.

ਗੁਰਬਾਣੀ ਦਾ ਸੱਚ

(ਕਿਸ਼ਤ ਨੰ: 18)

ਗੁਰਬਾਣੀ ਦਾ ਸੱਚ (ਹਰਿਮੰਦਰ)

ਗੁਰੂ ਗ੍ਰੰਥ ਸਾਹਿਬ ਦਾ ਨਿਮਨ ਲਿਖਤ ਫ਼ਰਮਾਨ ਅਕਾਲ ਪੁਰਖ ਦੇ ਸਰੂਪ ਸਬੰਧੀ ਗੁਰਮਤਿ ਦਾ ਦ੍ਰਿਸ਼ਟੀਕੋਣ ਸਪਸ਼ਟ ਕਰਦਾ ਹੈ:- ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ॥ (ਪੰਨਾ 283) ਅਰਥ: ਪ੍ਰਭੂ ਦਾ ਨ ਕੋਈ ਰੂਪ ਹੈ, ਨ ਚਿਹਨ-ਚੱਕ੍ਰ ਅਤੇ ਨ ਕੋਈ ਰੰਗ। ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਬੇ-ਦਾਗ਼ ਹੈ। ਹੇ ਨਾਨਕ! ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ ਉਤੇ ਆਪ ਤੱ੍ਰੁਠਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਰੂਪ, ਰੰਗ, ਚਿਹਨ-ਚੱਕ੍ਰ ਤੋਂ ਰਹਿਤ ਪਰਮਾਤਮਾ ਦੇ ਨਿਵਾਸ ਸਥਾਨ ਬਾਰੇ ਸਾਨੂੰ ਇਉਂ ਸੋਝੀ ਬਖ਼ਸ਼ਸ਼ ਕਰਦੇ ਹਨ:- ਸੋ ਅੰਤਰਿ ਸੋ ਬਾਹਰਿ ਅਨੰਤ॥ ਘਟਿ ਘਟਿ ਬਿਆਪਿ ਰਹਿਆ ਭਗਵੰਤ॥ ਧਰਨਿ ਮਾਹਿ ਆਕਾਸ ਪਇਆਲ॥ ਸਰਬ ਲੋਕ ਪੂਰਨ ਪ੍ਰਤਿਪਾਲ॥ ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ॥ ਜੈਸੀ ਆਗਿਆ ਤੈਸਾ ਕਰਮੁ॥ ਪਉਣ ਪਾਣੀ ਬੈਸੰਤਰ ਮਾਹਿ॥ ਚਾਰਿ ਕੁੰਟ ਦਹ ਦਿਸੇ ਸਮਾਹਿ॥ ਤਿਸ ਤੇ ਭਿੰਨ ਨਹੀ ਕੋ ਠਾਉ॥ ਗੁਰ ਪ੍ਰਸਾਦਿ ਨਾਨਕ ਸੁਖੁ ਪਾਉ॥ (ਪੰਨਾ 294) ਅਰਥ: ਉਹ ਬੇਅੰਤ ਭਗਵਾਨ ਅੰਦਰ ਬਾਹਰ (ਸਭ ਥਾਈਂ) ਹਰੇਕ ਸਰੀਰ ਵਿੱਚ ਮੌਜੂਦ ਹੈ; ਧਰਤੀ ਅਕਾਸ਼ ਤੇ ਪਤਾਲ ਵਿੱਚ ਹੈ, ਸਾਰੇ ਭਵਨਾਂ ਵਿੱਚ ਮੌਜੂਦ ਹੈ ਤੇ ਸਭ ਦੀ ਪਾਲਨਾ ਕਰਦਾ ਹੈ; ਉਹ ਪਾਰਬ੍ਰਹਮ ਜੰਗਲ ਵਿੱਚ ਹੈ, ਘਾਹ (ਆਦਿਕ) ਵਿੱਚ ਹੈ ਤੇ ਪਰਬਤ ਵਿੱਚ ਹੈ; ਜਿਹੋ ਜਿਹਾ ਉਹ ਹੁਕਮ (ਕਰਦਾ ਹੈ), ਉਹੋ ਜਿਹਾ (ਜੀਵ) ਕੰਮ ਕਰਦਾ ਹੈ; ਪਉਣ ਵਿਚ, ਪਾਣੀ ਵਿਚ, ਅੱਗ ਵਿਚ, ਚਹੁੰ ਕੂਟਾਂ ਵਿੱਚ ਦਸੀਂ ਪਾਸੀਂ (ਸਭ ਥਾਈਂ) ਸਮਾਇਆ ਹੋਇਆ ਹੈ; ਕੋਈ (ਭੀ) ਥਾਂ ਉਸ ਪ੍ਰਭੂ ਤੋਂ ਵੱਖਰਾ ਨਹੀਂ ਹੈ; (ਪਰ) ਹੇ ਨਾਨਕ! (ਇਸ ਨਿਸਚੇ ਦਾ) ਆਨੰਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਫ਼ਰਮਾਨ ਵਿੱਚ ਪ੍ਰਭੂ ਦੇ ਨਿਵਾਸ ਸਬੰਧੀ ਭਰਪੂਰ ਚਰਚਾ ਕੀਤੀ ਹੈ। ਪਰੰਤੂ ਕਈ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਦੇ ਕਿਸੇ ਵਿਸ਼ੇਸ਼ ਸਥਾਨ ਦਾ ਵਰਣਨ ਹੈ। ਅਜਿਹੇ ਵਿਦਵਾਨਾਂ ਦੀ ਇਸ ਧਾਰਨਾ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਕੁੱਝ ਵਿਸ਼ੇਸ਼ ਸ਼ਬਦ ਹਨ। ਇਹ ਸ਼ਬਦ ਹਨ: ਹਰਿ ਮੰਦਰ, ਅਕਾਲ ਪੁਰਖ ਦਾ ਮਹਲ ਅਤੇ ਦਰਗਾਹ ਆਦਿ। ਗੁਰੂ ਗ੍ਰੰਥ ਸਾਹਿਬ ਵਿੱਚ ਆਏ ਇਨ੍ਹਾਂ ਸ਼ਬਦਾਂ ਦੇ ਭਾਵ-ਅਰਥਾਂ ਨੂੰ ਗੁਰਬਾਣੀ ਦੇ ਪਰਿਪੇਖ ਵਿੱਚ ਹੀ ਸਮਝਣ ਦਾ ਜਤਨ/ਯਤਨ ਕਰਦੇ ਹਾਂ।

ਹਰਿ ਮੰਦਰ

ਗੁਰੂ ਗ੍ਰੰਥ ਸਾਹਿਬ ਵਿੱਚ ‘ਹਰਿ ਮੰਦਰ’ ਸ਼ਬਦ ਇੱਟਾਂ, ਪੱਥਰਾਂ ਆਦਿ ਦੇ ਬਣੇ ਹੋਏ ਮੰਦਰ ਦੇ ਅਰਥ ਵਿੱਚ ਨਹੀਂ ਆਇਆ ਹੈ। ਬਾਣੀਕਾਰਾਂ ਨੇ ਮਨੁੱਖੀ ਦੇਹ ਅਤੇ ਸੰਸਾਰ ਨੂੰ ਹੀ ‘ਹਰਿ ਮੰਦਰ’ ਆਖਿਆ ਹੈ। ਕੁੱਝ ਇਤਿਹਾਸਕ ਸਥਾਨਾਂ ਨੂੰ ਵੀ ਸਿੱਖ ਜਗਤ ਵਿੱਚ ਹਰਿਮੰਦਰ ਆਖਿਆ ਜਾਂਦਾ ਹੈ: ਹਰਿਮੰਦਰ/ਦਰਬਾਰ ਸਾਹਿਬ ਅੰਮ੍ਰਿਤਸਰ, ਕੀਰਤਪੁਰ ਵਿਖੇ ਗੁਰੂ ਹਰਿਗੋਬਿੰਦ ਜੀ ਦਾ ਨਿਵਾਸ ਸਥਾਨ, ਪਟਨਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ। ਪਰੰਤੂ ਇਨ੍ਹਾਂ ਇਤਿਹਾਸਕ ਸਥਾਨਾਂ ਦੇ ਇਹ ਨਾਮ ਗੁਰੂ ਸਾਹਿਬ ਨੇ ਨਹੀਂ ਰੱਖੇ ਅਥਵਾ ਗੁਰੂ ਸਾਹਿਬ ਦੇ ਸਮੇਂ ਇਹ ਨਾਮ ਪ੍ਰਚਲਤ ਨਹੀਂ ਸਨ। ਗੁਰੂ ਕਾਲ ਤੋਂ ਬਾਅਦ ਸਿੱਖਾਂ ਨੇ ਹੀ ਇਨ੍ਹਾਂ ਸਥਾਨਾਂ ਦੀ ਇਤਿਹਾਸਕ ਮਹੱਤਾ ਨੂੰ ਦੇਖਦਿਆਂ ਹੋਇਆਂ ਇਨ੍ਹਾਂ ਗੁਰਧਾਮਾਂ ਦੇ ਇਹ ਨਾਮ ਰੱਖੇ ਹਨ। ਇਸ ਦਾ ਹਰਗ਼ਿਜ਼ ਇਹ ਭਾਵ ਨਹੀਂ ਹੈ ਕਿ ਇਹ ਸਥਾਨ ਹੀ ਕੇਵਲ ਹਰੀ ਦਾ ਮੰਦਰ ਹਨ ਅਰਥਾਤ ਪ੍ਰਭੂ ਇੱਥੇ ਹੀ ਨਿਵਾਸ ਕਰਦਾ ਹੈ। ਜੇਕਰ ਅਸੀਂ ਅਜਿਹਾ ਮੰਨਦੇ ਹਾਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਮੂੰਹ ਫੇਰ ਰਹੇ ਹੋਵਾਂਗੇ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਤਰ੍ਹਾਂ ਦੀ ਸੋਚ ਰੱਖਣ ਵਾਲਿਆਂ ਦੀ ਇਸ ਧਾਰਨਾ ਨੂੰ ਰੱਦ ਕਰਦਿਆਂ ਹੋਇਆਂ ਆਖਿਆ ਹੈ:-

ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ॥ ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ॥ 1॥ ਅਲਹ ਰਾਮ ਜੀਵਉ ਤੇਰੇ ਨਾਈ॥ ਤੂ ਕਰਿ ਮਿਹਰਾਮਤਿ ਸਾਈ॥ 1॥ ਰਹਾਉ॥ ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ॥ ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ॥ 2॥ (ਪੰਨਾ 1349) ਅਰਥ: ਹੇ ਅੱਲਾਹ! ਹੇ ਰਾਮ! ਹੇ ਸਾਈਂ! ਤੂੰ ਮੇਰੇ ਉੱਤੇ ਮਿਹਰ ਕਰ, (ਮੈਂ ਤੈਨੂੰ ਇੱਕ ਹੀ ਜਾਣ ਕੇ) ਤੇਰਾ ਨਾਮ ਸਿਮਰ ਕੇ ਜੀਵਾਂ (ਆਤਮਕ ਜੀਵਨ ਹਾਸਲ ਕਰਾਂ)। 1. ਰਹਾਉ। ਜੇ (ਉਹ) ਇੱਕ ਖ਼ੁਦਾ (ਸਿਰਫ਼) ਕਾਹਬੇ ਵਿੱਚ ਵੱਸਦਾ ਹੈ ਤਾਂ ਬਾਕੀ ਦਾ ਮੁਲਕ ਕਿਸ ਦਾ (ਕਿਹਾ ਜਾਏ)? (ਸੋ, ਮੁਸਲਮਾਨ ਦਾ ਇਹ ਅਕੀਦਾ ਠੀਕ ਨਹੀਂ ਹੈ)। ਹਿੰਦੂ ਪਰਮਾਤਮਾ ਦਾ ਨਿਵਾਸ ਮੂਰਤੀ ਵਿੱਚ ਸਮਝਦਾ ਹੈ; (ਇਸ ਤਰ੍ਹਾਂ ਹਿੰਦੂ ਮੁਸਲਮਾਨ) ਦੋਹਾਂ ਵਿਚੋਂ ਕਿਸੇ ਨੇ ਪਰਮਾਤਮਾ ਨੂੰ ਨਹੀਂ ਵੇਖਿਆ। 1.

(ਹਿੰਦੂ ਆਖਦਾ ਹੈ ਕਿ) ਹਰੀ ਦਾ ਨਿਵਾਸ ਦੱਖਣ ਦੇਸ ਵਿੱਚ (ਜਗਨ ਨਾਥ ਪੁਰੀ ਵਿਚ) ਹੈ, ਮੁਸਲਮਾਨ ਆਖਦਾ ਹੈ ਕਿ ਖ਼ੁਦਾ ਦਾ ਘਰ ਪੱਛਮ ਵਲ (ਕਾਹਬੇ ਵਿਚ) ਹੈ। (ਪਰ ਹੇ ਸੱਜਣ!) ਆਪਣੇ ਦਿਲ ਵਿੱਚ (ਰੱਬ ਨੂੰ) ਭਾਲ, ਸਿਰਫ਼ ਦਿਲ ਵਿੱਚ ਹੀ ਲੱਭ, ਇਹ ਦਿਲ ਹੀ ਉਸ ਦਾ ਨਿਵਾਸ ਥਾਂ ਹੈ, ਉਸ ਦਾ ਮੁਕਾਮ ਹੈ। 2.

ਕਿਸੇ ਸਥਾਨ ਨੂੰ ਰੱਬ ਦਾ ਘਰ ਆਖਣ/ਸਮਝਣ ਦੀ ਧਾਰਨਾ ਸਬੰਧੀ ਗੁਰੂ ਗ੍ਰੰਥ ਸਾਹਿਬ ਦਾ ਇਹ ਸਪਸ਼ਟ ਨਿਰਣਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ‘ਹਰਿ ਮੰਦਰ’ ਸ਼ਬਦ ਜਿਨ੍ਹਾਂ ਸ਼ਬਦਾਂ/ਪੰਗਤੀਆਂ ਵਿੱਚ ਆਇਆ ਹੈ, ਉਹ ਇਸ ਤਰ੍ਹਾਂ ਹਨ:-

(ੳ) ਦਹ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਉ ਹਰਿ ਪਾਇਅੜਾ ਘਰਿ ਆਏ ਰਾਮ॥ ਹਰਿ ਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ॥ (ਪੰਨਾ 542) ਅਰਥ: ਹੇ ਮੇਰੇ ਪਿਆਰੇ! (ਪਰਮਾਤਮਾ ਨੂੰ ਲੱਭਣ ਵਾਸਤੇ) ਅਸੀ ਦਸੀਂ ਪਾਸੀਂ ਭਾਲ ਕਰਦੇ ਫਿਰੇ, ਪਰ ਉਸ ਪਰਮਾਤਮਾ ਨੂੰ ਹੁਣ ਹਿਰਦੇ-ਘਰ ਵਿਚ ਹੀ ਆ ਕੇ ਲੱਭ ਲਿਆ ਹੈ। ਹੇ ਮੇਰੇ ਪਿਆਰੇ! (ਇਸ ਮਨੁੱਖਾ ਸਰੀਰ ਨੂੰ) ਪਰਮਾਤਮਾ ਨੇ ਆਪਣੇ ਰਹਿਣ ਲਈ ਘਰ ਬਣਾਇਆ ਹੋਇਆ ਹੈ, ਪਰਮਾਤਮਾ ਇਸ (ਸਰੀਰ-ਘਰ) ਵਿਚ ਟਿਕਿਆ ਰਹਿੰਦਾ ਹੈ।

(ਅ) ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ॥ (ਪੰਨਾ 781) ਅਰਥ: ਹੇ ਭਾਈ! (ਮਨੁੱਖ ਦਾ ਇਹ ਸਰੀਰ-) ਘਰ ਪਰਮਾਤਮਾ ਨੇ ਨਾਮ ਜਪਣ ਲਈ ਬਣਾਇਆ ਹੈ, (ਇਸ ਘਰ ਵਿਚ) ਸੰਤ-ਜਨ ਭਗਤ-ਜਨ (ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ। ਆਪਣੇ ਮਾਲਕ-ਪ੍ਰਭੂ (ਦਾ ਨਾਮ) ਹਰ ਵੇਲੇ ਸਿਮਰ ਸਿਮਰ ਕੇ (ਸੰਤ ਜਨ ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰ ਲੈਂਦੇ ਹਨ।

(ੲ) ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ॥ ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ॥ ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ॥ ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ॥ ਸਭ ਮਹਿ ਇਕੁ ਵਰਤਦਾ ਗੁਰ ਸਬਦੀ ਪਾਇਆ ਜਾਈ॥ 12॥ (ਪੰਨਾ 953) ਅਰਥ: (ਉਂਞ ਤਾਂ ਸਾਰੇ ਸਰੀਰ “ਹਰਿ ਮੰਦਰੁ” ਭਾਵ, ਰੱਬ ਦੇ ਰਹਿਣ ਦੇ ਥਾਂ ਹਨ, ਪਰ ਅਸਲ ਵਿਚ) ਉਹੀ ਸਰੀਰ “ਹਰਿ ਮੰਦਰੁ” ਕਿਹਾ ਜਾਣਾ ਚਾਹੀਦਾ ਹੈ ਜਿਸ ਵਿੱਚ ਰੱਬ ਪਛਾਣਿਆ ਜਾਏ; (ਸੋ, ਮਨੁੱਖਾ ਸਰੀਰ ‘ਹਰਿ ਮੰਦਰੁ’ ਹੈ, ਕਿਉਂਕਿ) ਮਨੁੱਖਾ-ਸਰੀਰ ਵਿੱਚ ਗੁਰੂ ਦੇ ਹੁਕਮ ਤੇ ਤੁਰ ਕੇ ਰੱਬ ਲੱਭਦਾ ਹੈ, ਹਰ ਥਾਂ ਵਿਆਪਕ ਜੋਤਿ ਦਿੱਸਦੀਹੈ।

(ਸਰੀਰ ਤੋਂ) ਬਾਹਰ ਭਾਲਣ ਦੀ ਉੱਕਾ ਲੋੜ ਨਹੀਂ, (ਇਸ ਸਰੀਰ-) ਘਰ ਵਿੱਚ ਹੀ ਸਿਰਜਣਹਾਰ ਵੱਸ ਰਿਹਾ ਹੈ। ਪਰ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਇਸ ਮਨੁੱਖਾ ਸਰੀਰ) “ਹਰਿ ਮੰਦਰੁ” ਦੀ ਕਦਰ ਨਹੀਂ ਜਾਣਦੇ, ਉਹ ਮਨੁੱਖਾ ਜਨਮ (ਮਨ ਦੇ ਪਿੱਛੇ ਤੁਰ ਕੇ ਹੀ) ਗੰਵਾ ਜਾਂਦੇ ਹਨ।

(ਉਂਞ ਤਾਂ) ਸਾਰਿਆਂ ਵਿੱਚ ਇੱਕ ਪ੍ਰਭੂ ਹੀ ਵਿਆਪਕ ਹੈ, ਪਰ ਲੱਭਦਾ ਹੈ ਗੁਰੂ ਦੇ ਸ਼ਬਦ {ਗੁਰੂ ਦੇ ਉਪਦੇਸ਼/ਗੁਰਬਾਣੀ} ਦੀ ਰਾਹੀਂ।

(ਸ) ਸਤਿਗੁਰੁ ਮਿਲੈ ਤ ਮਹਲਿ ਬੁਲਾਏ॥ ਸਾਚੀ ਦਰਗਹ ਗਤਿ ਪਤਿ ਪਾਏ॥ ਸਾਕਤ ਠਉਰ ਨਾਹੀ ਹਰਿ ਮੰਦਰ ਜਨਮ ਮਰੈ ਦੁਖੁ ਪਾਇਆ॥ 7॥ (ਪੰਨਾ 1043) ਅਰਥ: ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਪਰਮਾਤਮਾ ਉਸ ਨੂੰ ਆਪਣੀ ਹਜ਼ੂਰੀ ਵਿੱਚ ਸੱਦਦਾ ਹੈ (ਭਾਵ, ਆਪਣੇ ਚਰਨਾਂ ਵਿੱਚ ਜੋੜੀ ਰੱਖਦਾ ਹੈ)। ਉਹ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰਦਾ ਹੈ (ਲੋਕ ਪਰਲੋਕ ਵਿਚ) ਇੱਜ਼ਤ ਪਾਂਦਾ ਹੈ। ਪਰ ਮਾਇਆ-ਵੇੜ੍ਹੇ ਬੰਦੇ ਨੂੰ ਪਰਮਾਤਮਾ ਦੇ ਮਹਲ ਦਾ ਟਿਕਾਣਾ ਨਹੀਂ ਲੱਭਦਾ, ਉਹ ਜਨਮਾਂ ਦੇ ਗੇੜ ਵਿੱਚ ਪੈ ਕੇ ਮਰਦਾ ਤੇ ਦੁੱਖ ਸਹਾਰਦਾ ਹੈ। 7

(ਹ) ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ॥ ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ॥ ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ ਮਿਲਾਇਦਾ॥ 4॥ (ਪੰਨਾ 1059) ਅਰਥ: ਹੇ ਭਾਈ! ਇਹ ਮਨੁੱਖਾ ਸਰੀਰ ਪਰਮਾਤਮਾ ਦਾ (ਪਵਿੱਤਰ) ਘਰ ਹੈ, ਪਰਮਾਤਮਾ ਇਸ ਨੂੰ ਆਪ ਹੀ ਸੋਹਣਾ ਬਣਾਂਦਾ ਹੈ, ਇਸ ਵਿੱਚ ਵਿਚਾਰ-ਦੈਂਤਾਂ ਦੇ ਮਾਰਨ ਵਾਲਾ ਪ੍ਰਭੂ ਆਪ ਵੱਸਦਾ ਹੈ। ਹੇ ਭਾਈ! ਜਿਹੜੇ ਜੀਵ-ਵਣਜਾਰੇ (ਇਸ ਸਰੀਰ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਦਾ ਵਣਜ ਕਰਦੇ ਹਨ, ਪ੍ਰਭੂ ਮਿਹਰ ਦੀ ਨਿਗਾਹ ਨਾਲ ਉਹਨਾਂ ਨੂੰ (ਆਪਣੇ ਨਾਲ) ਮਿਲਾ ਲੈਂਦਾ ਹੈ।

(ਕ) ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ॥ ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮਾੑਲਿ॥ 1॥ ਮਨ ਮੇਰੇ ਸਬਦਿ ਰਪੈ ਰੰਗੁ ਹੋਇ॥ ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ॥ 1॥ ਰਹਾਉ॥ ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥ 2॥ ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ॥ ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ॥ 3॥ ਸਬਦੁ ਚੀਨਿੑ ਸੁਖੁ ਪਾਇਆ ਸਚੈ ਨਾਇ ਪਿਆਰ॥ ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ॥ 4॥ ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ॥ ਦੂਜਾ ਭਾਉ ਕਰਿ ਪੂਜਦੇ ਮਨਮੁਖ ਅੰਧ ਗਵਾਰ॥ 5॥ ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ॥ ਸਾਚਿ ਰਤੇ ਸੇ ਉਬਰੇ ਦੁਖੀਏ ਦੂਜੈ ਭਾਇ॥ 6॥ ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ॥ ਗੁਰ ਪਰਸਾਦੀ ਚੀਨਿੑਆ ਹਰਿ ਰਾਖਿਆ ਉਰਿ ਧਾਰਿ॥ 7॥ ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦਿ ਰਤੇ ਰੰਗੁ ਲਾਇ॥ ਪਵਿਤੁ ਪਾਵਨ ਸੇ ਜਨ ਨਿਰਮਲ ਹਰਿ ਕੈ ਨਾਮਿ ਸਮਾਇ॥ 8॥ ਹਰਿ ਮੰਦਰੁ ਹਰਿ ਕਾ ਹਾਟੁ ਹੈ ਰਖਿਆ ਸਬਦਿ ਸਵਾਰਿ॥ ਤਿਸੁ ਵਿਚਿ ਸਉਦਾ ਏਕੁ ਨਾਮੁ ਗੁਰਮੁਖਿ ਲੈਨਿ ਸਵਾਰਿ॥ 9॥ ਹਰਿ ਮੰਦਰ ਮਹਿ ਮਨੁ ਲੋਹਟੁ ਹੈ ਮੋਹਿਆ ਦੂਜੈ ਭਾਇ॥ ਪਾਰਸਿ ਭੇਟਿਐ ਕੰਚਨੁ ਭਇਆ ਕੀਮਤਿ ਕਹੀ ਨ ਜਾਇ॥ 10॥ ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ॥ ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ॥ 11॥ (ਪੰਨਾ 1346) ਅਰਥ: ਹੇ ਮੇਰੇ ਮਨ! (ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਵਿੱਚ ਰੰਗਿਆ ਜਾਂਦਾ ਹੈ {ਭਾਵ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ} (ਉਸ ਦੇ ਮਨ ਨੂੰ ਪਰਮਾਤਮਾ ਦੀ ਭਗਤੀ ਦਾ) ਰੰਗ ਚੜ੍ਹ ਜਾਂਦਾ ਹੈ। ਉਸ ਨੂੰ ਸਦਾ-ਥਿਰ ਪ੍ਰਭੂ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਸੋਭਾ ਸਦਾ ਲਈ (ਲੋਕ ਪਰਲੋਕ ਵਿਚ) ਖਿਲਰ ਜਾਂਦੀ ਹੈ। (ਉਸ ਮਨੁੱਖ ਦਾ ਸਰੀਰ) ਪਰਮਾਤਮਾ ਦਾ ਕਦੇ ਨਾਹ ਡੋਲਣ ਵਾਲਾ ਘਰ ਬਣ ਜਾਂਦਾ ਹੈ (ਉਸ ਦਾ ਸਰੀਰ ਅਜਿਹਾ ‘ਹਰਿ ਮੰਦਰ’ ਬਣ ਜਾਂਦਾ ਹੈ ਜਿਸ ਨੂੰ ਵਿਕਾਰਾਂ ਦਾ ਝੱਖੜ ਹਿਲਾ ਨਹੀਂ ਸਕਦਾ)। 1. ਰਹਾਉ।

ਹੇ ਭਾਈ! ਤੂੰ ਗੁਰੂ ਦੀ ਕਿਰਪਾ ਨਾਲ ਵੇਖ, ਪਰਮਾਤਮਾ ਦਾ ਘਰ ਤੇਰੇ ਨਾਲ ਹੈ (ਤੇਰੇ ਅੰਦਰ ਹੀ ਹੈ। ਇਸ) ‘ਹਰਿ ਮੰਦਰ’ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੱਭਿਆ ਜਾ ਸਕਦਾ ਹੈ (ਹੇ ਭਾਈ! ਗੁਰੂ ਦੇ ਸ਼ਬਦ ਵਿੱਚ ਜੁੜ, ਅਤੇ) ਪਰਮਾਤਮਾ ਦਾ ਨਾਮ ਆਪਣੇ ਅੰਦਰ ਸਾਂਭ ਕੇ ਰੱਖ। 1.

ਹੇ ਭਾਈ! (ਮਨੁੱਖ ਦਾ) ਇਹ ਸਰੀਰ ‘ਹਰਿ-ਮੰਦਰ’ ਹੈ (ਪਰ ਇਹ ਭੇਤ ਸਤਿਗੁਰੂ ਦੀ ਬਖ਼ਸ਼ੀ) ਆਤਮਕ ਜੀਵਨ ਦੀ ਕੀਮਤੀ ਸੂਝ ਦੀ ਰਾਹੀਂ ਖੁਲ੍ਹਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਜਗਤ ਦੇ) ਮੂਲ (ਪਰਮਾਤਮਾ) ਨਾਲ ਸਾਂਝ ਨਹੀਂ ਪਾਂਦੇ (ਇਸ ਵਾਸਤੇ ਉਹ ਸਮਝਦੇ ਹਨ ਕਿ) ਮਨੁੱਖ ਦੇ ਅੰਦਰ ‘ਹਰਿ-ਮੰਦਰ’ ਨਹੀਂ ਹੋ ਸਕਦਾ। 2.

ਹੇ ਭਾਈ! (ਇਹ ਮਨੁੱਖਾ ਸਰੀਰ) ‘ਹਰਿ-ਮੰਦਰ’ ਪ੍ਰਭੂ ਜੀ ਨੇ ਆਪ ਬਣਾਇਆ ਹੈ (ਅਤੇ ਆਪਣੇ) ਹੁਕਮ ਨਾਲ ਸਜਾ ਰੱਖਿਆ ਹੈ। ਧੁਰ ਦਰਗਾਹ ਤੋਂ (ਹਰੇਕ ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਜਿਹੜਾ) ਲੇਖ (ਹਰੇਕ ਸਰੀਰ—ਹਰਿ-ਮੰਦਰ ਵਿਚ) ਲਿਖਿਆ ਜਾਂਦਾ ਹੈ ਉਸ ਲੇਖ ਅਨੁਸਾਰ ਹਰੇਕ ਪ੍ਰਾਣੀ ਨੂੰ ਤੁਰਨਾ ਪੈਂਦਾ ਹੈ। ਕੋਈ ਮਨੁੱਖ (ਆਪਣੇ ਕਿਸੇ ਉੱਦਮ ਨਾਲ ਉਸ ਲੇਖ ਨੂੰ) ਮਿਟਾਣ ਜੋਗਾ ਨਹੀਂ ਹੈ। 3.

ਹੇ ਭਾਈ! (ਗੁਰੂ ਦੇ ਸ਼ਬਦ ਦੀ ਰਾਹੀਂ) ਸਦਾ-ਥਿਰ ਹਰਿ-ਨਾਮ ਵਿੱਚ (ਜਿਸ ਮਨੁੱਖ ਨੇ) ਪਿਆਰ ਪਾਇਆ, ਉਸ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਆਤਮਕ ਆਨੰਦ ਪ੍ਰਾਪਤ ਕੀਤਾ। (ਉਸ ਮਨੁੱਖ ਦਾ ਸਰੀਰ-) ਹਰਿ-ਮੰਦਰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੋਹਣਾ ਬਣ ਗਿਆ, (ਉਹ ਹਰਿ-ਮੰਦਰ) ਬੇਅੰਤ ਪ੍ਰਭੂ (ਦੇ ਨਿਵਾਸ) ਵਾਸਤੇ (ਮਾਨੋ) ਸੋਨੇ ਦਾ ਕਿਲ੍ਹਾ ਬਣ ਗਿਆ। 4.

ਹੇ ਭਾਈ! ਇਹ ਸਾਰਾ ਸੰਸਾਰ ਭੀ ‘ਹਰਿ-ਮੰਦਰ’ ਹੀ ਹੈ (ਪਰਮਾਤਮਾ ਦੇ ਰਹਿਣ ਦਾ ਘਰ ਹੈ)। ਪਰ ਗੁਰੂ (ਦੀ ਸਰਨ) ਤੋਂ ਬਿਨਾ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ ਬਣਿਆ ਰਹਿੰਦਾ ਹੈ (ਤੇ, ਜੀਵਾਂ ਨੂੰ ਇਸ ਭੇਤ ਦੀ ਸਮਝ ਨਹੀਂ ਪੈਂਦੀ)। ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ, ਆਤਮਕ ਜੀਵਨ ਵਲੋਂ ਅੰਨ੍ਹੇ ਹੋਏ ਹੋਏ ਮੂਰਖ ਮਨੁੱਖ (ਪਰਮਾਤਮਾ ਤੋਂ ਬਿਨਾ) ਹੋਰ ਨਾਲ ਪਿਆਰ ਪਾ ਕੇ ਉਸ ਨੂੰ ਪੂਜਦੇ-ਸਤਕਾਰਦੇ ਰਹਿੰਦੇ ਹਨ। 5.

ਹੇ ਭਾਈ! ਜਿੱਥੇ (ਪਰਮਾਤਮਾ ਦੀ ਦਰਗਾਹ ਵਿੱਚ ਮਨੁੱਖ ਪਾਸੋਂ ਉਸ ਦੇ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ (ਮਨੁੱਖ ਦੇ ਨਾਲ) ਨਾਹ (ਇਹ) ਸਰੀਰ ਜਾਂਦਾ ਹੈ ਨਾਹ (ਉੱਚੀ ਨੀਵੀਂ) ਜਾਤਿ ਜਾਂਦੀ ਹੈ। (ਜਿਹੜੇ ਮਨੁੱਖ) ਸਦਾ-ਥਿਰ ਹਰਿ-ਨਾਮ ਵਿੱਚ ਰੰਗੇ ਰਹਿੰਦੇ ਹਨ, ਉਹ (ਉਥੇ ਲੇਖਾ ਹੋਣ ਸਮੇ) ਸੁਰਖ਼ਰੂ ਹੋ ਜਾਂਦੇ ਹਨ, (ਜਿਹੜੇ) ਮਾਇਆ ਦੇ ਪਿਆਰ ਵਿੱਚ (ਹੀ ਜ਼ਿੰਦਗੀ ਦੇ ਦਿਨ ਗੁਜ਼ਾਰ ਜਾਂਦੇ ਹਨ, ਉਹ ਉਥੇ) ਦੁਖੀ ਹੁੰਦੇ ਹਨ। 6.

ਹੇ ਭਾਈ! (ਇਸ ਸਰੀਰ-) ‘ਹਰਿ-ਮੰਦਰ’ ਵਿੱਚ ਪਰਮਾਤਮਾ ਦਾ ਨਾਮ (ਮਨੁੱਖ ਵਾਸਤੇ) ਖ਼ਜ਼ਾਨਾ ਹੈ, ਪਰ ਮੂਰਖ ਬੰਦੇ (ਇਹ ਗੱਲ) ਨਹੀਂ ਸਮਝਦੇ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝ ਲਿਆ, ਉਹਨਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਲਿਆ। 7.

ਹੇ ਭਾਈ! ਜਿਹੜੇ ਮਨੁੱਖ (ਗੁਰੂ ਦੀ ਰਾਹੀਂ ਪਰਮਾਤਮਾ ਨਾਲ) ਪਿਆਰ ਬਣਾ ਕੇ ਗੁਰੂ ਦੇ ਸ਼ਬਦ ਵਿੱਚ ਰੰਗੇ ਰਹਿੰਦੇ ਹਨ, ਉਹ ਮਨੁੱਖ ਗੁਰੂ ਪਾਸੋਂ ਗੁਰੂ ਦੀ ਬਾਣੀ (ਦੀ ਕਦਰ) ਸਮਝ ਲੈਂਦੇ ਹਨ। ਉਹ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿ ਕੇ ਸੁੱਚੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ। 8.

ਹੇ ਭਾਈ! (ਇਹ ਮਨੁੱਖਾ ਸਰੀਰ) ‘ਹਰਿ-ਮੰਦਰ’ ਪਰਮਾਤਮਾ (ਦੇ ਨਾਮ-ਵੱਖਰ) ਦਾ ਹੱਟ ਹੈ, ਇਸ (ਹੱਟ) ਨੂੰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸਜਾ ਕੇ ਰੱਖਿਆ ਜਾ ਸਕਦਾ ਹੈ। ਇਸ (ਸਰੀਰ ਹੱਟ) ਵਿੱਚ ਪਰਮਾਤਮਾ ਦਾ ਨਾਮ-ਸੌਦਾ (ਮਿਲ ਸਕਦਾ) ਹੈ। (ਪਰ ਸਿਰਫ਼) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ ਆਪਣੇ ਜੀਵਨ ਨੂੰ) ਸੋਹਣਾ ਬਣਾ ਕੇ (ਇਹ ਸੌਦਾ) ਲੈਂਦੇ ਹਨ। 9.

ਹੇ ਭਾਈ! (ਜਿਹੜਾ ਮਨੁੱਖ) ਮਾਇਆ ਦੇ ਮੋਹ ਵਿੱਚ (ਫਸ ਕੇ ਆਤਮਕ ਜੀਵਨ ਦੀ ਰਾਸਿ-ਪੂੰਜੀ) ਲੁਟਾ ਬੈਠਦਾ ਹੈ, (ਉਸ ਦਾ) ਮਨ (ਇਸ ਸਰੀਰ-) ਹਰਿ-ਮੰਦਰ ਵਿੱਚ ਲੋਹਾ (ਹੀ ਬਣਿਆ ਰਹਿੰਦਾ) ਹੈ। (ਪਰ, ਹਾਂ) ਜੇ ਗੁਰੂ-ਪਾਰਸ ਮਿਲ ਪਏ (ਤਾਂ ਲੋਹੇ ਵਰਗਾ ਨਿਕੰਮਾ ਬਣਿਆ ਉਸ ਦਾ ਮਨ) ਸੋਨਾ ਹੋ ਜਾਂਦਾ ਹੈ (ਫਿਰ ਉਹ ਇਤਨੇ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ ਕਿ ਉਸ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ। 10.

ਹੇ ਭਾਈ! (ਇਸ ਸਰੀਰ-) ‘ਹਰਿ-ਮੰਦਰ’ ਵਿੱਚ ਪਰਮਾਤਮਾ (ਆਪ) ਵੱਸਦਾ ਹੈ, ਉਹ ਪਰਮਾਤਮਾ ਸਭ ਜੀਵਾਂ ਵਿੱਚ ਹੀ ਇਕ-ਰਸ ਵੱਸ ਰਿਹਾ ਹੈ। ਹੇ ਨਾਨਕ! (ਸਰਬ-ਨਿਵਾਸੀ ਪ੍ਰਭੂ ਦੇ ਨਾਮ ਦਾ ਸੌਦਾ) ਗੁਰੂ ਦੀ ਰਾਹੀਂ ਵਣਜਿਆ ਜਾ ਸਕਦਾ ਹੈ। ਇਹ ਸੌਦਾ ਸਦਾ ਕਾਇਮ ਰਹਿਣ ਵਾਲਾ ਸੌਦਾ ਹੈ। 11.

(ਖ) ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ॥ ਗੁਰਮਤੀ ਹਰਿ ਪਾਇਆ ਮਾਇਆ ਮੋਹ ਪਰਜਾਲਿ॥ ਹਰਿ ਮੰਦਰਿ ਵਸਤੁ ਅਨੇਕ ਹੈ ਨਵ ਨਿਧਿ ਨਾਮੁ ਸਮਾਲਿ॥ (ਪੰਨਾ 1418) ਅਰਥ: ਹੇ ਭਾਈ! (ਮਨੁੱਖ ਦਾ ਇਹ ਸਰੀਰ-) ਹਰਿ-ਮੰਦਰ ਪਰਮਾਤਮਾ ਨੇ (ਆਪ) ਬਣਾਇਆ ਹੈ, ਇਸ ਸਰੀਰ-ਹਰਿਮੰਦਰ ਵਿੱਚ ਪਰਮਾਤਮਾ ਆਪ ਵੱਸਦਾ ਹੈ। (ਪਰ) ਗੁਰੂ ਦੀ ਮਤਿ ਉਤੇ ਤੁਰ ਕੇ (ਅੰਦਰੋਂ) ਮਾਇਆ ਦਾ ਮੋਹ ਚੰਗੀ ਤਰ੍ਹਾਂ ਸਾੜ ਕੇ (ਹੀ, ਕਿਸੇ ਭਾਗਾਂ ਵਾਲੇ ਨੇ ਅੰਦਰ-ਵੱਸਦਾ) ਪਰਮਾਤਮਾ ਲੱਭਾ ਹੈ।

ਹੇ ਭਾਈ! ਪਰਮਾਤਮਾ ਦਾ ਨਾਮ, ਮਾਨੋ, ਨੌ ਖ਼ਜ਼ਾਨੇ ਹੈ (ਇਸ ਨੂੰ ਹਿਰਦੇ ਵਿਚ) ਸਾਂਭ ਕੇ ਰੱਖ (ਜੇ ਹਰਿ-ਨਾਮ ਸੰਭਾਲਿਆ ਜਾਏ, ਤਾਂ) ਇਸ ਸਰੀਰ-ਹਰਿਮੰਦਰ ਵਿੱਚ ਅਨੇਕਾਂ ਹੀ ਉੱਤਮ ਕੀਮਤੀ ਗੁਣ (ਲੱਭ ਪੈਂਦੇ) ਹਨ।

(ਗ) ਕਰਿ ਅਪੁਨੀ ਦਾਸੀ ਮਿਟੀ ਉਦਾਸੀ ਹਰਿ ਮੰਦਰਿ ਥਿਤਿ ਪਾਈ॥ ਅਨਦ ਬਿਨੋਦ ਸਿਮਰਹੁ ਪ੍ਰਭੁ ਸਾਚਾ ਵਿਛੁੜਿ ਕਬਹੂ ਨ ਜਾਈ॥॥ (ਪੰਨਾ 782) ਅਰਥ: ਠਾਕੁਰ-ਪ੍ਰਭੂ ਨੇ ਉਸ ਜੀਵ-ਇਸਤ੍ਰੀ ਨੂੰ ਆਪਣੀ ਦਾਸੀ ਬਣਾ ਲਿਆ, (ਉਸ ਦੇ ਅੰਦਰੋਂ ਮਾਇਆ ਆਦਿਕ ਲਈ) ਭਟਕਣਾ ਮੁੱਕ ਗਈ, ਉਸ ਨੇ ਪਰਮਾਤਮਾ ਦੇ ਬਣਾਏ ਇਸ ਸਰੀਰ-ਮੰਦਰ ਵਿਚ ਹੀ ਟਿਕਾਉ ਹਾਸਲ ਕਰ ਲਿਆ। ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਦੇ ਰਹੋ (ਤੁਹਾਡੇ ਅੰਦਰ) ਆਤਮਕ ਆਨੰਦ ਬਣੇ ਰਹਿਣਗੇ।

(ਘ) ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ॥ ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ॥ ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ॥ ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ॥ (ਪੰਨਾ 1107) ਅਰਥ: (ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ), ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਸੁਹਾਵਣੀਆਂ ਬੂੰਦਾਂ ਦੀ ਧਾਰ ਵਰ੍ਹਦੀ ਹੈ, ਉਸ ਅਡੋਲ ਅਵਸਥਾ ਵਿੱਚ ਟਿਕੀ ਹੋਈ ਨੂੰ ਪ੍ਰੇਮ ਵਿੱਚ ਟਿਕੀ ਹੋਈ ਨੂੰ ਸੱਜਣ ਪ੍ਰਭੂ ਆ ਮਿਲਦਾ ਹੈ, ਪ੍ਰਭੂ ਨਾਲ ਉਸ ਦੀ ਪ੍ਰੀਤ ਬਣ ਜਾਂਦੀ ਹੈ। (ਉਸ ਜੀਵ-ਇਸਤ੍ਰੀ ਦਾ ਹਿਰਦਾ ਪ੍ਰਭੂ-ਦੇਵ ਦੇ ਟਿਕਣ ਲਈ ਮੰਦਰ ਬਣ ਜਾਂਦਾ ਹੈ) ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹ ਉਸ ਜੀਵ-ਇਸਤ੍ਰੀ ਦੇ ਹਿਰਦੇ-ਮੰਦਰ ਵਿੱਚ ਆ ਟਿਕਦਾ ਹੈ, ਉਹ ਜੀਵ-ਇਸਤ੍ਰੀ ਉਤਾਵਲੀ ਹੋ ਹੋ ਕੇ ਉਸ ਦੇ ਗੁਣ ਗਾਂਦੀ ਹੈ, (ਤੇ ਆਖਦੀ ਹੈ—) ਹਰੇਕ ਭਾਗਾਂ ਵਾਲੀ ਦੇ ਹਿਰਦੇ-ਘਰ ਵਿੱਚ ਪ੍ਰਭੂ-ਪਤੀ ਰਲੀਆਂ ਮਾਣਦਾ ਹੈ, ਪ੍ਰਭੂ-ਪਤੀ ਨੇ ਮੈਨੂੰ ਕਿਉਂ ਭੁਲਾ ਦਿੱਤਾ ਹੈ?

(ਙ) ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ॥ ਅੰਦਰਿ ਲਾਲ ਜਵੇਹਰੀ ਗੁਰਮੁਖਿ ਹਰਿ ਨਾਮੁ ਪੜੁ॥ ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ॥ (ਪੰਨਾ 952) ਅਰਥ: ਇਸ ਸਰੀਰ ਨੂੰ ਪਰਮਾਤਮਾ ਦੇ ਰਹਿਣ ਲਈ ਸੋਹਣਾ ਘਰ ਆਖਣਾ ਚਾਹੀਦਾ ਹੈ, ਕਿਲ੍ਹਾ ਗੜ੍ਹ ਕਹਿਣਾ ਚਾਹੀਦਾ ਹੈ। ਜੇ ਗੁਰੂ ਦੇ ਹੁਕਮ ਵਿੱਚ ਤੁਰ ਕੇ ਪਰਮਾਤਮਾ ਦਾ ਨਾਮ ਜਪੋਗੇ ਤਾਂ ਇਸ ਸਰੀਰ ਦੇ ਅੰਦਰੋਂ ਹੀ ਚੰਗੇ ਗੁਣ-ਰੂਪ ਲਾਲ ਜਵਾਹਰ ਮਿਲ ਜਾਣਗੇ। (ਹੇ ਮਨ!) ਪਰਮਾਤਮਾ ਦਾ ਨਾਮ {ਭਾਵ ਰੱਬੀ ਗੁਣਾਂ ਨੂੰ} (ਹਿਰਦੇ ਵਿਚ) ਪੱਕਾ ਕਰ ਕੇ ਰੱਖ, ਤਾਂ ਹੀ ਇਹ ਸਰੀਰ ਇਹ ਪ੍ਰਭੂ-ਦਾ-ਮੰਦਰ ਬੜਾ ਸੋਹਣਾ ਹੋ ਸਕਦਾ ਹੈ।

(ਚ) ਹਰਿ ਕਾ ਮੰਦਰੁ ਤਿਸੁ ਮਹਿ ਲਾਲੁ॥ ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ॥ 4॥ ਜਿਨਿ ਚਾਖਿਆ ਤਿਸੁ ਆਇਆ ਸਾਦੁ॥ ਪੰਨਾ 801) ਅਰਥ: (ਇਹ ਸਰੀਰ ਹੀ) ਪਰਮਾਤਮਾ ਦੇ ਰਹਿਣ ਦਾ ਘਰ ਹੈ, ਇਸ (ਸਰੀਰ) ਵਿਚ ਉਹ ਲਾਲ ਵੱਸ ਰਿਹਾ ਹੈ। ਜਦੋਂ ਗੁਰੂ ਨੇ (ਮੇਰੇ ਅੰਦਰੋਂ ਭਰਮ-ਭੁਲੇਖੇ ਦਾ) ਪਰਦਾ ਖੋਲ੍ਹ ਦਿੱਤਾ, ਮੈਂ (ਉਸ ਲਾਲ ਨੂੰ ਆਪਣੇ ਅੰਦਰ ਹੀ) ਵੇਖ ਕੇ ਲੂੰ ਲੂੰ ਖਿੜ ਗਈ।

ਉਪਰੋਕਤ ਸ਼ਬਦਾਂ/ਪੰਗਤੀਆਂ ਵਿੱਚ ਬਾਣੀਕਾਰਾਂ ਨੇ ਕਿਧਰੇ ਵੀ ‘ਹਰਿਮੰਦਰ’ ਸ਼ਬਦ ਕਿਸੇ ਇੱਟਾਂ, ਪੱਥਰਾਂ ਆਦਿ ਦੇ ਬਣੇ ਹੋਏ ਸਥਾਨ ਦੇ ਅਰਥਾਂ ਵਿੱਚ ਨਹੀਂ ਵਰਤਿਆ ਹੈ। ਇਸ ਲਈ ‘ਹਰਿ ਮੰਦਰ’ ਸ਼ਬਦ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਵਿੱਚ ਬਾਣੀਕਾਰਾਂ ਨੇ ਵਾਹਿਗੁਰੂ ਦੇ ਕਿਸੇ ਅਸਮਾਨੀ ਜਾਂ ਧਰਤੀ ਦੇ ਕਿਸੇ ਹਿੱਸੇ `ਚ ਉਸਰੇ ਕਿਸੇ ਸਥਾਨ ਨੂੰ ‘ਹਰਿਮੰਦਰ’ ਕਿਹਾ ਹੈ।

ਜਸਬੀਰ ਸਿੰਘ ਵੈਨਕੂਵਰ




.