.

ਮੰਨੋ ਭਾਵੇਂ ਨਾਂਹ: ਇਹ ਨੇ ਕਥਨੀ ਅਤੇ ਕਰਨੀ ਦੇ ‘ਸੂਰੇ’
-ਜਸਵੰਤ ਸਿੰਘ ‘ਅਜੀਤ’

ਪੰਜਾਬੀ ਦੇ ਵਖ-ਵਖ ਟੀ ਵੀ ਚੈਨਲਾਂ ਪੁਰ, ਪੰਥ ਦੇ ਪ੍ਰਸਿੱਧ ਕੀਰਤਨੀਏ, ਭਾਈ ਗੁਰਇਕਬਾਲ ਸਿੰਘ ਵਲੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛਡਣ ਤੋਂ ਬਾਅਦ ਸਰਸਾ ਨਦੀ ਕਿਨਾਰੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਗਲਾਂ ਨਾਲ ਹੋਈ ਜੰਗ ਦੇ ਇਤਿਹਾਸ ਦਾ ਕੀਤਾ ਜਾਂਦਾ ਵਰਨਣ, ਸੁਣਨ ਦਾ ਮੌਕਾ ਬਣਿਆ ਰਹਿੰਦਾ ਹੈ। ਇਸ ਜੰਗ ਦਾ ਵਰਨਣ ਕਰਦਿਆਂ ਭਾਈ ਸਾਹਿਬ ਦਸਦੇ ਹਨ ਕਿ ਅੰਮ੍ਰਿਤ ਵੇਲਾ ਸੀ, ਇੱਕ ਪਾਸੇ ਮੁਗ਼ਲਾਂ ਦੀ ਫੌਜ ਵਾਹੋ-ਦਾਹੀ ਵਧਦੀ ਚਲੀ ਆ ਰਹੀ ਸੀ ਅਤੇ ਦੂਜੇ ਪਾਸੇ ਆਸਾ ਦੀ ਵਾਰ ਦੇ ਕੀਰਤਨ ਦਾ ਸਮਾਂ ਹੋ ਰਿਹਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜੋ ਅਨੰਦਪੁਰ ਸਾਹਿਬ ਦਾ ਕਿਲਾ ਛੱਡ, ਸਿੱਖਾਂ ਦੇ ਨਾਲ ਸਰਸਾ ਨਦੀ ਦੇ ਕਿਨਾਰੇ ਹੀ ਪੁਜੇ ਸਨ, ਨੇ ਉਥੇ ਹੀ ਰੁਕ ਕੇ, ਰਾਗੀ ਸਿੰਘਾਂ ਨੂੰ ਆਸਾ ਦੀ ਵਾਰ ਦਾ ਕੀਰਤਨ ਕਰਨ ਲਈ ਕਹਿ ਦਿਤਾ। ਇਧਰ ਕੀਰਤਨ ਸ਼ੁਰੂ ਹੋਇਆ ਅਤੇ ਉਧਰ ਮੁਗ਼ਲਾਂ ਦਾ ਹਮਲਾ ਹੋ ਗਿਆ। ਸਿੰਘ ਹਮਲੇ ਨੂੰ ਡਕਣ ਲਈ ਮੁਗ਼ਲਾਂ ਸਾਹਮਣੇ ਡਟ ਗਏ। ਆਸਾ ਦੀ ਵਾਰ ਦਾ ਕੀਰਤਨ ਨਿਰਵਿਘਨ ਜਾਰੀ ਰਿਹਾ। ਕੀਰਤਨ ਦੀ ਸਮਾਪਤੀ ਉਪਰੰਤ ਅਰਦਾਸ ਹੋਈ। ਇਤਨੇ ਨੂੰ ਭਾਈ ਦਯਾ ਸਿੰਘ ਉਥੇ ਪੁਜ ਗਏ। ਭਾਈ ਗੁਰਇਕਬਾਲ ਸਿੰਘ ਅਨੁਸਾਰ, ਉਨ੍ਹਾਂ ਦੀਆਂ ਅੱਖਾਂ ਲਾਲ ਸਨ। ਉਹ ਬੋਲੇ ਕਿ ਕੀ ਆਸਾ ਦੀ ਵਾਰ ਦੇ ਕੀਰਤਨ ਨੂੰ ਟਾਲਿਆ ਨਹੀਂ ਸੀ ਜਾ ਸਕਦਾ? ਉਧਰ ਸਿੱਖ ਦੁਸ਼ਮਣ ਨਾਲ ਲੜਦੇ ਸ਼ਹੀਦ ਹੋ ਰਹੇ ਹਨ ਤੇ ਇਧਰ ਕੀਰਤਨ ਹੋ ਰਿਹਾ ਹੈ। ਇਹ ਸੁਣ ਕੇ ਗੁਰੂ ਸਾਹਿਬ ਨੇ ਬਹੁਤ ਹੀ ਠਰ੍ਹਮੇ ਦਾ ਨਾਲ ਭਾਈ ਦਯਾ ਸਿੰਘ ਨੂੰ ਪੁਛਿਆ ਕਿ ਭਾਈ ਦਯਾ ਸਿੰਘਾ, ਕਿਤਨੇ-ਕੁ ਸਿੰਘ ਸ਼ਹੀਦ ਹੋ ਗਏ ਹਨ? ਭਾਈ ਦਯਾ ਸਿੰਘ ਨੇ ਦਸਿਆ ਕਿ ਸਤਿਗੁਰੂ ਢਾਈ ਸੌ ਦੇ ਕਰੀਬ ਸਿੰਘ ਸ਼ਹੀਦ ਹੋ ਚੁਕੇ ਹਨ। ਭਾਈ ਗੁਰਇਕਬਾਲ ਸਿੰਘ ਹੋਰ ਦਸਦੇ ਹਨ ਕਿ ਫਿਰ ਗੁਰੂ ਸਾਹਿਬ ਨੇ ਪੁਛਿਆ ਕਿ ਕਿਤਨੇ ਸਿੰਘ ਬਚੇ ਹਨ? ਉਨ੍ਹਾਂ ਦਸਿਆ ਕਿ ਸਤਿਗੁਰੂ ਢਾਈ ਸੌ ਦੇ ਕਰੀਬ ਹੀ ਬਚੇ ਹਨ। ਇਸ ਤੇ ਗੁਰੂ ਸਾਹਿਬ ਨੇ ਫੁਰਮਾਇਆ ਕਿ ਜੇ ਮੇਰੇ ਸਮੇਤ ਇਹ ਸਿੱਖ ਵੀ ਸ਼ਹੀਦ ਹੋ ਜਾਂਦੇ ਤਾਂ ਵੀ ਆਸਾ ਦੀ ਵਾਰ ਦਾ ਕਰਿਤਨ ਨਿਸ਼ਚਿਤ ਸਮੇਂ ਤੇ ਹੋਣਾ ਹੀ ਸੀ।
ਇਥੇ ਬਿਆਨ ਕੀਤੀ ਗਈ ਅਤੇ ਭਾਈ ਗੁਰਇਕਬਾਲ ਸਿੰਘ ਵਲੋਂ ਸੁਣਾਈ ਜਾਂਦੀ ਕਥਾ ਦੇ ਵਰਨਣ ਵਿੱਚ ਵਾਧ-ਘਾਟ ਤਾਂ ਹੋ ਸਕਦੀ ਹੈ, ਪ੍ਰੰਤੂ ਭਾਵ ਵਿੱਚ ਕੋਈ ਅੰਤਰ ਨਹੀਂ। ਉਨ੍ਹਾਂ ਦੇ ਮੁਖ ਤੋਂ ਇਹ ਕਥਾ ਸੁਣਕੇ ਇਉਂ ਜਾਪਦਾ ਰਿਹਾ, ਜਿਵੇਂ ਭਾਈ ਗੁਰਇਕਬਾਲ ਸਿੰਘ ਕੀਰਤਨ ਅਤੇ ਉਸਦੀ ਮਰਿਅਦਾ ਨੂੰ ਕਾਇਮ ਰਖੇ ਜਾਣ ਪ੍ਰਤੀ ਦ੍ਰਿੜ੍ਹਤਾ ਨਾਲ ਵਚਨਬਧ ਹਨ। ਉਨ੍ਹਾਂ ਲਈ ਨਿਸ਼ਚਿਤ ਸਮੇਂ ਤੇ ਕੀਰਤਨ ਕਰਨ ਦੀ ਜ਼ਿਮੇਂਦਾਰੀ ਨਿਭਾਉਣਾ ਸਭ ਤੋਂ ਵਧ ਜ਼ਰੂਰੀ ਹੈ, ਇਸਦੇ ਲਈ ਕੋਈ ਵੀ ਕੁਰਬਾਨੀ ਦਿਤੀ ਜਾ ਸਕਦੀ ਹੇ। ਭਾਵੇਂ ਝਖੜ ਝੁਲੇ ਤੇ ਭਾਵੇਂ ਤੂਫਾਨ ਆਏ, ਭਾਈ ਗੁਰਇਕਬਾਲ ਸਿੰਘ ਨਿਸ਼ਚਿਤ ਸਮੈਂ ਤੇ ਕੀਰਤਨ ਕਰਨ ਦੀ ਜ਼ਿਮੇਂਦਾਰੀ ਨਿਭਾਉਣ ਤੋਂ ਕਦੀ ਵੀ ਪਿਛੇ ਨਹੀਂ ਹਟਣਗੇ।
ਪਰ ਬੀਤੇ ਦਿਨੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੇ ਮੌਕੇ ਤੇ ਗੁਰਦੁਆਰਾ ਰਕਾਬ ਗੰਜ ਸਾਹਿਬ, ਦਿੱਲੀ ਵਿਖੇ ਸਜੇ ਦੀਵਾਨ ਵਿਚ, ਜਦੋਂ ਭਾਈ ਗੁਰਇਕਬਾਲ ਸਿੰਘ ਦੇ ਕੀਰਤਨ ਦਾ ਸਮਾਂ ਹੋਇਆ ਅਤੇ ਉਹ ਕੀਰਤਨ ਕਰਨ ਲਈ ਬੈਠੇ ਹੀ ਸਨ, ਕਿ ਉਸੇ ਸਮੇਂ ਗੁਰੂ ਵਲੋਂ ਬੇਮੁਖ ਹੋਏ ਬਾਦਲ ਅਕਾਲੀ ਦਲ ਦੇ ਕੁੱਝ ਮੁਖੀ ਤੇ ਵਰਕਰ ਭਾਜਪਾਈਆਂ ਨੂੰ ਨਾਲ ਲੈ ਦੀਵਾਨ ਵਿੱਚ ਗੜਬੜ ਕਰਨ ਲਈ ਆ ਪੁਜੇ। ਸਟੇਜ ਸਕਤ੍ਰ ਦੀ ਜ਼ਿਮੇਂਦਾਰੀ ਨਿਭਾ ਰਹੇ, ਸ. ਤਰਸੇਮ ਸਿੰਘ (ਚੇਅਰਮੈਨ ਧਰਮ ਪ੍ਰਚਾਰ ਕਮੇਟੀ) ਨੇ ਸਥਿਤੀ ਸੰਭਾਲਣ ਲਈ ਮਾਈਕ ਸੰਭਾਲਿਆ ਹੀ ਸੀ ਕਿ ਭਾਈ ਸਾਹਿਬ ਆਪਣੇ ਵਾਜੇ ਸੰਭਾਲ ਸਾਥੀਆਂ ਸਮੇਤ, ਉਥੋਂ ਭਜ ਖੜੇ ਹੋਏ। ਸ. ਤਰਸੇਮ ਸਿੰਘ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕਰਦੇ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਸ. ਇੰਦਰਜੀਤ ਸਿੰਘ ਮੌਂਟੀ ਉਨ੍ਹਾਂ ਨੂੰ ਰੋਕਣ ਦੀ ਕੌਸ਼ਿਸ਼ ਕਰਦੇ ਹੀ ਰਹਿ ਗਏ। ਪਰ ਰੁਕਣਾ ਤਾਂ ਦੂਰ ਰਿਹਾ, ਉਨ੍ਹਾਂ ਨੇ ਮੁੜ ਕੇ ਵੇਖਿਆ ਵੀ ਨਹੀਂ। ਹਾਲਾਤ ਦੀ ਨਜ਼ਾਕਤ ਦਾ ਅਹਿਸਾਸ ਕਰਦਿਆਂ, ਸ. ਤਰਸੇਮ ਸਿੰਘ ਨੇ ਸਟੇਜ ਸੰਭਾਲੀ ਤੇ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਆਪਣੇ ਸਾਥੀਆਂ ਨਾਲ ਸ਼ਰਾਰਤੀ ਅਨਸਰ ਨੂੰ ਜਾ ਘੇਰਿਆ ਅਤੇ ਸ. ਇੰਦਰਜੀਤ ਸਿੰਘ ਮੌਂਟੀ ਨੇ ਮਾਈਕ ਫੜ ਪਾਠ ਕਰਨਾ ਤੇ ਸੰਗਤਾਂ ਨੂੰ ਨਾਮ ਸਿਮਰਨ ਕਰਾਉਣਾ ਸ਼ੁਰੂ ਕਰ ਦਿਤਾ ਅਤੇ ਸੰਗਤ ਨਾਮ ਸਿਮਰਨ ਕਰਨ ਵਿੱਚ ਜੁੜ ਗਈ। ਇਤਨੇ ਨੂੰ ਦੂਜਾ ਰਾਗੀ ਜਥਾ, ਜਿਸਦੀ ਡਿਊਟੀ ਭਾਈ ਗੁਰਇਕਬਾਲ ਸਿੰਘ ਦੇ ਕੀਰਤਨ ਤੋਂ ਬਾਅਦ ਸੀ, ਪੁਜ ਗਿਆ ਅਤੇ ਉਸਨੇ ਕੀਰਤਨ ਅਰੰਭ ਕਰ ਦਿਤਾ, ਫਲਸਰੂਪ ਸ਼ਰਾਰਤੀ ਅਨਸਰ ਭਜ ਖੜਾ ਹੋਇਆ ਅਤੇ ਸਾਰਾ ਪ੍ਰੋਗਰਾਮ ਪਹਿਲਾਂ ਵਾਂਗ ਹੀ ਚਲਣ ਲਗਾ।
ਦਸਿਆ ਗਿਆ ਹੈ ਕਿ ਜੇ ਭਾਈ ਗੁਰਇਕਬਾਲ ਸਿੰਘ ਸਟੇਜ ਤੋਂ ਉਠ, ਭਜਣ ਦੀ ਬਜਾਏ ਕੀਰਤਨ ਸ਼ੁਰੂ ਕਰ ਦਿੰਦੇ ਤਾਂ ਮਾਹੌਲ ਉਸੇ ਸਮੇਂ ਸ਼ਾਂਤ ਹੋ ਜਾਣਾ ਸੀ ਅਤੇ ਸ਼ਰਾਰਤੀ ਅਨਸਰ ਨੂੰ ਇੱਕ ਮਿੰਟ ਦੇ ਲਈ ਵੀ ਉਥੇ ਰੁਕਣਾ ਮੁਸ਼ਕਲ ਹੋ ਜਾਣਾ ਸੀ। ਪਰ ਉਹ ਭਾਈ ਸਾਹਿਬ, ਜੋ ਉਪ੍ਰੋਕਤ ਕਥਾ ਬਾਰ-ਬਾਰ ਸੁਣਾ ਕੇ, ਸਿੱਖਾਂ ਵਿੱਚ ਕੀਰਤਨ ਪ੍ਰਤੀ ਜਾਨਾਂ ਤੋਂ ਵੀ ਵਧ ਸ਼ਰਧਾ ਪੈਦਾ ਕਰਨ ਵਿੱਚ ਕੋਈ ਕਸਰ ਨਹੀਂ ਛਡ ਰਹੇ, ਗੁਰੂ ਦਰਬਾਰ ਵਿੱਚ ਹੋਈ ਥੋੜੀ ਜਿਹੀ ਹਿਲਜੁਲ ਨੂੰ ਸੰਭਾਲਣ ਪ੍ਰਤੀ ਆਪਣੀ ਜ਼ਿਮੇਂਦਾਰੀ ਨਿਭਾਉਣ ਦੀ ਬਜਾਏ ਭਜ ਖੜੇ ਹੋਏ। ਉਨ੍ਹਾਂ ਦਾ ਇਹ ਕਿਰਦਾਰ ਵੇਖ-ਸੁਣ ਕੌਣ ਉਨ੍ਹਾਂ ਦੀ ਕਥਨੀ ਤੇ ਕਰਨੀ ਇੱਕ ਹੋਣ ਪੁਰ ਵਿਸ਼ਵਾਸ ਕਰ ਸਕੇਗਾ? ਕੀ ਉਹ ਮੁੜ ਪਹਿਲਾਂ ਵਰਗੇ ਵਿਸ਼ਵਾਸ ਦੇ ਨਾਲ ਇਹ ਕਥਾ ਸੁਣਾ ਸਕਣਗੇ ਜਾਂ ਇਸਦਾ ਅਧਿਕਾਰ ਰਖ ਸਕਣਗੇ?
ਇਕ ਸ਼ਿਕਵਾ: ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੂੰ ਸ਼ਿਕਾਇਤ ਹੈ ਕਿ ਉਨ੍ਹਾਂ ਵਲੋਂ ਚੁਕੇ ਜਾਂਦੇ ਹਰ ਕਦਮ ਦੀ ਅਲੋਚਨਾ ਕੀਤੀ ਜਾਂਦੀ ਹੈ। ਉਨ੍ਹਾਂ ਦੇ ਕਿਸੇ ਵੀ ਕੰਮ ਦੀ ਪ੍ਰਸ਼ੰਸਾ ਨਹੀਂ ਹੁੰਦੀ, ਹਾਲਾਂਕਿ ਉਹ ‘ਪੰਥਕ ਹਿਤਾਂ’ ਪ੍ਰਤੀ ਸਦਾ `ਚੇਤੰਨ’ ਰਹਿੰਦੇ ਹਨ। ਜਾਪਦਾ ਹੈ ਕਿ ਉਨ੍ਹਾਂ ਨੇ ਕਦੀ ਇਕਲਵਾਂਜੇ ਬੈਠਕੇ ਇਹ ਵਿਚਾਰ ਕਰਨ ਦੀ ਲੋੜ ਹੀ ਨਹੀਂ ਸਮਝੀ ਕਿ ਉਹ ਜੋ ਕੁੱਝ ਕਰ ਰਹੇ ਹਨ ਕੀ ਉਹ ਪੰਥਕ ਹਿਤਾਂ ਦੇ ਅਨੁਕੂਲ਼ ਹੈ, ਜਾਂ ਕੇਵਲ ਵਿਰੋਧੀ ਭਾਵਨਾ ਤੋਂ ਹੀ ਪ੍ਰੇਰਿਤ ਹੈ? ਉਹ ਘਟੋ-ਘਟ ਬੀਤੇ ਦਿਨੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਹੀ ਵਿਖਾਏ ਆਪਣੇ ਕਿਰਦਾਰ ਤੇ ਹੀ ਝਾਤੀ ਮਾਰ ਲੈਣ। ਉਨ੍ਹਾਂ ਨੂੰ ਸ਼ਾਇਦ ਕਦੀ ਇਸ ਗਲ ਦਾ ਖਿਆਲ ਹੀ ਨਹੀਂ ਆਇਆ, ਕਿ ਉਹ ਜੋ ਕੁੱਝ ਕਰਦੇ ਚਲੇ ਆ ਰਹੇ ਹਨ, ਉਹ ਸਕਾਰਾਤਮਕ ਨਹੀਂ ਨਕਾਰਾਤਮਕ ਹੈ, ਜਿਸਦੀ ਪ੍ਰਸ਼ੰਸਾ ਕੋਈ ਵੀ ਨਹੀਂ ਕਰ ਸਕਦਾ।
ਜਿਥੋਂ ਤਕ ਬਾਦਲ ਅਕਾਲੀ ਦਲ ਦੇ ਪ੍ਰਦੇਸ਼ ਨੇਤਾਵਾਂ ਦੀ ਨਿਜੀ ਸੋਚ ਦੀ ਗਲ ਹੈ, ਉਸ ਸਬੰਧ ਵਿੱਚ ਇਹ ਗਲ ਦਾਅਵੇ ਦੇ ਨਾਲ ਕਹੀ ਜਾ ਸਕਦੀ ਹੈ ਕਿ ਜੇ ਉਹ ਆਪਣੀ ਸੋਚ ਅਧੀਨ ਚਲ ਕੇ ਪੰਥ ਅਤੇ ਪਾਰਟੀ ਦੇ ਹਿਤਾਂ ਨੂੰ ਮੁਖ ਰਖ ਕੇ ਕੰਮ ਕਰਨ ਤਾਂ ਉਹ ਕਾਫੀ ਹਦ ਤਕ ਕਾਮਯਾਬ ਹੋ ਸਕਦੇ ਹਨ। ਪਰ ਅਫਸੋਸ ਇਸ ਗਲ ਦਾ ਹੈ ਕਿ ਉਨ੍ਹਾਂ ਦੀ ਮਜਬੂਰੀ ਇਹ ਹੈ ਕਿ ਉਨ੍ਹਾਂ ਨੂੰ ਆਪਣੀ ਸੋਚ ਅਨੁਸਾਰ ਕੰਮ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਨੂੰ ਤਾਂ ਗ਼ੁਲਾਮਾਂ ਵਾਂਗ, ਉਹੀ ਕੁੱਝ ਕਰਨ ਤੇ ਮਜਬੂਰ ਹੋਣਾ ਪੈਂਦਾ ਹੈ, ਜਿਸਦੀ ਹਿਦਾਇਤ ਉਨ੍ਹਾਂ ਨੂੰ ਪੰਜਾਬ ਦੀ ਲੀਡਰਸ਼ਿਪ ਵਲੋਂ ਦਿਤੀ ਜਾਂਦੀ ਹੈ। ਉਤੋਂ ਦਿਲਚਸਪ ਗਲ ਇਹ ਵੀ ਹੈ ਕਿ ਉਨ੍ਹਾਂ ਨੂੰ ਆਪਣੇ ਗ਼ੁਲਾਮਾਂ ਵਾਂਗ ਵਰਤਣ ਵਾਲੀ ਉਨ੍ਹਾਂ ਦੀ ਪੰਜਾਬ ਦੀ ਲੀਡਰਸ਼ਿਪ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਦੀ ਵਫਾਦਾਰੀ ਦਾ ਕੋਈ ਮੁਲ ਵੀ ਨਹੀਂ ਹੈ।
ਜ. ਅਵਤਾਰ ਸਿੰਘ ਹਿਤ ਦੀ ਮਿਸਾਲ ਸਭ ਦੇ ਸਾਹਮਣੇ ਹੈ। ਜ. ਹਿਤ ਉਹ ਵਿਅਕਤੀ ਹਨ, ਜਿਨ੍ਹਾਂ ਹਰ ਉਤਾਰ-ਚੜ੍ਹਾਅ ਦੇ ਸਮੇਂ ਪਾਰਟੀ ਲੀਡਰਸ਼ਿਪ ਦਾ ਸਾਥ ਦਿਤਾ ਅਤੇ ਬਿਨਾਂ ਕਿਸੇ ਲਾਲਸਾ ਦੇ ਉਸਦੇ ਪਿਛੇ ਖੜੇ ਹੁੰਦੇ ਚਲੇ ਆਏ। ਇਥੋਂ ਤਕ ਕਿ ਉਹ ਪੈਸੇ ਨਾਲ ਸਬੰਧਤ ਉਨ੍ਹਾਂ ਦੀ ਹਰ ਮੰਗ ਨੂੰ ਬਿਨਾ ਕਿਸੇ ਸੰਕੋਚ ਦੇ ਜਾਇਜ਼-ਨਾਜਾਇਜ਼ ਢੰਗ ਵਰਤ ਕੇ ਪੂਰਿਆਂ ਕਰਦੇ ਰਹੇ, ਇਸ ਵਫਾਦਾਰੀ ਨੂੰ ਨਿਭਾਉਂਦਿਆਂ, ਉਨ੍ਹਾਂ ਨੂੰ ਆਲੋਚਨਾਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਰਿਹਾ ਅਤੇ ਲਾਅਨਤ ਮੁਲਾਮਤ ਵੀ ਬਰਦਾਸ਼ਤ ਕਰਨੀ ਪੈਂਦੀ ਰਹੀ। ਇਸ ਵਫਾਦਾਰੀ ਦੇ ਇਨਾਮ ਵਜੋਂ ਜਦੋਂ ਉਨ੍ਹਾਂ ਨੂੰ ਪ੍ਰਦੇਸ਼-ਪ੍ਰਧਾਨ ਦੇ ਅਹੁਦੇ ਤੋਂ ਅਪਮਾਨਤ ਕਰਕੇ ਹਟਾਇਆ ਗਿਆ ਤਾਂ ਉਨ੍ਹਾਂ ਨੂੰ ਵਿਸ਼ਵਾਸ ਵਿੱਚ ਲੈਣ ਤਕ ਦੀ ਵੀ ਲੋੜ ਨਹੀਂ ਸਮਝੀ ਗਈ।
…ਅਤੇ ਅੰਤ ਵਿਚ: ਬੀਤੇ ਦਿਨੀਂ ਪੰਜਾਬ ਤੋਂ ਦਿੱਲੀ ਆਏ ਸ਼੍ਰੋਮਣੀ ਕਮੇਟੀ ਦੇ ਬਾਦਲ ਅਕਾਲੀ ਦਲ ਦੇ ਇੱਕ ਮੈਂਬਰ ਨਾਲ ਮੁਲਾਕਾਤ ਹੋ ਗਈ, ਗਲਾਂ-ਗਲਾਂ ਵਿੱਚ ਉਸਨੇ ਪੁਛਿਆ ਕਿ ਕਦੀ ਤੁਸਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਦੀ ਕਥਨੀ ਅਤੇ ਕਰਨੀ ਦੀ ਵੀ ਘੋਖ ਕੀਤੀ ਹੈ? ਨਕਾਰਾਤਮਕ ਉਤੱਰ ਸੁਣ ਕੇ ਉਨ੍ਹਾਂ ਦਸਿਆ ਕਿ ਕੁੱਝ ਵਰ੍ਹੇ ਹੋਏ ਹਨ ਕਿ ਜ. ਮਕੱੜ ਨੇ ਇੰਗਲੈਂਡ ਵਿਖੇ ਹੋਏ ਇੱਕ ਸਮਾਗਮ ਵਿੱਚ ਉਥੋਂ ਦੇ ਸਿੱਖਾਂ ਦੇ ਨਾਲ ਵਾਇਦਾ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਤੇ ਦੇਸ਼ ਤੋਂ ਬਾਹਰ ਵਸਦੇ ਸਿੱਖਾਂ ਦੇ ਮਸਲੇ ਅੰਤ੍ਰਰਾਸ਼ਟਰੀ ਪਧੱਰ ਤੇ ਉਠਾਣ ਦੇ ਲਈ ਜਲਦੀ ਹੀ ਯੂ ਐਨ ਓ ਦੀ ਪ੍ਰਤੀਨਿਧਤਾ ਹਾਸਲ ਕਰਨ ਲਈ ਜਤਨ ਅਰੰਭੇ ਜਾ ਰਹੇ ਹਨ।
ਇਸੇ ਤਰ੍ਹਾਂ ਉਨ੍ਹਾਂ ਕੋਈ ਦੋ-ਕੁ ਸਾਲ ਪਹਿਲਾਂ, ਕਾਂਗ੍ਰਸ ਦੀ ਨੇਤਾ ਬੀਬੀ ਰਾਜਿੰਦਰ ਕੌਰ ਭਠਲ ਵਲੋਂ ਇੱਕ ਜ਼ਿਮਨੀ ਚੋਣ ਵਿੱਚ ਅਕਾਲੀ ਉਮੀਦਵਾਰ ਦੇ ਚੋਣ ਪ੍ਰਚਾਰ ਤੇ ਸ਼੍ਰੋਮਣੀ ਕਮੇਟੀ ਦੀ ਗੋਲਕ ਵਿਚੋਂ ਚਾਲ੍ਹੀ ਲਖ ਰੁਪਏ ਖ਼ਰਚ ਕੀਤੇ ਜਾਣ ਦੇ ਲਾਏ ਗਏ ਦੋਸ਼ ਤੇ ਬੀਬੀ ਭਠਲ ਵਿਰੁਧ ਦੋ ਕਰੋੜ ਦਾ ਮਾਨਹਾਨੀ ਦਾ ਦਾਅਵਾ ਕਰਨ ਦਾ ਐਲਾਨ ਕੀਤਾ ਸੀ। ਪਰ ਅਜੇ ਤਕ ਉਨ੍ਹਾਂ ਨੇ ਨਾ ਤਾਂ ਯੂ ਐਨ ਓ ਦੀ ਮੈਂਬਰੀ ਹਾਸਲ ਕਰਨ ਲਈ ਕੋਈ ਜਤਨ ਕੀਤਾ ਹੈ, (ਸ਼ਾਇਦ ਉਨ੍ਹਾਂ ਨੂੰ ਗਿਆਨ ਹੋ ਗਿਆ ਹੈ ਕਿ ਇਹ ਗਲ ਕਹਿਣ ਨੂੰ ਤਾਂ ਬਹੁਤ ਚੰਗੀ ਹੈ ਪਰ. .) ਅਤੇ ਨਾ ਹੀ ਉਨ੍ਹਾਂ ਨੇ ਬੀਬੀ ਭਠਲ ਦੇ ਵਿਰੁਧ ਕੋਈ ਮਾਨਹਾਨੀ ਦਾ ਕੋਈ ਕੇਸ ਕੀਤਾ ਹੈ। ਇਸ ਬਾਰੇ ਵੀ ਜਾਪਦਾ ਹੈ ਕਿ ਜ. ਮਕੱੜ ਨੂੰ ਇਹ ਸਮਝ ਆ ਗਈ ਸੀ ਕਿ ਬੀਬੀ ਭਠਲ ਦੇ ਦੋਸ਼ ਨੂੰ ਗ਼ਲਤ ਸਾਬਤ ਕਰਨਾ ਆਸਾਨ ਨਹੀਂ ਹੋਵੇਗਾ ਜਾਂ ਫਿਰ ਸ਼ਾਇਦ ਉਨ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਘੁੜਕੀ ਤੋਂ ਡਰਦਿਆਂ ਆਪਣਾ ਇਰਾਦਾ ਬਦਲ ਦਿਤਾ ਹੈ।
(Mobile: +91 98 68 91 77 31)




.