.

ਗੁਰੂ

(ਭਾਗ ਪਹਿਲਾ)

ਬਾਣੀਕਾਰਾਂ ਨੇ ਬਾਣੀ ਵਿੱਚ ‘ਗੁਰੂ’ ਲਈ ਸਰਵਉੱਚ ਪਦਵੀ ਨਿਰਧਾਰਤ ਕੀਤੀ ਹੈ। ਇਹ ਪਦਵੀ ਸੰਸਾਰਕ ਧਰਮਾਂ ਦੇ ਮਿਥੇ ਹੋਏ ਦੇਵੀ ਦੇਵਤਿਆਂ, ਫ਼ਰਿਸ਼ਤਿਆਂ, ਪੈਗ਼ੰਬਰਾਂ, ਤੇ ਅਵਤਾਰਾਂ ਆਦਿ ਦੇ ਪਦ ਤੋਂ ਵੀ ਉਚੇਰੀ ਹੈ। ਇਸ ਦਾ ਮੂਲ ਕਾਰਣ ਇਹ ਹੈ ਕਿ ਇਹ ਸਾਰੀਆਂ ਫ਼ਰਜ਼ੀ ਹਸਤੀਆਂ, ਇਨ੍ਹਾਂ ਨਾਲ ਜੋੜੀਆਂ ਮਨਘੜਤ ਕਾਲਪਨਿਕ ਕਹਾਣੀਆਂ, ਅਤੇ ਇਸ ਸੱਭ ਕੁੱਝ ਨੂੰ ਪ੍ਰਚਾਰਣ ਤੇ ਪ੍ਰਸਾਰਣ ਵਾਲੇ ਭੇਖੀ ਤੇ ਝੂਠੇ ਗੁਰੁਆਂ ਦਾ ‘ਸੱਚ’ ਨਾਲ ਨਾਂ ਮਾਤ੍ਰ ਹੀ ਸੰਬੰਧ ਹੈ। ਮਿਥਿਹਾਸ ਦਾ ਜੋੜ ਅਗਿਆਨਤਾ ਅਤੇ ਅੰਧਵਿਸ਼ਵਾਸ ਨਾਲ ਹੈ; ਆਤਮ-ਗਿਆਨ ਅਤੇ ਬਿਬੇਕਤਾ ਨਾਲ ਇਸ ਦਾ ਦੂਰ ਦਾ ਵੀ ਵਾਸਤਾ ਨਹੀਂ। ਇਸ ਦੇ ਉਲਟ, ਗੁਰਮੱਤ ਸੱਚ ਦਾ ਮਾਰਗ ਹੈ; ਸੱਚ ਦੀ ਸਾਂਝ ਗਿਆਨ ਅਤੇ ਤਰਕ ਨਾਲ ਹੈ; ਅਤੇ ਗੁਰੂ, ਗਿਆਨ ਤੇ ਤਰਕ ਦਾ ਸਾਕਾਰ ਰੂਪ ਹੈ। ਮਿਥਿਹਾਸ ਉੱਤੇ ਆਧਾਰਿਤ ਸਾਰੇ ਧਰਮਾਂ ਵਿੱਚ ਮਿੱਥਿਆ (ਝੂਠ) ਨੂੰ ਸੱਚ ਸਮਝਿ/ਸਮਝਾ ਕੇ ਇਸ ਵਿੱਚ ਅੰਧਵਿਸ਼ਵਾਸ ਦ੍ਰਿੜ ਕੀਤਾ ਜਾਂਦਾ ਹੈ। ਪਰ, ਇਸ ਦੇ ਵਿਪਰੀਤ ਗੁਰਬਾਣੀ ‘ਸੱਚ’ ਵਿੱਚ ਵਿਸ਼ਵਾਸ ਰੱਖਣ `ਤੇ ਜ਼ੋਰ ਦਿੰਦੀ ਹੈ। ਇਹੀ ਕਾਰਣ ਹੈ ਕਿ ਬਾਣੀ ਰਚਯਤਿਆਂ ਨੇਂ ਬਾਣੀ ਵਿੱਚ ਮਿਥਿਹਾਸਕ ਦੇਵੀ ਦੇਵਤਿਆਂ ਆਦਿ ਦਾ ਪੂਰਣ ਪਰਿਤਿਆਗ ਕਰਕੇ ਸੱਚ ੇ ਸੱਚ ਦੇ ਖੋਜੀ, ਗਿਆਤਾ ਤੇ ਪ੍ਰਦਾਤਾ ਗੁਰੂ ਨੂੰ ਆਦਰਸ਼ਿਆਇਆ ਤੇ ਸਰਵਸ੍ਰੇਸ਼ਠ ਮਹੱਤਵ ਦਿੱਤਾ ਹੈ।

ਦੂਸਰਾ, ਗੁਰਮੱਤ ਅਨੁਸਾਰ ਮਨੁੱਖ ਦਾ ਜੀਵਨ-ਮਨੋਰਥ:- ਨਿਰਮਲ ਨਾਮ-ਜਲ ਨਾਲ ਮਨ/ਆਤਮਾ ਉੱਪਰੋਂ ਪੂਰਬਲੇ ਵਿਕਾਰੀ ਸੰਸਕਾਰਾਂ ਦੀ ਮੈਲ ਉਤਾਰ ਕੇ ਆਪਣੇ ਸ੍ਰੋਤ ਪਰਮਾਤਮਾ ਵਿੱਚ ਪੁਨਰ-ਵਿਲੀਨ ਹੋਣਾਂ ਅਤੇ ਜਨਮ-ਮਰਨ ਦੇ ਘਿਣਾਉਣੇ ਤੇ ਦੁੱਖਦਾਇਕ ਚੱਕ੍ਰ ਤੋਂ ਛੁਟਕਾਰਾ ਪਾਉਣਾ ਹੈ। ਇਸ ਪੁਰਸ਼ਾਰਥੀ ਕਾਰਜ ਦੀ ਸਿੱਧੀ ਵਾਸਤੇ ਗੁਰੂ ਦੇ ਲੜ ਲੱਗਣਾ ਜ਼ਰੂਰੀ ਹੈ। ਇਸੇ ਲਈ ਆਮ ਕਿਹਾ ਜਾਂਦਾ ਹੈ: ‘ਗੁਰੂ ਬਿਨਾਂ ਗਤਿ ਨਹੀਂ’। ਇਸ ਵਿਚਾਰ ਦੇ ਸੱਚ ਨੂੰ ਦ੍ਰਿੜ ਕਰਵਾਉਂਦੇ ਹੋਏ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ:

“ਬਿਨੁ ਸਤਿਗੁਰ ਕਿਨੈ ਨ ਪਾਇਓ॥

ਬਿਨੁ ਸਤਿਗੁਰ ਕਿਨੈ ਨ ਪਾਇਆ॥” ਆਸਾ ਦੀ ਵਾਰ ਮ: ੧

ਭਾਵ: ਸੱਚੇ ਗੁਰੂ ਦੇ ਦੱਸੇ ਗਿਆਨ-ਮਾਰਗ `ਤੇ ਚੱਲੇ ਬਗ਼ੈਰ ਕੋਈ ਵੀ ਪ੍ਰਾਣੀ ਪ੍ਰਭੂ ਪ੍ਰਾਪਤੀ ਦੇ ਮਨੋਰਥ ਵਿੱਚ ਸਫ਼ਲ ਨਹੀਂ ਹੋਇਆ। ਯਕੀਨਨ, ਗੁਰੂ ਦੀ ਅਗਵਾਈ ਤੋਂ ਬਿਨਾਂ ਕੋਈ ਵੀ ਪ੍ਰਾਣੀ ਰੱਬ ਨੂੰ ਪਾ ਨਹੀਂ ਸਕਿਆ/ਸਕਦਾ।

ਮਨੁੱਖ ਦੀ ਆਤਮ-ਜੀਵਨ-ਯਾਤ੍ਰਾ ਵਿੱਚ ਯੋਗ ਅਗਵਾਈ ਵਾਸਤੇ ਗੁਰੂ ਦੀ ਅਨਵਾਰਯਤਾ ਦੇ ਸੰਬੰਧ ਵਿੱਚ ਬਾਣੀ ਵਿੱਚੋਂ ਕੁੱਝ ਹੋਰ ਤੁਕਾਂ `ਤੇ ਵਿਚਾਰ ਨਿਮਨ ਲਿਖਿਤ ਹੈ:

“ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥

ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥” ਮ: ੨

ਭਾਵ: (ਭੌਤਕ/ਸੰਸਾਰਕ ਪ੍ਰਕਾਸ਼ ਦੇਣ ਵਾਲੇ) ਸੈਂਕੜੇ ਚੰਦ ਤੇ ਹਜ਼ਾਰਾਂ ਸੂਰਜ ਅਧਿਆਤਮ-ਗਿਆਨ-ਪ੍ਰਕਾਸ਼ ਦੇਣ ਦੇ ਸਮਰਥ ਨਹੀਂ। ਇਤਨੀਂ ਅਧਿਕ ਸੰਸਾਰਕ ਰੌਸ਼ਨੀ ਦੇ ਬਾਵਜੂਦ ਵੀ, ਗੁਰੂ ਰੂਪੀ ਚਿਰਾਗ਼ ਤੋਂ ਬਿਨਾਂ ਆਤਮ-ਅਗਿਆਨਤਾ ਦਾ ਘੁੱਪ ਅੰਧੇਰਾ ਹੀ ਰਹੇਗਾ।

“ਕਹੁ ਬੇਣੀ ਗੁਰਮੁਖਿ ਧਿਆਵੈ॥ ਬਿਨੁ ਸਤਿਗੁਰ ਬਾਟ ਨ ਪਾਵੈ॥” ਪ੍ਰਭਾਤੀ ਬੇਣੀ ਜੀ

ਭਾਵ: ਗੁਰੂ ਦੇ ਦੱਸੇ ਰਾਹ ਤੇ ਚੱਲਣ ਵਾਲਾ ਸੇਵਕ ਹੀ ਸਿਮਰਨ ਕਰਨ ਦੇ ਸਮਰੱਥ ਹੁੰਦਾ ਹੈ। ਗੁਰੁ ਦੀ ਅਗਵਾਈ ਤੋਂ ਬਿਨਾਂ ਆਤਮਿਕ ਜੀਵਨ ਦਾ ਸਹੀ ਰਸਤਾ ਨਹੀਂ ਲੱਭ ਸਕਦਾ।

“ਬਿਨੁ ਸਤਿਗੁਰ ਬਾਟ ਨ ਪਾਈ॥ ਕਹੁ ਕਬੀਰ ਸਮਝਾਈ॥” ਬਸੰਤ ਕਬੀਰ ਜੀ

ਭਾਵ: ਕਬੀਰ ਜੀ ਸਮਝ ਵਿਚਾਰ ਕੇ ਦ੍ਰਿੜ ਕਰਵਾਉਂਦੇ ਹਨ ਕਿ ਗੁਰੂ ਤੋਂ ਬਿਨਾਂ (ਮਾਇਆ ਦੇ ਅੰਧਕਾਰਕ ਸੰਸਾਰ ਵਿੱਚੋਂ ਲੰਘਣ ਦਾ) ਸਹੀ ਰਸਤਾ ਨਹੀਂ ਮਿਲਦਾ।

“ਸਤਿ ਸਤਿ ਸਤਿ ਸਤਿ ਸਤਿ ਗੁਰਦੇਵ॥

ਝੂਠ ਝੂਠ ਝੂਠ ਝੂਠ ਆਨ ਸਭ ਸੇਵ॥” ਭੈਰਉ ਨਾਮਦੇਵ ਜੀ

ਭਾਵ: ਗੁਰੂ ਦੇ ਦੱਸੇ ਰਾਹ ਤੇ ਚੱਲਣਾ ਹੀ ਪੁਰਸ਼ਾਰਥ ਹੈ। ਹੋਰ ਸਾਰੇ ਮਿਥਿਆ (ਦੇਵੀ ਦੇਵਤੇ ਆਦਿ) ਅਤੇ ਨਾਸ਼ਮਾਨ ਜੀਵਾਂ (ਮਾਇਆਮੂਠੇ ਨਾਮਧਰੀਕ ਗੁਰੂਆਂ) ਤੇ ਹੋਂਦਾਂ (ਮੂਰਤੀਆਂ/ਤਸਵੀਰਾਂ ਆਦਿ) ਦੀ ਸੇਵਾ-ਭਗਤੀ ਤੇ ਉਪਾਸਨਾ ਨਿਰਾਰਥਕ ਹੈ, ਝੂਠ ਹੈ ਅਤੇ ਅਗਿਆਨਤਾ ਹੈ। (ਇਥੇ ਗੁਰਦੇਵ ਦੇ ਅਰਥ ਪ੍ਰਭੂ ਵੀ ਕੀਤੇ ਜਾਂਦੇ ਹਨ, ਜੋ ਕਿ ਸਹੀ ਹੈ)।

“ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ॥” ਪ੍ਰਭਾਤੀ ਅ: ਮ: ੩

ਭਾਵ: ਹਰਿ ਦੇ ਸਰਬਵਿਆਪਕ ਹੋਣ ਕਾਰਣ, ਸਾਰੀ ਸ੍ਰਿਸ਼ਟੀ ‘ਹਰਿ-ਮੰਦਰ’ ਹੈ। ਪਰ, ਇਸ ਸੱਚ ਦਾ ਗਿਆਨ ਗੁਰੂ ਤੋਂ ਬਗ਼ੈਰ ਹੋਰ ਕਿਤੋਂ ਨਹੀਂ ਮਿਲ ਸਕਦਾ। ਗੁਰੁ-ਪ੍ਰਕਾਸ਼ ਤੋਂ ਬਿਨਾਂ ਮਨੁੱਖ ਅਗਿਆਨਤਾ ਦੇ ਘੁੱਪ ਅਨ੍ਹੇਰੇ ਵਿੱਚ ਹੀ ਜੀਵਨ ਬਿਤਾਉਂਦਾ ਹੈ।

ਗੁਰੂ ਦੀ ਅਵੱਸ਼ਕਤਾ ਉੱਤੇ ਜ਼ੋਰ ਦਿੰਦੇ ਹੋਏ ਗੁਰੁ ਜੀ ਨਿਗੁਰੇ ਪ੍ਰਾਣੀ (ਜੋ ਗੁਰੂ ਦੇ ਦੱਸੇ ਮਾਰਗ `ਤੇ ਨਹੀਂ ਚਲਦਾ) ਨੂੰ ਨਿਗੁਣਾਂ, ਅਪਵਿੱਤ੍ਰ ਤੇ ਭ੍ਰਿਸ਼ਟ ਦੱਸਦੇ ਹਨ:

“ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ, ਧ੍ਰਿਗੰਤ ਜਨਮ ਭ੍ਰਸਟਣਹ॥

ਕੂਕਰਹ ਸੂਕਰਹ ਗਰਧਭਹ, ਕਾਕਹ ਸਰਪਨ ਤੁਲਿ ਖਲਹ॥” ਸਲੋਕ ਸਹਸਿਕ੍ਰਿਤੀ ਮ: ੫

ਭਾਵ: ਜੋ ਪ੍ਰਾਣੀ ਗੁਰ-ਉਪਦੇਸ਼ ਤੋਂ ਸੱਖਣਾ ਹੈ, ਉਸ ਭ੍ਰਿਸ਼ਟ ਬੁੱਧਿ ਵਾਲੇ ਮਨੁੱਖ ਦੇ ਜੀਵਨ ਨੂੰ ਲਾਅਨਤ ਤੇ ਧਿੱਕਾਰ ਹੈ। ਅਜਿਹੇ ਮੂਰਖ ਦਾ ਜੀਵਨ ਕੁੱਤੇ, ਸੂਅਰ, ਖੋਤੇ, ਕਾਂ, ਅਤੇ ਸੱਪ ਆਦਿ ਗ਼ਲੀਜ਼ ਜਾਨਵਰਾਂ ਦੇ ਘ੍ਰਿਣਿਤ ਜੀਵਨ ਦੇ ਸਮਾਨ ਹੈ। (ਕੂਕਰਹ=ਕੁੱਤਾ; ਸੂਕਰਹ=ਸੂਰ; ਗਰਧਭਹ=ਗਧਾ; ਕਾਕਹ=ਕਾਂ; ਸਰਪਨ=ਸੱਪ; ਖਲਹ=ਮੁਗਧ, ਮੂਰਖ)।

ਗੁਰੂ ਇੱਕ ਰੱਹਸਮਈ ਸਿਧਾਂਤਕ ਸ਼ਬਦ ਹੈ। ਇਹ ਸੂਖਮ ਵੀ ਹੈ ਤੇ ਅਸਥੂਲ ਵੀ। ‘ਆਪਹਿ ਸੂਖਮ ਆਪਹਿ ਅਸਥੂਲਾ’॥ ਗੁਰੁ ਦੇ ਸਰਲ ਅਰਥ ਹਨ: ਗਿਆਨ ਦਾ ਸੋਮਾ। ਸਾਰੀ ਸ੍ਰਿਸ਼ਟੀ ਵਿੱਚ ਗਿਆਨ ਦਾ ਇੱਕੋ ਇੱਕ ਸ੍ਰੋਤ ਹੈ: ਅਕਾਲਪੁਰਖ ਆਪ। ਪਰਮਾਤਮਾ ਇਸ ਗਿਆਨ ਨੂੰ ਆਪਣੀ ਪ੍ਰਕ੍ਰਿਤੀ ਦੇ ਮਾਧਿਅਮ ਰਾਹੀਂ ਜਿਨ੍ਹਾਂ ਮਹਾਂਪੁਰਖਾਂ ਉੱਤੇ ਨਾਜ਼ਿਲ ਕਰਦਾ ਹੈ ਉਨ੍ਹਾਂ ਨੂੰ ਗੁਰੂ-ਪਦਵੀ ਪ੍ਰਾਪਤ ਹੁੰਦੀ ਹੈ। ਇਹ ਮਹਾਂਪੁਰਖ ਮਨੁੱਖੀ ਜਾਮੇ ਵਿੱਚ ਵਿਚਰਦੇ ਹੋਏ ਰੱਬ ਦੀ ਰਿਆਇਆ ਉੱਤੇ ਉਸ ਦੇ ਗਿਆਨ ਦੀ ਵਰਖਾ ਕਰਦੇ ਹਨ। ਜਦੋਂ ਇਹ ਗਿਆਨ ਸ਼ਬਦਾਂ ਦਾ ਰੂਪ ਧਾਰਨ ਕਰ ਲੈਂਦਾ ਹੈ ਤਾਂ ਇਸ ਨੂੰ ਗੁਰ-ਸ਼ਬਦ ਕਿਹਾ ਜਾਂਦਾ ਹੈ। ਜਦ ਗੁਰ-ਸ਼ਬਦ ਬੋਲਾਂ ਤੇ ਅੱਖਰਾਂ ਦਾ ਜਾਮਾ ਪਾਉਂਦਾ ਹੈ ਤਾਂ ਇਸ ਨੂੰ ਗੁਰਬਾਣੀ ਤੇ ਗ੍ਰੰਥ ਦਾ ਨਾਂ ਦੇ ਕੇ ਸਤਿਕਾਰਿਆ ਜਾਂਦਾ ਹੈ। ਸੋ, ਬਾਣੀ ਵਿੱਚ ਗੁਰੁ ਪਦ ਨੂੰ ਨਿਮਨ ਲਿਖਤ ਤਿੰਨ ਰੂਪਾਂ ਵਿੱਚ ਵਿਚਾਰਿਆ ਗਿਆ ਹੈ:

1. ਪਰਮਗੁਰੂ ਪਰਮਾਤਮਾ ਜੋ ਕਿ ਅਦ੍ਰਿਸ਼ਟ ਹੈ ਤੇ ਸੂਖਮ ਵੀ।

2. ਮਨੁੱਖੀ ਜਾਮੇ ਵਿੱਚ ਵਿਚਰਣ ਵਾਲਾ ਗੁਰੂ।

3. ਗੁਰ-ਸ਼ਬਦ ਅਥਵਾ ਗੁਰੂ ਦੇ ਕਹੇ/ਲਿਖੇ ਸ਼ਬਦ/ਨਿਯਮ/ਸਿਧਾਂਤ, ਗੁਰਬਾਣੀ, ਗੁਰੂ ਗ੍ਰੰਥ।

1. ਪਰਮਗੁਰੂ ਪਰਮਾਤਮਾ

ਮਹਾਂਪੁਰਖਾਂ ਨੇਂ ਅਕਾਲਪੁਰਖ ਨੁੰ ਅਦੁੱਤੀ ਤੇ ਪਰਮ ਗੁਰੂ ਕਿਹਾ ਹੈ। ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਗਿਆਨ ਦਾ ਕਰਤਾ ਧਰਤਾ ਅਕਾਲਪੁਰਖ ਆਪ ਹੈ। ਇਹੀ ਕਾਰਣ ਹੈ ਕਿ ਬਾਣੀਕਾਰਾਂ ਨੇ ਬਾਣੀ ਵਿੱਚ ਸਰਵਗਿਆਤਾ (omniscient) ਪ੍ਰਭੂ ਨੂੰ ਗੁਰਦੇਵ, ਸਤਿਗੁਰੂ, ਸਤਿਗੁਰੁ ਪੁਰਖ, ਜਗਤਗੁਰੂ, ਪੂਰਾ ਗੁਰੂ, ਗੁਰਗੋਪਾਲ, ਗੁਰਗੋਬਿੰਦ ਆਦਿ ਨਾਵਾਂ ਨਾਲ ਜਾਣਿਆਂ ਹੈ। ਇਸ ਵਿਚਾਰ ਦੀ ਪੁਸ਼ਟੀ ਲਈ ਗੁਰਬਾਣੀ ਵਿੱਚੋਂ ਕੁੱਝ ਤੁਕਾਂ ਦੀ ਵਿਆਖਿਆ ਨਿਮਨ ਲਿਖਿਤ ਹੈ:-

“ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦਵਾਰ॥

ਜਿਨਿ ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਰਿ॥” ਸਲੋਕ ਮ: ੧

ਭਾਵ: ਮੈਂ ਆਪਣੇ ਗੁਰੂ ਪ੍ਰਭੂ ਤੋਂ ਦਿਨ ਵਿੱਚ ਸੌ ਸੌ ਵਾਰੀ ਅਰਥਾਤ ਸਦਾ ਸਦਕੇ ਜਾਂਦਾ ਰਹਿੰਦਾ ਹਾਂ ਜਿਸ ਨੇਂ ਮੇਰੇ ਜਿਹੇ ਬਿਗੜੇ ਰੂਪ ਤੁੱਛ ਮਨੁੱਖਾਂ ਨੂੰ ਦੈਵੀ ਗੁਣਾਂ ਵਾਲੇ ਬਣਾ ਦਿੱਤਾ, ਅਤੇ ਇਉਂ ਕਰਦਿਆਂ ਜ਼ਰਾ ਵੀ ਢਿੱਲ ਨਹੀਂ ਲਾਈ।

“ਛਿਅ ਘਰ ਛਿਅ ਗੁਰ ਛਿਅ ਉਪਦੇਸ॥ ਗੁਰ ਗੁਰ ਏਕੋ ਵੇਸ ਅਨੇਕ॥

. . ਸੂਰਜ ਏਕੋ ਰੁਤਿ ਅਨੇਕ॥” ਅਸਾ ਮ: ੧

ਭਾਵ: (ਹਿੰਦੂਆਂ ਦੇ ਮੰਨੇ ਹੋਏ) ਗਿਆਨ ਦੇ ਛੇ ਸ਼ਾਸਤ੍ਰ ਹਨ, ਇਨ੍ਹਾਂ ਸ਼ਾਸਤ੍ਰਾਂ ਵਿੱਚ ਛੇ ਹੀ ਤਰ੍ਹਾਂ ਦੇ ਧਰਮ-ਨਿਯਮ ਹਨ, ਅਤੇ ਇਨ੍ਹਾਂ ਨਿਯਮਾਂ ਨੂੰ ਨਿਰਧਾਰਤ ਕਰਨ ਤੇ ਲਿਖਣ ਵਾਲੇ ਛੇ ਹੀ ਗੁਰੂ ਹਨ। ਪਰ, ਇਨ੍ਹਾਂ ਛੇਆਂ ਦਾ ਸੋਮਾ ਪਰਮਗੁਰੂ ਪਰਮਾਤਮਾ ਆਪ ਹੈ। ਜਿਵੇਂ ਸੂਰਜ ਇੱਕ ਹੈ, ਪਰ, ਉਸ ਦੇ ਪ੍ਰਕਾਸ਼ ਤੇ ਤਪਸ਼ ਦੇ ਪ੍ਰਭਾਵਾਧੀਨ ਕਈ ਰੁੱਤਾਂ ਹੋਂਦ ਵਿੱਚ ਆਉਂਦੀਆਂ ਹਨ, ਤਿਵੇਂ ਇੱਕ ਅਕਾਲਪੁਰਖ ਅਤੇ ਉਸ ਦੀ ਕੁਦਰਤ ਤੋਂ ਹੀ ਸਾਰੇ ਗੁਰੂ ਅਤੇ ਉਨ੍ਹਾਂ ਦਾ ਗਿਆਨ ਹਨ।

“ਮਹਾ ਮੁਗਧ ਤੇ ਕੀਆ ਗਿਆਨੀ॥ ਗੁਰ ਪੂਰੇ ਕੀ ਅਕਥ ਕਹਾਨੀ॥

ਪਾਰਬ੍ਰਹਮ ਨਾਨਕ ਗੁਰਦੇਵ॥ ਵਡੇ ਭਾਗਿ ਪਾਈਐ ਹਰਿ ਸੇਵ॥” ਪ੍ਰਭਾਤੀ ਮ: ੧

ਭਾਵ: ਜਿਸ ਨੇਂ ਮੈਨੂੰ ਮਹਾਂ ਮੂਰਖ ਨੂੰ ਆਤਮ-ਗਿਆਨੀ ਬਣਾਇਆ ਹੈ, ਉਸ ਸਰਵਗੁਣ-ਸੰਪੰਨ ਗੁਰੂ ਦੇ ਦੈਵੀ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਨਾਨਕ ਦਾ ਉਹ ਪਰਮਗੁਰੂ ਪ੍ਰਭੂ ਆਪ ਹੈ। ਉਸ ਦੀ ਸੇਵਾ-ਭਗਤੀ ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦੀ ਹੈ।

“ਤੂੰ ਸਤਿਗੁਰੁ, ਹਉ ਨਉਤਨੁ ਚੇਲਾ॥ ਕਹਿ ਕਬੀਰ ਮਿਲੁ, ਅੰਤ ਕੀ ਬੇਲਾ॥” ਗਉੜੀ ਕਬੀਰ ਜੀ

ਭਾਵ: (ਕਬੀਰ ਜੀ ਪ੍ਰਭੂ ਅੱਗੇ ਬੇਨਤੀ ਕਰਦੇ ਹਨ) ਹੇ ਹਰਿ! ਤੂੰ ਮੇਰਾ ਸਦ-ਸਥਿਰ ਗਿਆਨਦਾਤਾ ਹੈਂ, ਅਤੇ ਮੈਂ ਤੇਰਾ ਅਲ੍ਹੜ ਜਿਹਾ ਚੇਲਾ/ਸੇਵਕ ਹਾਂ। ਮੇਰਾ ਇਹ ਮਨੁੱਖਾ ਜੀਵਨ ਮੁਕਤ ਹੋਣ ਦਾ ਆਖਿਰੀ ਮੌਕਾ ਹੈ। ਇਸ ਲਈ ਮੈਨੂੰ ਆ ਮਿਲ ਅਤੇ ਆਪਣੇ ਦਾਸ ਦੀ ਸਹਾਇਤਾ ਕਰ।

“ਪਾਰਬ੍ਰਹਮ ਪੂਰਨ ਗੁਰਦੇਵ॥ ਕਰਿ ਕਿਰਪਾ ਲਾਗਉ ਤੇਰੀ ਸੇਵ॥” ਗਉੜੀ ਮ: ੫

ਭਾਵ: ਹੇ ਸਰਬਗੁਣ ਨਿਧਾਨ ਪਰਮਗੁਰੂ ਪਰਮਾਤਮਾ! ਦਯਾ ਕਰੋ ਤਾਂ ਜੋ ਦਾਸ ਤੇਰੇ ਨਾਮ-ਸਿਮਰਨ ਦੀ ਕਾਰੇ ਲੱਗਿਆ ਰਹੇ।

“ਅਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ॥

ਸਤਿ ਗੁਰਏ ਨਮਹ॥ ਸ੍ਰੀ ਗੁਰਦੇਵਏ ਨਮਹ॥” ਸੁਖਮਨੀ ਮ: ੫

ਭਾਵ: ਮੇਰੀ ਉਸ ਪਰਮਗੁਰੂ ਨੂੰ ਨਮਸਕਾਰ ਹੈ ਜੋ ਆਦਿ ਤੋਂ ਹੈ ਅਤੇ ਹਮੇਸ਼ਾ ਰਹੇਗਾ। ਓਹੀ ਸਦਸਥਿਰ ਗੁਰੂ ਹੈ, ਓਹੀ ਸਤਿਕਾਰਯੋਗ ਪਰਮਗੁਰੂ ਹੈ।

“ਸਤਿਗੁਰ ਮੇਰਾ ਸਦਾ ਸਦਾ ਨਾ ਅਵੈ ਨਾ ਜਾਇ॥

ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥” ਸੂਹੀ ਅ: ਮ: ੪

ਭਾਵ: ਮੇਰਾ ਗੁਰੁ ਸੱਚ/ਸਦੀਵ ਹੈ; ਓਹ ਜਨਮ ਮਰਨ ਦੇ ਚੱਕ੍ਰ ਵਿੱਚ ਬਨ੍ਹਿਆ ਹੋਇਆ ਨਹੀਂ। ਓਹ ਵਿਨਾਸ਼-ਰਹਿਤ ਹੈ, ਅਤੇ ਸਰਬ-ਵਿਆਪਕ ਹੈ।

“ਨਹ ਸਮਰਥੰ ਨਹ ਸੇਵਕੰ, ਨਹ ਪ੍ਰੀਤਿ ਪਰਮ ਪੁਰਖੋਤਮੰ॥

ਤਵ ਪ੍ਰਸਾਦਿ ਸਿਮਰਤੇ ਨਾਮੰ ਨਾਨਕ, ਕ੍ਰਿਪਾਲ ਹਰਿ ਹਰਿ ਗੁਰੰ॥” ਸਲੋਕ ਸਹਸਕ੍ਰਿਤੀ ਮ: ੫

ਭਾਵ: ਹੇ ਪਰਮਪੁਰਖ ਪ੍ਰਭੂ! ਮੇਰੀ ਨਾਂ ਤਾਂ ਕੋਈ ਪਾਂਇਆ ਹੈ, ਨਾਂ ਸੇਵਾ-ਸਿਮਰਨ ਦੀ ਰੁਚੀ, ਅਤੇ ਨਾਂ ਹੀ ਤੇਰੇ ਚਰਨਾਂ ਦੀ ਪ੍ਰੀਤਿ ਦੀ ਭਾਵਨਾਂ ਹੈ। ਹੇ ਦਯਾਲੂ ਹਰਿ! ਗੁਰੂ ਹਰਿ! ਦਾਸ ਨਾਨਕ ਹਰਿ-ਨਾਮ-ਸਿਮਰਨ ਦੀ ਜੋ ਕਾਰ ਕਰਦਾ ਹੈ, ਉਹ ਤੇਰੀ ਮਿਹਰ ਸਦਕਾ ਹੀ ਹੈ।

“ਤਵ ਗੁਨ ਕਹਾ ਜਗਤ ਗੁਰਾ, ਜਉ ਕਰਮੁ ਨਾ ਨਾਸੈ॥

ਸਿੰਘ ਸਰਨ ਕਤ ਜਾਈਐ, ਜਉ ਜੰਬੁਕੁ ਗ੍ਰਾਸੈ॥” ਬਿਲਾਵਲ ਸਧਨਾ ਜੀ

ਭਾਵ: ਹੇ ਜਗਤ ਦੇ ਗੁਰੂ ਪ੍ਰਭੂ! ਤੇਰੀ ਸਰਨ ਵਿੱਚ ਆਉਣ ਦਾ ਕੀ ਲਾਭ ਜੇ ਤੇਰੇ ਦਰ `ਤੇ ਆ ਕੇ ਵੀ ਮੇਰੇ ਪੂਰਬਲੇ ਵਿਕਾਰੀ ਸੰਸਕਾਰਾਂ ਦਾ ਅੰਤ ਨਹੀਂ ਹੋਣਾ ਤਾਂ? ਸ਼ੇਰ (ਸ੍ਰਿਸ਼ਟੀ ਦੇ ਰਾਜੇ) ਪ੍ਰਭੂ ਦੀ ਸਰਨ ਆਉਣ ਦਾ ਕੀ ਲਾਭ ਜੇ ਮੈਨੂੰ ਗਿੱਦੜਾਂ (ਵਿਕਾਰਾਂ) ਨੇਂ ਹੀ ਖਾ ਜਾਣਾ ਹੈ? (ਕਰਮੁ=ਬੁਰੇ ਸੰਸਕਾਰ; ਜੰਬੁਕੁ=ਵਿਕਾਰਾਂ ਰੂਪੀ ਗਿੱਦੜ; ਗ੍ਰਾਸੈ=ਖਾ ਜਾਣ)।

‘ਸ਼ਬਦ’ ਦੇ ਕਈ ਅਰਥਾਂ ਵਿੱਚੋਂ ਇੱਕ ਪ੍ਰਮਾਣਿਤ ਅਰਥ ਹੈ: ਪਾਰਬ੍ਰਹਮ, ਪ੍ਰਭੂ, ਕਰਤਾਪੁਰਖ। ਇਨ੍ਹਾਂ ਅਰਥਾਂ ਦੀ ਰੋਸ਼ਣੀ ਵਿੱਚ ਵਿਚਾਰੀਏ ਤਾਂ ਗੁਰੂ ਨਾਨਕ ਦੇਵ ਜੀ ਦੀਆਂ ਨਿਮਨ ਲਿਖਿਤ ਤੁਕਾਂ ਤੋਂ ਇਹੋ ਸਿੱਧ ਹੁੰਦਾ ਹੈ ਕਿ ਗੁਰੂਆਂ ਦਾ ਗੁਰੂ ਅਕਾਲਪੁਰਖ ਆਪ ਹੈ।

“ਪਵਨ ਅਰੰਭੁ, ਸਤਿਗੁਰ ਮਤਿ ਵੇਲਾ॥

ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥

ਅਕਥ ਕਥਾ ਲੇ ਰਹਉ ਨਿਰਾਲਾ॥

ਨਾਨਕ ਜੁਗਿ ਜੁਗਿ ਗੁਰ ਗੋਪਾਲਾ॥” ਸਿਧ ਗੋਸਟਿ

ਭਾਵ: ਸ੍ਵਾਸ ਜੀਵਨ ਦਾ ਮੂਲ ਹਨ। ਮਨੁੱਖਾ ਜੀਵਨ ਰੱਬੀ ਗੁਣਾਂ ਵਾਲੀ ਮੱਤ ਧਾਰਨ ਕਰਨ ਦਾਂ ਸਮਾਂ ਹੈ। ਅਕਾਲਪੁਰਖ ਪਰਮਾਤਮਾਂ ਮੇਰਾ ਗੁਰੂ ਹੈ, ਅਤੇ ਇਸ ਗੁਰੂ ਦੇ ਨਾਮ ਵਿੱਚ ਲੱਗੀ ਮੇਰੀ ਲਿਵ ਹੀ ਮੇਰਾ ਓਸ ਦਾ ਚੇਲਾ (ਸਿੱਖ) ਹੋਣਾਂ ਹੈ। ਸ਼ਬਦਾਤੀਤ ਸਤਿਗੁਰੂ ਪ੍ਰਭੂ ਦੀਆਂ ਗੱਲਾਂ (ਸਿਫ਼ਤ ਸਾਲਾਹ) ਕਰਕੇ ਮੈਂ ਮਾਇਆ ਦੀ ਦਲਦਲ ਤੋਂ ਨਿਰਲੇਪ ਰਹਿੰਦਾ ਹਾਂ। ਸ੍ਰਿਸ਼ਟੀ ਦਾ ਪਾਲਣਹਾਰ ਹੀ ਸਾਰੇ ਜੁਗਾਂ ਵਿੱਚ (ਕਿਸੇ ਇੱਕ ਜੁਗ ਦਾ ਨਹੀਂ) ਗਿਆਨ ਬਖ਼ਸ਼ਣ ਵਾਲਾ ਸੱਚਾ ਗੁਰੂ ਹੈ।

ਇਹ ਇੱਕ ਮੰਨਣਯੋਗ ਸੱਚਾਈ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਕੋਈ ਸਰੀਰਧਾਰੀ ਗੁਰੂ ਨਹੀਂ ਸੀ। ਇਸ ਲਈ ਉਨ੍ਹਾਂ ਦੀ ਬਾਣੀ ਵਿੱਚ ਆਇਆ ਗੁਰੂ ਪਦ ਪਰਮਾਤਮਾਂ ਲਈ ਹੈ! ! ਇਹ ਵਿਚਾਰ ਮਾਨਨੀਯ ਹੈ! ਮੂਲਮੰਤ੍ਰ ਦੇ ਤੁਕਾਂਤ, ‘ਗੁਰਪ੍ਰਸਾਦਿ’ ਦੇ ਅਰਥ ਵੀ ਕਰਤਾਪੁਰਖ ਦੀ ਕ੍ਰਿਪਾ, ਰੱਬ ਦੀ ਬਖ਼ਸ਼ਿਸ਼ ਵੀ ਕੀਤੇ ਜਾਂਦੇ ਹਨ, ਜੋ ਕਿ ਬਿਲਕੁਲ ਸਹੀ ਹਨ ਤੇ ਢੁੱਕਦੇ ਵੀ ਹਨ।

ਗੁਰੂ ਨਾਨਕ ਦੇਵ ਜੀ ਦੇ ਪੂਰਵ-ਵਰਤੀ ਮਹਾਂਪੁਰਖਾਂ ਨੇ ਵੀ ‘ਸਤਿਗੁਰ’, ਤੇ ‘ਗੁਰਪ੍ਰਸਾਦਿ’ ਆਦਿ ਪਦਾਂ ਦੀ ਵਰਤੋਂ ਕੀਤੀ ਹੈ। ਉਨ੍ਹਾਂ ਵਿੱਚੋਂ ਕਿਸੇ ਨੇਂ ਵੀ ਬਾਣੀ ਵਿੱਚ ਆਪਣੇ ਨਿੱਜੀ ਦੇਹਧਾਰੀ ਗੁਰੂ ਵਿਸ਼ੇਸ਼ ਦਾ ਜ਼ਿਕਰ ਨਹੀਂ ਕੀਤਾ। ਸੋ, ਸਪਸ਼ਟ ਹੈ ਕਿ ਉਨ੍ਹਾਂ ਦਾ ਇਸ਼ਾਰਾ ਕਿਸੇ ‘ਸਾਂਝੇ ਗੁਰੂ’ ਵੱਲ ਹੈ! ਅਤੇ, ਉਹ ‘ਸਾਂਝਾ ਗੁਰੂ’ ਅਕਾਲਪੁਰਖ ਤੋਂ ਬਿਨਾ ਹੋਰ ਕੋਈ ਨਹੀਂ! ! ਦੂਸਰਾ ਸਾਂਝਾ ਗੁਰੁ ਹੋ ਸਕਦਾ ਹੈ: ਸ੍ਰਿਸ਼ਟੀ ਵਿੱਚ ਵਿਆਪਕ ਅਧਿਆਤਮਿਕ ਗਿਆਨ! ਰੱਬ ਦੀ ਬਖ਼ਸ਼ੀ ਹੋਈ ਇਸ ਸਾਂਝ ਨੂੰ ਮੁੱਖ ਰੱਖਦਿਆਂ ਹੀ ਗੁਰੁ ਨਾਨਕ ਦੇਵ ਜੀ ਨੇਂ ਹਮਖ਼ਿਆਲ ਬਾਣੀਕਾਰਾਂ ਦੀ ਬਾਣੀ ਇਕੱਤ੍ਰ ਕਰਕੇ ਇੱਕ ਪੋਥੀ ਵਿੱਚ ਸੰਕਲਿਤ ਕਰਨ ਦਾ ਪਵਿੱਤ੍ਰ ਉੱਦਮ ਕੀਤਾ ਜੋ ਸੰਸਾਰ ਭਰ ਵਿੱਚ ਅਦੁੱਤੀ ਹੋ ਨਿਬੜਿਆ।

(ਚਲਦਾ--------)

ਭੁੱਲ ਚੁਕ ਲਈ ਖਿਮਾ ਦਾ ਜਾਚਕ

ਦਾਸ,

ਗੁਰਇੰਦਰ ਸਿੰਘ ਪਾਲ

ਫ਼ਰਵਰੀ 14, 2010.
.