.

ਕਰਾਮਾਤ

ਇਸ ਲੇਖ ਦੇ ਲੇਖਕ ਨੂੰ ਦੇਸ ਵਿਦੇਸ ਦੇ ਇਤਿਹਾਸਕ ਅਤੇ ਸਥਾਨਕ ਗੁਰੂਦਵਾਰਿਆਂ ਦੇ ਦਰਸਨ ਕਰਨ ਦਾ ਅਵਸਰ ਮਿਲਿਆ। ਲੇਖਕ, ਸਾਥੀਆਂ ਸਣੇ, ਇਸ ਉਮੀਦ ਨਾਲ ਉਤਸਾਹਿਤ ਸੀ ਕਿ ਗੁਰ-ਗਿਆਨ ਦੇ ਸੂਰਜ (ਗੁ: ਗ੍ਰੰਥ) ਦੀਆਂ ਕਿਰਨਾਂ ਵਿੱਚ ਆਤਮ-ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ! ਪਰ, ਸਾਡੀਆਂ ਸਾਰੀਆਂ ਉਮੀਦਾਂ ਤੇ ਪਾਣੀ ਫ਼ਿਰ ਗਿਆ, ਜਦ ਸਾਨੂੰ ਸਾਰੀ ਫ਼ੇਰੀ ਵਿੱਚ ਗੁਰ-ਗਿਆਨ ਦੀ ਰੌਸ਼ਨੀ ਦੀ ਇੱਕ ਵੀ ਕਿਰਨ ਨਸੀਬ ਨਾਂ ਹੋਈ। ਗੁਰੂ ਦੇ ਲਗ ਪਗ ਹਰ ਦਵਾਰ ਦੇ ਬਾਹਰ ਮੋਟੇ ਅੱਖਰਾਂ ਵਿੱਚ ਲਿੱਖਿਆ ਇੱਕ ਬੋਰਡ ਸ਼੍ਰੱਧਾਲੂਆਂ ਦਾ ਸਵਾਗਤ ਕਰਦਾ ਹੈ। ਇਸ ਬੋਰਡ ਉਤੇ, ਗੁਰੂਆਂ ਦੇ ਜੀਵਨ ਨਾਲ ਜੋੜੀ, ਕਿਸੇ ਅਣਹੋਣੀ ਮਿੱਥਿਆ ਕਹਾਣੀ/ਕਰਾਮਾਤ ਦੀ ਇਬਾਰਤ ਲਿਖੀ ਹੋਈ ਹੈ। ਇੱਕ ਹੋਰ ਛੁਟੇਰਾ ਫ਼ੱਟਾ ਵੇਖੱਣ ਵਿੱਚ ਆਉਂਦਾ ਹੈ ਜਿਸ ਉਪੱਰ ਹੋਰ ਮੋਟੇ ਅੱਖਰਾਂ ਵਿੱਚ ਲਿਖਿਆ ਹੈ: ‘ਕਾਰ ਸੇਵਾ, ਵੱਲੋਂ ਸੰਤ ਬਾਬਾ ਸ੍ਰੀ ……. ਸਿੰਘ ਜੀ ਮਹਾਰਾਜ…. . ਵਾਲੇ! !’ ਕਈ ਥਾਈਂ ਸ੍ਰੀ ੧੦੮ ਜਾਂ ਸ੍ਰੀ ੧੦੦੮ ਵੀ ਲਿਖਿਆ ਮਿਲਦਾ ਹੈ! ! ਜਿਤਨੇ ਗੁਰੂ-ਘਰ, ਉਸ ਤੋਂ ਵੀ ਵੱਧ ਕਰਾਮਾਤਾਂ ਅਤੇ ਸੰਤ ਬਾਬੇ ਮਹਾਰਾਜ! ! ਕਰਾਮਾਤ ਅਤੇ ਕਾਰ ਸੇਵਾ ਦੀ ਕੁੰਡਲੀ ਦੀ ਲਪੇਟ ਵਿੱਚ ਜਕੜ ਕੇ ਜੋ ਸਲੂਕ ਕੀਤਾ ਜਾਂਦਾ ਹੈ ਉਸ ਤੋਂ ਸ਼੍ਰਧਾਲੂ ਅਣਜਾਣ ਨਹੀਂ! ! ! ਗੁਰੂ ਦਵਾਰੇ ਦੇ ਅੰਦਰ ਕੀਰਤਨ ‘ਗਿਆਨ ਵਿਹੂਣਾ ਗਾਵੈ ਗੀਤ’, ਪ੍ਰਸਾਦ, ਲੰਗਰ ਤੇ ਬੱਸ! ਹੋ ਗਏ ਗੁਰ-ਦਰਸਨ! ! ਜੇ ਕਿਸੇ ਸੰਤ ਬਾਬੇ ਜਾਂ ਨਾਮ ਧਰੀਕ ਸੇਵਾਦਾਰ ਨੂੰ ਗੁਰ-ਗਿਆਨ ਦੇ ਦਾਨ ਲਈ ਬਿਨਤੀ ਕੀਤੀ ਤਾਂ ਜਾਂ ਤਾਂ ਉਹ, ਹਰ ਕੋਨੇ ਵਿੱਚ ਪਈ ਗੋਲਕ ਵਾਂਗ, ਮੂੰਹ ਅੱਡ ਕੇ ਉਤਾਂਹ ਨੂੰ ਝਾਕਣ ਲੱਗ ਜਾਂਦਾ, ਅਤੇ ਜਾਂ ਥਾਂ ਥਾਂ ਲਿਖੀਆਂ ਕਰਾਮਾਤਾਂ/ਕਹਾਣੀਆਂ ਨੂੰ ਬੜੇ ਫ਼ਖ਼ਰ ਨਾਲ ਸੁਣਾ ਕੇ ਆਪਣੇ ‘ਗਿਆਨ’ ਦਾ ਜਲੂਸ ਕੱਢਦਾ। ਸਾਨੂੰ ਜਿਸ ਦ੍ਰਿਸ਼ ਨੇ ਬਹੁਤ ਪ੍ਰਭਾਵਤ ਕੀਤਾ ਉਹ ਸੀ ਜੋੜਾ-ਘਰਾਂ ਅਤੇ ਪਰਕਰਮਾ ਵਿੱਚ ਹੋ ਰਹੀ ਸੇਵਾ। ਸੱਚੇ ਸੇਵਕਾਂ (ਕਰਮਚਾਰੀ ਨਹੀਂ) ਨੂੰ ਸੱਚੀ ਸ਼੍ਰੱਧਾ-ਵਸ ਨਿਸ਼ਕਾਮ ਸੇਵਾ ਕਰਦਿਆਂ ਵੇਖ ਮਨ ਦ੍ਰਵ ਜਾਂਦਾ ਹੈ ਅਤੇ ਸਿਰ ਉਨ੍ਹਾਂ ਦੇ ਸਤਿਕਾਰ ਵਿੱਚ ਆਪਣੇ ਆਪ ਝੁਕ ਜਾਂਦਾ ਹੈ। ਸਾਡੀ ਇਸ ਯਾਤ੍ਰਾ ਦੇ ਕੌੜੇ ਮਿੱਠੇ ਤਜੁਰਬੇ ਅਲੱਗ ਲੇਖ ਵਿੱਚ ਸਾਂਝੇ ਕਰਾਂਗੇ, ਇਸ ਹੱਥਲੇ ਲੇਖ ਵਿੱਚ ਕੇਵਲ ਕਰਾਮਾਤ ਦੇ ਵਿਸ਼ੇ ਤੇ ਹੀ ਵਿਚਾਰ ਕਰਨੀ ਹੈ।

ਕਰਮ ਅਰਬੀ ਬੋਲੀ ਦਾ ਲਫ਼ਜ਼ ਹੈ। ਇਸ ਦੇ ਅਰਥ ਹਨ: ਬਖ਼ਸ਼ਿਸ਼, ਰਹਿਮ, ਕ੍ਰਿਪਾ, ਦਯਾ ਆਦਿ ਦੀ ਕ੍ਰਿਆ। ਇਸੇ ਧਾਤੂ ਤੋਂ ਕਈ ਲਫ਼ਜ਼ ਬਣੇ ਹਨ, ਜਿਵੇਂ: ਕਰਮਾਤ/ਕਿਰਮਾਤ (ਬਖ਼ਸ਼ਿਸ਼), ਕਰਾਮਾਤ (ਕਰਮਾਤ ਦਾ ਬਹੁਵਚਨ), ਕਰੀਮ (ਬਖ਼ਸ਼ਨਹਾਰ, ਦਯਾਲੂ, ਮਿਹਰਾਂ ਦਾ ਮਾਲਿਕ ਖ਼ੁਦਾ, ਅੱਲਾਹ, ਪਰਮਾਤਮਾ ਆਦਿ)। ਸੋ, ਕਰਮਾਤ ਦੇ ਅਰਥ ਹੋਏ: ਉਹ ਬਖ਼ਸ਼ਿਸ਼ ਜੋ ਕਰੀਮ (ਬਖ਼ਸ਼ਨਹਾਰ) ਦੇ ਕਰਮ (ਕਰਾਮਾਤ/ਬਖ਼ਸ਼ਿਸ਼) ਸਦਕਾ ਸਾਨੂੰ ਨਸੀਬ ਹੁੰਦੀ ਹੈ। ਕਰਾਮਾਤ, ਕਾਦਰ ਦੀ ਕੁਦਰਤ (ਗ਼ੈਬੀ ਤਾਕਤ) ਦਾ ਹੀ ਕਮਾਲ ਹੈ; ਹੋਰ ਕਿਸੇ ਦੇ ਵੀ ਵੱਸ ਦੀ ਖੇਡ ਨਹੀਂ। ਜੇ ਕੋਈ, ਖ਼ਾਕੋਂ ਉਪਜਿਆ, ਕਰਾਮਾਤੀ ਹੋਣ ਦਾ ਦਅਵਾ ਕਰਦਾ ਹੈ ਤਾਂ ਸਮਝੋ ਉਹ ਕਪਟੀ ਹੈ ਤੇ ਝੱਖ ਮਾਰਦਾ ਹੈ। ਕਬੀਰ ਜੀ ਦਾ ਫ਼ੁਰਮਾਨ ਹੈ:

“ਕਬੀਰ ਝੰਖੁ ਨ ਝੰਖੀਐ, ਤੁਮਰੋ ਕਹਿਓ ਨ ਹੋਇ॥

ਕਰਮ ਕਰੀਮ ਜੁ ਕਰਿ ਰਹੇ, ਮੇਟਿ ਨ ਸਾਕੈ ਕੋਇ॥” ਸਲੋਕ ਕਬੀਰ ਜੀ

ਕਰਾਮਾਤ ਦੇ ਕਈ ਤੁੱਲ-ਅਰਥੀ ਸ਼ਬਦ (synonyms) ਹਨ, ਜਿਵੇਂ: ਸਿੱਧੀ, ਅਲੌਕਿਕ ਘਟਨਾਂ, ਚੋਜ, ਚਮਤਕਾਰ (miracle), ਕ੍ਰਿਸ਼ਮਾ, ਕਮਾਲ, ਮੁਅਜੱਜ਼ਾ ਆਦਿ। ਭਾਰਤੀ ਸੰਸਕ੍ਰਿਤੀ ਵਿੱਚ ਸਿੱਧੀ ਅਤੇ ਚਮਤਕਾਰ ਸ਼ਬਦ ਵਧੇਰੇ ਪ੍ਰਚੱਲਿਤ ਹਨ। ਪ੍ਰਾਚੀਨ ਗ੍ਰੰਥਾਂ ਅਨੁਸਾਰ ਸਿੱਧੀਆਂ ਅਠਾਰਾਂ ਹਨ। ਕਿਹਾ ਜਾਂਦਾ ਹੈ ਕਿ ਇਹ ਸਿੱਧੀਆਂ ਕਈ ਪ੍ਰਕਾਰ ਦੀ ਕਰੜੀ ਸਾਧਨਾ ਸਦਕਾ ਪ੍ਰਾਪਤ ਹੁੰਦੀਆਂ ਹਨ। ਸਿੱਧੀਆਂ ਦੇ ਸੁਆਮੀ ਨੂੰ ਸਿੱਧ ਕਹਿੰਦੇ ਹਨ। ਸਿੱਧਾਂ ਦੀਆਂ ਸਿੱਧੀਆਂ (ਕਪਟ ਹੱਥ-ਫੇਰੀਆਂ) ਨੂੰ ਹੀ ਕਰਾਮਾਤ ਦਾ ਨਾਂ ਦਿੱਤਾ ਜਾਂਦਾ ਹੈ।

ਕਰਮਾਤ ਤੇ ਕਰਾਮਾਤੀ, ਬਾਬਾ ਆਦਮ ਜਿੰਨੇਂ ਪੁਰਾਣੇ ਹਨ, ਅਤੇ ਸਾਰੇ ਸੰਸਾਰ ਵਿੱਚ ਵਿਆਪਕ ਰਹੇ ਹਨ। ਦੇਵੀ ਦੇਵਤਿਆਂ ਦੇ ਮਿਥਿਹਾਸਕ ਯੁਗ ਦੀਆਂ ਮਿਥਿਹਾਸਕ ਕਹਾਣੀਆਂ ਸੰਸਾਰਕ ਕਰਾਮਾਤਾਂ ਦਾ ਸ੍ਰੋਤ ਕਹੀਆਂ ਜਾ ਸਕਦੀਆਂ ਹਨ। ਇਤਿਹਾਸਕ ਯੁਗ ਦਾ ਪਹਿਲਾ ਮਹਾਂਪੁਰਖ ਜੈਨ ਮੱਤ ਦੇ ਰਿਸ਼ਭਦੇਵ ਸੁਆਮੀ ਨੂੰ ਮੰਨਿਆਂ ਜਾਂਦਾ ਹੈ। ਇਸ ਤੋਂ ਬਾਅਦ ਮਹਾਤਮਾ ਬੁੱਧ (624 ਬੀ: ਸੀ: ), ਮਹਾਂਵੀਰ (ਜੈਨ ਮੱਤ ਦੇ ੨੪ਵੇਂ ਆਖ਼ਿਰੀ ਗੁਰੁ, ਛੇਵੀਂ ਸਦੀ ਬੀ: ਸੀ), ਹਜ਼ਰਤ ਈਸਾ, ਹਜ਼ਰਤ ਮੁਹੰਮਦ, ਜੋਗੀ/ਸਿੱਧ/ਨਾਥ, ਤੇ ਫ਼ਿਰ ਭਗਤੀ ਕਾਲ ਦੇ ਮਹਾਂਪੁਰਖ, ਵਿਸ਼ੇਸ਼ ਕਰਕੇ ਗੁ: ਨਾਨਕ ਦੇਵ ਜੀ। ਇਨ੍ਹਾਂ ਸਾਰੇ ਮਹਾਂਪੁਰਖਾਂ ਦੇ ਜੀਵਨ ਨਾਲ ਜੋੜੀਆਂ ਕਰਾਮਾਤਾਂ ਦਾ ਮੁੱਢ ਮਿਥਿਹਾਸਕ ਦੇਵੀ ਦੇਵਤਿਆਂ ਦੀਆਂ ਮਿਥਿਹਾਸਕ ਕਹਾਣੀਆਂ ਵਿੱਚ ਦਿਖਾਈ ਦਿੰਦਾ ਹੈ। ਇਸ ਦੀ ਵੱਡੀ ਉਦ੍ਹਾਰਣ ਵਿਸ਼ਨੂੰ ਦਾ ਸ਼ੇਸ਼ ਨਾਗ ਹੈ ਜੋ ਆਪਣੇ ਵੱਡੇ ਫ਼ਨ ਨਾਲ ਉਸ ਦੇ ਸਿਰ ਉਤੇ ਛਾਂ ਕਰਿਆ ਕਰਦਾ ਸੀ। ਸਰਪ-ਛਾਂ ਦੀ ਕਰਮਾਤ ਨੂੰ ਮਹਾਤਮਾ ਬੁੱਧ, ਹਜ਼ਰਤ ਮੁਹੰਮਦ ਆਦਿ ਅਤੇ ਗੁਰੂ ਨਾਨਕ ਦੇ ਜੀਵਨ ਨਾਲ ਵੀ ਜੋੜਿਆ ਜਾਂਦਾ ਹੈ। ਇੱਥੇ ਹੀ ਬੱਸ ਨਹੀਂ, ਅੱਜ ਕਲ ਦੇ ਕਪਟੀ ਸੰਤ ਬਾਬੇ ਵੀ ਸੱਪਾਂ ਨੂੰ ਆਪਣਾ ਸੇਵਕ ਹੋਣ ਦਾ ਦਾਅਵਾ ਕਰਕੇ ਆਪਣੀਆਂ ਝੂਠੀਆਂ ਅਲੌਕਿਕ ਸ਼ਕਤੀਆਂ ਦਾ ਅਭਿਮਾਨ ਕਰਦੇ ਹਨ। ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜਿਤਨੀਆਂ ਵੀ ਕਰਾਮਾਤਾਂ ਨੂੰ ਜੋੜਿਆ ਗਿਆ ਹੈ, ਉਨ੍ਹਾਂ ਵਿੱਚੋਂ ਬਹੁਤੀਆਂ ਦਾ ਆਰੋਪਣ ਮਹਾਤਮਾ ਬੁੱਧ ਦੇ ਜੀਵਨ ਉਤੇ ਕੀਤਾ ਮਿਲਦਾ ਹੈ। ਸਿੱਧਾਂ ਦੀਆਂ ਸਿੱਧੀਆਂ (ਮਨ-ਘੜਤ ਜਾਦੂਈ ਸ਼ਕਤੀਆਂ) ਦੀ ਝਲਕ ਵੀ ਗੁਰੂ ਨਾਨਕ ਦੇਵ ਜੀ ਨਾਲ ਜੋੜੀਆਂ ਕਰਾਮਾਤਾਂ ਵਿੱਚ ਦਿਖਾਈ ਦਿੰਦੀ ਹੈ।

ਆਓ! ਸਿੱਧੀਆਂ/ਕਰਾਮਾਤਾਂ ਨੂੰ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਵਿਚਾਰੀਏ। ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦੇ ਜੀਵਨ ਨਾਲ ਸੱਭ ਤੋਂ ਵੱਧ ਕਰਾਮਾਤਾਂ ਜੋੜੀਆਂ ਗਈਆਂ ਹਨ, ਦਾ ਫ਼ੁਰਮਾਨ ਹੈ:

“ਸਿਧਿ ਹੋਵਾ ਸਿਧਿ ਲਾਈ ਰਿਧਿ ਆਖਾ ਆਉ॥

ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ॥

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥” ਸਿਰੀਰਾਗੁ ਮ: ੧

ਭਾਵ: (ਗੁ: ਨਾਨਕ ਦੇਵ ਜੀ ਪ੍ਰਭੂ ਦੇ ਚਰਨਾਂ ਵਿੱਚ ਬਿਨਤੀ ਕਰਦੇ ਹਨ ਕਿ ਮੈਂ ਨਹੀਂ ਚਾਹੁੰਦਾ ਕਿ) ਮੈਂ ਕਰਾਮਾਤੀ ਬਣਾਂ ਤੇੋ ਕਰਾਮਾਤੀ ਸ਼ਕਤੀਆਂ ਦੇ ਬਲ ਰਿੱਧੀਆਂ ਨੂੰ ਵੱਸ ਵਿੱਚ ਕਰਕੇ ਇਨ੍ਹਾਂ ਤੋਂ ਮਿਲੇ ਪਦਾਰਥਕ ਸੁੱਖਾਂ ਤੇ ਸੁਆਦਾਂ ਵਿੱਚ ਗ਼ਲਤਾਨ ਹੋ ਜਾਵਾਂ। (ਅਣਿਮਾ ਸਿੱਧੀ ਸਦਕਾ) ਮੈਂ ਕਦੇ ਲੁਪਤ ਹੋਵਾਂ ਅਤੇ ਕਦੇ ਪਰਤੱਖ। (ਮੇਰੇ ਇਸ ਕੌਤਕ ਨੂੰ ਦੇਖ ਕੇ) ਲੋਕ ਮੈਥੋਂ ਭੈ-ਭੀਤ ਹੋਣ ਤੇ ਮੇਰਾ ਸਤਿਕਾਰ ਕਰਨ। ਮੈਨੂੰ ਡਰ ਹੈ ਕਿ (ਕਰਾਮਾਤੀ ਸ਼ਕਤੀਆਂ ਦੁਆਰਾ ਮਿਲੇ ਮਾਇਕ ਸੁੱਖ ਅਤੇ ਹਉਮੈ ਕਾਰਣ) ਮੈਂ ਕਿਤੇ ਤੇਰਾ ਨਾਂਮ ਨਾਂਹ ਵਿਸਾਰ ਦਿਆਂ! ਅਤੇ ਤੇਰੇ ਨਾਮ-ਸਿਮਰਨ ਤੋਂ ਵਾਂਜਿਆਂ ਰਹਿ ਜਾਵਾਂ! ! !

“ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧਿ ਧਿਗੁ ਕਰਮਾਤਿ॥

ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ॥

ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ॥” ਸਲੋਕ ਮ: ੩

ਭਾਵ: ਨਾਮ-ਸਿਮਰਨ ਵਿਸਾਰ ਕੇ ਖਾਣ-ਹੰਡਾਣ ਦੀਆਂ ਸੰਸਾਰਕ ਖ਼ੁਸ਼ੀਆਂ ਨਿਰਾਰਥਕ ਹਨ; ਧਿੱਕਾਰ/ਫਿਟਕਾਰ ਹੈ ਸਿੱਧੀਆਂ ਤੇ ਕਰਾਮਾਤਾਂ ਨੂੰ (ਜਿਨ੍ਹਾਂ ਤੋਂ ਵਿਕਾਰੀ ਖ਼ੁਸ਼ੀਆਂ ਮਿਲਦੀਆਂ ਹਨ)। ਉਹੀ ਸੱਚੀ ਸਿੱਧੀ ਹੈ, ਉਹੀ ਕਮਾਲ ਕਰਾਮਾਤ ਹੈ ਜਿਹੜੀ ਬੇਪ੍ਰਵਾਹ ਕਾਦਿਰ ਵੱਲੋਂ ਕੁਦਰਤਨ ਬਖ਼ਸ਼ੀ ਜਾਂਦੀ ਹੈ। ਹੇ ਨਾਨਕ! ਗੁਰੂ ਦੀ ਸਿਖਿਆ ਸਦਕਾ ਹਰਿ-ਨਾਮ-ਸਿਮਰਨ ਮਨ ਵਿੱਚ ਵੱਸ ਜਾਂਦਾ ਹੈ; ਇਹੋ ਸੱਚੀ ਸਿੱਧੀ ਅਤੇ ਇਹੋ ਕਰਾਮਾਤ ਹੈ।

“ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ॥

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ॥” ਸਲੋਕ ਮ: ੨

ਭਾਵ: ਆਪਣੀ ਚਤੁਰਾਈ ਨਾਲ ਪ੍ਰਾਪਤ ਕੀਤੀ ਵਸਤੂ/ਦੇਣ, ਬਖ਼ਸ਼ਿਸ਼/ਕਰਮਾਤ ਨਹੀਂ ਕਹੀ ਜਾ ਸਕਦੀ। ਸੱਚੀ ਕਰਮਾਤ ਉਹ ਹੈ ਜੋ ਬਖ਼ਸ਼ਣਹਾਰ ਮਾਲਿਕ ਪਰਮਾਤਮਾ ਖ਼ੁਸ਼ ਤੇ ਦਯਾਲ ਹੋਕੇ ਬਖ਼ਸ਼ਦਾ ਹੈ।

ਸਿੱਧੀ/ਕਰਮਾਤ ਕਰਾਮਾਤੀ ਦੀ ਹੱਥ-ਫ਼ੇਰੀ, ਪੱਤੇ-ਬਾਜ਼ੀ ਤੋਂ ਸਿਵਾ ਕੁੱਝ ਨਹੀਂ। ਜਾਦੂਈ ਸ਼ਕਤੀਆਂ ਨਾਲ ਸਿੱਧੜ ਲੋਕਾਂ ਨੂੰ ਭਰਮਾ ਕੇ ਠੱਗਣ ਵਾਲੇ ਢੌਂਗੀ ਪੱਤੇਬਾਜ਼ਾਂ ਨੂੰ ਚੁਣੌਤੀ ਦਿੰਦੇ ਹੋਏ ਗੁਰੂ ਜੀ ਫ਼ੁਰਮਾਨ ਕਰਦੇ ਹਨ:-

“ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ॥” ਸੂਹੀ ਮ: ੪

ਭਾਵ: (ਸਿਰਜਨਹਾਰ) ਪਰਮਾਤਮਾ ਨੇਂ ਆਪਣੇ ਰਚੇ ਪੰਜ ਤੱਤ੍ਵਾਂ ਤੋਂ ਸਾਰੀ ਸ੍ਰਿਸ਼ਟੀ ਦੀ ਸਿਰਜਨਾ ਕੀਤੀ ਹੈ। ਜੇ ਕੋਈ ਹੋਰ ਸਮਰੱਥ ਹੁੰਦਾ/ਹੈ ਤਾਂ ਉਹ ਛੇਵਾਂ ਤੱਤ੍ਵ ਰਚ ਕੇ ਵਿਖਾ ਦਿੰਦਾ/ਦੇਵੇ!

“ਆਂਟ ਸੇਤੀ ਨਾਕੁ ਪਕੜਹਿ ਠਗਣ ਕਉ ਸੰਸਾਰੁ॥ ….

ਆਂਟ ਸੇਤੀ ਨਾਕੁ ਪਕੜਹਿ ਸੂਝਦੇ ਤਿਨਿ ਲੋਆ॥

ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਆ॥” ਧਨਾਰਸੀ ਮ: ੧

ਭਾਵ: (ਪਦਮਾਸਨ ਲਾ ਕੇ ਜੋਗੀ/ਸਿੱਧ) ਦੋਹਾਂ ਹੱਥਾਂ ਦੇ ਅੰਗੂਠੇ ਅਤੇ ਨਾਲ ਦੀਆਂ ਦੋ ਉਂਗਲੀਆਂ ਨਾਲ ਨੱਕ ਫੜਦੇ ਹਨ। (ਇਹ ਕਠਿਨ ਸਰੀਰਿਕ ਆਸਨ ਕੋਈ ਅਧਿਆਤਮਿਕ ਅਰਥ ਨਹੀਂ ਰੱਖਦਾ, ਸਗੋਂ) ਇਹ, ਸੰਸਾਰ ਦੇ ਸਾਧਾਰਨ ਲੋਕਾਂ ਨੂੰ (ਇਸ ਅਣੋਖੀ ਕਰਤੂਤ ਨਾਲ ਪ੍ਰਭਾਵਤ ਤੇ ਭੈ-ਭੀਤ ਕਰਕੇ) ਠੱਗਣ ਦਾ ਸਾਧਨ ਹੈ। ਇਸ ਤਰ੍ਹਾਂ ਨੱਕ ਪਕੜ ਕੇ ਅਬੋਧ ਲੋਕਾਂ ਨੂੰ ਦਸਦੇ ਹਨ ਕਿ ਉਨ੍ਹਾਂ ਨੂੰ ਤਿੰਨੇਂ ਲੋਕ ਦਿਖਾਈ ਦੇ ਰਹੇ ਹਨ। (ਪਰ ਸੱਚ ਤਾਂ ਇਹ ਹੈ ਕਿ) ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੂੰਦਾ ਕਿ ਉਨ੍ਹਾਂ ਦੀ ਆਪਣੀ ਪਿੱਠ ਪਿੱਛੇ ਕੀ ਹੈ ਜਾਂ ਹੋ ਰਿਹਾ ਹੈ! ! ਇਹ ਕਿਵੇਂ ਦਾ ਅਣੋਖਾ ਪਦਮਾਸਨ ਹੋਇਆ? ? (ਅਲੋਆ ਦੇ ਅਰਥ ਹਨ: ਅਜੀਬ, ਅਣੋਖਾ)।

ਜਨ-ਜੀਵਨ ਵਿੱਚ ਮਨੁੱਖੀ ਕਰਮਾਤ, ਗੁਰਮੱਤ ਦੇ ਵਿਸ਼ੇਸ਼ ਸਿਧਾਂਤ ਹੁਕਮ/ਭਾਣੇ/ਰਜ਼ਾ ਦਾ ਸਰਾਸਰ ਵਿਰੋਧ ਹੈ। ਗੁਰਬਾਣੀ ਸਾਨੂੰ ਉਸ ਦੇ ਭਾਣੇ ਵਿੱਚ ਵਿਚਰਣ ਦਾ ਉਪਦੇਸ਼ ਕਰਦੀ ਹੈ; ਉਸ ਦੇ ਕੀਤੇ ਨੂੰ ਅਣਕੀਤਾ ਕਰਨ, ਤੇ ਹੋਣੀ ਨੂੰ ਅਣਹੋਇਆ ਕਰਨ ਦਾ ਸੰਦੇਸ਼ ਨਹੀਂ ਦਿੰਦੀ!

“ਨਾਨਕ ਜੋ ਤਿਸ ਭਾਵੈ ਸ+ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ॥” ਸਿਰੀਰਾਗੁ ਅ: ਮ: ੧

ਭਾਵ: ਜੋ ਪਰਮਾਤਮਾ ਨੂੰ ਭਾਉਂਦਾ ਹੈ, ਉਹੀ ਕੁੱਝ ਹੁੰਦਾ ਹੈ; ਜੀਵਾਂ ਦੇ ਹੱਥ-ਪੱਲੇ ਕੁੱਛ ਨਹੀਂ।

“ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ॥” ਗਉੜੀ ਮ: ੪

ਭਾਵ: ਇਸ ਭਰਮ ਨੂੰ ਸੱਚ ਨਾਂ ਸਮਝ ਲੈਣਾਂ ਕਿ ਕਿਸੇ ਮਨੁੱਖ ਦੇ ਕੁੱਛ ਵੀ ਹੱਥ-ਵਸ ਹੈ; ਸੱਚ ਤਾਂ ਇਹ ਹੈ ਕਿ ਸ੍ਰਿਸ਼ਟੀ ਵਿੱਚ ਜੋ ਕੁੱਛ ਵੀ ਹੋ ਰਿਹਾ ਹੈ, ਉਹ ਪ੍ਰਭੂ ਆਪ ਹੀ ਆਪਣੀ ਹੁਕਮ-ਸੱਤਾ ਸਦਕਾ ਕਰ ਰਿਹਾ ਹੈ।

“ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਨ ਹੋਇ॥” ਸੋਰਠਿ ਮ: ੧

ਭਾਵ: ਸਾਰੇ ਜੀਵਾਂ ਦਾ ਦਾਤਾਰ ਇੱਕ ਤੂੰ ਪਰਮਾਤਮਾ ਹੀ ਹੈਂ। ਮਨੁੱਖ ਦੀ ਕੋਈ ਪਾਂਇਆਂ/ਸਮਰੱਥਾ ਨਹੀਂ ਕਿ ਉਹ ਕਿਸੇ ਨੂੰ ਕੁੱਝ ਦੇ ਸਕੇ।

ਗੁਰਬਾਣੀ ਅਨੁਸਾਰ, ਹਰਿ-ਨਾਮ-ਸਿਮਰਨ ਹੀ ਇੱਕ ਕਰਮਾਤ ਹੈ ਜਿਸ ਸਦਕਾ ਮਨੁੱਖ ਮੁਕਤ-ਪਦਾਰਥ ਦੀ ਆਸ ਕਰ ਸਕਦਾ ਹੈ; ਪਰ, ਹੱਕ ਨਹੀਂ ਜਮਾ ਸਕਦਾ। ਨਾਮ-ਸਿਮਰਨ ਦੀ ਬਰਕਤ ਨਾਲ ਮਨੁੱਖ ਰਿਧਿ, ਸਿੱਧਿ, ਤੇ ਝੂਠੀ ਕਰਮਾਤ ਦੇ ਨਿਗੁਣੇ, ਨਿਰਾਰਥਕ ਭਰਮਾਂ ਤੋਂ ਮੁਕਤ ਹੋਕੇ ਰਾਹਿ ਰਾਸਤ ਉਤੇ ਚੱਲਕੇ ਜੀਵਨ-ਮਨੋਰਥ ਦੀ ਸੱਚੀ ਸਿੱਧੀ ਲਈ ਯਤਨਸ਼ੀਲ ਹੋ ਸਕਦਾ ਹੈ।

“ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ॥” ਗਉੜੀ ਅ: ਮ: ੧

ਭਾਵ: ਤ੍ਰੈਗੁਣਾਤੀਤ ਪਰਮਾਤਮਾ ਦੇ ਪਵਿੱਤ੍ਰ ਨਾਮ ਦੀ ਵਿਚਾਰ ਕਰਨੀ ਹੀ ਮੇਰੇ ਲਈ ਕਲਪਿਤ ਨੌ ਖ਼ਜ਼ਾਨੇ ਤੇ ਸਿਧੀਆਂ ਹਨ। ਅਰਥਾਤ ਇਹ ਖ਼ਿਆਲੀ ਗੱਲਾਂ ਨਾਮ ਦੇ ਮੁਕਾਬਲੇ ਤੁੱਛ ਹਨ।

“ਚਾਰਿ ਮੁਕਤਿ ਚਾਰੈ, ਸਿਧਿ, ਮਿਲਿ ਕੈ, ਦੂਲਹ ਪ੍ਰਭ ਕੀ ਸਰਨ ਪਰਿਓ॥

ਮੁਕਤਿ ਭਇਓ, ਚਉਹੂੰ ਜੁਗ ਜਾਨਿਓ, ਜਸੁ ਕੀਰਤਿ, ਮਾਥੈ ਛਤ੍ਰ ਧਰਿਓ॥” ਰਾਗੁ ਮਾਰੂ ਨਾਮਦੇਵ ਜੀ

ਭਾਵ: ਚਾਰੇ ਮੁਕਤੀਆਂ (ਇਸ਼ਟ ਦੇ ਅੰਗ ਸੰਗ, ਸਮੀਪਤਾ, ਇਕਮਿਕਤਾ, ਅਤੇ ਵਿਲੀਨਤਾ), ਅਠਾਰਾਂ ਸਿੱਧੀਆਂ ਸਮੇਤ (ਸਾਰੀ ਮਨੁੱਖਤਾ ਦੇ) ਲਾੜੇ/ਖ਼ਸਮ ਪਤੀ-ਪਰਮਾਤਮਾ ਦੀ ਸਰਨ/ਸੇਵਾ ਵਿੱਚ ਰਹਿੰਦੀਆਂ ਹਨ। ਪ੍ਰਭੂ ਦਾ ਨਾਮ ਸਿਮਰਨ ਵਾਲੇ ਨੂੰ ਸਾਰੀਆਂ ਮੁਕਤੀਆਂ ਪ੍ਰਾਪਤ ਹੁੰਦੀਆਂ ਹਨ, ਉਹ ਚੌਹਾਂ ਜੁਗਾਂ ਵਿੱਚ ਪ੍ਰਸਿੱਧੀ ਪਾਉਂਦਾ ਹੈ, ਸੋਭਾ ਮਿਲਦੀ ਹੈ, ਅਤੇ ਉਸ ਦੇ ਸਿਰ ਉਤੇ ਛੱਤ੍ਰ ਸੁਸ਼ੋਭਤ ਹੁੰਦਾ ਹੈ; ਅਰਥਾਤ, ਲੋਕ ਪਰਲੋਕ ਵਿੱਚ ਸੱਚੀ ਮਾਨਤਾ ਪ੍ਰਾਪਤ ਹੁੰਦੀ ਹੈ।

“ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ॥” ਸੁਖਮਨੀ ਮ: ੫

ਭਾਵ: ਪ੍ਰਭੂ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਹੀ ਸਾਰੀਆਂ ਮਾਨਸਿਕ ਸ਼ਕਤੀਆਂ, ਮਿਥਿਹਾਸਕ ਨੌਂ ਖ਼ਜ਼ਾਨੇ ਅਤੇ ਸੰਸਾਰਕ ਕਰਾਮਾਤਾਂ ਆਦਿ ਹਨ; ਅਰਥਾਤ ਨਾਮ-ਸਿਮਰਨ ਦੇ ਮੁਕਾਬਲੇ ਇਹ ਮਨ-ਘੜੰਤ ਗੱਲਾਂ ਤੁੱਛ ਹਨ।

ਏਥੇ ਕੁੱਝ ਕੌੜੇ ਪਰ ਸੱਚੇ ਤੇ ਉਚਿੱਤ ਸ਼ੰਕਿਆਂ ਦਾ ਸੰਖੇਪ ਉਲੇਖ ਵੀ ਅਤਿ ਜ਼ਰੂਰੀ ਹੈ:-

ਕਥਨੀ ਅਤੇ ਕਰਨੀ ਦਾ ਇੱਕ ਹੋਣਾ ਮਹਾਂਪੁਰਖਾਂ ਦੇ ਚਰਿੱਤਰ ਦਾ ਪਰਮੁੱਖ ਲੱਛਣ ਹੈ। ਇਹ ਸ੍ਰੇਸ਼ਟ ਅਤੇ ਦੁਰਲੱਭ ਅਧਿਆਤਮਿਕ ਗੁਣ ਉਨ੍ਹਾਂ ਨੂੰ ਮਹਾਨ ਬਣਾਉਂਦਾ ਹੈ। ਤਾਂ ਫ਼ਿਰ ਇਹ ਕਿੱਦਾਂ ਹੋ ਸਕਦਾ ਹੈ ਕਿ “……. ਰਿਧਿ ਸਿਧਿ ਅਵਰਾ ਸਾਦਿ॥” ਦਾ ਸੰਦੇਸ਼ ਦੇਣ ਵਾਲੇ ਗੁਰੂਨਾਨਕ ਦੇਵ ਜੀ ਦਾ ਸੱਚਾ ਸੁੱਚਾ ਨਿਰਮਲ ਜੀਵਨ ਸੰਸਾਰਕ ਕਰਾਮਾਤਾਂ ਨਾਲ ਭਰਪੂਰ ਹੋਵੇ? ? ? ? ?

ਗੁਰੁ ਅੰਗਦ ਦੇਵ ਜੀ ਅਤੇ ਗੁਰੁ ਅਮਰਦਾਸ ਜੀ, ਗੁਰੁ ਨਾਨਕ ਦੇਵ ਜੀ ਦੇ ਸਮਕਾਲੀ ਹੀ ਸਨ। ਉਨ੍ਹਾਂ ਨੇਂ ਗੁਰੂ ਨਾਨਕ ਦੇਵ ਜੀ ਦੀ ਕਿਸੇ ਵੀ ਕਰਾਮਾਤ ਦਾ ਵਰਣਨ ਨਹੀਂ ਕੀਤਾ? ? ? ? ? ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਵੱਲੋਂ ਵੀ ਇਨ੍ਹਾਂ ਕਰਾਮਾਤਾਂ ਦੀ ਕੋਈ ਸੂਹ ਨਹੀਂ ਮਿਲਦੀ? ? ? ? ? ਇਨ੍ਹਾਂ ਦੀ ਬਾਣੀ ਵਿੱਚ ਮਿਥਿਹਾਸਕ ਯੁੱਗ ਦੀਆਂ ਹਜ਼ਾਰਾਂ ਸਾਲ ਪੁਰਾਣੀਆਂ ਕਰਾਮਾਤਾਂ ਦਾ ਜ਼ਿਕਰ ਹੈ, ਪਰ ਗੁਰੁ-ਘਰ ਦੀ ਕਿਸੇ ਕਰਾਮਾਤ ਦਾ ਨਹੀਂ? ? ? ? ? ਕੀ ਉਹ ਗੁਰੁ ਨਾਨਕ ਦੇਵ ਜੀ ਦੇ ਜੀਵਨ ਤੋਂ ਨਾਵਾਕਫ਼ ਸਨ? ? ?

ਭਾਈ ਗੁਰਦਾਸ ਜੀ ਗੁਰੁ-ਘਰ ਦੇ ਨਿਕਟਵਰਤੀ ਸਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਵੀ ਮਿਥਿਹਾਸਕ ਯੁੱਗ ਦੀਆਂ ਕਰਾਮਾਤਾਂ ਦਾ ਜ਼ਿਕਰ ਤਾਂ ਹੈ, ਪਰ ਗੁਰੂਆਂ ਦੀ ਕਿਸੇ ਕਰਾਮਾਤ ਦਾ ਨਹੀਂ! ! ! ! ! ਭੱਟਾਂ ਨੇਂ ਗੁਰੂਆਂ ਦੀ ਵਡਿਆਈ ਕਰਦਿਆਂ ਇੱਕ ਵੀ ਕਰਾਮਾਤ ਦਾ ਜ਼ਿਕਰ ਨਹੀਂ ਕੀਤਾ! ! ! ! !

ਗੁਰੂਆਂ ਦੇ ਅਧਿਆਤਮਕ, ਸੱਚੇ ਸੁੱਚੇ ਜੀਵਨ ਨਾਲ ਜੋੜੀਆਂ ਗਈਆਂ ਕਰਾਮਾਤੀ ਕਹਾਣੀਆਂ, ਮਹਾਤਮਾ ਬੁੱਧ, ਹਜ਼ਰਤ ਈਸਾ, ਤੇ ਹਜ਼ਰਤ ਮੁਹੰਮਦ ਆਦਿ ਵਾਂਗ, ਗੁਰੂਆਂ ਦੇ ਜੀਵਨ-ਕਾਲ ਤੋਂ ਸੈਂਕੜੇ ਸਾਲ ਬਾਅਦ ਹੋਂਦ ਵਿੱਚ ਆਈਆਂ! ! ! ! !

ਕਰਾਮਾਤ ਦਾ ਪ੍ਰਦਰਸ਼ਨ, ਹੁਕਮ/ਭਾਣੇ/ਰਜ਼ਾ ਦੇ ਅਧਿਆਤਮਕ ਸਿਧਾਂਤ ਦਾ ਮਨਮੁਖੀ ਉਲੰਘਣ ਹੈ। ਕੀ ਮਹਾਂਪੁਰਖਾਂ ਤੋਂ ਇਹੋ ਜਿਹੀ ਕੋਤਾਹੀ ਦੀ ਉਮੀਦ ਕੀਤੀ ਜਾ ਸਕਦੀ ਹੈ? ? ?

ਸੱਚ ਤਾਂ ਇਹ ਹੈ ਕਿ ਜੋ ਮਨਮੁੱਖ ਧਰਮ ਨੂੰ ਧੰਦਾ (ਧਨ-ਪ੍ਰਾਪਤੀ ਦਾ ਅਮਾਨਵੀ ਸਾਧਨ) ਬਣਾ ਲੈਂਦੇ ਹਨ, ਉਹ ਸਰਲ-ਚਿੱਤ ਸਿੱਧੜ ਲੋਕਾਂ ਨੂੰ ਆਪਣੇ ਅਪਵਿੱਤ੍ਰ ਧੰਦੇ ਵੱਲ ਆਕ੍ਰਸ਼ਿਤ ਕਰਨ ਲਈ ਕਾਲਪਣਿਕ, ਮਨ-ਘੜਤ ਕਰਾਮਾਤੀ ਕਹਾਣੀਆਂ ਅਤੇ ਇਨ੍ਹਾਂ ਨਾਲ ਜੋੜੀਆਂ ਵਸਤੂਆਂ ਅਤੇ ਥਾਵਾਂ ਦਾ ਪ੍ਰਚਾਰ ਕਰਦੇ ਹਨ। ਜੇ ਅੰਧਵਿਸ਼ਵਾਸ ਦੇ ਜ਼ਹਿਰੀਲੇ ਧੂੰਏਂ ਦੇ ਬੱਦਲ ਤੋਂ ਉਚੇਰਾ ਉੱਠ ਕੇ ਗੁਰ-ਗਿਆਨ ਦੀ ਰੌਸ਼ਨੀ ਵਿੱਚ ਬਿਬੇਕਤਾ ਨਾਲ ਵਿਚਾਰੀਏ ਤਾਂ ਇਹ ਗੱਲ ਸਹੀ ਲੱਗਦੀ ਹੈ। ਸੰਖੇਪ ਵਿੱਚ, ਕਰਾਮਾਤਾਂ ਦੀ ਕਾਢ, ਧਰਮ ਦਾ ਵਾਪਾਰੀਕਰਨ ਕਰਨ ਵਾਲੇ ਖੇਖਣਹਾਰੇ, ਪਾਖੰਡੀ ਪਾਜੀਆਂ ਦੀ ਸਫ਼ਲ ਪਰ ਘਿਣਾਵਣੀ ਕਰਤੂਤ ਹੈ।

ਸੁਆਰਥੀ ਸਾਖੀਕਾਰਾਂ ਨੇਂ, ਸਿੱਧਾਂ/ਸਿੱਧੀਆਂ, ਕਰਾਮਾਤ/ਕਰਾਮਾਤੀਆਂ ਦਾ ਤ੍ਰਿਸਕਾਰ ਤੇ ਖੰਡਨ ਕਰਨ ਵਾਲੇ ਪਵਿੱਤ੍ਰ-ਚਿੱਤ ਤੇ ਉਚਤੱਮ ਆਤਮਿਕ ਅਵਸਥਾ ਵਾਲੇ ਬ੍ਰਹਮਗਿਆਨੀਆਂ ਦੇ ਚ੍ਰਿਤੱਰਾਂ ਉਤੇ ਮਨ-ਘੜਤ ਸਾਖੀਆਂ, ਝੂਠੀਆਂ ਕਰਾਮਾਤੀ ਕਹਾਣੀਆਂ ਦਾ ਆਰੋਪਣ ਕਰਕੇ, ਉਨ੍ਹਾਂ ਨੂੰ ਸੰਸਾਰਕ ਲੋਟੂ ਸਿੱਧਾਂ ਦੇ ਪੱਧਰ ਤੇ ਲੈ ਆਂਦਾ ਹੈ। ਇਹ ਕਰਤੂਤ ਉਨ੍ਹਾਂ ਪਾਪੀ ਲਿਖਾਰੀਆਂ ਦੀ ਘੋਰ ਮਨਮੁੱਖਤਾ ਹੈ। ਇਨ੍ਹਾਂ ਝੂਠੀਆਂ ਕਹਾਣੀਆਂ ਦਾ ਪ੍ਰਚਾਰ ਕਰਕੇ ਰੱਬ ਦੀ ਰਿਆਇਆ ਨੂੰ ਠੱਗਣ ਵਾਲੇ ਭੇਖੀ ਪ੍ਰਚਾਰਕ ਮਹਾਂ ਪਤਿਤ ਤੇ ਪਾਪੀ ਹਨ। ਇਨ੍ਹਾਂ ਤੋਂ ਵੀ ਵਧੇਰੇ ਪਤਿਤ ਹਨ ਇਨ੍ਹਾਂ ਪ੍ਰਚਾਰਕਾਂ ਦੇ ਮਾਇਆ-ਦਾਸ ਸਰਪ੍ਰਸਤ।

ਭੁੱਲ ਚੁਕ ਲਈ ਖਿਮਾ ਦਾ ਜਾਚਕ

ਦਾਸ,

ਗੁਰਇੰਦਰ ਸਿੰਘ ਪਾਲ

ਦਸੰਬਰ 19,2009.




.