.

ਜੀਵਨੀ ਗਿਆਨੀ ਗਿਆਨ ਸਿੰਘ ਜੀ ਅਤੇ ਭਾਈ ਵੀਰ ਸਿੰਘ ਦੀ ਅਸਲੀਅਤ?

ਗਿਆਨੀ ਗਿਆਨ ਸਿੰਘ ਜੀ ਸਿੱਖਾਂ ਵਿੱਚ ਇਤਿਹਾਸਕਾਰ ਦੇ ਤੋਰ ਤੇ ਜਾਣੇ ਜਾਂਦੇ ਹਨ। ਭਾਵੇਂ ਉਨ੍ਹਾਂ ਨੇ ਅਨੇਕਾਂ ਪੁਸਤਕਾਂ ਰਚੀਆਂ ਹਨ, ਪਰ “ਪੰਥ ਪ੍ਰਕਾਸ਼” ਅਤੇ “ਤਵਾਰੀਖ ਗੁਰੂ ਖਾਲਸਾ” ਵਧੇਰੇ ਪ੍ਰਸਿਧ ਹਨ। ਗਿਆਨੀ ਜੀ ਦਾ ਪਿਛੋਕੜ ਭਾਈ ਮਨੀ ਸਿੰਘ ਜੀ ਸ਼ਹੀਦ ਨਾਲ ਜਾ ਮਿਲਦਾ ਹੈ। ਭਾਈ ਮਨੀ ਸਿੰਘ ਜੀ ਦੇ ਵੱਡੇ ਭਰਾ ਨਗਾਹੀਆ ਸਿੰਘ ਦੇ ਸੱਤ ਪੁਤਰ ਸਨ, ਜ੍ਹਿਨਾਂ ਵਿਚੋਂ ਇੱਕ ਸਰਦਾਰ ਬਖਤਾ ਸਿੰਘ ਸੀ। ਸ੍ਰ: ਬਖਤਾ ਸਿੰਘ ਦੇ ਘਰ ਸ੍ਰ: ਭਾਗ ਸਿੰਘ ਦਾ ਜਨਮ ਹੋਇਆ। ਸ੍ਰ ਭਾਗ ਸਿੰਘ ਦਾ ਵਿਆਹ ਸੁਨਾਮ ਦੇ ‘ਸੇਰੌਂ’ ਪਿੰਡ ਵਿੱਚ ਸ੍ਰ: ਤਕੜਾ ਸਿੰਘ ਦੀ ਧੀ ਬੀਬੀ ਦੇਸ਼ਾਂ (ਜਿਸਨੂੰ ਤਕੜੋ ਵੀ ਕਹਿੰਦੇ ਸਨ) ਨਾਲ ਹੋਇਆ।
ਸ੍ਰ: ਭਾਗ ਸਿੰਘ ਤੇ ਬੀਬੀ ਦੇਸ਼ਾਂ ਦੇ ਘਰ 5 ਵਿਸਾਖ 1879 ਬਿ: (ਸੰਨ 1822) ਨੂੰ ਪਰਗਨਾ ਸੁਨਾਮ, ਰਿਆਸਤ ਪਟਿਆਲਾ ਦੇ ਪਿੰਡ ਲੌਂਗੋਵਾਲ ਵਿੱਚ ਹੋਇਆ। ਬੀਬੀ ਧਾਰਮਕ ਅਤੇ ਪੱਕੇ ਸਿੱਖੀ ਖਿਆਲਾਂ ਵਾਲੀ ਇਸਤਰੀ ਸੀ। ਉਸਦੀ ਸ਼ਖਸੀਅਤ ਦਾ ਪ੍ਰਭਾਵ ਨਿਸਚੇ ਹੀ ਉਸਦੇ ਪੁਤਰ ਤੇ ਪੈਣਾ ਸੀ। ਸੋ, ਗਿਆਨੀ ਜੀ ਨੂੰ ਜੀਵਨ ਦੀ ਇੱਕ ਨਵੀਂ ਸੇਧ ਦੇਣ ਵਿੱਚ ਉਨ੍ਹਾਂ ਦੇ ਮਾਤਾ ਜੀ ਦਾ ਬੜਾ ਹੱਥ ਸੀ।
ਆਪਣੀ ਮਾਤਾ ਪਾਸੋਂ ਸਿੱਖ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਸੁਣਕੇ ਗਿਆਨੀ ਗਿਆਨ ਸਿੰਘ ਬੁਹਤ ਪ੍ਰਭਾਵਿਤ ਹੋਏ। ਗਿਆਨੀ ਜੀ ਨੇ ਮੁੱਢਲੀ ਵਿਦਿਆ ਭਾਈ ਭੋਲਾ ਸਿੰਘ ਜੀ ਤੋਂ ਪ੍ਰਾਪਤ ਕੀਤੀ, ਜਿਨ੍ਹਾਂ ਨੇ ਇਨ੍ਹਾਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ, ਦਸਮ ਗਰੰਥ, ਵਾਰਾਂ ਤੇ ਕਬਿਤ-ਸਵੈਯੇ ਭਾਈ ਗੁਰਦਾਸ ਆਦਿ ਗਰੰਥਾਂ ਨੂੰ ਅਰਥਾਂ-ਸਹਿਤ ਪੜ੍ਹਾਇਆ। ‘ਹਨੂੰਮਾਨ ਨਾਟਕ’ ਗਰੰਥ ਦੇ ਅਰਥਾਂ ਦੀ ਵਾਕਫੀ ਵੀ ਦਿਤੀ। ਗਿਆਨੀ ਜੀ ਗੁਰਬਾਣੀ ਨੂੰ ਤੇ ਕਵਿਤਾ ਵਿੱਚ ਰਚੇ ਹੋਰ ਗਰੰਥਾਂ ਨੂੰ ਬੁਹਤ ਮਨਮੋਹਣੀ ਆਵਾਜ਼ ਵਿੱਚ ਗਾ ਕੇ ਪੜ੍ਹਦੇ ਸਨ।
ਗਿਆਨੀ ਜੀ ਦਾ ਕੱਦ ਛੋਟਾ, ਸਰੀਰ ਪਤਲਾ, ਸੁਹਣੇ ਨੈਣ-ਨਕਸ਼, ਸੁਰੀਲੀ ਆਵਾਜ਼ ਤੇ ਬੜਾ ਪ੍ਰਭਾਵਸ਼ਾਲੀ ਸੁਭਾਸ਼ਨ ਅਤੇ ਕਲਾਮ ਸੀ। ਆਪ ਸ਼ੁਰੂ ਵਿੱਚ ਹੀ ਅੰਮ੍ਰਿਤਧਾਰੀ ਸਿੰਘ ਸਜ ਗਏ ਸਨ।
ਘਰ ਵਿੱਚ ਮਾਇਆ ਦੀ ਤੰਗੀ ਹੀ ਰਹਿੰਦੀ ਸੀ। 1835 ਈ: ਵਿੱਚ ਉਨ੍ਹਾਂ ਦਾ ਮਾਮਾ, ਸ੍ਰ: ਕਰਮ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ, ਸੂਬੇਦਾਰ ਸੀ, ਉਨ੍ਹਾਂ ਨੂੰ ਲਾਹੌਰ ਲੈ ਆਇਆ। ਉਤੇ ਮਹਾਰਾਜੇ ਦੇ ਜ਼ਨਾਨਖਾਨੇ ਦਾ ਨਾਇਬ ਡਿਉੜੀ ਅਫਸਰ, ਸ੍ਰ: ਧੰਨਾ ਸਿੰਘ ਗਿਆਨ ਸਿੰਘ ਦੇ ਸੁਰੀਲ਼ੀ ਆਵਾਜ਼ ਵਿੱਚ ਕੀਤੇ ਪਾਠ ਤੋਂ ਪ੍ਰਭਾਵਿਤ ਹੋਇਆ। ਉਸਨੇ ਮਹਾਰਾਜਾ ਸਾਹਿਬ ਪਾਸ ਗਿਆਨ ਸਿੰਘ ਬਾਰੇ ਗੱਲ ਕੀਤੀ ਅਤੇ ਮਹਾਰਾਜਾ ਸਾਹਿਬ ਨੇ ਆਪ ਨੂੰ ਰੋਜ਼ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਸੁਣਾਉਣ ਲਈ ਆਪਣੇ ਕੋਲ ਰੱਖ ਲਿਆ। ਉਦੋਂ ਆਪ ਦੀ ਉਮਰ ਮਸਾਂ 13 ਵਰ੍ਹਿਆਂ ਦੀ ਸੀ। ਇੰਝ ਆਪ 6-7 ਵਰ੍ਹੇ ਮਹਾਰਾਜ ਪਾਸ ਠਹਿਰੇ ਅਤੇ ਫਿਰ ਆਪਣੇ ਪਿੰਡ ਲੌਂਗੋਵਾਲ ਆ ਗਏ।
ਆਪ ਦੇ ਤਾਇਆ ਹਰੀ ਸਿੰਘ ਰਿਆਸਤ ਪਟਿਆਲੇ ਦੇ ਮਹਾਰਾਜਾ ਕਰਮ ਸਿੰਘ ਪਾਸ ਫੌਜ ਵਿੱਚ ਨੋਕਰ ਸਨ। ਉਹ ਇੱਕ ਲੜਾਈ ਵਿੱਚ ਮਾਰੇ ਗਏ। ਉਨ੍ਹਾਂ ਦੀ ਮਿਰਤੂ ਮਗਰੌਂ ਮਹਾਰਾਜਾ ਕਰਮ ਸਿੰਘ ਨੇ ਗਿਆਨ ਸਿੰਘ ਨੂੰ ਆਪਣੇ ਪਾਸ ਬੁਲਾ ਲਿਆ। ਉਹ ਗਿਆਨ ਸਿੰਘ ਦੇ ਧਾਰਮਿਕ ਗਿਆਨ ਅਤੇ ਵਿਦਵਤਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਤਹਿਸੀਲ਼ ਵਿੱਚ ਨੌਕਰੀ ਦੇ ਦਿਤੀ। ਇਸੇ ਨੌਕਰੀ ਦੇ ਦੌਰਾਨ ਇੱਕ ਫਸਾਦ ਸਮੇਂ ਆਪ ਦੇ ਖੱਬੇ ਪੱਟ ਵਿੱਚ ਗੋਲੀ ਲੱਗ ਗਈ ਤੇ ਪੱਟ ਦੀ ਹੱਡੀ ਟੁਟ ਗਈ। ਇਹ ਜ਼ਖਮ ਨਾਸੂਰ ਵਿੱਚ ਬਦਲ ਗਿਆ ਤੇ ਲੱਤ ਨਿਕੰਮੀ ਹੋ ਗਈ।
ਦੋ ਕੁ ਵਰ੍ਹਿਆਂ ਮਗਰੋਂ, ਸੰਨ 1852 ਈ: ਵਿਚ, ਗਿਆਨੀ ਜੀ ਇੱਕ ਭਿਆਨਕ ਫੋੜੇ ਦੇ ਰੋਗ ਕਰਕੇ ਸਾਲ ਭਰ ਮੰਜੇ ਤੋਂ ਨਾ ਉਠ ਸਕੇ। ਨੋਕਰੀ ਤੋਂ ਗੈਰ ਹਾਜ਼ਰੀ ਕਾਰਨ ਨਾਂ ਕੱਟ ਗਿਆ ਤੇ ਗਿਆਨ ਸਿੰਘ ਜੀ ਨੂੰ ਗੰਭੀਰ ਆਰਥਿਕ ਸੰਕਟ ਵਿਚੋਂ ਲੰਘਣਾ ਪਿਆ। 1853 ਈ: ਵਿੱਚ ਉਨ੍ਹਾਂ ਦੇ ਪਿਤਾ ਜੀ ਵੀ ਚਲ ਵਸੇ। ਘਰ ਦੀ ਸਾਰੀ ਜ਼ੁੰਮੇਵਾਰੀ ਗਿਆਨੀ ਜੀ ਤੇ ਆ ਪਈ। ਘਰ ਵਿੱਚ ਉਹ ਤੇ ਉਨ੍ਹਾਂ ਦੇ ਮਾਤਾ ਜੀ ਸਨ। ਉਨ੍ਹਾਂ ਦੇ ਬਾਕੀ ਭਰਾ ਅਲੱਗ ਰਹਿੰਦੇ ਸਨ, ਉਨ੍ਹਾਂ ਤੰਗੀ ਦੇ ਦਿਨਾਂ ਵਿੱਚ ਵੀ ਆਪਣੀ ਮਾਂ ਤੇ ਭਰਾ (ਗਿ: ਗਿਆਨ ਸਿੰਘ) ਦੀ ਕੋਈ ਸਹਾਇਤਾ ਨਾ ਕੀਤੀ। ਲੱਤ ਖਰਾਬ ਹੋਣ ਕਰਕੇ ਬਾਹਰ ਦਾ ਕੰਮ ਨਹੀ ਸਨ ਕਰ ਸਕਦੇ। ਸੋ ਰੋਜ਼ੀ ਰੋਟੀ ਕਮਾਉਣ ਲਈ ਮਜ਼ਬੂਰੀ ਵਿੱਚ ਇਸਤ੍ਰੀਆਂ ਵਾਲੇ ਕੰਮ ਚੱਕੀ ਪੀਹਣਾ ਤੇ ਸੂਤ ਕਤਣਾ ਕਰਨੇ ਪਏ। ਉਨ੍ਹਾਂ ਦੇ ਮਾਤਾ ਜੀ ਵੀ ਲੋਕਾਂ ਦੇ ਘਰਾਂ ਵਿੱਚ ਛੋਟਾ ਮੋਟਾ ਕੰਮ ਕਰਦੇ ਸਨ। ਇਸ ਪ੍ਰਸ਼ਾਨੀ ਦੀ ਹਾਲਤ ਵਿੱਚ ਉਹ ਆਪਣੇ ਨਾਨਕਿਆਂ ਤੋਂ ਬੈਲ ਲੈ ਆਏ ਤੇ ਹਿੱਸੇ ਤੇ ਜਮੀਨ ਲੈਕੇ ਵਾਹੀ ਕਰਨ ਲਗੇ। ਵਾਹੀ ਤੇ ਬਿਜਾਈ ਤਾਂ ਕਰ ਲੈਦੇ ਸਨ, ਪਰ ਲੱਤ ਖਰਾਬ ਹੋਣ ਕਰਕੇ, ਬੈਠ ਕੇ ਗੋਡੀ ਜਾਂ ਵਾਢੀ ਕਰਨ ਵਿੱਚ ਬੁਹਤ ਔਖ ਹੁੰਦੀ ਸੀ। ਕਈ ਵਾਰ ਆਪ ਬੁਹਤ ਨਿਰਾਸ ਹੋ ਜਾਂਦੇ ਸਨ। ਪਰ ਉਨ੍ਹਾਂ ਦੇ ਮਾਤਾ ਜੀ ਪੁਰਾਣੇ ਸਿੰਘਾਂ ਦੇ ਕਾਰਨਾਮੇ ਤੇ ਦੁਖਾਂ ਕਸਟਾਂ ਬਾਰੇ ਦਸ ਕ ਉਨ੍ਹਾਂ ਤੇ ਨੂੰ ਉਤਸ਼ਾਹ ਦਿੰਦੇ ਸਨ। ਅੰਤਾਂ ਦੀ ਗਰੀਬੀ ਅਤੇ ਤੰਗੀ ਕਾਰਨ ਇੱਕ ਵਾਰ ਆਪ ਖੂਹ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰਨ ਲਗੇ ਸਨ, ਕਿ ਉਸ ਸਮੇਂ ਇੱਕ ਸਾਧੂ ਨੇ ਆਪ ਨੂੰ ਅਜਿਹਾ ਕਰਨ ਤੋਂ ਰੋਕ ਲਿਆ।
ਗਿਆਨੀ ਗਿਆਨ ਸਿੰਘ ਜੀ ਦਾ ਤਾਇਆ ਸ੍ਰ: ਪ੍ਰੇਮ ਸਿੰਘ ਵੀ ਪਟਿਆਲੇ ਵਿੱਚ ਨੋਕਰੀ ਕਰਦਾ ਸੀ। ਉਹ ਛੁਟੀ ਆਇਆ। ਗਿਆਨੀ ਜੀ ਨੂੰ ਸੂਤ ਕੱਤਦਾ ਵੇਖ ਕੇ ਉਸਦਾ ਮਨ ਦ੍ਰਵਿਆ ਗਿਆ। ਉਹ ਗਿਆਨੀ ਜੀ ਨੂੰ ਪਟਿਆਲੇ ਲੈ ਗਿਆ ਅਤੇ ਦਸ ਰੁਪਏ ਮਹੀਨੇ ਉਤੇ ਗਰੰਥੀ ਲਗਵਾ ਦਿਤਾ। ਪਟਿਆਲੇ ਵਿੱਚ ਉਨ੍ਹਾਂ ਨੇ ਖੁਸ਼ਕਤੀ ਸਿਖ ਲਈ ਅਤੇ ਦਸ ਰੁਪਏ ਹੋਰ ਮਾਸਿਕ ਕਮਾਈ ਕਰਨ ਲਗੇ। ਇਥੇ ਆਤਮਾ ਰਾਮ ਸਾਧੂ ਪਾਸੋਂ ‘ਸਾਰਕੁਤਾਵਲੀ’ ਤੇ ਹੋਰ ਧਾਰਮਿਕ ਪੁਸਤਕਾਂ ਦਾ ਅਧਿਐਨ ਕੀਤਾ। ਡੇਢ ਵਰ੍ਹੇ ਪਿਛੋਂ ਉਹ ਫਿਰ ਆਪਣੇ ਪਿੰਡ ਮਾਤਾ ਜੀ ਕੋਲ ਆ ਗਏ।
ਇਥੋਂ ਗਿਆਨੀ ਜੀ ਦੇ ਜੀਵਨ ਦਾ ਇੱਕ ਨਵਾਂ ਦੌਰ ਆਰੰਭ ਹੁੰਦਾ ਹੈ। ਆਪ ਨੇ ਸਾਧੂ-ਸੰਤਾਂ ਦੀ ਸੰਗਤ ਕਰਨ ਦਾ ਹੀ ਮਨ ਬਣਾ ਲਿਆ ਅਤੇ ਦੇਸ਼ ਰਟਨ ਲਈ ਨਿਕਲ ਤੁਰੇ। ਆਪਨੇ ਸੰਨ 1854 ਈ: ਤੋਂ 1895 ਈ: ਤਕ, ਪੰਤਾਲੀ ਸਾਲ, ਇੱਕ ਸਾਧੂ ਦੀ ਤਰ੍ਹਾਂ ਜੀਵਨ ਬਤੀਤ ਕੀਤਾ। ਆਪ ਪ੍ਰਸਿਧ ਤੀਰਥ ਅਸਥਾਨਾਂ ਉਤੇ ਗਏ। ਇਸ ਸਮੇਂ ਵਿੱਚ ਜਿਥੇ ਆਪਨੇ ਚੰਗਾ ਚੋਖਾ ਧਾਰਮਿਕ ਸਾਹਿਤ ਪੜ੍ਹਿਆ ਉਥੇ ਸਿੱਖ ਇਤਿਹਾਸ ਲਿਖਣ ਲਈ ਇਤਿਹਾਸਕ ਸਮੱਗਰੀ ਪ੍ਰਾਪਤ ਕੀਤੀ। ਇਸੇ ਸਮੇਂ ਵਿੱਚ ਆਪ ਨਿਰਮਲਾ ਸੰਪ੍ਰਦਾ ਨਾਲ ਜੁੜ ਗਏ ਅਤੇ ਗੁਰਮਤਿ ਦੇ ਪ੍ਰਚਾਰ ਅਤੇ ਗੁਰਬਾਣੀ ਦੀ ਕਥਾ ਦੁਆਰਾ ਸਿਖ ਧਰਮ ਦੀ ਸੇਵਾ ਕੀਤੀ। ਆਪ ਨੇ ਜਿਨ੍ਹਾਂ ਅਸਥਾਨਾਂ ਦੀ ਯਾਤਰਾ ਕੀਤੀ, ਉਨ੍ਹਾਂ ਵਿਚੋਂ ਪ੍ਰਸਿਧ ਹਨ _ ਕਾਂਸ਼ੀ (ਬਨਾਰਾਸ), ਹਰਦੁਆਰ, ਸ੍ਰੀ ਨਗਰ (ਗੜ੍ਹਵਾਲ), ਕੁਰਖੇਤਰ, ਥਾਨੇਸ਼ਰ, ਰਿਸ਼ੀਕੇਸ਼, ਮਥਰਾ, ਬਿੰਦਰਾਬਨ, ਦਮਦਮਾ ਸਾਹਿਬ (ਸਾਬੋ ਕੀ ਤਲਵੰਡੀ) , ਅਨੰਦਪੁਰ ਸਾਹਿਬ, ਹੁਸ਼ਿਆਰਪੁਰ ਜ਼ਿਲੇ ਦੇ ਅਸਥਾਨ, ਜੁਆਲਾ-ਮੁਖੀ, ਚੰਬਾ, ਪਰਿਆਗਰਾਜ (ਅਲਾਹਾਬਾਦ) , ਜ਼ਬਲਪੁਰ, ਨਾਗਪੁਰ, ਅਕੋਲਾ, ਹੰਸਲੀ, ਹਜ਼ੂਰ ਸਾਹਿਬ, ਢਾਕਾ, ਜਗਨਨਾਥ ਪੁਰੀ, ਆਗਰਾ, ਨੇਪਾਲ, ਸਿੰਧ- ਹੈਦਰਾਬਾਦ ਆਦਿ। ਇਨ੍ਹਾਂ ਸਫਰਾਂ ਬਾਰੇ ਆਪ ਆਪਣੀ ਪੁਸਤਕ ‘ਗੁਰਧਾਮ ਸੰਗਹਿ’ ਵਿੱਚ ਲਿਖਦੇ ਹਨ:-
“ਉਨੀ ਸੈ ਗਿਆਰਾਂ (ਸੰਮਤ) ਤੋਂ ਲੈਕੇ। ਬਾਵਨ ਲੌ ਵਿਚਰਯੋ ਧਰ ਲੈ ਕੇ॥
ਜ਼ਰ ਜ਼ੋਰੂ ਵ ਜ਼ਮੀਨ ਆਪਨੀ। ਕਰੀ ਨ ਸੰਗ੍ਰਹ ਜਾਨ ਸਾਪਨੀ॥
ਸੋਊ ਹਜ਼ਾਰ ਕੁ ਹੈ ਮਮ ਪਾਸ। ਅਨਿਕ ਭਾਤਿ ਅਖਰੋਂ ਮੈ ਖਾਸ॥
ਜੋ ਗੁਰਮੁਖ ਨਰ ਪੇਖਯੋ ਚਾਹੈ। ਪਿਖੋ ਨਿਸ਼ੰਕ ਮੋਹਿ ਢਿਗ ਆਹੈਂ॥
ਜੈਸਾ ਜਿਨ ਦੇਖਯਾ ਤਯ ਲਿਖਿਆ। ਨਾਹਿ ਕਿਨੇ ਕਿਛੁ ਦੀਨੀ ਸਿਖਿਆ।
ਸਾਰੀ ਜੁਵਾ ਐਸ ਫਿਰ ਟਾਰੀ। ਫਿਰ ਨ ਸ਼ਕਤਿ ਜਬ ਰਹੀ ਨ ਭਾਰੀ॥
ਤਬ ਪਟਿਆਲੇ ਪੁਰ ਰਾਜਧਾਨੀ। ਫੂਲਬੰਸ ਜਹਿ ਭੂਪ ਮਹਾਨੀ॥
ਅਟਲ ਰਾਜ ਸਤਿਗੁਰੂ ਕਾ ਦੀਆ। ਕਰਤ ਸੁਤੰਤਰ ਜਬ ਬਹੁ ਥੀਆ॥
ਅਬ ਤਹਿ ਸ੍ਰੀ ਭੂਪਿੰਦ੍ਰ ਮ੍ਰਿਗੇਸ਼। ਰਾਜ ਧਰਮ ਕਾ ਭਗਤ ਬਸ਼ੇਸ਼॥
ਤਹਾਂ ਮੋਹਿ ਬਿਦਯਾ ਗੁਰ ਰੈਹਾ। ਤਾਰਾ ਹਰਿ ਪੰਡਤ ਬਿਦ ਤੈਹਾ॥
ਉਨਕੇ ਪਾਸ ਖਾਸ ਮੈ ਠਹਿਰਾ। ਫਿਰਨ ਸਮੇਂ ਜੋ ਸੰਗ੍ਰਹ ਗਹਿਰਾ॥
ਕੀਉ ਥਾ ਗੁਰਦਵਾਰਨ ਜਯੋ। ਉਨ ਢਿਗ ਤਜ ਦਿਲ ਦਖਣ ਗਯੋ॥
ਸਿੰਧ, ਕੱਛ, ਕਾਠੀ, ਗੁਜਰਾਤ। ਵੇਖੇ ਦੇਸ ਵੇਸ ਬਖਿਆਤ॥”
ਇੰਨਾਂ ਲੰਮਾਂ ਸਫਰ ਸ਼ਾਇਦ ਹੀ ਕਿਸੇ ਹੋਰ ਸਿੱਖ ਇਤਿਹਾਸਕਾਰ ਜਾਂ ਪ੍ਰਚਾਰਕ ਨੇ ਕੀਤਾ ਹੋਵੇ। ਫਿਰ ਗਿਆਨੀ ਜੀ ਦੀ ਇੱਕ ਲੱਤ ਵੀ ਖਰਾਬ ਸੀ ਅਤੇ ਆਰਥਕ ਪੱਖੋਂ ਵੀ ਹਾਲਤ ਚੰਗੀ ਨਹੀ ਸੀ। ਸਫਰਾਂ ਤੋਂ ਵਾਪਿਸ ਆ ਕੇ ਆਪ ਪਟਿਆਲੇ ਠਹਿਰ ਗਏ। ਇਥੇ ਹੀ ਉਨ੍ਹਾਂ ਦੇ ਧਾਰਮਿਕ-ਅਧਿਆਪਕ ਪੰਡਤ ਤਾਰਾ ਸਿੰਘ ਨਰੋਤਮ ਰਹਿੰਦੇ ਸਨ।
ਪਟਿਆਲੇ ਦੇ ਮਹਾਰਾਜਾ ਭੂਪਿੰਦਰ ਸਿੰਘ ਨੇ ਗਿਆਨੀ ਗਿਆਨ ਸਿੰਘ ਜੀ ਦੁਆਰਾ ਰਚਿਤ ਸਾਹਿਤ ਨੂੰ ਛਾਪਣ ਲਈ ‘ਹਿਸਟਰੀ ਸੁਸਾਇਟੀ’ ਨਾਂ ਦਾ ਇੱਕ ਵੱਖਰਾ ਵਿਭਾਗ ਵੀ ਖੋਲਿਆ ਅਤੇ ਇਸ ਸੁਸਾਇਟੀ ਲਈ ਇੱਕ ਲੱਖ ਪੈਂਤੀ ਹਜ਼ਾਰ ਦੀ ਰਕਮ ਵੀ ਮਨਜ਼ੂਰ ਕੀਤੀ। ਮੰਦੇ ਭਾਗਾਂ ਨੂੰ ਪਟਿਆਲੇ ਅਤੇ ਨਾਭਾ ਦੇ ਰਾਜਿਆਂ ਵਿਚਕਾਰ ਸੰਬੰਧ ਚੰਗੇ ਨਾ ਹੋਣ ਕਰਕੇ ਹਿਸਟਰੀ ਸੁਸਾਇਟੀ ਦਾ ਕੰਮ ਚਲ ਨਾ ਸਕਿਆ।
ਗਿਆਨੀ ਗਿਆਨ ਸਿੰਘ ਜੀ ਨੇ ਹੇਠ ਲਿਖੀਆਂ ਪੁਸਤਕਾਂ ਲਿਖੀਆਂ ਸਨ:-
1. ਪੰਥ ਪ੍ਰਕਾਸ਼ 2. ਤਵਾਰੀਖ ਗੁਰੁ ਖਾਲਸਾ, (ੳ) ਦਸ ਗੁਰੁ ਸਾਹਿਬਾਨ ਦਾ ਜੀਵਨ, (ਅ) ਸ਼ਮਸ਼ੇਰ ਖਾਲਸਾ, (ੲ) ਰਾਜ ਖਾਲਸਾ, (ਹ) ਪੰਥ ਖਾਲਸਾ, 3. ਗੁਰਧਾਮ ਸੰਗ੍ਰਹਿ, , 4. ਨਿਰਮਲ ਪੰਥ ਪ੍ਰਦੀਪਕਾ, 5. ਰਿਪੁਦਮਨ ਪ੍ਰਕਾਸ਼, 6. ਭੁਪਿੰਦਰਾ ਨੰਦਨ, 7. ਇਤਿਹਾਸ ਰਿਆਸਤ ਬਾਗੜੀਆਂ, 8. ਤਵਾਰੀਖ ਸ੍ਰੀ ਅੰਮ੍ਰਿਤਸਰ, 9. ਤਵਾਰੀਖ ਲਾਹੌਰ, 10. ਸੂਰਜ ਪ੍ਰਕਾਸ਼ ਵਾਰਤਕ, (3 ਭਾਗ) 11. ਇਤਿਹਾਸ ਭਾਈ ਰੂਪ ਚੰਦ, 12. ਗੁਰਪੁਰਬ ਪ੍ਰਕਾਸ਼, 13. ਕੰਵਲ ਫੂਲ ਮਾਲਾ, 14. ਅੰਮ੍ਰਿਤ ਪ੍ਰਕਾਸ਼, 15. ਨੀਤੀ ਪ੍ਰਕਾਸ਼, 16. ਖਾਲਸਾ ਧਰਮ-ਪਤਿਤ ਪਾਵਨ, 17. ਭੇਖ ਪ੍ਰਭਾਵਕ, 18. ਸਵੈ-ਜੀਵਨੀ (ਜਿਸ ਦਾ ਖਰੜਾ ਗੁਆਚ ਗਿਆ ਸੀ),
ਉਪਰੋਕਤ ਪੁਸਤਕਾਂ ਤੋਂ ਛੁੱਟ ਗਿਆਨੀ ਗਿਆਨ ਸਿੰਘ ਜੀ ਨੇ ਸਨਾਤਨੀ ਪ੍ਰਭਾਵ ਵਾਲੀਆਂ ਕੁੱਝ ਹੋਰ ਪੁਸਤਕਾਂ ਲਿਖੀਆਂ ਹਨ। ਗਿਆਨੀ ਜੀ ਦੀਆਂ ਆਮ ਸਿੱਖ ਸੰਗਤਾਂ ਵਿੱਚ ਦੋ ਪੁਸਤਕਾਂ ‘ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੁ ਖਾਲਸਾ’ ਹੀ ਪ੍ਰਸਿਧ ਹੋਈਆਂ ਹਨ। ਇਨ੍ਹਾਂ ਵਿੱਚ ਉਨ੍ਹਾਂ ਨੇ ਸ੍ਰੀ ਗੁਰੁ ਨਾਨਕ ਦੇਵ ਜੀ ਤੋਂ ਸੰਨ 1891 ਈ: ਦਾ ਇਤਿਹਾਸ ਲਿਖਿਆ ਹੈ। ਭਾਈ ਰਤਨ ਸਿੰਘ ਭੰਗੂ ਅਤੇ ਬੂਟੇ ਸ਼ਾਹ ਦੀਆਂ ਪੁਸਤਕਾਂ ਵਿਚੋਂ ਇਤਿਹਾਸਕ ਸਮੱਗਰੀ ਲਈ ਹੈ। ਬੁਹਤ ਸਾਰੀ ਸਮੱਗਰੀ ਉਨ੍ਹਾਂ ਨੇ ਆਪਣੇ ਸਫਰਾਂ ਵਿੱਚ ਵੀ ਇਕੱਤਰ ਕੀਤੀ ਸੀ। ਗਿਆਨੀ ਜੀ ਦੀਆਂ ਪੁਸਤਕਾਂ ਵਿੱਚ ਜਿਥੇ ਵਿਦਵਤਾ ਦੇ ਝਲਕਾਰੇ ਪੈਂਦੇ ਹਨ ਉਥੇ ਉਨ੍ਹਾਂ ਦੀਆਂ ਪੁਸਤਕਾਂ ਵਿੱਚ ਇਤਿਹਾਸ ਦੇ ਨਾਲ ਮਿਥਿਹਾਸ ਵੀ ਰਲਿਆ ਪਿਆ ਹੈ। ਇਨ੍ਹਾਂ ਪੁਸਤਕਾਂ ਵਿੱਚ ਕਰਾਮਾਤੀ ਅੰਸ਼ ਬੁਹਤ ਹੈ। ਇੰਝ ਜਾਪਦਾ ਹੈ ਉਨ੍ਹਾਂ ਨੇ ਜਨਮ ਸਾਖੀਆਂ, ਮਹਿਮਾ ਪ੍ਰਕਾਸ਼ ਅਤੇ ਸੂਰਜ ਪ੍ਰਕਾਸ਼ ਆਦਿਕ ਗਰੰਥਾਂ ਵਿੱਚ ਲਿਖੇ ਬ੍ਰਿਤਾਂਤਾਂ ਨੂੰ ਹੀ ਦੁਹਰਾ ਦਿਤਾ ਹੈ, ਉਨ੍ਹਾਂ ਦੀ ਇਤਿਹਾਸਕ ਪ੍ਰਮਾਣਿਕਤਾ ਨੂੰ ਪਰਖਣ ਦਾ ਜਤਨ ਨਹੀਂ ਕੀਤਾ। ਇਸ ਕਰਕੇ ਗਿਆਨੀ ਗਿਆਨ ਸਿੰਘ ਜੀ ਦੀਆਂ ਪੁਸਤਕਾਂ ਵਿੱਚ ਕਈ ਅਜਿਹੀਆਂ ਘਟਨਾਵਾਂ ਵੀ ਦਰਜ ਹਨ, ਜੋ ਸਿੱਖ-ਸਤਿਗੁਰਾਂ ਦੀ ਸ਼ਖਸੀਅਤ ਨਾਲ ਮੇਲ ਨਹੀ ਖਾਂਦੀਆਂ ਅਤੇ ਗੁਰਮਤਿ-ਵਿਚਾਰਧਾਰਾ ਤੋਂ ਵੀ ਉਲਟ ਹਨ। ਗਿਆਨੀ ਜੀ ਨੇ ਆਪਣੇ ਸਮੇਂ ਹੋਈ ਇਤਿਹਾਸਕ ਖੋਜ ਤੋਂ ਵੀ ਕੋਈ ਫ਼ਾਇਦਾ ਨਹੀ ਉਠਾਇਆ, ਸਗੋਂ “ਬਿਖੈੜਿਆਂ” ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੇ ਸਮੇਂ ਸਰਦਾਰ ਕਰਮ ਸਿੰਘ ਹਿਸਟੋਰੀਅਨ ਸਿੱਖ ਇਤਿਹਾਸ ਨੂੰ ਵਿਗਿਆਨਕ ਲੀਹਾਂ ਪੁਰ ਲਿਖਣ ਦੀ ਕੋਸ਼ਿਸ਼ ਕਰ ਰਹੇ ਸਨ, ਇਤਿਹਾਸਕ ਖੋਜ ਵਲ ਧਿਆਨ ਨਹੀ ਦਿਤਾ।
ਗਿਆਨੀ ਗਿਆਨ ਸਿੰਘ ਭਾਵੇਂ ਆਪ ਨਿਰਮਲੇ ਸਨ, ਪਰ ਜਦੋਂ ਉਨ੍ਹਾਂ ਨੇ ਕੂਕਿਆਂ (ਨਾਮਧਾਰੀਆਂ), ਨਿਹੰਗਾਂ ਉਦਾਸੀਆਂ ਆਦਿਕ ਬਾਰੇ ਲਿਖਿਆ ਤਾਂ ਬੜੀ ਨਿਰਪੱਖਤਾ ਨਾਲ ਸਭ ਦੀ ਪ੍ਰਸ਼ੰਸਾ ਕੀਤੀ। ਆਪ ਸਭ ਨੂੰ ਪੰਥ ਦਾ ਅੰਗ ਸਮਝਦੇ ਸਨ। ਆਪ ਨੇ ਸਿੱਖ-ਸਰਦਾਰਾਂ ਦੇ ਜੀਵਨ ਵਿੱਚ ਆਈਆਂ ਊਣਤਾਈਆਂ ਅਤੇ ਮਗਰਲੇ ਉਦਾਸੀਆਂ ਦੇ ਪੰਥਕ-ਧਾਰਾ ਤੋਂ ਦੂਰ ਜਾਣ ਦੀ ਆਲੋਚਨਾ ਵੀ ਕੀਤੀ ਹੈ।
ਗਿਆਨੀ ਜੀ ਦੀਆਂ ਪੁਸਤਕਾਂ ਦਾ ਵਿਸ਼ਾ-ਵਸਤੂ ਅਤੇ ਉਨ੍ਹਾਂ ਦੇ ਵਿਚਾਰ ਭਾਵੈਂ ਕੈਸੇ ਵੀ ਹੋਣ, ਗਿਆਨੀ ਜੀ ਆਪਣੀਆਂ ਰਚਨਾਂਵਾਂ ਨੂੰ ਪੰਥ ਦੀ ਅਮਾਨਤ ਸਮਝਦੇ ਸਨ। ਇਹ ਸਭ ਉਨ੍ਹਾਂ ਨੇ ਪੰਥ-ਸੇਵਾ ਦੀ ਭਾਵਨਾ ਨਾਲ ਹੀ ਲਿਖੀਆਂ ਸਨ। ਉਨ੍ਹਾਂ ਨੇ ਆਪਣੀਆਂ ਸਾਰੀਆਂ ਛਪੀਆਂ ਤੇ ਅਣ-ਛਪੀਆਂ ਪੁਸਤਕਾਂ ਖਾਲਸਾ ਟ੍ਰੈਕਟ ਸੁਸਾਇਟੀ, ਅੰਮ੍ਰਿਤਸਰ ਨੂੰ ਦੇ ਦਿਤੀਆਂ ਸਨ। ਸੁਸਾਇਟੀ ਦੇ ਇਕਰਾਰ ਮੁਤਾਬਿਕ ਇਹ ਪੁਸਤਕਾਂ’ ਵਜ਼ੀਰ ਹਿੰਦ ਪ੍ਰੈਸ” ਵਿੱਚ ਛਪਣੀਆਂ ਸਨ। ਗਿਆਨੀ ਜੀ ਤੋਂ ਪੁਸਤਕਾਂ ਲੈ ਕੇ ਖਾਲਸਾ ਟ੍ਰੈਕਟ ਸੁਸਾਇਟੀ ਵਾਲਿਆਂ ਨੇ ਗਿਆਨੀ ਜੀ ਦੀ ਪ੍ਰਸੰਸਾ ਵਿੱਚ ਇੱਕ ਇਸ਼ਤਿਹਾਰ ਆਪਣੀ ਅਖਬਾਰ ਵਿੱਚ ਛਾਪਿਆ ਅਤੇ ਗਿਆਨੀ ਜੀ ਦੇ ਅੰਨ-ਬਸਤਰਾਂ ਦੇ ਨਿਰਬਾਹ ਵਾਸਤੇ 12 ਰੁਪਏ ਮਹੀਨਾ ਦੇਣ ਦਾ ਜੁੰਮਾ ਲਿਆ। ਇਸ ਸੁਸਾਇਟੀ ਦੇ ਪ੍ਰਬੰਧਕ ਸਨ ਭਾਈ ਵੀਰ ਸਿਘ ਜੀ ਦੇ ਪਿਤਾ ਡਾ. ਚਰਨ ਸਿਘ ਜੀ, ਸ੍ਰ: ਤਿਰਲੋਚਨ ਸਿੰਘ ਸ੍ਰ: ਵਜ਼ੀਰ ਸਿੰਘ ਤੇ ਸ੍ਰ ਸੁਰਜਨ ਸਿੰਘ ਆਦਿਕ।
ਖਾਲਸਾ ਟ੍ਰੈਕਟ ਸੁਸਾਇਟੀ ਨੇ ਗਿਆਨੀ ਜੀ ਨਾਲ ਕੀਤਾ ਇਕਰਾਰ ਨਾ ਪਾਲਿਆ ਤੇ ਗਿਆਨੀ ਜੀ ਦੀਆਂ ਕੁੱਝ ਅਣਛੱਪੀਆਂ ਪੁਸਤਕਾਂ ਨਾ ਛਾਪੀਆਂ। ਗਿਆਨੀ ਜੀ ਦੇ ਵਾਰ ਵਾਰ ਕਹਿਣ ਉਤੇ ਵੀ ਸੁਸਾਇਟੀ ਨੇ ਕੋਈ ਪ੍ਰਵਾਹ ਨਾ ਕੀਤੀ। ਇਸ ਗੱਲ ਦਾ ਗਿਆਨੀ ਜੀ ਨੂੰ ਬੁਹਤ ਦੁਖ ਹੋਇਆ ਤੇ ਉਨ੍ਹਾਂ ਸਮਝਿਆ ਕਿ ਸੁਸਾਇਟੀ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਤੇ ਉਨ੍ਹਾਂ ਆਪਣੇ ਸੁਆਰਥ ਲਈ ਗਿਆਨੀ ਜੀ ਦੀ ਤੀਹ ਵਰਿਆਂ ਦੀ ਮਿਹਨਤ ਬਰਬਾਦ ਕਰ ਦਿਤੀ ਹੈ। ਗਿਆਨੀ ਜੀ ਨੇ ਆਪਣੇ ਦੁਖ ਨੂੰ ‘ਰਿਪਦੁਮਨ ਪ੍ਰਕਾਸ਼’ ਦੇ ਪੰਨਾ-69 ਵਿੱਚ ਪ੍ਰਗਟ ਕੀਤਾ ਹੈ। ਆਪ ਲਿਖਦੇ ਹਨ:-
‘ਜੋ ਪੁਸਤਕ ਗਿਆਨੀ ਰਚੇ ਹਮ ਛਾਪੇਂਗੇ ਸੋਇ।’
ਇਹ ਸ਼ਰਤ ਉਨ ਜੋ ਲਿਖੀ, ਪਾਲੀ ਨਹੀ ਕੋਇ।
ਅਤਿ ਅਨਿਆਇ, ਉਨ ਜ਼ੁਲਮ ਬਡ, ਮੁਝ ਸੇ ਕੀਨੋ ਆਪ।
ਨਹਿ ਖਰੜੇ ਮੁੜ ਦੇਤ ਹੈਂ, ਨਹਿ ਛਾਪਤ ਹੈਂ ਆਪ।
ਵਰਸ ਸਤਾਰਾਂ ਭਏ ਹੈਂ, ਉਨ ਕੋ ਦਏ ਬਨਾਇ।
ਖਟੇ ਮੇਂ ਪਾ ਰਹੇ ਹੈਂ, ਟਾਲਾ ਕਰਤ ਰਹਾਇ। ਐਸੇ ਸਿੱਖਨ ਕੋ ਗੁਰੂ, ਬਖਸੇ ਆਪ ਸੁਮੱਤਿ।
ਕਰੈਂ ਨਾ ਆਗੈ ਔਰ ਸੋਂ, ਮੁਝ ਸੈ ਕਰੀ ਕੁਪੱਤ।
ਮਿਹਨਤ ਮੇਰੀ ਬਿਰਧ ਕੀ, ਤੀਸ ਬਰਸ ਕੀ ਜੋਇ।
ਬੇ-ਕਦਰੇ, ਨਾ–ਸ਼ੁਕਰੀਆਂ, ਬਿਰਥਾ ਰਾਖੀ ਖੋਇ।
ਸੇਵਾ ਜੋ ਮੈਂ ਪੰਥ ਕੀ, ਕਰੀ ਲਾਭ ਕੇ ਹੇਤ।
ਗਰੇ ਪਰੇ ਮਤਸਰ ਭਰੇ, ਮਰੇ ਮਾਰ ਪਕ ਖੇਤ।
ਮਮ ਰਚਨਾਂ ਸੇ ਪੰਥ ਕਾ, ਹੋਨਾ ਥਾ ਜੋ ਲਾਭ।
ਸੋ ਸੁਸਾਇਟੀ ਨ ਦਯੋ, ਪੰਥ ਰਹਿ ਗਯੋ ਅਲਾਭ।
ਸਾਗਰ ਸਮ ਮਮ-ਕ੍ਰਿਤ ਸੇਂ, ਟਰੈਕਟ ਛਾਪ ਅਨੇਕ।
ਧਨ ਅਰ ਨਾਮ ਕਮਾ ਰਹੇ, ਪੰਥਕ ਆਗੂ ਨੇਕ।
ਸੁਸਾਇਟੀ ਦੇ ਆਗੂਆਂ ਦਾ ਕਿਰਦਾਰ ਪੇਸ਼ ਕਰਨ ਮਗਰੋਂ ਗਿਆਨੀ ਜੀ ਆਪਨੇ ਮਨ ਨੂੰ ਸਮਝਾਉਂਦੇ ਹਨ:-
ਤਬ ਮੈਂ ਨਿਸਚਾ ਐਸੋ ਕੀਨਾ। ਬੋ ਮਨ ਤੂੰ ਠਗਨ ਲੀਨਾ।
ਨਾਮ ਸਿੰਘ, ਯਹਿ ਦਿਲ ਕੇ ਚੋਰ। ਠਗੀ ਕਰਤ ਮਿਸਟ ਬਣ ਘੋਰ।
ਪੰਥਕ ਸੇਵਾ ਕੀ ਲੈ ਆੜ। ਜੇਬਾਂ ਖੀਸੇ ਲੇਵਤ ਝਾੜ।
ਪੰਥਕ ਸੇਵਾ ਸ਼ੋਰ ਮਚਾਤੇ। ਇਸ ਬਿਧ, ਠਗ ਕਰ ਲੋਕਾਂ ਖਾਤੇ।
ਫਿਰ ਮੈਂ ਨਿਜ ਮਨ ਸਮਝਾਇੳ। ਭੋ ਮਨ ਤੈ ਬਡ ਧੋਖਾ ਖਾਇਓ।
ਆਪਣੀ ਜ਼ਿੰਦਗੀ ਨੂੰ ਪੰਥ ਸੇਵਾ ਵਿੱਚ ਬਤੀਤ ਕਰਦਿਆਂ ਹੋਇਆਂ, 99 ਵਰਿਆਂ ਦੀ ਆਯੂ ਭੋਗ ਕੇ, ਗਿਆਨੀ ਗਿਅਨ ਸਿੰਘ ਜੀ 24 ਸਤੰਬਰ 1921 ਨੂੰ ਇਸ ਨਾਸ਼ਵੰਤ ਸੰਸਾਰ ਤੋਂ ਕੂਚ ਕਰ ਗਏ।

ਚੋਣਵੀਆਂ ਸਿੱਖ ਜੀਵਨੀਆਂ – ਪੰਨਾ 44.
ਸਿੱਖ ਮਿਸ਼ਨਰੀ ਕਾਲਜ਼ (ਲੁਧਿਅਣਾ)
ਐਡੀਸ਼ਨ:
ਸੰਤ ਕਵੀ ਦੇ ਨਾਮ ਨਾਲ ਜਾਣੇ ਜਾਂਦੇ ਭਾਈ ਵੀਰ ਸਿੰਘ ਦੀ ਅਸਲੀਅਤ ਤਾਂ ਕੁੱਝ ਹੋਰ ਹੀ ਹੈ। 1987 ਵਿੱਚ ਜਦੋਂ ਮੈਂ ਦਿੱਲੀ ਰਹਿਣਾ ਸ਼ੁਰੂ ਕੀਤਾ ਤਾਂ ਬੰਗਲਾ ਸਾਹਿਬ ਗੁਰਦੁਆਰਾ ਵਿਚੋਂ ਬਾਹਰ ਆਉਂਦੇ ਸਮੇਂ ਮੇਰੀ ਨਜ਼ਰ ‘ਭਾਈ ਵੀਰ ਸਿੰਘ ਰੋਡ’ ਦੇ ਬੋਰਡ ਤੇ ਪਈ। ਮੇਰਾ ਦਫਤਰ ਭਾਈ ਵੀਰ ਸਿੰਘ ਸਦਨ ਦੇ ਬਿਲਕੁਲ ਨਜ਼ਦੀਕ ਸੀ ਇਸ ਕਰਕੇ ਇਹ ਫੁਰਨਾ ਮਨ ਵਿੱਚ ਆਇਆ ਕਿ, “ਪਤਾ ਕੀਰੀਏ ਕਿ ਭਾਈ ਵੀਰ ਸਿੰਘ ਜੀ ਕੌਣ ਸਨ” ?
ਇਕ ਦਿਨ ਗੁਰਦੁਆਰੇ ਗਿਆਂ ਸਿੱਖ ਰਹਿਤ ਮਰਯਾਦਾ ਹੱਥ ਲੱਗ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਵਿੱਚ ਗੁਰ-ਮਰਯਾਦਾ ਨੂੰ ਠੀਕ ਤਰ੍ਹਾਂ ਨੀਯਤ ਕਰਨ ਹਿਤ, ਰਹਿਤ ਮਰਯਾਦਾ ਦਾ ਇੱਕ ਖਰੜਾ ਤਿਆਰ ਕਰਨ ਲਈ ਇੱਕ ਸਬ-ਕਮੇਟੀ ਬਣਾਈ ਸੀ ਜਿਸਦੇ ਦੇ ਮੈਂਬਰ ਦੀ ਲਿਸਟ ਵਿੱਚ ਭਾਈ ਵੀਰ ਸਿੰਘ ਜੀ ਗਿਆਰਵੇਂ ਸਥਾਨ ਤੇ ਦਰਜ਼ ਵੇਖ ਕੇ ਮਨ ਵਿੱਚ ਹੋਰ ਉੱਕਸੁਕਤਾ ਜਾਗ ਪਈ। ਸਿੱਖੀ ਨੂੰ ਸਮਰਪਤ ਸਿੱਖਾਂ ਨਾਲ ਗੱਲਬਾਤ ਕਰਨ ਉਪਰੰਤ ਘੌਖ ਪੜਤਾਲ ਕਰਨ ਤੋਂ ਬਾਅਦ ਨਤੀਜਾ ਇਹ ਨਿਕਲਿਆ ਕਿ ਭਾਈ ਵੀਰ ਸਿੰਘ ਦੀ ਸ਼ਖਸੀਅਤ ਸਾਫ ਨਹੀਂ ਸੀ ਸਗੋਂ ਉਹ ਸਿੱਖੀ ਵਿੱਚ ਘੁਸਪੈਠੀਆ ਸੀ। ਕਿਵੇਂ:
1. ਸਿੱਖ ਦੀ ਤਾਰੀਫ ਵਿੱਚ “ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਹਿਬਾਨ ਦੀ ਬਾਣੀ” ਬਾਕੀ ਤਾਂ ਠੀਕ ਹੈ ਪਰ ਜਦੋਂ ਸਾਨੂੰ ਇਹ ਸਪੱਸ਼ਟ ਰੂਪ ਵਿੱਚ ਪਤਾ ਹੈ ਕਿ ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਸਹਿਬਾਨ ਦੀ ਕੋਈ ਬਾਣੀ ਨਹੀਂ ਮਿਲਦੀ ਤਾਂ ਫਿਰ ਇਹ ਲਿਖ ਦੇਣਾ ਕਿ ਦਸ ਗੁਰੂ ਸਹਿਬਾਨ ਦੀ ਬਾਣੀ ਨੂੰ ਮੰਨਦਾ ਹੋਵੇ ਦਸਮ ਗ੍ਰੰਥ ਜੋ ਅੱਜ ਸਿੱਖਾਂ ਦੇ ਗਲੇ ਦੀ ਹੱਡੀ, ਹੱਥ ਦੇ ਨਸੂਰ ਵਾਂਗੂ ਤੇ ਕਣਕ ਦੇ ਘੁਣ ਵਾਂਗੂ ਸਿੱਖੀ ਨੂੰ ਖਾਈ ਜਾ ਰਿਹਾ ਹੈ ਇਹ ਕਰਾਮਾਤ ਭਾਈ ਵੀਰ ਸਿੰਘ ਤੋਂ ਬਗੈਰ ਹੋਰ ਕੋਈ ਨਹੀਂ ਕਰਕੇ ਗਿਆ।
2. ਨਿਤਨੇਮ ਦੀਆਂ ਪੰਜ ਬਾਣੀਆਂ ਨਿਸਚਤ ਕਰਨ ਵਾਲਾ ਵੀ ਭਾਈ ਵੀਰ ਸਿੰਘ ਹੀ ਹੈ। ਸਿੱਖ ਰਹਿਤ ਮਰਯਾਦਾ, ਜੋ 1942-45 ਵਿੱਚ ਲਾਗੂ ਹੋਈ ਹੈ, ਤੋਂ ਪਹਿਲਾਂ ਦਾ ਕੋਈ ਵੀ ਸਬੂਤ ਨਹੀਂ ਮਿਲਦਾ ਕਿ
ਗੁਰੂ ਗੋਬਿੰਦ ਸਿੰਘ ਜੀ ਵੇਲੇ ਅੰਮ੍ਰਿਤ ਤਿਆਰ ਕਰਨ ਵੇਲੇ ਕਿਹੜੀਆਂ ਪੰਜ ਬਾਣੀਆਂ ਪੜ੍ਹੀਆਂ ਗਈਆਂ ਸਨ ਤੇ ਨਿਤਨੇਮ ਕੀ ਸੀ? ਗੁਰੂ ਅਰਜਨ ਪਾਤਸ਼ਾਹ ਮੁਤਾਬਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਮੁਢਲੇ 13 ਪੰਨੇ ਹੀ ਸਿੱਖ ਦੀ ਨਿਤਨੇਮ ਦੀ ਬਾਣੀ ਹੈ।
3. ਭੋਗ ਦੇ ਸਿਰਲੇਖ ਹੇਠਾਂ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾ ਰਾਗਮਾਲਾ ਪੜ੍ਹ ਕੇ ਚੱਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ ਵਿੱਚ ਅਜੇ ਤਕ ਮੱਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾ ਛਾਪਣ ਦਾ ਕੋਈ ਹੀਆ ਨਾ ਕਰੇ)। ਜਾਣੀ ਕੇ ਰਾਗਮਾਲਾ ਦਾ ਟੈਂਟਾ ਵੱਡਿਆ ਜਾ ਚੁਕਿਆ ਸੀ ਪਰ ਭਾਈ ਵੀਰ ਸਿੰਘ ਜੀ ਫਿਰ ਵੀ ਇਸ ਨੂੰ ਪੰਥ ਦੇ ਗਲੇ ਦੀ ਹੱਡੀ ਬਣਾਉਣ ਵਿੱਚ ਸਫਲ ਹੋ ਗਿਆ।
4. ਅਰਦਾਸ ਵਿੱਚ ਭਗਾਉਤੀ ਵਾਲੀ ਪਉੜੀ ਪਾਉਣ ਵਿੱਚ ਵੀ ਇਸੇ ਭਾਈ ਜੀ ਦਾ ਹੱਥ ਹੈ।
5. ਭਾਈ ਵੀਰ ਸਿੰਘ ਜੀ ਦੇ ਚਲਾਣਾ ਕਰਨ ਉਪਰੰਤ ਇਨ੍ਹਾਂ ਦੀ ਪ੍ਰਿਟਿੰਗ ਪਰਿਸ ਵਿਚੋਂ 155 ਹੱਥ ਲਿਖਤ ਖਰੜੇ ਮਿਲੇ ਹਨ ਜੋ ਭਾਈ ਜੀ ਨੇ ਨਾ ਤਾਂ ਛਾਪੇ ਤੇ ਨਾ ਹੀ ਇਨ੍ਹਾਂ ਲਿਖਤਾਂ ਦੇ ਲਿਖਾਰੀਆਂ ਨੂੰ ਇਹ ਖਰੜੇ ਵਾਪਸ ਕੀਤੇ। ਇਸ ਬਾਰੇ ਕੁੱਝ ਕਹਿਣ ਤੋਂ ਪਹਿਲਾਂ ਸਾਨੂੰ ਭਾਈ ਜੀ ਦੇ ਨਾਮ ਨਾਲੋਂ ਸੰਤ ਕਵੀ ਵਿਸ਼ੇਸਣ ਨੂੰ ਜਰੂਰ ਹਟਾ ਲੈਣਾ ਜ਼ਰੂਰੀ ਜਾਪਦਾ ਹੈ।
6. ਗਿਆਨੀ ਗਿਆਨ ਸਿੰਘ ਜੀ ਦੀਆਂ ਲਿਖਤਾਂ ਚੋਰੀ ਕਰਨ ਵਾਲਾ ਭਾਈ ਵੀਰ ਸਿੰਘ ਤਾਂ ਆਪਾਂ ਗਿਆਨੀ ਜੀ ਦੀ ਹੱਥ ਲਿਖਤ ਰਾਹੀਂ ਹੀ ਸਮਝ ਗਏ ਹਾਂ।
7. ਧਨੀਰਾਮ ਚਾਤ੍ਰਿਕ ਜੀ ਪਹਿਲਾਂ ਵਜ਼ੀਰ ਪ੍ਰਿਟਿੰਗ ਪਰਿਸ ਤੇ ਹੀ ਕੰਮ ਕਰਦੇ ਸਨ। ਜਦੋਂ ਭਾਈ ਵੀਰ ਸਿੰਘ ਜੀ ਨੇ ਧਨੀਰਾਮ ਜੀ ਦੀਆਂ ਕਵਿਤਾਵਾਂ ਆਪਣੇ ਨਾਮ ਥੱਲੇ ਹੀ ਛਾਪ ਦਿੱਤੀਆਂ ਤਾਂ ਧਨੀਰਾਮ ਜੀ ਇਨ੍ਹਾ ਨੂੰ ਛੱਡ ਕੇ ਵੱਖ ਹੋ ਗਏ ਤੇ ਉਨ੍ਹਾਂ ਨੇ ਆਪਣੀ ਪਰਿਸ ਅਲੱਗ ਲਗਾ ਲਈ।
8. ਹੇਮਕੁੰਟ ਨੂੰ ਸਿੱਖਾਂ ਦੇ ਗਲ ਮੜ੍ਹਨ ਵਾਲਾ ਵੀ ਇਹੀ ਭਾਈ ਵੀਰ ਸਿੰਘ ਹੈ। ਆਪਣੀਆਂ ਲਿਖਤਾਂ ਵਿੱਚ ਇਹ ਲਿਖਦਾ ਹੈ ਕਿ ਹੇਮਕੁੰਟ ਦਾ ਰਿਕਾਰਡ ਇਸ ਨੂੰ ਆਪਣੇ ਨਾਨੇ ਦੇ ਬਸਤੇ ਵਿਚੋਂ ਮਿਲਿਆ ਜਦੋਂ ਕਿ ਜਿਉਂਦੇ ਜੀਆ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਇੱਕ ਵੀ ਸਿੱਖ ਨੂੰ ਕਦੀ ਵੀ ਹੇਮਕੁੰਟ ਬਾਰੇ ਕੁੱਝ ਨਹੀਂ ਦੱਸਿਆ ਕਿਉਂਕਿ ਦੱਸਣ ਵਾਸਤੇ ਕੁੱਝ ਹੈ ਹੀ ਨਹੀਂ ਸੀ।
9. ਭਾਈ ਵੀਰ ਸਿੰਘ ਜੀ ਦੀਆਂ ਬਹੁਤੀਆਂ ਲਿਖਤਾਂ ਜੋ ਸ਼ਟਮ ਚਮਤਕਾਰ ਅਤੇ ਦਸਮ ਚਮਤਕਾਰ ਦੇ ਨਾਮ ਨਾਲੇ ਜਾਣੇ ਜਾਂਦੇ ਹਨ ਉਨ੍ਹਾਂ ਵਿੱਚ ਸਿੱਖੀ ਵਾਲੀ ਤਾਂ ਕੋਈ ਗੱਲ ਨਹੀ ਪਰ ਚਮਤਕਾਰ ਜ਼ਰੂਰ ਲੱਭ ਪੈਣਗੇ।
ਹੋਰ ਵੀ ਬਹੁਤ ਸਾਰੇ ਕਾਰਣ ਲੱਭੇ ਜਾ ਸਕਦੇ ਹਨ। ਇਸੇ ਹੀ ਤਰ੍ਹਾਂ ਪ੍ਰੋ. ਸਾਹਿਬ ਸਿੰਘ ਆਪਣੀ ਜੀਵਨੀ ਵਿੱਚ ਭਾਈ ਵੀਰ ਸਿੰਘ ਜੀ ਦਾ ਨਾਮ ਲਇਆਂ ਬਗੈਰ ਪਰ ਅੰਮ੍ਰਿਤਸਰ ਦਾ ਪ੍ਰਸਿੱਧ ਲਿਖਾਰੀ ਕਰਕੇ ਸਾਨੂੰ ਇਸ਼ਾਰਾ ਕਰਦੇ ਹਨ ਕਿ ਜੇ ਕਰ ਸੰਤ ਤੇਜਾ ਸਿੰਘ ਮੈਨੂੰ ਇਸ਼ਾਰਾ ਨਾ ਕਰਦੇ ਤਾਂ ਮੈਂ ਵੀ ਆਪਣੀ ਗੁਰਬਾਣੀ ਵਿਆਕਰਣ ਪੁਸਤਕ ਭਾਈ ਵੀ ਸਿੰਘ ਜੀ ਨੂੰ ਦੇ ਬਹਿਣੀ ਸੀ। ਜਦੋਂ ਮੈਂ ਦਿੱਲੀ ਰਹਿੰਦਾ ਸੀ ਤਾਂ, ਕੋਈ 15 ਕੁ ਸਾਲ ਪਹਿਲਾਂ ਪੰਜਾਬੀ ਟਰੀਬਿਊਨ ਵਿੱਚ ‘ਭਾਈ ਵੀਰ ਸਿੰਘ ਦਾ ਦੂਜਾ ਪਾਸਾ’ ਲੇਖ ਪੜ੍ਹਨ ਨੂੰ ਮਿਲਿਆ ਤੇ ਇਸਦੇ ਸੱਕੇ ਸਬੰਧੀਆਂ ਦੀ ਜ਼ਬਾਨੀ, “ਭਾਈ ਵੀਰ ਸਿੰਘ ਦਾ ਸਰਕਾਰੇ ਦਰਬਾਰੇ ਬੈਠਣ ਉੱਠਣ ਸੀ ਤੇ ਅਸੀਂ ਅਣਪੜ੍ਹ ਲੋਕ ਕੁੱਝ ਜਾਣਦੇ ਬੁੱਝਦੇ ਵੀ ਨਹੀਂ ਸੀ ਇਸ ਕਰਕੇ ਉਹ ਤਾਂ ਸਾਡੀਆਂ ਜ਼ਮੀਨਾਂ ਵੀ ਆਪਣੇ ਹੀ ਨਾਮ ਲਵਾ ਗਿਆ”।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।
www.singhsabhacanada.com




.