.

ਸਵੈ ਜੀਵਨੀ

(ਅਤੀ ਸੰਖੇਪ – ਕਿਸ਼ਤ ਨੰ: 03)

Biography (Extra Brief)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਗਿਆਨ ਦਾ ਧਰਮ, ਗਿਆਨ ਬਿਨਾ ਸੰਭਵ ਨਹੀਂ- ਧਿਆਨ ਰਹੇ ਕਿ ਸਿੱਖ ਧਰਮ ਜਜ਼ਬਾਤੀ ਜਾਂ ਜਨੂੰਨੀ ਧਰਮ ਤਾਂ ਹੈ ਨਹੀਂ। ਇਹ ਧਰਮ, ਗਿਆਨ ਦਾ ਧਰਮ ਹੈ। ਗਿਆਨ ਵੀ ਉਹ ਜੋ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਰਾਹੀਂ ਬਖਸ਼ੀ ਜੀਵਨ-ਜੁਗਤ ਅਥਵਾ ਜੀਵਨ-ਜਾਚ ਤੋਂ ਪ੍ਰਗਟ ਹੋਣਾ ਹੈ। ਇਸ ਲਈ ਗਿਆਨ ਦਾ ਇਹ ਧਰਮ, ਗੁਰਬਾਣੀ ਵਾਲੇ ਉਸ ਰੱਬੀ ਗਿਆਨ ਦੀ ਪ੍ਰਾਪਤੀ ਬਿਨਾ ਕਿਸੇ ਦੇ ਜੀਵਨ ਦੀ ਖੁਸ਼ਬੂ ਨਹੀਂ ਬਣ ਸਕਦਾ। ਅੱਜ ਸਿੱਖ ਧਰਮ `ਚ ਪਤਿੱਤਪੁਣਾ ਸ਼ਿੱਖਰਾਂ `ਤੇ ਹੈ ਤੇ ਇਹ ਹਾਲਤ ਉਸ ਕੌਮ ਦੀ ਹੈ ਜਿਸ `ਚ ਵੱਡੇ ਵੱਡੇ ਤਸੀਹੇ ਸਹਿ ਕੇ ਵੀ ਸ਼ਹੀਦੀਆਂ ਦੇਣ ਵਾਲੇ ਤਾਂ ਬੇਅੰਤ ਪੈਦਾ ਹੋਏ ਪਰ ਇੱਕ ਨੇ ਵੀ ਆਪਣੇ ਸਰੂਪ `ਤੇ ਆਂਚ ਨਹੀਂ ਆਉਣ ਦਿੱਤੀ।

ਇਸ ਦੇ ਲਈ ਕਾਰਣ ਬਹੁਤ ਹਨ ਪਰ ਮੁੱਖ ਇਕੋ ਹੀ ਹੈ। ਸਿੱਖ ਧਰਮ ਚੂੰਕਿ ਗਿਆਨ ਦਾ ਧਰਮ ਹੈ ਤੇ ਕਿਸੇ ਵੀ ਗਿਆਨ ਦੀ ਤਿਆਰੀ, ਮਨੁੱਖ ਨੂੰ ਆਪਣੇ ਆਪ ਤੋਂ ਹੀ ਕਰਣੀ ਹੁੰਦੀ ਹੈ। ਠੀਕ ਉਸੇ ਤਰ੍ਹਾਂ ਜਿਵੇਂ ਕਿਸੇ ਅਰਥ-ਸ਼ਾਸਤ੍ਰੀ ਦਾ ਬੱਚਾ ਤਾਂ ਹੀ ਅਰਥ-ਸ਼ਾਸਤ੍ਰੀ ਬਣੇਗਾ ਜੇਕਰ ਇਸ ਲਈ ਆਪ ਮੁਢੋਂ ਪੜ੍ਹਾਈ ਕਰੇ, ਉਂਝ ਨਹੀਂ। ਇਹੀ ਗੱਲ ਸਾਇੰਸਦਾਨ, ਐਡਮਨਿਸਟ੍ਰੇਰ, ਫ਼ੌਜੀ ਤੇ ਹਰੇਕ ਗਿਆਨ `ਤੇ ਲਾਗੂ ਹੁੰਦੀ ਹੈ। ਪ੍ਰਵਾਰ `ਚ ਵਡਿਆਂ ਦੀ ਕੀਤੀ ਪੜ੍ਹਾਈ, ਬੱਚੇ ਨੂੰ ਕਿਸੇ ਹੱਦ ਤੀਕ ਹੀ ਸਹਾਈ ਹੋ ਸਕਦੀ ਹੈ ਪਰ ਹਰੇਕ ਬੱਚੇ ਨੇ ਆਪਣੀ ਪੜ੍ਹਾਈ ਅਰੰਭ ਤੋਂ ਆਪ ਕਰਣੀ ਹੈ। ਇਸ ਦੇ ਉਲਟ, ਪ੍ਰਵਾਰ ਵਾਲੇ ਚਾਹੇ ਕਿੰਨੀਆਂ ਡਿੱਗਰੀਆਂ-ਡਿਪਲੋਮੇ ਲਈ ਬੈਠੇ ਹੋਣ, ਅਮੁੱਕੇ ਕਿੱਤੇ ਦੀ, ਬਿਨਾ ਆਪ ਪੜ੍ਹਾਈ ਕੀਤੇ, ਬੱਚਾ ਅਮੁੱਕੇ ਗਿਆਨ ਤੋਂ ਕੋਰਾ ਹੀ ਰਹੇਗਾ।

ਠੀਕ ਇਹੀ ਗੱਲ ਰੱਬੀ ਗਿਆਨ `ਤੇ ਵੀ ਲਾਗੂ ਹੁੰਦੀ ਹੈ। ਇਸ ਲਈ ਸਿੱਖ ਦਾ ਬੱਚਾ ਵੀ ਤਾਂ ਹੀ ਸਿੱਖ ਰਹਿ ਸਕੇਗਾ, ਜੇਕਰ ਗੁਰਬਾਣੀ ਦਾ ਸਿੱਕੇਬੰਦ ਗਿਆਨ ਭਾਵ ਗੁਰਬਾਣੀ ਜੀਵਨ-ਜਾਚ ਉਸ ਨੂੰ ਜਨਮ ਤੋਂ ਕਿਸੇ ਯੋਗ ਵੱਸੀਲੇ ਤੇ ਨਿਯਮਤ ਢੰਗ ਨਾਲ ਮਿਲੇ। ਇਸ ਦੇ ਉਲਟ, ਜਿਵੇਂ ਕਿ ਬੇਨਤੀ ਕੀਤੀ ਜਾ ਚੁੱਕੀ ਹੇ ਕਿ ਅੱਜ ਸਿੱਖ ਬੱਚੇ ਦੀ ਇਹ ਮੁੱਢਲੀ ਲੋੜ ਕਿਸੇ ਪਾਸਿਓਂ ਵੀ ਪੂਰੀ ਨਹੀਂ ਹੋ ਰਹੀ। ਇਹੀ ਵੱਡਾ ਕਾਰਣ ਹੈ ਇਸ ਪਤਿੱਤਪੁਣੇ ਦੀ ਲਹਿਰ ਦਾ। ਇਸ ਤਰ੍ਹਾਂ ਇਹੀ ਆਧਾਰ ਹੈ ਇਸ ਘਰ-ਘਰ `ਚ ਬਿਨਾ ਮੰਗੇ, ਬਿਨਾ ਮੰਗਵਾਏ ਵਿਸ਼ੇ ਬੰਦ (Topic-wise) ਗੁਰਮਤਿ ਪਾਠਾਂ ਪਹੁੰਚਾਉਣ ਵਾਲੇ ਇਸ ਪ੍ਰਾਜੈਕਟ ਦਾ; ਤਾਕਿ ਹਰੇਕ ਗੁਰੂਦਰ ਨਾਲ ਸਬੰਧਤ ਪ੍ਰਵਾਰ ਤੀਕ ਗੁਰਮਤਿ ਦੀ ਸਿੱਕੇ ਬੰਦ ਪੜ੍ਹਾਈ ਲਈ ਚਾਅ ਤੇ ਉੱਦਮ ਪੈਦਾ ਕੀਤਾ ਜਾ ਸਕੇ ਜਿਸ ਤੋਂ ਪਤਿਤਪੁਣੇ ਨੂੰ ਠੱਲ ਪੈ ਸਕੇ।

ਇਸ ਲਈ ਜ਼ਰੂਰੀ ਹੈ ਕਿ ਪ੍ਰਾਜੈਕਟ ਦੇ ਨਿਸ਼ਾਨੇ ਨੂੰ ਅੱਗੇ ਵਧਾਉਣ ਲਈ ਹਰੇਕ ਪੰਥ ਦਰਦੀ ਤੇ ਵਿਦਵਾਨ ਦਾ ਪੂਰਾ ਪੂਰਾ ਮਾਨ-ਸਤਿਕਾਰ ਕਾਇਮ ਰਖਦੇ ਹੋਏ, ਇਹ ਸਮੁਚੇ ਪਾਠ ਨਿਰੋਲ ‘ਪਰਚਾ ਸ਼ਬਦ ਕਾ’ ਹੋਣ ਤੇ ਉਸ ਤੋਂ ਬਾਹਰ ਨਾ ਜਾਂਦੇ ਹੋਣ। ਇਸੇ ਦਾ ਨਤੀਜਾ ਹੈ, ਅੱਜ ਅਨੇਕਾਂ ਪੰਥਕ ਵਿਦਵਾਨਾਂ, ਦਰਦੀਆਂ, ਪ੍ਰਚਾਰਕਾਂ, ਲੇਖਕਾਂ, ਗੁਰਦੁਆਰਾ ਪ੍ਰਬੰਧਕਾਂ ਆਦਿ ਵਲੋਂ, ਦਾਸ ਨੂੰ ਇਸ ਕਾਰਜ ਲਈ ਅਸੀਮ ਸਤਿਕਾਰ ਪ੍ਰਾਪਤ ਹੋ ਰਿਹਾ ਹੈ। ਫ਼ਿਰ ਵੀ ਕਹਿਣਾ ਪਵੇਗਾ ਕਿ ਸਮੁਚੇ ਪੰਥ `ਚ ਇਸ ਨਵੀਂ ਕਿਸਮ ਦੇ ਪੰਥਕ ਪ੍ਰਾਜੈਕਟ ਨੂੰ ਸੰਗਤਾਂ ਸਾਹਮਣੇ ਲਿਆਉਣ ਲਈ ਇਸ ਰਸਤੇ `ਚ ਅਜੇ ਬੇਅੰਤ ਔਖਿਆਈਆਂ ਤੇ ਰੁਕਾਵਟਾਂ ਵੀ ਹਨ।

ਖੈਰ, ਜਿਸ ਕਰਤੇ ਨੇ ਫ਼ੁਰਣਾ ਤੇ ਉੱਦਮ ਬਖ਼ਸ਼ਿਆ, ਇਸ ਪਾਸੇ ਦਾਸ ਦੀ ਬਾਂਹ ਵੀ ਉੇਸੇ ਨੇ ਪਕੜੀ। ਲਗਭਗ ਸੰਨ 1965 ਤੋਂ ਇਹ ਪ੍ਰਾਜੈਕਟ ਆਪਣੇ ਟੁਟੇ-ਫੁਟੇ ਰੂਪ `ਚ ਸੰਗਤਾਂ ਦੇ ਚਰਨਾਂ `ਚ ਪੁਜਣਾ ਸ਼ੁਰੂ ਹੋ ਗਿਆ ਸੀ। ਸੰਨ 1996 `ਚ ਪੰਥ ਦੇ ਇਸ ਅਤਿ ਜ਼ਰੂਰੀ ਪ੍ਰਾਜੈਕਟ ਨੂੰ ‘ਗੁਰਮਤਿ ਐਜੁਕੇਸ਼ਨ ਸੈਂਟਰ-ਦਿੱਲੀ’ ਵਾਲਾ ਨਾਮ ਪ੍ਰਾਪਤ ਹੋਇਆ ਜੋ ਕਿ ਆਪਣੇ ਆਪ `ਚ (A Unit of Gurmat Educational & Charitable Society Rgd.) ਦੀ ਹੀ ਇਕਾਈ ਹੈ। ਇਸ ਵਿਸ਼ੇ `ਤੇ ਦਾਸ ਦੀਆਂ ਅਰੰਭਕ ਲਿਖਿਤਾਂ ਬੱਚਿਆਂ ਲਈ ‘ਮੁਢਲੀ ਜਾਣਕਾਰੀ ਸਿੱਖ ਧਰਮ’, ‘ਦਸ ਪਾਤਸ਼ਾਹੀਆਂ ਦਾ ਸੰਖੇਪ ਇਤਿਹਾਸ’ ਤੇ ‘ਸਿਖ ਸ਼ਹੀਦਾਂ ਦੀਆਂ ਸੰਖੇਪ ਜੀਵਨੀਆਂ’ ਅਥਵਾ ‘ਖੂਨ ਸ਼ਹੀਦਾਂ ਦਾ’ ਸਨ। ਉਪ੍ਰੰਤ ਬਹੁਤ ਜਲਦੀ ‘ਅਨੰਦ ਕਾਰਜ’, ਮਿਰਤਕ ਸੰਸਕਾਰ, ਮੁਰ ਪਿਤ ਪੂਰਬ ਕੀਅਸ ਪਿਆਨਾ’, ‘ਅਨਮਤੀ ਤਿਉਹਾਰਾਂ ਦਾ ਸਿੱਖ ਧਰਮ `ਤੇ ਪ੍ਰਭਾਵ’, ‘ਵੀਰੋ ਸਿੱਖੀ ਸੰਭਾਲੋ’, ‘ਜਨਮ ਸੰਸਕਾਰ’ ‘ਹੇਮਕੁੰਟ ਦਰਸ਼ਨ?’ ਆਦਿ ਸੰਨ 1980 ਤੋਂ ਵੀ ਬਹੁਤ ਪਹਿਲਾਂ ਸੰਗਤਾਂ `ਚ ਪੁੱਜ ਚੁੱਕੀਆਂ ਸਨ। ਮਕਸਦ ਇਕੋ ਹੈ ਕਿ ਅਤਿ ਸੰਖੇਪ, ਦਲੀਲ਼ ਭਰਪੂਰ ਤੇ ਸਰਲ ਭਾਸ਼ਾ ਤੇ ਸਰਲ ਢੰਗ ਨਾਲ ਗੁਰਮਤਿ ਦੀ ਸਪਸ਼ਟ ਜਾਣਕਾਰੀ ਸੰਗਤਾਂ `ਚ ਬਿਨਾ ਮੰਗੇ, ਬਿਨਾ ਮੰਗਵਾਏ, ਬਿਨਾ ਭੇਟਾ, ਸੰਗਤਾਂ ਦੇ ਹੀ ਸਹਿਯੋਗ ਨਾਲ, ਘਟੋ ਘਟ ਪ੍ਰਵਾਰ ਪਧਰ `ਤੇ ਹਰੇਕ ਗੁਰੂ ਨਾਨਕ ਨਾਮ ਲੇਵਾ ਤੀਕ ਆਪਣੇ ਆਪ ਪੁੱਜੇ, ਜਿਹੜੀ ਕਿ ਕਿਸੇ ਪਾਸਿਉਂ ਤੇ ਕਿਸੇ ਨਿਯਮਤ ਢੰਗ ਸੰਗਤਾਂ ਨੂੰ ਪ੍ਰਾਪਤ ਨਹੀਂ ਹੋ ਰਹੀ।

ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ ਦੇ ਭਾਵੀ ਨਿਸ਼ਾਨੇ-ਜਿਉਂ ਜਿਉਂ ਸੰਗਤਾਂ ਵਲੋਂ ਇਸ ਪ੍ਰਾਜੈਕਟ ਲਈ ਸਹਿਯੋਗ `ਚ ਵਾਧਾ ਹੁੰਦਾ ਜਾਏਗਾ ਤਾਂ ਇਹਨਾ ਹੀ ‘ਗੁਰਮਤਿ ਪਾਠਾਂ’ ਦੇ ਅੰਗ੍ਰੇਜ਼ੀ-ਹਿੰਦੀ ਤੇ ਹੋਰ ਲੋੜੀਂਦੀਆਂ ਭਾਸ਼ਾਵਾਂ `ਚ ਅਨੁਵਾਦ ਹੋਣੇ ਹਨ। ਇਹਨਾ ‘ਗੁਰਮਤਿ ਪਾਠਾਂ’ ਦੇ ਆਧਾਰ `ਤੇ ਪੇਂਡੂ ਤੇ ਅਨਪੜ੍ਹ ਜਨਤਾ ਲਈ ਕਵੀਸ਼ਰੀ ਤਿਆਰ ਹੋਣੀ ਹੈ। ਇਹਨਾ ਦੇ ਆਧਾਰ `ਤੇ ਹੀ ਬਚਿਆਂ ਲਈ ਸੰਖੇਪ ਲਿਖਿਤਾਂ, ਸੰਵਾਦ, ਪ੍ਰਸ਼ਨ-ਉੱਤਰ, ਖੇਡਾਂ, ਕਾਮਿਕ ਤਿਆਰ ਹੋਣੇ ਹਨ; ਆਡਿਓ-ਵੀਡੀਓ ਕੈਸੇਟਾਂ, ਸੀ: ਡੀਜ਼, ਡੀ. ਵੀ. ਡੀਜ਼ ਤੇ ਸਮੇਂ ਨਾਲ ਹੋਂਦ `ਚ ਆਈਆਂ ਐਮ. ਪੀ. ੩ ਤੇ ਇਸ ਪ੍ਰਾਜੈਕਟ ਅਧੀਨ ਸਮੇਂ ਸਮੇਂ ਨਾਲ ਲੋੜੀਂਦੇ ਬਦਲ ਤੇ ਵਿਸਤਾਰ। ਜਦਕਿ ਇਹਨਾ `ਚੋਂ ਕੁੱਝ ਸੇਵਾਵਾਂ ਚਾਲੂ ਵੀ ਹੋ ਚੁੱਕੀਆਂ ਹਨ। ਇਸ ਤਰ੍ਹਾਂ ਇਹ ਪ੍ਰਾਜੈਕਟ ਆਪਣੇ ਆਪ `ਚ, ਇਸੇ ‘ਸਿਖ ਮਿਸ਼ਨਰੀ ਲਹਿਰ’ ਦਾ ਜ਼ਰੂਰੀ ਅੰਗ ਹੋਣ ਦੇ ਬਾਵਜੂਦ ਆਪਣੇ ਵੱਖ-ਵੱਖ ਤੇ ਵਿਲਖਣ ਰੂਪ ਵੀ ਰਖਦਾ ਹੈ ਅਤੇ ਪੁਸ਼ਤ –ਦਰ ਪੁਸ਼ਤ ਦੇ ਆਧਾਰ `ਤੇ ਸਦੀਵੀ ਪੰਥਕ ਪ੍ਰਾਜੈਕਟ ਦੇ ਨਜ਼ਰੀਏ ਨਾਲ ਹੈ। ਇਸ ਪ੍ਰਾਜੈਕਟ ਰਾਹੀਂ ਸਭ ਤੋਂ ਵੱਧ ਇਹੀ ਨਿਯਮਿਤ ਕਰਨ ਦੀ ਕੋਸ਼ਿਸ਼ ਹੈ ਕਿ ਜਿਵੇਂ ਕਿਵੇਂ ਤੇ ਕਿਸੇ ਤਰ੍ਹਾਂ, ਗੁਰੂ ਦਰ ਨਾਲ ਸਬੰਧਤ, ਪਨੀਰੀ-ਦਰ-ਪਨੀਰੀ ਨੂੰ ਪੰਥਕ ਲਹਿਰ ਦੇ ਰੂਪ `ਚ ਇਹ ‘ਗੁਰਮਤਿ ਪਾਠ’ ਆਪਣੇ ਆਪ ਪੁੱਜਦੇ ਰਹਿਣ। ਇਹੀ ਕਾਰਣ ਹੈ ਕਿ ਸੈਂਟਰ `ਚ ਹਰੇਕ ਲਿਖੇ ਜਾਣ ਵਾਲੇ ਗੁਰਮਤਿ ਪਾਠ ਦੀ ਉਮਰ ਆਉਂਦੇ ਤਿੰਨ ਸੌ ਸਾਲ ਮਿੱਥੀ ਜਾਂਦੀ ਹੈ। ਕਿਸੇ ਵੀ ਗੁਰਮਤਿ ਪਾਠ ਨੂੰ ਵੱਕਤੀ ਜੋਸ਼ ਜਾਂ ਰਾਜਨੀਤਿਕ ਪ੍ਰਭਾਵ ਹੇਠ ਆ ਕੇ ਨਹੀਂ ਲਿਖਿਆ ਜਾਂਦਾ।

ਦਾਸ ਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਲੜੀ `ਚ ਦਾਸ ਹੁਣ ਤੀਕ ਦੋ ਸੌ ਦੇ ਕਰੀਬ ‘ਗੁਰਮਤਿ ਪਾਠ’ ਲਿਖ ਚੁੱਕਾ ਤੇ ਨਾਲ-ਨਾਲ ਵੈਬ ਸਾਈਟਾਂ ਰਾਹੀਂ ਅਤੇ ਲਿਖਤਾਂ ਦੇ ਰੂਪ `ਚ ਵੀ ਲਖਾਂ ਦੀ ਗਿਣਤੀ `ਚ ਸੰਗਤਾਂ ਤੀਕ ਪੁੱਜ ਰਹੇ ਹਨ। ਇਸ ਤਰ੍ਹਾਂ ਜਦੋਂ ਵੈਬ ਸਾਈਟਾਂ ਦੀ ਗੱਲ ਆਉਂਦੀ ਹੈ ਤਾਂ ਅਚਣਚੇਤ ਸ੍ਰ: ਮੱਖਣ ਸਿੰਘ ਜੀ ਪੁਰੇਵਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤੇ ਬਿਨਾ ਨਹੀਂ ਰਿਹਾ ਜਾ ਸਕਦਾ ਜਿਨਾਂ ਦੇ ਉੱਦਮ ਨਾਲ ਉਹਨਾਂ ਦੀ ਵੈਬ ਸਾਈਟ www.sikhmarg.com ਰਾਹੀਂ ਪਿਛਲੇ ਕੁੱਝ ਸਾਲਾਂ ਤੋਂ, ਬੜੇ ਸਤਿਕਾਰ ਤੇ ਪਿਆਰ ਦੇ ਜਜ਼ਬੇ ਨਾਲ ਲਗਭਗ ੭੭ ਤੋਂ ਵੱਧ ਦੇਸ਼ਾਂ `ਚ ਗੁਰੂ ਕੀਆਂ ਸੰਗਤਾਂ ਤੀਕ ਇਹਨਾ ਪਾਠਾਂ ਨੂੰ ਪਹੁੰਚਾਉਣ ਵਾਲੀ ਸੇਵਾ ਵੀ ਆਪਣੇ ਆਪ ਨਿਭਾਅ ਰਹੇ ਹਨ। ਇਹ ਵੱਖਰੀ ਗੱਲ ਹੈ, ਜੇ ਕਰ ਕਰਤੇ ਨੂੰ ਮਨਜ਼ੂਰ ਹੋਇਆ ਤਾਂ ਦਾਸ ਦਾ ਨਿਸ਼ਾਨਾ ਪੰਥ ਲਈ ਘਟੋ-ਘਟ ਤਿੰਨ ਸੌ ਜਾਂ ਇਸ ਤੋਂ ਵੀ ਵੱਧ ਗੁਰਮਤਿ ਪਾਠਾਂ ਨੂੰ ਤਿਆਰ ਕਰਕੇ ਪੰਥ `ਚ ਪਹੁੰਚਾਉਣ ਦਾ ਹੈ।

ਇਸਦੇ ਨਾਲ ਨਾਲ, ਪਾਤਸ਼ਾਹ ਦੀ ਹੀ ਬਖਸ਼ਿਸ਼ ਸਦਕਾ ਅੱਜ ਇਹ ਗੁਰਮਤਿ ਪਾਠ, ਸੰਸਾਰ ਭਰ ਦੀਆਂ ਸੰਗਤਾਂ `ਚ ਇੱਤਨੇ ਹਰਮਨ ਪਿਆਰੇ ਹੋ ਚੁੱਕੇ ਹਨ ਕਿ ਇਹਨਾ `ਚੋਂ ਕਈ ਗੁਰਮਤਿ ਪਾਠ ਤਾਂ ਆਪਣੇ ਕਿੰਨੇਂ ਕਿੰਨੇਂ ਹੀ ਪ੍ਰਿੰਟ ਲੈ ਕੇ ਗੁਰੂ ਕੀਆਂ ਸੰਗਤਾਂ `ਚ ਪੁੱਜ ਚੁੱਕੇ ਤੇ ਪੁੱਜ ਰਹੇ ਹਨ। ਸੰਸਾਰ ਪੱਧਰ `ਤੇ ਅਨੇਕਾਂ ਜਥੇਬੰਦੀਆਂ, ਪ੍ਰਚਾਰਕਾਂ, ਪੰਥਕ ਲੇਖਕਾਂ, ਵਿਦਵਾਨਾਂ ਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਦੀ ਵਿਚਾਰਧਾਰਾ `ਚ ਗੁਰਬਾਣੀ ਆਧਾਰ `ਤੇ ਇਕਸਾਰਤਾ ਲਿਆਉਣ `ਚ ਇਹਨਾ ‘ਗੁਰਮਤਿ ਪਾਠਾਂ’ ਦਾ ਵੱਡਾ ਯੋਗਦਾਨ ਹੈ। ਉਂਝ ਇਹਨਾ ਪਾਠਾਂ ਤੋਂ ਇਲਾਵਾ ਹੁਣ ਤੀਕ ਸੰਗਤਾਂ `ਚ ਪੁੱਜ ਚੁੱਕੇ ਪਾਠਾਂ ਦੇ ਆਧਾਰ `ਤੇ ਲਾਇਬ੍ਰੇਰੀ ਪੈਕ (ਇਕ ਪੈਕ ਨੌਂ ਪ੍ਰਾਪਤੀਆਂ) ਦੇ ਨਾਮ `ਤੇ, ਉਪ੍ਰੰਤ ਬਾਣੀ “ਆਸਾ ਕੀ ਵਾਰ-ਗੁਰਮਤਿ ਵਿਚਾਰ, ਦਰਸ਼ਨ ਅਤੇ ਸਟੀਕ”, “ਰਾਗਮਾਲਾ ਪੜਚੋਲ”, “ਕਉਣੁ ਮਾਸ ਕਉਣੁ ਸਾਗ ਕਹਾਵੈ” “ਗੁਰਮਤਿ ਰਹਿਣੀ ਭਾਗ ੧” “ਅਨੰਦਕਾਰਜ”, “ਕੇਸ ਮਨੁੱਖ ਤੇ ਗੁਰੂ ਨਾਨਕ ਪਾਤਸ਼ਾਹ” ਅਦਿ ਪੁਸਤਕਾਂ ਵੀ ਸੰਗਤਾਂ `ਚ ਪੁੱਜ ਰਹੀਆਂ ਹਨ।

ਸੰਸਾਰ ਪੱਧਰ `ਤੇ ਸਤਿਕਾਰ-ਇਹ ਵੀ ਕਰਤੇ ਦੀ ਹੀ ਬਖਸ਼ਿਸ਼ ਹੈ ਕਿ ਜਿੱਤਨਾ ਸੁਪਨਾ ਸੰਨ 1956 `ਚ ਕੇਵਲ ਦੋ ਵੀਰਾਂ ਨੇ ਲਿਆ ਸੀ ਉਹ ਸੀ, ਗੁਰੂ ਕੀਆਂ ਸੰਗਤਾਂ ਵਿਚਕਾਰ, ਬਾਣੀ ਸੋਝੀ ਬਾਰੇ ਜਾਗ੍ਰਿਤੀ ਲਈ ਲਹਿਰ ਪੈਦਾ ਕੀਤੀ ਜਾ ਸਕੇ। ਇਹ ਸੁਪਨਾ ਤਾਂ ਕਾਫ਼ੀ ਹੱਦ ਤੀਕ, ਆਪਣੇ ਜੀਵਨ ਕਾਲ `ਚ ਹੀ ਸਾਕਾਰ ਹੋ ਗਿਆ ਹੈ। ਅੱਜ ਸੰਸਾਰ ਪੱਧਰ `ਤੇ ਗੁਰਮਤਿ ਜੀਵਨ ਨੂੰ ਜਾਨਣ ਦੀ ਸੰਗਤਾਂ `ਚ ਵਧੇਰੇ ਚਾਹ ਹੈ। ਗੁਰਮਤਿ-ਗੁਰਬਾਣੀ ਆਧਾਰਿਤ ਕਲਾਸਾਂ (ਮਿਨੀ ਸਤਿਸੰਗਾਂ) ਦੀ ਲਹਿਰ ਵੀ ਸੰਸਾਰ ਤੱਲ `ਤੇ ਚਲ ਰਹੀ ਹੈ। ਇਸ ਦੇ ਨਾਲ ਨਾਲ ਸੰਸਾਰ ਪੱਧਰ ਤੇ ਸੰਗਤਾਂ ਨੇ ਜੋ ਦਾਸ ਦੀ ਬੇਅੰਤ ਕੱਦਰਦਾਨੀ ਕੀਤੀ, ਉਸ ਨੂੰ ਵੀ ਅਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸੰਸਾਰ ਭਰ ਤੋਂ ਬੇਅੰਤ ਟੈਲੀਫ਼ੋਨ, ਈ-ਮੇਲ ਤੇ ਪ੍ਰਸ਼ੰਸਾ ਪਤ੍ਰਾਂ ਤੋਂ ਇਲਾਵਾ ਸੱਦਾ ਪਤ੍ਰ ਪ੍ਰਾਪਤ ਵੀ ਹੁੰਦੇ ਹਨ। ਇਹਨਾ ਸੱਦਾ ਪਤ੍ਰਾਂ ਦਾ ਹੀ ਨਤੀਜਾ, ਦਾਸ ਅਮਰੀਕਾ-ਕੈਨੇਡਾ-ਥਾਈਲੈਂਡ ਆਦਿ ਭਿੰਨ-ਭਿੰਨ ਦੇਸ਼ਾਂ `ਚ ਪੁੱਜ ਕੇ, ਭਰਵੀਂ ਹਾਜ਼ਰੀ ਵਾਲੇ ਗੁਰੂ ਕੀਆਂ ਸੰਗਤਾਂ ਦੇ ਵੱਡੇ ਵੱਡੇ ਇਕੱਠਾਂ ਵਿਚਕਾਰ, ਗੁਰਮਤਿ ਦੇ ਭਿੰਨ ਭਿੰਨ ਵਿਸ਼ੇ ਖੋਲਣ ਉਪ੍ਰੰਤ ਗੁਰਮਤਿ ਵਿਚਾਰਾਂ ਤੇ ਪ੍ਰਚਾਰ-ਪ੍ਰਸਾਰ ਸਮਸਿਆਂਵਾਂ `ਤੇ ਆਧਾਰਿਤ ਵਿਚਾਰਾਂ ਵੀ ਸਾਂਝੀਆਂ ਕਰ ਚੁੱਕਾ ਹੈ ਤੇ ਸਮਾਂ ਬਨਣ ਤੇ ਇਹ ਕਾਰਜ ਚਲਦਾ ਵੀ ਰਹਿੰਦਾ ਹੈ। ਇਹੀ ਨਹੀਂ ਸੰਸਾਰ ਭਰ `ਚ ਦਾਸ ਦੀਆਂ ਲਿਖਿਤਾਂ ਭਾਵ ‘ਗੁਰਮਤਿ ਪਾਠਾਂ’ ਨੂੰ ਪੜ੍ਹਣ ਤੋਂ ਇਲਾਵਾ, ਸੰਗਤਾਂ ਵਿਚਕਾਰ ਖੁਦ ਵੰਡਣ ਲਈ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਥੇ ਹੀ ਬੱਸ ਨਹੀਂ, ਭਿੰਨ ਭਿੰਨ ਗੁਰਮਤਿ ਸੈਮੀਨਾਰਾਂ, ‘ਇੰਟਰ ਰੀਲੀਜਨ ਕਾਂਨਫਰਂਸਾਂ’ ਲਈ ਵੀ ਦਾਸ ਨੂੰ ਸੱਦਾ ਪਤ੍ਰ ਪ੍ਰਾਪਤ ਹੁੰਦੇ ਰਹਿੰਦੇ ਹਨ। ਕਈ ਵਾਰੀ ਤਾਂ ਭਿੰਨ ਭਿੰਨ ਗੁਰਮਤਿ ਸੈਮੀਨਾਰਾਂ ਸਮੇਂ, ਵਿਸ਼ਾ ਅਲਾਟ ਕਰ ਕੇ ਉਚੇਚੇ ਪੇਪਰ ਲਿਖਣ ਦੇ ਨਾਲ ਖੁਦ ਪੜ੍ਹਨ ਲਈ ਵੀ ਸੱਦਾ ਪਤ੍ਰ ਮਿਲਦੇ ਹਨ। ‘ਬਾਣੀ ਜਪੁ `ਚ ਸਚਿਆਰਾ ਦਾ ਸੰਕਲਪ’, ‘ਜਬ ਲਗ ਖਾਲਸਾ ਰਹੈ ਨਿਆਰਾ’ ‘ਸਿੱਖ ਦੀ ਪਰਿਭਾਸ਼ਾ’ ‘ਬਾਣੀ ਸੋਹਿਲਾ ਬਾਰੇ’ ਆਦਿ ਬਹੁਤੇਰੇ ਗੁਰਮਤਿ ਪਾਠ, ਗੁਰਮਤਿ ਸੈਮੀਨਾਰਾਂ ਲਈ ਲਿਖੇ ਤੇ ਸੈਮੀਨਾਰਾਂ ਸਮੇਂ ਆਪ ਪੜ੍ਹੇ ਗਏ ਪੇਪਰ ਹੀ ਹਨ। ਸਮੇਂ ਸਮੇਂ `ਤੇ ਸੰਗਤਾਂ ਵਲੋਂ ਪ੍ਰਾਪਤ ਅਜਿਹੇ ਸਤਿਕਾਰ ਸਮਾਗਮਾਂ ਲਈ ਵੀ ਦਾਸ ਸੰਸਾਰ ਭਰ ਦੀਆਂ ਸੰਗਤਾਂ ਦਾ ਰਿਣੀ ਰਹੇਗਾ।

ਕੇਵਲ ਛੇ ਪੰਥਕ ਲਹਿਰਾਂ -ਕੌਮ ਵੱਡੇ ਰਸਾਤਲ ਵੱਲ ਜਾ ਚੁੱਕੀ ਹੈ। ਇਸ ਦਾ ਮੁੱਖ ਕਾਰਣ ਇਕੋ ਹੈ ਤੇ ਉਹ ਹੈ ‘ਗੁਰਮਤਿ-ਗੁਰਬਾਣੀ ਜੀਵਨ’ ਤੇ ਸਿੱਖ ਦੀ ‘ਨਿੱਤ ਦੀ ਰਹਿਨੀ’ ਵਿਚਾਲੇ ਵੱਡਾ ਪਾੜਾ। ਇਸੇ ਘਾਟ ਦਾ ਨਤੀਜਾ ਹੈ, ਸਿੱਖ ਦੀ ਰਹਿਣੀ ਤੇ ਰਗ-ਰਗ `ਚ ਧੱਸ ਚੁਕੀਆਂ ਵਿਪਰਨ ਦੀਆਂ ਰੀਤਾਂ, ਅਨਮੱਤਾਂ, ਹੂੜਮੱਤਾਂ ਬਲਕਿ ਅਜੋਕੇ ਬਹੁਤੇ ਸਿੱਖਾਂ ਦਾ ਜੀਵਨ ਤਾਂ ਦੁਰਮੱਤਾ ਨਾਲ ਵੀ ਓਤ-ਪ੍ਰੋਤ ਹੋਇਆ ਪਿਆ ਹੈ। ਇਸੇ ਪੰਥਕ ਤਬਾਹੀ ਨੂੰ ਦੇਖਦੇ ਤੇ ਪ੍ਰੇਸ਼ਾਨੀ ਦੀ ਹੱਦ ਤੀਕ ਪੁੱਜੇ ਮਨ ਨੂੰ, ਅਕਾਲਪੁਰਖ ਨੇ ਜੋ ਸੋਝੀ ਬਖਸ਼ੀ ਉਸ ਅਨੁਸਰ ਦਾਸ ਵਲੋਂ ਪੰਥ ਨੂੰ ਪਨੀਰੀ-ਦਰ-ਪਨੀਰੀ ਚਾਲੂ ਰਖਣ ਲਈ, ਘਟੋ-ਘਟ ਛੇ ਪੰਥਕ ਲਹਿਰਾਂ ਲਈ ਸਲਾਹ ਦਿੱਤੀ ਗਈ ਹੈ। ਉਪ੍ਰੰਤ “ਕੇਵਲ ਛੇ ਪੰਥਕ ਲਹਿਰਾਂ ਦੀ ਵੱਡੀ ਲੋੜ” ਗੁਰਮਤਿ ਪਾਠ ਨੰ: ੮੫ `ਚ ਇਹਨਾ ਲਹਿਰਾਂ ਬਾਰੇ ਸੰਖੇਪ ਜਾਣਕਾਰੀ ਦੇਣ ਦਾ ਵੀ ਯਤਣ ਕੀਤਾ ਹੈ। ਇਸ ਸਾਰੇ ਲਈ ਕੇਵਲ ਸਲਾਹ ਤੇ ਜਾਣਕਾਰੀ ਹੀ ਨਹੀਂ ਦਿੱਤੀ, ਬਲਕਿ “ਗੁਰਮਤਿ ਐਜੁਕੇਸ਼ਨ ਸੈਂਟਰ-ਦਿੱਲੀ” ਅਧੀਨ ਚਲ ਰਿਹਾ ‘ਘਰ-ਘਰ `ਚ ਗੁਰਮਤਿ ਦੀ ਵਿਸ਼ੇ ਬੰਦ ਪੜ੍ਹਾਈ” ਉਸੇ ਹੀ ਲੜੀ `ਚੋਂ ਇੱਕ ਲਹਿਰ ਹੈ। ਇਸੇ ਤਰ੍ਹਾਂ ‘ਗੁਰਮਤਿ ਪਾਠ ਨੰਬਰ 93 ‘ਪਰੋਮੋਸ਼ਨਲ ਗੁਰਮਤਿ ਕਲਾਸਾਂ’ ਵੀ ਉਸੇ ਲੜੀ ਵਿਚਲਾ ਵਿਸ਼ਾ ਹੈ ਜਿਸ ਨੂੰ ਕੁੱਝ ਹੋਰ ਵੇਰੇਵੇ ਨਾਲ, ਵੱਖਰੇ ਗੁਰਮਤਿ ਪਾਠ ਦੇ ਤੌਰ `ਤੇ ਖੋਲਿਆ ਹੈ। ‘ਬਚਿਆਂ ਵਾਸਤੇ ਗੁਰਬਾਣੀ-ਗੁਰਮਤਿ ਕਵਿਜ਼’ ਤੇ ‘ਗੁਰਮਤਿ ਐਜੁਕੇਸ਼ਨਲ ਸੈਸ਼ਨਜ਼’ ਆਦਿ ਲਹਿਰਾਂ ਲਈ ਵੀ ਪੰਥ ਦੀ ਲੰਮੇਂ ਸਮੇਂ ਦੀ ਸੰਭਾਲ ਲਈ, ਦਾਸ ਦੇ ਸੁਪਨੇ ਹਨ ਜਿਨ੍ਹਾਂ ਬਾਰੇ ਸੰਖੇਪ, ਗੁਰਮਤਿ ਪਾਠ ੮੬ `ਚ ਜ਼ਿਕਰ ਹੈ। ਜਦਕਿ ‘ਗੁਰਮਤਿ ਐਜ, ਜਿਨ੍ਹਾਂ ਦੀਆਂ ਵੀਡੀਉ ਰੀਲਾਂ ਵੀ ਸੈਂਟਰ ਪਾਸੋਂ ਪ੍ਰਾਪਤ ਹਨ। ਗੁਰਮਤਿ ਪਾਠ ਨੰ: 30 ‘ਪੜ੍ਹਾਈ ਪੰਜਾਬੀ ਦੀ ਤੇ ਗੁਰਮਤਿ ਪਾਠ ਨੰ: 13 ‘ਸਿਖੀ ਵੱਧੇ ਫੁਲੇ ਤਾਂ ਕਿਵੇਂ? ਤਿੰਨੇਂ ਪਿੜ੍ਹ ਖਾਲੀ’ ਆਦਿ ਕੁੱਝ ਹੋਰ ਵਿਸ਼ੇਸ਼ ਗੁਰਮਤਿ ਪਾਠ ਵੀ ਪੰਥ ਨੂੰ ਲੰਮੇ ਸਮੇਂ ਦੇ ਪ੍ਰੋਗਰਾਮਾਂ ਤੇ ਲਹਿਰਾਂ ਲਈ ਰਾਇ ਹਨ, ਜਿਸ ਤੋਂ ਪੰਥ ਦੀ ਸਦੀਵੀ ਸੰਭਾਲ ਲਈ ਬਾਨ੍ਹਣ ਬਝ ਸਕੇ। ਇਸ `ਚ ਸ਼ੱਕ ਨਹੀਂ, ਅਜਿਹੀਆਂ ਹੀ ਲੀਹਾਂ `ਤੇ ਜੇਕਰ ਪੰਥ ਲੰਮੇਂ ਸਮੇਂ ਦੇ ਪ੍ਰੋਗਰਾਮ ਉਲੀਕ ਕੇ ਸੰਭਾਲ ਵਲ ਟੁਰ ਪਵੇ ਤਾਂ ਪੰਥ ਅੰਦਰ ਬਾਰ ਬਾਰ ਆਉੇਣ ਵਾਲੀ ਗਿਰਾਵਟ ਨੂੰ ਹਮੇਸ਼ਾਂ ਲਈ ਠੱਲ ਪਾਈ ਜਾ ਸਕੇਗੀ।

ਅੱਜ ਦਾ ਦੁਖਾਂਤ, ਸਿੱਖ ਮਿਸ਼ਨਰੀ ਲਹਿਰ `ਚ ਆ ਚੁੱਕਾ ਨਿਘਾਰ-ਸ਼ੱਕ ਨਹੀਂ, ‘ਸਿੱਖ ਮਿਸ਼ਨਰੀ ਲਹਿਰ’ ਦਾ ਆਰੰਭ ਦਾਸ ਤੇ ਗੁਰਪੁਰ ਵਾਸੀ ਸ੍ਰ: ਮਹਿੰਦਰ ਸਿੰਘ ਜੀ ਜੋਸ਼ ਤੋਂ ਸੰਨ ੧੯੫੬ `ਚ ਹੋਇਆ। ਦੁਖ ਤਾਂ ਇਸ ਗੱਲ ਦਾ ਹੈ ਕਿ ਅੱਜ ਉਹੀ ‘ਸਿੱਖ ਮਿਸ਼ਨਰੀ ਲਹਿਰ ੧੯੫੬’ ਦੇ ਜੇਕਰ ਸਾਰੇ ਨਹੀਂ ਪਰ ਅਜੋਕੇ ਬਹੁਤੇ ਆਗੂ ਜੋ ਬਾਅਦ `ਚ ਇਸ ਲਹਿਰ ਨਾਲ ਜੁੜੇ, ਜਾਂ ਤਾਂ ਲਹਿਰ ਦੇ ਮੂਲ ਨਿਸ਼ਾਨੇ ਤੋਂ ਜਾਣੂ ਨਹੀਂ ਹਨ ਜਾਂ ਸੁਆਰਥਾਂ ਵੱਸ ਲਹਿਰ ਤੋਂ ਕਾਫ਼ੀ ਹੱਦ ਤੀਕ ਲਾਂਭੇ ਹੋ ਕੇ ਕੰਮ ਕਰ ਰਹੇ ਹਨ। ਇਸੇ ਦਾ ਨਤੀਜਾ, “ਸਿੰਘ ਸਭਾ ਲਹਿਰ” ਤੋਂ ਬਾਅਦ ਕੌਮ ਦੀ ਸੰਭਾਲ ਵਾਲੀ ਜੋ ਇਸ ਲਹਿਰ ਤੋਂ ਪੰਥ ਨੂੰ ਮੁੜ ਉਮੀਦ ਦੀ ਕਿਰਨ ਮਿਲੀ ਸੀ, ਧੁੰਦਲੀ ਹੋਈ ਪਈ ਹੈ। ਇਸ ਤਰ੍ਹਾਂ ਸਮੇਂ ਨਾਲ ਲਹਿਰ `ਚ ਵੀ ਵੱਡਾ ਨਿਘਾਰ ਅਇਆ ਪਿਆ ਹੈ। ਇਸ ਲਈ, ਅੱਜ ਵੀ ਲਹਿਰ ਦੇ ਮੂਲ ਨਿਸ਼ਾਨੇ ਨਾਲ ਜੁੜੇ ਦਰਦੀਆਂ ਨੂੰ ਛੱਡ ਕੇ, ਸੰਨ ੧੯੭੬-੭੮ ਤੋਂ ਬਾਅਦ ਲਹਿਰ ਨਾਲ ਜੁੜੇ, ਬਲਕਿ ਇੱਕ ਜਾਂ ਦੂਜੇ ਢੰਗ ਮਿਸ਼ਨਰੀ ਲਹਿਰ ਦੇ ਪ੍ਰਬੰਧਕ ਢਾਚੇ `ਤੇ ਛਾ ਚੁੱਕੇ ਇਹਨਾ ਸੱਜਨਾ ਕਾਰਣ, ਲਹਿਰ ਲਗਾਤਾਰ ਨਿਵਾਣ ਨੂੰ ਜਾ ਰਹੀ ਹੈ।

ਇੱਕ ਤਾਂ ਇਸ ਲਈ ਕਿ ਇਹਨਾ ਚੋਂ ਬਹੁਤੇ ਲੋਕ, ਮਿਸ਼ਨਰੀ ਲਹਿਰ ਦੇ ਮੂਲ ਆਸ਼ੇ ਤੋਂ ਅਣਜਾਣ ਹਨ। ਦੂਜਾ ਕੁੱਝ ਕਮਜ਼ੋਰ ਬਲਕਿ ਸੁਅਰਥੀ ਅਨਸਰ ਵੀ ਲਹਿਰ `ਤੇ ਛਾ ਚੁੱਕਾ ਸਪਸ਼ਟ ਨਜ਼ਰ ਆ ਰਿਹਾ ਹੈ। ਇਸ ਤਰ੍ਹਾਂ ਅਜਿਹੇ ਗਿਣਤੀ ਦੇ ਸੱਜਨਾਂ ਦੀਆਂ ਨੀਤੀਆਂ ਕਾਰਣ, ਕੌਮ ਦੇ ਭਵਿਖ `ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਪਨੀਰੀ ਨੂੰ ਗੁਰਬਾਣੀ ਦੀ ਨਹੀਂ ਬਲਕਿ ਮਿਲਾਵਟੀ ਤੇ ਸਮਝੌਤਾ ਵਾਦੀ ਗੁਰਮਤਿ ਦੀ ਖ਼ੁਰਾਕ ਮਿਲ ਰਹੀ ਹੈ। ਦੂਜੇ ਲਫ਼ਜ਼ਾਂ `ਚ, ਅਜਿਹੇ ਸੱਜਨਾਂ ਕਾਰਣ ਪਨੀਰੀ ਨੂੰ ਗੁਰਬਾਣੀ-ਗੁਰਮਤਿ ਗਿਆਨ ਨਿਰੋਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ `ਤੇ ਆਧਾਰਿਤ ਨਹੀਂ ਮਿਲ ਰਿਹਾ।

ਸਚਾਈ ਹੈ ਕਿ ਜਿਸ ‘ਲਹਿਰ’ ਦਾ ਅਰੰਭ ਹੀ ਇਸ ਲਈ ਹੋਇਆ ਸੀ ਕਿ ਕਿਸੇ ਵੀ ਹਾਲਤ `ਚ ਪੰਥ ਨੂੰ ਨਿਰੋਲ ਗੁਰਬਾਣੀ ਵਿਚਾਰਧਾਰਾ ਦੇਣੀ ਹੈ ਤੇ ਪੰਥ ਨੂੰ ਗੁਰਬਾਣੀ ਦੀ ਰੋਸ਼ਨੀ `ਚ ਲਿਆਉਣਾ ਹੈ। ਜਿਸ ਲਹਿਰ ਦੇ ਬੁਲਾਰੇ ਪੰਥਕ ਸਟੇਜਾਂ `ਤੇ ਖੜੇ ਹੋ ਕੇ ਤੇ ਬਾਹਵਾਂ ਉਲਾਰ-ਉਲਾਰ ਕੇ ਕਹਿੰਦੇ ਨਹੀਂ ਸਨ ਥਕਦੇ “ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ॥ ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ” (ਪੰ: ੬੫੧) ਅਤੇ “ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉਰ ਨ ਠਾਉ॥ ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾੳ” (ਪੰ: ੩੧੪) ਅੱਜ ਉਸੇ ਲਹਿਰ ਦੇ ਹੀ ਕੁੱਝ ਆਗੂਆਂ ਕਾਰਣ ਪੰਥ ਦੀ ਇਹ ਵੱਡੀ ਲੋੜ ਪੂਰੀ ਕਰਣ `ਚ ਜਾਣਬੁਝ ਕੇ ਕੋਤਾਹੀ ਵਰਤੀ ਜਾ ਰਹੀ ਸਪਸ਼ਟ ਹੈ। ਅੱਜ ਤਾਂ ਇਸ ਲਹਿਰ ਦੇ ਮੌਜੂਦਾ ਅਜਿਹੀ ਬਿਰਤੀ ਵਾਲੇ ‘ਮਹਾਪੁਰਸ਼ਾਂ’ `ਤੇ ਤਾਂ ਕਬੀਰ ਸਾਹਿਬ ਦਾ ਇਹ ਸ਼ਬਦ ਵਧੇਰੇ ਢੁਕਦਾ ਹੈ “ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ” (ਪੰ: 1376)।

ਤੱਤ ਗੁਰਮਤਿ ਪ੍ਰਵਾਰ - ਅੱਜ ਪੰਥ ਅੰਦਰ “ਤੱਤ ਗੁਰਮਤਿ ਪ੍ਰਵਾਰ” ਤੇ ਹੋਰ ਅਜਿਹੀਆਂ ਲਹਿਰਾਂ ਉਭਰਣ ਦਾ ਜੇ ਕਰ ਕੋਈ ਕਾਰਣ ਹੈ ਤਾਂ ਉਹ ਵੀ ਇਕੋ ਹੀ ਹੈ। ਕਾਰਣ ਹੈ ਕਿ ਅੱਜ ਤਨੋ-ਮਨੋ ਜੋ ਸੱਜਨ ਪੰਥ ਦਰਦੀ ਤੇ ਲਹਿਰ ਦੇ ਮੂਲ ਆਸ਼ੇ-ਨਿਸ਼ਾਨੇ ਨਾਲ ਜੁੜੇ ਹੋਏ ਹਨ, ਮੰਨ ਚੁੱਕੇ ਹਨ ਕਿ ਮੌਜੂਦਾ “ਸਿੱਖ ਮਿਸ਼ਨਰੀ ਲਹਿਰ” ਆਪਣੇ ਪੰਥਕ ਨਿਸ਼ਾਨੇ ਤੋਂ ਪੂਰੀ ਤਰ੍ਹਾਂ ਖੁੰਜ ਕੇ ‘ਅਮਾਨਤ `ਚ ਖਿਆਨਤ’ ਦੀ ਹੱਦ ਤੀਕ ਜਾ ਚੁੱਕੀ ਹੈ। ਇਸ ਦੀ ਅੱਜ ਵਾਲੀ ਕਰਣੀ, ਗੁਰਮਤਿ ਦੀਆਂ ਉਚਾਈਆਂ ਤੋਂ ਉਤਰ ਕੇ ਡੇਰੇਦਾਰਾ ਦੀ ਨਿਵਾਣ ਵਲ ਜਾ ਰਹੀ ਹੈ। ਮੌਜੂਦਾ ਲਹਿਰ ਦੇ ਆਗੂ ਇਸ ਲਹਿਰ ਲਈ ਸੰਨ ੧੯੭੬-੭੮ ਤੀਕ ਬਣ ਚੁੱਕੀ ਜ਼ਮੀਨ ਦਾ ਲਾਭ ਲੈ ਕੇ, ਕੌਮ ਦੀ ਮਾਇਆ ਤੇ ਤਾਕਤ ਨੂੰ ਕੇਵਲ ਪਲਾਟਾਂ, ਇਮਾਰਤਾਂ ਤੇ ਬੈਂਕ ਬੈਲੇਸਾਂ ਦੀ ਦੌੜ ਤੀਕ ਸੀਮਤ ਕਰ ਰਹੇ ਹਨ। ਇਸੇ ਦਾ ਨਤੀਜਾ, ਅੱਜ ਉਹਨਾਂ ਦੀ ਸਾਰੀ ਕਰਣੀ `ਚੋਂ ਗੁਰਮਤਿ ਦਾ ਨਿਖਾਰ ਤੇ ਗੁਰਮਤਿ ਦੀ ਸਪਸ਼ਟ ਵਾਦਿਤਾ ਗ਼ਾਇਬ ਹੋ ਚੁੱਕੀ ਹੈ। ਇਸ ਕਾਰਣ ਉਹਨਾਂ ਦੇ ਅਜੋਕੇ ਮਾਸਿਕ ਪਤ੍ਰ, ਸਕੂਲਾਂ `ਚ ਬੱਚਿਆਂ ਦੀਆਂ ਪ੍ਰੀਖਿਆਂਵਾਂ ਵਾਲੇ ਸਿਲਸਿਲੇ ਜਾਂ ਹੋਰ ਸਰਗਰਮੀਆਂ, ਤਤ ਗੁਰਮਤਿ ਤੋਂ ਖਾਲੀ ਹੋ ਚੁੱਕੇ ਹਨ। ਇਹ ਸੱਜਨ ਅੱਜ ਕਿਸੇ ਵੀ ਧਾਰਮਿਕ ਮੱਸਲੇ `ਤੇ ਕੌਮ ਨੂੰ ਸੁਚੱਜੀ ਤੇ ਸਪਸ਼ਟ ਸੇਧ ਦੇਣ ਤੋਂ ਇਨਕਾਰੀ ਹਨ, ਕੌਮ ਨੂੰ ਨਿਜੀ ਸੁਆਰਥਾਂ ਲਈ ਹੀ ਵਰਤ ਰਹੇ ਹਨ।

“ਤੱਤ ਗੁਰਮਤਿ ਪ੍ਰਵਾਰ” ਤੇ ਪੰਥ ਅੰਦਰ ਹੋਰ ਅਜਿਹੀਆ ਪਣਪ ਰਹੀਆਂ ਲਹਿਰਾਂ ਇਸ ਦਾ ਸਬੂਤ ਹਨ, ਕਿ ਅੱਜ “ਸਿੱਖ ਮਿਸ਼ਨਰੀ ਲਹਿਰ” `ਤੇ ਛਾ ਚੁੱਕਾ ਪ੍ਰਬੰਧਕੀ ਢਾਂਚਾ ਤੇ ਇਸ ਪ੍ਰਬੰਧ ਦੀ ਮਾਰ ਸਹਿ ਰਹੇ, ਸੱਚੇ-ਸੁਚੇ ਮਿਸ਼ਨਰੀ ਸੱਜਨਾਂ ਵਿਚਕਾਰ ਵੱਡੀ ਖਾਈ ਪੈਦਾ ਹੋ ਚੁੱਕੀ ਹੈ। ਇਥੋਂ ਤੀਕ ਕਿ ਕੁੱਝ ਸੰਸਥਾਵਾਂ ਅਧੀਨ ਚਲ ਰਹੀਆਂ ਇਕਾਈਆਂ (ਯੂਨਿਟਾ) ਵਲੋਂ ਆਪਣਾ ਮੁੱਖ ਸੰਸਥਾਵਾਂ ਤੋਂ ਨਾਤਾ ਤੋੜਣ ਤੇ ਬਾਗ਼ੀ ਹੋਣ ਦੀਆਂ ਖਬਰਾਂ ਵੀ ਨਿੱਤ ਆ ਰਹੀਆਂ ਹਨ। ਇਸ ਲਈ, ਲਹਿਰ `ਚ ਆ ਚੁੱਕੇ ਮੌਜੂਦਾ ਨਿਘਾਰ ਲਈ ਜੇ ਕਰ ਸਾਰੇ ਨਹੀਂ ਪਰ ਕੁੱਝ ਆਗੂਆਂ ਦੀਆਂ ਘਿਨਾਉਣੀਆਂ ਖੇਡਾਂ ਤੇ ਚਾਲਾਂ `ਚ ਸਾਰੀ ਮਿਸ਼ਨਰੀ ਲਹਿਰ ਨੂੰ ਕਿਸੇ ਤਰ੍ਹਾਂ ਵੀ ਸ਼ਾਮਿਲ ਨਹੀਂ ਕੀਤਾ ਜਾ ਸਕਦਾ। ਇਸ `ਚ ਵੀ ਸ਼ੱਕ ਦੀ ਗੁਂਜਾਇਸ਼ ਨਹੀਂ ਕਿ ਮੋਜੂਦਾ ਆਗੂ ਪੱਧਰ ਦੇ ਕੁੱਝ ਗਿਣੇ ਚੁਣੇ ਸੱਜਨ ਕੇਵਲ ਗਰਾਂਟਾ, ਜ਼ਮੀਨਾਂ-ਪਲਾਟਾਂ ਤੇ ਮਾਇਆ ਦੇ ਅੰਬਾਰ ਜਾਂ ਆਪਣੀ ਵਾਹ! ਵਾਹ! ਤੇ ਭੱਲ ਬਨਾਉਣ ਦੀ ਚਿੰਤਾ `ਚ ਕੌਮ ਦੀ ਇਸ ਅਤਿ ਜ਼ਰੂਰੀ ਲਹਿਰ ਨੂੰ ਤਬਾਹ ਕਰਣ ਲਈ ਤੁਲੇ ਹੋਏ ਹਨ। ਕੁੱਝ ਦਰਦੀਆਂ ਅਨੁਸਾਰ ਤਾਂ ਅੱਜ ਅਜਿਹੇ ਲੋਕ ਰਾਮਰਇ ਤੋਂ ਵੀ ਕਈ ਗੁਣਾਂ ਅੱਗੇ ਜਾ ਰਹੇ ਹਨ।

ਸਚਾਈ ਹੈ ਕਿ ਲਗਭਗ ਸੰਨ ੧੯੭੫, ੭੬ ਤੀਕ, ਬੜੀ ਸਿਦਕ ਦਿਲੀ ਤੇ ਲਗਨ ਨਾਲ ਇਸ ਲਹਿਰ ਦੇ ਨਾਮ `ਤੇ ਸੰਸਾਰ ਭਰ `ਚ ਦਿਨ-ਰਾਤ ਇੱਕ ਕਰਕੇ ਇਮਾਨਦਾਰੀ ਤੇ ਦਿਆਣਤਦਾਰੀ ਨਾਲ ਜੋ ਅਣਥਕ ਕੰਮ ਹੋਇਆ; ਗਹਿਰਾਈ ਤੋਂ ਦੇਖਿਆ ਜਾਵੇ ਤਾਂ ਅੱਜ ਇਹਨਾ ਲਹਿਰਾਂ `ਤੇ ਛਾਏ, ਸਾਰੇ ਨਹੀਂ ਪਰ ਬਹੁਤੇ ਆਗੂ ਕਿਸਮ ਦੇ ‘ਮਹਾਪੁਰਸ਼’, ਆਪਣੇ ਸੁਅਰਥਾਂ ਲਈ, ਕੌਮ ਦੀ ਉਸ ਬੇਅੰਤ ਤੇ ਅਣਥਕ ਸੇਵਾ ਨੂੰ ਆਪਣੇ ਨਾਮ `ਤੇ ਕੈਸ਼ ਕਰਵਾ ਰਹੇ ਹਨ। ਇਸੇ ਤੋਂ ਉਹਨਾਂ ਦੀ ਮੋਜੂਦਾ ਕਰਣੀ ਅੰਦਰ ਗੁਰਬਾਣੀ-ਗੁਰਮਤਿ ਜੀਵਨ ਪੱਖੋਂ ਸੰਗਤਾਂ ਦੀ ਸੰਭਾਲ ਵਾਲੀ ਗੱਲ ਨਜ਼ਰ ਨਹੀਂ ਆ ਰਹੀ। ਇਸ ਕਰਕੇ ਪੰਜਾਬ ਜਾਂ ਭਾਰਤ ਹੀ ਨਹੀਂ ਬਲਕਿ ਸੰਸਾਰ ਭਰ `ਚ ਲੱਖਾਂ ਨੌਜੁਆਨਾਂ ਤੇ ਸੰਗਤਾਂ ਦੀ ਸ਼ਕਤੀ –ਜਿਸ ਨੂੰ ਉਹ ਆਪਣੀ ਪੰਥਕ ਸੇਵਾ ਸਮਝ ਕੇ ਅੱਜ ਵੀ ਲਹਿਰ `ਚ ਆਪਣਾ ਦਿਨ-ਰਾਤ ਇੱਕ ਕਰ ਰਹੇ ਹਨ; ਇਸ ਤਰ੍ਹਾਂ ਅਜਿਹੇ ਆਗੂ ਉਹਨਾਂ ਨਾਲ “ਅਮਾਨਤ `ਚ ਖਿਆਨਤ” ਦਾ ਕਾਰਨ ਬਣੇ ਬੈਠੇ ਹਨ। ਇਸ ਤਰ੍ਹਾਂ ਇਹ ਇਨੇ-ਗਿਨੇ “ਸਿੱਖ ਮਿਸ਼ਨਰੀ ਲਹਿਰ” ਦੇ ਪ੍ਰਬੰਧ `ਤੇ ਛਾ ਚੁੱਕੇ ਸੱਜਨ, ਇੱਕ ਪਾਸੇ ਪੰਥ ਨਾਲ ਜ਼ਿਆਦਤੀ ਕਰ ਰਹੇ ਹਨ, ਨਾਲ-ਨਾਲ ਗੁਰੂ ਨਾਲ ਵੀ ਧਰੋਹ ਕਮਾ ਰਹੇ ਹਨ।

ਫ਼ਿਰ ਵੀ ਦਾਸ ਤਨੋ ਮਨੋ ਧੰਨਵਾਦੀ ਹੈ ਤੇ ਸ਼ਾਬਾਸ਼ ਦੇਂਦਾ ਹੈ ਸੰਸਾਰ ਭਰ ਦੇ ਉਹਨਾਂ ਲੱਖਾਂ ਮਿਸ਼ਨਰੀ ਵੀਰਾਂ-ਭੈਣਾਂ ਤੇ ਉਹਨਾਂ ਨਾਲ ਜੁੜੀਆਂ ਗੁਰੂ ਕੀਆਂ ਸੰਗਤਾਂ ਨੂੰ, ਜਿਨ੍ਹਾਂ ਨੇ ਇਹਨਾ ਆਗੂਆਂ ਅੰਦਰੋਂ ਇਹਨਾ ਦੇ ਅਸਲ ਰੂਪ ਨੂੰ ਪਹਿਚਾਣ ਲਿਆ ਹੈ ਤੇ ਇਹਨਾ ਦਾ ਸਾਥ ਦੇਣ ਦੀ ਬਜਾਏ ਪੰਥਕ ਸੰਭਾਲ ਤੇ ਪੰਥ ਨੂੰ ਨਿਰੋਲ ਗੁਰਬਾਣੀ ਜੀਵਨ-ਜਾਚ ਵਾਲੀ ਸੇਧ ਦੇਣ ਲਈ ਕੁੱਝ ਨਾ ਕੁੱਝ ਹੱਥ ਪੈਰ ਮਾਰ ਰਹੇ ਹਨ ਜਾਂ ਬਦਲਵੇਂ ਢੰਗ ਉਲੀਕ ਰਹੇ ਹਨ। ਸਚਮੁਚ ਇਹ ਸਭ ਇਸ ਲਈ ਹੋ ਰਿਹਾ ਹੈ ਕਿ ਇਹ ਸੱਜਨ ਤਨੋ ਮਨੋ ਚਿੰਤਤ ਹਨ ਕਿ ਕਿਸੇ ਤਰ੍ਹਾਂ ਹਮਲਾ ਮਾਰ ਕੇ ਪੰਥ ਨੂੰ ਨਿਰੋਲ ਗੁਰਬਾਣੀ ਸੇਧ ਦਿੱਤੀ ਜਾ ਸਕੇ। #141s95.03s09#




.