.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਐਸਾ ਗਿਆਨੁ ਜਪਹੁ ਮਨ ਮੇਰੇ

ਮਹਾਨ ਕੋਸ਼ ਵਿੱਚ ਗਿਆਨ ਦੇ ਦੋ ਅਰਥ ਆਏ ਹਨ। ਪਹਿਲਾ ਜਾਨਣਾ, ਬੋਧ, ਸਮਝ, ਇਲਮ— ‘ਅੰਤਰਿ ਗਿਆਨੁ ਨ ਆਇਓ, ਮਿਰਤਕੁ ਹੈ ਸੰਸਾਰਿ’॥ ਦੂਸਰਾ ਅਰਥ ਆਉਂਦਾ ਏ ਪਾਰਬ੍ਰਹਮ, ਜੋ ਗਿਆਨ ਸਰੂਪ ਹੈ, ਇਹ ਦੋਵੇਂ ਅਰਥ ਬਹੁਤ ਭਾਵ ਪੂਰਤ ਹਨ ਜੋ ਪਰਮਾਤਮਾ ਸਬੰਧੀ ਸਾਰੇ ਸ਼ੰਕੇ ਨਿਵਰਤ ਕਰਦੇ ਹਨ ਕਿ ਪ੍ਰਮਾਤਮਾ ਇੱਕ ਡੂੰਘਾ ਗਿਆਨ ਹੈ ਜੋ ਮਨੁਖਤਾ ਦੀ ਤਰੱਕੀ ਦਾ ਰਾਹ ਮੋਕਲ਼ਾ ਕਰਦਾ ਹੋਇਆ ਸਾਂਝੀਵਾਲਤਾ, ਆਪਸੀ ਪਿਆਰ ਤੇ ਅਨੰਦ-ਮਈ ਜੀਵਨ ਪ੍ਰਦਾਨ ਕਰਦਾ ਹੈ।

ਗੁਰਬਾਣੀ ਗਿਆਨ ਦੀਆਂ ਉਦਾਹਰਣਾਂ ਵਿਸਥਾਰ ਸਾਹਿਤ ਸਮਝਾਉਂਦੀਆਂ ਨੇ ਕਿ ਹਰ ਮਨੁੱਖ ਸਚਿਆਰ ਬਣਨ ਦਾ ਪਾਂਧੀ ਬਣੇ, ਤਾਂ ਕਿ ਰੱਬ ਜੀ ਦਾ ਸਾਕਾਰ ਰੂਪ ਹੋ ਨਿਬੜੇ। ਕੁਦਰਤ ਦੀ ਨਿਯਮਾਵਲੀ ਨੂੰ ਸਮਝ ਕੇ ਮਨੁੱਖ ਦੇ ਭਲੇ ਹਿੱਤ ਗਿਆਨ ਦੀ ਵਰਤੋਂ ਕਰਨੀ ਸ਼ਰੇਸ਼ਟ ਗਿਆਨ ਹੈ। ਅਜੇਹੇ ਗਿਆਨ ਨੂੰ ਹੀ ਜਪਣ ਲਈ ਗੁਰੂ ਨਾਨਕ ਸਾਹਿਬ ਜੀ ਵਿਚਾਰ ਦੇ ਰਹੇ ਹਨ—

ਅੰਤਰਿ ਵਸੈ, ਨ ਬਾਹਰਿ ਜਾਇ॥ ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ॥ 1॥

ਐਸਾ ਗਿਆਨੁ ਜਪਹੁ ਮਨ ਮੇਰੇ॥ ਹੋਵਹੁ ਚਾਕਰ ਸਾਚੇ ਕੇਰੇ॥ 1॥ ਰਹਾਉ॥

ਗਿਆਨੁ ਧਿਆਨੁ ਸਭੁ ਕੋਈ ਰਵੈ॥ ਬਾਂਧਨਿ ਬਾਂਧਿਆ ਸਭੁ ਜਗੁ ਭਵੈ॥ 2॥

ਸੇਵਾ ਕਰੇ ਸੁ ਚਾਕਰੁ ਹੋਇ॥ ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ॥ 3॥

ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ॥ 4॥

ਸੂਹੀ ਮਹਲਾ ੧ ਪੰਨਾ ੭੨੮—

ਰਹਾਉ ਦੀਆਂ ਤੁਕਾਂ ਵਿੱਚ ‘ਐਸਾ ਗਿਆਨੁ ਜਪਹੁ ਮਨ ਮੇਰੇ’ ਕਿਹਾ ਗਿਆ ਹੈ। ਮਹਾਨ ਕੋਸ਼ ਵਿੱਚ ਜਪਹੁ ਦਾ ਅਰਥ ਜਾਣੋ, ਸਮਝੋ ਵਿੱਚ ਆਇਆ ਹੈ। ਗਿਆਨ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਆਦਮੀ ਚੋਰਾਂ ਤੋਂ ਬਚਾ ਲਈ ਤਾਲਾ ਬਣਾਉਂਦਾ ਹੈ ਤੇ ਦੂਜਾ ਤਾਲੇ ਨੂੰ ਤੋੜਨ ਦਾ ਗਿਆਨ ਰੱਖਦਾ ਹੈ। ਮੋਟਰ ਗੱਡੀਆਂ ਵਿੱਚ ਰਫ਼ਤਾਰ ਨਾਪਣ ਵਾਲਾ ਜੰਤਰ ਦਸਦਾ ਹੈ ਕਿ ਇਹ ਗੱਡੀ ਏੰਨੇ ਕਿਲੋਮੀਟਰ ਚੱਲ ਗਈ ਹੈ। ਥੋੜੀ ਕੀਤਿਆਂ ਉਹ ਮੀਟਰ ਅੱਗੇ-ਪਿੱਛੇ ਨਹੀਂ ਕੀਤੇ ਜਾ ਸਕਦੇ ਕਿਉਂਕਿ ਅਧੁਨਿਕ ਤਕਨੀਕ ਵਿੱਚ ਬਹੁਤ ਇਤਿਆਦ ਵਰਤਿਆ ਗਿਆ ਹੈ। ਜਦੋਂ ਗੱਡੀ ਬਜ਼ਾਰ ਵਿੱਚ ਵੇਚਣੀ ਹੋਵੇ ਤਾਂ ਦੁਕਾਨਦਾਰ ਪਾਸ ਅਜੇਹੇ ਗਿਆਨਵਾਨ ਕਾਰੀਗਰ ਮੌਜੂਦ ਹੁੰਦੇ ਹਨ ਜੋ ਸੀਲਾਂ ਲੱਗੀਆਂ ਵਾਲੇ ਮੀਟਰ ਨੂੰ ਅੱਗੇ ਪਿੱਛੇ ਕਰ ਸਕਦੇ ਹਨ। ਇੱਕ ਡਾਕਟਰ ਆਪਣੀ ਖੋਜ ਨਾਲ ਰੋਗੀਆਂ ਨੂੰ ਰੋਗਾਂ ਤੋਂ ਛੁਟਕਾਰਾ ਦਿਵਾਉਣ ਲਈ ਨਵੀਆਂ ਦਵਾਈਆਂ ਹੋਂਦ ਵਿੱਚ ਲਿਆਉਂਦਾ ਹੈ। ਦੂਸਰਾ ਡਾਕਟਰ ਆਪਣੇ ਗਿਆਨ ਨਾਲ ਦਵਾਈਆਂ ਵਿੱਚ ਵੱਧ ਤੋਂ ਵੱਧ ਘਟੀਆ ਸਮਾਨ ਵਰਤ ਕੇ ਵੱਧ ਤੋਂ ਵੱਧ ਲਾਭ ਲੈਣ ਲਈ ਵੀ ਆਪਣੀ ਖੋਜ ਕਰ ਰਿਹਾ ਹੈ। ਇੱਕ ਸਾਇੰਸਦਾਨ ਮਨੁੱਖਤਾ ਦੇ ਜੀਵਨ ਵਿੱਚ ਸੁੱਖ ਦੇਣ ਵਾਲੀਆਂ ਨਿਤ ਨਵੀਆਂ ਖੋਜਾਂ ਕਰ ਰਿਹਾ ਹੈ ਪਰ ਇੱਕ ਸਾਇੰਸਦਾਨ ਇਸ ਖੋਜ ਤੇ ਆਪਣਾ ਸਾਰਾ ਜੀਵਨ ਲਾ ਦੇਂਦਾ ਹੈ ਕਿ ਮੇਰੇ ਇੱਕ ਬਟਨ ਦਬਾਇਆਂ ਸਾਰੀ ਦੁਨੀਆਂ ਦਾ ਖਾਤਮਾ ਕਿਵੇਂ ਕੀਤਾ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਗਿਆਨ ਪ੍ਰਤੀ ਸੁਚੇਤ ਕੀਤਾ ਹੈ ਕਿ ‘ਐਸਾ ਗਿਆਨੁ ਜਪਹੁ ਮਨ ਮੇਰੇ’ ਜਿਸ ਨਾਲ ਅਸੀਂ ਦੁਨੀਆਂ ਦੇ ਸੇਵਾਦਾਰ ਬਣ ਸਕੀਏ। ਭਾਵ ਉਹ ਗਿਆਨ ਜੋ ਮਨੁੱਖਤਾ ਦੇ ਭਲੇ ਲਈ ਕੰਮ ਆ ਸਕਦਾ ਹੋਵੇ- ‘ਹੋਵਹੁ ਚਾਕਰ ਸਾਚੇ ਕੇਰੇ’। ‘ਸਾਚੇ ਕੇਰੇ’ ਦੇ ਸੇਵਕ ਬਣਨਾ ਹੈ। ਪਰਮਾਤਮਾ ਸਰਬ ਵਿਆਪਕ ਹੈ ਪਰ ਉਸ ਦਾ ਕੋਈ ਰੰਗ ਰੁਪ ਨਹੀਂ ਹੈ ਫਿਰ ਰੱਬ ਦੇ ਬਣਾਏ ਹੋਏ ਇਨਸਾਨਾਂ ਵਿੱਚ ਰੱਬ ਵਸਦਾ ਹੋਇਆ ਸਮਝਦਿਆਂ ਇਹ ਗਿਆਨ ਹੋਵੇ ਕਿ ਮਨੁੱਖਤਾ ਦੇ ਭਲੇ ਲਈ ਕੁੱਝ ਕਰਨਾ ਹੈ। ਦੁਨੀ ਸੁਹਾਵੇ ਬਾਗ ਵਿੱਚ ਜ਼ਹਿਰ ਨਹੀਂ ਘੋਲਣੀ ਸਗੋਂ ਇਸ ਨੂੰ ਸੁੰਦਰ ਬਣਾਉਣ ਵਿੱਚ ਆਪਣਾ ਲੁੜੀਂਦਾ ਯੋਗਦਾਨ ਪਾਉਣਾ ਹੈ।

ਸ਼ਾਹਿਰਾਂ ਵਿੱਚ ਜਦੋਂ ਸੀਵਰੇਜ ਨਹੀਂ ਸੀ ਓਦੋਂ ਮਨੁੱਖਤਾ ਦਾ ਗੰਦਾ ਮੈਲ਼ਾ ਮਨੁੱਖ ਹੀ ਉਠਾਉਂਦੇ ਸਨ। ਕਈ ਥਾਵਾਂ `ਤੇ ਅੱਜ ਵੀ ਪ੍ਰਥਾ ਕਾਇਮ ਹੈ। ਪਰ ਸਦਕੇ ਜਾਈਏ ਉਸ ਵਿਗਿਆਨੀ ਦੇ ਜਿਸ ਨੇ ਸੀਵਰੇਜ ਦੀ ਕਾਢ ਕੱਢੀ ਤੇ ਮਿੰਟਾਂ ਵਿੱਚ ਗੰਦਗੀ ਦੂਰ ਚਲੀ ਜਾਂਦੀ ਹੈ। ਸਿਰ ਤੇ ਮੈਲ਼ਾ ਟੋਣ ਵਾਲਿਆਂ ਨੂੰ ਮੁਕਤੀ ਮਿਲਗੀ। ਸਹੀ ਅਰਥਾਂ ਵਿੱਚ ਰੱਬ ਦੇ ਚਾਕਰ ਬਣਨ ਵਾਲੀ ਸੇਵਾ ਹੈ ‘ਹੋਵਹੁ ਚਾਕਰ ਸਾਚੇ ਕੇਰੇ’ ਤੇ ਜਿਸ ਵਿਗਿਆਨੀ ਨੇ ਇਹ ਦੇਣ ਦਿੱਤੀ ਹੈ ਉਸ ਨੇ ਫਿਰ ਇਹ ਗਿਆਨ ਜਪਿਆ ਹੈ। ਰੱਬੀ ਗਿਆਨ ਸ਼ੁਭ ਗੁਣਾਂ ਦੇ ਰੂਪ ਵਿੱਚ ਮਨ ਵਿੱਚ ਬੈਠਾ ਹੈ ਤੇ ਘਟੀਆ ਕਿਸਮ ਦਾ ਗਿਆਨ ਵੀ ਸਾਡੇ ਹਿਰਦੇ ਵਿੱਚ ਹੀ ਹੈ। ਏੱਥੇ ਇੱਕ ਸ਼ਰਤ ਹੈ ਕਿ ਉਹ ਗਿਆਨ ਜੋ ਸਾਨੂੰ ਸੇਵਦਾਰ ਬਣਾਉਣ ਵਿੱਚ ਸਹਾਈ ਹੁੰਦਾ ਹੈ। ਸਤ-ਸੰਤੋਖ, ਹਲੀਮੀ, ਧੀਰਜ ਵਰਗੇ ਦੇਵੀ ਗੁਣ ਸਾਡੇ ਹਿਰਦੇ ਪਏ ਹੋਏ ਹਨ ਜਿਸ ਦਿਨ ਸਾਨੂੰ ਸਮਝ ਆ ਗਈ ਫਿਰ ਸੰਸਾਰ ਦੇ ਵਿਕਾਰੀ ਰਸਾਂ ਵਲ ਨੂੰ ਨਹੀਂ ਦੋੜਾਂਗੇ ਸ਼ਬਦ ਦੇ ਪਹਿਲੇ ਬੰਦ ਅਨੁਸਾਰ- ‘ਅੰਤਰਿ ਵਸੈ, ਨ ਬਾਹਰਿ ਜਾਇ’ ਆਤਮਕ ਸੂਝ ਜਦੋਂ ਪੈਦਾ ਹੁੰਦੀ ਹੈ ਓਦੋਂ ਸਾਡੇ ਮਨ ਦੇ ਵਿਚਾਰ ਅੰਤਰ ਮੁਖੀ ਹੁੰਦੇ ਹਨ ਬਾਹਰ ਮੁੱਖੀ ਨਹੀਂ ਹੁੰਦੇ। ਸਰਕਾਰੀ ਡਾਕਟਰ ਨੂੰ ਵਧੀਆ ਤਨਖਾਹ ਮਿਲ ਰਹੀ ਹੈ ਪਰ ਮਰੀਜ਼ ਦਾ ਅਪਰੇਸ਼ਨ ਕਰਨ ਦੀ ਵੱਖਰੀ ਫੀਸ ਮੰਗ ਰਿਹਾ ਹੈ ਤਾਂ ਕਹਿਣਾ ਪਏਗਾ ਕਿ ਇਸ ਡਾਕਟਰ ਨੂੰ ਆਪਣੀ ਆਤਮਾ ਦੀ ਅਵਾਜ਼ ਨਹੀਂ ਸੁਣ ਰਹੀ, ਸਗੋਂ ਬਾਹਰ ਨੂੰ ਭੱਜ ਰਿਹਾ ਹੈ। ਉਸ ਡਾਕਟਰ ਦੀ ਬਣਦੀ ਤਨਖ਼ਾਹ ਉਸ ਲਈ ਅੰਮ੍ਰਿਤ ਹੈ ਪਰ ਜਦੋਂ ਗਰੀਬ ਮਰੀਜ਼ ਪਾਸੋਂ ਵਾਧੂ ਪੈਸੇ ਮੰਗ ਰਿਹਾ ਹੈ ਤਾਂ ਕਹਿਣਾ ਪਏਗਾ— ‘ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ’ ਮੇਰੇ ਇੱਕ ਰਿਸ਼ਤੇਦਾਰ ਦੀ ਸੁਪਤਨੀ ਦੇ ਪੇਟ ਵਿੱਚ ਦਰਦ ਰਹਿੰਦੀ ਸੀ। ਉਸ ਨੂੰ ਉਹ ਅੰਮ੍ਰਿਤਸਰ ਲੈ ਗਏ। ਡਾਕਟਰ ਸਾਹਿਬ ਕਹਿਣ ਲੱਗੇ ਕਿ ਐਕਸਰਾ ਕਰਾਓ। ਪਤਾ ਲੱਗਿਆ ਕਿ ਪੇਟ ਵਿੱਚ ਪੱਥਰੀ ਹੈ। ਡਾਕਟਰ ਸਾਹਿਬ ਕਹਿਣ ਲੱਗੇ ਕਿ ਦੂਰਬੀਨ ਨਾਲ ਉਪਰੇਸ਼ਨ ਹੋਏਗਾ। ਫੀਸ ਇਤਿਆਦਕ ਸਭ ਕੁੱਝ ਜਮ੍ਹਾ ਕਰਾ ਲਿਆ ਗਿਆ ਦੋ ਕੁ ਦਿਨ ਰੱਖ ਕੇ ਆਪਣੇ ਹਸਪਤਾਲ ਵਿਚੋਂ ਛੁੱਟੀ ਕਰ ਦਿੱਤੀ ਗਈ। ਹਫਤੇ ਕੁ ਬਾਅਦ ਦਰਦ ਫਿਰ ਸ਼ੁਰੂ ਹੋ ਗਈ। ਫਿਰ ਦੂਸਰੇ ਡਾਕਟਰ ਪਾਸ ਲੈ ਗਏ, ਰਿਪੋਰਟਾਂ ਸਾਰੀਆਂ ਦਿਖਾਈਆਂ ਗਈਆਂ। ਪਤਾ ਲੱਗਿਆ ਕਿ ਪਹਿਲੇ ਭਲੇਮਾਣਸ ਡਾਕਟਰ ਸਾਹਿਬ ਪਾਸ ਤਾਂ ਦੂਰਬੀਨ ਨਾਲ ਉਪਰੇਸ਼ਨ ਕਰਨ ਦੀ ਨਾ ਤਾਂ ਟ੍ਰੇਨਿੰਗ ਹੈ ਤੇ ਨਾ ਹੀ ਉਸ ਪਾਸ ਕੋਈ ਦੂਰਬੀਨ ਹੈ ਜਿਸ ਨਾਲ ਉਹ ਉਪਰੇਸ਼ਨ ਕਰ ਸਕੇ। ਪੰਜ ਛੇ ਆਦਮੀ ਉਸ ਡਾਕਟਰ ਸਾਹਿਬ ਨੂੰ ਜ਼ਰਾ ਕੁ ਪੁੱਛਣ ਲਈ ਗਏ ਤਾਂ ਡਾਕਟਰ ਸਾਹਿਬ ਨੂੰ ਆਪਣੀ ਕੀਤੀ ਦਾ ਪਤਾ ਚੱਲ ਗਿਆ। ਉਸ ਨੇ ਓਸੇ ਵੇਲੇ ਹੀ ਪੰਦਰਾਂ ਹਜ਼ਾਰ ਵਾਪਸ ਕਰਨ ਵਿੱਚ ਆਪਣਾ ਭਲਾ ਸਮਝਿਆ ਤੇ ਨਾਲ ਹੀ ਮਿੰਨਤ ਤਰਲਾ ਕਰਨ ਲੱਗ ਪਿਆ ਕਿ ਮੀਡੀਏ ਨੂੰ ਨਾ ਦੱਸਿਆ ਜੇ। ਕੀ ਅਜੇਹੇ ਲੋਕ ਅੰਮ੍ਰਿਤ ਛੱਡ ਕੇ ਬਿਖ ਨਹੀਂ ਖਾ ਰਹੇ? ਗਿਆਨ ਇਹਨਾਂ ਪਾਸ ਹੈ ਪਰ ਮਨੁੱਖਤਾ ਦੇ ਭਲੇ ਲਈ ਨਹੀਂ ਸਗੋਂ ਮਨੁੱਖਤਾ ਦਾ ਖੂਨ ਨਿਚੋੜਣ ਦਾ ਹੈ। ਜੇ ਆਤਮਕ ਸੂਝ ਵਾਲਾ ਗਿਆਨ ਜੱਪਦੇ ਹੋਣ ਤਾਂ ਕਦੇ ਵੀ ਬਾਹਰਲੀ ਕਮਾਈ ਵਲ ਨੂੰ ਇਹਨਾਂ ਦਾ ਮਨ ਨਾ ਭੱਜੇ। ਇਹ ਸਗੋਂ ਆਪਣੇ ਕਿੱਤੇ ਨਾਲ ਇਨਸਾਫ਼ ਕਰਦੇ ਹੋਏ ਮਨੁੱਖਤਾ ਦੇ ਭਲੇ ਲਈ ਕੰਮ ਕਰਨ ਜੋ ਅਸਲ ਰੱਬੀ ਸੇਵਾ ਹੈ।

ਇੱਕ ਜਗ੍ਹਾ ਬੈਠਿਆਂ ਗੱਲ ਚੱਲ ਪਈ ਕਿ ਫਲਾਣਾ ਆਦਮੀ ਬਹੁਤ ਵਧੀਆ ਹੈ। ਇੱਕ ਵਿਚਾਰਵਾਨ ਆਦਮੀ ਨੇ ਓੱਥੇ ਬੈਠਿਆਂ ਤਰਕ ਕੀਤਾ ਕਿ ਹੋ ਸਕਦਾ ਹੈ ਉਸ ਨੂੰ ਹੇਰਾਫੇਰੀ ਮਾਰਨ ਦਾ ਮੌਕਾ ਹੀ ਨਾ ਮਿਲਿਆ ਹੋਵੇ। ਅਸਲ ਪਰਖ ਤਾਂ ਓਦੋਂ ਹੁੰਦੀ ਹੈ ਜਦੋਂ ਮੌਕਾ ਬਣਦਾ ਹੈ ਤੇ ਉਸ ਮੌਕੇ ਵਿਚੋਂ ਇਮਾਨਦਾਰੀ ਦੀ ਝਲਕ ਦਿੱਸਦੀ ਹੋਵੇ। ਏਸੇ ਤਰ੍ਹਾਂ ਹੀ ਜਦੋਂ ਵੀ ਚਾਰ ਆਦਮੀ ਜੁੜ ਬੈਠਦੇ ਹਨ ਤਾਂ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਇਹਨਾਂ ਸਾਰਿਆਂ ਨਾਲੋਂ ਵੱਧ ਸਿਆਣਾ ਬਣ ਜਾਵਾਂ। ਬੰਦੇ ਦੀ ਮਾਨਸਕ ਕਮਜ਼ੋਰੀ ਹੈ ਕਿ ਮੇਰੇ ਪਾਸ ਗਿਆਨ ਬਹੁਤ ਜ਼ਿਆਦਾ ਹੈ ਤੇ ਤੇਰਾ ਗਿਆਨ ਮੇਰੇ ਨਾਲੋਂ ਬਹੁਤ ਊਣਾ ਹੈ— ‘ਗਿਆਨੁ ਧਿਆਨੁ ਸਭੁ ਕੋਈ ਰਵੈ’ ਖਾਸ ਤੌਰ `ਤੇ ਧਰਮ ਦੀ ਦੁਨੀਆਂ ਵਿੱਚ ਹਰ ਕੋਈ ਆਖਦਾ ਹੈ ਕਿ ਮੈਨੂੰ ਪੂਰਾ ਗਿਆਨ ਆ ਗਿਆ ਹੈ। ਪਰ ਜਿਹੜੇ ਕਰਮ-ਕਾਂਡ ਗੁਰ-ਸਿਧਾਂਤ ਛਡਾਉਂਦਾ ਹੈ ਉਹਨਾਂ ਕਰਮ-ਕਾਂਡ ਨੂੰ ਅਸੀਂ ਪੂਰੀ ਤਨ ਦੇਹੀ ਨਾਲ ਨਿਬੁਹੰਦੇ ਹਾਂ-- ‘ਬਾਂਧਨਿ ਬਾਂਧਿਆ ਸਭੁ ਜਗੁ ਭਵੈ’ ਇੱਕ ਪਿੰਡ ਵਿੱਚ ਕਥਾ ਦੇ ਪ੍ਰੋਗਰਾਮ ਉਪਰੰਤ ਇੱਕ ਵਕੀਲ ਸਾਹਿਬ ਜੀ ਧਰਮ ਸਬੰਧੀ ਬਹੁਤ ਵਧੀਆ ਵਿਚਾਰਾਂ ਦੇ ਰਹੇ ਸਨ। ਇੰਜ ਲੱਗਦਾ ਸੀ ਧਰਮ ਦੀ ਸਿਰਫ ਇਹਨਾਂ ਨੂੰ ਪੂਰੀ ਪੂਰੀ ਸਮਝ ਹੈ ਤੇ ਧਰਮ ਇਹਨਾਂ ਨੇ ਹੀ ਆਪਣੇ ਸਿਰ `ਤੇ ਚੁੱਕਿਆ ਹੋਇਆ ਹੈ। ਦੀਵਾਨ ਦੀ ਸਮਾਪਤੀ ਦੇ ਉਪਰੰਤ ਇੱਕ ਸੁਲਝੇ ਹੋਏ ਵੀਰ ਨੇ ਵਕੀਲ ਸਾਹਿਬ ਜੀ ਤੇ ਸੁਆਲ ਕੀਤਾ ਕਿ “ਭਾਈ ਸਾਹਿਬ ਜੀ ਤੂਹਾਨੂੰ ਧਰਮ ਸਬੰਧੀ ਬਹੁਤ ਗਿਆਨ ਹੈ”। ਵਕੀਲ ਸਾਹਿਬ ਜੀ ਕਹਿਣ ਲੱਗੇ, ‘ਹਾਂ ਜੀ ਬੁੱਤਾ ਸਾਰ ਲਈਦਾ ਹੈ’। ਪਰ ਵੀਰ ਵਕੀਲ ਜੀ ਆ ਤੁਸਾਂ ਆਪਣਿਆਂ ਹੱਥਾਂ ਦੀਆਂ ਉਂਗਲ਼ੀਆਂ ਵਿੱਚ ਚਾਰ ਵੱਖ ਵੱਖ ਰੰਗ-ਬਰੰਗੇ ਨਗ ਪਾਏ ਹੋਏ ਨੇ ਇਹ ਕਿਹੜਾ ਧਰਮ ਜੇ? ਕਿਹੜੇ ਜੋਤਸ਼ੀ ਪਾਸੋਂ ਪੁੱਛ ਕੇ ਪਾਏ ਜੇ? ਵਕੀਲ ਸਾਹਿਬ ਜੀ ਖਚਰਾ ਜੇਹਾ ਹਾਸਾ ਤਾਂ ਹੱਸਿਆ ਪਰ ਉਹਨਾਂ ਪਾਸ ਕੋਈ ਉੱਤਰ ਨਹੀਂ ਸੀ। ਸਿਆਣੇ ਬਜ਼ੁਰਗਾਂ ਨੇ ਕਿਹਾ ਕਿ ਵਕੀਲ ਜੀ ਪਹਿਲਾਂ ਤੁਸੀਂ ਕਰਮ-ਕਾਂਡ ਨੂੰ ਛੱਡੋ ਫਿਰ ਗੁਰ-ਗਿਆਨ ਦੀ ਗੱਲ ਕਰਿਆ ਜੇ।

ਰਹਾਉ ਦੀਆਂ ਤੁਕਾਂ ਅਨੁਸਾਰ ਗਿਆਨ ਜਪਣ ਦਾ ਅਗਲਾ ਨੁਕਤਾ ਸੇਵਾ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਸੇਵਾ ਬਿਨਾਂ ਭਿੰਨ ਭਾਵ ਦੇ ਹੋਣੀ ਚਾਹੀਦੀ ਹੈ— ‘ਸੇਵਾ ਕਰੇ ਸੁ ਚਾਕਰੁ ਹੋਇ’ ਸੇਵਾ ਗੁਰਦੁਆਰਿਆਂ ਵਿਚੋਂ ਅਸੀਂ ਸਿੱਖਣੀ ਸੀ ਤੇ ਦੁਨੀਆਂ ਵਿੱਚ ਜਾ ਕੇ ਪ੍ਰਗਟ ਕਰਨੀ ਸੀ। ਅਸੀਂ ਕੇਵਲ ਸੇਵਾ ਨੂੰ ਗੁਰਦੁਆਰੇ ਦੀ ਚਾਰ ਦੁਆਰੀ ਵਿੱਚ ਹੀ ਬੰਦ ਕਰਕੇ ਰੱਖ ਦਿੱਤਾ ਹੈ— ‘ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ’ ਦੇ ਰਹੱਸ ਨੂੰ ਨਹੀਂ ਸਮਝਿਆ ਜੋ ਜਾਤ-ਕੁਲ, ਨਸਲ, ਭਿੰਨ-ਭਾਵ ਦੀਆਂ ਵਲਗਣਾਂ ਨੂੰ ਤੋੜਦਾ ਹੈ। ਅੱਜ ਸਾਨੂੰ ਅਜੇਹਾ ਗਿਆਨ ਆ ਗਿਆ ਹੈ ਕਿ ਅਸੀਂ ਭਾਂਡੇ ਵੀ ਆਪਣੇ ਵੱਖਰੇ ਚੁੱਕੀ ਫਿਰਦੇ ਹਾਂ। ਭਰਾ ਦਾ ਬਣਿਆ ਹੋਇਆ ਲੰਗਰ ਭਰਾ ਛੱਕਣ ਲਈ ਤਿਆਰ ਨਹੀਂ ਹੈ। ਉਂਝ ਕਹੀ ਜਾਂਦੇ ਹਾਂ ਕਿ ਰੱਬ ਸਾਰੇ ਥਾਂਈ ਮੌਜੂਦ ਹੈ।

‘ਐਸਾ ਗਿਆਨੁ ਜਪਹੁ ਮਨ ਮੇਰੇ’ ਵਿਸ਼ਵਾਸ ਦਿਵਾਉਂਦਾ ਹੈ ਕਿ ਬੰਦਿਆ ਆਪਣਿਆਂ ਔਗੁਣਾਂ ਨੂੰ ਪਛਾਨਣ ਦੀ ਗੱਲ ਕਰ, ਤੈਨੂੰ ਦੂਸਰਿਆਂ ਦੇ ਔਗੁਣ ਫੋਲਣ ਦੀ ਲੋੜ ਨਹੀਂ ਹੈ— ‘ਹਮ ਨਹੀ ਚੰਗੇ ਬੁਰਾ ਨਹੀ ਕੋਇ’॥ ਕਈਆਂ ਨੂੰ ਆਦਤ ਹੁੰਦੀ ਹੈ ਚੌਂਹ ਬੰਦਿਆਂ ਵਿੱਚ ਬੈਠਿਆਂ ਆਪਣੇ ਭਾਪਾ ਜੀ ਦੀ ਗੱਲ ਛੇੜ ਕੇ ਬੈਠ ਜਾਣਗੇ, ਦੇਖੋ ਜੀ ਸਾਡੇ ਭਾਪਾ ਜੀ ਵਰਗਾ ਤਾਂ ਦੁਨੀਆਂ ਵਿੱਚ ਕੋਈ ਜੰਮਿਆ ਹੀ ਕੋਈ ਨਹੀਂ ਹੈ। ਬੰਦਾ ਪੁੱਛੇ ਕਿ ਬਾਕੀ ਦੁਨੀਆਂ ਦੇ ਭਾਪੇ ਮਾੜੇ ਹਨ। ਕਈਆਂ ਨੂੰ ਤੇ ਇਹ ਵੀ ਪਤਾ ਨਹੀਂ ਲੱਗਦਾ ਕਿ ਅਸੀਂ ਭਾਪਾ ਜੀ ਤਾਰੀਫ਼ ਕਰ ਰਹੇ ਜਾਂ ਬਦਖੋਈ ਕਰ ਰਹੇ ਹਾਂ। ਅਖੇ ਸਾਡੇ ਭਾਪਾ ਜੀ ਹਰ ਰੋਜ਼ ਗੁਰਦੁਆਰਿਉਂ ਲੰਗਰ ਦਾ ਪ੍ਰਸ਼ਾਦਾ ਜ਼ਰੂਰ ਲੈ ਕੇ ਆਉਂਦੇ ਸਨ। ਬੜਾ ਸੁੱਖ ਸੀ ਵਿਚਾਰਿਆਂ ਦਾ। ਗੁਰਦੁਆਰੇ ਦੇ ਸੇਵਾਦਾਰ ਕਹਿੰਦੇ ਨੇ ਕਿ ਬੁੱਢਾ ਲੜ ਕੇ ਕੜੀ ਲੈ ਕੇ ਜਾਂਦਾ ਸੀ। ਆਪਣੀ ਜਾਂ ਆਪਣਿਆਂ ਦੀ ਤਾਰੀਫ਼ ਰੱਜ ਕੇ ਕਰਦੇ ਹਾਂ ਪਰ ਗੁਵਾਂਢੀਆਂ ਦੇ ਨੁਕਸ ਸਾਨੂੰ ਬਹੁਤ ਜ਼ਿਆਦਾ ਨਜ਼ਰ ਆਉਂਦੇ ਹਨ। ਪਰ ਆਤਮਕ ਗਿਆਨ ਜੱਪਣ ਵਾਲਾ ਮਨੁੱਖ--- ‘ਪ੍ਰਣਵਤਿ ਨਾਨਕੁ ਤਾਰੇ ਸੋਇ’ ਸੰਸਾਰ ਦੀਆਂ ਲਹਿਰਾਂ ਵਿਚੋਂ ਤਰਦਾ ਹੈ। ‘ਤਾਰੇ ਸੋਇ’ ਚੰਗੀ ਜ਼ਿੰਦਗੀ ਜਿਉਣ ਦੇ ਸਲੀਕੇ ਦਾ ਸਿੱਖਰ ਹੈ।

‘ਐਸਾ ਗਿਆਨੁ ਜਪਹੁ ਮਨ ਮੇਰੇ’ ਐਸਾ ਗਿਆਨ ਬਿਬੇਕ ਬਿਰਤੀ ਵਿੱਚ ਤਬਦੀਲ ਹੁੰਦਾ ਹੈ ਜੋ ਹਉਮੇ ਨੂੰ ਨਿਖੇੜਦਾ ਹੋਇਆ ਆਪੇ ਦੀ ਸੋਝੀ ਕਰਉਂਦਾ ਹੈ। ਸਤ ਤੇ ਅਸਤ ਦੀ ਪਹਿਛਾਣ ਬਣਾਉਣ ਵਿੱਚ ਸਹਾਈ ਹੁੰਦਾ ਹੈ। ਉਹ ਗਿਆਨ ਜਿਹੜਾ ‘ਆਪਣੇ ਨਿਜ’ ਤੇ ਸਮਾਜ ਪ੍ਰਤੀ ਜਾਗੁਰਕ ਕਰਦਾ ਹੋਇਆ ਨਫ਼ਰਤਾਂ ਦੀਆਂ ਦੀਵਾਰਾਂ ਨੂੰ ਤੋੜਦਾ ਹੈ। ਅਜੇਹੀ ਅਵਸਥਾ ਵਿੱਚ ਬੁਰਾਈ ਦਾ ਜਨਮ ਨਹੀਂ ਹੋਏਗਾ ਤੇ ਆਪਣੇ ਫ਼ਰਜ਼ ਦੀ ਪਹਿਛਾਣ ਆਉਂਦੀ ਹੈ।




.