸੱਤ ਲੱਖ ਤੱਕ ਹੁੰਦਾ। ਇਉਂ ਕਹਿ ਲਉ ਇਹ ਪੈਸਾ ਇੱਕ ਦਿਨ ਵਿੱਚ ਰ੍ਹੋੜ ਦਿੱਤਾ ਜਾਂਦਾ। ਦਾਜ ਦਹੇਜ ਅਤੇ ਹੋਰ ਖਰਚੇ ਸੱਤ ਤੋਂ ਤੀਹ ਲੱਖ ਦੇ ਵਿਚਕਾਰ ਹੁੰਦੇ ਹਨ। ਯਾਨੀ ਪੰਜਾਬੀ ਘਰ ਫੂਕ ਕੇ ਤਮਾਸ਼ਾ ਵੇਖ ਰਹੇ ਹਨ। ਹਰ ਪਿੰਡ ਵਿੱਚ ਤੁਹਾਨੂੰ ਸੌ, ਪੰਜਾਹ ਆਦਮੀਂ ਅਜਿਹੇ ਮਿਲਣਗੇ ਜਿਹੜੇ ਕੋਈ ਕੰਮ ਨਹੀਂ ਕਰਦੇ ਸਿਰਫ ਸਮਾਗਮਾਂ ਦੀ ਸ਼ੋਭਾ ਵਧਾਉਂਦੇ ਹਨ। ਸਮਾਗਮਾਂ ਵਿੱਚ ਘੁੰਮ ਰਹੇ ਨੇਤਾ ਜੀ ਨਾਲ ਦੋ ਤਿੰਨ ਗੰਨ ਮੈਂਨ ਇੱਕ ਦੋ ਪੀ. ਏ. ਅਤੇ ਸਾਥੀ ਹੁੰਦੇ ਹਨ। ਜਿੰਨਾ ਕੋਈ ਲੀਡਰ ਵੱਡਾ ਹੁੰਦਾ ਓਨਾ ਹੀ ਉਸ ਦਾ ਕਾਫਲਾ ਵੀ ਵੱਡਾ ਹੁੰਦਾ ਹੈ। ਇੱਕ ਇੱਕ ਦਿਨ `ਚ ਦੋ ਵਿਆਹਾਂ ਜਾਂ ਦੋ ਭੋਗਾਂ `ਤੇ ਨੇਤਾ ਲੋਕ ਨੇ ਪਹੁੰਚਣਾ ਹੁੰਦਾ। ਗਿੱਠ-ਗਿੱਠ ਉੱਗੀ ਕਣਕ ਵਿੱਚ ਅਵਾਰਾ ਗਊਆਂ ਦੇ ਫੇਰਾ ਪਾਉਣ ਵਾਂਗ ਨੇੜੇ ਖੜ੍ਹੇ ਲੋਕਾਂ ਨਾਲ ਪੋਲੇ ਜਿਹੇ ਹੱਥ ਮਿਲਾ ਕੇ ਇਹ ਲੋਕ ਅਗਲੇ ਘਰ ਲਈ ਤੁਰ ਪੈਂਦੇ ਹਨ। ਬਹੁਤੇ ਥਾਵਾਂ ਤੇ ਇਹ ਲੋਕ ਪਹੁੰਚ ਵੀ ਨਹੀਂ ਸਕਦੇ। ਓਦੋਂ ਵੱਧ ਵੋਟਾਂ ਵਾਲੇ ਘਰ ਨੂੰ ਪਹਿਲ ਦਿੱਤੀ ਜਾਂਦੀ ਹੈ। ਸ਼ਾਂਮ ਤੱਕ ਸਾਰੇ ਹੀ ਥੱਕ ਜਾਂਦੇ ਹਨ। ਟੁੱਟੀਆਂ ਲਿੰਕ ਸੜਕਾਂ `ਤੇ ਸੌ ਕਿਲੋਮੀਟਰ ਦੀ ਸਪੀਡ ਨਾਲ ਦੌੜਦੀਆਂ ਗੱਡੀਆਂ ਜਦੋਂ ਕਿਸੇ ਅਚਾਨਕ ਆਏ ਹੰਪ ਜਾਂ ਟੋਏ ਵਿੱਚ ਵੱਜ ਕੇ ਅੱਧਾ ਫੁੱਟ ਉਛਲਦੀਆਂ ਸਨ ਤਾਂ ਸਿਰ ਛੱਤਾਂ ਨਾਲ ਜਾ ਵੱਜਦੇ ਹਨ। ਪਰ ਕਹਿੰਦੇ ਕਰੀਏ ਕੀ? ਜਿਸ ਦੇ ਨਾ ਪਹੁੰਚੇ ਓਹੀ ਰੁੱਸ ਜਾਵੇਗਾ ਕਿ ਸਾਡੇ ਵਿਆਹ `ਤੇ ਨਹੀਂ ਪਹੁੰਚੇ। ਉਤੋਂ ਕੋਈ ਨਾ ਕੋਈ ਚੋਣਾਂ ਬਾਬਰ ਦੀ ਤਲਵਾਰ ਵਾਂਗ ਸਿਰ `ਤੇ ਲਟਕਦੀਆਂ ਹੀ ਰਹਿੰਦੀਆਂ ਹਨ। ਇਹ ਨੇਤਾ ਲੋਕ ਰੋਂਦੇ ਵੀ ਹਨ ਕਿ ਇੱਕ ਦਿਨ ਵਿੱਚ ਸਿਰਫ ਸ਼ਗਨਾਂ `ਤੇ ਹੀ ਦੋ ਹਜ਼ਾਰ ਖਰਚ ਹੋ ਗਿਆ ਤੇ ਗੱਡੀਆਂ ਦਾ ਤੇਲ ਵੱਖਰਾ। ਉਤੋਂ ਸੜਕ ਹਾਦਸਿਆਂ ਦਾ ਜੋਖਮ ਵੀ ਉਠਾਉਣਾ ਪੈਂਦਾ। ਹੁਣ ਤਾਂ ਟੱਬਰਾਂ ਦੇ ਟੱਬਰ ਮਰਨ ਲੱਗੇ ਹਨ। ਇੰਜ ਸਾਲ `ਚ ਦੋ ਵਾਰੀ ਕੱਤੇ ਅਤੇ ਫੱਗਣ ਦੇ ਮਹੀਨੇ ਵਿਆਹਾਂ ਦੀ ਰੁੱਤ ਆਉਂਦੀ ਹੈ। ਭੋਗ ਤਾਂ ਸਾਰਾ ਸਾਲ ਹੀ ਚੱਲਦੇ ਹਨ। ਐਤਵਾਰ ਦੇ ਦਿਨ ਲੋਕਾਂ ਦੇ ਕੰਮ ਕਰਨ ਦੀ ਥਾਂ ਇੰਜ ਭਟਕਦਿਆਂ ਹੀ ਲੰਘ ਜਾਂਦੇ ਹਨ। ਵਿਆਹ ਸਮਾਗਮਾਂ ਅਤੇ ਭੋਗਾਂ ਦੇ ਬੇਲੋੜੇ ਖਰਚੇ ਅਤੇ ਇਕੱਠ ਕਰਨ ਨੂੰ ਹੁਣ ਲੋਕ ਵੀ ‘ਅੰਦਰੋਂ` ਮਹਿੰਗਾ ਕਿੱਤਾ ਕਹਿ ਰਹੇ ਹਨ। ਫੇਰ ਵੀ ਸਮਾਜਕ ਵਿਖਾਵੇ ਲਈ ਉਹ ਅਜਿਹਾ ਕਰਨ ਲਈ ਮਜਬੂਰ ਹਨ। ਆਪਣੇ ਸਿਆਸੀ ਦਾਬੇ-ਸ਼ਾਬੇ ਲਈ ਵੀ ਉਹ ਇਸ ਫਜ਼ੂਲ ਖਰਚੀ ਲਈ ਮਜਬੂਰ ਸਨ। ਦੂਜਾ ਕਾਰਨ ਭ੍ਰਿਸ਼ਟਾਚਾਰ ਵੀ ਹੈ ਕਿਉਂਕਿ ਨਿੱਕੇ ਮੋਟੇ ਦਫਤਰਾਂ ਵਿੱਚ ਵੀ ਆਮ ਬੰਦੇ ਦੀ ਖੱਜਲ-ਖੁਆਰੀ ਹੁੰਦੀ ਹੈ। ਮਾਮੂਲੀ ਜਿਹੇ ਨਿਜੀ ਕੰਮ ਕਰਵਾਉਣ ਲਈ ਵੀ ਸਿਫਾਰਸ਼ਾਂ ਦੀ ਲੋੜ ਪੈਂਦੀ ਹੈ। ਵਿਰਲੇ ਟਾਂਵੇਂ ਵੱਡੇ ਅਫਸਰ ਤਾਂ ਅਜੇ ਗੱਲ ਸੁਣ ਲੈਂਦੇ ਹਨ ਪਰ ਬਾਬੂ ਤਬਕਾ ਤਾਂ ਅਜੇ ਵੀ ਅੰਗਰੇਜ਼ੀ ਰਾਜ ਹੀ ਸਮਝ ਰਿਹਾ ਹੈ। ਚੱਲੀ ਆ ਰਹੀ ਰਵਾਇਤ `ਚ ਡਾਢੀ ਤਾਕਤ ਹੁੰਦੀ ਹੈ ਇਹ ਏਨੀ ਸੌਖੀ ਨਹੀਂ ਟੁੱਟਿਆ ਕਰਦੀ। ਸੂਚਨਾਂ ਦੇਣ ਦੇ ਅਧਿਕਾਰ ਨਾਲ ਥ੍ਹੋੜਾ ਸੁਧਾਰ ਹੋਣ ਦੀ ਆਸ ਬੱਝੀ ਹੈ। ਚੰਡੀਗੜ੍ਹ ਜਾਂ ਦਿੱਲੀ ਵਰਗੇ ਮਹਾਂ ਨਗਰਾਂ `ਚ ਹੁੰਦੇ ਵੱਡੇ ਲੋਕਾਂ ਦੇ ਵਿਆਹ ਸਮਾਗਮਾਂ ਦੀ ਗੱਲ ਹੋਰ ਹੁੰਦੀ ਹੈ। ਇਕੱਠ ਦਿਖਾਉਣਾ ਉਨ੍ਹਾਂ ਲੋਕਾਂ ਦੀ ਮਜਬੂਰੀ ਵੀ ਹੁੰਦੀ ਹੈ ਤੇ ਸ਼ੁਗਲ ਵੀ। ਵਿਆਹ `ਚ ਦੋ ਤਿੰਨ ਹਜਾਰ ਲੋਕਾਂ ਦਾ ਇਕੱਠ, ਮੇਲੇ ਵਰਗਾ ਮਾਹੌਲ ਹੁੰਦਾ ਹੈ। ਅਜਿਹੇ ਵੱਡੇ ਲੋਕਾਂ ਦੇ ਵੇਖਾ-ਵੇਖੀ ਪੰਜਾਬ ਦਾ ਮੱਧ-ਵਰਗ ਵੀ ਅੱਡੀਆਂ ਚੁੱਕ ਕੇ ਫਾਹਾ ਲੈ ਰਿਹਾ ਹੈ। ਪੰਜਾਬੀ ਹਰ ਮੌਕੇ ਨੂੰ ਹੀ ਮੇਲਾ ਬਣਾ ਦਿੰਦੇ ਹਨ। ਵਿਆਹ ਅਤੇ ਭੋਗ ਕੋਈ ਮੇਲਾ ਜਾਂ ਰਾਜਸੀ ਸੰਮੇਲਨ ਨਹੀਂ ਹੁੰਦੇ ਜਿੱਥੇ ਲੱਖਾਂ ਲੋਕਾਂ ਦਾ ਇੱਕਠ ਹੋਇਆ ਕਰਦਾ। ਵਿਆਹ ਸਮਾਗਮਾਂ ਨੂੰ ਇਸ ਮਹਿੰਗਾਈ ਦੇ ਦੌਰ `ਚ ਚੰਦ ਇੱਕ ਰਿਸ਼ਤੇਦਾਰਾਂ ਤੇ ਪਰਿਵਾਰਕ ਮਿੱਤਰਾਂ ਦੀ ਹਾਜ਼ਰੀ ਵਿੱਚ ਹੀ ਕੀਤਾ ਜਾਣਾ ਚਾਹੀਦਾ। ਨਵੇਂ ਯੁੱਗ ਦੀਆਂ ਕਦਰਾਂ-ਕੀਮਤਾਂ ਕਦੇ ਵੀ ਪੁਰਾਣੇ ਸਮਿਆਂ ਵਰਗੀਆਂ ਨਹੀਂ ਹੋਇਆ ਕਰਦੀਆਂ। ਫੋਕੀ ਹਉਮੈਂ ਖਾਤਰ ਅਜਿਹੇ ਵਿਆਹ ਸਮਾਗਮ ਘਰ ਵਾਲਿਆਂ ਤੇ ਸਿਆਸੀ ਨੇਤਾਵਾਂ ਦੋਹਾਂ ਲਈ ਹੀ ਪੈਸੇ ਤੇ ਸਮੇਂ ਦੀ ਬਰਬਾਦੀ ਹੈ। ਇਸ ਸਾਰੇ ਰੰਡੀ-ਰੋਣੇ ਦਾ ਦਿਲਚਸਪ ਪਹਿਲੂ ਇਹ ਹੈ ਕਿ ਦੋਵੇਂ ਧਿਰਾਂ ਮੇਜ਼ਬਾਨ ਤੇ ਨੇਤਾ ਲੋਕ ਇਸ ਨੂੰ ਗਲਤ ਅਤੇ ਫਜੂਲ ਖਰਚੀ ਸਮਝਦੀਆਂ ਹੋਈਆਂ ਵੀ ਰੋਕਣੋਂ ਅਸਮਰਥ ਹਨ। ਇੱਕ ਫੋਕੀ ਹਉਮੈਂ ਕਾਰਨ ਦੂਜੀ ਵੋਟਾਂ ਰੁੱਸਣ ਦੇ ਡਰੋਂ। ਜਾਣ-ਪਹਿਚਾਣ ਤਾ ਸੈਂਕੜੇ-ਹਜ਼ਾਰਾਂ ਨਾਲ ਹੋ ਸਕਦੀ ਹੈ। ਪਰ ਪਰਿਵਾਰਕ ਸਬੰਧਾਂ ਦਾ ਗਰਾਫ ਤਿੰਨ-ਚਾਰ ਦਰਜਨ ਪਰਿਵਾਰਾਂ ਤੋਂ ਅਗਾਂਹ ਨਹੀਂ ਚੜ੍ਹਦਾ। ਰਿਸ਼ਤਿਆਂ ਦੇ ਚਿਹਰਿਆਂ `ਤੇ ਵਕਤ ਦੀ ਧੂੜ ਜਮਦੀ ਹੀ ਰਹਿੰਦੀ ਹੈ। ਫੇਰ ਵੀ ਇਹ ਵਿਖਾਵਿਆਂ ਦਾ ਦੌਰ ਜਾਰੀ ਹੈ। ਤੀਹ ਕੁ ਸਾਲ ਪਹਿਲਾਂ ਸਾਲ ਵਿੱਚ ਇੱਕ ਅੱਧ ਵਿਆਹ ਆਇਆ ਕਰਦਾ ਸੀ ਤੇ ਸਾਰੇ ਟੱਬਰ ਨੂੰ ਚਾਅ ਚੜ੍ਹ ਜਾਂਦਾ ਸੀ। ਹੁਣ ਹਰ ਹਫਤੇ ਵਿਆਹ ਤੇ ਭੋਗ ਦੇ ਸੱਦੇ ਹੁੰਦੇ ਹਨ। ਵਿਆਹਾਂ ਸਮੇਂ ਬੇਲੋੜਾ ਇਕੱਠ ਰੋਕਣ ਲਈ ਸਿਆਸੀ ਲੀਡਰਾਂ ਨੂੰ ਹੀ ਪਹਿਲ ਕਦਮੀ ਕਰਨੀ ਚਾਹੀਦੀ ਹੈ। ‘ਵੋਟਾਂ ਲੁੱਟਣ’ ਦੇ ਹੋਰ ਬਥੇਰੇ ਢੰਗ ਹਨ। ਇਸ ਬੇਲੋੜੇ ਇਕੱਠਾਂ ਨੇ ਪੰਜਾਬ ਵਿੱਚੋਂ ਕੰਮ ਸੱਭਿਆਚਾਰ ਹੀ ਤਬਾਹ ਕਰਕੇ ਰੱਖ ਦਿੱਤਾ ਹੈ। ਆਮ ਲੋਕੀਂ ਆਪ ਤੋਂ ਵੱਡਿਆਂ ਦੀਆਂ ਬਾਂਦਰ ਨਕਲਾਂ ਹੀ ਕਰਿਆ ਕਰਦੇ ਹਨ। ਇਸ ਦੇਸ਼ ਦੇ ਹਰ ਮਾਮਲੇ ਦੀ ਤਾਣ ਵਧੀ ਹੋਈ ਆਬਾਦੀ ਤੇ ਵੋਟ ਬੈਂਕ `ਤੇ ਆ ਕੇ ਟੁੱਟਦੀ ਹੈ। ਹੁਣ ਨੇਤਾ ਲੋਕ ਵਿਆਹ ਜਾਂ ਭੋਗ ਸਮਾਗਮਾਂ ਤੋਂ ਅਗਾਂਹ ਪੈਨਸ਼ਨਾਂ, ਵਜੀਫੇ, ਆਟਾ, ਦਾਲ, ਗਰਾਂਟਾਂ ਵੰਡਣ ਲਈ ਵੀ ਪਿੰਡਾਂ `ਚ ਘੁਮੰਦੇ ਰਹਿੰਦੇ ਹਨ। ਪਹਿਲਾਂ ਇਹ ਕੰਮ ਸਰਕਾਰੀ ਸਫਤਰਾਂ ਰਾਹੀਂ ਹੋਇਆ ਕਰਦੇ ਸਨ। ਲ਼ੋਕ ਵੀ ਵੋਟਾਂ ਵੇਲੇ ਵਿਕਾਸ ਜਾਂ ਸਾਂਝੇ ਕੰਮਾਂ ਦੀ ਗੱਲ ਨਹੀਂ ਕਰਦੇ। ਉਨ੍ਹਾਂ ਦੀ ਇੱਕੋ ਇੱਕ ਸ਼ਿਕਾਇਤ ਹੁੰਦੀ ਹੈ ਕਿ ਇਹ ਹਲਕੇ `ਚ ਨਹੀਂ ਰਹਿੰਦਾ (ਮਤਲਬ ਸਾਡੇ ਵਿਆਹ ਜਾਂ ਭੋਗ ਤੇ ਨਹੀਂ ਆਇਆ)। ਜੇ ਚੋਣ ਕਮਿਸ਼ਨ ਨੇ ਕੋਈ ਨਿਯਮ ਨਾ ਬਣਾਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਵੋਟਰ ਉਡੀਕਣਗੇ ਕਿ ਨੇਤਾ ਜੀ ਸਾਡੇ ਰਾਸ਼ਨ ਕਾਰਡ, ਡਰਾਇਵਰ ਲਾਇਸੰਸ, ਸਹਾਇਤਾ ਰਾਸ਼ੀ, ਰਿਹਾਇਸ਼, ਜਾਤ ਅਤੇ ਜਨਮ, ਮੌਤ ਦੇ ਸਰਟੀਫਿਕੇਟ ਪਿੰਡ ਵਿੱਚ ਵੰਡਣ ਆਉਣ। ਮੈਨੂੰ ਅਮਰੀਕਾ ਵਿੱਚ ਇੱਕ ਗੋਰੇ ਸੈਨੇਟਰ ਅਤੇ ਕਨੇਡਾ ਵਿੱਚ ਮਿੱਤਰ ਵਿਧਾਇਕਾਂ ਅਤੇ ਐੱਮ. ਪੀ. ਦੇ ਦਫਤਰਾਂ `ਚ ਜਾਣ ਦਾ ਮੌਕਾ ਮਿਲਿਆ ਹੈ। ਉਹ ਪੰਜ ਦਿਨ ਬਾਕਾਇਦਾ ਆਪਣੇ ਦਫਤਰਾਂ ਵਿੱਚ ਸਵੇਰ ਦੇ 9 ਤੋਂ ਸ਼ਾਂਮ 5 ਵਜੇ ਤੱਕ ਬੈਠਕੇ ਕੰਮ ਕਰਦੇ ਹਨ। ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੁੰਦੀ ਹੈ। ਜਾਂ ਸੈਸ਼ਨ ਲਈ ਰਾਜਧਾਂਨੀਆਂ `ਚ ਜਾਂਦੇ ਹਨ।
ਸਾਡੇ ਲੋਕ ਅਤੇ ਲੀਡਰ ਕਦੋਂ ਕੰਮ ਕਰਨ ਵੱਲ ਮੁੜਣਗੇ?
ਬੀ. ਐਸ. ਢਿੱਲੋਂ, ਐਡਵੋਕੇਟ
#146, ਸੈਕਟਰ 49-ਏ.
ਚੰਡੀਗੜ੍ਹ - 160047
ਫੋਨ: 9988091463




.