.

ਦੇਵੀਆਂ-ਦੇਵਤੇ ਅਤੇ ਗੁਰਮਤਿ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਕੋਟਿ ਸੂਰ ਜਾ ਕੈ ਪਰਗਾਸ॥ ਕੋਟਿ ਮਹਾਦੇਵ ਅਰੁ ਕਬਿਲਾਸ॥

ਦੁਰਗਾ ਕੋਟਿ ਜਾ ਕੈ ਮਰਦਨੁ ਕਰੈ॥ ਬ੍ਰਹਮਾ ਕੋਟਿ ਬੇਦ ਉਚਰੈ॥

ਜਉ ਜਾਚਉ ਤਉ ਕੇਵਲ ਰਾਮ॥ ਆਨ ਦੇਵ ਸਿਉ ਨਾਹੀ ਕਾਮ (ਪੰ: ੧੧੬੨)

“ਕਰਨ ਕਰਾਵਨ ਆਪੇ ਆਪਿ” -ਗੁਰਬਾਣੀ ਅਨੁਸਾਰ ਆਦਿ ਤੋਂ ਅੰਤ ਤੀਕ ਕੇਵਲ ਤੇ ਕੇਵਲ ਦੀ ਗੱਲ ਹੀ ਦ੍ਰਿੜ ਕਰਵਾਈ ਗਈ ਹੈ। ੴ ਦੇ ਅਰਥ ਹਨ ‘ਅਕਾਲਪੁਰਖ ਇੱਕ ਹੈ, ਜ਼ਰੇ ਜ਼ਰੇ `ਚ ਇੱਕ ਰੱਸ ਵਿਆਪਕ ਹੈ ਅਤੇ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ’। ਫੈਸਲਾ ਹੈ “ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ॥ ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ” (ਪੰ: 398) ਅਤੇ “ਸਭਨਾ ਜੀਆ ਕਾ ਇਕੁ ਦਾਤਾ, ਸੋ ਮੈ ਵਿਸਰਿ ਨ ਜਾਈ” (ਜਪੁ ਪੰ: 2)। ਇਸੇ ਤਰ੍ਹਾਂ ਇਸ ਬਾਰੇ ਗੁਰਬਾਣੀ ਦੀ ਸਪਸ਼ਟ ਸੇਧ ਹੈ “ਏਕੋ ਜਪਿ ਏਕੋ ਸਾਲਾਹਿ॥ ਏਕੁ ਸਿਮਰਿ ਏਕੋ ਮਨ ਆਹਿ॥ ਏਕਸ ਕੇ ਗੁਨ ਗਾਉ ਅਨੰਤ॥ ਮਨਿ ਤਨਿ ਜਾਪਿ ਏਕ ਭਗਵੰਤ॥ ਏਕੋ ਏਕੁ ਏਕੁ ਹਰਿ ਆਪਿ॥ ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ॥ ਅਨਿਕ ਬਿਸਥਾਰ ਏਕ ਤੇ ਭਏ॥ ਏਕੁ ਅਰਾਧਿ ਪਰਾਛਤ ਗਏ॥ ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ॥ ਗੁਰ ਪ੍ਰਸਾਦਿ ਨਾਨਕ ਇਕੁ ਜਾਤਾ” (ਪੰ: 289)। ਇਸ ਲਈ ਸਿੱਖ ਨੂੰ ਗੁਰਬਾਣੀ ਦੀ ਹਿਦਾਇਤ ਹੈ “ਕਰਨ ਕਰਾਵਨ ਆਪੇ ਆਪਿ, ਸਦਾ ਸਦਾ ਨਾਨਕ ਹਰਿ ਜਾਪਿ” (ਪੰ: 279) ਅਤੇ ਅਜਿਹੇ ਬੇਅੰਤ ਪ੍ਰਮਾਣ।

ਏਕਸੁ ਮਾਹਿ ਸਮਾਏ ਜੀਉ- ਗੁਰਬਾਣੀ ਦਾ ਫ਼ੈਸਲਾ ਹੈ ਕਿ ਸੰਸਾਰ `ਚ ਜੋ ਕੁੱਝ ਦੇਖਦੇ ਜਾਂ ਜਿਸ ਨੂੰ ਛੂ ਸਕਦੇ ਹਾਂ, ਸਭ ਪ੍ਰਭੂ ਦਾ ਪਸਾਰਾ ਤੇ ਉਸੇ ਦਾ ਸਰਗੁਣ ਸਰੂਪ ਹੈ। ਉਪ੍ਰੰਤ “ਇਹੁ ਸੰਸਾਰੁ ਸਗਲ ਹੈ ਸੁਪਨੋ, ਦੇਖਿ ਕਹਾ ਲੋਭਾਵੈ॥ ਜੋ ਉਪਜੈ ਸੋ ਸਗਲ ਬਿਨਾਸੈ, ਰਹਨੁ ਨ ਕੋਊ ਪਾਵੈ” (ਪੰ: ੧੨੩੧) ਭਾਵ ਸਿਵਾਇ ਅਕਾਲਪੁਰਖ ਦੇ ਸੰਸਾਰ `ਚ ਕੁੱਝ ਵੀ ਸਦੀਵੀ ਜਾਂ ਅਨਾਦੀ ਨਹੀਂ। ਇਸ ਦੇ ਨਾਲ ਇਹ ਵੀ ਦੱਸਿਆ ਹੈ “ਜੋ ਉਸਾਰੇ ਸੋ ਢਾਹਸੀ, ਤਿਸੁ ਬਿਨੁ ਅਵਰੁ ਨ ਕੋਇ” (ਪੰ: ੯੩੪) ਕਿਉਂਕਿ “ਸਗਲੀ ਬਣਤ ਬਣਾਈ ਆਪੇ॥ ਆਪੇ ਕਰੇ ਕਰਾਏ ਥਾਪੇ॥ ਇਕਸੁ ਤੇ ਹੋਇਓ ਅਨੰਤਾ, ਨਾਨਕ ਏਕਸੁ ਮਾਹਿ ਸਮਾਏ ਜੀਉ” (ਪੰ: ੧੩੧) ਭਾਵ ਸਾਰੀ ਰਚਨਾ ਪ੍ਰਭੂ ਦਾ ਪਸਾਰਾ ਹੈ ਤੇ ਸੰਪੂਰਨ ਰਚਨਾ `ਚ “ਆਪਿ ਸਤਿ, ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ” (ਪੰ: ੨੯੪) ਅਤੇ “ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ” (ਪੰ: ੨੯੪)। ਇਸ ਤੋਂ ਇਲਾਵਾ ਇਸ ਸਾਰੇ ਨੂੰ ਬਨਾਉਣਾ ਤੇ ਢਾਉਣਾ “ਹਰਨ ਭਰਨ ਜਾ ਕਾ ਨੇਤ੍ਰ ਫੋਰੁ॥ ਤਿਸ ਕਾ ਮੰਤ੍ਰੁ ਨ ਜਾਨੈ ਹੋਰੁ” (ਪੰ: ੨੮੪) ਇਸੇ ਤਰ੍ਹਾਂ “ਜੋ ਕਿਛੁ ਕਰੇ ਸੁ ਆਪੇ ਆਪਿ॥ ਏਕ ਘੜੀ ਮਹਿ, ਥਾਪਿ ਉਥਾਪਿ” (ਪੰ: ੩੬੪) ਭਾਵ ਇਸ ਨੂੰ ਬਨਾਉਣਾ ਜਾਂ ਪ੍ਰਭੂ ਲਈ ਤਾਂ ਇਨੇਂ ਸਮੇਂ ਦਾ ਕੰਮ ਹੈ ਜਿਨਾਂ ਕਿ ਅੱਖ ਦਾ ਫ਼ਰਕਣਾ। ਫ਼ਿਰ ਵੀ ਇਹ ਸਭ ਉਸ ਦੀ ਇਛਾ `ਤੇ ਹੈ ਜਿਸ ਨੂੰ ਦੂਜਾ ਨਹੀਂ ਬੁੱਝ ਸਕਦਾ।

ਦੇਵੀ-ਦੇਵਤਿਆਂ ਦਾ ਆਧਾਰ-ਸੰਪੂਰਣ ਰਚਨਾ ਦਾ ਬਨਉਣਾ ਜਾਂ ਢਾਉਣਾ ਇਹ ਤਾਂ ਫ਼ਿਰ ਵੀ ਵੱਖਰੀ ਗੱਲ ਹੈ, ਸਚਾਈ ਇਹ ਹੈ ਕਿ ਗੁਰਮਤਿ ਨੇ ਦੇਵੀ-ਦੇਵਤਿਆਂ ਆਦਿ ਦੀ ਹੋਂਦ ਨੂੰ ਹੀ ਪ੍ਰਵਾਣ ਨਹੀਂ ਕੀਤਾ। ਇਸ ਲਈ ਇਸ ਪੱਖੋਂ ਇਹ ਵਿਸ਼ਾ ਗੁਰਬਣੀ `ਚੋਂ ਹੋਰ ਸਮਝਣ ਵਾਲਾ ਤੇ ਖਾਸ ਧਿਆਨ ਮੰਗਦਾ ਹੈ। ਦੂਜੇ ਪਾਸੇ, ਵੈਦਿਕ ਅਥਵਾ ਬ੍ਰਾਹਮਣ ਮੱਤ `ਚ ਕੇਵਲ ਅਕਾਲਪੁਰਖ ਹੀ ਨਹੀਂ ਬਲਕਿ ਜੀਵ ਤੇ ਪ੍ਰਕ੍ਰਿਤੀ ਵੀ, ਤਿੰਨੇ ਹੀ ਸਦੀਵੀ (ਅਨਾਦੀ) ਹਨ। ਉਸੇ ਵਿਸ਼ਵਾਸ ਅਧੀਨ ਅਨਾਦੀ ਜੀਵ ਲਈ, ਕਿਸੇ ਮਹਾਕਾਲ ਦੀ ਹੋਂਦ ਦੱਸੀ ਹੈ ਜਿਸ ਦੀ ਕੁਲ ਉਮਰ ੪੩, ੨੦, ੦੦੦ ਸਾਲ ਹੈ। ਇਸੇ ਤੋਂ ਚਾਰ ਯੁਗ ਬਣਦੇ ਹਨ ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਜੁਗ। ਉਪ੍ਰੰਤ ਇਹਨਾ ਚਾਰ ਯੁਗਾਂ ਦੇ ਪੁੱਗਣ `ਤੇ ਫ਼ਿਰ ਤੋਂ ਸਤਿਜੁਗ ਲਗ ਜਾਂਦਾ ਹੈ ਭਾਵ ਮਹਾਕਾਲ ਫ਼ਿਰ ਤੋਂ ਤਾਜ਼ਾ ਹੋ ਜਾਂਦਾ ਹੈ। ਪ੍ਰਚਲਤ ਬ੍ਰਹਮਾ, ਵਿਸ਼ਨੂੰ, ਮਹੇਸ਼, ਚੰਦ, ਸੂਰਜ ਆਦਿ ਤੇਤੀ ਕਰੋੜ ਦੇਵੀਆਂ-ਦੇਵਤੇ ਸਭ ਉਸੇ ਮਹਾਕਾਲ ਦੀ ਹੀ ਉਪਜ ਦਸੇ ਹਨ। ਇਸੇ ਵਿਚਾਰਧਾਰਾ ਦਾ ਅਗਲਾ ਫ਼ੈਲਾਅ ਹਨ ਸੁਰਗ-ਨਰਕ, ਇੰਦ੍ਰ ਲੋਕ, ਦੇਵਲੋਕ, ਜਮ ਲੋਕ, ਪਿਤ੍ਰ ਲੋਕ, ਧਰਮ ਰਾਜ, ਜਮ ਰਾਜ, ਰੂਹਾਂ-ਬਦਰੂਹਾਂ, ਕਲਪ ਬ੍ਰਿਛ, ਕਾਮਧੇਨ ਗਊ, ਧਨਵੰਤ੍ਰੀ ਵੈਦ, ਜੱਛ, ਗੰਧ੍ਰਵ, ਕਿਨੰਰ, ਅਪਸ੍ਰਾਵਾਂ ਤੇ ਲੰਮਾ-ਚੌੜਾ ਵਿਸਤਾਰ।

“ਕਰਮ ਧਰਮ ਪਾਖੰਡ ਜੋ ਦੀਸਹਿ” - ਉਪ੍ਰੋਕਤ ਬ੍ਰਾਹਮਣੀ ਅਥਵਾ ਵੈਦਿਕ ਧਰਮ ਦਾ ਹੀ ਸੰਸਾਰ ਪੱਧਰ `ਤੇ ਵਿਸਤਾਰ ਹਨ ਦੇਵੀ-ਦੇਵ-ਮੂਰਤੀ ਪੂਜਾ, ਅਵਤਾਰਵਾਦ, ਚੌਕੇ-ਕਾਰਾਂ, ਸੁੱਚ-ਭਿੱਟ-ਪ੍ਰਛਾਵੇਂ, ਸਗਨ-ਅਪਸਗਨ, ਪਿਤ੍ਰੀ ਕਰਮ, ਸੂਤਕ-ਪਾਤਕ, ਟੇਵੇ-ਮਹੂਰਤ, ਜਨਮ ਪਤ੍ਰੀਆਂ, ਚੰਗਾ-ਮਾੜਾ ਸਮਾਂ, ਚੰਗੇ-ਮਾੜੇ ਦਿਨ, ਸੰਗ੍ਰਾਂਦਾਂ-ਪੂਰਨਮਾਸ਼ੀਆਂ-ਮਸਿਆਵਾਂ, ਸਰਾਧ-ਨਰਾਤੇ ਤੇ ਬੇਅੰਤ ਵਹਿਮਾਂ-ਭਰਮਾਂ ਦਾ ਲੰਮਾਂ-ਚੌੜਾ ਜਾਲ। ਜਦਕਿ ਗੁਰਮਤਿ, ਮਹਾਕਾਲ ਸਮੇਤ ਇਸ ਸਾਰੇ ਵੇਰਵਿਆਂ ਤੇ ਵਿਸਤਾਰ ਦੀ ਹੋਂਦ ਨੂੰ ਹੀ ਪ੍ਰਵਾਣ ਨਹੀਂ ਕਰਦੀ। ਗੁਰਬਾਣੀ ਅਨੁਸਾਰ ਨਾ ਜੀਵ ਸਦੀਵੀ ਹੈ ਤੇ ਨਾ ਕੁਦਰਤ। ਇਥੇ “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ” ਅਨੁਸਾਰ ਕੇਵਲ ਅਕਾਲ ਪੁਰਖ ਹੀ ਸਤਿ ਤੇ ਸਦੀਵੀ ਹੈ ਜਦਕਿ ਬਾਕੀ ਸਭ “ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ” (ਬਾਣੀ ਜਪੁ) ਉਸੇ ਪ੍ਰਭੂ ਦਾ ਪਸਾਰਾ ਹੈ। ਉਪ੍ਰੰਤ ਇਹ ਸਾਰਾ ਪਸਾਰਾ ਬਿਨਸਨਹਾਰ ਹੈ ਤੇ ਉਸ ਦੇ ਸੱਚੇ ਨਿਆਂ ਤੇ ਹੁਕਮ ਦੀ ਖੇਡ `ਚ ਚੱਲ ਰਿਹਾ ਹੈ। ਸਪਸ਼ਟ ਹੈ ਜਦ ਗੁਰਮਤਿ ਨੇ ਮਹਾਕਾਲ ਤੇ ਉਸ ਤੋਂ ਪ੍ਰਕਟ ਦੇਵੀ-ਦੇਵਤਿਆਂ ਦੇ ਮੂਲ ਨੂੰ ਹੀ ਪ੍ਰਵਾਣ ਨਹੀਂ ਕੀਤਾ ਤਾਂ ਸੰਸਾਰ ਪਧਰ `ਤੇ ਉਸ ਦੇ ਸਾਰੇ ਵਿਸਤਾਰ ਤੇ ਕਰਮਕਾਂਡਾ ਤੋਂ ਵੀ ਸਿੱਖ ਦਾ ਕੀ ਲੈਣਾ-ਦੇਣਾ? ਇਥੇ ਤਾਂ “ਨਾਰਦ ਸਾਰਦ ਸੇਵਕ ਤੇਰੇ॥ ਤ੍ਰਿਭਵਣਿ ਸੇਵਕ ਵਡਹੁ ਵਡੇਰੇ॥ ਸਭ ਤੇਰੀ ਕੁਦਰਤਿ ਤੂ ਸਿਰਿ ਸਿਰਿ ਦਾਤਾ, ਸਭੁ ਤੇਰੋ ਕਾਰਣੁ ਕੀਨਾ ਹੇ” (੧੦੨੮) ਬਲਕਿ ਇਹਨਾ ਕਰਮ ਕਾਂਡਾਂ, ਕਰਣੀਆਂ ਤੇ ਵਿਸ਼ਵਾਸਾਂ ਬਾਰੇ ਗੁਰਮਤਿ ਦਾ ਫ਼ੈਸਲਾ ਹੈ “ਕਰਮ ਧਰਮ ਪਾਖੰਡ ਜੋ ਦੀਸਹਿ, ਤਿਨ ਜਮੁ ਜਾਗਾਤੀ ਲੂਟੈ” (ਪੰ: ੭੪੭) ਅਥਵਾ “ਕਰਮ ਧਰਮ ਸਭਿ ਬੰਧਨਾ, ਪਾਪ ਪੁੰਨ ਸਨਬੰਧੁ” (ਪੰ: ੫੫੧) ਅਤੇ ਇਸੇ ਤਰ੍ਹਾਂ ਬੇਅੰਤ ਗੁਰਬਾਣੀ ਫ਼ੁਰਮਾਣ।

“ਮਹਿਮਾ ਨ ਜਾਨਹਿ ਬੇਦ” -ਵੈਦਿਕ ਅਥਵਾ ਬ੍ਰਾਹਮਣ ਮੱਤ, ਜੋ ਦੇਵੀਆਂ-ਦੇਵਤੇ ਅਤੇ ਅਵਤਾਰਵਾਦ ਦੀ ਬੁਨਿਆਦ ਹੈ। ਉਸ ਬਾਰੇ ਗੁਰਬਾਣੀ ਦੇ ਸਪਸ਼ਟ ਫ਼ੈਸਲੇ ਹਨ ਕਿ ਉਹ ਵਿਚਾਰਧਾਰਾ ਤਾਂ ਅਕਾਲਪੁਰਖ ਤੀਕ ਪੁੱਜੀ ਹੀ ਨਹੀਂ ਬਲਕਿ “ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ ਤ੍ਰਿਗੁਣਿ ਭਰਮਿ ਭੁਲਾਈ” (ਪੰ: ੯੦੯) ਤ੍ਰੈਗੁਣੀ ਸੰਸਾਰ ਤੀਕ ਹੀ ਸਿਮਟ ਕੇ ਰਹਿ ਗਈ ਹੈ। ਗੁਰਬਾਣੀ `ਚ ਇਸ ਬਾਰੇ ਇੱਕ ਤੋਂ ਬਾਅਦ ਇੱਕ ਬਹੁਤਰੇ ਫ਼ੁਰਮਾਣ ਹਨ ਜਿਵੇਂ “ਬੇਦ ਪੜੇ ਪੜਿ ਬ੍ਰਹਮੇ ਹਾਰੇ, ਇਕੁ ਤਿਲੁ ਨਹੀਂ ਕੀਮਤਿ ਪਾਈ॥ ਸਾਧਿਕ ਸਿਧ ਫਿਰਹਿ ਬਿਲਲਾਤੇ, ਤੇ ਭੀ ਮੋਹੇ ਮਾਈ॥   ॥ ਦਸ ਅਉਤਾਰ ਰਾਜੇ ਹੋਇ ਵਰਤੇ, ਮਹਾਦੇਵ ਅਉਧੂਤਾ॥ ਤਿਨੑ ਭੀ ਅੰਤੁ ਨ ਪਾਇਓ ਤੇਰਾ, ਲਾਇ ਥਕੇ ਬਿਭੂਤਾ” (ਪੰ: ੭੪੭) ਅਤੇ “ਭਰਮੇ ਸੁਰਿ ਨਰ ਦੇਵੀ ਦੇਵਾ॥ ਭਰਮੇ ਸਿਧ ਸਾਧਿਕ ਬ੍ਰਹਮੇਵਾ॥ ਭਰਮਿ ਭਰਮਿ ਮਾਨੁਖ ਡਹਕਾਏ॥ ਦੁਤਰ ਮਹਾ ਬਿਖਮ ਇਹ ਮਾਏ (੨੫੮) ਇਸੇ ਤਰ੍ਹਾਂ “ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥ ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ॥   ॥ ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ॥ ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ” (ਪੰ: ੫੫੯) ਹੋਰ “ਮਹਿਮਾ ਨ ਜਾਨਹਿ ਬੇਦ॥ ਬ੍ਰਹਮੇ ਨਹੀਂ ਜਾਨਹਿ ਭੇਦ॥ ਅਵਤਾਰ ਨ ਜਾਨਹਿ ਅੰਤੁ॥ ਪਰਮੇਸਰੁ ਪਾਰਬ੍ਰਹਮ ਬੇਅੰਤੁ” (ਪੰ: ੮੯੪) ਪੁਨਾ “ਚਾਰੇ ਵੇਦ ਬ੍ਰਹਮੇ ਕਉ ਦੀਏ, ਪੜਿ ਪੜਿ ਕਰੇ ਵੀਚਾਰੀ॥ ਤਾ ਕਾ ਹੁਕਮੁ ਨ ਬੂਝੈ ਬਪੁੜਾ, ਨਰਕਿ ਸੁਰਗਿ ਅਵਤਾਰੀ” (ਪੰ: ੪੨੩) ਸ੍ਰੀ ਰਾਮ, ਸ੍ਰੀ ਕ੍ਰਿਸ਼ਨ ਭਾਵ ਅਵਤਾਰਵਾਦ ਬਾਰੇ “ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ” (ਪੰ: ੫੫੯) ਅਤੇ “ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ, ਕਿਆ ਕਰਿ ਆਖਿ ਵੀਚਾਰੀ (ਪੰ: ੪੨੩)

ਦੇਵੀ-ਦੇਵਤਿਆਂ ਦਾ ਮੂਲ- ਗੁਰਵਾਕ ਹੈ “ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ” (ਪੰ: ੧੨੯)। ਸ਼ੱਕ ਨਹੀਂ, ਬ੍ਰਾਹਮਣ ਮੱਤ ਰਾਹੀਂ ਮਨੁੱਖ ਦੀ ਹਰੇਕ ਲੋੜ ਅਤੇ ਪ੍ਰਭੂ ਦੀ ਹਰੇਕ ਦਾਤ ਲਈ ਦੇਵੀ-ਦੇਵਤਿਆਂ ਦੀ ਸਿਰਜਨਾ ਕੀਤੀ ਗਈ ਹੈ। ਗਹਿਰਾਈ `ਚ ਜਾਉ ਤਾਂ ਇਉਂ ਸਮਝ ਆਉਂਦੀ ਹੈ ਕਿ ਮਨੁੱਖ ਜਦੋਂ ਅਕਾਲਪੁਰਖ ਬਾਰੇ ਪੂਰੀ ਤਰ੍ਹਾਂ ਅਨਜਾਣ ਸੀ, ਉਸ ਸਮੇਂ ਜੇ ਹਵਾ ਰੁਕ ਗਈ ਜਾਂ ਤੁਫਾਨ ਆ ਗਿਆ ਤਾਂ ਮੰਨ ਲਿਆ ਕਿ ਇਸ ਹਵਾ ਦਾ ਜ਼ਰੂਰ ਕੋਈ ਦੇਵਤਾ ਹੈ। ਸੰਸਕ੍ਰਿਤ `ਚ ਦੇਣ ਵਾਲੇ ਨੂੰ ‘ਦੇਵਤਾ’ ਕਿਹਾ ਹੈ। ਉਸੇ ਨੂੰ ਅੱਜ ਦੀ ਬੋਲੀ `ਚ ਕੰਟ੍ਰੋਲਰ, ਸੰਚਾਲਕ ਆਦਿ ਵੀ ਕਿਹਾ ਜਾਂਦਾ ਹੈ। ਇਸੇ ਆਧਾਰ `ਤੇ ਉਸ ਇਹ ਵੀ ਮੰਨ ਲਿਆ ਕਿਸੇ ਕਾਰਨ ਉਹ ਦੇਵਤਾ ਸਾਡੇ ਤੋਂ ਨਰਾਜ਼ ਹੈ ਤੇ ਉਸ ਨੂੰ ਖੁਸ਼ ਕਰਣਾ ਹੈ ਨਹੀਂ ਤਾਂ ਉਹ ਸਾਡਾ ਜੀਵਨ ਦੂਭਰ ਕਰ ਦੇਵੇਗਾ। ਇਸੇ ਆਧਾਰ `ਤੇ ਬੇਅੰਤ ਦੇਵੀ-ਦੇਵਤਿਆਂ ਦੀ ਸਿਰਜਨਾ ਹੋਈ, ਜਿਵੇਂ ਅਗਨੀ, ਵਰੁਣ, ਇੰਦਰ ਆਦਿ। ਗਿਣਤੀ `ਚ ਉਹਨਾਂ ਨੂੰ ਤੇਤੀ ਕਰੋੜ ਵੀ ਦਸਿਆ ਗਿਆ। ਪੁਲਿੰਗ ਵਾਚਕ ਸ਼ਕਤੀਆਂ ਨੂੰ ਦੇਵਤੇ ਤੇ ਇਸਤ੍ਰੀ ਲਿੰਗ ਸ਼ਕਤੀਆਂ ਨੂੰ ਦੇਵੀਆਂ ਦਾ ਨਾਮ ਦਿੱਤਾ ਗਿਆ।

ਜਿਉਂ ਜਿਉਂ ਬ੍ਰਾਹਮਣ ਦੀ ਇਸ ਪਖੋਂ ਪੁੱਛ ਵਧਦੀ ਗਈ ਤਾਂ ਉਸ ਨੇ ਇਹਨਾ ਨੂੰ ਵੱਖ ਵੱਖ ਰੂਪ ਦੇ ਦਿੱਤੇ। ਚੂੰਕਿ ਉਹ ਆਮ ਮਨੁੱਖ ਨਹੀਂ ਸਨ, ਦੇਵਤੇ ਸਨ ਇਸ ਲਈ ਲੋਕਾਈ `ਤੇ ਆਪਣਾ ਵਧ ਪ੍ਰਭਾਵ ਪਾਉਣ ਲਈ ਕਿਸੇ ਦੀਆਂ ਅੱਠ ਬਾਹਵਾਂ, ਕਿਸੇ ਦਾ ਸਿਰ ਘੋੜੇ ਦਾ ਤੇ ਧੜ ਮਨੁੱਖ ਦਾ, ਕਿਸੇ ਦਾ ਧੱੜ ਘੋੜੇ ਦਾ ਤੇ ਚੇਹਰਾ ਮਨੁੱਖ ਦਾ ਇਸੇ ਤਰ੍ਹਾਂ ਬਾਕੀ ਸਾਰੇ। ਉਪ੍ਰੰਤ ਹਰੇਕ ਦੇਵਤੇ ਦਾ ਵਾਹਨ ਵੀ ਮਿੱਥ ਦਿੱਤਾ ਗਿਆ ਜਿਵੇਂ ਵਿਸ਼ਨੂੰ ਦਾ ਗਰੁੜ, ਬ੍ਰਹਮਾ ਦਾ ਹੰਸ, ਸ਼ਿਵਜੀ ਦਾ ਚਿੱਟਾ ਬਲਦ, ਭੈਰੋਂ ਦਾ ਕਾਲਾ ਕੁੱਤਾ, ਨਰਮਦਾ ਦਾ ਮਗਰਮੱਛ, ਦੁਰਗਾ ਦਾ ਸ਼ੇਰ, ਸੀਤਲਾ ਦਾ ਖੋਤਾ ਆਦਿ। ਭਿੰਨ ਭਿੰਨ ਦੇਵੀ-ਦੇਵਤਿਆਂ ਨੂੰ ਪ੍ਰਸੰਨ ਕਰਣ ਲਈ ਭਿੰਨ ਭਿੰਨ ਯੱਗਾਂ ਦੀ ਰਚਣਾ ਕੀਤੀ ਗਈ। ਉਪ੍ਰੰਤ ਭਿੰਨ ਭਿੰਨ ਯਗਾਂ ਲਈ ਭਿੰਨ ਮੰਤ੍ਰਾਂ ਦਾ ਪ੍ਰਚਲਣ ਕੀਤਾ ਗਿਆ। ਇਸੇ ਤਰ੍ਹਾਂ ਹਰੇਕ ਦੇਵੀ-ਦੇਵਤੇ ਦੀ ਵਖੋ ਵੱਖਰੀ ਪਸੰਦ ਵੀ ਦੱਸੀ ਗਈ ਤੇ ਭਿੰਨ ਭਿੰਨ ਦੇਵੀ-ਦੇਵਤਿਆਂ ਤੋਂ ਮੰਗਾਂ ਵੀ ਵੱਖੋ ਵੱਖਰੀਆਂ। ਮਿਸਾਲ ਦੇ ਤੌਾ `ਤੇ ਸ਼ਨੀ ਦੇਵਤੇ ਦੀ ਪੂਜਾ ਦਾ ਦਿਨ ਸ਼ਨੀ ਵਾਰ-ਭੇਟਾ ਮਾਂਹ, ਛੋਲੇ, ਸਰਸੋਂ ਦਾ ਤੇਲ ਤੇ ਲੋਹਾ ਅਤੇ ਉਸ ਪਾਸੋਂ ਕਾਮਨਾ ਤਾਪ, ਕਲੇਸ਼ ਦੇ ਹਰਣ ਦੀ। ਹਨੂਮਾਨ ਦੀ ਪੂਜਾ ਦਾ ਦਿਨ ਮੰਗਲ-ਚੜ੍ਹਾਵਾ ਬੂੰਦੀ ਬਰਫੀ ਅਤੇ ਕਾਮਨਾ ਬਲ ਪ੍ਰਾਪਤੀ। ਲੱਛਮੀ ਦੀ ਪੂਜਾ ਲਈ ਦਿਵਾਲੀ ਤੇ ਕਾਮਨਾ ਧਨ ਪ੍ਰਾਪਤੀ। ਖੂਬੀ ਇਹ ਕਿ ਜਿਹੜੀ ਮੰਗ ਇੱਕ ਦੇਵੀ ਜਾਂ ਦੇਵਤੇ ਨਾਲ ਸਬੰਧਤ ਹੈ ਉਹ ਦੂਜੇ ਨਾਲ ਨਹੀਂ। ਹਰੇਕ ਦੇਵੀ ਦੇਵਤੇ ਦੀ ਪੂਜਾ-ਅਰਚਾ ਲਈ ਢੰਗ ਵੀ ਵੱਖੋ ਵੱਖਰੇ ਹਨ। ਮੰਗਾਂ ਤੇ ਦਿਨ ਵੀ ਵੱਖੋ ਵੱਖਰੇ ਪੱਕੇ ਕੀਤੇ ਹਨ। ਇੱਕ ਕਰਤੇ ਨੂੰ ਸਮਝੇ ਬਿਨਾ, ਪ੍ਰਭੂ ਦੀਆਂ ਬੇਅੰਤ ਦਾਤਾਂ ਨੂੰ ਹੀ ਵੱਖ-ਵੱਖ ਦੇਵੀਆਂ-ਦੇਵਤੇ ਮਿੱਥ ਲੈਣਾ, ਫ਼ਿਰ ੳੇੁਨ੍ਹਾਂ ਦੇ ਵੱਖਰੇ-ਵੱਖਰੇ ਰੂਪ ਤੇ ਮੂਰਤੀਆਂ ਘੜ ਕੇ ਉਹਨਾਂ ਦੀ ਸਥਾਪਣਾ ਤੇ ਅਰਚਾ-ਪੂਜਾ, ਇਹੀ ਸੀ ਮਨੁੱਖ ਦੀ ਵੱਡੀ ਤਬਾਹੀ ਦਾ ਅਰੰਭ।

ਇਸੇ ਪਰਿਪਾਟੀ ਅਧੀਨ ਜਿੱਥੇ ਹੋਰ ਬੇਅੰਤ ਦੇਵੀਆਂ-ਦੇਵਤੇ ਮਿਥੇ ਇਹਨਾ `ਚੋਂ ਹੀ ਇੱਕ ਧਨ ਦੀ ਦੇਵੀ ਲੱਛਮੀ ਵੀ ਮਿਥੀ ਗਈ। ਲਛਮੀ ਨੂੰ ਕਾਮਦੇਵ ਦੀ ਮਾਤਾ ਤੇ ਵਿਸ਼ਨੂੰ ਦੀ ਇਸਤ੍ਰੀ ਦੱਸਿਆ ਹੈ। ਖੂਬੀ ਇਹ ਕਿ ਸੰਸਾਰ `ਚ ਕੁੱਝ ਹੋਰ ਧਰਮ ਵੀ ਦੇਵੀ-ਦੇਵਤਿਆਂ ਦੀ ਉਲਝਣ `ਚ ਫਸੇ ਹਨ ਪਰ ਧਨ ਦਾ ਦੇਵਤਾ ਜਾਂ ਦੇਵੀ ਕਿਸੇ ਨਹੀਂ ਸਿਰਜਿਆ। ਵਿਚਾਰਣ ਦਾ ਵਿਸ਼ਾ ਹੈ, ਜਿੱਥੇ ਜੀਵਨ ਦਾ ਆਧਾਰ ਹੀ ‘ਪੈਸੇ ਦੀ ਪੂਜਾ’ ਹੈ ਉਥੇ ਮਨੁੱਖੀ ਪਿਆਰ ਜਾਂ ਭਰਾਤ੍ਰੀ ਭਾਵ ਜਨਮ ਲਵੇਗਾ ਵੀ ਤਾਂ ਕਿਸ ਰਸਤੇ? ਇਸ ਤਰ੍ਹਾਂ ਇਕੋ ਪ੍ਰਭੂ ਦੀ ਸੰਤਾਨ, ਪਰ-ਉਪਕਾਰੀ ਬਨਣ ਦੀ ਬਜਾਏ, ਵੱਧ ਤੋਂ ਵੱਧ ਮੰਗਾਂ-ਲੋੜਾਂ ਦੀ ਗ਼ੁਲਾਮ ਹੁੰਦੀ ਹੁੰਦੀ, ਨਿਹਿਤ ਸਵਾਰਥੀ ਬਣ ਕੇ ਰਹਿ ਗਈ। ਕਿਸੇ ਨੇ ਪਤਨੀ ਨੂੰ ਵੱਸ `ਚ ਕਰਣਾ ਸੀ ਤੇ ਦੂਜੇ ਨੇ ਪਤੀ ਨੂੰ। ਕਿਸੇ ਨੂੰ ਔਲਾਦ ਚਾਹੀਦੀ ਸੀ ਭਾਵੇਂ ਬਦਲੇ `ਚ ਪੜੋਸੀ ਦੇ ਬੱਚੇ ਦੀ ਬਲੀ ਹੀ ਕਿਉਂ ਨ ਦੇਣੀ ਪਵੇ। ਕਿਸੇ ਨੂੰ ਧਨ ਚਾਹੀਦਾ ਸੀ ਭਾਵੇਂ ਦੂਜੇ ਦੇ ਧਨ ਦੀ ਕੀਮਤ `ਤੇ। ਇੱਕ ਪਰਮ ਪਿਤਾ ਦੀ ਸੰਤਾਨ ਹੋਣ ਦੇ ਨਾਤੇ ਮਨੁੱਖ ਮਨੁੱਖ ਵਿਚਕਾਰ ਜਿਹੜਾ ਭ੍ਰਾਤਰੀਭਾਵ ਪੈਦਾ ਹੋਣਾ ਚਾਹੀਦਾ ਸੀ ਉਸ ਲਈ ਤਾਂ ਸਾਰੇ ਰਸਤੇ ਆਪਣੇ ਆਪ ਹੀ ਬੰਦ ਹੋ ਗਏ। ਬਲਕਿ ਇੱਥੋਂ ਜਨਮ ਲਿਆ ਵਸ਼ੀਕਰਣ ਆਦ ਬੇਅੰਤ ਮੰਤ੍ਰਾਂ ਨੇ।

ਇਥੇ ਹੀ ਬੱਸ ਨਹੀਂ ਬਲਕਿ ਇਥੋਂ ਜਨਮ ਲਿਆ ਜਾਤੀਆਂ, ਕੁਲਾਂ ਤੇ ਗੋਤਾਂ ਨੇ। ਉਪ੍ਰੰਤ ਇਹਨਾ ਹੀ ਕੁਲਾਂ-ਗੋਤਾਂ ਤੋਂ ਬਖੇੜਾ ਪੈਦਾ ਹੋਇਆ ਕਿ ਕਿਸ ਦੀ ਜਾਤ ਉੱਚੀ ਹੈ ਤੇ ਕਿਸ ਦੀ ਨੀਵੀਂ ਤੇ ਕਿਸ, ਉਸ ਤੋਂ ਵੀ ਨੀਵੀਂ; ਇਸੇ ਤਰ੍ਹਾਂ ਕੌੜੀ ਵੇਲ ਵਾਂਗ ਵਧ ਰਿਹਾ ਇਹ ਬਖੇੜਾ ਕੁਲਾਂ ਤੇ ਗੋਤਾਂ ਦੀ ਅਮੱਕ ਗਹਿਰਾਈ ਤੀਕ। ਇਸ ਜਾਤਾਂ-ਕੁਲਾਂ-ਗੋਤਾਂ ਵਾਲੀ ਬਿਮਾਰੀ ਨੇ ਮਨੁੱਖ-ਮਨੁੱਖ ਵਿਚਾਲੇ ਇਤਨੀਆਂ ਵੰਡੀਆਂ ਪਾਈਆਂ ਕਿ ਜਿਨ੍ਹਾਂ ਦਾ ਗਿਨਣਾ ਵੀ ਸੰਭਵਨਹੀਂ ਤੇ ਜਿਸ ਨੂੰ ਸਮੇਟਣਾ ਉਸ ਤੋਂ ਵੀ ਮੁਸ਼ਕਿਲ। ਮਨੁੱਖ ਜਾਤੀ ਦੀ ਤਬਾਹੀ ਦਾ ਇਹ ਉਹ ਦਰਵਾਜ਼ਾ ਹੈ ਕਿ ਜਿਸ ਨੇ ਇਕੋ ਪ੍ਰਭੂ ਪਿਤਾ ਦੀ ਸੰਤਾਨ, ਇਸ ਬੰਦੇ-ਬੰਦੇ ਵਿਚਕਾਰ ਕੇਵਲ ਵੈਰ ਭਾਵ ਤੇ ਵੰਡੀਆਂ ਹੀ ਨਹੀਂ ਪਾਈਆਂ ਜਾਂ ਵਧਾਈਆਂ ਬਲਕਿ ਅੱਜ ਤੀਕ ਬੇਅੰਤ ਖੂਨ-ਖਰਾਬੇ ਵੀ ਕਰਵਾਏ ਹਨ; ਜਿਸ ਕਾਰਨ ਅਨਗਿਣਤ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਇਸ ਸਾਰੇ ਦੀ ਜੜ੍ਹ ਹੈ ਇੱਕ ਪ੍ਰਭੂ ਪਿਤਾ ਤੋਂ ਹੱਟ ਕੇ, ਬੇਅੰਤ ਕਲਪਿਤ ਦੇਵੀ-ਦੇਵਤਿਆਂ ਦੀ ਪੂਜਾ-ਅਰਚਾ ਤੇ ਮਨੁੱਖ ਮਨੁੱਖ ਵਿਚਕਾਰ ਪੈਦਾ ਹੋ ਚੁੱਕੀਆਂ ਵੰਡੀਆਂ ਤੇ ਦਿਵਾਰਾਂ ਹੀ ਹਨ; ਹੋਰ ਕੁੱਝ ਨਹੀਂ।

“ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ” -ਇਸੇ ਦਾ ਇੱਕ ਹੋਰ ਖਤਰਨਾਕ ਪਹਿਲੂ ਵੀ ਸੀ ਜਦੋਂ ਬ੍ਰਾਹਮਣ ਰਾਹੀਂ ਇਹ ਪ੍ਰਚਲਣ ਵੀ ਦਿੱਤਾ ਗਿਆ ਕਿ ਬ੍ਰਾਹਮਣ ਦਾ ਜਨਮ ਬ੍ਰਹਮਾ ਦੇ ਮੁੱਖ ਤੋਂ ਹੋਇਆ ਹੈ, ਖਤ੍ਰੀ ਦਾ ਬ੍ਰਹਮਾ ਦੀਆਂ ਭੁਜਾਵਾਂ `ਚੋਂ, ਵੈਸ਼ ਦਾ ਬ੍ਰਹਮਾ ਦੇ ਪੇਟ ਤੋਂ ਤੇ ਸ਼ੂਦਰ ਦਾ ਬ੍ਰਹਮਾ ਦੇ ਪੈਰਾ ਤੋਂ। ਇਸ ਤਰੀਕੇ ਉਹ ਰੱਬ ਦਾ ਵੱਕਤਾ ਵੀ ਬਣ ਬੈਠਾ ਤੇ ਪ੍ਰਚਲਤ ਕੀਤਾ ਕਿ ਉਸ ਦੇ ਮੁੱਖ ਤੋਂ ਨਿਕਲੀ ਹਰੇਕ ਬਾਤ ਹੈ ਹੀ ਬ੍ਰ੍ਰਹਮ ਬਾਣੀ ਹੈ। ਇਹ ਉਹੀ ਵਿਸ਼ਾ ਹੈ ਜਿੱਥੇ ਗੁਰਬਾਣੀ `ਚ ਕਬੀਰ ਸਾਹਿਬ ਨੂੰ ਕਹਿਣਾ ਪਿਆ “ਗਰਭ ਵਾਸ ਮਹਿ ਕੁਲੁ ਨਹੀਂ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ ॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥ ਬਾਮਨ ਕਹਿ ਕਹਿ ਜਨਮੁ ਮਤ ਖੋਏ॥ ॥ ਰਹਾਉ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀਂ ਆਇਆ॥ ॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ ॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ” (ਪੰ: ੩੨੪)

“ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ” - ਜੇਕਰ ਪੁਰਾਤਨ ਰਚਨਾਵਾਂ ਵਿਚੋਂ ਅਸੀਂ ਇਹਨਾ ਦੇਵੀ-ਦੇਵਤੀਆਂ ਦੀ ਉੱਤਪਤੀ ਬਾਰੇ ਕਹਾਣੀਆ ਪੜ੍ਹੀਏ ਤਾਂ ਇਹ ਸਚਾਈ ਵੀ ਉਘੜਦੇ ਦੇਰ ਨਹੀਂ ਲਗਦੀ ਕਿ ਇਹ ਸਾਰੇ ਦੇਵੀਆਂ ਦੇਵਤੇ ਕਿਸੇ ਮਿਥ ਤੋਂ ਵਧ ਨਹੀਂ ਹਨ। ਕਿੰਨੀ ਅਜੀਬ ਮੰਤਕ ਹੈ ਕਿਸੇ ਵੀ ਦੇਵੀ ਜਾਂ ਦੇਵਤੇ ਦੀ ਪੈਦਾਇਸ਼ ਕੁਦਰਤੀ ਨੀਯਮ `ਚ ਨਹੀਂ ਦੱਸੀ ਗਈ। ਕਿਸੇ ਦੀ ਪੈਦਾਇਸ਼ ਕਿਸੇ ਦੀ ਕ੍ਰੋਧ ਅਗਨੀ ਤੋਂ ਹੈ ਤੇ ਕੁੱਝ ਕਿਸੇ ਦੇ ਪੈਰ ਦੇ ਸੱਜੇ ਅੰਗੂਠੇ ਉਪ੍ਰੰਤ ਜੇ ਇਸਤ੍ਰੀ ਹੈ ਤਾਂ ਉਸੇ ਰਾਜਾ ਦਕਸ਼ ਦੇ ਖੱਬੇ ਪੈਰ ਦੇ ਅੰਗੂਠੇ ਤੋ। ਕਿਸੇ ਦਾ ਜਨਮ ਹੱਥ ਦੀਆਂ ਤੱਲੀਆ ਝੱਸਣ ਤੋਂ ਜਿਵੇਂ ਬ੍ਰਹਮਾ, ਵਿਸ਼ਨੂੰ, ਮਹੇਸ਼। ਬਾਣੀ ‘ਜਪੁ’ ਪਉੜੀ ਨੰ: ੨੯ ‘ਏਕਾ ਮਾਈ ਜੁਗਤਿ ਵਿਆਈ’ `ਚ ਪਾਤਸ਼ਾਹ ਨੇ ਇਸੇ ਹੀ ਕਹਾਣੀ ਦਾ ਹਵਾਲਾ ਦਿੱਤਾ ਹੈ। ਵੇਰਵੇ ਲਈ ਗੁਰਮਤਿ ਪਾਠ ਨੰ: 45 “ਪਉੜੀ ਏਕਾ ਮਾਈ ਬਾਰੇ” ਸੈਂਟਰ ਵਲੋਂ ਸੰਗਤਾਂ ਦੀ ਸੇਵਾ `ਚ ਪ੍ਰਾਪਤ ਹੈ। ਹੋਰ ਲਵੋ! ਇਹਨਾ ਦੇਵੀ ਦੇਵਤਿਆਂ `ਚੋਂ ਕਿਸੇ ਦੀ ਪੈਦਾਇਸ਼ ਕਿਸੇ ਦੇ ਸਰੀਰ ਦੇ ਵੱਟਣੇ ਤੋਂ (ਗਣੇਸ਼ ਜੀ)। ਕੋਈ ਹਵਾ ਦੇ ਸਪਰਸ਼ ਤੋਂ (ਹਨੁਮਾਨ)। ਕੋਈ ਕਿਸੇ ਸੁੰਦਰੀ ਦੇ ਵਾਲਾਂ `ਚ ਸੂਰਜ ਦੇਵਤੇ ਦਾ ਵੀਰਜਪਾਤ ਹੋਣ ਕਾਰਨ ਪੈਦਾ ਹੁੰਦਾ ਹੈ ਤੇ ਇਸ ਲਈ ਉਸ ਦਾ ਜਨਮ ਹੀ ਵਾਲਾਂ ਚੋਂ ਹੁੰਦਾ ਹੈ ਤੇ ਉਸ ਦਾ ਨਾਮ ਸੀ ਬਾਲੀ। ਉਪ੍ਰੰਤ ਕਿਸੇ ਹੋਰ ਸੁੰਦਰੀ ਦੀ ਗ੍ਰ੍ਰ੍ਰੀਵਾ (ਗਰਦੱਨ) `ਤੇ ਉਸੇ ਸੂਰਜ ਦੇਵਤੇ ਦਾ ਵੀਰਜਪਾਤ ਹੋਣ ਕਾਰਨ, ਸੁੰਦਰੀ ਦੀ ਗ੍ਰੀਵਾ (ਗਰਦਨ) ਤੋਂ ਸੁਗ੍ਰ੍ਰੀਵ ਜਨਮ ਲੈਂਦਾ ਹੈ। ਇਸੇ ਕਾਰਨ ਬਾਲੀ ਤੇ ਸੁਗ੍ਰੀਵ ਦੋਵੇਂ ਭਰਾ ਵੀ ਹਨ; ਇਸੇ ਤਰ੍ਹਾਂ ਬਾਕੀ ਸਾਰੇ। ਜਦਕਿ ਗੁਰਬਾਣੀ ਦਾ ਫੈਸਲਾ ਹੈ “ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ” (ਪੰ: 872)।

“ਦੇਵੀ ਦੇਵਾ ਮੂਲੁ ਹੈ ਮਾਇਆ” -ਇਸੇ ਦੌੜ `ਚ ਜਦੋਂ ਆਮ ਲੋਕਾਈ `ਚ ਬ੍ਰਾਹਮਣ ਦੀ ਸਾਖ ਪੱਕੀ ਹੋ ਗਈ ਤਾਂ ਦੇਵੀ-ਦੇਵਤਿਆਂ ਨੂੰ ਆਮ ਮਨੁੱਖਾਂ ਤੋ ਉੱਤਮ ਸਾਬਤ ਕਰਣ ਲਈ ਸਮੇਂ ਸਮੇਂ ਨਾਲ ਇਹਨਾ ਨੂੰ ਮੂਰਤੀਮਾਨ ਵੀ ਕਰ ਦਿੱਤਾ ਗਿਆ। ਹੋਰ ਲਵੋ! ਚੂੰਕਿ ਇਹ ਸਾਰੇ ਦੇਵੀਆਂ-ਦੇਵਤੇ “ਦੇਵੀ ਦੇਵਾ ਮੂਲੁ ਹੈ ਮਾਇਆ” (ਪੰ: 129) ਗੁਰਬਾਣੀ ਅਨੁਸਾਰ ਕਲਪਨਾ ਮਾਤਰ ਹੀ ਸਨ, ਇਸ ਲਈ ਉਹਨਾਂ ਦੇ ਸਰੀਰਾਂ ਦੀ ਬਨਾਵਟ ਵੀ ਅਜੀਬੋ-ਗ਼ਰੀਬ ਪ੍ਰਚਲਤ ਕੀਤੀ ਗਈ। ਕਿਸੇ ਦੀਆਂ ਅੱਠ ਬਾਵ੍ਹਾਂ, ਕਿਸੇ ਦਾ ਸਿਰ ਮਨੁੱਖ ਦਾ, ਧੱੜ ਘੋੜੇ ਦਾ ਤੇ ਹੋਰ ਬਹੁਤ ਕੁਝ। ਉਹਨਾਂ ਦੀ ਪੈਦਾਇਸ਼ ਸਬੰਧੀ ਕਹਾਣੀਆ ਵੀ ਵੱਖ ਵੱਖ। ਹਰੇਕ ਦੇਵੀ ਦੇਵਤੇ ਦਾ ਵਾਹਨ ਵੱਖ ਵੱਖ। ਉਪ੍ਰੰਤ ਹਰ ਕਿਸੇ ਕੋਲੋਂ ਮੰਗ ਤੇ ਕਾਮਨਾ ਵੀ ਵੱਖ ਵੱਖ। ਹਰੇਕ ਦੇਵੀ ਦੇਵਤੇ ਦੀ ਪਸੰਦ ਵੱਖੋ-ਵੱਖਰੀ ਅਤੇ ਉਹਨਾਂ ਦੀ ਪੂਜਾ ਲਈ ਦਿਨ ਵੀ ਵੱਖੋ-ਵੱਖਰੇ। ਫ਼ਿਰ ਇਹਨਾ ਦੀ ਪੂਜਾ ਲਈ ਦਿਨਾਂ ਦੀ ਵੰਡ ਇਸ ਤਰ੍ਹਾਂ, ਜਿਸ ਤੋਂ ਨਾ ਮਹੀਨੇ ਦਾ ਤੇ ਨਾ ਹਫ਼ਤੇ ਦਾ ਕੋਈ ਦਿਨ ਵਾਰ ਹੀ ਬਚੇ। ਕਿਨਾਂ ਵੱਧੀਆ ਤਰੀਕਾ ਹੈ, ਤਾ ਕਿ ਬ੍ਰਾਹਮਣ ਦੀ ਰੋਟੀ-ਰੋਜ਼ੀ ਦਾ ਸਿਲਸਿਲਾ ਕਿਸੇ ਦਿਨ ਟੁੱਟੇ ਹੀ ਨਹੀਂ। ਇਹ ਸਾਰਾ ਆਪਣੇ ਆਪ `ਚ ਲੰਮਾ-ਚੋੜਾ ਤੇ ਗੁੰਝਲਦਾਰ ਗੋਰਖਧੰਦਾ ਹੈ। ਇਨਾਂ ਹੀ ਨਹੀਂ, ਇੱਕ ਨੂੰ ਦੂਜੇ ਤੋਂ ਵੱਧ ਤਾਕਤਵਰ, ਇੱਛਾਪੂਰਕ ਤੇ ਪ੍ਰਭਾਵ ਸ਼ਾਲੀ ਸਾਬਤ ਕਰਣ ਲਈ ਇੱਕ ਦੂਜੇ ਦੇ ਹੱਕ ਤੇ ਵਿਰੋਧ `ਚ ਵੀ ਕਹਾਣੀਆਂ ਦਾ ਅੰਤ ਨਹੀਂ। ਸਪਸ਼ਟ ਹੈ ਕਿਉਂਕਿ ਇਸ ਪਿੱਛੇ ਕੁੱਸ਼ਤੀ ਤੇ ਰਸਾਕਸ਼ੀ ਤਾਂ ਕਿਸੇ ਹੋਰ ਦੀ ਚਲ ਰਹੀ ਹੈ। ਇਸ ਪ੍ਰਤੀ ਹੀ ਗੁਰਦੇਵ ਦਾ ਸਪਸ਼ਟ ਫ਼ੁਰਮਾਨ ਹੈ “ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ” (ਪੰ: 129)।

ਕਿਆ ਮਾਗਉ ਕਿਆ ਦੇਹਿ” - ਗੁਰਬਾਣੀ ਫੁਰਮਾਨ ਹੈ “ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ” (ਪੰ: 637) ਅਰਥ ਹਨ ਐ ਭਾਈ! ਤੂੰ ਦੇਵੀ-ਦੇਵਤਿਆਂ ਦੀ ਪੂਜਾ ਕਰਦਾ ਹੈਂ। ਤੂੰ ਉਹਨਾਂ ਤੋ ਮੰਗਦਾ ਕੁੱਝ ਹੈਂ ਤੇ ਬਦਲੇ `ਚ ਤੈਨੂੰ ਮਿਲਦਾ ਕੁੱਝ ਹੋਰ ਹੈ। ਤੈਨੂੰ ਫਿਰ ਵੀ ਆਪਣੀ ਕਰਣੀ ਜਾਂ ਇਹਨਾ ਦੀ ਹੋਂਦ ਦੀ ਸਚਾਈ ਬਾਰੇ ਸਮਝ ਨਹੀਂ ਆਉਂਦੀ। ਹਰ ਸਾਲ ਮਨੁੱਖ ‘ਧੰਨ ਤੇਰਸ’ ਉਪ੍ਰੰਤ ‘ਲੱਛਮੀ’, ‘ਕੁਬੇਰ’ ਦੀ ਪੂਜਾ ਕਰਦਾ ਤੇ ਦਿਵਾਲੀਆਂ ਮਨਾਉਂਦਾ ਹੈ। ਇਸ ਦਾ ਨਤੀਜਾ, ਲਛਮੀ ਭਾਵੇਂ ਆਵੇ ਜਾਂ ਨਾ, ਅਨੇਕਾਂ ਦੇ ਦਿਵਾਲੇ ਜ਼ਰੂਰ ਪਿੱਟ ਜਾਂਦੇ ਹਨ, ਭਿਅੰਕਰ ਅੱਗਾਂ ਲਗਦੀਆਂ ਹਨ। ਆਤਿਸ਼ਬਾਜ਼ੀਆਂ-ਪਟਾਕਿਆਂ ਦੇ ਪੱਜ ਦੇਸ਼ ਦੀ ਅਰਬਾਂ ਦੀ ਸੰਪਤੀ ਬਰਬਾਦ ਹੁੰਦੀ ਹੈ। ਵਾਤਾਵਰਣ `ਚ ਜੋ ਬੇਅੰਤ ਪ੍ਰਦੂਸ਼ਣ ਫ਼ੈਲਦਾ ਹੈ ਉਹ ਵੱਖਰਾ। ਤਿਉਹਾਰ ਦੇ ਨਾਮ `ਤੇ ਜੂਆ ਤੇ ਸ਼ਰਾਬਾਂ ਪ੍ਰਵਾਰਾਂ `ਚ ਕੰਗਾਲਤਾ ਵਧਾਉਂਦੀਆਂ ਹਨ। ਸਰਸਵਤੀ ਦੀ ਪੂਜਾ ਕਰਣ ਵਾਲਾ ਮਨੁੱਖ ਜਹਾਲਤਾਂ `ਤੇ ਠੱਗੀਆਂ ਦਾ ਸ਼ਿਕਾਰ ਹੋ ਰਿਹਾ ਹੈ। ਜਦਕਿ ਲੱਛਮੀ ਭਾਵ ਧਨ-ਦੌਲਤ ਅਤੇ ਵਿਦਿਆ (ਮਾਨਸਿਕ ਜਾਗ੍ਰਤੀ) ਅਮ੍ਰੀਕਾ ਵਰਗੇ ਉਹਨਾਂ ਦੇਸ਼ਾਂ `ਚ ਹੈ ਜਿੱਥੇ ਲੱਛਮੀ, ਸਰਸਵਤੀ ਨੂੰ ਨਾ ਕੋਈ ਦੇਵੀਆਂ ਕਰ ਕੇ ਜਾਣਦਾ ਹੈ ਤੇ ਨਾ ਇਹਨਾ ਦੀ ਪੂਜਾ ਕਰਦਾ ਹੈ। ਜਿਨੀਂ ਦੇਰ, ਸੀਤਲਾ ਨੂੰ ਦੇਵੀ ਮੰਨ ਕੇ ਪੂਜਿਆ ਜਾਂਦਾ ਰਿਹਾ, ਚੇਚਕ ਨਾਲ ਹਜ਼ਾਰਾਂ ਲੋਕ ਮੋਤ ਦੇ ਅਨ੍ਹੇ ਖੂਹ `ਚ ਡਿੱਗਦ-ਡੁੱਬਦੇ ਰਹੇ ਤੇ ਮਹਾਮਾਰੀ ਆਪਣਾ ਪ੍ਰਕੋਪ ਪਾਉਂਦੀ ਰਹੀ। ਗੁਰਬਾਣੀ ਨੇ ਫੈਸਲਾ ਦਿੱਤਾ ਕਿ ਚੇਚਕ ਕੇਵਲ ਬਿਮਾਰੀ ਹੈ; ਮਾਤਾ, ਦੇਵੀ ਜਾਂ ਸੀਤਲਾ ਆਦਿ ਨਹੀਂ, ਲੋੜ ਹੈ ਤਾਂ ਇਸ ਦੇ ਇਲਾਜ ਦੀ। ਜੇਕਰ ਇਸ ਦਾ ਇਲਾਜ ਢੂੰਡਿਆ ਵੀ ਤਾਂ ਉਹਨਾਂ ਦੇਸ਼ਾਂ ਨੇ, ਜਿੱਥੇ ਸੀਤਲਾ (ਚੇਚਕ) ਦਾ ਇੱਕ ਵੀ ਪੁਜਾਰੀ ਨਹੀਂ ਸੀ। ਇਲਾਜ ਦੀ ਢਿੱਲ ਸੀ, ਸੀਤਲਾ ਅਜਿਹੀ ਦੌੜੀ ਕਿ ਸੰਸਾਰ ਭਰ `ਚ ਇਸ ਦਾ ਮਰੀਜ਼ ਪੇਸ਼ ਕਰਣ `ਤੇ ਵੀ ਇਨਾਮ ਮੁਕਰੱਰ ਕਰਣੇ ਪਏ।

ਇਹੀ ਗੱਲ ਕਰਵਾਚੌਥ ਦੇ ਵਰਤ `ਤੇ ਲਾਗੂ ਹੁੰਦੀ ਹੈ। ਜਿਹੜੀਆਂ ਸੁਹਾਗਣਾਂ ਹਰ ਸਾਲ, ਚੰਦ੍ਰਮਾਂ ਕੋਲੋਂ ਆਪਣੇ ਪਤੀ ਦੀ ਲੰਮੀ ਉਮਰ ਲਈ ਕਾਮਨਾ ਕਰਦੀਆਂ ਹਨ। ਜੇਕਰ ਚੰਦ੍ਰਮਾਂ ਸੱਚਮੁਚ ਦੇਵਤਾ ਜਾਂ ਤਾਕਤ ਹੈ ਤਾਂ ਘਟੋ ਘਟ ਉਸ ਨੂੰ ਆਪਣੇ ਭਗਤਾਂ ਦੀ ਪਛਾਣ ਤਾਂ ਹੋਣੀ ਚਾਹੀਦੀ ਸੀ। ਤਾਂ ਤੇ ਘਟੋਘਟ ਵਰਤ ਰਖਣ ਵਾਲੀਆਂ ਸੁਹਾਗਣਾਂ ਦੇ ਪਤੀ ਤਾਂ ਉਹਨਾਂ ਦੇ ਜੀਵਨ ਕਾਲ `ਚ ਕਾਲਵਸ ਨਹੀਂ ਸਨ ਹੋਣੇ ਚਾਹੀਦੇ। ਇਸ ਦੇ ਉਲਟ ਅਕਾਲਪੁਰਖੁ ਦੇ ਅਟੱਲ ਨੀਯਮਾਂ `ਚ ਚੂੰਕਿ ਸੁਆਸਾਂ ਦੀ ਪੂੰਜੀ ਹਰੇਕ ਕੋਲ ਆਪਣੀ-ਆਪਣੀ ਹੈ। ਇਸ ਲਈ ਕਿਧਰੇ ਪਤੀ ਤੇ ਕਿਧਰੇ ਪੱਤਨੀ ਨੇ ਪਹਿਲਾਂ ਜਾਣਾ ਹੈ। ਇਹੀ ਇਲਾਹੀ ਨੀਯਮ ‘ਕਰਵਾ ਚੌਥ’ ਰਖਣ ਵਾਲੀਆਂ `ਤੇ ਵੀ ਉਸੇ ਤਰ੍ਹਾਂ ਵਰਤਦਾ ਹੈ ੜੱਖਰਾ ਨਹੀਂ। ਖੂਬੀ ਇਹ ਕਿ ਵਰਤ ਰਖਦੇ ਰਖਦੇ “ਕਿਆ ਮਾਗਉ ਕਿਆ ਦੇਹਿ” ਦੇ ਫ਼ੁਰਮਾਨ ਅਨੁਸਾਰ ਜਿਨ੍ਹਾਂ ਸੁਹਗਣਾਂ ਦੇ ਪਤੀ ਕਾਲਵੱਸ ਹੋ ਜਾਂਦੇ ਹਨ ਤਾਂ ਵਰਤ ਰਖਣਾ ਬੰਦ ਕਰ ਦਿੰਦੀਆਂ ਹਨ। ਗੁਰਬਾਣੀ ਦਾ ਫ਼ੁਰਮਾਨ ਹੈ “ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀਂ ਜਾਨਾ॥ ਕਹਤ ਕਬੀਰ ਅਕੁਲੁ ਨਹੀਂ ਚੇਤਿਆ ਬਿਖਿਆ ਸਿਉ ਲਪਟਾਨਾ” (ਪੰ: 332) ਭਾਵ ਦੇਵੀ-ਦੇਵਤਿਆਂ ਦੀ ਆਪਣੀ ਕੋਈ ਹੋਂਦ ਨਹੀਂ। ਅਸਲ `ਚ ਅਜੂਨੀ, ਸੈਭੰ ਪ੍ਰਭੂ ਦੀ ਸਮਝ ਨਾ ਹੋਣ ਕਾਰਨ ਹੀ ਮਨੁੱਖ ਕੇਵਲ ਝੂਠ (ਬਿਖਿਆ) ਨਾਲ ਹੀ ਚਿੱਪਕਿਆ (ਲਪਟਾਣਾ) ਰਹਿੰਦਾ ਹੈ। ਇਹੀ ਕਾਰਨ ਹੈ ਕਿ ਇਹ ਸਭ ਕੁੱਝ ਕਰ-ਕਰ ਕੇ ਮਨ ਕਰਕੇ ਉਖੜਿਆ ਹੀ ਰਹਿੰਦਾ ਹੈ, ਮਨ `ਚ ਟਿਕਾਅ ਤੇ ਸ਼ਾਂਤੀ ਨਹੀਂ ਆਉਂਦੀ।

“ਭੈ ਵਿਚਿ ਸੂਰਜੁ ਭੈ ਵਿਚਿ ਚੰਦੁ” - ਬਾਣੀ ਆਸਾ ਕੀ ਵਾਰ ਪੰਨਾ ੪੬੪ `ਤੇ ਪਾਤਸ਼ਾਹ ਨੇ ਇੱਕ ਸਲੋਕ ਬਖਸ਼ਿਆ ਹੈ। ਫ਼ੁਰਮਾਨ ਹੈ “ਭੈ ਵਿਚਿ ਪਵਣੁ ਵਹੈ ਸਦਵਾਉ॥ ਭੈ ਵਿਚਿ ਚਲਹਿ ਲਖ ਦਰੀਆਉ॥ ਭੈ ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ ਦਬੀ ਭਾਰਿ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ॥ ਭੈ ਵਿਚਿ ਰਾਜਾ ਧਰਮੁ ਦੁਆਰੁ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਨ ਅੰਤੁ …. . ਸਗਲਿਆ ਭਉ ਲਿਖਿਆ ਸਿਰਿ ਲੇਖੁ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ”। ਇਸ ਸਲੋਕ ਰਾਹੀਂ ਗੁਰਦੇਵ ਨੇ ਅਨੇਕਾਂ ਕਲਪਿਤ ਦੇਵੀ-ਦੇਵਤਿਆਂ ਦੀ ਪੂਜਾ `ਚ ਫਸੇ ਮਨੁੱਖ ਨੂੰ ਇੱਕ ਕਰਤੇ ਦੇ ਲੜ ਲੱਗਣ ਲਈ ਪ੍ਰੇਰਣਾ ਕੀਤੀ ਹੈ। ਦੇਵੀ, ਦੇਵਤਿਆਂ ਬਾਰੇ ਸੰਖੇਪ ਵਿਚਾਰ ਸਮੇਂ ਹੀ ਦੇਖ ਹੀ ਚੁੱਕੇ ਹਾਂ ਕਿ ਗੁਰਮਤਿ ਅਨੁਸਾਰ ਇਹ ਸਾਰੇ ਦੇਵੀਆਂ-ਦੇਵਤੇ, ਮਨੁੱਖੀ ਮਨ ਦੀ ਉਪਜ ਹਨ। ਗੁਰੂ ਪਾਤਸ਼ਾਹ ਨੇ ਸਲੋਕ ਰਾਹੀਂ ਸਪਸ਼ਟ ਕੀਤਾ ਕਿ ਮਨੁੱਖ ਆਪਣੀ ਨਾਸਮਝੀ ਕਾਰਨ ਹਵਾ ਤੋਂ ਪ੍ਰਭਾਵਤ ਹੋਇਆ; ਜਿਸ ਕਾਰਨ ਕਿਸੇ ਨੂੰ ਹਵਾ ਦਾ ਸੰਚਾਲਕ ਭਾਵ ‘ਵਾਯੂ ਦੇਵਤਾ’ ਮੰਨ ਬੈਠਾ। ਉਸ ਨੂੰ ਇਹ ਪਤਾ ਨਹੀਂ ਸੀ ਕਿ ਕਰਤੇ ਦੀ ਰਚਨਾ `ਚ ਇਨੀਂ ਕਿਸਮ ਦੀਆਂ ਹਵਾਵਾਂ-ਗੈਸਾਂ ਹਨ ਜਿਨ੍ਹਾਂ ਦੀ ਕਿ ਗਿਣਤੀ ਹੀ ਸੰਭਵ ਨਹੀਂ। ਮਨੁੱਖ, ਉਂਗਲੀਆਂ `ਤੇ ਗਿਨਣ ਯੋਗ ਗੰਗਾ, ਜਮਨਾ ਗੋਦਾਵਰੀ ਆਦਿ ਕੁੱਝ ਹੀ ਨਦੀਆਂ ਨੂੰ ਮਹਾਤਮ ਵਾਲੀਆਂ, ਪੂਜਣ ਯੋਗ ਬਲਕਿ ਮਾਤਾਵਾਂ ਤੀਕ ਮਿੱਥ ਬੈਠਾ। ਸ਼ਾਇਦ ਉਦੋਂ ਉਸ ਨੂੰ ਪਤਾ ਹੀ ਕੁੱਝ ਕੁ ਦੀਆਂ ਦਾ ਸੀ, ਵੱਧ ਨਹੀਂ। ਜਦਕਿ ਕਰਤੇ ਦੀ ਰਚਨਾ `ਚ ਤਾਂ ਲੱਖਾਂ-ਕਰੋੜਾਂ ਹੀ ਨਦੀਆਂ ਬਹਿ ਰਹੀਆਂ ਹਨ।

ਮਨੁੱਖ, ਇਕੋ ਅੱਗ ਨੂੰ ਹੀ ਸਾਰੇ ਦੇਵਤਿਆਂ ਦੀ ਜੀਭ ਮੰਨ ਕੇ ਉਸ ਦੀ ਪੂਜਾ `ਚ ਉਲਝ ਗਿਆ। ਸ਼ਾਇਦ ਉਸ ਨੂੰ ਪਤਾ ਨਹੀਂ ਸੀ ਕਿ ਕਰਤੇ ਦੀ ਰਚਨਾ `ਚ ਤਾਂ “ਭੈ ਵਿਚਿ ਅਗਨਿ ਕਢੈ ਵੇਗਾਰਿ” ਅਨੁਸਾਰ ਭਿੰਨ-ਭਿੰਨ ਕਿਸਮਾਂ ਦੀਆਂ ਬੇਅੰਤ ਅਗਨੀਆਂ ਕੰਮ ਕਰ ਰਹੀਆਂ ਹਨ। ਜਿਸ ਧਰਤੀ ਨੂੰ ਮਾਤਾ ਮੰਨ ਕੇ ਪੂਜਾ ਕਰ ਰਿਹਾ ਹੈ, ਉਹ ਧਰਤੀ ਇੱਕ ਨਹੀਂ ਬਲਕਿ ਬੇਅੰਤ ਤਰ੍ਹਾਂ ਦੀਆਂ ਅਨਗਿਣਤ ਧਰਤੀਆਂ ਕਰਤੇ ਦੇ ਹੁਕਮ `ਚ ਹਰ ਸਮੇਂ ਬੇਅੰਤ ਭਾਰ ਥੱਲੇ ਦੱਬੀਆਂ ਤੇ ਆਪਣਾ ਆਪਣਾ ਕੰਮ ਕਰ ਰਹੀਆਂ ਹਨ।

ਸੂਰਜ ਤੇ ਚੰਦ, ਜਿਨ੍ਹਾਂ ਨੂੰ ਦੇਵਤੇ ਮਿਥ ਕੇ ਮਨੁੱਖ ਸੰਗ੍ਰਾਂਦਾਂ, ਮਸਿਆਵਾਂ, ਪੂਰਨਮਾਸ਼ੀਆਂ ਸਰਾਧ-ਨੌਰਾਤੇ, ਅਸ਼ਟਮੀਆਂ, ਨੌਮੀਆਂ, ਰੋਜ਼ੇ-ਰਮਜ਼ਾਨ ਤੇ ਕਿਨੇਂ ਹੀ ਥਿੱਤਾਂ-ਵਾਰਾਂ `ਚ ਉਲਝ ਗਿਆ। ਇਸੇ ਤੋਂ ਸਵੇਰ-ਸ਼ਾਮ, ਮੰਗਲ-ਸਨੀਚਰ ਆਦਿ ਨਾਲ ਸਬੰਧਤ ਵਹਿਮਾਂ-ਭਰਮਾਂ, ਸਗਨਾਂ-ਅਪਸਗਨਾਂ, ਰੀਤਾਂ ਆਦਿ ਦੇ ਬੇਅੰਤ ਝਮੇਲੇ ਪਾਲ ਬੈਠਾ। ਜਦਕਿ ਉਹੀ ਸੂਰਜ, ਚੰਦ ਜੇਕਰ ਮਿਥ ਅਨੁਸਾਰ ਸਚਮੁਚ ਹੀ ਦੇਵਤੇ ਹਨ ਤਾਂ ਉਹਨਾਂ ਨੂੰ ਆਰਾਮ ਦੀ ਵੀ ਲੋੜ ਸੀ। ਇਸ ਦੇ ਉਲਟ ਉਹ ਵਿਚਾਰੇ ਤਾਂ ਆਪ ਆਪਣੀ ਮਰਜ਼ੀ ਨਾਲ ਇੱਕ ਮਿੰਟ ਆਰਾਮ ਕਰਣ ਜੋਗੇ ਵੀ ਨਹੀਂ।

ਕੇਵਲ ਚੰਦ੍ਰਮਾ ਦੀ ਮਿਸਾਲ ਹੈ ਲੈ ਲਵੋ! ਚੰਦ੍ਰਮਾ ਭਲਾ ਕਿੱਤਨਾ ਕੁ ਦੇਵਤਾ ਹੈ ਇਸ ਬਾਰੇ ਗੁਰਬਾਣੀ ਦਾ ਫ਼ੈਸਲਾ ਤਾਂ ਹੈ ਹੀ ਸਪਸ਼ਟ, ਬਾਕੀ ਕਸਰ ਅੱਜ ਵਿਗਿਆਨ ਦੀ ਖੋਜ ਨੇ ਵੀ ਪੂਰੀ ਕਰ ਦਿੱਤੀ ਹੈ। ਵਿਗਿਆਨੀ ਤਾਂ ਚੰਦ੍ਰਮਾ `ਤੇ ਜਾ ਕੇ ਸੈਰ ਵੀ ਕਰ ਆਏ ਹਨ, ਪੁਲਾੜ `ਚ ਸਟੇਸ਼ਨ ਸਥਾਪਤ ਕਰ ਚੁੱਕੇ ਹਨ। ਸਪਸ਼ਟ ਕਰ ਚੁੱਕੇ ਹਨ ਕਿ ਚੰਦ੍ਰਮਾਂ ਸਾਡੀ ਧਰਤੀ ਦੀ ਤਰ੍ਹ੍ਹਾਂ ਹੀ ਇੱਕ ਹੋਰ ਧਰਤੀ ਹੈ, ਉਸ ਤੋ ਲਿਆਂਦੀ ਮਿੱਟੀ ਕੈਨੇਡਾ-ਅਮਰੀਕਾ ਦੇ ਮਿਉਜਿਅਮਾਂ `ਚ ਪਈ ਅੱਜ ਵੀ ਦੇਖੀ ਜਾ ਸਕਦੀ ਹੈ। ਇਸ ਚੰਦ੍ਰਮਾਂ ਤੋਂ ਤਾਂ ਤਿੰਨ-ਤਿੰਨ ਹੋਰ ਚੰਦ੍ਰਮਾਂ ਵੀ ਦਿਖਾਈ ਦੇ ਰਹੇ ਹਨ।

ਗੁਰਦੇਵ ਚੇਤਾਵਨੀ ਦਿੰਦੇ ਹਨ, ਐ ਮਨੁੱਖ! ਤੇਰੀਆਂ ਅਜਿਹੀਆਂ ਸਾਰੀਆਂ ਪੂਜਾਵਾਂ ਤੇ ਵਿਸ਼ਵਾਸ ਖੋਖਲੇ ਹਨ। ਇਹਨਾ `ਚੋਂ ਕੋਈ ਵੀ ਆਪਣੇ ਆਪ `ਚ ਦੇਵਤਾ ਨਹੀਂ ਤੇ ਨਾ ਹੀ ਕਿਸੇ ਦੀ ਆਪਣੀ ਕੋਈ ਸਮ੍ਰਥਾ ਜਾਂ ਪਾਇਆਂ ਹੀ ਹੈ। ਇਹ ਸਭ ਕਰਤੇ ਪ੍ਰਭੂ ਦੀਆਂ ਦਾਤਾਂ ਹਨ, ਇਸ ਲਈ ਤੈਨੂੰ ਕਿਰਤਮ ਦੀਆਂ ਪੂਜਾਵਾਂ ਛੱਡ ਕੇ, ਕਰਣਹਾਰ ਕਾਦਿਰ ਨਾਲ ਜੁੜਣ ਦੀ ਲੋੜ ਹੈ। ਕੇਵਲ ਕਰਤਾਰ ਹੀ ਅਜਿਹੀ ਹਸਤੀ ਹੈ ਜੋ ਕਿਸੇ ਦੇ ਅਧੀਨ ਨਹੀਂ ਅਤੇ ਸਦਾ-ਥਿਰ ਹੈ।

ਪ੍ਰਭੂ ਕਿਸੇ ਸਰੀਰ ਦਾ ਬੱਝਾ ਨਹੀਂ ਤੇ ਨਾ ਉਸ ਨੂੰ ਕਿਸੇ ਘੜਿਆ ਹੀ ਹੈ। ਪ੍ਰਭੂ ਮਾਇਆ ਤੋਂ ਨਿਰਲੇਪ ਤੇ ਰੂਪ ਰੰਗ ਰੇਖ ਤੋਂ ਨਿਆਰਾ ਹੈ। ਹੋਰ ਫ਼ੁਰਮਾਨ “ਕੇਤੇ ਇੰਦ, ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ॥” (ਬਾਣੀ ਜਪੁ ਪੰ: 8) ਭਾਵ ਐ ਮਨੁੱਖ ਤੂੰ ਇੱਕ ਚੰਦ-ਸੂਰਜ ਦੀ ਗੱਲ ਕਰਦਾ ਹੈਂ, ਕਰਤੇ ਦੀ ਰਚਨਾ `ਚ ਤਾਂ ਅਜਿਹੇ ਅਨੇਕਾਂ ਚੰਦ-ਸੂਰਜ ਹੀ ਨਹੀਂ ਬਲਕਿ ਸੌਰ ਮੰਡਲ ਵੀ ਮੌਜੂਦ ਹਨ।

“ਆਨ ਦੇਵ ਬਦਲਾਵਨਿ ਦੈਹਉ” - ਦੇਵੀ ਦੇਵਤਿਆ ਬਾਰੇ ਪੰਨਾ 874 `ਤੇ ਰਾਗ ਗੌਂਡ `ਚ ਭਗਤ ਨਾਮਦੇਵ ਜ਼ਿਕਰ ਕਰਦੇ ਹਨ “ਹਉ ਤਉ ਏਕੁ ਰਮਈਆ ਲੈਹਉ॥ ਆਨ ਦੇਵ ਬਦਲਾਵਨਿ ਦੈਹਉ” ਕਿ ਐ ਬ੍ਰਾਹਮਣ! ਮੈਨੂੰ ਤਾਂ ਜ਼ਰੇ `ਚ ਜ਼ਰੇ `ਚ ਰਮੇ ਹੋਏ ਇੱਕ ਰਮਈਆ ਰਾਮ (ਅਕਾਲਪੁਰਖ) ਦੀ ਲੋੜ ਹੈ। ਇਸ ਲਈ ਐ ਭਾਈ! ਤੂੰ ਜਿਨੇਂ ਵੀ ਭੈਰਉਂ, ਸੀਤਲਾ, ਸ਼ਿਵਜੀ, ਮਹਾਮਾਈ ਆਦਿ ਦੇਵਤੇ ਦਿੱਤੇ ਹਨ; ਇੱਕ ਪ੍ਰਭੂ-ਪ੍ਰਮਾਤਮਾ ਦੇ ਬਦਲੇ `ਚ ਮੈ ਉਹ ਸਾਰ ਤੈਨੂੰ ਵਾਪਸ ਕਰਦਾ ਹਾਂ। ਬਲਕਿ ਨਾਮਦੇਵ ਜੀ ਤਾਂ ਇਸ ਸ਼ਬਦ `ਚ ਭਾਗਵਤ ਗੀਤਾ ਦਾ ਹਵਾਲਾ ਦੇ ਕੇ ਕੁੱਝ ਹੋਰ ਵੀ ਕਹਿੰਦੇ ਹਨ। ਕਹਿੰਦੇ ਹਨ, ਭਾਗਵਤ ਗੀਤਾ ਅਨੁਸਾਰ ਤਾਂ ਸੱਚ ਵੀ ਇਹੀ ਹੈ, ਜੇ ਕੋਈ ਦੇਵੀ-ਦੇਵਤਾ ਆਪਣੇ ਕਿਸੇ ਭਗਤ `ਤੇ ਬਹੁਤ ਪ੍ਰਸੰਨ ਹੋ ਵੀ ਜਾਵੇ ਤਾਂ ਵੱਧ ਤੋਂ ਵੱਧ ਆਪਣੇ ਸ਼੍ਰਧਾਲੂ ਅਥਵਾ ਭਗਤ ਨੂੰ ਆਪਣਾ ਵਾਹਨ (ਸਵਾਰੀ) ਜਾਂ ਆਪਣਾ ਰੂਪ ਹੀ ਦੇ ਸਕਦਾ ਹੈ, ਇਸ ਤੋਂ ਵੱਧ ਕੁੱਝ ਨਹੀਂ। ਕਿਉਂਕਿ ਜਨਮ-ਮਰਨ ਦੇ ਗੇੜ੍ਹ ਤੋਂ ਮੁੱਕਤੀ ਦੇਣਾ ਉਹਨਾਂ ਦੇ ਵੱਸ `ਚ ਹੀ ਨਹੀਂ।

“ਏਕ ਕ੍ਰਿਸਨੰ ਸਰਬ ਦੇਵਾ” - ਬਾਣੀ ਆਸਾ ਦੀ ਵਾਰ `ਚ ਗੁਰਦੇਵ ਨੇ ਇਸ ਪ੍ਰਥਾਏ ਇੱਕ ਪੂਰਾ ਸਲੋਕ ਬਖ਼ਸ਼ਿਆ ਹੈ ਸਲੋਕ ਹੈ “ਏਕ ਕ੍ਰਿਸਨੰ ਸਰਬ ਦੇਵਾ, ਦੇਵ ਦੇਵਾ ਤ ਆਤਮਾ॥ ਆਤਮਾ ਬਾਸੁਦੇਵਸਿ੍ਯ੍ਯ ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ” (ਪੰ: ੪੬੯) ਲੰਮੇ ਸਮੇਂ ਤੋਂ ਮਨੁਖ `ਤੇ ਜੋ ਸ੍ਰੀ ਕ੍ਰਿਸ਼ਨ, ਰਾਮ ਆਦਿ ਭਗਵਾਨ ਉਪ੍ਰੰਤ ਬ੍ਰਹਮਾ, ਵਿਸ਼ਨੂੰ, ਮਹੇਸ਼ ਆਦਿ ਤੇਤੀ ਕਰੋੜ ਦੇਵਤਿਆਂ ਵਾਲਾ ਪ੍ਰਭਾਵ ਪ੍ਰਬਲ ਕੀਤਾ ਹੋਇਆ ਸੀ। ਦੇਖ ਚੁੱਕੇ ਹਾਂ ਕਿ ਗੁਰਮਤਿ ਅਜਿਹੇ ਕਿਸੇ ਵੀ ਦੇਵੀ-ਦੇਵਤੇ ਆਦਿ ਦੀ ਹੋਂਦ ਨੂੰ ਹੀ ਪ੍ਰਵਾਣ ਨਹੀਂ ਕਰਦੀ। ਇਸੇ ਤਰ੍ਹਾਂ ੴ- ਅਕਾਲਪੁਰਖੁ ਤੋਂ ਇਲਾਵਾ ਕਿਸੇ ਨੂੰ ਰੱਬ ਜਾਂ ਭਗਵਾਨ ਵੀ ਨਹੀਂ ਮੰਣਦੀ। ਇਸ ਰਬੀ ਸੱਚ ਨੂੰ ਸਮਝਾਉਣ ਲਈ ਗੁਰਦੇਵ ਨੇ ਸਲੋਕ `ਚ ਇੱਕ ਬੜਾ ਸੁਆਦਲਾ, ਅਲੌਕਿਕ ਤੇ ਦਲੀਲ ਭਰਪੂਰ ਢੰਗ ਵਰਤਿਆ ਹੈ। ਇਥੇ ਮਿਥਿਹਾਸਕ ‘ਕ੍ਰਿਸ਼ਨ’ ਤੇ ਉਹਨਾਂ ਦੇ ਪਿਤਾ ‘ਵਾਸੁਦੇਵ’ ਲਫ਼ਜ਼ ਤਾਂ ਵਰਤੇ ਹਨ ਪਰ ਨਿਵੇਕਲੇ, ਬਦਲਵੇਂ ਅਰਥਾਂ `ਚ। ਇਥੇ ਲਫ਼ਜ਼ ਕ੍ਰਿਸ਼ਨ ਨਹੀਂ ਬਲਕਿ ‘ਏਕ ਕ੍ਰਿਸਨੰ’ ਹੈ ਜਿਸ ਦੇ ਅਰਥ ਹਨ, ਇੱਕ ਪ੍ਰਮਾਤਮਾ ਜੋ ਸਾਰੀ ਰਚਨਾ ਦਾ ਕੇਂਦਰੀ ਧੁਰਾ ਹੈ। ਇਸੇ ਤਰ੍ਹਾਂ ‘ਬਾਸੁਦੇਵਸਿ੍ਯ੍ਯ’ ਦੇ ਅਰਥ ਵੀ ਦੇਵਕੀ ਉਪ੍ਰੰਤ ਜਸੋਧਾ ਸੁਤ ਕ੍ਰਿਸ਼ਨ ਦੇ ਪਿਤਾ ਵਾਸੁਦੇਵ ਜਾਂ ਕ੍ਰਿਸ਼ਨ ਨਹੀਂ ਹਨ, ਬਲਕਿ ਅਰਥ ਹਨ ਰਚਨਾ ਦਾ ਪਾਲਣਹਾਰ ਅਕਾਲਪੁਰਖੁ।

ਉਪ੍ਰੰਤ ‘ਦੇਵ ਦੇਵਾ ਤ ਆਤਮਾ’ ਰਾਹੀਂ ਗੁਰਦੇਵ ਨੇ ਮਨੁੱਖ ਨੂੰ ਦੇਵੀ-ਦੇਵਤਿਆਂ ਵਾਲੀ ਇਸੇ ਅਗਿਆਨਤਾ ‘ਤੋਂ ਸੁਚੇਤ ਕੀਤਾ ਹੈ। ਫ਼ੁਰਮਾਇਆ, ਐ ਮਨੁਖ! ਸੰਸਾਰ ਦੇ ਰਚਨਹਾਰੇ ਜਾਂ ਭਗਵਾਨ ਬਹੁਤੇ ਨਹੀਂ ਬਲਕਿ ਸਾਰੀਆਂ ਤਾਕਤਾਂ ਤੇ ਰਚਨਾ ਦਾ ਧੁਰਾ ਅਕਾਲਪੁਰਖੁ, ਕੇਵਲ ਇੱਕ ਹੀ ਹੈ। ਇਸੇ ਤਰ੍ਹਾਂ ਜੋ ਤੂੰ ਅਨੇਕਾਂ ਦੇਵੀ-ਦੇਵਤਿਆਂ ਦੀ ਪੂਜਾ `ਚ ਉਲਝਿਆ ਹੈਂ, ਸੱਚੀ ਗੱਲ ਇਹ ਹੈ ਕਿ ਉਹਨਾਂ ਦੀ ਵੀ ਆਪਣੀ ਕੋਈ ਹੋਂਦ ਨਹੀਂ, ਅਸਲ `ਚ ਸਾਰੇ ਮਨੁੱਖ ਹੀ ਦੇਵਤੇ ਹਨ। ਇਸ ਤੌਨ ਵੱਧ, ਕਉਂਕਿ ਇਹ ਦੇਵੀ-ਦੇਵਤਿਆਂ ਵਾਲਾ ਵਿਸ਼ਵਾਸ ਤੈਨੂੰ ਲੰਮੇ ਸਮੇਂ ਤੋਂ ਦਿੱਤਾ ਜਾ ਰਿਹਾ ਹੈ, ਇਸ ਲਈ ਫਿਰ ਵੀ ਜੇ ਤੈਨੂੰ ਯਕੀਣ ਨਹੀਂ ਆਉਂਦਾ, ਤਾਂ ਵਿਚਾਰ! ਜਿਹੜੀ ਆਤਮਾ (ਪ੍ਰਭੂ ਦਾ ਅੰਸ਼ ਜਾਂ ਨੂਰ) ਤੇਰੇ ਅੰਦਰ ਹੈ, ਉਹੀ ਆਤਮਾ ਕਹੇ ਜਾਂਦੇ ਦੇਵੀ-ਦੇਵਤਿਆਂ, ਭਗਵਾਨਾਂ ਅੰਦਰ ਵੀ ਹੈ, ਉਸ ਤੋਂ ਵੱਖ ਨਹੀਂ।

ਤਾਂ ਤੇ ਦੱਸ! ਇਸ ਤਰ੍ਹਾਂ ਆਪਣੀ ਕਰਣੀ ਨਾਲ ਤੂੰ ਪੂਜਾ ਕਿਸ ਦੀ ਕਰ ਰਿਹਾ ਹੈਂ? ਪ੍ਰਭੂ ਦੇ ਉਸੇ ਨੂਰ ਦੀ ਜੋ ਤੇਰੇ ਆਪਣੇ ਅੰਦਰ ਵੀ ਹੈ। ਦਰਅਸਲ ਤੈਨੂੰ ਆਤਮਾ ਤੇ ਪ੍ਰਮਾਤਮਾ ਦੇ ਇਸ ਭੇਦ ਨੂੰ ਸਮਝਣ ਦੀ ਲੋੜ ਹੈ। ਪ੍ਰਭੂ ਇੱਕ ਹੈ ਤੇ ਬੇਅੰਤ ਵੀ ਹੈ ਅਤੇ ਸਾਰਿਆਂ ਅੰਦਰ ਉਸੇ ਦਾ ਹੀ ਨੂਰ ਵਰਤ ਰਿਹਾ ਹੈ। ਇਸ ਸਲੋਕ `ਚ ਇਸ ਰੱਬੀ ਸੱਚ ਨੂੰ ਪ੍ਰਗਟ ਕਰਣ ਲਈ ਗੁਰਦੇਵ ਨੇ ਸ੍ਰੀ ਕ੍ਰਿਸ਼ਨ, ਬਾਸੁਦੇਵ, ਦੇਵ-ਦੇਵਾ ਆਦਿ ਪ੍ਰਚਲ਼ਤ ਲਫਜ਼ ਹੀ ਵਰਤੇ ਹਨ ਪਰ ਉਚੇਚੇ ਤੌਰ `ਤੇ ਅਤੇ ਨਿਵੇਕਲੇ ਅਰਥਾਂ `ਚ ਵਰਤੇ `ਚ। #182s09.02.09#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ `ਚ ਅਰਥਾਂ ਸਹਿਤ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰੀਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਤੇ ਜੀਵਨ-ਜਾਚ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 182

ਦੇਵੀਆਂ-ਦੇਵਤੇ ਅਤੇ ਗੁਰਮਤਿ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org Also Avilable at




.