.

ਮੇਰੀ ੧੯੯੦ ਵਾਲ਼ੀ ਦੁਨੀਆ ਦੁਆਲ਼ੇ ਦੀ ਭੁਆਂਟਣੀ

ਭੁਆਂਟਣੀ ਹੀ ਆਖਣਾ ਪਵੇਗਾ ਇਸ ਨੂੰ ਕਿ, ਜੋ ਬਿਨਾ ਕਿਸੇ ਖਾਸ ਉਦੇਸ਼ ਅਤੇ ਬਿਨਾ ਵਸੀਲਿਆਂ ਦੇ, ਸੰਸਾਰ ਯਾਤਰਾ ਕੀਤੀ ਜਾਵੇ ਅਤੇ ਉਸ ਲਈ ਕਿਰਾਇਆ ਵੀ ਹੁਦਾਰ ਹੀ ਫੜ ਕੇ ਖ਼ਰਚਿਆ ਜਾਵੇ!
ਇਹ ਮਾਰਚ ੧੯੯੦ ਦੀ ਗੱਲ ਹੈ ਕਿ ਮੈਨੂੰ ਦੇਸ ਦਾ ਚੱਕਰ ਲਾਏ ਨੂੰ ਚਾਰ ਸਾਲ ਤੋਂ ਵਧ ਸਮਾ ਹੋ ਗਿਆ ਸੀ। ਸੋਚਿਆ ਕਿ ਸੱਜਣਾਂ ਮਿੱਤਰਾਂ ਨੂੰ ਮੂੰਹ ਵਿਖਾ ਹੀ ਆਈਏ! ਕੋਲ਼ ਤਾਂ ਕੁੱਝ ਨਹੀ ਸੀ। ਬੱਚਿਆਂ ਦੀ ਮਾਂ ਨੌਕਰੀ ਕਰਦੀ ਸੀ ਤੇ ਉਸ ਦੀ ਤਨਖਾਹ ਨਾਲ਼ ਹੀ ਘਰ ਦੇ ਕਰਜ਼ੇ ਦੀ ਕਿਸ਼ਤ ਸਮੇਤ ਬਾਕੀ ਖ਼ਰਚ ਵੀ ਚੱਲਦਾ ਸੀ। ਮੇਰੀ ਕੋਈ ਆਮਦਨ ਨਹੀ ਸੀ ਪਰ ਮੇਰੇ ਕੋਲ਼ ਕਿਸੇ ਦੀ ਅਮਾਨਤ ਕੁੱਝ ਪੈਸੇ ਪਏ ਹੋਏ ਸਨ; ਉਹਨਾਂ ਵਿਚੋਂ ਹੁਦਾਰ, ਢਾਈ ਹਜਾਰ ਡਾਲਰ ਲੈ ਲਿਆ। ਸੋਚਿਆ ਕਿ ਜਾਣਾ ਤਾਂ ਹੈ ਹੀ ਚੱਲੋ ਦੁਨੀਆ ਦੇ ਥੱਲੜੇ ਪਾਸੇ ਤੋਂ ਦੀ ਹੋ ਕੇ ਜਾਂਦਾ ਹਾਂ ਤੇ ਜਾ ਕੇ ਬੀਬੀ ਜੀ ਨੂੰ ਦੱਸਾਂਗਾ ਕਿ ਮੈ ਦੁਨੀਆ ਦੇ ਥੱਲਿਉਂ ਦੀ ਚੱਕਰ ਲਾ ਕੇ ਆਇਆ ਹਾਂ। ਇਹ ਦੱਸ ਕੇ ਉਸ ਨੂੰ ਹੈਰਾਨ ਕਰਾਂਗਾ। ਬੀਬੀ ਜੀ ਆਖਣਗੇ, “ਇਹ ਕਿਵੇਂ ਹੋ ਸਕਦਾ ਹੈ?” ਤੇ ਮੈ ਆਖਾਂਗਾ, “ਮੈ ਇਹ ਕਰ ਲਿਆ ਹੈ। “ਨਾਲ਼ੇ ਸੱਤਰਵਿਆਂ ਦੇ ਦੌਰਿਆਂ ਸਮੇ ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿੱਚ ਬਣੇ ਸੱਜਣਾਂ ਦੇ ਦਰਸ਼ਨ ਮੇਲੇ ਹੋ ਜਾਣਗੇ। “ਇਕ ਪੰਥ ਦੋ ਕਾਜ। “ਇਹ ਸੋਚ ਕੇ ਢਾਈ ਹਜਾਰ ਡਾਲਰ ਦੀ ਟਿਕਟ ਲੈ ਕੇ, ਚੌਦਾਂ ਥਾਂਵਾਂ ਦੀ ਸਟੇ ਪੁਆ ਕੇ, ਸਿਡਨੀ ਤੋਂ ਤੁਰ ਪਿਆ। ਤੁਰਨ ਸਮੇ ਘਰ ਵਿੱਚ ਕੁੱਝ ਅਣਸੁਖਾਵਾਂ ਜਿਹਾ ਮਾਹੌਲ ਬਣ ਗਿਆ ਕਿਉਂਕਿ ਇਸ ਤਰ੍ਹਾਂ ਹੁਦਾਰ ਚੁੱਕ ਕੇ, ਬੇਲੋੜਾ ਖ਼ਰਚ ਕਰਨ ਦਾ ਕੋਈ ਤਰਕ ਨਹੀ ਸੀ ਬਣਦਾ।
ਟਿਕਟ ਬਣਾਉਣ ਵਾਲੇ ਟਰੈਵਲ ਏਜੰਟ ਨਾਲ਼ ਜਦੋਂ ਦੇਸ ਦੇ ਵੀਜ਼ੇ ਬਾਰੇ ਗੱਲ ਕੀਤੀ ਤਾਂ ਉਸ ਨੇ ਵੀਜ਼ਾ ਸਿਡਨੀ ਤੋਂ ਨਾ ਮੰਗਣ ਦੀ ਸਲਾਹ ਦਿਤੀ ਤੇ ਇਹ ਵੀ ਆਖਿਆ ਕਿ ਵੀਜ਼ਾ ਮਿਲ਼ਨ ਦੀ ਬਜਾਇ ਪਾਸਪੋਰਟ ਵੀ ਗੁੰਮ ਹੋ ਸਕਦਾ ਹੈ। ਮੈ ਵੀ ਸੋਚਿਆ ਕਿ ਵੀਜ਼ੇ ਵਾਲ਼ਾ ਫਾਰਮ ਭਰਨ ਸਮੇ, ਦੇਸ ਵਿੱਚ ਪ੍ਰਵੇਸ਼ ਤੇ ਨਿਕਾਸ ਦੀ ਤਰੀਕ ਵੀ ਭਰਨੀ ਪੈਂਦੀ ਹੈ ਤੇ ਮੈਨੂੰ ਅਜੇ ਯਕੀਨ ਨਹੀ ਸੀ ਕਿ ਕਿਸ ਸਮੇ ਓਥੇ ਪੁਜਾਂਗਾ। ਇਸ ਲਈ ਲੰਡਨੋ ਹੀ ਇਹ ਕਾਰਜ ਕਰਨ ਦਾ ਵਿਚਾਰ ਕਰਕੇ ਤੁਰ ਪਿਆ। ਸਿਡਨੀ ਤੋਂ ਔਕਲੈਂਡ ਜਾ ਉਤਰਿਆ। ਦੋ ਰਾਤਾਂ ਸ. ਹਰਜਿੰਦਰਪਾਲ ਸਿੰਘ ਢਿੱਲੋਂ (ਬਿੱਲਾ ਅੰਮ੍ਰਿਤਸਰੀਆ) ਕੋਲ਼ ਰਹਿ ਕੇ, ਅੱਗੇ ਹੋਨੋਲੋਲੋ ਵਾਲ਼ੇ ਜਹਾਜ ਤੇ ਬੈਠ ਗਿਆ। ਮੈਨੂੰ ਆਸ ਸੀ ਕਿ ਓਥੇ ਛਨਿਛਰਵਾਰ ਅੱਪੜਾਂਗਾ ਤੇ ਐਤਵਾਰੀ ਸੰਗਤ ਦੇ ਇਕੱਠ ਵਿੱਚ ਦਰਸ਼ਨ ਮੇਲੇ ਕਰਾਂਗਾ। ਓਥੋਂ ਦੇ ਸਿੱਖਾਂ ਨੂੰ ਮਿਲ਼ਾਂਗਾ ਤੇ ਟਾਪੂ ਵਿੱਚ ਇੱਕ ਗੇੜਾ ਵੀ ਕਢਾਂਗਾ। ਇਸ ਸਥਾਨ ਨੂੰ ਬਿਨਾ ਕਿਸੇ ਕਾਰਨ ਵੇਖਣ ਦਾ ਕਾਰਨ ਇਹ ਸੀ ਕਿ ਜਦੋਂ ਮੈ ੧੯੬੫ ਵਿੱਚ ਪਟਿਆਲੇ ਸਾਂ ਤਾਂ ਪ੍ਰਸਿਧ ਰਾਗੀ ਭਾਈ ਬਖ਼ਸ਼ੀਸ ਸਿੰਘ ਜੀ ਦੇ, ਜੋੜੀਵਾਲ਼ੇ ਸੂਰਮੇ ਸਾਥੀ, ਭਾਈ ਮਹਿੰਦਰ ਸਿੰਘ ਜੀ ਨੇ, ਸਵੇਰੇ ਸਵੇਰੇ ਰੇਡੀਉ ਤੋਂ, ਅਮ੍ਰੀਕਾ ਦੇ ਤਤਕਾਲੀ ਪ੍ਰਧਾਨ, ਮਿਸਟਰ ਲਿੰਡਨ ਜੌਹਨਸਨ ਦੇ, ਹੋਨੋਲੋਲੋ ਪੁੱਜਣ ਦੀ ਖ਼ਬਰ ਸੁਣ ਲਈ। ਨਾ ਉਹਨਾਂ ਨੇ, ਤੇ ਨਾ ਹੀ ਮੈ, ਕਦੀ ਇਸ ਸ਼ਹਿਰ ਦਾ ਨਾਂ ਸੁਣਿਆ ਸੀ। ਇਸ ਦਾ ਅਜੀਬ ਜਿਹਾ ਨਾਂ ਸੁਣ ਕੇ ਉਹ ਕਈ ਦਿਨ ਹੱਸਦੇ ਰਹੇ। ਇਹ ਵੀ ਮੇਰੀ ਚਾਹਨਾ ਸੀ ਕਿ ਮੈ ਉਹਨਾਂ ਨੂੰ ਲਭ ਕੇ ਦੱਸਾਂਗਾ ਕਿ ਮੈ ਤੁਹਾਡੇ ‘ਹੋਨੋਲੋਲੋ’ ਨੂੰ ਖ਼ੁਦ ਵੇਖ ਕੇ ਆਇਆ ਹਾਂ।
ਜਦੋਂ ਮੈ ਓਥੇ ਉਤਰਿਆ ਤਾਂ ਇਮੀਗ੍ਰੇਸ਼ਨ ਅਫ਼ਸ਼ਰ ਨੇ ਮੈਨੂੰ ਵਖਰਾ ਕਰਕੇ ਚੰਗੀ ਤਰ੍ਹਾਂ ਮੇਰੀ ‘ਪੁੱਛ ਗਿੱਛ ‘ਕੀਤੀ। ਇਹ ਅਫ਼ਸਰ ਬੇਰੜਾ ਅਰਥਾਤ ਅਮ੍ਰੀਕੀ ਤੇ ਜਾਪਾਨੀ ਨਸਲ ਦਾ ਮਿਲਗੋਭਾ ਸੀ। ਮੇਰੇ ਕੰਮ ਕਾਰ ਬਾਰੇ ਵੀ ਪੁੱਛਿਆ। ਮੈ ਓਹਨੀ ਦਿਨੀਂ ਇੱਕ ਅਖ਼ਬਾਰ ਜਿਹੀ ਛਾਪਣ ਦਾ ਭਰਮ ਪਾਲ਼ ਰਿਹਾ ਸਾਂ। ਉਸ ਅਖ਼ਬਾਰ ਦੀਆਂ ਮੇਰੇ ਪਾਸ ਕੁੱਝ ਕਾਪੀਆਂ ਵੀ ਸਨ। ਉਹਨਾਂ ਨੂੰ ਵੀ ਬੜੇ ਗਹੁ ਨਾਲ਼ ਉਸ ਨੇ ਵੇਖਿਆ। ਉਹਨਾਂ ਦੀਆਂ ਤਰੀਕਾਂ, ਉਹਨਾਂ ਉਪਰ ਮੇਰਾ ਸੰਪਾਦਕ ਵਜੌਂ ਛਪਿਆ ਨਾਂ, ਬੜੇ ਗਹੁ ਨਾਲ ਮੇਰੇ ਪਾਸਪੋਰਟ ਵਾਲ਼ੇ ਨਾਂ ਨਾਲ ਵੀ ਮਿਲ਼ਾ ਕੇ ਵੇਖਿਆ। ਅਖ਼ਬਾਰ ਦਾ ਅੰਗ੍ਰੇਜ਼ੀ ਵਾਲ਼ਾ ਹਿੱਸਾ ਕੁੱਝ ਪੜ੍ਹਿਆ ਵੀ। ਵਾਹਵਾ ਚਿਰ ਪਿੱਛੋਂ ਜਦੋਂ ਉਸ ਦੀ ਤਸੱਲੀ ਹੋ ਗਈ ਤਾਂ ਮੈਨੂੰ ਅਮ੍ਰੀਕਾ ਵਿੱਚ ਵੜ ਜਾਣ ਦੇ ਯੋਗ ਸਮਝਿਆ ਗਿਆ। ਸਭ ਕੁੱਝ ਹੋ ਜਾਣ ਪਿੱਛੋਂ ਮੈ ਹੈਰਾਨੀ ਨਾਲ ਉਸ ਨੂੰ ਪੁਛਿਆ, “ਮੈ ੧੯੭੮ ਵਿਚ, ਜਦੋਂ ਮੇਰੇ ਪਾਸ ਇੰਡੀਅਨ ਪਾਸਪੋਰਟ ਸੀ; ਓਦੋਂ ਮੇਰੀ ਦਾਹੜੀ ਵੀ ਕਾਲ਼ੀ ਸੀ; ਮੇਰੇ ਪਾਸ ਨਿਊ ਯਾਰਕ ਤੋਂ ਅੱਗੇ ਦੀ ਟਿਕਟ ਵੀ ਕੋਈ ਨਹੀ ਸੀ; ਮੇਰੇ ਪਾਸ ਕੰਮ ਵੀ ਕੋਈ ਨਹੀ ਸੀ; ਹੁਣ ਯਾਦ ਵੀ ਨਹੀ ਰਿਹਾ ਕਿ ਓਦੋਂ ਮੈ ਕਿੰਨੀ ਵਾਰੀ ਅਮ੍ਰੀਕਾ ਕੈਨੇਡਾ ਵਿਚੋਂ ਏਧਰੋਂ ਓਧਰ ਤੇ ਓਧਰੋਂ ਏਧਰ ਵੜਿਆ ਨਿਕਲ਼ਿਆ ਸਾਂ। ਓਦੋਂ ਮੈਨੂੰ ਮੰਗਣ ਤੇ ਹਰੇਕ ਵਾਰ ਮਲਟੀਪਲ ਵੀਜ਼ਾ ਦੇ ਦਿਤਾ ਜਾਂਦਾ ਰਿਹਾ। ਉਸ ਸਮੇ ਕਿਸੇ ਨੇ ਮੇਰੇ ਕੋਲ਼ੋਂ ਕਦੀ ਕੁੱਝ ਨਹੀ ਸੀ ਪੁੱਛਿਆ ਤੇ ਹੁਣ ਮੇਰੀ ਏਨੀ ਪੁੱਛ ਪੜਤਾਲ ਕਿਉ? ਹੁਣ ਮੇਰੀ ਦਾਹੜੀ ਵੀ ਚਿੱਟੀ ਹੈ। ਮੇਰੇ ਕੋਲ਼ ਪਾਸਪੋਰਟ ਵੀ ਆਸਟ੍ਰੇਲੀਅਨ ਹੈ ਤੇ ਮੈ ਇੱਕ ਅਖ਼ਬਾਰ ਦਾ ਸੰਪਾਦਕ ਤੇ ਮਾਲਕ ਵੀ ਹਾਂ। ਫਿਰ ਮੇਰੇ ਪਾਸ ਅਰਾਊਂਡ ਦਾ ਵਰਲਡ ਟਿਕਟ ਵੀ ਹੈ। ਇਹ ਸਭ ਕੁੱਝ ਕਿਉਂ?” “ਇਟ ਇਜ਼ ਏ ਮੈਟਰ ਆਫ਼ ਟਾਈਮ। “ਮੁਸਕਰਾ ਕੇ ਉਸ ਨੇ ਆਖ ਦਿਤਾ ਤੇ ਮੈ ਆਪਣਾ ਝੋਲ਼ਾ ਚੁੱਕ ਕੇ ਅੱਗੇ ਨੂੰ ਤੁਰ ਪਿਆ। ਬਾਹਰ ਨਿਕਲ਼ ਕੇ ਮੈ ਫ਼ੋਨ ਬੁੱਕ ਤੋਂ ਨੰਬਰ ਲਭ ਕੇ, ਦੋ ਚਾਰ ਸਿੰਘਾਂ ਨੂੰ ਰਿੰਗ ਕੀਤਾ ਪਰ ਉਸ ਦਿਨ ਓਥੇ ਛਨਿਛਰਵਾਰ ਨਾ ਹੋ ਕੇ ਸੁੱਕਰਵਾਰ ਸੀ ਤੇ ਹਰ ਕੋਈ ਜਰੂਰੀ ਮੀਟਿੰਗਾਂ ਆਦਿ ਵਿੱਚ ਰੁਝਿਆ ਹੋਇਆ ਸੀ। ਕਿਉਂਕਿ ਆਮ ਮਜ਼ਦੂਰੀ ਕਰਨ ਵਾਲ਼ੇ ਸਿੱਖ ਸ਼ਾਇਦ ਓਥੇ ਨਹੀ ਸਨ ਤੇ ਉਚ ਅਹੁਦਿਆਂ ਵਾਲ਼ੇ ਹੀ ਰਹਿੰਦੇ ਸਨ। ਕਿਸੇ ਫਿਜੀਅਨ ਹਿੰਦੂ ਸਿੰਘ ਨੇ ਆਖਿਆ ਕਿ ਉਹ ਆ ਕੇ ਹਵਾਈ ਅੱਡੇ ਤੋਂ ਮੈਂਨੂੰ ਚੁੱਕ ਕੇ ਲਿਜਾ ਸਕਦਾ ਹੈ ਪਰ ਜਦੋਂ ਮੈਨੂੰ ਪਤਾ ਲੱਗਾ ਕਿ ਉਸ ਦਾ ਘਰ ਕਿੰਨੀ ਦੂਰ ਹੈ ਤਾਂ ਮੈ ਧੰਨਵਾਦ ਸਹਿਤ ਉਸ ਨੂੰ ਨਾ ਆਉਣ ਲਈ ਆਖ ਦਿਤਾ ਤੇ ਬੱਸ ਦੀ ਟਿਕਟ ਲੈ ਕੇ, ਕੁੱਝ ਘੰਟੇ ਟਾਪੂ ਦਾ ਚੱਕਰ ਲਾ ਲਿਆ ਤੇ ਮੁੜ ਹਵਾਈ ਅੱਡੇ ਤੇ ਪਹੁੰਚ ਕੇ, ਅਗਲਾ ਜਹਾਜ ਲਾਸ ਏਂਜਲਜ਼ ਦਾ ਫੜ ਲਿਆ। ਜਦੋਂ ਲਾਸ ਏਂਜਲਜ਼ ਉਤਰ ਕੇ, ਲਿਖੇ ਸਿਰਨਾਵੇਂ ਲਭਣ ਲਈ ਮੋਢੇ ਵਾਲਾ ਝੋਲ਼ਾ ਫੋਲਿਆ ਤਾਂ ਉਸ ਵਿਚੋਂ ਸਿਰਨਾਵਿਆਂ ਵਾਲੀ ਡਾਇਰੀ ਇਉਂ ਗੈਬ ਪਾਈ ਜਿਵੇਂ ਸਹੇ ਦੇ ਸਿਰੋਂ ਸਿੰਗ। ਆਪਣੀ ੧੯੭੮/੯ ਵਾਲ਼ੀ ਅਮ੍ਰੀਕਨ ਫੇਰੀ ਸਮੇ ਕੁੱਝ ਸਿਰਨਾਵੇਂ ਲਿਖੇ ਹੋਏ ਸਨ। ਇਸ ਸਮੇ ਹਾਲਾਤ ਵੀ ੧੯੭੯ ਦੀ ਜਨਵਰੀ ਨਾਲ਼ੋਂ ਕਿਤੇ ਵਧ ਬਦਲੇ ਹੋਏ ਸਨ। ਭੀੜ ਭੜੱਕਾ ਪਹਿਲਾਂ ਨਾਲ਼ੋਂ ਕਿਤੇ ਵਧ! ਫ਼ੋਨ ਬੁੱਕ ਤੋਂ ਵੇਖ ਕੇ ਦੋ ਚਾਰ ਸਿੰਘਾਂ ਦੇ ਨੰਬਰ ਘੁਮਾਏ ਪਰ ਕਿਤੋਂ ਕੋਈ ਜਵਾਬ ਨਾ ਮਿਲ਼ਿਆ। ਫਿਰ ਇੱਕ ਇਤਿਹਾਸਕ ਨਾਂ ਉਪਰ ਨਿਗਾਹ ਗਈ। ਨਾਂ ਸੀ ‘ਸਿੰਘ ਬਿਨੋਦ ਡਾ. ।’ ਇਹ ਨਾਂ ਇਤਿਹਾਸ ਵਿੱਚ ਬਾਬਾ ਕਾਹਨ ਸਿੰਘ ਦੇ ਪਿਤਾ, ਬਾਬਾ ਬਿਨੋਦ ਸਿੰਘ ਜੀ ਦਾ ਸੀ ਜੋ ਕਿ ਦਸਮ ਪਾਤਿਸ਼ਾਹ ਜੀ ਨੇ, ਹਜੂਰ ਸਾਹਿਬ ਤੋਂ, ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ਼ ਪੰਜ ਸਿੰਘ ਤੋਰੇ ਸਨ ਤੇ ਉਸ ਨੂੰ ਆਖਿਆ ਸੀ ਕਿ ਹਮੇਸ਼ਾਂ ਇਹਨਾਂ ਪੰਜਾਂ ਦੀ ਤਾਬਿਆਂ ਰਹਿਣਾ ਹੈ; ਉਹਨਾਂ ਪੰਜਾਂ ਵਿਚੋਂ ਇਹ ਦੋਵੇਂ ਪਿਤਾ ਪੁੱਤਰ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੰਤਾਨ ਵਿਚੋਂ ਸਨ। ਇਹਨਾਂ ਤੋਂ ਇਲਾਵਾ ਦੋ ਭਰਾ. ਪੱਟੀ ਦੇ ਵਸਨੀਕ, ਬਾਬਾ ਬਾਜ ਸਿੰਘ ਤੇ ਬਾਬਾ ਰਾਮ ਸਿੰਘ ਜੀ ਸਨ ਅਤੇ ਇੱਕ ਹੋਰ ਸਿੰਘ, ਭਾਈ ਅਜਾਇਬ ਸ਼ਿੰਘ ਜੀ ਸੀ। ਇਹਨਾਂ ਪੰਜਾਂ ਤੌਂ ਇਲਾਵਾ ਵੀਹ ਸਿੰਘ ਹੋਰ ਭੇਜੇ ਸਨ। ਬਾਕੀ ਦੀ ਸਾਰੀ ਫੌਜ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਪਹੁੰਚ ਕੇ ਇਕੱਤਰ ਕੀਤੀ ਸੀ ਤੇ ਉਸ ਫੌਜ ਨਾਲ਼ ਦੁਸ਼ਟਾਂ ਨੂੰ ਨਕੋਂ ਚਣੇ ਚਬਾਏ ਸਨ।
ਫ਼ੋਨ ਦਾ ਜਵਾਬ ਮਿਲ਼ਨ ਤੇ ਮੈ ਜਦੋਂ ਉਸ ਨੂੰ ਪੰਜਾਬੀ ਜਾਣਦੇ ਹੋਣ ਬਾਰੇ ਪੁੱਛਿਆ ਤਾਂ ਉਸ ਦਾ ਜਵਾਬ ਸੀ, “ਮੈ ਵੋਹ ਸਿੰਘ ਨਹੀ ਹੂੰ ਜਿਸੇ ਆਪ ਸਮਝਤੇ ਹੈਂ। ਮੈ ਫਿਜੀ ਕਾ ਸਿੰਘ ਹੂੰ। ਕਹੀਏ, ਮੈ ਆਪ ਕੀ ਕਿਆ ਸੇਵਾ ਕਰ ਸਕਤਾ ਹੂੰ?” ਮੈ ਆਖਿਆ ਕਿ ਉਹ ਮੈਨੂੰ ਹਵਾਈ ਅੱਡੱੇ ਤੋਂ ਚੁੱਕ ਕੇ, ਉਸ ਸਮੇ ਜਾਂ ਅਗਲੇ ਸਵੇਰੇ, ਕਿਸੇ ਗੁਰਦੁਆਰੇ ਵਿੱਚ ਪੁਚਾ ਦੇਵੇ। ਕੁੱਝ ਮਿੰਟਾਂ ਵਿੱਚ ਹੀ ਉਹ ਕਾਰ ਉਤੇ, ਆਪਣੀ ਪਤਨੀ ਅਤੇ ਕਜ਼ਨ ਸਮੇਤ ਆ ਗਿਆ ਤੇ ਮੈਨੂੰ ਆਪਣੇ ਘਰ ਲੈ ਗਿਆ ਜੋ ਕਿ ਕੁਦਰਤੀਂ ਹੀ ਹਵਾਈ ਅੱਡੇ ਤੋਂ ਬਹੁਤਾ ਦੂਰ ਨਹੀ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੀਟ ਆਦਿ ਤੋਂ ਮੈ ਪਰਹੇਜ਼ ਕਰਦਾ ਹਾਂ ਤਾਂ ਉਸ ਦੇ ਮਾਤਾ ਜੀ ਨੇ ਮੇਰੇ ਲਈ ਉਚੇਚੀ ਦਾਲ਼ ਤੇ ਪ੍ਰਸ਼ਾਦੇ ਬਣਾ ਕੇ ਛਕਾਏ ਤੇ ਰਾਤ ਭਰ ਪੰਜੇ ਜੀ, ਸਵੇਰ ਤੱਕ ਮੇਰੇ ਪਾਸੋਂ ਗੱਲਾਂ ਸੁਣਦੇ ਰਹੇ ਜੋ ਕਿ ਸ੍ਰੀ ਦਰਬਾਰ ਸਾਹਿਬ ਅਤੇ ਸਿੱਖਾਂ ਉਪਰ ਹੋਏ ਹਿੰਦ ਫੋਜ ਦੇ ਹਮਲੇ ਬਾਰੇ ਅਤੇ ਪੰਜਾਬ ਦੀ ਉਸ ਸਮੇ ਹਾਲਾਤ ਬਾਰੇ ਹੀ ਸਨ। ਮੇਰੇ ਵਿਚਾਰਾਂ ਨਾਲ਼ ਉਹਨਾਂ ਨੇ ਸੰਮਤੀ ਪ੍ਰਗਟਾਈ। ਡਾਕਟਰ ਜੀ ਕਿਸੇ ਸਪੈਸ਼ਲ ਕਿਸਮ ਦੇ ਡਾਕਟਰ ਸਨ ਤੇ ਉਹਨਾਂ ਦੀ ਪਤਨੀ ਵੀ ਏਸੇ ਲਾਈਨ ਵਿੱਚ ਚੰਗੇ ਅਹੁਦੇ ਉਪਰ ਸੀ। ਡਾਕਟਰ ਜੀ, ਉਹਨਾਂ ਦੀ ਪਤਨੀ ਤੇ ਦੂਜਾ ਸੱਜਣ ਤਾਂ ਪੰਜ ਵਜੇ ਕੰਮਾਂ ਤੇ ਚਲੇ ਗਏ ਤੇ ਦਿਨ ਚੜ੍ਹੇ, ਛਾਹ ਵੇਲ਼ੇ ਪਿੱਛੋਂ, ਮੇਰੇ ਜੋਰ ਦੇਣ ਤੇ ਉਹਨਾਂ ਦੇ ਪਿਤਾ ਜੀ ਇੱਕ ਸਿੱਖ ਦੁਕਾਨਦਾਰ ਤੋਂ, ਹਾਲੀਵੁੱਡ ਵਾਲ਼ੇ ਗੁਰਦੁਆਰੇ ਦਾ ਪਤਾ ਪੁੱਛ ਕੇ, ਮੈਨੂੰ ਓਥੇ ਛੱਡ ਗਏ। ਇਹ ਪਤਾ ਵੀ ਉਸ ਸਿੱਖ ਦੁਕਾਨਦਾਰ ਨੇ ਕਈ ਥਾਂਈਂ ਫ਼ੋਨ ਕਰ ਕਰ ਕੇ ਲਭਿਆ ਸੀ।
ਗੁਰਦੁਆਰੇ ਵਿੱਚ ਮੈ ਡੇਰਾ ਲਾ ਲਿਆ। ਉਸ ਦਿਨ ਛਨਿਛਰਵਾਰ ਸੀ। ਐਤਵਾਰ ਵਾਲ਼ੇ ਦੀਵਾਨ ਸਮੇ ਪ੍ਰਬੰਧਕਾਂ ਪਾਸੋਂ ਪੰਦਰਾਂ ਮਿੰਟ ਦੀਵਾਨ ਵਿੱਚ ਹਾਜਰੀ ਭਰਨ ਦਾ ਸ਼ੁਭ ਅਵਸਰ ਪਰਾਪਤ ਹੋ ਗਿਆ। ਮੇਰੇ ਪਿਛੋਂ ਭਾਈ ਜਸਪਾਲ ਸਿੰਘ ਜੀ ਦਾ ਕੀਰਤਨ ਸੀ। ਇਹਨਾਂ ਗੁਰਮੁਖਾਂ ਨਾਲ ਮੇਰੀ ਜਾਣ ਪਛਾਣ, ੧੯੭੫ ਵਾਲ਼ੀ ਲੰਡਨ ਫੇਰੀ ਸਮੇ ਹੋਈ ਸੀ। ਓਦੋਂ ਇਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਾਊਥਾਲ ਵਿਖੇ, ਰਾਗੀ ਸਿੰਘ ਦੀ ਸੇਵਾ ਉਪਰ ਸਨ। ਪ੍ਰਸਿਧ ਰਾਗੀ, ਭਾਈ ਧਰਮ ਸਿੰਘ ਜ਼ਖ਼ਮੀ ਜੀ ਦੇ ਭਤੀਜੇ ਅਤੇ ਉਹਨਾਂ ਦੇ ਛੋਟੇ ਭਰਾ, ਭਾਈ ਗੁਰਸ਼ਰਨ ਸਿੰਘ ਜੀ ਹੋਰਾਂ ਦੇ ਵੱਡੇ ਸਪੁਤਰ ਹਨ। ਰਾਗ, ਸੁਰ, ਤਾਲ ਸਹਿਤ ਕੀਰਤਨ ਦੀ ਦਾਤ ਤਾਂ ਇਹਨਾਂ ਨੂੰ ਧੁਰ ਦਰਗਾਹੋਂ ਹੀ ਪਰਾਪਤ ਹੈ। ਉਸ ਸਮੇ ਇਹ ਕੀਰਤਨ ਦੇ ਨਾਲ ਵਿਆਖਿਆ ਦਾ ਹੁਨਰ ਵੀ ਸਿੱਖਣਾ ਚਾਹੁੰਦੇ ਸਨ। ਮੈਨੂੰ ਇਹਨਾਂ ਨੇ ਇਸ ਬਾਰੇ ਸਲਾਹ ਪੁੱਛਣ ਦਾ ਮਾਣ ਬਖ਼ਸਿਆ। ਮੈ ਉਸ ਸਮੇ ਦੀ ਆਪਣੀ ਸਮਝ ਅਨੁਸਾਰ, ਇਹਨਾਂ ਨੂੰ ਪ੍ਰਿੰ. ਸਤਬੀਰ ਸਿੰਘ ਜੀ ਦੀਆਂ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਕੀਤੀ। ੧੯੭੭ ਵਾਲੀ ਫੇਰੀ ਦੌਰਾਨ ਇਹਨਾਂ ਨੂੰ ਸੁਣਿਆ ਤਾਂ ਇਹ ਉਹਨਾਂ ਕਿਤਾਬਾਂ ਦੇ ਆਧਾਰ ਤੇ, ਕੀਰਤਨ ਵਿੱਚ ਥੋਹੜੀ ਥੋਹੜੀ ਵਿਆਖਿਆ ਕਰਦੇ ਸਨ। ਹੁਣ ਇਸ ਸਮੇ ਜਦੋਂ ਮੈ ਭਾਈ ਸਾਹਿਬ ਜੀ ਨੂੰ ਏਥੇ ਸੁਣਿਆ ਤਾਂ ਧੰਨ ਧੰਨ ਕਰ ਉਠਿਆ। ਇਹਨਾਂ ਦੇ ਕੀਰਤਨ ਬਾਰੇ ਤਾਂ ਪਹਿਲਾਂ ਹੀ ਕੁੱਝ ਕਹਿਣ ਦੀ ਗੁੰਜਾਇਸ਼ ਨਹੀ ਸੀ ਪਰ ਹੁਣ ਕੀਰਤਨ ਵਿੱਚ ਵਿਆਖਿਆ ਨੂੰ ਇਉਂ ਪ੍ਰੋ ਰਹੇ ਸਨ ਕਿ ਸ੍ਰੋਤੇ ਸੁਣ ਕੇ ਗ਼ਦ ਗ਼ਦ ਹੋ ਰਹੇ ਸਨ! ਦੀਵਾਨ ਉਪ੍ਰੰਤ ਕਮਰੇ ਵਿੱਚ ਇਹਨਾਂ ਨਾਲ ਗੱਲ ਬਾਤ ਸਮੇ ਪਤਾ ਲੱਗਾ ਕਿ ਇਸ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕਾਂ ਵੱਲੋਂ ਇਹਨਾਂ ਨੂੰ, ਐਤਵਾਰ ਦੇ ਦੀਵਾਨ ਵਿਚ, ਇੱਕ ਘੰਟਾ ਕੀਰਤਨ ਕਰਨ ਦੇ ਸੇਵਾ ਫਲ ਵਜੋਂ, ਪੰਜ ਸੌ ਡਾਲਰ ਮਹੀਨੇ ਦੇ ਭੇਟਾ ਕੀਤੇ ਜਾਂਦੇ ਹਨ। ਜੇ ਇਹ ਇੱਕ ਘੰਟੇ ਤੋਂ ਕੀਰਤਨ ਕੁੱਝ ਮਿੰਟ ਵਧ ਕਰ ਦੇਣ ਤਾਂ ਪ੍ਰਬੰਧਕਾਂ ਵੱਲੋਂ ਇਹਨਾਂ ਦਾ ਉਚੇਚਾ ਧੰਨਵਾਦ ਕੀਤਾ ਜਾਦਾ ਹੈ। ਦੀਵਾਨ ਦੀ ਸਮਾਪਤੀ ਉਪ੍ਰੰਤ ਮੇਰੇ ਕਮਰੇ ਵਿੱਚ ਦੋਵੇਂ ਪਤੀ ਪਤਨੀ ਵਿਚਾਰਾਂ ਹਿਤ ਵਾਹਵਾ ਸਮਾ ਬੈਠੇ। ਆਪਣੇ ਘਰ ਚੱਲਣ ਲਈ ਆਖਿਆ ਪਰ ਮੈਨੂੰ ਧੰਨਵਾਦ ਸਹਿਤ ਨਾਂਹ ਕਰਨੀ ਪਈ ਕਿਉਂਕਿ ਇਸ ਤੋਂ ਪਹਿਲਾਂ, ਲੰਗਰ ਛਕਣ ਸਮੇ, ਮੈ ਹੋਰ ਸੱਜਣਾਂ ਨਾਲ਼ ਜਾਣ ਦਾ ਵਿਚਾਰ ਬਣਾ ਬੈਠਾ ਸਾਂ।
ਲੰਗਰ ਛਕਦਿਆਂ ਡਾ. ਅਰਜਿੰਦਰ ਪਾਲ ਸਿੰਘ ਸੇਖੋਂ ਜੀ ਦੇ ਦਰਸ਼ਨ ਹੋਏ। ਅਸੀਂ ਪਹਿਲਾਂ ੧੯੭੮ ਵਾਲ਼ੀ ਮੇਰੀ ਯਾਤਰਾ ਸਮੇ, ਨਿਊ ਯਾਰਕ ਵਿੱਚ ਵੀ ਮਿਲ਼ੇ ਸਾਂ। ਓਦੋਂ ਇਹ ਗੁਰਦੁਆਰਾ ਰਿਚਮਡ ਹਿੱਲ ਦੇ ਪ੍ਰਬੰਧਕਾਂ ਵਿੱਚ ਹੁੰਦੇ ਸਨ। ਲੰਗਰ ਛਕਣ ਪਿੱਛੋਂ ਦੇਸੋਂ ਨਵੇ ਆਏ ਇੱਕ ਨੌਜਵਾਨ ਨੇ ਬੜੀ ਲੰਮੀ, ਵਿਅੰਗਾਤਮਿਕ ਤੇ ਦਿਲਚਸਪ ਕਵਿਤਾ ਸੁਣਾਈ। ਮੇਰਾ ਸੁਭਾ ਹਾਸ ਰਸੀ ਹੋਣ ਕਰਕੇ ਮੈਨੂੰ ਵਿਅੰਗਾਤਮਿਕ ਰਚਨਾਵਾਂ ਵਧ ਭਾਉਂਦੀਆਂ ਹਨ; ਇਸ ਕਰਕੇ ਉਹ ਮੈਨੂੰ ਬੜੀ ਚੰਗੀ ਲੱਗੀ ੳੇੁਸ ਕਵਿਤਾ ਦੇ ਇਹ ਦੋ ਬੰਦ ਹੁਣ ਵੀ ਮੈਨੂੰ ਯਾਦ ਹਨ:
ਧੰਨ ਗੁਰੂ ਕੇ ਸਿੱਖ ਅਕਲ ਕੇ ਪੱਕੇ ਵੈਰੀ।
ਧੰਨ ਗੁਰੂ ਸਮਰੱਥ ਵੱਸ ਜਿਨ ਇਹ ਕੀਤੇ ਜ਼ਹਿਰੀ।
ਧੰਨ ਗੁਰੂ ਕੇ ਸਿੱਖ ਅਕਲ ਕੇ ਨਿਕਟ ਨਾ ਜੈ ਹੈਂ।
ਧੰਨ ਗੁਰੂ ਸਮਰੱਥ ਪਕੜ ਇਨ੍ਹੇ ਤਖ਼ਤ ਬਿਠੈ ਹੈਂ।
ਮੈ ਇਹ ਪੂਰੀ ਕਵਿਤਾ ਲਿਖਣੀ ਚਾਹੀ ਤਾਂ ਡਾਕਟਰ ਸਾਹਿਬ ਜੀ ਨੇ ਆਖਿਆ ਸ਼ਾਮ ਨੂੰ ਅਸੀਂ ਉਹਨਾਂ ਦੇ ਘਰ ਜਾਈਏ ਤੇ ਓਥੇ ਹੀ ਇਹ ਕਵਿਤਾ ਲਿਖ ਲਈ ਜਾਵੇਗੀ। ਉਹ ਨੌਜਵਾਨ ਵੀ ਓਥੇ ਹੀ ਹੋਵੇਗਾ। ਨਾਲ਼ੇ ਖੁਲ੍ਹੀ ਡੁਲ੍ਹੀ ਗੱਪ ਸ਼ੱਪ ਹੋ ਜਾਵੇਗੀ ਅਤੇ ਇਸ ਦੇ ਨਾਲ਼ ਹੀ ਕੁੱਝ ਹੋਰ ਸੱਜਣਾਂ ਨਾਲ਼ ਮੇਲ਼ ਮੁਲਾਕਾਤ ਕਰਨ ਦਾ ਅਵਸਰ ਵੀ ਪਰਾਪਤ ਜਾਵੇਗਾ। ਉਹਨਾਂ ਦੇ ਘਰ ਖੜਨ ਲਈ ਇੱਕ ਹੋਰ ਨੌਜਵਾਨ ਦੀ ਡਿਊਟੀ ਵੀ ਉਹਨਾਂ ਨੇ ਲਾ ਦਿਤੀ। ਸ਼ਾਮ ਦੇ ਸਮੇ ਅਸੀਂ ਵਾਹਵਾ ਹੀ ਦੂਰੀ ਉਪਰ ਪੈਂਦੇ ਉਹਨਾਂ ਦੇ ਘਰ ਗਏ ਤਾਂ ਅਗੋਂ ਬੰਦ ਬੂਹੇ ਨੇ ਸਾਡਾ ਭਰਪੂਰ ਸਵਾਗਤ ਕੀਤਾ। ਆਲ਼ਾ ਦੁਆਲ਼ਾ ਬਥੇਰਾ ਝਾਕਿਆ ਤੇ ਏਧਰ ਓਧਰ ਫ਼ੋਨ ਵੀ, ਉਸ ਨੌਜਵਾਨ ਨੇ ਖੜਕਾਏ ਪਰ ਡਾਕਟਰ ਸਾਹਿਬ ਜੀ ਦੀ ਕੋਈ ਉਘ ਸੁਘ ਨਾ ਨਿਕਲ਼ੀ। ਹੋ ਸਕਦਾ ਹੈ ਕਿ ਉਹਨਾਂ ਨੂੰ ਕਿਤੇ ਐਮਰਜੈਂਸੀ ਸੱਦਾ ਆ ਗਿਆ ਹੋਵੇ ਪਰ ਉਹ ਉਸ ਨੌਜਵਾਨ ਨੂੰ ਫ਼ੋਨ ਰਾਹੀਂ ਇਹ ਜਾਣਕਰੀ ਦੇ ਸਕਦੇ ਸਨ। ਇਸ ਤਰ੍ਹਾਂ ਉਸ ਨੌਜਵਾਨ ਦਾ ਇਸ ਖੱਜਲ਼ ਖੁਆਰੀ ਤੋਂ ਬਚਾ ਹੋ ਜਾਂਦਾ। ਕੁੱਝ ਸਮਾ ਹੋਇਆ, ਪਤਾ ਲੱਗਾ ਸੀ ਕਿ ਉਹ ਅਮ੍ਰੀਕਨ ਆਰਮੀ ਵਿੱਚ ਕਰਨਲ ਡਾਕਟਰ ਦੇ ਅਹੁਦੇ ਉਪਰ ਸੇਵਾ ਕਰ ਰਹੇ ਹਨ।
ਅਗਲੇ ਦਿਨ ਮੈ ਗੁਰਦੁਆਰੇ ਤੋਂ ਬੱਸ ਰਾਹੀਂ ਹਵਾਈ ਅੱਡੇ ਨੂੰ ਚਾਲੇ ਪਾ ਦਿਤੇ। ਮੇਰੀ ਯਾਤਰਾ ਦਾ ਅਗਲਾ ਮੁਕਾਮ ਤਾਂ ਲਾਸ ਏਂਜਲਜ਼ ਤੋਂ ਹੂਸਟਨ ਸੀ ਪਰ ਉਸ ਪਾਸੇ ਦਾ ਜਹਾਜ ਕੁੱਝ ਘੰਟੇ ਲੇਟ ਚੱਲਣਾ ਸੀ। ਮੈ ਡੈਨਵਰ ਰਾਹੀਂ ਸਿਧੇ ਹੀ ਨਿਊ ਯਾਰਕ ਜਾਣ ਵਾਲ਼ੇ, ਤਿਆਰ ਖਲੋਤੇ ਜਹਾਜ ਵਿੱਚ ਬੈਠ ਗਿਆ। ਜਾਂ ਅਧੀ ਰਾਤ ਨੂੰ ਡੈਨਵਰ ਤੋਂ ਅਗੇ ਨਿਊ ਯਾਰਕ ਵਾਲ਼ੇ ਜਹਾਜੇ ਚੜ੍ਹਨ ਲਈ ਲਾਈਨ ਵਿੱਚ ਲੱਗਾ ਤਾਂ ਕਾਊਂਟਰ ਵਾਲ਼ੀ ਬੀਬੀ ਕੰਪਿਊਟਰ ਤੇ ਉਂਗਲਾਂ ਮਾਰੀ ਜਾਵੇ ਤੇ ਉਸ ਨੂੰ ਮੇਰਾ ਨਾਂ ਨਾ ਕਿਤਿਉਂ ਲਭੇ। ਆਖਦੀ, “ਤੁੰ ਏਥੇ ਆਇਆ ਕਿਵੇਂ ਹੈਂ?” “ਤੁਹਾਡੇ ਜਹਾਜ ਤੇ ਬਹਿ ਕੇ। “ਮੈ ਆਖਿਆ। “ਪਰ ਤੇਰਾ ਤਾਂ ਕਿਤੇ ਨਾਂ ਹੀ ਨਹੀ ਲਭਦਾ!” “ਇਹ ਮੇਰੀ ਸਮੱਸਿਆ ਨਹੀ। “ਮੈ ਆਖਿਆ।
ਅਖੀਰ ਕਰ ਕਰਾ ਕੇ, ਸਭ ਤੋਂ ਅੰਤ ਵਿੱਚ ਮੈਨੂੰ ਉਸ ਨੇ ਜਹਾਜ ਵਿੱਚ ਬੈਠਣ ਲਈ ਅੱਗੇ ਤੋਰ ਹੀ ਦਿਤਾ। ਜਾਂ ਮੈ ਜਹਾਜ ਵਿੱਚ ਬੈਠਿਆ ਤਾਂ ਕੁੱਝ ਸਮੇ ਪਿਛੋਂ ਮੈਨੂੰ ਪਾਲ਼ਾ ਲੱਗਣ ਲੱਗ ਪਿਅ। ਮੈ ਕੰਬਲ਼ ਲਭਾਂ ਪਰ ਮੈਨੂੰ ਉਹ ਕਿਤੇ ਲਭੇ ਨਾ। ਹੋਸਟੈਸ ਨੂੰ ਆਵਾਜ਼ ਮਾਰੀ। ਉਸ ਨੇ ਵੀ ਯਤਨ ਕੀਤਾ ਪਰ ਮੇਰੇ ਤੋਂ ਪਹਿਲਾਂ ਆਏ ਮੁਸਾਫਰਾਂ ਨੇ ਸਭ ਕੰਬਲ਼ ਕਬਜੇ ਕਰ ਲਏ ਹੋਏ ਸਨ। ਉਸ ਨੇ ਮੈਨੂੰ ਜਹਾਜ ਦੀ ਪਿਛਲੀ ਸੀਟ ਉਪਰ ਬਹਾ ਕੇ, ਮੇਰੇ ਸਿਰ ਤੇ ਹੀਟਰ ਚਲਾ ਦਿਤਾ ਤੇ ਮੈ ਲੰਮੀ ਤਾਣ ਕੇ ਸੋਂ ਗਿਆ। ਅੱਖ ਮੇਰੀ ਓਦੋਂ ਖੁਲ੍ਹੀ ਜਦੋਂ ਜਹਾਜ ਨਿਊ ਯਾਰਕ ਜਾ ਉਤਰਿਆ। ਬਾਹਰ ਨਿਕਲ਼ ਕੇ ਬੱਸ ਫੜੀ ਤੇ ਗੁਰਦੁਆਰਾ ਸਾਹਿਬ ਰਿਚਮਡ ਹਿੱਲ ਜਾ ਉਤਰਿਆ। ਗੁਰਦੁਆਰਾ ਸਾਹਿਬ ਵਿਖੇ ਮੇਰੀ ੧੯੭੫ ਵਾਲ਼ੀ ਲੰਡਨ ਦੀ ਪਹਿਲੀ ਫੇਰੀ ਸਮੇ ਦੇ ਸ਼ੁਭਚਿੰਤਕ, ਪ੍ਰਸਿਧ ਵਿਦਵਾਨ ਗਿਆਨੀ ਗੁਰਦੀਪ ਸਿੰਘ ਜੀ ਮੁਖ ਗ੍ਰੰਥੀ ਸਨ ਤੇ ਉਹਨਾਂ ਦੇ ਨਾਲ਼, ਮੇਰੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸਮੇ ਦੇ ਸਮਕਾਲੀ, ਭਾਈ ਤ੍ਰਿਲੋਕ ਸਿੰਘ ਜੀ ਵੀ ਓਥੇ ਗ੍ਰੰਥੀ ਸਨ। ਹੁਣ ਇਹ ਦੋਵੇਂ ਸੱਜਣ ਹੀ ਪਰਲੋਕ ਸਿਧਾਰ ਚੁੱਕੇ ਹਨ। ਉਸ ਦਿਨ ਮੰਗਲਵਾਰ ਸੀ। ਸ਼ਾਮ ਦੇ ਦੀਵਾਨ ਉਪ੍ਰੰਤ ਮੈ ਗਿਆਨੀ ਗੁਰਦੀਪ ਸਿੰਘ ਜੀ ਹੋਰਾਂ ਦੇ ਦਰਸ਼ਨ ਕਰਨ ਦੀ ਆਸ ਨਾਲ਼, ਦੀਵਾਨ ਵਿੱਚ ਬੈਠ ਗਿਆ। ਕਥਾ ਦੇ ਭੋਗ ਉਪ੍ਰੰਤ ਜਦੋਂ ਵੇਖਿਆ ਕਿ ਉਹਨਾਂ ਦੇ ਗੋਡੀਂ ਹੱਥ ਲਾਉਣ ਵਾਲ਼ਿਆਂ ਦੀ ਵਾਹਵਾ ਲੰਮੀ ਲਾਈਨ ਹੈ ਤਾਂ ਮੈ ਇਸ ਗੋਡੇ ਘੁਟੂਆਂ ਦੀ ਲਾਈਨ ਵਿੱਚ ਹੋਰ ਵਾਧਾ ਕਰਨ ਤੋਂ ਸੰਕੋਚ ਕਰ ਗਿਆ ਤੇ ਬਿਨਾ ਉਹਨਾਂ ਨਾਲ ਕੋਈ ਬਚਨ ਕੀਤਿਆਂ ਹੀ ਵਾਪਸ ਕਮਰੇ ਵਿੱਚ ਆ ਗਿਆ। ਦਰਸ਼ਨ ਤਾਂ ਉਹਨਾਂ ਦੇ ਮੈਨੂੰ ਹੋ ਹੀ ਗਏ ਸਨ।
ਅਗਲੇ ਤਿੰਨ ਦਿਨ ਮੈ ਸ਼ਹਿਰ ਵਿੱਚ ਏਧਰ ਓਧਰ ਕੁੱਝ ਚੱਕਰ ਵੀ ਲਾ ਲਏ ਤੇ ਸੰਯੁਕਤ ਰਾਸ਼ਟਰ ਦੇ ਮੁਖ ਦਫ਼ਤਰ ਦਾ ਗੇੜਾ ਵੀ ਕਢ ਆਇਆ। ਉਸ ਦਿਨ ਸੰਯੁਕਤ ਰਾਸ਼ਟਰ ਦਾ ਕੋਈ ਵਿਸ਼ੇਸ ਸਮਾਗਮ ਸੀ। ਉਸ ਵਿੱਚ ਦਰਸ਼ਕਾਂ ਪਾਸੋਂ ਸਵਾਲ ਵੀ ਪੁੱਛੇ ਗਏ। ਇਸ ਦੀ ਸਥਾਪਨਾ ਕੇਹੜੇ ਸਾਲ ਤੇ ਮਹੀਨੇ ਵਿੱਚ ਹੋਈ ਸੀ, ਦਾ ਜਵਾਬ ਦੇਣ ਦੀ ਮੇਰੀ ਵਾਰੀ ਸਮੇ ਮੈ ਸਾਲ ਤਾਂ ੧੯੪੫ ਠੀਕ ਦੱਸ ਦਿਤਾ ਪਰ ਮਹੀਨਾ ਸਤੰਬਰ ਦੀ ਥਾਂ ਮੇਰੇ ਪਾਸੋਂ ਅਕਤੂਬਰ ਦੱਸਿਆ ਗਿਆ। ਇਸ ਸਮੇ ਮੈ ਉਸ ਸੰਸਥਾ ਬਾਰੇ ਜਾਣਕਾਰੀ ਭਰਪੂਰ ਇੱਕ ਕਿਤਾਬ ਵੀ ਓਤੋਂ ਖਰੀਦੀ। ਹੋਰ ਹਰ ਪ੍ਰਕਾਰ ਦੀ ਜਾਣਕਾਰੀ ਤੋਂ ਇਲਾਵਾ ਇਸ ਵਿੱਚ ਇਹ ਵੀ ਲਿਖਿਆ ਹੋਇਆ ਸੀ ਇਸ ਸਭਾ ਨੇ ਇੱਕ ਮਤੇ ਰਾਹੀਂ ਆਪਣੇ ਨਾਂ ਨਾਲ਼ੋਂ ਸੰਘ (ਨੇਸ਼ਨਜ਼) ਹਟਾ ਲਿਆ ਹੋਇਆ ਹੈ; ਅਰਥਾਤ ‘ਯੁਨਾਈਟਡ ਨੇਸ਼ਨਜ਼’ ਕਰ ਲਿਆ ਹੋਇਆ ਹੈ। ਅੰਗ੍ਰੇਜ਼ੀ ਪ੍ਰੈਸ ਓਦੋਂ ਤੋਂ ਹੀ ਇਸ ਨੂੰ ‘ਯੂਨਾਈਟਡ ਨੇਸ਼ਨਜ਼’ ਹੀ ਲਿਖਦਾ ਆ ਰਿਹਾ ਹੇ ਪਰ ਪਤਾ ਨਹੀ ਕਿਉਂ ਪਰ ਪੰਜਾਬੀ ਪ੍ਰੈਸ ਅਜੇ ਵੀ ਇਸ ਗੱਲ ਨੂੰ ਸਵੀਕਾਰ ਨਹੀ ਤੇ ਇਸ ਦੇ ਨਾਂ ਨਾਲ਼ ਸੰਘ (ਓਰਗੇਨਾਈਜ਼ੇਸ਼ਜ਼) ਟਾਂਕੀ ਹੀ ਆ ਰਿਹਾ ਹੈ।
ਮੇਰੇ ਗੁਰਦੁਆਰਾ ਸਾਹਿਬ ਵਿਖੇ ਟਿਕਣ ਸਮੇ ਇੱਕ ਦਿਲਚਸਪ ਜਿਹੀ ਘਟਨਾ ਵੀ ਵਾਪਰੀ। ਇੱਕ ਦਿਨ ਮੈ ਉਸ ਗੁਰਦੁਆਰੇ ਵਿਚ, ਹਫ਼ਤੇ ਵਾਸਤੇ ਕੀਰਤਨ ਕਰ ਰਹੇ ਰਾਗੀ ਸਿੰਘਾਂ ਦੇ ਕਮਰੇ ਵਿੱਚ ਚਲਿਆ ਗਿਆ। ਇਹ ਰਾਗੀ ਸਿੰਘ ਭਾਈ ਅਵਤਾਰ ਸਿੰਘ ਜੀ ਮੁੰਬਈ ਵਾਲ਼ਿਆਂ ਦਾ ਜਥਾ ਸੀ। ਮੈ ਉਹਨਾਂ ਦੇ ਕਮਰੇ ਦੀ ਸਫਾਈ ਵੇਖ ਕੇ ਹੈਰਾਨ ਰਹਿ ਗਿਆ। ਮੇਰਾ ਦਿਲ ਖ਼ੁਸ਼ੀ ਨਾਲ਼ ਗ਼ਦ ਗ਼ਦ ਹੋ ਗਿਆ। ਆਮ ਤੌਰ ਤੇ ਰਾਗੀ, ਢਾਡੀ, ਪ੍ਰਚਾਰਕ, ਕਥਾਵਾਚਕ ਆਦਿ ਧਾਰਮਿਕ ਵਿਦਵਾਨਾਂ ਦੇ ਕੁੱਝ ਦਿਨਾਂ ਦੇ ਬਸੇਰੇ ਵਾਲ਼ੇ ਕਮਰੇ ਵਿਚਲਾ ਦ੍ਰਿਸ਼, ਉਹਨਾਂ ਦੇ ਜਾਣ ਪਿੱਛੋਂ ਵੇਖਣ ਹੀ ਵਾਲ਼ਾ ਹੁੰਦਾ ਹੈ। ਜੂਠੇ ਭਾਂਡੇ ਸਣੇ ਜੂਠ ਦੇ, ਫਾਲਤੂ ਕਾਗਜ਼ ਖਿੱਲਰੇ ਹੋਏ, ਦਾਹੜਿਆਂ ਅਤੇ ਸਿਰਾਂ ਦੇ ਕੇਸਾਂ ਨੂੰ ਵਾਹੁਣ ਪਿੱਛੋਂ ਉਹਨਾਂ ਵਿਚੋਂ ਉਖੜੇ ਹੋਏ ਵਾਲ਼, ਪੁਰਾਣੇ ਕੱਪੜੇ, ਮਿਲ਼ੇ ਸਿਰੋਪੇ, ਵਰਤੇ ਹੋਏ ਫ਼ੋਨ ਕਾਰਡ ਆਦਿ ਉਘੜ ਦੁਘੜੇ ਪਏ ਹੋਇਆਂ ਦਾ, ਬੜਾ ਹੀ ਮਨਮੋਹਣਾ ਨਜਾਰਾ ਵੇਖਣ ਨੂੰ ਮਿਲ਼ਦਾ ਹੈ। ਮੈ ਉਸ ਕਮਰੇ ਦੀ ਏਨੀ ਅਣਕਿਆਸੀ ਸਫ਼ਾਈ ਵੇਖ ਕੇ ਬੋਲਣੋ ਨਾ ਰਹਿ ਸਕਿਆ ਤੇ ਇਸ ਉਦਮ ਦੀ ਭਰਪੂਰ ਪ੍ਰਸੰਸਾ ਕਰ ਦਿਤੀ। ਸਹਾਇਕ ਰਾਗੀ ਸਿੰਘ, ਜਿਸ ਦੀ ਦਾਹੜੀ ਕਾਲ਼ੀ ਸੀ, ਬੋਲ ਪਿਆ, “ਸਫ਼ਾਈ ਦਾ ਇਕੋ ਤੇ ਪੱਕਾ ਅਸੂਲ ਹੈ ਕਿ ਜੇਹੜੀ ਚੀਜ ਜਿਥੋਂ ਚੁੱਕੋ ਓਥੇ ਹੀ ਰੱਖੋ। ਫਿਰ ਕਦੀ ਖਲਾਰਾ ਨਹੀ ਪੈਂਦਾ। “ਇਹ ਸੁਣ ਕੇ, ਚਿੱਟੀ ਦਾਹੜੀ ਵਾਲੇ ਮੁਖ ਰਾਗੀ ਸਿੰਘ ਜੀ ਆਪਣੇ ਮੰਜੇ ਉਪਰ ਲੰਮੇ ਪੈਂਦੇ ਹੋਏ ਇਉਂ ਬੋਲੇ, “ਆਹ ਸਰੀਰ ਅਸ਼ੀਂ ਸਵੇਰੇ ਏਥੋਂ ਚੁੱਕਿਆ ਸੀ ਤੇ ਹੁਣ ਏਥੇ ਹੀ ਰੱਖ ਦਿੰਨੇ ਆਂ। “
ਏਧਰ ਓਧਰ ਫੇਰੇ ਤੋਰੇ ਕਾਰਨ ਮੈ ਫਿਰ ਗਿਆਨੀ ਜੀ ਦੇ ਦਰਸ਼ਨ ਕਰਨ, ਉਹਨਾਂ ਦੇ ਘਰ ਨਾ ਜਾ ਸਕਿਆ ਤਾਂ ਛਨਿਛਰਵਾਰ ਸ਼ਾਮ ਨੂੰ ਉਹ ਖ਼ੁਦ ਹੀ ਚੱਲ ਕੇ ਮੇਰੇ ਪਾਸ ਆ ਗਏ। ਕਮਰੇ ਵਿੱਚ ਪਰਵੇਸ਼ ਕਰਦਿਆਂ ਹੀ ਉਹਨਾਂ ਨੇ ਹਾਸੇ ਜਿਹੇ ਦੇ ਰਉਂ ਵਿੱਚ ਆਖਿਆ, “ਅਸੀਂ ਸੋਚਿਆ ਕਿ ਸੰਤੋਖ ਸਿੰਘ ਹੁਣ ਵੱਡਾ ਬੰਦਾ ਬਣ ਗਿਆ ਏ; ਉਸ ਨੇ ਤਾਂ ਮਿਲ਼ਨ ਆਉਣਾ ਨਹੀ; ਮੈ ਖ਼ੁਦ ਹੀ ਜਾ ਕੇ ਮਿਲ਼ ਆਵਾਂ। “ਮੈ ਵੀ ਉਹਨਾਂ ਨੂੰ ਓਸੇ ਹੀ ਟੋਨ ਵਿਚ, ਆਪਣੇ ਉਹਨਾਂ ਪਾਸ ਜਾ ਕੇ, ਬਿਨਾ ਮਿਲ਼ੇ ਮੁੜ ਆਉਣ ਦੀ ਗੱਲ ਦੱਸੀ ਤਾਂ ਉਹਨਾਂ ਨੇ ਹਾਸੇ ਨਾਲ਼ ਹੀ ਆਖਿਆ, “ਸੰਤੋਖ ਸਿਅ੍ਹਾਂ ਤੇਰੀ ਪੁਰਾਣੀ ਆਦਤ ਨਾ ਗਈ!”
ਹੋਰ ਵਿਚਾਰ ਵਟਾਂਦਰੇ ਉਪ੍ਰੰਤ ਉਹਨਾਂ ਨੇ ਪੁਛਿਆ ਕਿ ਅਗਲੇ ਦਿਨ ਦੇ ਦੀਵਾਨ ਵਿੱਚ ਲੈਕਚਰ ਬਾਰੇ ਸ ਪਰਗਟ ਸਿੰਘ ਨਾਲ਼ ਵਿਚਾਰ ਹੋ ਚੁੱਕੀ ਹੋਵੇਗੀ। ਸ. ਪਰਗਟ ਸਿੰਘ ਜੀ ਮੇਰੀ ੧੯੭੮ ਵਾਲ਼ੀ ਯਾਤਰਾ ਸਮੇ ਦੇ ਮੇਰੇ ਮਿੱਤਰ ਸਨ ਤੇ ਉਸ ਸਮੇ ਮੈ ਉਹਨਾਂ ਦੇ ਕਮਰੇ ਵਿੱਚ ਹੀ ਠਹਿਰਿਆ ਸਾਂ। ਹੁਣ ਇਹ ਸਟੇਜ ਸਕੱਤਰ ਸਨ। ਮੇਰਾ ਨਾਂਹ ਵਿੱਚ ਉਤਰ ਸੁਣ ਕੇ ਉਹਨਾਂ ਨੈ ਹੈਰਾਨੀ ਪਰਗਟ ਕਰਦਿਆਂ ਹੋਇਆਂ ਆਖਿਆ, “ਮੈ ਤਾਂ ਸਮਝਿਆ ਸੀ ਕਿ ਸ. ਪਰਗਟ ਸਿੰਘ ਤੁਹਾਡੇ ਮਿੱਤਰ ਹਨ ਤੇ ਇਸ ਬਾਰੇ ਉਹਨਾਂ ਨਾਲ਼ ਤੁਹਾਡੀ ਵਿਚਾਰ ਹੋ ਚੁੱਕੀ ਹੋਵੇਗੀ। “ਕੁਝ ਸਮਾ ਹੋਰ ਵਿਚਾਰ ਵਟਾਂਦਰਾ ਕਰਨ ਪਿੱਛੋਂ ਉਹ ਚਲੇ ਗਏ। ਸਾਮ ਨੂੰ ਭਾਈ ਤ੍ਰਿਲੋਕ ਸਿੰਘ ਜੀ ਰਾਹੀਂ ਖ਼ਬਰ ਮਿਲ਼ੀ ਕਿ ਭਲ਼ਕ ਦੇ ਐਤਵਾਰੀ ਦੀਵਾਨ ਵਿੱਚ ਮੇਰੇ ਵਾਸਤੇ ਤੀਹ ਮਿੰਟ ਰਖੇ ਗਏ ਹਨ। ਪੰਦਰਾਂ ਮਿੰਟ ਗਿਆਨੀ ਜੀ ਨੇ ਆਪਣੀ ਕਥਾ ਦੇ ਘਟਾਏ ਅਤੇ ਪੰਦਰਾਂ ਮਿੰਟ ਬੱਚਿਆਂ ਦਾ ਪ੍ਰੋਗਰਾਮ ਘਟਾਇਆ। ਇਉਂ ਮੈਨੂੰ ਦੀਵਾਨ ਵਿੱਚ ‘ਫਿਕਸ’ ਕੀਤਾ ਗਿਆ। ਇਸ ਗੱਲ ਤੇ ਪਾਠਕ ਹੈਰਾਨ ਨਾ ਹੋਣ। ਵਧੇਰੇ ਰੌਣਕ ਵਾਲ਼ੇ ਗੁਰਦੁਆਰਾ ਸਾਹਿਬਾਨ ਵਿਚ, ਬੁਲਾਰਿਆਂ ਰਾਗੀਆ ਆਦਿ ਦੇ, ਸਾਲਾਂ ਤੱਕ ਵੀ ਪ੍ਰੋਗਰਾਮ ਬੁੱਕ ਹੋਏ ਹੁੰਦੇ ਹਨ ਤੇ ਅਚਾਨਕ ਕਿਸੇ ਆ ਗਏ ਸੱਜਣ ਨੂੰ ਐਡਜਸਟ ਕਰਨਾ ਏਨਾ ਸੁਖਾਲ਼ਾ ਕਾਰਜ ਨਹੀ ਹੁੰਦਾ। ਇਉਂ ਸਮਝੋ ਕਿ ਇਹ ਗਿਆਨੀ ਗੁਰਦੀਪ ਸਿੰਘ ਜੀ ਨੇ ਮੇਰਾ, ਮੇਰੀ ਹੈਸੀਅਤ ਤੋਂ ਵਧ ਮਾਣ ਕੀਤਾ।
ਐਤਵਾਰੀੇ ਦੀਵਾਨ ਵਿੱਚ ਹਾਜਰੀ ਭਰੀ। ਆਭਾਸ ਹੋ ਰਿਹਾ ਸੀ ਸੰਗਤਾਂ ਦੀ ਪ੍ਰਸੰਨਤਾ ਭਰੀ ਆਸੀਰਵਾਦ ਪਰਾਪਤ ਹੋ ਰਹੀ ਹੈ। ਦੀਵਾਨ ਦੀ ਸਮਾਪਤੀ ਤੇ ਕੁੱਝ ਸੱਜਣਾਂ ਨੇ ਮੇਰੇ ਬਾਰੇ ਮੈਥੋਂ ਮੇਰੇ ਅਗਲੇ ਪ੍ਰੋਗਰਾਮ ਬਾਰੇ ਪੁੱਛ ਗਿੱਛ ਕੀਤੀ ਤੇ ਮੈ ਦੱਸਿਆ, “ਸ਼ਾਮ ਨੁੰ ਇਸ ਸਥਾਨ ਤੋਂ ਅਗਲੇ ਕਿਸੇ ਸਥਾਨ ਦੀ ਯਾਤਰਾ ਵਾਸਤੇ ਪ੍ਰਸਥਾਨ ਹੈ ਜੀ।”
ਵੈਨਕੂਵਰ ਵੱਸ ਰਹੇ ਮਿੱਤਰ ਸ. ਹਰਦਿਆਲ ਸਿੰਘ ਜੀ ਨੂੰ ਫ਼ੋਨ ਮਾਰ ਕੇ ਦੱਸਿਆ ਕਿ ਉਸ ਵੱਲ ਜਾ ਰਿਹਾ ਹਾਂ ਬਸ ਰਾਹੀਂ। ਉਸ ਵੱਲੋਂ, “ਆ ਜਾਹ। “ਸੁਣ ਕੇ, ਬੱਸ ਫੜ ਕੇ ਵੈਨਕੂਵਰ ਨੂੰ ਜਾਣ ਵਾਲ਼ੀ ਬੱਸ ਦੇ ਅੱਡੇ ਤੇ ਜਾ ਪੁੱਜਾ। ਓਧਰ ਨੂੰ ਬੱਸ ਵਾਹਵਾ ਚਿਰ ਨੂੰ ਚੱਲਣੀ ਸੀ ਤੇ ਜਦੋਂ ਪਤਾ ਲੱਗਾ ਕਿ ਕਿੰਨੇ ਦਿਨ ਬੱਸ ਰਾਹੀਂ ਓਥੇ ਪਹੁੰਚਣ ਨੂੰ ਲੱਗ ਜਾਣੇ ਹਨ ਤਾਂ ਮਨ ਬਦਲ ਗਿਆ ਤੇ ਬੱਸ ਫੜ ਕੇ ਹਵਾਈ ਅੱਡੇ ਨੂੰ ਤੁਰ ਪਿਆ। ਜਹਾਜੇ ਬੈਠ ਲੰਡਨ ਦੇ ਗੈਟਵਿਕ ਅੱਡੇ ਉਪਰ ਜਾ ਉਤਰਿਆ। ਓਥੋਂ ਰੇਲ ਰਾਹੀਂ ਉਤਰਦਾ ਚੜ੍ਹਦਾ, ਸਾਊਥਾਲ ਦੇ ਪਾਰਕ ਐਵੇਨਿਊ ਗੁਰਦੁਆਰੇ ਜਾ ਫ਼ਤਿਹ ਬੁਲਾਈ। ਮੱਥਾ ਟੇਕਣ ਉਪ੍ਰੰਤ ਜਦੋਂ ਦਫ਼ਤਰ ਗਿਆ ਤਾਂ ਹੋਰ ਸੱਜਣਾਂ ਸਮੇਤ ਜਨਰਲ ਸਕੱਤਰ ਸ. ਬਿਅੰਤ ਸਿੰਘ ਜੀ ਵੀ ਓਥੇ ਬੈਠੇ ਹੋਏ ਪਾਏ ਗਏ। ਮੈਨੂੰ ਵੇਖ ਕੇ ਪ੍ਰਸੰਨ ਹੋ ਗਏ। ਆਖਿਆ, “ਸੰਤੋਖ ਸਿਅ੍ਹਾਂ, ਮੈ ਕੁੱਝ ਦਿਨਾਂ ਤੋਂ ਤੈਨੂੰ ਯਾਦ ਹੀ ਕਰ ਰਿਹਾ ਸਾਂ। ਹਾਲਾਤ ਏਥੇ ਅਜਿਹੇ ਹਨ ਕਿ ਸਾਨੂੰ ਤੇਰੀ ਲੋੜ ਹੈ। “ਉਸ ਨੇ ਇੱਕ ਕਮਰੇ ਵਿੱਚ ਮੇਰਾ ਡੇਰਾ ਲਵਾ ਕੇ ਗੁਸਲਖਾਨਾ, ਲੰਗਰ ਆਦਿ ਬਾਰੇ ਸਮਝਾ ਦਿਤਾ। ਅਗਲੇ ਦਿਨ ਮੈਨੂੰ ਦੁਕਾਨ ਤੋਂ ਚਾਰ ਕੁ ਸੇਬ ਚੁੱਕੀ ਆਉਂਦੇ ਨੂੰ ਵੇਖ ਕੇ, ਇੱਕ ਵੱਡਾ ਬਕਸਾ ਸੇਬਾਂ ਦਾ ਮੇਰੇ ਕਮਰੇ ਵਿੱਚ ਰਖਵਾ ਦਿਾਤਾ।
ਸ. ਬਿਅੰਤ ਸਿੰਘ ਜੀ ੧੯੭੫ ਵਾਲ਼ੀ ਵਲੈਤੀ ਫੇਰੀ ਸਮੇ, ਹੋਰ ਅਕਾਲੀਆਂ ਦੇ ਨਾਲ਼ ਹੀ ਮੇਰੇ ਵਾਕਫ਼ ਬਣ ਗਏ ਸਨ ਤੇ ਮੈ ਇਹਨਾਂ ਵਿੱਚ ਗਿਆਨੀ ਕਰਤਾਰ ਸਿੰਘ ਵਾਲ਼ੇ ਕੁੱਝ ਗੁਣ ਹੋਣ ਕਰਕੇ, ਇਹਨਾਂ ਨੂੰ ‘ਵਲੈਤੀ ਗਿਆਨੀ ਕਰਤਾਰ ਸਿੰਘ’ ਦਾ ਨਾਂ ਦਿਤਾ ਸੀ। ਓਦੋਂ ਤੋਂ ਹੀ ਇਹ ਮੇਰੇ ਵਿਚਾਰਾਂ ਅਤੇ ਇਹਨਾਂ ਨੂੰ ਵਿਅਕਤ ਕਰਨ ਦੇ ਢੰਗ ਦੇ ਪ੍ਰਸੰਸਕ ਸਨ। ੧੯੭੭ ਵਾਲ਼ੀ ਮੇਰੀ ਵਲੈਤੀ ਫੇਰੀ ਦੌਰਾਨ, ਪਤਾ ਨਹੀ ਕਿਉਂ, ਅਕਾਲੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਵਸ, ਈਲਿੰਗ ਦੇ ਟਾਊਨ ਹਾਲ ਵਿੱਚ ਮਨਾਇਆ। ਉਸ ਵਿੱਚ ਮੈਨੂੰ ਵੀ ਤੀਹ ਮਿੰਟ ਦੇ ਭਾਸਨ ਵਾਸਤੇ ਸੱਦਿਆ ਗਿਆ। ਮੇਰੇ ਭਾਸਨ ਤੋਂ ਬਾਅਦ, ਅਕਾਲੀ ਆਗੂ, ਸ. ਸੰਪੂਰਨ ਸਿੰਘ ਚੀਮਾ ਐਡਵੋਕੇਟ ਜੀ ਨੇ, ਮੇਰੇ ਬਾਰੇ ਕੁੱਝ ਪ੍ਰਸੰਸਾਤਮਿਕ ਸ਼ਬਦ ਆਖ ਦਿਤੇ। ਇਹ ਫੌਰਨ ਬੋਲੇ, “ਰਹਿਣ ਦੇ ਓਇ ਚੀਮੇ, ਰਹਿਣ ਦੇ। ਗਿਆਨੀ ਫਲਾਣਾ ਸਿੰਘ ਨੇ ਕਿਤੇ ਸੁਣ ਲਿਆ ਤਾਂ ਉਸ ਨੇ ਇਸ ਦੀਆਂ ਏਥੋਂ ਪੂਛਾਂ ਚੁਕਾ ਦੇਣੀਆਂ। ਰਹਿ ਲੈਣ ਦੇ ਇਸ ਨੂੰ ਚਾਰ ਦਿਨ ਵਲੈਤ ਵਿਚ।”
ਸਾਊਥਾਲ ਦਾ ਗੁਰਦੁਆਰਾ, ਸ੍ਰੀ ਗੁਰੂ ਸਿੰਘ ਸਭਾ, ਹਿੰਦੁਸਤਾਨ ਤੋਂ ਬਾਹਰ ਸਭ ਤੋਂ ਵੱਡੀ ਪੰਥਕ ਸਟੇਜ ਉਸ ਸਮੇ ਸੀ। ਏਥੇ ਅੰਮ੍ਰਿਤਸਰੋਂ ਆਏ ਹਰੇਕ ਪੰਥਕ ਆਦੇਸ਼ ਦੀ ਪਾਲਣਾ ਕੀਤੀ ਜਾਂਦੀ ਸੀ। ਮੇਰੇ ਵਰਗੇ ਉੜੇ ਥੁੜੇ ਤੇ ਟੁੱਟੇ ਭੱਜੇ ਪੰਥਕ ਵਰਕਰਾਂ ਨੂੰ ਵੀ ਸਮੇ ਸਮੇ ਏਥੋਂ ਪਨਾਹ, ਮਾਣ ਸਤਿਕਾਰ ਅਤੇ ਹੋਰ ਸਹਾਇਤਾ ਮਿਲ਼ ਜਾਇਆ ਕਰਦੀ ਸੀ। ਹਰੇਕ ਪੰਥਕ ਮੋਰਚੇ ਸਮੇ ਏਥੌਂ ਬੱਸਾਂ ਭਰ ਭਰ, ਭਾਰਤੀ ਹਾਈ ਕਮਿਸ਼ਨ ਦੇ ਅੱਗੇ ਮੁਜ਼ਾਹਰੇ ਕਰ ਕਰ, ਉਸ ਦਾ ਨੱਕ ਵਿੱਚ ਦਮ ਕਰ ਦਿਤਾ ਜਾਂਦਾ ਸੀ। ੧੯੮੪ ਦੀਆਂ ਹਿੰਦ ਸਰਕਾਰ ਦੀਆਂ ਸਿੱਖ ਮਾਰੂ ਨੀਤੀਆਂ ਜਦੋਂ ਨੰਗਾ ਨਾਚ ਹੀ ਕਰਨ ਪਈਆਂ ਤਾਂ ਸਾਰੀ ਦੁਨੀਆ ਵਿੱਚ ਸਿੱਖਾਂ ਦੇ ਭਾ ਦੀ ਪਰਲੋ ਆ ਗਈ ਸੀ। ਕੁੱਝ ਜੋਸ਼ੀਲੇ ਨੌਜਵਾਨਾਂ ਨੇ, ਕੇਸਰੀ ਪੱਗਾਂ ਬੰਨ੍ਹ ਕੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਾ ਜਿੰਦਾਬਾਦ ਤੇ ਖ਼ਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਾਉਂਦਿਆਂ, ਹੱਥਾਂ ਵਿੱਚ ਨੰਗੀਆਂ ਤਲਵਾਰਾਂ ਲਹਿਰਾਉਂਦਿਆਂ, ਅਕਾਲੀਆਂ ਦੇ ਹੱਥੋਂ ਗੁਰਦੁਆਰੇ ਖੋਹਣੇ ਸੁਰੂ ਕਰ ਦਿਤੇ। ਉਸ ਹਨੇਰਗਰਦੀ ਦਾ ਸ਼ਿਕਾਰ ਇਹ ਗੁਰਦੁਆਰਾ ਵੀ ਹੋ ਗਿਆ। ਇਹਨਾਂ ਚੋਣਵੇ ਜੋਸ਼ੀਲੇ ਜਵਾਨਾਂ ਦੀਆਂ ਧਾੜਾਂ ਅੰਦਰ, ਸੱਬਰਕੱਤੀ ਗਿਣਤੀ ਵਿਚ, ਕਾਂਗਰਸੀਆਂ, ਕਮਿਊਨਿਸਟਾਂ, ਪੁਲਸੀਆਂ ਆਦਿ ਦੇ, ਮੋਨੇ ਘੋਨੇ ਮੁੰਡੇ ਵੀ, ਕੇਸਰੀ ਪੱਗਾਂ ਬੰਨ੍ਹ ਕੇ, ਸ਼ਾਮਲ ਹੋ ਗਏ ਸਨ। ਇਸ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਗੁਰਦੁਆਰੇ ਦੀ ਨਵੀ ਇਮਾਰਤ ਦੀ ਉਸਾਰੀ ਵਾਸਤੇ ਇੱਕ ਬੈਂਕ ਪਾਸੋਂ ਖਾਸਾ ਕਰਜਾ ਲਿਆ ਹੋਇਆ ਸੀ। ਗੋਲਕ ਉਪਰ ਕੇਸਰੀ ਪੱਗਾਂ ਨੇ ਕਬਜਾ ਕਰ ਲਿਆ ਤੇ ਨੀਲੀਆਂ ਪੱਗਾਂ ਦੀਆਂ ਉਹਨਾਂ ਨੇ ਪਦੀੜਾਂ ਪੁਆ ਦਿਤੀਆਂ। ਕਰਜੇ ਦੀਆਂ ਕਿਸ਼ਤਾਂ ਬੈਂਕ ਨੂੰ ਜਾਣੀਆਂ ਬੰਦ ਹੋ ਗਈਆਂ। ਉਹ ਕਰਜਾ ਵਧਦਾ ਵਧਦਾ, ਦਾਹੜੀ ਨਾਲੌਂ ਮੁਛਾਂ ਦੇ ਵਧ ਜਾਣ ਵਾਂਗ, ਖਾਸਾ ਵਧ ਗਿਆ। ਫਿਰ ਸ. ਬਿਅੰਤ ਸਿੰਘ ਨੇ ਪਾਰਕ ਐਵੇਨਿਊ ਵਾਲ਼ੇ ਖਾਲੀ ਪਏ ਸਥਾਨ ਨੂੰ ਠੀਕ ਕਰਕੇ, ਓਥੇ ਦੀਵਾਨ ਲਾਉਣੇ ਸ਼ੁਰੂ ਕਰ ਦਿਤੇ ਤਾਂ ਕਿ ਕੁੱਝ ਆਮਦਨ ਹੋਵੇ ਤੇ ਕਿਸ਼ਤਾਂ ਤਾਰੀਆਂ ਜਾ ਸਕਣ। ਜਦੋਂ ਏਥੇ ਵੀ ਸੰਗਤ ਜੁੜਨ ਲੱਗ ਪਈ ਤਾਂ ਦਮਦਮੀ ਟਕਸਾਲ ਦੇ ਇੱਕ ਰਾਗੀ ਜਥੇ ਨੂੰ ਅੱਗੇ ਲਾ ਕੇ, ਡਾ. ਜਗਜੀਤ ਸਿੰਘ ਚੌਹਾਨ ਨੇ ਏਥੇ ਵੀ ਕਬਜਾ ਕਰ ਲਿਆ ਸੀ ਪਰ ਸ. ਬੇਅੰਤ ਸਿੰਘ ਨੇ ਹਿੰਮਤ ਕਰਕੇ ਉਸ ਤੋਂ ਕਬਜਾ ਛੁਡਾ ਲਿਆ ਹੋਇਆ ਸੀ ਤੇ ਏਥੇ ਵੀ ਸੰਗਤਾਂ ਦੀਆਂ ਚੰਗੀਆਂ ਰੋਣਕਾਂ ਲੱਗਦੀਆਂ ਸਨ। ਹੈਵਲਕ ਰੋਡ ਤੋਂ ਭਜਾਏ ਹੋਏ ਅਕਾਲੀ ਏਥੇ ਆ ਜੁੜਦੇ ਸਨ। ਹਾਲਾਤ ਏਥੇ ਵੀ ਨਾਜ਼ਕ ਹੀ ਸਨ। ਆਏ ਦਿਨ ਗੜਬੜ ਹੁੰਦੀ ਰਹਿੰਦੀ ਸੀ ਤੇ ਇੱਕ ਕਤਲ ਵੀ ਹੋ ਗਿਆ ਸੀ ਜਿਸ ਕਰਕੇ ਹੱਲੇ ਗੁੱਲੇ ਨੂੰ ਕੁੱਝ ਠੰਡ ਤਾਂ ਪਈ ਸੀ ਪਰ ਤਣਾਉ ਬਹੁਤ ਸੀ। ਰਸੀਦਾਂ ਕੱਟਣ ਲਈ ਬੈਠਣ ਸਮੇ, ਭਾਈ ਪ੍ਰੀਤਮ ਸਿੰਘ ਆਪਣੇ ਨਾਲ਼ ਜਾਪਾਨੀ ਵੱਡੀ ਸਪੈਸ਼ਲ ਤਲਵਾਰ ਰੱਖ ਕੇ ਬੈਠਦਾ ਹੁੰਦਾ ਸੀ। ਗੁਰਦੁਆਰੇ ਵਿੱਚ ਹੋਏ ਕਤਲ ਦੇ ਸਬੰਧ ਵਿੱਚ ਉਹ ਕੁੱਝ ਸਮਾ ਜੇਹਲ ਦੇ ਪ੍ਰਸ਼ਾਦੇ ਵੀ ਛਕ ਆਇਆ ਸੀ। ਸ. ਬਿਅੰਤ ਸਿੰਘ ਆਪਣੇ ਸਿਰ ਉਪਰ ਲੋਹੇ ਦਾ ਬਾਟਾ ਜਿਹਾ ਮੂਧਾ ਮਾਰ ਕੇ, ਉਸ ਉਪਰ ਪੱਗ ਬੰਨ੍ਹਦਾ ਹੁੰਦਾ ਸੀ। ਗੱਲ ਵਿੱਚ ਰਿਵਾਲਵਰ ਪਾਉਂਦਾ ਤੇ ਉਸ ਦੇ ਹੱਥ ਵਾਲੀ ਸੋਟੀ ਵਿੱਚ ਗੁਪਤ ਕਿਰਚ ਹੁੰਦੀ ਸੀ। ਦੋ ਕੁ ਵਾਰ ਉਸ ਉਪਰ ਹਹਲਾ ਵੀ ਚੁੱਕਿਆ ਸੀ। ਇੱਕ ਵਾਰ ਗੁਰਦੁਆਰੇ ਵਿੱਚ ਹੀ ਉਸ ਦੀ ਪੱਗ ਲਾਹ ਕੇ ਉਸ ਨੂੰ ਚਾਹਟਾ ਵੀ ਛਕਾਇਆ ਗਿਆ ਸੀ ਤੇ ਉਸ ਦੀ, ਲੱਥੀ ਪੱਗ ਤੇ ਖਿੱਲਰੇ ਵਾਲ਼ਾ ਸਹਿਤ ਸੋਭਾ ਪਾਉਂਦੀ ਫ਼ੋਟੋ ਵੀ ਪ੍ਰੈਸ ਵਿੱਚ ਛਪ ਗਈ ਸੀ।
ਦੋ ਚਾਰ ਦਿਨ ਸੱਜਣਾਂ ਮਿੱਤਰਾਂ ਨੂੰ ਮਿਲ਼ਨ ਪਿਛੋਂ ਭਾਰਤੀ ਹਾਈ ਕਮਿਸ਼ਨ ਦੇ ਜਾ ਕੇ ਹਿੰਦੁਸਤਾਨ ਦਾ ਵੀਜ਼ਾ ਲੈਣ ਲਈ ਫਾਰਮ ਤੇ ਫੀਸ ਜਮ੍ਹਾਂ ਕਰਵਾ ਇਤੀ। ਸਿਡਨੀ ਤੋਂ ਟੇਲੈਕਸ ਰਾਹੀਂ ਜਾਣਕਾਰੀ ਮੰਗਵਾਉਣ ਦੇ ੧੨ ਪੌਂਡ ਉਹਨਾਂ ਨੇ ਹੋਰ ਵਾਧੁ ਵੀ ਲੈ ਲਏ। ਮੇਰੇ ਫਾਰਮ ਉਪਰ ਦੇਸ ਜਾਣ ਦਾ ਕਾਰਨ ਮੈ “ਮਾਂ ਬੀਮਾਰ ਹੈ।” ਲਿਖਿਆ ਸੀ। ਮੇਰਾ ਫਾਰਮ ਵੇਖ ਕੇ, ਇੱਕ ਕਰਮਚਾਰਨ ਨੇ ਦੂਜੀ ਵੱਲ ਵਿਅੰਗਾਤਮਿਕ ਜਿਹੀ ਦ੍ਰਿਸ਼ਟੀ ਨਾਲ਼ ਵੇਖ ਕੇ. ਟਿੱਚਰ ਜਿਹੀ ਨਾਲ਼ ਆਖਿਆ, “ਕਾਰਨ ਤਾਂ ਬੜਾ ਢੁਕਵਾਂ ਹੈ!” ਉਸ ਦਾ ਮਤਲਬ ਸੀ ਕਿ ਮੈ ਝੂਠ ਲਿਖਿਆ ਹੈ। ਬੀਬੀ ਜੀ ਤਾਂ ਮੇਰੀ ਬੀਮਾਰ ਸੀ ਹੀ ਤੇ ਇਸ ਕਾਰਨ ਉਹ ਆਪਣੀ ਧੀ ਪਾਸ ਰਹਿ ਰਹੀ ਸੀ।
ਇਕ ਹੋਰ ਵੀ ਇਸ ਦਫ਼ਤਰ ਵਿੱਚ ਮੇਰੇ ਵਾਸਤੇ ਹੈਰਾਨੀ ਭਰੀ ਗੱਲ ਹੋਈ। ਇੱਕ ਸੱਜਣ ਗੁਰਦਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ, ਸੱਤਰਵਿਆਂ ਦੇ ਸਮੇ, ਮੋਹਰੀਆਂ ਵਿਚੋਂ ਸਨ। ਸੋਹਣਾ ਸੁੰਦਰ ਚਿੱਟਾ ਦਾਹੜਾ ਸੀ ਉਹਨਾਂ ਦਾ। ਮੇਰੀ ੧੯੭੫ ਵਾਲ਼ੀ ਯਾਤਰਾ ਸਮੇ ਤੋਂ ਹੀ ਮੇਰੇ ਨਾਲ਼ ਸਨੇਹੀਆਂ ਵਾਲਾ ਵਰਤਾ ਕਰਦੇ ਸਨ। ਇੰਦਰਾ ਦੇ ਕਤਲ ਪਿਛੋਂ ਟੀ ਵੀ ਉਪਰ ਸਾਰੀ ਦੁਨੀਆ ਵਿੱਚ ਉਹਨਾਂ ਦੁਆਰਾ ਲੱਡੂ ਵੰਡੇ ਜਾਂਦੇ ਮੁੜ ਮੁੜ ਦਿਖਾਈ ਦਿੰਦੇ ਸਨ। ਇਸ ਸਮੇ ਉਹ ਵੀ ਦਾਹੜਾ ਚਾੜ੍ਹਿਆ ਹੋਇਆ ਤੇ ਸੋਹਣੇ ਆਧੁਨਿਕ ਬਸਤਰਾਂ ਵਿੱਚ ਸਜੇ ਹੋਏ, ਉਸ ਦਫ਼ਤਰ ਵਿੱਚ ਵਿਚਰਦੇ ਮੈਨੂੰ ਦਿਸੇ। ‘ਸਾਹਬ ਸਲਾਮਤ’ ਪਿੱਛੋਂ ਉਹਨਾਂ ਨੇ ਮੈਨੂੰ ਆਖਿਆ ਕਿ ਮੈ ਕਿਸੇ ਨੂੰ ਇਹ ਗੱਲ ਦੱਸਾਂ ਨਾ ਕਿ ਉਹ ਓਥੇ ਸਨ। ਹੈਰਾਨੀ ਤਾਂ ਇਸ ਗੱਲ ਦੀ ਹੋਈ ਕਿ ਜੇਕਰ ਉਹ ਕਿਸੇ ਕੰਮ ਓਥੇ ਮੇਰੇ ਵਾਂਗ ਹੀ ਗਏ ਸਨ ਤਾਂ ਉਹਨਾਂ ਨੂੰ ਇਸ ਗੱਲ ਦਾ ਲੁਕਾ ਰੱਖਣ ਦੀ ਕੀ ਲੋੜ ਸੀ! ਮੈ ਵੀ ਤਾਂ ਓਥੇ ਗਿਆ ਹੀ ਸਾਂ। ਖੈਰ, ਇਸ ਗੱਲ ਦਾ ਮੈ ਕਿਸੇ ਕੋਲ਼ ਜ਼ਿਕਰ ਨਾ ਕੀਤਾ।
ਦੱਸੇ ਸਮੇ ਅਨੁਸਾਰ ਮੈ ਪਾਸਪੋਰਟ ਲੈਣ ਗਿਆ ਤਾਂ ਮੈਨੂੰ ਦੱਸਿਆ ਗਿਆ ਕਿ ਸਿਡਨੀ ਤੋਂ ਅਜੇ ਜਵਾਬ ਨਹੀ ਆਇਆ। ਦੋ ਕੁੱਝ ਦਿਨ ਪਿੱਛੋਂ ਫਿਰ ਗਿਆ ਤਾਂ ਫਿਰ ਓਹੀ ਜਵਾਬ। ਮੈ ਕੁੱਝ ਵਡੇਰੇ ਅਫ਼ਸਰ ਸ੍ਰੀ ਤਿਵਾੜੀ ਜੀ ਪਾਸ ਚਲਿਆ ਗਿਆ। ਉਹਨਾਂ ਨੇ ਬੜੀ ਅਪਣੱਤ ਨਾਲ਼ ਮੈਨੂੰ ਕੁਰਸੀ ਤੇ ਬੈਠਾ ਕੇ ਕਲੱਰਕ ਨੂੰ ਆਵਾਜ਼ ਮਾਰੀ ਤੇ ਆਖਿਆ, “ਬਈ ਸਰਦਾਰ ਜੀ ਕੋ ਵੀਜ਼ਾ ਕਿਉਂ ਨਹੀ ਦੇਤੇ! ਇਨ ਕਾ ਪਾਸਪੋਰਟ ਲਾਓ। “ਚਾਹ ਵੀ ਮੈਨੂੰ ਮੇਰੀ ਫਾਈਲ ਆਉਣ ਵਾਲ਼ੇ ਸਮੇ ਵਿੱਚ ਪਿਆ ਦਿਤੀ। ਕਲੱਰਕ ਪਾਸੋਂ ਫਾਈਲ ਫੜ ਕੇ ਆਖਿਆ, “ਸੌਰੀ ਸਰਦਾਰ ਸਾਹਿਬ, ਆਪ ਕੋ ਤਬ ਤੱਕ ਵੀਜ਼ਾ ਨਹੀ ਮਿਲ ਸਕਤਾ ਜਬ ਤੱਕ ਸਿਡਨੀ ਸੇ ਟੇਲੈਕਸ ਕਾ ਜਵਾਬ ਨਹੀ ਆਤਾ। ਮੈ ਬਾਹਰ ਆ ਕੇ ਘਰ ਵਾਲ਼ੀ ਨੂੰ ਫ਼ੋਨ ਕਰਕੇ ਆਖਿਆ ਕਿ ਉਹ ਮੇਰੇ ਮਿੱਤਰ, ਸ. ਫਲਾਣਾ ਸਿੰਘ ਜੀ ਨੂੰ ਆਖੇ ਕਿ ਉਹ ਆਪਣੇ ਮਿੱਤਰ, ਮਿਸਟਰ ਸ਼ਰਮਾ ਜੀ ਨੂੰ ਆਖ ਕੇ, ਟੇਲੈਕਸ ਦਾ ਜਵਾਬ ਭਿਜਵਾ ਦੇਣ। ਘਰ ਵਾਲ਼ੀ ਨੇ ਅਗਲੇ ਦਿਨ ਦੱਸਿਆ ਕਿ ਉਹ ਆਖਦੇ ਨੇ ਕਿ ਸ਼ਰਮਾ ਜੀ ਏਥੋਂ ਬਦਲ ਕੇ ਕਿਸੇ ਹੋਰ ਮੁਲਕ ਵਿੱਚ ਜਾ ਚੁੱਕੇ ਹਨ।
ਮੈ ਆਪਣੇ ਮਿੱਤਰ ਸ. ਕੁਲਦੀਪ ਸਿੰਘ ਜੀ ਦੇ ਘਰ ਠਹਿਰਿਆ ਹੋਇਆ ਸਾਂ। ਸੋਚਿਆ ਕਿ ਜਵਾਬ ਆਉਣ ਦੀ ਉਡੀਕ ਵਿੱਚ ਕਿਸੇ ਹੋਰ ਸ਼ਹਿਰ ਦੀ ਯਾਤਰਾ ਹੀ ਕਰ ਲਈ ਜਾਵੇ। ਮਿੱਤਰ ਦੀ ਪਤਨੀ ਬੀਬੀ ਸ਼ਰਨਜੀਤ ਕੌਰ ਜੀ ਨੇ ਬਰਮਿੰਘਮ ਫ਼ੋਨ ਕਰਕੇ, ਮੇਰੇ ਓਥੋਂ ਦੇ ਦੌਰੇ ਦਾ ਪ੍ਰਬੰਧ ਕਰ ਦਿਤਾ। ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਵਿਖੇ ਮੇਰੇ ਭਾਸ਼ਨਾਂ ਦਾ ਪ੍ਰੋਗਰਾਮ ਬਣ ਗਿਆ। ਵੈਸਾਖੀ ਦਾ ਪੁਰਬ ਹੋਣ ਕਾਰਨ ਹੋਰ ਥਾਂਵਾਂ ਤੇ ਵੀ ਪ੍ਰੋਗਰਾਮਾਂ ਦਾ ਸਿਲਸਿਲਾ ਚੱਲਦਾ ਰਿਹਾ। ਸਮੈਥਿਕ ਗੁਰਦੁਆਰੇ ਦੇ ਪ੍ਰਧਾਨ, ਸਰਦਾਰ ਸ਼ੇਰਗਿਲ ਜੀ ਵੀ ਵੈਸਾਖੀ ਦੀ ਸਾਖੀ ਸੰਗਤਾਂ ਨੂੰ ਸੁਣਾਉਣ ਵਾਸਤੇ ਮੈਨੂੰ ਆਪਣੇ ਗੁਰਦੁਆਰੇ ਲੈ ਗਏ।
ਇਸ ਕਿਆਮ ਦੌਰਾਨ ਇੱਕ ਖਾਸ ਘਟਨਾ ਵਾਪਰ ਗਈ। ਅਸ਼ੀਂ ਤਿੰਨ ਜਣੇ, ਗ੍ਰੰਥੀ ਭਾਈ ਤ੍ਰਿਲੋਕ ਸਿੰਘ ਜੀ ਦੇ ਕਮਰੇ ਵਿੱਚ ਬੈਠੇ ਹੋਏ ਸਾਂ। ਸਾਡੇ ਦੋਹਾਂ ਤੋਂ ਇਲਾਵਾ ਇੱਕ ਹੋਰ ਨੌਜਵਾਨ ਵੀ ਓਥੇ ਮੌਜੂਦ ਸੀ। ਗੱਲ ਸੰਤ ਜਰਨੈਲ ਸਿੰਘ ਜੀ ਦੀ ਚੱਲ ਪਈ। ਮੈ ਪ੍ਰਸੰਗ ਵੱਸ, ਆਪਣੀ ਜਾਣਕਾਰੀ ਅਤੇ ਯਕੀਂਨ ਮੁਤਾਬਿਕ ਆਖ ਬੈਠਾ ਕਿ ਸੰਤ ਜੀ ਆਪਣੀ ਕਰਨੀ ਕਰਕੇ ਜੀਵਤ ਹਨ ਸਰੀਰ ਕਰਕੇ ਨਹੀ। ਇਹ ਸੁਣਦਿਆਂ ਹੀ ਉਹ ਨੌਜਵਾਨ ਭੜਕ ਉਠਿਆ ਤੇ ਆਖਿਆ.”ਅਸੀਂ ਉਸ ਦਾ ਸਿਰ ਲਾਹ ਦਿੰਨੇ ਹੁੰਨੇ ਆਂ, ਜੇਹੜਾ ਸੰਤਾਂ ਨੂੰ ਸ਼ਹੀਦ ਆਖੇ। ਸਭ ਸਰਕਾਰ ਦੇ ਏਜੰਟ ਹਨ ਜੋ ਸੰਤ ਜੀ ਨੂੰ ਸ਼ਹੀਦ ਆਖਦੇ ਹਨ। “ਖ਼ੈਰ ਚੁੱਪ ਵੱਟ ਲੈਣ ਕਰਕੇ ਮੈ ਉਸ ਨੌਜਵਨ ਦੇ ਹਥੋਂ ‘ਸ਼ਹੀਦ’ ਹੋਣੋ ਬਚ ਗਿਆ।
ਸੋਚਿਆ ਕਿ ਹੁਣ ਤੱਕ ਸਿਡਨੀ ਤੋਂ ਜਵਾਬ ਆ ਗਿਆ ਹੋਵੇਗਾ; ਇਸ ਲਈ ਸਾਊਥਲ ਨੂੰ ਚਾਲੇ ਪਾਉਣ ਲਈ ਗੁਰਦੁਆਰੇ ਤੋਂ ਬਾਹਰ, ਸੜਕ ਉਪਰ ਬੱਸ ਫੜਨ ਲਈ ਜਾ ਖਲੋਤਾ।। ਸੜਕ ਤੇ ਨੰਗੇ ਪੈਰੀਂ ਖਲੋਤੇ ਨੂੰ ਮੈਨੂੰ ਇੱਕ ਕਮੇਟੀ ਮੈਬਰ ਨੇ ਵੇਖ ਕੇ ਇਸ ਦਾ ਕਾਰਨ ਪੁੱਛਆ ਤਾਂ ਮੈ ਆਖਿਆ ਕਿ ਮੈਨੂੰ ਮੇਰੀ ਗੁਰਗਾਬੀ ਨਹੀ ਲਭੀ। ਇਸ ਲਈ ਬਿਨ ਜੁੱਤੀਉਂ ਹੀ ਮੈ ਤੁਰ ਪਿਆ ਹਾਂ। ਉਸ ਨੇ ਆਖਿਆ ਕਿ ਓਥੇ ਤਾਂ ਕਮਰਾ ਭਰਿਆ ਪਿਆ ਹੈ ਜੁੱਤੀਆਂ ਨਾਲ਼! ਜੇਹੜੀ ਮੇਰੇ ਮੇਚ ਆਉਂਦੀ ਹੈ, ਪਾ ਲਵਾਂ। ਕੁੱਝ ਝਿਜਕਣ ਪਿੱਛੋਂ ਮੈ ਵਾਪਸ ਮੁੜ ਕੇ ਕਮਰੇ ਵਿਚੋਂ ਮੇਚ ਆਉਂਦੀ ਜੁੱਤੀ ਪਾ ਲਈ। ਬੱਸ ਤੇ ਬੈਠਾ ਤੇ ਸਾਊਥਾਲ ਜਾ ਉਤਰਿਆ। ਅਗਲੇ ਦਿਨ ਫਿਰ ਹਾਈ ਕਮਿਸ਼ਨ ਦੇ ਗਿਆ। ਮੈ ਇਹ ਸੋਚ ਕੇ ਗਿਆ ਸੀ ਕਿ ਨਾ ਵੀ ਵੀਜ਼ਾ ਮਿਲ਼ਿਆ ਤਾ ਵੀ ਪਾਸਪੋਰਟ ਲੈ ਆਉਣਾ ਹੈ ਤੇ ਲੰਡਨੋ ਇੰਡੀਆ ਉਤਰਨ ਦੀ ਬਜਾਇ ਸਿਧਾ ਸਿੰਘਾਪੁਰ ਲੰਘ ਜਾਵਾਗਾ। ਫਿਰ ਓਹੀ ਜਵਾਬ ਕਿ ਸਿਡਨੀਓਂ ਜਵਾਬ ਨਹੀ ਆਇਆ। ਇਹ ਪਤਾ ਲੱਗ ਗਿਆ ਕਿ ਹਾਈ ਕਮਿਸ਼ਨਰ, ਸ੍ਰੀ ਕੁਲਦੀਪ ਨਈਅਰ ਜੀ ਦੇਸੋਂ ਮੁੜ ਆਏ ਹਨ। ਮੈ ਵੀਜ਼ੇ ਲਈ ਆਖਰੀ ਯਤਨ ਕਰਨ ਦਾ ਵਿਚਾਰ ਬਣਾ ਕੇ, ਰੀਸੈਪਸ਼ਨਿਸਟ ਨੂੰ ਆਖਿਆ ਕਿ ਉਹ ਮੇਰੀ ਕੁਲਦੀਪ ਜੀ ਨਾਲ਼ ਗੱਲ ਕਰਵਾਏ। ਉਸ ਨੇ ਅਪਾਇੰਟਮੈਂਟ ਬਾਰੇ ਪੁੱਛਿਆ। ਨਾਂਹ ਕਰਨ ਦੇ ਨਾਲ਼ ਹੀ ਮੈ ਆਖ ਦਿਤਾ ਕਿ ਮੈ ਜਰਨਲਿਸਟ ਹਾਂ ਤੇ ਸਿਡਨੀ ਤੋਂ ਆਇਆ ਹਾਂ; ਜਰੂਰੀ ਮਿਲ਼ਨਾ ਹੈ। ਉਸ ਨੇ ਸੈਕਟਰੀ ਨੂੰ ਫ਼ੋਨ ਲਾ ਕੇ ਮੇਰੇ ਹੱਥ ਰਸੀਵਰ ਫੜਾ ਦਿਤਾ। ਸੈਕਟਰੀ ਨੇ ਵੀ ਅਪਾਇੰਟਮੈਂਟ ਬਾਰੇ ਪੁੱਛਿਆ ਤੇ ਉਸ ਨੂੰ ਵੀ ਓਹੀ ਕੁੱਝ ਆਖਿਆ ਜੋ ਪਹਿਲਾਂ ਰੀਸੈਪਨਿਸ਼ਟ ਨੂੰ ਆਖਿਆ ਸੀ। ਫਿਰ ਉਹ ਮੈਨੂੰ ਰੁਕਣ ਲਈ ਆਖ ਕੇ ਕੁੱਝ ਪਲ ਪਿਛੋਂ ਬੋਲਿਆ, “ਆ ਜਾਓ ਉਤੇ; ਦਫ਼ਤਰ ਵਿਚ। “ਉਪਰ ਜਾ ਕੇ ਵੇਖਿਆ, ਸਮਾ ਪਰਾਪਤ ਕਰਕੇ ਆਏ ਹੋਏ ਮੁਕਾਕਾਤੀਆਂ ਨਾਲ਼ ਕਮਰਾ ਭਰਿਆ ਹੋਇਆ ਸੀ। ਮੈਨੂੰ ਸਿਧਾ ਹੀ ਸੈਕਟਰੀ ਅੰਦਰ ਲੈ ਗਿਆ। ਨਈਅਰ ਸ਼ਾਹਿਬ ਜੀ ਉਠ ਕੇ ਮਿਲ਼ੇ; ਹੱਥ ਮਿਲ਼ਾਇਆ ਤੇ ਕੁਰਸੀ ਤੇ ਬੈਠਣ ਲਈ ਆਖਿਆ। ਪੰਜਾਬ ਬਾਰੇ ਸੰਖੇਪ ਗੱਲ ਹੋਣ ਪਿੱਛੋਂ ਕੰਮ ਪੁੱਿਛਆ ਤਾਂ ਮੈ ਵੀਜ਼ੇ ਦੀ ਕਹਾਣੀ ਪਾਈ। ਮੈ ਵੀਜ਼ਾ ਲੱਗੇ ਜਾਂ ਨਾ ਲੱਗੇ ਪਾਸਪੋਰਟ ਵਾਪਸ ਕਰਨ ਲਈ ਆਖਿਆ। ਕੁੱਝ ਹੀ ਮਿੰਟਾਂ ਵਿੱਚ ਵੀਜ਼ਾ ਲੱਗਾ ਪਾਸਪੋਰਟ ਮੇਰੇ ਹੱਥ ਵਿੱਚ ਦੇ ਕੇ, ਤੇ ਇਹ ਆਖ ਕੇ, “ਇਸ ਸਮੇ ਬਹੁਤ ਲੋਕ ਉਡੀਕ ਰਹੇ ਹਨ। ਫਿਰ ਕਦੀ ਆਓ ਤਾ ਵਧ ਸਮਾ ਵਿਚਾਰ ਕਰਾਂਗੇ। “
ਏਥੋਂ ਵੇਹਲਾ ਹੋ ਕੇ ਮੈ ਸਿਧਾ ਹੀ ਫਰਾਂਸ ਏਅਰ ਲਾਈਨ ਦੇ ਦਫ਼ਤਰ, ਅਗਲੇ ਦਿਨ ਦੀ ਪੈਰਿਸ ਵਾਸਤੇ ਸੀਟ ਬੁੱਕ ਕਰਵਾਉਣ ਚਲਿਆ ਗਿਆ। ਸੀਟ ਬੁੱਕ ਕਰਨ ਸਮੇ ਲੇਡੀ ਨੇ ਮੈਨੂੰ ਫਰਾਂਸ ਦੇ ਵੀਜ਼ੇ ਬਾਰੇ ਪੁੱਛਿਆ ਤਾਂ ਮੈ, “ਵੀਜ਼ੇ ਦੀ ਮੈਨੂੰ ਲੋੜ ਨਹੀ। “ਆਖ ਦਿਤਾ ਤੇ ਉਸ ਨੇ ਮੇਰੇ ਤੇ ਇਤਬਾਰ ਕਰਕੇ ਮੇਰੀ ਸੀਟ ਬੁੱਕ ਕਰ ਦਿਤੀ। ਪੈਰਿਸ ਹਵਾਈ ਅੱਡੇ ਤੇ ਜਾ ਕੇ ਜਦੋਂ ਉਹਨਾਂ ਨੇ ਮੈਨੂੰ ਵੀਜ਼ੇ ਬਿਨਾ ਬਾਹਰ ਨਾ ਨਿਕਲ਼ਨ ਦਿਤਾ ਤਾਂ ਸਮਝ ਆਈ ਕਿ ਮੈ, ਮੇਰੇ ਪਾਸ ਆਸਟ੍ਰੇਲੀਅਨ ਪਾਸਪੋਰਟ ਹੋਣ ਦੀ ਫੋਕੀ ਆਕੜ ਵਿਚ, ਗ਼ਲਤੀ ਕਰ ਲਈ ਹੈ। ਏਅਰ ਲਾਈਨ ਵਾਲੀ ਹੌਸਟੈਸ ਨੇ ਭੱਜ ਨੱਸ ਕਰਕੇ ਤੇ ਖਪ ਖਪਾ ਕੇ ਮੈਨੂੰ ਚੌਵੀ ਘੰਟੇ ਦਾ ਵੀਜ਼ਾ ਲਗਵਾ ਦਿਤਾ। ਇਸ ਸਾਰੇ ਖਲਜਣ ਵਿੱਚ ਨਿਰਉਸ਼ਾਹਤ ਹੋ ਜਾਣ ਅਤੇ ਅਧੀ ਰਾਤ ਹੋਣ ਕਰਕੇ, ਮੈ ਹਵਾਈ ਅੱਡੇ ਦੇ ਬੈਂਚਾਂ ਉਪਰ ਹੀ ਟੇਢਾ ਹੋ ਕੇ, ਰਹਿੰਦੀ ਰਾਤ ਗੁਜਾਰ ਲਈ ਤੇ ਅਗਲੇ ਦਿਨ ਜਰਮਨ ਦੀ ਏਅਰ ਲਾਈਨ ਲੁਫ਼ਥਾਂਸਾ ਤੇ ਬਹਿ ਕੇ ਫਰੈਂਕਫ਼ਰਟ ਜਾ ਉਤਰਿਆ।
ਫ਼ਰੈਂਕਫ਼ਰਟ ਹਵਾਈ ਅੱਡੇ ਤੋਂ ਪੁੱਛ ਪੁਛਾ ਕੇ ਮੈ ਗੁਰਦੁਆਰਾ ਸਾਹਿਬ ਜਾ ਪਹੁੰਚਿਆ। ੧੯੭੫ ਅਤੇ ੧੯੭੭ ਵਿੱਚ ਪਹਿਲਾਂ ਵੀ ਦੋ ਫੇਰੀਆਂ ਮੈ ਇਸ ਸ਼ਹਿਰ ਦੀਆਂ ਲਾ ਚੁੱਕਿਆ ਸਾਂ। ਓਦੋਂ ਜਰਮਨੀ ਵਿੱਚ ਕੋਈ ਗੁਰਦੁਆਰਾ ਤਾਂ ਕਿਤੇ ਰਿਹਾ ਕੋਈ ਪੱਕਾ ਰਹਿ ਰਿਹਾ ਸਿੱਖ ਵੀ ਨਹੀ ਸੀ ਮਿਲ਼ਿਆ। ਕੁਝ ਕੱਚੇ ਮੁੰਡੇ ਰਹਿੰਦੇ ਹੁੰਦੇ ਸਨ। ਮੈ ਦੋਵੇਂ ਵਾਰੀਂ ਉਹਨਾ ਪਾਸ ਕੁੱਝ ਦਿਨ ਠਹਿਰ ਕੇ ਅੱਗੇ ਨੂੰ ਤੁਰ ਪਿਆ ਕਰਦਾ ਸਾਂ। ਹੁਣ ਤਾਂ ਏਥੇ ਇੱਕ ਥਾਂ ਉਤੇ ਦੀਵਾਨ ਵੀ ਲੱਗਣ ਲੱਗ ਪਿਆ ਸੀ। ਇਸ ਸਮੇ ਓਥੇ ਭਾਈ ਤੁਫਾਨ ਸਿੰਘ ਸ਼ਹੀਦ ਜੀ ਦੀ ਯਾਦ ਵਿੱਚ ਅਖੰਡਪਾਠ ਰਖਿਆ ਹੋਇਆ ਸੀ। ਭੋਗ ਸਮੇ ਦੀਵਾਨ ਵਿੱਚ ਮੈ ਵੀ ਕੁੱਝ ਮਿੰਟ ਹਾਜਰੀ ਭਰੀ। ਭੋਗ ਤੋਂ ਪਹਿਲਾਂ ਛਨਿਛਰਵਾਰ ਵਾਲੇ ਦਿਨ ਇੱਕ ਤਿਆਰ ਬਰ ਤਿਆਰ ਜੋੜੇ ਦਾ ਅਨੰਦਕਾਰਜ ਸੀ। ਉਸ ਮੌਕੇ ਤੇ ਵਲੈਤੋਂ ਭਾਈ ਕੇਵਲ ਸਿੰਘ ਪਾਸਲਾ ਜੀ ਦਾ ਢਾਡੀ ਜਥਾ ਅਤੇ ਜਰਮਨੀ ਤੋਂ ਹੀ ਭਾਈ ਸਤਨਾਮ ਸਿੰਘ ਬੱਬਰ ਜੀ ਵੀ ਆਏ ਹੋਏ ਸਨ।
ਅਗਲਾ ਰੋਮ ਵਾਲ਼ਾ ਜਹਾਜ ਫੜਨ ਲਈ ਬੱਸ ਰਾਹੀਂ ਹਵਾਈ ਅੱਡੇ ਤੇ ਪਹੁੰਚਿਆ ਤਾਂ ਇੱਕ ਕਲੀਨ ਸੇਵਨ ਸਿੱਖ ਨੌਜਵਾਨ ਓਥੇ ਬੌਂਦਲਿਆ ਜਿਹਾ ਮਿਲ਼ਿਆ। ਉਸ ਨੇ ਆਪਣੀ ਵਿਥਿਆ ਇਉਂ ਸੁਣਾਈ। :
ਮੇਰੀ ਦਿੱਲੀ ਵਾਸਤੇ ਸੀਟ ਬੁੱੋਕ ਸੀ ਤੇ ਬੋਰਡਿੰਗ ਪਾਸ ਮੈਨੂੰ ਮਿਲ਼ ਗਿਆ ਸੀ ਤੇ ਮੇਰਾ ਸਾਮਾਨ ਵੀ ਅੰਦਰ ਚਲਿਆ ਗਿਆ ਸੀ। ਜਹਾਜ ਚੱਲਣ ਵਿੱਚ ਕੁੱਝ ਸਮਾ ਰਹਿੰਦਾ ਸੀ ਤੇ ਮੈ ਹਾਵਈ ਅੱਡੇ ਵਾਲ਼ੇਂ ਬੈਂਚ ਉਪਰ ਸੌਂ ਗਿਆ। ਮੇਰੇ ਸੁੱਤੇ ਹੀ ਜਹਾਜ ਦਾ ਸਮਾ ਹੋ ਗਿਆ ਤੇ ਉਹ ਮੈਨੂੰ ਕਿਤੇ ਵਾਜਾਂ ਮਾਰੀ ਗਏ ਪਰ ਮੈ ਸੁੱਤਾ ਹੀ ਰਿਹਾ। ਉਹਨਾਂ ਨੂੰ ਸ਼ੱਕ ਪੈ ਗਿਆ ਕਿ ਕਿਤੇ ਮੇਰੇ ਸਾਮਾਨ ਵਿੱਚ ਕੋਈ ਖ਼ਤਰਨਾਕ ਵਸਤੂ ਨਾ ਹੋਵੇ। ਇਸ ਲਈ ਉਹਨਾਂ ਨੇ ਜਹਾਜ ਦਾ ਸਾਰਾ ਸਾਮਾਨ ਬਾਹਰ ਕਢ ਕੇ, ਮੇਰਾ ਸਾਮਾਨ ਲਭ ਕੇ ਉਸ ਨੂੰ ਬਾਹਰ ਕਢ ਲਿਆ ਤੇ ਫਿਰ ਬਾਕੀ ਸਾਰਾ ਸਾਮਾਨ ਲੱਦ ਕੇ ਜਹਾਜ ਲੈ ਗਏ। ਮੈਨੂੰ ਜਦੋਂ ਜਾਗ ਆਈ ਤਾਂ ਮੈ ਏਧਰ ਓਧਰ ਭਜਿਆ। ਸਾਰੀ ਗੱਲ ਦਾ ਪਤਾ ਲੱਗਣ ਤੇ ਆਪਣਾ ਸਾਮਾਨ ਮੰਗਿਆ ਤੇ ਉਹਨਾਂ ਨੂੰ ਦਿੱਲੀ ਵਾਸਤੇ ਅਗਲੇ ਜਹਾਜ ਵਿੱਚ ਭੇਜਣ ਲਈ ਵੀ ਆਖਦਾ ਹਾਂ ਪਰ ਉਹ ਪੈਰਾਂ ਤੇ ਪਾਣੀ ਨਹੀ ਪੈਣ ਦਿੰਦੇ ਤੇ ਮੈਨੂੰ ਚਾਰੇ ਖੁਰ ਚੁੱਕ ਕੇ ਪੈਂਦੇ ਹਨ। ਹੁਣ ਮੇਰਾ ਸਾਮਾਨ ਨਹੀ ਦਿੰਦੇ। ਤੁਸੀਂ ਇਸ ਬਾਰੇ ਮੇਰੀ ਸਹਾਇਤਾ ਕਰੋ। “
ਇਹ ਵਿਥਿਆ ਸੁਣ ਕੇ ਮੈ ਉਸ ਦੇ ਨਾਲ਼ ਤੁਰ ਪਿਆ। ਸਾਡੀ ਆਮ ਸੋਚ ਤੋਂ ਉਲ਼ਟ, ਯੂਰਪੀ ਦੇਸਾਂ ਵਿੱਚ ਅੰਗ੍ਰੇਜ਼ੀ ਰਾਹੀਂ ਗੱਲ ਕਰਨੀ ਸੁਣਨੀ ਵੀ ਸੌਖਾ ਕਾਰਜ ਨਹੀ ਹੈ। ਉਹ ਲੋਕ ਅੰਗ੍ਰੇਜ਼ੀ ਨੂੰ ਪਸੰਦ ਨਹੀ ਕਰਦੇ ਤੇ ਇਸ ਨੂੰ ਬੋਲਣੋਂ ਵੀ ਗੁਰੇਜ਼ ਕਰਦੇ ਹਨ। ਜੇ ਬੋਲਣ ਵੀ ਤਾਂ ਸਾਡੇ ਲਈ ਸਮਝਣੀ ਸੌਖੀ ਨਹੀ ਹੁੰਦੀ। ਜਿਵੇਂ ਕਿਵੇਂ ਉਹਨਾਂ ਦੇ ਖਾਨੇ ਗੱਲ ਪਾਈ ਤੇ ਉਸ ਦਾ ਸਾਮਾਨ ਦਿਵਾ ਕੇ, ਅਗਲੇ ਜਹਾਜ ਵਿੱਚ ਉਸ ਦੀ ਸੀਟ ਰਖਵਾਈ ਤੇ ਉਸ ਦੇ ਪ੍ਰੇਰਨਾ ਕਰਨ ਕਰਕੇ, ਖ਼ੁਦ ਵੀ ਓਸੇ ਜਹਜ ਵਿਚ, ਰੋਮ ਦੀ ਬਜਾਇ, ਦਿੱਲੀ ਨੂੰ ਹੀ ਚੱਲ ਪਿਆ। ਭਾਵੇਂ ਸਾਮਾਨ ਦੇਣ ਤੋਂ ਪਹਿਲਾਂ ਉਹਨਾਂ ਨੇ ਉਸ ਦੀ ਤੇ ਉਸ ਦੇ ‘ਸਿਫ਼ਾਰਸ਼ੀ’ ਦੀ ਸਹਿੰਦੀ ਸਹਿੰਦੀ ਜਿਹੀ ‘ਲਾਹ ਪਾਹ’ ਵੀ ਕਰ ਦਿਤੀ। ਇਹ ਨੌਜਵਾਨ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਟਾਊਨ ਲੰਡਨ ਦਾ ਰਹਿਣ ਵਾਲ਼ਾ ਸੀ। ਉਸ ਦੇ ਸੁਝਾ ਮੁਤਾਬਿਕ ਅਸੀਂ ਦਿੱਲੀਉਂ ਲੁਧਿਆਣੇ ਤੱਕ ਰੇਲ ਵਿੱਚ ਜਾਣਾ ਸੀ ਪਰ ਮੇਰਾ ਤੋ ਮੋਢੇ ਵਾਲ਼ਾ ਬੈਗ ਹੀ ਸੀ ਜਿਸ ਬਾਰੇ ਬਹੁਤਾ ਚਿਰ ਨਾ ਲੱਗਾ। ਰਸਤੇ ਵਿੱਚ ਪਤਾ ਨਹੀ ਕਿਥੇ ਉਸ ਦੀ ਜ਼ਿੱਪ ਵੀ ਬੰਦ ਹੋਣੋ ਹਟ ਗਈ ਸੀ। ਮੈ ਫਿਰ ਪੈਂਟ ਦੀ ਪੇਟੀ ਕਢ ਕੇ ਉਸ ਦੇ ਦੁਆਲ਼ੇ ਵਲ਼੍ਹੇਟ ਲਈ ਹੋਈ ਸੀ। ਉਹ ਤਾਂ ਕਈ ਸਾਲਾਂ ਪਿੱਛੋਂ ਦੇਸ ਆ ਰਿਹਾ ਸੀ ਤੇ ਇਸ ਲਈ ਸਾਮਾਨ ਵੀ ਜਿੰਨਾ ਚੁੱਕ ਸਕਦਾ ਸੀ, ਉਸ ਨੇ ਚੁੱਕਿਆ ਹੋਇਆ ਸੀ। ਇਸ ਲਈ ਉਸ ਦੀ ਉਡੀਕ ਤਾਂ ਮੈ ਨਹੀ ਸਾਂ ਕਰ ਸਕਦਾ। ਨਾਲ਼ੇ ਹੁਣ ਉਸ ਨੂੰ ਬੋਲੀ ਬਾਰੇ ਕੋਈ ਦਿੱਕਤ ਵੀ ਨਹੀ ਸੀ। ਬਾਕੀ ਦੇਸ਼ ਦੀ ਅਫ਼ਸਰਸ਼ਾਹੀ ਨਾਲ਼ ਤਾਂ ਉਸ ਨੂੰ ਖ਼ੁਦ ਹੀ ਨਜਿਠਣਾ ਪੈਣਾ ਸੀ। ਉਸ ਵਿੱਚ ਮੇਰੀ ਸਹਾਇਤਾ ਕਿਸੇ ਕੰਮ ਨਹੀ ਸੀ ਆ ਸਕਦੀ। ਫਿਰ ਕੁੱਝ ਚਿਰ ਮੈ ਉਸ ਨੂੰ ਉਡੀਕਿਆ ਵੀ ਪਰ ਕਸਟਮ ਵਾਲੇ ਆਪਣੇ ਹੱਥ ਆਏ ‘ਸ਼ਿਕਾਰ’ ਏਨੀ ਛੇਤੀ ਕਿਵੇਂ ਛੱਡ ਦਿੰਦੇ!
ਜਹਾਜੋਂ ਉਤਰਦਿਆਂ ਹੀ ਇੱਕ ਸੁਕੇ ਜਿਹੇ ਮੋਨੇ ਇਮੀਗ੍ਰੇਸ਼ਨ ਅਫ਼ਸਰ ਨਾਲ਼ ਮੇਰਾ ਵਾਹ ਪਿਆ। ਉਸ ਨੇ ਇਕੋ ਹੀ ਸਵਾਲ ਕਰਕੇ ਮੇਰਾ ਤਰਾਹ ਕਢ ਦਿਤਾ। ਮੈ ਅੰਦਰ ਹੀ ਅੰਦਰ ਰੱਬ ਨੂੰ ਯਾਦ ਕਰਨਾ ਸ਼ੁਰੂ ਕਰ ਦਿਤਾ ਤੇ ਰੱਬ ਰੱਬ ਕਰਕੇ ਉਸ ਨੇ ਹੋਰ ਕੋਈ ਸਵਾਲ ਮੇਰੇ ਤੇ ਨਾ ਕੀਤਾ ਤੇ ਮੈ ਵੀ, “ਜਾਨ ਬਚੀ ਤੋ ਲਾਖੌਂ ਪਾਏ। “ਸੋਚ ਕੇ ਅੱਗੇ ਲੰਘ ਗਿਆ। ਮੇਰੇ ਕੋਲ਼ ਕਿਸੇ ਦੀ ਅਮਾਨਤ ਇੱਕ ਸੋਨੇ ਦਾ ਕੜਾ ਸੀ। ਕਸਟਮ ਵਾਲ਼ੇ ਸਪੱਸ਼ਟ ਹੀ ਉਸ ਤੋਂ ਹੋਣ ਵਾਲ਼ੇ ਨਫੇ ਵਿਚੋਂ ਹਿੱਸਾ ਮੰਗਣ ਪਰ ਮੇਰੇ ਅੜੀ ਫੜੀ ਰੱਖਣ ਕਰਕੇ ਉਹਨਾਂ ਨੇ ਕੋਈ ਵਾਹ ਨਾ ਚੱਲਦੀ ਵੇਖ ਕੇ, ਮੇਰੇ ਪਾਸਪੋਰਟ ਤੇ ਲਿਖ ਦਿਤਾ। ਇਸ ਸੰਖੇਪ ਕਾਰਵਾਈ ਪਿੱਛੋਂ ਮੈ ਬਾਹਰ ਆ ਗਿਆ। ਇੱਕ ਸਰਦਾਰ ਟੈਂਪੂ ਵਾਲ਼ੇ ਦੀਆਂ ਮੋਮੋਠਗਣੀਆਂ ਵਿੱਚ ਫਸ ਕੇ ਅੰਮ੍ਰਿਤਸਰ ਵਾਲ਼ੀ ਬੱਸ ਤੋਂ ਪਛੜ ਗਿਆ। ਜਿਵੇਂ ਕਿਵੇਂ ਦਿੱਲੀ ਦੇ ਬੱਸ ਅੱਡੇ ਤੇ ਪਹੁੰਚ ਕੇ ਲੁਧਿਆਣੇ ਵਾਲ਼ੀ ਬੱਸ ਫੜ ਲਈ। ਲੁਧਿਆਣੇ ਦੇ ਰੇਲਵੇ ਸਟੇਸ਼ਨ ਦੇ ਨੇੜਲੀ ਲਾਲ ਬੱਤੀ ਤੇ ਜਦੋਂ ਬੱਸ ਰੁਕੀ ਤਾਂ ਕਿਸੇ ਦੇ ਮੂੰਹੋਂ ਨਿਕਲ਼ਿਆ, “ਅਹੁ ਅੰਮ੍ਰਿਤਸਰ ਵਾਲ਼ੀ ਗੱਡੀ ਪਲੇਟਫਾਰਮ ਤੇ ਖੜ੍ਹੀ ਆ। “ਮੈ ਆ ਵੇਖਿਆ ਨਾ ਤਾ। ਬੱਸ ਦੀ ਬਾਰੀ ਖੋਹਲ ਕੇ ਬਾਹਰ ਛਾਲ਼ ਮਾਰੀ ਤੇ ਭੱਜ ਕੇ ਟਿਕਟਾਂ ਵਾਲ਼ੀ ਬਾਰੀ ਮੂਹਰੇ ਜਾ ਖਲੋਤਾ, ਬਾਬੂ ਤੋਂ ਅੰਮ੍ਰਿਤਸਰ ਦੀ ਟਿਕਟ ਮੰਗ ਰਿਹਾ ਸਾਂ। ਸੌ ਦਾ ਨੋਟ ਬਾਬੂ ਨੂੰ ਫੜਾਇਆ; ੩੯ ਰੁਪਏ ਦੀ ਟਿਕਟ ਸੀ। ਬਾਕੀ ਪੈਸੇ ਬਿਨਾ ਗਿਣਿਆ ਫੜ ਕੇ ਪਉੜੀਆਂ ਚੜ੍ਹ ਕੇ ਗੱਡੀ ਵਿੱਚ ਜਾ ਬੈਠਾ। ਜਦੋਂ ਕੁੱਝ ਸਾਹ ਆਇਆ ਤਾਂ ਵੇਖਿਆ ਕਿ ਖਿੜਕੀ ਤੋਂ ਭਾਨ ਚੁੱਕ ਕੇ ਮੈ ਭੱਜ ਤੁਰਿਆ ਸਾਂ ਤੇ ਟਿਕਟ ਤਾਂ ਓਥੇ ਹੀ ਛੱਡ ਆਇਆਂ। ਮੈ ਬਥੇਰੇ ਪਲੇਟ ਫਾਰਮ ਉਪਰ, ਅੱਗਿਉਂ ਪਿੱਛੇ ਤੇ ਪਿੱਛਿਉਂ ਅੱਗੇ ਚੱਕਰ ਕੱਟੇ ਤਾਂ ਕਿ ਮੈਨੂੰ ਟੀਟੀ ਜਾਂ ਡਰਾਈਵਰ, ਕੋਈ ਵੀ ਕਰਮਚਾਰੀ ਮਿਲ਼ ਜਾਵੇ ਤਾਂ ਮੈ ਉਸ ਨੂੰ ਦੱਸ ਦਿਆਂ ਪਰ ਮੈਨੂੰ ਕੋਈ ਵੀ ਬਾਬੂ ਦਿਖਾਈ ਨਾ ਦਿਤਾ ਤੇ ਵਾਪਸ ਖਿੜਕੀ ਤੱਕ ਜਾਣ ਦਾ ਮੈ ਇਸ ਲਈ ਹੌਸਲਾ ਨਾ ਕੀਤਾ ਕਿ ਪਿੱਛੋਂ ਕਿਤੇ ‘ਭੂਤਨੀ’ ਨਾ ਭੱਜ ਜਾਵੇ! ਇਸ ਹਾਲਤ ਵਿੱਚ ਬਿਨਾ ਟਿਕਟ ਹੀ ਅੰਮ੍ਰਿਤਸਰ ਜ਼ਾ ਉਤਰਿਆ। ਟਿਕਟਾਂ ਫੜਨ ਵਾਲੇ ਨੂੰ ਮੈ ਸਾਰੀ ਗੱਲ ਦੱਸ ਦਿਤੀ ਤੇ ਉਸ ਨੇ ਜਿਦ ਕਰਕੇ ਮੇਰੇ ਪਾਸੋਂ ਚਾਲ਼ੀ ਰੁਪਏ ਲੈ ਲਏ। ਮੈ ਰਸੀਦ ਮੰਗੀ ਤਾਂ ਅੱਗੋਂ ‘ਹੀਂ ਹੀਂ’ ਕਰ ਦਿਤਾ।
ਰਿਕਸ਼ਾ ਫੜ ਕੇ ਮੈ ਘਰ ਵੱਲ ਨੂੰ ਚਾਲੇ ਪਾ ਦਿਤੇ। ਜਦੋਂ ਉਚਾ ਪੁਲ ਆਇਆ ਤਾਂ ਮੈ ਸਦਾ ਵਾਂਗ ਰਿਕਸੇ ਤੋਂ ਉਤਰ ਗਿਆ ਤਾਂ ਕਿ ਪੁਲ਼ ਦੀ ਚੜ੍ਹਾਈ ਸਮੇ ਰਿਕਸ਼ੇ ਵਾਲੇ ਨੂੰ ਲੋੜੋਂ ਵਧ ਜੋਰ ਨਾ ਲਾਉਣਾ ਪਵੇ। ਅਸੀਂ ਪੁਲ਼ ਦੀ ਚੜ੍ਹਾਈ ਤੇ ਤੁਰੇ ਜਾ ਹੀ ਰਹੇ ਸਾਂ ਕਿ ਉਪਰ ਵਲੋਂ ਬਹੁਤ ਹੀ ਤੇਜ ਚਾਲ ਨਾਲ਼ ਦੋ ਫੌਜੀ ਗੱਡੀਆਂ ਭੱਜੀਆਂ ਆ ਰਹੀਆਂ ਦਿਸੀਆਂ। ਉਹ ਵਾਹੋ ਦਾਹੀ ਖਾਲਸਾ ਕਾਲਜ ਵਾਲ਼ੇ ਪਾਸੇ ਨੂੰ, ਜਿਧਰੋਂ ਅਸੀਂ ਚੜ੍ਹ ਰਹੇ ਸਾਂ, ਪੂਰੀ ਤੇਜ ਰਫ਼ਤਾਰ ਨਾਲ਼ ਜਾ ਰਹੀਆਂ ਸਨ। ਜੋਰ ਜੋਰ ਦੀ ਉਹਨਾਂ ਦੇ ਸਾਇਰਨ ਵੱਜ ਰਹੇ ਸਨ ਤੇ ਉਹਨਾਂ ਦੇ ਮੱਥਿਆਂ ਤੇ ਲਾਲ ਬੱਤੀਆਂ ਜਗ ਰਹੀਆਂ ਸਨ। ਉਹਨਾਂ ਉਪਰ ਵੱਡੇ ਆਕਾਰ ਦੀਆਂ ਤੋਪਾਂ ਜਿਹੀਆਂ ਵੀ ਬੀੜੀਆਂ ਹੋਈਆਂ ਸਨ। ਮੈ ਰਿਕਸ਼ੇ ਵਾਲੇ ਨੂੰ ਪੁਛਿਆ, “ਇਹਨਾਂ ਨੂੰ ਕਿਧਰ ਭਾਜੜਾਂ ਪਈਆਂ ਹੋਈਆਂ ਨੇ?” ਉਸ ਨੇ ਦੱਸਿਆ, “ਹੁਣੇ ਹੀ ਸ਼ਿਵਾਲਾ ਭਾਈਆਂ ਵਿੱਚ ਦੋ ਬੰਬ ਚਲੇ ਹਨ ਤੇ ਇਹ ਸ਼ਾਇਦ ਓਧਰ ਨੂੰ ਭਜੇ ਜਾ ਰਹੇ ਹਨ। “ਅਧੀ ਰਾਤ ਸਦਾ ਸਮਾ ਸੀ। ਮੈ ਹਾਸੇ ਦੇ ਰਉਂ ਵਿੱਚ ਰਿਕਸੇ ਵਾਲੇ ਨੂੰ ਆਖਿਆ, “ਹੱਛਾ, ਇਹਨਾਂ ਨੇ ਮੇਰੇ ਆਉਣ ਤੇ ਸਿਰਫ ਦੋ ਫਾਇਰ ਹੀ ਕੀਤੇ ਨੇ! ਬਾਕੀ ਦੇ ੧੯ ਬਚਾ ਹੀ ਲਏ!” ਉਹ ਵਿਚਾਰਾ ਹੈਰਾਨੀ ਨਾਲ਼ ਮੇਰੇ ਮੂੰਹ ਵੱਲ ਵੇਖਣ ਲੱਗ ਪਿਆ ਗਿਆ। ਪੰਜਾਬ ਵਿਚਲੀ ਉਸ ਸਮੇ ਵਰ੍ਹ ਰਹੀ ਅੱਗ ਦਾ ਸੇਕ ਅਜੇ ਅਮਲੀ ਤੌਰ ਤੇ ਮੈਨੂੰ ਮਹਿਸੂਸ ਨਹੀ ਸੀ ਹੋਇਆ। ਠੀਕ ਹੈ; ਜਦੋਂ ਤੱਕ ਸਾਨੂੰ ਖ਼ਤਰੇ ਦਾ ਪਤਾ ਹੀ ਨਹੀ ਤਾਂ ਡਰ ਕਾਹਦਾ ਲੱਗਣਾ ਹੋਇਆ! । ਪਿਛਲੇ ਹਫ਼ਤੇ ਨੇੜੇ ਹੀ ਬਣ ਰਹੇ, ਬਾਬਾ ਅਮਰ ਸਿੰਘ ਜੀ ਦੇ ਠਾਠ ਦੀ ਬਣ ਰਹੀ ਨਵੀ ਇਮਾਰਤ ਨੂੰ ਕਿਸੇ ਨੇ ਰਾਤ ਨੂੰ ਅੱਗ ਲਾ ਦਿਤੀ। ਮੈਨੂੰ ਇੱਕ ਸੁਹਿਰਦ ਸੱਜਣ ਨੇ ਮੇਰੇ ਡਰਨ ਬਾਰੇ ਪੁੱਛਿਆ ਤਾਂ ਉਸ ਨੂੰ ਇਉਂ ਜਵਾਬ ਦਿਤਾ, “ਜਦੌ ਮੈਨੂੰ ਪਤਾ ਹੀ ਨਹੀ ਕਿ ਡਰ ਵਾਲੀ ਕੋਈ ਗੱਲ ਹੈ ਤਾਂ ਡਰ ਕਿਵੇਂ ਲੱਗੂ! ਡਰ ਤਾਂ ਤਾਂ ਹੀ ਲੱਗਦਾ ਜੇ ਮੈਨੂੰ ਡਰ ਲੱਗਣ ਦੇ ਕਾਰਨ ਦਾ ਪਤਾ ਲੱਗਦਾ!” ਇਸ ਪ੍ਰਥਾਇ ਭਗਤ ਕਬੀਰ ਜੀ ਵੀ ਤਾਂ ਇਸ ਪ੍ਰਕਾਰ ਫੁਰਮਾਉਂਦੇ ਨੇ:
ਜਿਨਹੂ ਕਿਛੂ ਜਾਨਿਉ ਨਹੀ ਤਿਨ ਸੁਖ ਨੀਦ ਬਿਹਾਇ॥
ਹਮਹੁ ਜੋ ਬੁਝਾ ਬੂਝਨਾ ਪੂਰੀ ਪਰੀ ਬਲਾਇ॥
ਅੰਗ੍ਰੇਜ਼ੀ ਵਾਲ਼ੇ ਵੀ ਆਖਦੇ ਨੇ:
Ignorance is blessing.
੨੯ ਅਪ੍ਰੈਲ ਦੀ ਅਧੀ ਰਾਤ ਨੂੰ, ਸ੍ਰੀ ਗੁਰੂ ਰਾਮ ਦਾਸ ਸਕੂਲ਼ ਦੇ ਨੇੜੇ, ਘਰ ਦਾ ਬੂਹਾ ਜਾ ਖੜਕਾਇਆ। ਕੋਈ ਬੂਹਾ ਖੋਹਲਣ ਲਈ ਉਠੇ ਹੀ ਨਾ। ਰੱਬ ਰੱਬ ਕਰਕੇ ਭਰਾ ਨੇ ਉਠ ਕੇ ਡਰਦੇ ਡਰਦੇ ਨੇ ਬੂਹਾ ਖੋਹਲਿਆ ਤੇ ਮੈਨੂੰ ਅੰਦਰ ਲੰਘਾਇਆ। ਪਰਵਾਰ ਦੇ ਜੀਆਂ ਵਿਚ, ਸਾਢੇ ਚਾਰ ਸਾਲ ਪਿੱਛੋਂ ਪਰਦੇਸੋਂ ਆਏ ਕਿਸੇ ਜੀ ਦੇ ਆਉਣ ਤੇ ਜਿਵੇਂ ਉਤਸ਼ਾਹ ਹੋਣ ਦੀ ਮੈਨੂੰ ਆਸ ਸੀ, ਉਹ ਕਿਸੇ ਦੇ ਚੇਹਰੋਂ ਤੋਂ ਨਾ ਦਿਸਿਆ।
ਭੈਣ ਦੇ ਘਰ ਪਿੰਡ ਫੇਰੂਮਾਨ ਵਿੱਚ ਬੀਬੀ ਜੀ ਨੂੰ ਮਿਲ਼ਨ ਤਾਂ ਮੈ ਅਗਲੇ ਦਿਨ ਹੀ ਚਲਿਆ ਗਿਆ ਸਾਂ। ਜਦੋਂ ਮੈ ਬੀਬੀ ਜੀ ਨੂੰ ਆਪਣੀ ਦੁਨੀਆ ਦੇ ਦੁਆਲੇ ਭੁਆਂਟਣੀ ਵਾਲ਼ੀ ਗੱਲ ਦੱਸੀ ਤਾਂ ਉਸ ਨੇ ਫਿਰ ਮੇਰੇ ਬਚਪਨ ਸਮੇ, ਆਪਣੇ ਪਿੰਡ ਉਦੋਕੇ ਦੇ ਗ੍ਰੰਥੀ ਸਿੰਘ ਦੀ ਭਵਿਖਬਾਣੀ ਦੀ ਗੱਲ ਦੱਸੀ। ਬੀਬੀ ਜੀ ਨੇ ਦੱਸਿਆ ਕਿ ਸਦਾ ਦੀ ਤਰ੍ਹਾਂ ਸ਼ਾਮ ਨੂੰ ਰੋਟੀਆਂ ਉਗ੍ਰਾਹੁਣ ਆਏ ਗ੍ਰੰਥੀ ਸਿੰਘ ਜੀ ਨੇ ਮੈਨੂੰ ਨਿੱਕੇ ਜਿਹੇ ਨੂੰ ਮੰਜੇ ਉਪਰ ਸੁੱਤੇ ਪਏ ਨੂੰ ਵੇਖ ਕੇ ਆਖਿਆ ਸੀ ਕਿ ਇਸ ਬੱਚੇ ਨੇ ਤਾਂ ਹਵਾਈ ਜਹਜਾਂ ਵਿੱਚ ਦੇਸਾਂ ਪਰਦੇਸਾਂ ਦੀਆਂ ਸੈਰਾਂ ਕਰਨੀਆਂ ਹਨ!
ਇਕ ਦਿਨ ਦੀਆਂ ਅਖ਼ਬਾਰਾਂ ਦੀ ਵੱਡੀ ਖ਼ਬਰ, ਅੰਮ੍ਰਿਤਸਰੋਂ ਦਿੱਲੀ ਨੂੰ ਜਾਣ ਵਾਲੀ ਗੱਡੀ ਵਿੱਚ ਬੰਬ ਚੱਲ ਜਾਣ ਦੀ ਸੀ। ਕੁੱਝ ਦਿਨਾਂ ਪਿੱਛੋਂ ਬੱਸ ਅੱਡੇ ਵਿੱਚ ਖਤ੍ਹੀ ਬੱਸ ਵਿੱਚ ਬੰਬ ਚੱਲ ਗਿਆ ਤੇ ਤਿੰਨ ਬੱਸਾਂ ਉਡ ਗਈਆਂ ਦੀ ਖ਼ਬਰ, ਅਖ਼ਬਾਰਾਂ ਦੇ ਪਹਿਲੇ ਸਫ਼ੇ ਦਾ ਸ਼ਿੰਗਾਰ ਬਣੀ।। ਫਿਰ ਅਫ਼ਵਾਹ ਉਡੀ ਕਿ ਦਿੱਲੀ ਨੂੰ ਜਾਣ ਵਾਲੀ ਗੱਡੀ ਵਿੱਚ ਬੰਬ ਹੈ। ਲੋਕਾਂ ਵਿੱਚ ਭੱਜ ਦੌੜ ਮਚਣ ਨਾਲ਼ ਕੁੱਝ ਸਵਾਰੀਆਂ ਨੂੰ ਸੱਟਾਂ ਲੱਗ ਗਈਆਂ। ਇਹੋ ਜਿਹੀਆਂ ਨਿਤ ਦਿਹਾੜੇ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਨਾਲ ਅਖ਼ਬਾਰ ਭਰੇ ਹੋਏ ਹੁੰਦੇ ਸਨ। ਇੱਕ ਖ਼ਬਰ ਨੇ ਤਾਂ ਚੰਗਾ ਹੀ ਰੰਗ ਬੰਨ੍ਹਿਆ। ਉਹ ਇਹ ਸੀ ਕਿ ਚੰਡੀਗੜ੍ਹੋਂ ਅੰਮ੍ਰਿਤਸਰ ਨੂੰ ਆ ਰਹੀ ਕਾਰ ਨੂੰ, ਰਈਆ ਲੰਘਣ ਪਿੱਛੋਂ, ਅੰਮ੍ਰਿਤਸਰ ਵੱਲੋਂ ਜਾ ਰਹੇ ਟਰੱਕ ਨੇ ਟੱਕਰ ਮਾਰੀ ਤੇ ਕਾਰ ਉਲ਼ਟਾ ਕੇ ਨੀਵੇਂ ਥਾਂ ਨੂੰ ਰੇਹੜ ਦਿਤੀ। ਉਸ ਕਾਰ ਵਿੱਚ ਜਿਲੇ ਦਾ ਐਸ. ਪੀ. ਸਵਾਰ ਸੀ। ਇਹ ਐਸ. ਪੀ.’ਓਪ੍ਰੇਸ਼ਨ’ ਵਾਲ਼ੀ ਟੀਮ ਦਾ ਇੰਚਾਰਜ ਸੀ। ਲੋਕਾਂ ਵਿੱਚ ਵਿਚਾਰ ਸੀ ਕਿ ਓਪ੍ਰੇਸ਼ਨ ਵਾਲੀ ਪੁਲਸ ਦਾ ਕੰਮ, ਝੂਠੇ ਮੁਕਾਬਲੇ ਬਣਾ ਕੇ ਅਣਚਾਹੇ ਵਿਅਕਤੀਆਂ ਦਾ ਖਾਤਮਾ ਕਰਨਾ ਹੁੰਦਾ ਸੀ। ਅਜਿਹੀ ਟੁਕੜੀ ਦੇ ਇਨਚਾਰਜ ਖਾਸ ਕਰਕੇ ਸਿੱਖ ਵਿਰੋਧੀ ਅਫ਼ਸਰ ਹੀ ਲਾਏ ਜਾਂਦੇ ਸਨ। ਟਰੱਕ ਵਿਚੋਂ ਉਤਰ ਕੇ ਵਿਅਕਤੀਆਂ ਨੇ ਚੰਗੀ ਤਰ੍ਹਾਂ ਵੇਖ ਕੇ ਤਸੱਲੀ ਕੀਤੀ ਕਿ ਵਾਕਿਆ ਹੀ ਐਸ. ਪੀ. ਮਰ ਗਿਆ ਹੈ, ਤਾਂ ਫੇਰ ਹੀ ਟਰੱਕ ਅੱਗੇ ਨੂੰ ਤੋਰ ਕੇ ਗਏ। ਹੋਰ ਕਿਸੇ ਸਵਾਰੀ ਨੂੰ ਕੁੱਝ ਨਹੀ ਆਖਿਆ। ਹਾਂ, ਇਸ ਉਧੇੜ ਬੁਣ ਵਿੱਚ ਦੂਜੀਆਂ ਸਵਾਰੀਆਂ ਨੂੰ ਕੁੱਝ ਸੱਟਾਂ ਦਾ ਲੱਗ ਜਾਣਾ ਤਾਂ ਸੁਭਾਵਕ ਹੀ ਸੀ।
ਪੰਜਾਬ ਦੇ ਅਜਿਹੇ ਹਾਲਾਤ ਵਿੱਚ ਮੈ ਤਿੰਨ ਹਫ਼ਤੇ ਰਿਹਾ। ਜਿਸ ਵੀ ਰਿਸ਼ਤੇਦਾਰ ਪਾਸ ਜਾਵਾਂ ਉਹ ਕੁੱਝ ਦੱਬਿਆ ਘੁੱਟਿਆ ਜਿਹਾ ਹੀ ਮਿਲ਼ੇ। ਪਹਿਲਾਂ ਵਾਂਗ ਖੁਲ੍ਹ ਕੇ ਕੋਈ ਵਰਤਾ ਨਾ ਕਰੇ। ਮੈਨੂੰ ਇਸ ਤਰ੍ਹਾਂ ਦੇ ਵਰਤਾਰੇ ਦੀ ਕੁੱਝ ਸਮਝ ਨਾ ਲੱਗੇ ਕਿ ਕਿਉਂ ਅਜਿਹਾ ਕੁੱਝ ਪੰਜਾਬ ਵਿੱਚ ਵਾਪਰ ਰਿਹਾ ਹੈ!
ਦੋਹਾਂ ਦੇਸ਼ਾਂ ਵਿੱਚ ਵੀ ਤਣਾਉ ਪੂਰੇ ਜੋਬਨ ਤੇ ਸੀ। ਮੇਰੇ ਵਿਚਾਰ ਵਿੱਚ ਆਈ ਕਿ ਜੇ ਕਿਤੇ ਸਰਹੱਦ ਉਪਰ ‘ਠੂਹ ਠਾਹ’ ਹੋ ਗਈ ਤਾਂ ਦਿੱਲੀ ਨੂੰ ਜਾਣ ਵਾਲ਼ੀਆਂ ਸੜਕਾਂ ਉਪਰ ਪੁਲਸ ਨੇ ਲੋਕਾਂ ਦੀ ਪੜਤਾਲ ਕਰਨੀ ਸ਼ੁਰੂ ਕਰ ਦੇਣੀ ਹੈ ਤੇ ਮੇਰੇ ਦਿੱਨੀ ਨੂੰ ਜਾਣ ਸਮੇ, ਮੇਰਾ ਪਾਸਪੋਰਟ ਵੇਖ ਕੇ ਮੇਰੀ ‘ਮਹਿਮਾਨ ਨਿਵਾਜ਼ੀ’ ਕਰਨ ਦਾ ਉਹਨਾਂ ਨੂੰ ਬਹਾਨਾ ਮਿਲ਼ ਜਾਣਾ ਹੈ। ਇਸ ਲਈ ਜਿੰਨੀ ਵੀ ਛੇਤੀ ਹੋ ਸਕੇ ਅੰਮ੍ਰਿਤਸਰੋਂ ਨਿਕਲ਼ ਜਾਣਾ ਚਾਹੀਦਾ ਹੈ। ਇਸ ਕਾਹਲ਼ ਵਿੱਚ ਉਸ ਸਮੇ ਫੇਰੂਮਾਨ ਪਿੰਡ ਵਿੱਚ ਬੀਬੀ ਜੀ ਨੂੰ ਵੀ ਦੋਬਾਰਾ ਮਿਲ਼ਨ ਦਾ ਹੌਸਲਾ ਨਾ ਕਰ ਸਕਿਆ। ਇਸ ਫੇਰੀ ਦੌਰਾਨ ਮੇਰਾ ਬੀਬੀ ਜੀ ਨਾਲ਼ ਆਖਰੀ ਮੇਲਾ ਹੀ ਹੋਇਆ ਤੇ ਇਸ ਤੋਂ ਪਿੱਛੋਂ ਉਹ ਪਰਲੋਕ ਸਿਧਾਰ ਗਏ। ਮੈ ਉਹਨਾਂ ਦੇ ਸਸਕਾਰ ਤੇ ਵੀ ਨਾ ਜਾ ਸਕਿਆ।
ਮੈ ਸ਼ੁੱਕਰਵਾਰ ਸਵੇਰ ਦੀ ਗੱਡੀ ਰਾਹੀਂ ਦਿੱਲੀ ਜਾਣ ਦਾ ਮਨ ਬਣਾ ਲਿਆ। ਮੇਰਾ ਮਿੱਤਰ ਸ. ਕੁਲਜੀਤ ਸਿੰਘ ਆਖੇ ਕਿ ਜੇ ਮੈ ਸ਼ਾਮ ਦੀ ਗੱਡੀ ਜਾਵਾਂ ਤਾਂ ਉੇਹ ਦਿੱਲੀ ਤੱਕ ਜਹਾਜੇ ਚੜ੍ਹਾਉਣ ਲਈ ਮੇਰੇ ਨਾਲ਼ ਜਾ ਸਕਦਾ ਹੈ। ਦਿੱਲੀ ਵਿੱਚ ਮੇਰੇ ਸਾਹਮਣੇ ਆੳਾੁਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਵੀ, ਆਪਣੇ ਰਸੂਖ਼ ਨਾਲ਼, ਸਹਾਈ ਹੋ ਸਕਦਾ ਹੈ ਪਰ ਮੈ ਉਸ ਨੂੰ ਆਖਿਆ ਕਿ ਮਜਬੂਰੀ ਬਿਨਾ ਮੈ ਤਾਂ ਇੱਕ ਘੰਟਾ ਵੀ ਅੰਮ੍ਰਿਤਸਰ ਵਿੱਚ ਨਹੀ ਰੁਕਣਾ। ਮੇਰੇ ਇਹ ਪੁੱਛਣ ਤੇ ਕਿ ਸ਼ਾਮ ਦੀ ਬਜਾਇ ਉਹ ਮੇਰੇ ਨਾਲ ਸਵੇਰ ਦੀ ਗੱਡੀ ਕਿਉਂ ਨਹੀ ਜਾਂਦਾ ਤਾਂ ਉਸ ਨੇ ਦੱਸਿਆ ਕਿ ਸਰਕਾਰੀ ਨੌਕਰਾਂ ਦੀਆਂ ਬਦਲੀਆਂ ਦਾ ਮੌਸਮ ਹੈ ਤੇ ਕਿਸੇ ਖਾਸ ਕਾਰਨ ਕਰਕੇ ਉਸ ਦਾ ਦਫ਼ਤਰ ਵਿੱਚ ਹਾਜਰ ਰਹਿਣਾ ਜਰੂਰੀ ਹੈ। ਸਵੇਰ ਦੀ ਗੱਡੀ ਤੇ ਬਹਿ ਕੇ ਦੁਪਹਿਰ ਤੱਕ ਗੁਰਦੁਆਰਾ ਸ੍ਰੀ ਰਕਾਬ ਗੰਜ ਦੇ ਵਿਦਿਆਲੇ ਵਿਚ, ਪ੍ਰਿੰ. ਦਿਆਲ ਸਿੰਘ ਜੀ ਪਾਸ ਜਾ ਡੇਰਾ ਲਾਇਆ। ਰਾਤ ਓਥੇ ਕੱਟੀ ਤੇ ਸਵੇਰੇ ਹੀ ਹਵਾਈ ਅੱਡੇ ਨੂੰ ਬੱਸ ਰਾਹੀਂ ਚੱਲ ਪਿਆ। ਜਹਾਜ ਤਾਂ ਭਾਵੇਂ ਮੇਰੇ ਵਾਲ਼ਾ ਲੌਢੇ ਵੇਲੇ ਨੂੰ ਹੀ ਉਡਣਾ ਸੀ ਪਰ ਮੈ ਛੇਤੀ ਹੀ ਅੱਡੇ ਉਤੇ ਪਹੁੰਚ ਕੇ ਬੇ ਫਿਕਰ ਹੋ ਜਾਣਾ ਚਾਹੁੰਦਾ ਸਾਂ। ਹਵਾਈ ਅੱਡੇ ਦੇ ਆਰਾਮ ਨਾਲ ਮੈ ਨਿਬੇੜਨ ਯੋਗ ਕੰਮ ਨਿਬੇੜੇ ਕਿਉਂਕਿ ਮੇਰੇ ਪਾਸ ਸਮਾ ਖਾਸਾ ਹੋਣ ਕਰਕੇ ਕਾਹਲ਼ੀ ਕੋਈ ਨਹੀ ਸੀ। ਥਾਂ ਥਾਂ ਕਰਮਚਾਰੀਆਂ ਦੇ ਆਕੜ ਭਰੇ ਵਤੀਰੇ ਨੂੰ ਵੀ ਲੋੜੀਂਦੇ ਤਹੱਮਲ ਨਾਲ ਸਹਾਰਿਆ।
ਅਖੀਰ ਵਿੱਚ ਸਾਰੇ ਕੰਮ ਮੁਕਾ ਕੇ ਇਮੀਗ੍ਰੇਸ਼ਨ ਦੀ ਕਤਾਰ ਵਿੱਚ ਲੱਗ ਖਲੋਤਾ। ਮੇਰੇ ਅੱਗੇ, ਏਜੰਟਾਂ ਵੱਲੋਂ ਬਾਹਰ ਲਿਜਾਏ ਜਾਣ ਵਾਲੇ ਜਵਾਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਦੂਜੀਆਂ ਕਤਾਰਾਂ ਦਾ ਤਾਂ ਮੈਨੂੰ ਪਤਾ ਨਹੀ ਪਰ ਮੇਰੇ ਵਾਲੀ ਵਿੱਚ ਜੇਹੜਾ ਮੁੰਡਾ ਅਫ਼ਸਰ ਨੂੰ ਪਾਸਪੋਰਟ ਫੜਾਉਂਦਾ ਸੀ। ਉਹ ਅਫ਼ਸ਼ਰ ਪਹਿਲਾਂ ਪਹਿਰੇ ਵਾਲ਼ੇ ਸਿਪਾਹੀ ਨਾਲ਼ ਅੱਖ ਮਿਲ਼ਾ ਕੇ, ਫੇਰ ਪਾਸਪੋਰਟ ਤੇ ਮੋਹਰ ਲਾਉਂਦਾ ਸੀ। ਕਾਰਨ ਇਹ ਸੀ ਜੇਹੜਾ ਮੁੰਡਾ ਉਸ ਸਿਪਾਹੀ ਦੀ ਮੁੱਠ ਵਿੱਚ ਕੁੱਝ ਫੜਾ ਦਿੰਦਾ ਸੀ ਉਸ ਦੇ ਪਾਸਪੋਰਟ ਉਪਰ ਮੋਹਰ ਲਗ ਜਾਂਦੀ ਸੀ ਤੇ ਉਹ ਅੱਗੇ ਤੁਰ ਜਾਂਦਾ ਸੀ ਤੇ ਦੂਜਾ ਅੱਗੇ ਆ ਜਾਂਦਾ ਸੀ। ਇਸ ਤਰ੍ਹਾਂ ਸਮੇ ਸਿਰ ਹੀ ਮੇਰੇ ਤੋਂ ਅਗਲੇ ਜਵਾਨ ਸਾਰੇ ਵਾਰੀ ਵਾਰੀ ਭੁਗਤ ਗਏ; ਮੇਰੇ ਤੋਂ ਅਗਲੇ ਇੱਕ ਨੂੰ ਛੱਡ ਕੇ। ਉਹ ਸਿਪਾਹੀ ਨੂੰ ਪੈਸੇ ਨਾ ਫੜਾਏ ਤੇ ਅਫ਼ਸਰ ਕਦੀ ਉਸ ਦੀ ਪੱਗ ਲੁਹਾ ਕੇ ਫ਼ੋਟੋ ਨਾਲ਼ ਮੇਲੇ ਤੇ ਕਦੀ ਸਿਰ ਉਪਰ ਉਸ ਦੀ ਪੱਗ ਰਖਵਾ ਕੇ ਵੇਖੇ। ਇਸ ਤਰ੍ਹਾਂ ਵਾਹਵਾ ਚਿਰ ਉਹ ਮੁੰਡੇ ਦੀ ਪਰੇਡ ਕਰਵਾੁੳਂਦਾ ਰਿਹਾ। ਉਹ ਮੁੰਡਾ ਵੀ ਸਾਇਦ ਜਾਣ ਬੁਝ ਕੇ ਘੇਸਲ ਵੱਟ ਕੇ ਅਣਜਾਣ ਬਣਿਆ ਹੋਇਆ ਸੀ। ਉਹ ਸਿਪਾਹੀ ਦੀ ਮੁਠ ਵਿੱਚ ਕੁੱਝ ਫਸਾਏ ਨਾ ਤੇ ਅਫ਼ਸਰ ਉਸ ਦੇ ਪਾਸਪੋਰਟ ਤੇ ਮੋਹਰ ਲਾਏ ਨਾ। ਬੜਾ ਹੀ ਚਿਰ ਇਹ ਦੋਵੱਲੀ ਚਤਰਾਈ ਦੀ ਖੇਡ ਚੱਲਦੀ ਰਹੀ। ਫਿਰ ਪਤਾ ਨਹੀ ਕਿ ਕੀ ਹੋਇਆ। ਉਸ ਦੇ ਪਾਸਪੋਰਟ ਤੇ ਮੋਹਰ ਲਾ ਕੇ, ਅਫ਼ਸਰ ਸੀਟ ਛੱਡ ਕੇ ਉਠ ਗਿਆ। ਅਗਲੀ ਵਾਰੀ ਮੇਰੀ ਸੀ। ਮੈ ਅਫ਼ਸਰ ਚਲਿਆ ਗਿਆ ਵੇਖ ਕੇ ਦੂਜੀ ਕਤਾਰ ਵਿੱਚ ਜਾ ਖਲੋਤਾ। ਆਪਣੀ ਵਾਰੀ ਸਿਰ ਜਦੋਂ ਮੈ ਅਫ਼ਸਰ ਦੇ ਅੱਗੇ ਆਪਣਾ ਪਾਸਪੋਰਟ ਰੱਖਿਆ ਤਾਂ ਉਹ ਆਕੜ ਭਰੇ ਲਹਿਜੇ ਵਿੱਚ ਬੋਲਿਆ, “ਤੁਮ ਉਸ ਲਾਈਨ ਸੇ ਇਧਰ ਕਿਉਂ ਆਏ ਹੋ?” ਮੈ ਯੋਗ ਨਿਮਰਤਾ ਸਹਿਤ ਜਵਾਬ ਦਿਤਾ ਕਿ ਉਹ ਅਫ਼ਸਰ ਆਪਣੀ ਸੀਟ ਛੱਡ ਕੇ ਚਲਿਆ ਗਿਆ ਹੈ; ਇਸ ਲਈ ਮੈ ਤੁਹਾਡੀ ਸੇਵਾ ਵਿੱਚ ਪੇਸ਼ ਹੋਇਆ ਹਾਂ। ਉਸ ਨੇ ਆਪਣੀ ਸੀਟ ਤੋਂ ਉਠ ਕੇ ਉਸ ਅਫ਼ਸਰ ਨੂੰ ਲਭ ਕੇ ਲਿਆਂਦਾ ਤੇ ਉਸ ਨੇ ਸੀਟ ਤੇ ਬੈਠ ਕੇ ਮੈਨੂੰ ਉਸ ਦੇ ਪੇਸ਼ ਹੋਣ ਲਈ ਹੁਕਮ ਕੀਤਾ। ਹੁਕਮ ਮੰਨ ਕੇ ਮੈ ਪਹਿਲੇ ਅਫ਼ਸਰ ਦੀ ਸੇਵਾ ਵਿੱਚ ਪੇਸ਼ ਹੋ ਗਿਆ। ਉਸ ਨੇ ਮੇਰਾ ਪਾਸਪੋਰਟ ਫੜ ਕੇ ਬੜੀ ਤੇਜੀ ਤੇ ਗੁੱਸੇ ਨਾਲ਼ ਪੁਛਿਆ:
ਨਾਮ? -- ਸੰਤੋਖ ਸਿੰਘ। ਬਾਪ ਕਾ ਨਾਮ? -- ਗਿਆਨ ਸਿੰਘ।
ਬਾਪ ਕਾ ਨਾਮ -- ਗਿਆਨ ਸਿੰਘ। ਤੁਮਾਰਾ ਨਾਮ? -- ਸੰਤੋਖ ਸਿੰਘ
ਫਿਰ ਮੋਹਰ ਲਾ ਦਿਤੀ ਤੇ ਮੈ ਅੱਗੇ ਲੰਘ ਕੇ ਸੁਖ ਦਾ ਸਾਹ ਲਿਆ। ਮੇਰੇ ਪਾਸ ਸਮਾ ਵਾਹਵਾ ਸੀ। ਅੰਦਰਵਾਲੀਆਂ ਦੁਕਾਨਾਂ ਵਿੱਚ ਬੇਫਿਕਰ ਹੋ ਕੇ ਮੈ ਸੈਰ ਸਪਾਟਾ ਕਰਦਾ ਰਿਹਾ ਕਿਉਂਕਿ ਮੇਰੇ ਮਨੋ ਹੁਣ ਹਿੰਦੀ ਹਾਕਮਾਂ ਦਾ ਡਰ ਲਹਿ ਚੁਕਾ ਸੀ ਤੇ ਮੈ ਹੁਣ ਆਜ਼ਾਦ ਮਹਿਸੂਸ ਕਰਦਾ ਸਾਂ ਭਾਵੇਂ ਇਹ ਮੇਰਾ ਭੁਲੇਖਾ ਹੀ ਸੀ। ਫਿਰ ਕੋਈ ਖਾਸ ਘਟਨਾ ਨਾ ਵਾਪਰੀ ਤੇ ਮੈ ਜਹਾਜੇ ਬੈਠ ਕੇ ਸਿੰਘਾਪੁਰ ਜਾ ਉਤਰਿਆ ਤੇ ਓਥੋਂ ਦੋ ਚਾਰ ਦਿਨਾਂ ਪਿੱਛੋਂ, ਦੂਸਰੇ ਜਹਾਜ ਰਾਹੀਂ ਸਿਡਨੀ ਪਹੁੰਚ ਗਿਆ।
ਅਜੇ ਮੇਰੀ ਗੱਲ ਮੁੱਕੀ ਨਹੀ। ਹੋਰ ਸੁਣੋ! ਮੇਰੇ ਸਿਡਨੀ ਆ ਜਾਣ ਦੇ ਕੁੱਝ ਦਿਨਾਂ ਪਿੱਛੋਂ ਅਖ਼ਬਾਰ ਦੀ ਇੱਕ ਖ਼ਬਰ ਸੀ ਕਿ ਵਲੈਤ ਵਾਸੀ ਇੱਕ ਸਿੱਖ ਨੌਜਵਾਨ, ਦਿੱਲੀਉਂ ਲੰਡਨ ਦੇ ਜਹਾਜ ਵਿੱਚ ਬੈਠ ਗਿਆ। ਜਹਾਜ ਉਡ ਗਿਆ। ਫਿਰ ਪਤਾ ਨਹੀ ਹਾਕਮਾਂ ਦੇ ਦਿਲ ਵਿੱਚ ਕੀ ਆਈ; ਉਸ ਦਾ ਉਡਦਾ ਜਹਾਜ ਆਸਮਾਨੋ ਭੁੰਜੇ ਲਾਹ ਲਿਆ। ਉਸ ਨੂੰ ਸਾਮਾਨ ਸਮੇਤ ਬਾਹਰ ਕਢ ਕੇ ਜਹਾਜ ਨੂੰ ਉਡ ਜਾਣ ਦੀ ਆਗਿਆ ਦੇ ਦਿਤੀ ਗਈ। ਉਸ ਵਿਚਾਰੇ ਦੇ ਸਾਕ ਸਬੰਧੀ ਤਾਂ ਉਸ ਨੂੰ ਅੱਡੇ ਦੇ ਬੂਹੇ ਉਪਰ ਹੀ ਛੱਡ ਕੇ ਵਾਪਸ ਪੰਜਾਬ ਨੂੰ ਚਲੇ ਗਏ ਸਨ। ਫਿਰ ਪਤਾ ਨਹੀ ਉਸ ਦਾ ਕੀ ਬਣਿਆਂ!
ਇਸ ਘਟਨਾ ਤੋਂ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਦਿੱਲੀ ਵਿਚ, ਇਮੀਗ੍ਰੇਸ਼ਨ ਦੀ ਲਕੀਰ ਟੱਪ ਕੇ, ਅੰਦਰ ਚਲੇ ਜਾਣ ਤੇ ਜੋ ਖ਼ੁਸ਼ੀ ਹੋਈ ਸੀ, ਉਹ ਝੂਠੀ ਹੀ ਸੀ। ਜਿੰਨਾ ਚਿਰ ਹਿੰਦੁਸਤਾਨ ਦਾ ਜਹਾਜ ਛੱਡ ਕੇ ਕਿਸੇ ਹੋਰ ਦੇਸ਼ ਦੇ ਜਹਾਜ ਜਾਂ ਧਰਤੀ ਉਪਰ ਨਹੀ ਚਲੇ ਜਾਂਦੇ ਓਨਾ ਚਿਰ ਖ਼ੁਦ ਨੂੰ ਸੁਰੱਖਿਅਤ ਨਹੀ ਸਮਝਣਾ ਚਾਹੀਦਾ।
ਜਦੋਂ ਫਿਰ ਮੈ ੯ ਅਕਤੂਬਰ ੧੯੯੪ ਵਿੱਚ ਅੰਮ੍ਰਿਤਸਰ ਗਿਆ ਤਾਂ ਮੇਰੀ ਇਸ ਤੋਂ ਪਹਿਲੀ ਯਾਤਰਾ ਸਮੇ ਦੀ ਪਰਵਾਰ ਦੀ ‘ਬੇਰੁਖੀ’ ਦੇ ਅਸਲੀ ਕਾਰਨ ਦਾ ਪਤਾ, ਭੈਣ ਸਤਵੰਤ ਕੌਰ ਤੋਂ ਲੱਗਾ। ਉਸ ਦੇ ਸਾਰਾ ਕੁੱਝ ਦੱਸਣ ਦਾ ਸਾਰ ਇਸ ਪ੍ਰਕਾਰ ਸੀ:
ਭਾਊ, ਜਦੋਂ ਤੂੰ ਪਿਛਲੀ ਵਾਰਾਂ ਆਇਆ ਸੀ ਤਾਂ ਸਾਡਾ ਤਾਂ ਤੈਨੂੰ ਵੇਖ ਕੇ ਤਰਾਹ ਹੀ ਨਿਕਲ਼ ਗਿਆ ਸੀ। ਅਸੀ ਸੋਚਿਆ ਕਿ ਅਸੀ ਤਾਂ ਏਥੇ ਤਪਦੇ ਤੰਦੂਰ ਵਿੱਚ ਪਏ ਹੀ ਹੋਏ ਹਾਂ, ਭਾਊ ਨੇ ਕਿਉਂ ਇਸ ਅੱਗ ਵਿੱਚ ਆ ਛਾਲ਼ ਮਾਰੀ ਹੈ! ਓਹਨੀਂ ਦਿਨਂੀਂ ਤਾਂ ਏਥੇ ਅੱਗ ਵਰ੍ਹਦੀ ਸੀ। ਦਿਨੇ ਪੁਲਸ ਦੀ ਵਰਦੀ ਵਾਲ਼ੇ ਲੁੱਟਣ ਤੇ ਕੁੱਟਣ ਆ ਜਾਂਦੇ ਸਨ ਤੇ ਰਾਤ ਨੂੰ ਚੋਲ਼ਿਆਂ ਵਾਲ਼ੇ। ਕਿਸੇ ਦੀ ਜਾਨ, ਮਾਲ ਤੇ ਇਜ਼ਤ ਮਹਿਫ਼ੂਜ਼ ਨਹੀ ਸੀ। ਕਿਸੇ ਨਾ ਕਿਸੇ ਬਹਾਨੇ, ਇਹਨਾਂ ਨੇ ਖਾਦੇ ਪੀਂਦੇ ਪੇਂਡੂ ਸਿੱਖਾਂ ਦਾ ਤਾਂ ਨੱਕ ਵਿੱਚ ਦਮ ਲਿਆਂਦਾ ਹੋਇਆ ਸੀ। ਰਾਤ ਦਿਨ ਲੁਟੇਰੇ ਹਰਲ ਹਰਲ ਕਰਦੇ ਫਿਰਦੇ ਸਨ। ਪਤਾ ਨਹੀ ਸੀ ਲੱਗਦਾ ਕਿ ਕੌਣ ਖਾੜਕੂਆਂ ਦੇ ਭੇਸ ਵਿੱਚ ਸਹੀ ਖਾੜਕੂ ਹੈ ਜਾਂ ਪੁਲਸ ਵਾਲ਼ਾ, ਆਮ ਲੁਟੇਰਾ ਜਾਂ ਕਾਤਲ, ਧਨ, ਜਾਨ ਤੇ ਇਜ਼ਤ ਲੁੱਟਣ ਆ ਗਿਆ ਹੈ। ਓਹਨੀਂ ਦਿਨੀਂ ਜੁਝਾਰੂਆਂ ਨੂੰ ਬਦਨਾਮ ਕਰਨ ਲਈ ਸਰਕਾਰ ਨੇ ਖ਼ੁਦ ਵੀ ਜਰਾਇਮ ਪੇਸ਼ਾ ਲੋਕ, ਜੁਝਾਰੂ ਬਣਾ ਕੇ ਛੱਡੇ ਹੋਏ ਸਨ। ਉਹ ਕਿਸੇ ਨਾ ਕਿਸੇ ਪ੍ਰਸਿਧ ਜੁਝਾਰੂ ਦੇ ਨਾਂ ਤੇ ਲੁੱਟ ਮਾਰ ਕਰਦੇ ਸਨ। ਅਸੀਂ ਤਾਂ ਤੁਹਾਡੀਆਂ ਚਿਠੀਆਂ, ਫੋਟੋ ਤੇ ਹੋਰ ਨਿਸ਼ਾਨੀਆਂ ਸਭ ਫੂਕ ਛੱਡੀਆਂ ਜਾਂ ਕਿਤੇ ਲੁਕਾ ਛੱਡੀਆਂ ਹੋਈਆਂ ਸਨ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਸਾਡਾ ਕੋਈ ਬੰਦਾ ਬਾਹਰ ਵੀ ਰਹਿੰਦਾ ਹੈ। ਅਜਿਹਾ ਪਤਾ ਲੱਗਣ ਤੇ ਪੁਲਸ ਦੀ ਵਰਦੀ ਵਾਲ਼ੇ ਵੀ ਤੇ ਜੁਝਾਰੂ ਵਰਦੀ ਵਾਲ਼ੇ ਵੀ ਆ ਦੁਆਲ਼ੇ ਹੁੰਦੇ ਸਨ, ਇਹ ਸੋਚ ਕੇ ਕਿ ਇਹਨਾਂ ਪਾਸੋਂ ਸੱਬਰਕੱਤਾ ਮਾਲ ਲੁੱਟਿਆ ਜਾ ਸਕਦਾ ਹੈ।
ਗਿਆਨੀ ਸੰਤੋਖ ਸਿੰਘ
(ਜਨਵਰੀ ੨੬, ੨੦੧੦)
.