.

30 ਜਨਵਰੀ ਜਨਮ ਦਿਨ `ਤੇ ਵਿਸ਼ੇਸ਼
ਰਵਿਦਾਸ ਜੀ ਦੀ ਸੋਚ ਦਾ ਕੀਤਾ ਜਾ ਰਿਹਾ ਬ੍ਰਾਹਮਣੀਕਰਨ

ਭਗਤ ਰਵਿਦਾਸ ਜੀ ਨੇ ਜਦ ਬ੍ਰਾਹਮਣਵਾਦ ਦੀ ਅਖੌਤੀ ਨੀਚ ਜਾਤੀ ਲੋਕਾਂ ਨੂੰ ਦਬਾਉਣ ਦੀ ਨੀਤੀ ਨੂੰ ਵਗਾਰਿਆ ਤਾਂ ਹਮੇਸ਼ਾ ਵਾਂਗ ਅਖੌਤੀ ਉੱਚ ਜਾਤੀ ਦੇ ਲੋਕ ਭਗਤ ਜੀ ਦੇ ਦੁਸ਼ਮਣ ਬਣ ਗਏ ਅਤੇ ਸਾਰੀ ਉਮਰ ਉਹ ਰਵਿਦਾਸ ਜੀ ਨੂੰ ਸਤਾਉਂਦੇ ਰਹੇ। ਇਸ ਸਮੇਂ ਦੌਰਾਨ ਹੀ ਭਗਤ ਜੀ ਨੇ ਵਿਰੋਧੀਆਂ ਦੀ ਪ੍ਰਵਾਹ ਕੀਤੇ ਬਿਨਾਂ ਉਸ ਭਗਤੀ ਮਾਰਗ ਦਾ ਉਪਦੇਸ਼ ਜਾਰੀ ਰੱਖਿਆ ਜੋ ਉਹਨਾਂ ਦੇ ਧਾਰਮਿਕ ਗੁਰੂ ਰਾਮਾਨੰਦ ਨੇ ਸ਼ੁਰੂ ਕੀਤਾ ਸੀ। ਉਹਨਾਂ ਦੇ ਜੀਵਨ ਦੀ ਇਹ ਹੋਰ ਵੀ ਵੱਡੀ ਗੱਲ ਹੈ ਕਿ ਜਿਸ ਸਮੇਂ ਰਵਿਦਾਸ ਜੀ ਨੇ ਧਾਰਮਿਕ ਉਪਦੇਸ਼ ਕੀਤੇ ਉਸ ਸਮੇਂ ਕੋਈ ਵੀ ਸ਼ੂਦਰ ਅਤੇ ਅਖੌਤੀ ਨੀਵੀਂ ਜਾਤੀ ਦੇ ਲੋਕਾਂ ਨੂੰ ਰੱਬ ਦਾ ਨਾਮ ਲੈਣ ਦੀ ਵੀ ਮਨਾਹੀ ਸੀ, ਇਥੋਂ ਤੱਕ ਕਿ ਜੇਕਰ ਕਿਸੇ ਨੀਚ ਜਾਤੀ ਦੇ ਵਿਅਕਤੀ ਦੇ ਕੰਨ ਵਿੱਚ ਹਿੰਦੂ ਗ੍ਰੰਥਾਂ ਦੇ ਸ਼ਬਦ ਪੈ ਜਾਣ ਤਾਂ ਹਿੰਦੂ ਵਿਧਾਨ ਅਨੁਸਾਰ ਉਸ ਵਿਅਕਤੀ ਦੇ ਕੰਨਾਂ ਵਿੱਚ ਸਿੱਕਾ ਗਰਮ ਕਰਕੇ ਪਾ ਦੇਣ ਤੱਕ ਦੀ ਸਜ਼ਾ ਤਜਵੀਜ਼ ਕੀਤੀ ਹੋਈ ਸੀ। ਇਸ ਸਮੇਂ ਦੌਰਾਨ ਹੀ ਭਗਤ ਰਵਿਦਾਸ ਜੀ ਨੇ ਹਿੰਦੂ ਸਲਤਨਤ ਵਾਲੇ ਇਲਾਕੇ ਬਨਾਰਸ ਵਿੱਚ ਉਸ ਸੋਚ ਦਾ ਸਖਤ ਵਿਰੋਧ ਕੀਤਾ ਜੋ ਮਨੁੱਖਤਾ ਨੂੰ ਦਬਾ ਕੇ ਰੱਖਣ ਦੀ ਹਾਮੀ ਸੀ। ਭਗਤ ਰਵਿਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਵਿਚਲੇ 40 ਸ਼ਬਦਾਂ ਵਿਚੋਂ ਅੱਧ ਤੋਂ ਵੱਧ ਸ਼ਬਦ ਬ੍ਰਾਹਮਣਵਾਦੀ ਕਰਮਕਾਂਡਾਂ ਦੇ ਵਿਰੋਧ ਵਿੱਚ ਹਨ। ਅਫਸੋਸ ਹੈ ਕਿ ਭਗਤ ਰਵਿਦਾਸ ਜੀ ਜੋ ਸਾਰੀ ਉਮਰ ਬ੍ਰਾਹਮਣਵਾਦ ਦਾ ਵਿਰੋਧ ਕਰਦੇ ਰਹੇ ਆਖਰ ਉਹਨਾਂ ਦੀ ਸੋਚ ਦਾ ਹੀ ਬ੍ਰਾਹਮਣੀਕਰਨ ਕਰ ਦਿੱਤਾ ਗਿਆ ਹੈ। ਹਿੰਦੂ ਮਹਾਂ ਵਿਦਵਾਨ ਕੁਟੱਲਿਆ ਰਿਸ਼ੀ ਉਰਫ਼ ਮੰਨੂ ਜਿਸ ਨੇ ਹਿੰਦੂ ਵਿਧਾਨ ਘੜਿਆ ਹੈ, ਦੀ ਨੀਤੀ ਅਨੁਸਾਰ ਹਦਾਇਤਾਂ ਹਨ ਕਿ ਨੀਚ ਜਾਤੀ ਦੇ ਲੋਕਾਂ ਨੂੰ ਹਰ ਢੰਗ ਤਰੀਕਾ ਅਪਣਾਅ ਕੇ ਦਬਾ ਕੇ ਰੱਖਿਆ ਜਾਵੇ, ਇਸ ਲਈ ਉਸ ਨੇ ਮੰਨੂ ਸਿਮ੍ਰਤੀ ਗ੍ਰੰਥ ਵਿੱਚ ਬਹੁਤ ਸਾਰੇ ਤਸੀਹੇ ਅਤੇ ਢੰਗ ਤਰੀਕਿਆਂ ਦਾ ਵਰਣਨ ਕੀਤਾ ਹੈ। ਇਸ ਗ੍ਰੰਥ ਦੀ ਨੀਤੀ ਅਨੁਸਾਰ ਹੀ ਜਦੋਂ ਕੋਈ ਸੋਚ ਬ੍ਰਾਹਮਣਵਾਦ `ਤੇ ਭਾਰੂ ਹੁੰਦੀ ਜਾਪੇ ਤਾਂ ਉਸ ਦਾ ਬ੍ਰਾਹਮਣੀਕਰਨ ਕਰ ਦਿੱਤਾ ਜਾਵੇ। ਅਜਿਹਾ ਹੀ ਭਗਤ ਰਵਿਦਾਸ ਜੀ ਦੀ ਸੋਚ ਅਤੇ ਹੁਣ ਤੱਕ ਸਿੱਖ ਧਰਮ ਨਾਲ ਹੋ ਰਿਹਾ ਹੈ। ਇਹ ਗੱਲ ਵੀ ਮੰਨਣੀ ਪਏਗੀ ਕਿ ਜੇਕਰ ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਾ ਹੁੰਦੀ ਤਾਂ ਹੁਣ ਤੱਕ ਉਕਤ ਤਾਕਤਾਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਜਾਣੀਆਂ ਸਨ। ਦਸਮ ਗ੍ਰੰਥ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਜਨਮ ਸਾਖੀ ਭਾਈ ਬਾਲੇ ਵਾਲੀ, ਜਿਨ੍ਹਾਂ ਰਾਹੀਂ ਸਿੱਖ ਸਾਹਿਤ ਵਿੱਚ ਘੁਸਪੈਠ ਕਰਕੇ ਬ੍ਰਾਹਮਣਵਾਦੀ ਤਾਕਤਾਂ ਨੇ ਸਿੱਖ ਧਰਮ ਨੂੰ ਨਿਗਲ ਲੈਣਾ ਚਾਹਿਆ ਉਹਨਾਂ ਵਿੱਚ ਗੁਰਭਗਤਮਾਲ ਅਤੇ ਮਿਸਟਰ ਮੱਕਾਲਫ “ਦਾ ਸਿੱਖ ਰਿਲੀਜ਼ਨ” ਵੀ ਇੱਕ ਹੈ। ਗੁਰ ਭਗਤ ਮਾਲ ਅਤੇ ਸਿੱਖ ਰਿਲੀਜ਼ਨ ਦੇ ਲਿਖਾਰੀਆਂ ਨੇ ਰਵਿਦਾਸ ਜੀ ਨੂੰ ਇੱਕ ਹਿੰਦੂ ਮੂਰਤੀ ਪੁਜਾਰੀ ਬਣਾ ਕੇ ਅਜਿਹਾ ਪੇਸ਼ ਕੀਤਾ ਕਿ ਹੁਣ ਰਵਿਦਾਸ ਜੀ ਦੇ ਬਹੁਤੇ ਅਨੁਆਈ ਭਗਤ ਜੀ ਨੂੰ ਹਿੰਦੂ ਹੀ ਸਮਝਣ ਲੱਗ ਗਏ ਹਨ ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਰਵਿਦਾਸ ਜੀ ਦੀ ਬਾਣੀ ਸਭ ਹਿੰਦੂ ਕਰਮਕਾਂਡਾਂ ਦਾ ਵਿਰੋਧ ਕਰਦੀ ਹੈ। ਗੁਰ ਭਗਤ ਮਾਲ ਅਨੁਸਾਰ ਰਵਿਦਾਸ ਜੀ ਦੀ ਸਿੱਖਿਆ ਤੋਂ ਉਲਟ ਗੰਗਾ ਮਾਈ, ਪਾਰਸ, ਠਾਕਰ ਸੇਵਾ, ਠਾਕਰਾਂ ਦਾ ਨਦੀ ਵਿੱਚ ਤੈਰਨਾ ਅਤੇ ਸੋਨੇ ਦਾ ਜਨੇਊ ਦਿਖਾਉਣ ਦੀਆਂ ਕਹਾਣੀਆਂ ਘੜ ਕੇ ਭਗਤ ਜੀ ਨੂੰ ਹਿੰਦੂ ਦਰਸਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਸਗੋਂ ਇਥੋਂ ਤੱਕ ਲਿਖਿਆ ਹੈ ਕਿ ਰਵਿਦਾਸ ਜੀ ਕੋਈ ਚਮਿਆਰ ਜਾਤੀ ਵਿਚੋਂ ਨਹੀਂ ਸਨ ਸਗੋਂ ਉਹ ਤਾਂ ਪਿਛਲੇ ਜਨਮ ਦੇ ਬ੍ਰਾਹਮਣ ਹੀ ਸਨ, ਉਹਨਾਂ ਨੂੰ ਚਮਿਆਰਾਂ ਦੇ ਘਰ ਜਨਮ ਤਾਂ ਇੱਕ ਸਜ਼ਾ ਵਜੋਂ ਲੈਣਾ ਪਿਆ ਸੀ। ਹਿੰਦੂਵਾਦ ਵੱਲੋਂ ਕੀਤੇ ਜਾ ਰਹੇ ਨਵੇਂ ਯਤਨਾਂ ਵਜੋਂ ਇਸ ਸਮੇਂ ਭਗਤ ਰਵਿਦਾਸ ਜੀ ਦੀਆਂ ਜੋ ਤਸਵੀਰਾਂ ਬਣਾਈਆਂ ਜਾ ਰਹੀਆਂ ਹਨ ਉਹਨਾਂ ਵਿੱਚ ਭਗਤ ਜੀ ਦੇ ਮੱਥੇ ਉਤੇ ਤਿਲਕ, ਲੱਗਾ ਹੋਇਆ ਕੋਲ ਕ੍ਰਿਸ਼ਨ ਜੀ ਦੀ ਮੂਰਤੀ ਤੋਂ ਇਲਾਵਾ ਹੱਥ ਉਤੇ ‘ਸੋਹੂੰ’ ਸ਼ਬਦ ਲਿਖਿਆ ਹੋਇਆ ਹੁੰਦਾ ਹੈ। ਇਹਨਾਂ ਤਾਕਤਾਂ ਵੱਲੋਂ ਕੀਤੇ ਗਏ ਹੋਰ ਯਤਨਾਂ ਵਿੱਚ ਰਵਿਦਾਸ ਜੀ ਨੂੰ ਭਗਤ ਦੀ ਥਾਂ ਗੁਰੂ ਸ਼ਬਦ ਨਾਲ ਸੰਬੋਧਨ ਕਰਨ, ਵੱਖਰੇ ਰਵਿਦਾਸ ਜੀ ਦੇ ਗੁਰਦੁਆਰੇ ਅਤੇ ਮੰਦਰ ਉਸਾਰਨੇ ਅਤੇ ਰਵਿਦਾਸ ਪੂਜਾ ਦੇ ਵੱਖਰੇ ਸ਼ਬਦ ਘੜ ਕੇ ਦਿੱਤੇ ਗਏ ਹਨ ਜਿਨ੍ਹਾਂ ਨੂੰ ਤੇਜ਼ੀ ਨਾਲ ਅਪਣਾਇਆ ਵੀ ਜਾ ਰਿਹਾ ਹੈ।
ਪ੍ਰੋ. ਪਿਆਰਾ ਸਿੰਘ ਪਦਮ ਨੇ ਮਈ 1993 ਦੇ ਗੁਰਮਤਿ ਪ੍ਰਕਾਸ਼ ਵਿੱਚ ਲਿਖਿਆ ਸੀ ਕਿ ਜਿਸ ਤਰ੍ਹਾਂ ਪੈਰਾਂ ਹੇਠ ਲਿਤਾੜੀ ਮਿੱਟੀ ਸਿਰ ਨੂੰ ਆਉਂਦੀ ਹੈ, ਉਸੇ ਤਰ੍ਹਾਂ ਪ੍ਰੋਹਤ ਬ੍ਰਾਹਮਣ ਦੀ ਪੈਦਾਵਾਰ ਜਾਤਪਾਤਵਾਦੀ ਵਿਚਾਰਧਾਰਾ ਨੂੰ ਕੁਚਲਣ ਲਈ ਬਨਾਰਸ ਵਿਚੋਂ ਦੋ ਮਹਾਂਪੁਰਸ਼ ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਲਤਾੜੀਆਂ ਗਈਆਂ ਪਦ ਦਲਿਤ ਸ਼੍ਰੇਣੀਆਂ ਵਿਚੋਂ ਪੈਦਾ ਹੋਏ ਜੋ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਸਨ। ਹਰ ਇੱਕ ਵਿਅਕਤੀ ਇਹ ਜਾਣਦਾ ਹੈ ਕਿ ਸਿੱਖ ਗੁਰੂਆਂ ਤੋਂ ਬਿਨਾਂ ਜੋ ਵੀ ਭਗਤਾਂ ਅਤੇ ਸਿੱਖਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦਿੱਤੀ ਹੈ, ਉਹ ਸਾਰੀ ਰਚਨਾਂ ਗੁਰੂਆਂ ਦੀ ਸਿੱਖਿਆ ਦੇ ਐਨ ਅਨੁਕੂਲ ਹੈ ਜੇਕਰ ਭਗਤ ਰਵਿਦਾਸ ਜੀ ਮੂਰਤੀ ਪੂਜਕ ਜਾਂ ਬ੍ਰਾਹਮਣਵਾਦੀ ਕਰਮਕਾਂਡੀ ਹੁੰਦੇ ਤਾਂ ਉਹਨਾਂ ਦੀ ਰਚਨਾਂ ਨੂੰ ਥਾਂ ਮਿਲਣੀ ਹੀ ਨਹੀਂ ਸੀ। ਇਹ ਗੱਲ ਵੀ ਸਾਰੇ ਮੰਨਦੇ ਹਨ ਕਿ ਰਵਿਦਾਸ ਜੀ ਦੇ ਧਾਰਮਿਕ ਗੁਰੂ ਰਾਮਾਨੰਦ ਜੀ ਸਨ। ਭਗਤ ਰਾਮਾਨੰਦ ਜੀ ਬਾਰੇ ਮਿਲ ਰਹੀਆਂ ਲਿਖਤਾਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਕਾਂਸੀ ਵਿੱਚ ਉਹਨਾਂ ਨੇ ਜਨ-ਸਮੂਹ ਲਈ ਭਗਤੀ ਮਾਰਗ ਦਾ ਪ੍ਰਚਾਰ ਕੀਤਾ। ਇਸੇ ਕਾਰਨ ਹੀ ਉਹਨਾਂ ਨੂੰ ਵੈਰਾਗੀ ਸੰਪ੍ਰਦਾ ਅਤੇ ਭਗਤੀ ਲਹਿਰ ਦੇ ਮੋਢੀ ਵਜੋਂ ਜਾਣਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਦਾ ਇਕੋ ਇੱਕ ਸ਼ਬਦ ਦਰਜ ਹੈ। ਕਤ ਜਾਈਐ ਰੇ ਘਰ ਲਾਗੋ ਰੰਗ॥ (1195) ਜਿਸ ਵਿੱਚ ਰਾਮਾਨੰਦ ਜੀ ਕਹਿੰਦੇ ਹਨ ਕਿ ਇੱਕ ਦਿਨ ਮੇਰੇ ਮਨ ਵਿੱਚ ਪੂਜਾ ਕਰਨ ਦਾ ਵਿਚਾਰ ਪੈਦਾ ਹੋ ਗਿਆ ਮੈਂ ਵੀ ਚੰਦਨ ਘਸਾ ਕੇ ਮੰਦਰ ਵਿੱਚ ਪੂਜਾ ਕਰਨ ਲਈ ਤੁਰ ਪਿਆ ਪਰ ਮੈਂ ਸਤਿਗੁਰ ਦੇ ਬਲਿਹਾਰ ਜਾਂਦਾ ਹਾਂ ਜਿਸ ਨੇ ਮੈਨੂੰ ਪ੍ਰਭੂ ਮੰਦਰ ਦੀ ਥਾਂ ਹਿਰਦੇ ਵਿੱਚ ਹੀ ਵਸਦਾ ਦਿਖਾ ਦਿੱਤਾ। ਰਾਮਾਨੰਦ ਜੀ ਅੱਗੇ ਦਸਦੇ ਹਨ ਕਿ ਮੈਂ ਵੇਦ-ਪੁਰਾਨ ਆਦਿਕ ਧਾਰਮਿਕ ਪੁਸਤਕਾਂ ਖੋਜ ਕੇ ਦੇਖ ਲਈਆਂ ਹਨ, ਤੀਰਥਾਂ ਮੰਦਰਾਂ ਵਿੱਚ ਵੀ ਜਾਣ ਦੀ ਤਾਂ ਲੋੜ ਹੈ, ਜੇਕਰ ਪ੍ਰਭੂ ਹਰ ਥਾਂ ਵਿਆਪਕ ਨਾ ਹੋਵੇ। ਸੋ ਭਗਤ ਰਵਿਦਾਸ ਜੀ ਦੇ ਅਧਿਆਤਮਿਕ ਗੁਰੂ ਜੇਕਰ ਪ੍ਰਮਾਤਮਾ ਨੂੰ ਹਰ ਥਾਂ ਵਸਦਾ ਸਮਝਦੇ ਹਨ ਤਾਂ ਉਹ ਰਵਿਦਾਸ ਜੀ ਨੂੰ ਮੂਰਤੀ ਪੂਜਕ ਕਿਸ ਤਰ੍ਹਾਂ ਬਣਾ ਸਕਦੇ ਹਨ? ਖੁਦ ਭਗਤ ਰਵਿਦਾਸ ਜੀ ਵੀ ਪ੍ਰਭੂ ਨੂੰ ਹਰ ਥਾਂ ਵਸਦਾ ਮੰਨਦੇ ਹਨ, ਰਵਿਦਾਸ ਸਮ ਦਲ ਸਮਝਾਵੈ ਕੋਊ॥ 3॥ ਇੰਨੇ ਸਪੱਸ਼ਟ ਸੰਦੇਸ਼ ਦੇ ਹੁੰਦਿਆਂ ਹੋਇਆ ਵੀ ਲੋਕਾਂ ਦੀ ਮਾਨਸਿਕਤਾ ਹਿੰਦੂਵਾਦੀ ਕਰਨ ਲਈ ਯਤਨਸ਼ੀਲ ਤਾਕਤਾਂ ਭਗਤ ਰਵਿਦਾਸ ਜੀ ਨੂੰ ਇੱਕ ਹਿੰਦੂ ਭਗਤ ਅਤੇ ਪਿਛਲੇ ਜਨਮ ਦਾ ਬ੍ਰਾਹਮਣ ਸਾਬਤ ਕਰਨ ਵਿੱਚ ਕਾਮਯਾਬ ਹੋ ਰਹੀਆਂ ਹਨ।
ਆਸਟਰੀਆ ਗੋਲੀ ਕਾਂਡ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਤੋਂ ਬਾਅਦ ਜਿਸ ਤਰ੍ਹਾਂ ਸਿੱਖ ਵਿਰੋਧੀ ਤਾਕਤਾਂ ਨੇ ਹਿੰਸਾ ਪੈਦਾ ਕਰਕੇ ਰਵਿਦਾਸ ਭਾਈਚਾਰੇ ਨੂੰ ਸਿੱਖ ਧਰਮ ਨਾਲੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਇਹਨਾਂ ਤਾਕਤਾਂ ਦੇ ਨਾਪਾਕ ਇਰਾਦਿਆਂ ਦੀ ਤਸਵੀਰ ਵੀ ਸਾਹਮਣੇ ਆਉਂਦੀ ਹੈ। ਇਸ ਹਿੰਦੂਵਾਦੀ ਤਾਕਤਾਂ ਅਕਸਰ ਇਹ ਪ੍ਰਚਾਰ ਕਰਦੀਆਂ ਹਨ ਕਿ ਸਿੱਖ ਧਰਮ ਜੱਟਾਂ ਦਾ ਧਰਮ ਹੈ, ਜਿਸ ਵਿਚੋਂ ਕਥਿਤ ਨੀਵੀਆਂ ਜਾਤੀਆਂ ਵਾਲੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ, ਜਦਕਿ ਅਸਲ ਵਿੱਚ ਸਿੱਖ ਧਰਮ ਕਿਸੇ ਵਿਸ਼ੇਸ਼ ਜਾਤੀ ਦੀ ਵਿਰਾਸਤ ਨਹੀਂ ਸਗੋਂ ਰਵਿਦਾਸ ਭਾਈਚਾਰੇ ਦੇ ਲੋਕ ਸਿੱਖ ਧਰਮ ਦੇ ਵੱਧ ਨਜ਼ਦੀਕ ਹਨ ਕਿਉਂਕਿ ਇਹਨਾਂ ਲੋਕਾਂ ਵਿਚੋਂ ਸਿੱਖ ਧਰਮ ਦੇ ਕਿਰਤ ਕਰੋ ਸਿਧਾਂਤ ਨੂੰ ਪੂਰੀ ਤਰ੍ਹਾਂ ਅਪਣਾਇਆ ਹੋਇਆ ਹੈ, ਜਦਕਿ ਜੱਟ ਜਾਤੀ ਵਿਚੋਂ ਬਹੁਤੇ ਲੋਕ ਸਿੱਖ ਧਰਮ ਨਾਲੋਂ ਦੂਰ ਹੋ ਚੁੱਕੇ ਹਨ, ਭਾਵੇਂ ਕਿ ਉਹ ਆਪਣੇ ਆਪ ਨੂੰ ਸਿੱਖੀ ਦੇ ਦਾਅਵੇਦਾਰ ਵਜੋਂ ਹੀ ਪੇਸ਼ ਕਰਦੇ ਹਨ। ਸਿੱਖ ਧਰਮ ਦੀ ਰਹਿਤ ਮਰਿਯਾਦਾ ਦੇ ਉਲਟ ਇਹਨਾਂ ਲੋਕਾਂ ਵਿੱਚ ਬਹੁ-ਗਿਣਤੀ ਅੱਜ ਨਸ਼ਿਆਂ ਵਿੱਚ ਗ੍ਰਾਸੀ ਜਾ ਚੁੱਕੀ ਹੈ ਅਤੇ ਬਹੁ-ਗਿਣਤੀ ਨੌਜੁਆਨ ਪੀੜ੍ਹੀ ਕੇਸ ਕਤਲ ਕਰਦੀ ਹੈ, ਫਿਰ ਸਿੱਖ ਧਰਮ ਉਤੇ ਜੱਟਾਂ ਦਾ ਹੱਕ ਵਧੇਰੇ ਹੋਣ ਦੀ ਗੱਲ ਕਿਵੇਂ ਵੀ ਸਹੀ ਨਹੀਂ ਹੈ। ਸਗੋਂ ਸਿੱਖ ਧਰਮ ਵਿੱਚ ਤਾਂ ਕਿਸੇ ਵੀ ਜਾਤ ਪਾਤ ਦੇ ਤੌਰ `ਤੇ ਭਿੰਨ-ਭਾਵ ਨੂੰ ਥਾਂ ਹੀ ਨਹੀਂ ਹੈ।
ਵਿਆਨਾ ਘਟਨਾ ਤੋਂ ਬਾਅਦ ਹੀ ਜਿਸ ਤਰ੍ਹਾਂ ਰਵਿਦਾਸ ਜੀ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬਾਨਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਹਟਾਉਣ ਦੀ ਲਹਿਰ ਚਲਾਈ ਗਈ ਇਹ ਲਹਿਰ ਵੀ ਇਸ ਭਾਈਚਾਰੇ ਨੂੰ ਤੇਜੀ ਨਾਲ ਹਿੰਦੂਵਾਦ ਵਿੱਚ ਡਬੋ ਕੇ ਮਾਰਨ ਲਈ ਕਾਹਲ ਵਜੋਂ ਹੀ ਵਰਤਿਆ ਗਿਆ ਛੜਯੰਤਰ ਸੀ, ਜਦਕਿ ਉਸ ਸਮੇਂ ਖੁਦ ਹਿੰਸਾਧਾਰੀਆਂ ਅਤੇ ਜਲਸੇ ਜਲੂਸ ਕੱਢਣ ਵਾਲੇ ਲੋਕਾਂ ਨੂੰ ਅਸਲ ਗੱਲਾਂ ਬਾਰੇ ਵੀ ਬਹੁਤਾ ਗਿਆਨ ਨਹੀਂ ਸੀ ਇਸ ਸਬੰਧੀ ਦੋ ਅੱਖੀਂ ਦੇਖੀਆਂ ਘਟਨਾਵਾਂ ਦਾ ਜ਼ਿਕਰ ਇਸ ਅਮਲੇ ਨੂੰ ਸਮਝਣ ਲਈ ਸਹਾਈ ਹੋਵੇਗਾ।
ਜਦੋਂ ਵਿਆਨਾ ਕਾਂਡ ਤੋਂ ਬਾਅਦ ਪੰਜਾਬ ਵਿੱਚ ਹਿੰਸਾ ਦਾ ਦੌਰ ਜ਼ੋਬਨ `ਤੇ ਸੀ ਤਾਂ ਉਸ ਸਮੇਂ ਮੈਂ ਪੱਤਰਕਾਰ ਹੋਣ ਦੇ ਨਾਤੇ ਬਰਨਾਲਾ ਸ਼ਹਿਰ ਵਿੱਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਕਬਰੇਜ਼ ਕਰਨ ਗਿਆ। ਵੱਡੀ ਗਿਣਤੀ ਵਿੱਚ ਰਵਿਦਾਸ ਭਾਈਚਾਰੇ ਦੇ ਲੋਕ ਗਰਮ ਨਾਅਰੇ ਮਾਰ ਰਹੇ ਸਨ, ਜਿਨ੍ਹਾਂ ਵਿੱਚ ਬਹੁਤਿਆਂ ਕੋਲ ਹਥਿਆਰ ਵੀ ਸਨ। ਅਸੀਂ ਪੱਤਰਕਾਰਾਂ ਨੇ ਜਲੂਸ ਦੀ ਅਗਵਾਈ ਕਰ ਰਹੇ ਆਗੂਆਂ ਨੂੰ ਪੁੱਛਿਆ ਕਿ ਤੁਹਾਡਾ ਇਹ ਪ੍ਰਦਰਸ਼ਨ ਕਿਸ ਦੇ ਖਿਲਾਫ ਹੈ ਤਾਂ ਉਹਨਾਂ ਆਗੂਆਂ ਨੂੰ ਵੀ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਅਸੀਂ ਕਿਸ ਖਿਲਾਫ਼ ਇਹ ਪ੍ਰਦਰਸ਼ਨ ਕਰ ਰਹੇ ਹਾਂ। ਦੂਜੀ ਘਟਨਾ ਮੇਰੇ ਪਿੰਡ ਧੌਲਾ ਵਿੱਚ ਵਾਪਰੀ ਦੱਸ ਰਿਹਾ ਹਾਂ ਜਿਸ ਵਿੱਚ ਮੈਂ ਖੁਦ ਸ਼ਾਮਲ ਸਾਂ। ਆਸਟਰੀਆ ਵਿੱਚ ਗੋਲੀਆਂ ਦਾ ਸ਼ਿਕਾਰ ਹੋਏ ਬਾਬਾ ਰਾਮਾਨੰਦ ਦੀ ਯਾਦ ਵਿੱਚ ਥਾਂ-ਥਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਮੇਰੇ ਪਿੰਡ ਵਿੱਚ ਵੀ ਇਸ ਭਾਈਚਾਰੇ ਦੇ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਪ੍ਰਕਾਸ਼ ਕੀਤਾ ਗਿਆ। ਆਸਟਰੀਆ ਕਾਂਡ ਵਿੱਚ ਭਾਵੇਂ ਬਾਬਾ ਰਾਮਾਨੰਦ ਦੀ ਮੌਤ ਹੋਈ ਸੀ, ਪ੍ਰੰਤੂ ਇਥੇ ਇਸ ਘਟਨਾ ਵਿੱਚ ਜ਼ਖਮੀ ਹੋਏ ਬਾਬਾ ਪਰਮਾਨੰਦ ਦਾ ਭੋਗ ਪਾ ਦਿੱਤਾ ਗਿਆ ਜੋ ਕਿ ਅਜੇ ਤੱਕ ਜੀਵਤ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਤਿੰਨ ਸੌ ਦੇ ਕਰੀਬ ਲੋਕਾਂ ਵਿਚੋਂ ਕਿਸੇ ਨੂੰ ਵੀ ਇਹ ਪਤਾ ਨਹੀਂ ਸੀ ਕਿ ਅਸਲ ਘਟਨਾ ਕੀ ਹੈ? ਕਿਸ ਦੀ ਮੌਤ ਹੋਈ ਹੈ ਜਾਂ ਕੌਣ ਜ਼ਖਮੀ ਹੋਇਆ ਹੈ ਜਾਂ ਫਿਰ ਇਸ ਘਟਨਾ ਦੀ ਸਚਾਈ ਕੀ ਹੈ? ਭਾਵ ਇਹ ਕਿ ਰਵਿਦਾਸ ਭਾਈਚਾਰੇ ਦੇ ਲੋਕਾਂ ਦੀ ਭਾਵਨਾਵਾਂ ਨੂੰ ਸਿੱਖ ਕੌਮ ਵਿਚੋਂ ਅਲੱਗ ਕਰਨ ਦੇ ਯਤਨ ਹਰ ਸਮੇਂ ਚੱਲ ਰਹੇ ਹਨ ਤਾਂ ਕਿ ਇਸ ਭਾਈਚਾਰੇ ਦਾ ਫਿਰ ਤੋਂ ਬ੍ਰਾਹਮਣੀਕਰਨ ਕਰ ਦਿੱਤਾ ਜਾਵੇ। ਇਹਨਾਂ ਮਾੜੇ ਮਨਸੂਬਿਆਂ ਤੋਂ ਆਮ ਲੋਕਾਂ ਨੂੰ ਚੇਤਨ ਕਰਨਾ ਸਿੱਖ ਆਗੂਆਂ ਤੇ ਪ੍ਰਚਾਰਕਾਂ ਸਿਰ ਆਉਂਦਾ ਹੈ ਅਤੇ ਰਵਿਦਾਸ ਭਾਈਚਾਰੇ ਨੂੰ ਇਹ ਗੱਲ ਬੜੇ ਹੀ ਠੰਡੇ ਦਿਮਾਗ ਨਾਲ ਵੀ ਸੋਚਣ ਦੀ ਲੋੜ ਹੈ।
-ਗੁਰਸੇਵਕ ਸਿੰਘ ਧੌਲਾ
ਮੋਬਾ. 94632-16267




.