.

ਅਰਦਾਸ

ਅਰਦਾਸ ਦੀ ਮਹੱਤਤਾ ਬਾਰੇ ਬਹੁਤ ਸਾਰੇ ਵਿਚਾਰਵਾਨਾਂ ਨੇ, ਸਮੇ ਸਮੇ ਆਪਣੇ ਆਪਣੇ ਵਿੀਖਆਨਾਂ, ਲੇਖਾਂ, ਕਿਤਾਬਾਂ ਆਦਿ ਲਿਖ ਕੇ, ਇਸ ਦੀ ਮਹਾਨਤਾ ਅਤੇ ਮਹੱਤਤਾ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਹੈ। ਇਸ ਸਭ ਕੁੱਝ ਦੇ ਵਿਸਥਾਰ ਵਿੱਚ ਨਾ ਜਾ ਕੇ, ਮੈ ਤਾਂ ਏਥੇ ਪਾਠਕਾਂ ਨਾਲ਼ ਸਿਰਫ ਸੰਸਾਰ ਪਧਰ ਦੇ ਦੋ ਸਿੱਖ ਪ੍ਰਚਾਰਕਾਂ ਨਾਲ਼, ਅਰਦਾਸ ਨਾਲ ਸਬੰਧਤ ਪਏ, ਆਪਣੇ ਵਾਹ ਬਾਰੇ ਹੀ ਗੱਲ ਸਾਂਝੀ ਕਰਨ ਲੱਗਾ ਹਾਂ।
ਇਕ ਦੇਸ਼ ਵਿਚ, ਗੁਰੂ ਕਿਰਪਾ ਸਦਕਾ ਸੁਖੀ ਵੱਸ ਰਹੇ ਇੱਕ ਗੁਰਸਿੱਖ ਪਰਵਾਰ ਦੀ ਬੈਠਕ ਵਿਚ, ਦੁਪਹਿਰ ਦਾ ਪ੍ਰਸਾਦਾ ਛਕਣ ਵਾਸਤੇ, ਅਸੀਂ ੧੧ ਜਣੇ ਸਮਝੇ ਜਾਂਦੇ ਵਿਦਵਾਨ ਤੇ ਪ੍ਰਬੰਧਕ ਸੱਜਣ ਬੈਠੇ ਸਾਂ। ਬਿਨਾ ਕਿਸੇ ਪ੍ਰਸੰਗ ਤੋਂ ਇੱਕ ਵਿਦਵਾਨ ਨੇ ਗੱਲ ਕਰ ਦਿਤੀ: ਜੀ, ਬਹੁਤ ਸਾਰੇ ਅਰਦਾਸੀਏ, ਅਰਦਾਸ ਕਰਨ ਸਮੇ ਆਪਣੇ ਕੋਲ਼ੌਂ ਹੀ ਅਰਦਾਸ ਵਿੱਚ ਬੜਾ ਕੁੱਝ ਜੋੜ ਲੈਂਦੇ ਹਨ।
ਕਿਸੇ ਹੱਦ ਤੱਕ ਉਹਨਾਂ ਨਾਲ਼ ਮੈ ਸਹਿਮਤ ਵੀ ਸਾਂ। ਸਿੱਖਾਂ ਦੀ ਹਾਲਤ ਇਹ ਹੈ ਕਿ ਹਰੇਕ ਡੇਰਾ, ਜਥਾ, ਟਕਸਾਲ, ਸੰਪਰਦਾ ਆਪੋ ਆਪਣੀ ਮਰਯਾਦਾ ਨੂੰ ਸਹੀ ਤੇ ਦੂਜਿਆਂ ਦੀ ਨੂੰ ਗ਼ਲਤ ਮੰਨਦਾ ਹੈ। ਏਸੇ ਤਰ੍ਹਾਂ ਅਰਦਾਸ ਬਾਰੇ ਵੀ ਵਿਚਾਰਾਂ ਦਾ ਵਖੇਵਾਂ ਹੈ। ਅਰਦਾਸੀਆ ਆਪਣੇ ਡੇਰੇ ਦੀ ਮਰਯਾਦਾ ਅਨੁਸਾਰ ਹੀ ਅਰਦਾਸ ਕਰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ, ਪੰਥ ਪ੍ਰਵਾਨਤ ਅਰਦਾਸ ਦੇ ਅਨਸੁਾਰ ਅਰਦਾਸ ਕਰਨ ਦੀ ਲੋੜ ਨਹੀ ਸਮਝਦਾ ਬਲਕਿ ਉਸ ਨੂੰ ਅਕਾਲੀਆਂ ਦੀ ਮਰਯਾਦਾ, ਅਕਾਲੀਆਂ ਦੀ ਅਰਦਾਸ ਆਖ ਕੇ, ਆਪਣੀ ਸਮਝ ਅਨੁਸਾਰ ਛੁਟਿਆਉਣ ਦਾ ਯਤਨ ਕਰਦਾ ਹੈ। ਇਸ ਦੇ ਉਲ਼ਟ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸਿਰਾਂ ਦੀ ਗਿਣਤੀ ਅਨੁਸਾਰ ਛੋਟੀ ਜਿਹੀ ਸਿੱਖ ਕੌਮ ਵਿੱਚ ਹੋਰ ਤੋਂ ਹੋਰ ਵੰਡੀਆਂ ਪਾਈ ਜਾਣ ਦੀ ਬਜਾਇ, ਧਾਰਮਿਕ ਸੰਮਤੀ ਬਣੀ ਰਹੇ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਜਾਰੀ ਪੰਥ ਪ੍ਰਵਾਨਤ ਰਹਿਤ ਮਰਯਾਦਾ ਅਨੁਸਾਰ ਹੀ ਸੰਗਤ ਰੂਪ ਵਿੱਚ ਰਸਮਾਂ ਨਿਭਾਈਆਂ ਜਾਣ; ਆਪੋ ਆਪਣੀ ਨਿਜੀ ਸਥਾਨਾਂ ਤੇ ਜਿਵੇਂ ਜੀ ਕੋਈ ਕਰੇ।
ਜਦੋਂ ਉਸ ਵਿਦਵਾਨ ਸੱਜਣ ਨੇ ਇਹ ਨੁਕਤਾਚੀਨੀ ਕੀਤੀ ਤਾਂ ਮੈਨੂੰ ਸ਼ੰਕਾ ਤਾਂ ਪੈਦਾ ਹੋਈ ਕਿ ਇਹ ਸੱਜਣ ਮੇਰੇ ਤੇ ਕਿੰਤੂ ਕਰ ਰਿਹਾ ਹੈ ਪਰ ਆਪਣੇ ਸੁਭਾ ਅਨੁਸਾਰ ਮੈ ਇਹ ਸੋਚ ਕੇ ਟਾਲ਼ਾ ਕਰ ਲਿਆ ਕਿ ਇਹ ਐਵੇਂ ਮੇਰੇ ਮਨ ਦੀ ਹੀ ਕਮਜੋਰੀ ਹੈ। ਇਸ ਨੇ ਮੇਰੇ ਤੇ ਨੁਕਤਾਚੀਂਨੀ ਨਹੀ ਕੀਤੀ। ਇਹ ਸ਼ੰਕਾ ਮੈਨੂੰ ਇਸ ਲਈ ਹੋਈ ਕਿ ਮੈ ਉਸ ਦੀ ਮੌਜੂਦਗੀ ਵਿੱਚ ਆਰਦਾਸ ਕੀਤੀ ਸੀ ਤੇ ਫਿਰ ਉਸ ਸਮੇ ਅਜਿਹਾ ਪ੍ਰਸੰਗ ਵੀ ਕੋਈ ਨਹੀ ਸੀ ਚੱਲ ਰਿਹਾ ਜਿਸ ਕਾਰਨ ਉਹਨਾਂ ਨੂੰ ਇਹ ਵਿਚਾਰ ਪਰਗਟ ਕਰਨ ਦੀ ਲੋੜ ਪੈਂਦੀ। ਮੇਰਾ ਵੀ ਉਹਨਾਂ ਅਤੇ ਕੁੱਝ ਹੋਰਾਂ ਵਾਂਗ ਇਹੀ ਵਿਚਾਰ ਹੈ ਕਿ ਸੰਗਤੀ ਰੂਪ ਵਿੱਚ ‘ਸਿੱਖ ਰਹਿਤ ਮਰਯਾਦਾ’ ਵਿੱਚ ਛਪੀ ਅਰਦਾਸ ਅਨੁਸਰ ਹੀ ਅਰਦਾਸ ਹੋਣੀ ਚਾਹੀਦੀ ਹੈ। ਮੈ ਅਜਿਹਾ ਕਰਨ ਦਾ ਪੂਰਾ ਯਤਨ ਕਰਦਾ ਹਾਂ ਤੇ ਮੇਰਾ ਤੇ ਕੁੱਝ ਹੋਰਨਾਂ ਦਾ ਵਿਚਾਰ ਹੈ ਕਿ ਮੇਰੀ ਅਰਦਾਸ ਉਸ ਖਰੜੈ ਅਨੁਸਾਰ ਹੁੰਦੀ ਹੈ। ਹਾਂ, ਕਦੀ ਕਦੀ ਕੁੱਝ ਸੱਜਣਾਂ ਵੱਲੋਂ ਇਹ ਸ਼ਿਕਾਇਤ ਜਰੂਰ ਹੋ ਜਾਦੀ ਹੈ ਕਿ ਮੈ ਅਰਦਾਸ ਤੇਜ ਚਾਲ ਵਿੱਚ ਕਰਦਾ ਹਾਂ ਜਦੋਂ ਕਿ ਇਹ ਆਸਤੋ ਹੋਣੀ ਚਾਹੀਦੀ ਹੈ।
ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਉਪ੍ਰੰਤ, ਜਦੋਂ ਅਸੀ ਦੋਵੇਂ ਹੀ ਸਾਂ ਤੇ ਤੀਜਾ ਹੋਰ ਕੋਈ ਸੱਜਣ ਲਾਗੇ ਨਹੀ ਸੀ ਤਾਂ ਮੈ ਮਿੱਤਰਤਾ ਭਰਪੂਰ ਵਾਤਾਵਰਣ ਵਿਚ, ਵੈਸੇ ਹੀ ਦੋਵੱਲੀ ਜਾਣਕਾਰੀ ਸਾਂਝੀ ਕਰਨ ਦੇ ਵਿਚਾਰ ਨਾਲ਼, ਉਹਨਾਂ ਨਾਲ਼ ਨਿਮਰਤਾ ਸਹਿਤ ਵਿਚਾਰ ਕਰਦਿਆਂ ਆਖਿਆ ਕਿ ਪੰਥ ਪ੍ਰਵਾਨਤ ‘ਸਿੱਖ ਰਹਿਤ ਮਰਯਾਦਾ’ ਵਿੱਚ ਅਰਦਾਸ ਕੇ ਹਿਦਾਇਤ ਹੈ ਕਿ ਇਹ ਅਰਦਾਸ ਦਾ ਨਮੂਨਾ ਹੈ। ਉਹਨਾਂ ਨੇ ਇਹ ਗੱਲ ਮੰਨਣ ਤੋਂ ਸਪੱਸਟ ਇਨਕਾਰ ਕਰ ਦਿਤਾ। ਅਚਾਨਕ ਗੁਰਦੁਆਰਾ ਸਾਹਿਬ ਵਿਚੋਂ ਮੈਨੂੰ ‘ਸਿੱਖ ਰਹਿਤ ਮਰਯਾਦਾ’ ਦੀ ਇੱਕ ਕਾਪੀ ਮਿਲ਼ ਗਈ ਤੇ ਮੈ ਅਰਦਾਸ ਵਿੱਚ ਫੁੱਟ ਨੋਟ ਵਾਲੀ ਲਿਖੀ ਲਾਈਨ ਵੀ ਉਹਨਾਂ ਨੁੰ ਵਿਖਾ ਕੇ ਜਾਣਕਾਰੀ ਦਿਤੀ ਪਰ ਉਹ ਫਿਰ ਵੀ ਨਾ ਮੰਨੇ। ਫਿਰ ਮੈਨੂੰ ਕੁੱਝ ਸ਼ਮਝ ਜਿਹੀ ਪੈਣ ਲੱਗ ਪਈ ਕਿ ਸ਼ਾਇਦ ਇਹ ਸੱਜਣ ਜਾਣ ਬੁਝ ਕੇ ਅੜੀ ਕਰ ਰਹੇ ਹੋਣ ਤੇ ਮੇਰੇ ਮਿੱਤਰਾਨਾ ਵਿਚਾਰਾਂ ਨੂੰ ਬਹਿਸ ਸਮਝ ਰਹੇ ਹੋਣ! ਫਿਰ ਮੈ ਇਹ ਵੀ ਸੁਝਾ ਦਿਤਾ ਕਿ ਆਪਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਚਿੱਠੀ ਲਿਖ ਕੇ, ਇਸ ਗੱਲ ਦਾ ਨਿਰਨਾ ਕਰਵਾ ਲੈਂਦੇ ਹਾਂ। ਪਰ ਉਹ ਅਜਿਹਾ ਕਰਨ ਤੋਂ ਵੀ ਇਨਕਾਰੀ ਹੋ ਗਏ। ਮੈ ਫਿਰ ਬੇਨਤੀ ਕੀਤੀ ਕਿ ਦੀਵਾਨ ਦੀ ਸਮਾਪਤੀ ਸਮੇ ਆਪ ਜੀ ਅਰਦਾਸ ਕਰੋ ਤਾਂ ਕਿ ਮੈ ਜਾਣ ਸਕਾਂ ਕਿ ਮੈ ਕਿਥੇ ਕਿਥੇ ਗ਼ਲਤੀ ਕਰਦਾ ਹਾਂ ਤੇ ਤੁਹਾਡੇ ਵੱਲੋਂ ਕੀਤੀ ਗਈ ਅਰਦਾਸ ਤੋਂ ਮੈ ਆਪਣੀਆਂ ਗ਼ਲਤੀਆਂ ਸੁਧਾਰ ਲਵਾਂ। ਮੇਰੀ ਇਹ ਬੇਨਤੀ ਵੀ ਨਾ ਮਨਜ਼ੂਰ ਹੋ ਗਈ। ਮੈ ਇਹ ਵੀ ਆਖਿਆ ਕਿ ਅਰਦਾਸ ਕਿਉਂਕਿ ਬਾਣੀ ਵਾਂਗ ਕਵਿਤਾ ਵਿੱਚ ਨਾ ਹੋ ਕੇ ਵਾਰਤਕ ਵਿੱਚ ਹੈ ਤੇ ਵਾਰਤਕ ਨੂੰ ਜ਼ਬਾਨੀ ਅੱਖਰ ਅੱਖਰ ਰਟਣਾ, ਆਮ ਵਿਅਕਤੀ ਲਈ ਸੌਖਾ ਕਾਰਜ ਨਹੀ ਹੁੰਦਾ; ਇਸ ਲਈ ਵਾਧ ਘਾਟ ਹੋ ਹੀ ਜਾਂਦੀ ਹੈ। ਉਹ ਵਿਦਵਾਨ ਸੱਜਣ ਇਸ ਵਿਚਾਰ ਨਾਲ ਵੀ ਸਹਿਮਤ ਨਾ ਹੋਏ।
ਵੈਸੇ ਮੈ ਪੰਥਕ ਖਰੜੇ ਵਿਚਲੀ ਅਰਦਾਸ ਨੂੰ ਗਾਈਡ ਲਾਈਨ ਮੰਨ ਕੇ, ਕਈ ਥਾਵਾਂ ਤੇ ਕੁੱਝ ਸਹਿਵਨ ਹੀ ਵਾਧ ਘਾਟ ਕਰ ਜਾਇਆ ਕਰਦਾ ਸਾਂ; ਜਿਵੇਂ ਕਿ ‘ਮੱਤ ਦਾ ਰਾਖਾ’ ਦੀ ਥਾਂ ‘ਮੱਤ ਪੱਤ ਦਾ ਰਾਖਾ’, ‘ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ’ ਦੀ ਥਾਂ ‘ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ’ ਅਤੇ ਅਰਦਸ ਦੇ ਅੰਤ ਵਿਚ, ‘ਸੇਈ ਪਿਆਰੇ ਮੇਲ਼ ਜਿਨ੍ਹਾਂ ਮਿਲ਼ਿਆਂ ਤੇਰਾ ਨਾਮ ਚਿਤ ਆਵੇ’ ਦੀ ਥਾਂ, ‘ਸੇਈ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਮਿਲ਼ਿਆਂ ਆਪ ਜੀ ਦਾ ਨਾਮ ਚਿਤ ਆਵੇ।’ ਆਖ ਦਿਆ ਕਰਦਾ ਸਾਂ। ਉਸ ਸੱਜਣ ਦੇ ਕਿੰਤੂ ਕਰਨ ਪਿੱਛੋਂ ਮੈ ਇਸ ਪੱਖੋਂ ਹੋਰ ਸਾਵਧਨੀ ਵਰਤਣੀ ਸ਼ੁਰੂ ਕਰ ਦਿਤੀ ਹੈ। ਜਦੋਂ ਉਹਨਾਂ ਮੇਰੇ ਨਾਲ ਆਪਣੀ ਅਸਹਿਮਤੀ ਵਾਲ਼ੇ ਸਟੈਂਡ ਵਿੱਚ ਕੋਈ ਲਚਕ ਨਾ ਲਿਆਂਦੀ ਤੇ ਮੇਰੇ ਵੱਲੋਂ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਮੈਨੂੰ ਖ਼ੁਦ ਅਰਦਾਸ ਕਰਕੇ, ਮੇਰੀਆਂ ਗ਼ਲਤੀਆਂ ਨਾ ਦਰਸਾਈਆਂ ਤਾਂ ਫਿਰ ਮੈਨੂੰ ਵੀ ਕੁੱਝ ਰੋਸਾ ਜਿਹਾ ਆ ਗਿਆ ਤੇ ਮੈਥੋਂ ਆਖਿਆ ਗਿਆ, “ਮੈਨੂੰ ਅਜੇ ਤੱਕ ਕਿਸੇ ਉਸ ਸੱਜਣ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਨਹੀ ਹੋ ਸਕਿਆ ਜਿਸ ਦੀ ਅਰਦਾਸ ਦੀ ਸ਼ਬਦਾਵਲੀ ਮੇਰੇ ਨਾਲ਼ੋਂ ਵਧ ‘ਸਿੱਖ ਰਹਿਤ ਮਰਯਾਦਾ’ ਦੇ ਖਰੜੇ ਨਾਲ਼ ਮਿਲ਼ਦੀ ਹੋਵੇ!”
ਉਹਨਾਂ ਦੇ ਅਰਦਾਸ ਨਾ ਕਰਨ ਦਾ ਕਾਰਨ ਉਸ ਸਮੇ ਤਾਂ ਮੈ ਏਹੀ ਸਮਝਿਆ ਕਿ ਸ਼ਾਇਦ ਉਹ ਅਰਦਾਸ ਇਸ ਕਰਕੇ ਕਰਨ ਲਈ ਨਾ ਮੰਨੇ ਹੋਣ ਕਿ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਨਾ ਹੋਵੇ ਕਿ ਉਹ ਆਪਣੇ ਪ੍ਰਗਟਾਏ ਵਿਚਾਰਾਂ ਅਨੁਸਾਰ ਪੂਰੀ ਸ਼ੁਧ ਅਰਦਾਸ ਕਰ ਸਕਣਗੇ ਪਰ ੨੦੦੭ ਵਿੱਚ ਮੈਨੂੰ ਅਰਦਾਸ ਬਾਰੇ ਇੱਕ ਹੋਰ ਅਨੋਖਾ ਹੀ ਤਜੱਰਬਾ ਹੋਇਆ।
ਬਿਧ ਇਹ ਇਉਂ ਬਣੀ ਕਿ ਮੈ ਅੰਮ੍ਰਿਤਸਰ ਗਿਆ ਹੋਇਆ ਸਾਂ ਕਿ ਇੱਕ ਦੇਸ਼ ਵਿਚੋਂ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕਾਂ ਵੱਲੋਂ ਫੋਨ ਆਇਆ ਕਿ ਮੈ ਕੁੱਝ ਦਿਨਾਂ ਲਈ ਉਹਨਾਂ ਪਾਸ, ਸੰਗਤਾਂ ਨੂੰ ਕਥਾ ਵਿਖਿਆਨ ਸੁਣਾਉਣ ਲਈ ਹਾਜਰ ਹੋਵਾਂ। ਇਸ ਨਾਲ਼ੋਂ ਵਧ ਮੇਰੇ ਲਈ ਖ਼ੁਸ਼ੀ ਵਾਲ਼ੀ ਗੱਲ ਹੋਰ ਕੇਹੜੀ ਹੋ ਸਕਦੀ ਸੀ! ਹੋਰ ਵਾਧਾ ਇਹ ਕਿ ਉਹਨਾਂ ਨੇ ਹਵਾਈ ਜਹਾਜ ਦਾ ਕਰਾਇਆ ਦੇ ਦੇਣ ਲਈ ਵੀ ਆਖ ਦਿਤਾ। ਮੈ ਅੰਮ੍ਰਿਤਸਰੋਂ ਬਾਕੀ ਸਾਰੇ ਕਾਰਜ ਵਿਚਾਲੇ ਹੀ ਛੱਡ ਕੇ ਓਧਰ ਨੂੰ ਚਾਲੇ ਪਾ ਦਿਤੇ। ਦਿੱਲੀ ਤੋਂ ਮੈਨੂੰ ਮੇਰੀ ਪਹਿਲੀ ਟਿਕਟ ਤੇ ਜਹਾਜ ਵਾਲ਼ਿਆਂ ਨੇ ਨਾ ਬੈਠਾਇਆ ਤਾਂ ਮੈ ਸ. ਤੇਜਿੰਦਰਪਾਲ ਸਿੰਘ ਹੋਰਾਂ ਦੀ ਮਦਦ ਨਾਲ਼, ਅਗਲੇ ਦਿਨ, ਇੱਕ ਪਾਸੇ ਦੀ, ਲੰਡਨ ਤੇ ਫਿਰ ਅੱਗੋਂ ਉਸ ਮੁਲਕ ਤੱਕ ਦੀ ਬਹੁਤ ਮਹਿੰਗੀ ਟਿਕਟ ਲੈ ਕੇ, ਜਹਾਜੇ ਜਾ ਬੈਠਾ। ਇਸ ਤੋਂ ਪਹਿਲੀ ਇੱਕ ਰਾਤ ਦਿੱਲੀ ਵਿੱਚ ਸ. ਤੇਜਿੰਦਰਪਾਲ ਸਿੰਘ ਜੀ ਹੋਰਾਂ ਪਾਸ ਹੀ ਰਿਹਾ। ਕੋਸ਼ਿਸ਼ ਇਹ ਸੀ ਕਿ ਹਰ ਹਾਲਤ ਵਿੱਚ ਛਨਿਛਰਵਾਰ ਦੀ ਰਾਤ ਤੱਕ ਉਸ ਮੁਲਕ ਵਿੱਚ ਪਹੁੰਚ ਜਾਵਾਂ ਤਾਂ ਕਿ ਐਤਵਾਰ ਦੇ ਦੀਵਾਨ ਸਮੇ, ਪ੍ਰਬੰਧਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਾ ਹੋਵੇ। ਲੰਡਨੋ ਫਿਰ ਹੋਰ ਮੁਲਕ ਦੇ ਜਹਾਜ ਤੇ ਬਹਿ ਕੇ ਉਸ ਮੁਲਕ ਵਿੱਚ ਜਾ ਉਤਰਿਆ। ਅਗਲੇ ਮੁਲਕ ਦਾ ਜਹਾਜ ਫੜਨ ਲਈ ਭੱਜ ਨੱਸ ਹੋਈ। ਪੁਛ ਪੁਛਾ ਕੇ ਬਹੁਤ ਦੂਰ ਉਸ ਏਅਰ ਲਾਈਨ ਦਾ ਦਫ਼ਤਰ ਭਾਲ਼ਿਆ। ਕਾਊਂਟਰ ਵਾਲ਼ੀ ਬੀਬੀ ਨੇ ਦੱਸਿਆ ਕਿ ਮੈ ਬਹੁਤ ਲੇਟ ਹਾਂ। ਜਾਹਾਜ ਮੇਰੇ ਓਥੇ ਅੱਪੜਦੇ ਨੁੰ ਤੁਰ ਗਿਆ ਹੋਵੇਗਾ। ਭੱਜ ਨੱਸ ਕਰਕੇ ਜਹਾਜ ਵਾਲੀ ਥਾਂ ਪਹੁੰਚ ਤਾਂ ਗਿਆ ਪਰ ਜਹਾਜ ਦਾ ਬੂਹਾ ਬੰਦ ਹੋ ਚੁੱਕਿਆ ਸੀ। ਫਿਰ ਕਾਊਂਟਰ ਤੇ ਵਾਪਸ ਮੁੜਿਆ। ਵਾਹਵਾ ਚਿਰ ਠਹਿਰ ਕੇ ਅਗਲੇ ਜਹਾਜ ਵਿੱਚ ਸੀਟ ਮਿਲ਼ ਜਾਣ ਦਾ ਵਾਇਦਾ ਹੋ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਫ਼ੋਨ ਰਾਹੀਂ ਦਸ ਦਿਤਾ। ਸੈਂਡਵਿਚ ਤੇ ਹੋਰ ਉਰਾ ਪਰਾ ਖਾਣ ਲਈ ਤਾਂ ਏਅਰ ਲਾਈਨ ਵਾਲ਼ਿਆਂ ਨੇ ਕੂਪਨ ਦੇ ਦਿਤਾ ਪਰ ਪਾਣੀ ਖ਼ੁਦ ਹੀ ਖ਼ਰੀਦਣਾ ਪਿਆ। ਅਖੀਰ ਜਹਾਜ ਵਿੱਚ ਜਾ ਬੈਠੇ। ਇਹ ਛੋਟਾ ਹੀ ਸੀ। ਜਹਾਜ ਦੇ ਉਡਣ ਸਮੇ ਝੱਖੜ ਤੇ ਮੀਂਹ ਏਨੇ ਜੋਰ ਦਾ ਆਇਆ ਕਿ ਜਹਾਜ ਉਡ ਨਹੀ ਸੀ ਸਕਦਾ। ਹਵਾ ਦੇ ਜੋਰ ਨਾਲ ਜਹਾਜ ਜਮੀਨ ਉਪਰ ਪਿਆ ਵੀ ਏਧਰ ਓਧਰ ਰਿੜ੍ਹੀ ਜਾਵੇ। ਆਖਰ ਝੱਖੜ ਥੰਮਣ ਤੇ ਜਹਾਜ ਉਡ ਪਿਆ। ਹਵਾਈ ਅੱਡੇ ਵਿਚਲੀ ਇਸ ਭੱਜ ਦੌੜ ਅਤੇ ਠੰਡ ਵਿੱਚ ਮੇਰਾ ਵੀ ਚੰਗਾ ਜੋਤਾ ਲੱਗ ਗਿਆ। ਉਪਰੋਂ ਹੋਰ ਬਿਪਤਾ ਇਹ ਕਿ ਮੇਰੇ ਪਾਸ ਮੇਰੇ ਆਪਣੇ ਮੋਢੇ ਵਾਲ਼ੇ ਬੈਗ ਤੋਂ ਇਲਾਵਾ ਇੱਕ ਅਟੈਚੀ ਵੀ ਸੀ ਜੋ ਕਿ ਮੇਰੀਆਂ ਕਿਤਾਬਾਂ ਦਾ ਭਰਿਆ ਹੋਇਆ ਸੀ। ਮੈ ਉਹ ਅੰਮ੍ਰਿਤਸਰੋਂ ਚੁੱਕ ਲਿਆ ਤਾਂ ਕਿ ਉਹਨਾਂ ਮੁਲਕਾਂ ਦੇ ਪਾਠਕਾਂ ਦੇ ਹੱਥਾਂ ਵਿੱਚ ਆਪਣੀਆਂ ਕਿਤਾਬਾਂ ਪੁਚਾਈਆਂ ਜਾ ਸਕਣ। ਵੈਸੇ ਆਮ ਤੌਰ ਤੇ ਮੇਰੀ ਯਾਤਰਾ ਮੋਢੇ ਦੇ ਬੈਗ ਨਾਲ਼ ਹੀ ਹੁੰਦੀ ਹੈ। ਉਮਰ, ਸੇਹਤ, ਠੰਡ, ਭਾਰ ਆਦਿ ਕਰਕੇ ਮੇਰਾ ਲੋੜੋਂ ਵਧ ਹੀ ਸਰੀਰ ਕੁੱਝ ਠਹਿਚਲ਼ ਗਿਆ। ਏਨੀ ਭਜ ਦੌੜ ਕਰਕੇ ਜਦੋਂ ਮੈ ਉਸ ਮੁਲਕ ਵਿੱਚ ਪਹੁੰਚਿਆ ਤਾਂ ਓਥੇ ਇੱਕ ਹੋਰ ਅੰਤਰ ਰਾਸ਼ਟਰੀ ਪ੍ਰਸਿਧੀ ਦੇ ਮਾਲਕ, ਚੰਗੇ ਵਿਦਵਾਨ ਸੱਜਣ ਪਧਾਰੇ ਹੋਏ ਸਨ। ਇਸ ਦਾ ਭਾਵ ਇਹ ਸੀ ਕਿ ਜੇ ਮੈ ਕੁੱਝ ਦਿਨ ਲੇਟ ਵੀ ਹੋ ਜਾਂਦਾ ਤਾਂ ਫਿਕਰ ਵਾਲ਼ੀ ਕੋਈ ਗੱਲ ਨਹੀ ਸੀ। ਮੇਰੇ ਬਿਨਾ ਬੜੀ ਚੰਗੀ ਤਰ੍ਹਾਂ ਦੀਵਾਨ ਸਜ ਸਕਦਾ ਸੀ।
ਛਨਿਛਰਵਾਰ ਦੀ ਰਾਤ ਨੂੰ ਮੈ ਖਾਸਾ ਹੀ ਢਿੱਲਾ ਗਿਆ। ਸਵੇਰੇ ਮੈਥੋਂ ਉਠ ਨਾ ਹੋਵੇ। ਸਥਾਨਕ ਕੀਰਤਨੀ ਜਥਿਆਂ ਦੇ ਕੀਰਤਨ ਉਪ੍ਰੰਤ ਉਸ ਵਿਚਵਾਨ ਸੱਜਣ ਨੇ ਕਥਾ ਆਰੰਭ ਕੀਤੀ। ਉਹਨਾਂ ਦੀ ਕਥਾ ਮਿੰਟਾਂ ਲਈ ਨਹੀ, ਘੰਟਿਆਂ ਵਾਸਤੇ ਹੁੰਦੀ ਹੈ। ਕਥਾ ਕਰਨ ਵਾਲਾ ਕਰਦਾ ਨਾ ਥੱਕੇ ਤੇ ਸਰੋਤੇ ਸੁਣਨ ਲਈ ਸਜੇ ਰਹਿਣ ਤਾਂ ਇਤਰਾਜ ਕਿਸੇ ਨੂੰ ਕਿਉਂ! ਦੀਵਾਨ ਦੇ ਭੋਗ ਤੋਂ ਥੋਹੜਾ ਕੁ ਚਿਰ ਪਹਿਲਾਂ ਗ੍ਰੰਥੀ ਸਿੰਘ ਜੀ ਨੇ ਆ ਕੇ ਮੈਨੂੰ ਦੀਵਾਨ ਦੀ ਸਮਾਪਤੀ ਦੀ ਅਰਦਾਸ ਕਰਨ ਲਈ ਆਖਿਆ। ਮੈ ਆਪਣੀ ਸਰੀਰਕ ਅਵਸਥਾ ਕਾਰਨ, ਨਿਮਰਤਾ ਸਹਿਤ ਇਹ ਆਖ ਕੇ ਜਵਾਬ ਦਿਤਾ ਕਿ ਕਥਾ ਵਾਲ਼ੇ ਗਿਆਨੀ ਜੀ ਅਰਦਾਸ ਕਰ ਲੈਣਗੇ। ਉਹ ਚਲੇ ਗਏ। ਕੁੱਝ ਮਿੰਟਾਂ ਪਿਛੋਂ ਫੇਰ ਆ ਕੇ ਪ੍ਰਧਾਨ ਜੀ ਵੱਲੋਂ ਸੁਨੇਹਾ ਦਿਤਾ। ਮੈ ਫਿਰ ਨਾ ਮੰਨ ਸਕਿਆ। ਉਹ ਫਿਰ ਮੁੜ ਗਏ। ਤੀਜੀ ਵਾਰ ਫਿਰ ਆਏ ਤਾਂ ਫਿਰ ਮੈ ਕੰਬਲ਼ ਦੀ ਬੁੱਕਲ਼ ਮਾਰ ਕੇ ਤੁਰ ਪਿਆ। ਦਿਲ ਵਿੱਚ ਵਿਚਾਰ ਵੀ ਆਵੇ ਕਿ ਏਡਾ ਵੱਡਾ ਵਿਦਵਾਨ, ਜੋ ਘੰਟਿਆਂ ਬਧੀ, ਬਿਨਾ ਕਿਸੇ ਲਿਖੇ ਨੋਟ ਦੇ, ਕਥਾ ਕਰ ਸਕਦਾ ਹੈ, ਕੀ ਉਹ ਦੋ ਤਿੰਨ ਮਿੰਟ ਦੀ ਅਰਦਾਸ ਨਹੀ ਕਰ ਸਕਦਾ! ਇਸ ਗੱਲ ਦੀ ਮੈਨੂੰ ਬੜੀ ਹੈਰਾਨੀ ਹੋ ਰਹੀ ਸੀ। ਮੈ ਛੇਤੀ ਛੇਤੀ ਅਰਦਾਸ ਕੀਤੀ ਤੇ ਮੁੜ ਕਮਰੇ ਵਿੱਚ ਜਾ ਕੇ ਮੈਟਰੈਸ ਉਪਰ ਡਿਗ ਪਿਆ।
ਮੈ ਹੁਣ ਤੱਕ ਸੋਚ ਰਿਹਾ ਹਾਂ ਕਿ ਕੀ ਗੱਲ ਹੈ ਕਿ ਦੋਹਾਂ ਵੱਡੇ ਵਿਦਵਾਨਾਂ ਨੇ ਅਰਦਾਸ ਕਰਨੋ ਇਨਕਾਰ ਕਰ ਦਿਤਾ। ਪਹਿਲੀ ਘਟਨਾ ਤੋਂ ਤਾਂ ਮੇਰਾ ਵਿਚਾਰ ਇਹ ਸੀ ਕਿ ਸ਼ਾਇਦ ਆਪਣੀ ਪੂਰੀ ਸ਼ੁਧ ਅਰਦਾਸ ਨਾ ਕਰ ਸਕਣ ਵਾਲ਼ੀ ਬੇਭਰੋਸਗੀ ਕਾਰਨ, ਉਹਨਾਂ ਨੇ ਅਰਦਾਸ ਨਾ ਕੀਤੀ ਹੋਵੇ ਪਰ ਇਸ ਵਾਰੀ ਤਾਂ ਅਜਿਹੀ ਕਿਸੇ ਗੱਲ ਦੀ ਸੰਭਾਵਨਾ ਨਹੀ ਸੀ। ਫਿਰ ਕਿਉਂ ਨਾ ਅਰਦਾਸ ਕੀਤੀ ਗਈ ਤੇ ਮੈਨੂੰ ਬੀਮਾਰ ਨੂੰ, ਇਸ ਕਾਰਜ ਲਈ ਤਿੰਨ ਸੁਨੇਹੇ ਭੇਜ ਕੇ ਸੱਦਿਆ ਗਿਆ!
ਸੋਚ ਸੋਚ ਕੇ ਮੇਰੀ ਸੋਚ ਵਿੱਚ ਤਾਂ ਅਜੇ ਏਹੀ ਆ ਰਿਹਾ ਹੈ ਕਿ ਸ਼ਾਇਦ ਵੱਡੇ ਵਿਦਵਾਨ ਅਰਦਾਸ ਕਰਨ ਦੇ ਕਾਰਜ ਨੂੰ ਆਪਣੇ ਗਿਆਨ ਅਤੇ ਮਾਣ ਦੇ ਪਧਰ ਤੋਂ ਛੋਟੇ ਦਰਜੇ ਦਾ ਕਾਰਜ ਸਮਝ ਕੇ ਨਾ ਕਰਦੇ ਹੋਣ! ਉਹਨਾਂ ਦਾ ਵਿਚਾਰ ਹੋਵੇ ਕਿ ਇਹ ਕੰਮ ਆਮ ਗ੍ਰੰਥੀਆਂ ਦਾ ਹੈ ਜਿਸ ਨੂੰ ਕਰਨ ਨਾਲ ਉਹਨਾਂ ਦਾ ਵਿਦਿਅਕ ਪਧਰ ਓਨੇ ਉਚ ਪਾਏ ਦਾ ਨਾ ਰਹਿੰਦਾ ਹੋਵੇ! ਉਸ ਸਮੇ ਤੋਂ ਮੈ ਇਸ ਅਸਲੀਅਤ ਨੂੰ ਜਾਨਣ ਦੇ ਯਤਨਾਂ ਵਿੱਚ ਹਾਂ ਪਰ ਅਜੇ ਤੱਕ ਭੰਬਲ਼ਭੂਸੇ ਵਿੱਚ ਹੀ ਹਾਂ। ਜੇ ਕਿਸੇ ਵਿਦਵਾਨ ਨੂੰ ਇਸ ਦੇ ਸਹੀ ਕਾਰਨ ਦਾ ਪਤਾ ਹੋਵੇ ਤਾਂ ਉਹ ਜਰੂਰ ਮੈਨੂੰ ਦੱਸ ਕੇ ਮੇਰੀ ਤਸੱਲੀ ਕਰਵਾਵੇ। ਇਹ ਜਾਣਕਾਰੀ ਮੀਡੀਆ, ਫ਼ੋਨ, ਈ-ਮੇਲ, ਜਾਂ ਖ਼ੁਦ ਮਿਲ਼ ਕੇ ਵੀ ਮੈਨੂੰ ਦਿਤੀ ਜਾ ਸਕਦੀ ਹੈ। ਇਹ ਪ੍ਰਸ਼ਨ ਮੈ ਪਹਿਲਾਂ ਸਿੱਖ ਵਿਦਵਾਨ ਕਥਾਵਾਚਕਾਂ ਦੀ ਸੇਵਾ ਵਿੱਚ ਪੇਸ਼ ਕਰ ਰਿਹਾ ਹਾਂ।
ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ




.