.

੧੯੩੬ ਵਿੱਚ ਬਣੀ ਸਿਖ ਰਹਿਤ ਮਰਯਾਦਾ ਤੇ ਖੰਡੇ ਦੀ ਪਹੁਲ-

(ਭਾਗ ਦੂਜਾ)

ਸੰਪਾਦਕ ਦੇ ਸਵਾਲਾਂ ਦੀ ਵਿਚਾਰ ਦਾਸ ਦੇ ਉਪਰਲੇ ਲੇਖ ਪੜ੍ਹਨ ਤੋਂ ਬਾਅਦ ਸੰਪਾਦਕ ਦੇ ਸਵਾਲ

(ਡਾ: ਗੁਰਮੁਖ ਸਿੰਘ ਜੀ ਤੁਹਾਡੇ ਇਸ ਲੇਖ ਤੋਂ ਬਾਅਦ ਵੀ ਕੁੱਝ ਸਵਾਲ ਜਿਉਂ ਦੀ ਤਿਉਂ ਹੀ ਖੜੇ ਹਨ। ਕੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਕੋਈ ਵੀ ਇਮਤਿਹਾਨ ਨਹੀ ਲਿਆ? ਸਿੰਘ ਸ਼ਬਦਾਵਲੀ ਭਾਵੇਂ ਪਹਿਲਾਂ ਹੀ ਮੌਜੂਦ ਸੀ ਪਰ ਸਿੱਖਾਂ ਦੇ ਨਾਵਾਂ ਨਾਲ ਇੱਕ ਦਮ ਸਿੰਘ ਅਤੇ ਕੌਰ ਕਿਉਂ ਅਤੇ ਕਦੋਂ ਲਿਖਣੇ ਸ਼ੁਰੂ ਹੋ ਗਏ? ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਕਦੋਂ ਬਣੇ? ਮਾਧੋ ਦਾਸ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਕਦੋਂ ਬਣਿਆਂ? ਇਹ ਅਤੇ ਇਸ ਤਰ੍ਹਾਂ ਦੇ ਅਨੇਕਾਂ ਹੀ ਹੋਰ ਸਵਾਲ ਮੂੰਹ ਅੱਡੀ ਖਲੋਤੇ ਹਨ ਜਿਹਨਾ ਦੇ ਤਸੱਲੀ ਬਖ਼ਸ਼ ਜਵਾਬ ਮਿਲਣੇ ਚਾਹੀਦੇ ਹਨ-ਸੰਪਾਦਕ)

ਸਭ ਤੋਂ ਪਹਿਲਾਂ ਅਸੀਂ ਇਹ ਚੇਤੇ ਰਖੀਏ ਕਿ ਸਾਡੇ ਇਤਿਹਾਸਕਾਰਾਂ ਅਨੁਸਾਰ ਗੁਰੂ ਗੋਬਿੰਦ ਜੀ ਦੇ ਗੁਰਗਦੀ ਕਾਲ ਦਾ ਇਤਿਹਾਸ ਨਸ਼ਟ ਹੋ ਗਿਆ ਸੀ ਜਾਂ ਨਸ਼ਟ ਕਰ ਦਿਤਾ ਗਿਆ ਸੀ। ਗੁਰੂ

ਗੋਬਿੰਦ ਸਿੰਘ ਜੀ ਸਾਡੇ ਸਚੇ ਗੁਰੂ ਹਨ, ਗੁਰੂ ਨਾਨਕ ਸਾਹਿਬ ਦਾ ਦਸਵਾਂ ਸਰੂਪ ਹਨ, ਅਕਾਲ ਰੂਪ ਹਨ, ਗੁਰ ਪਾਰਬ੍ਰਹਮ ਪਰਮੇਸ਼ਰ ਆਪ ਹਨ।

ਸਾਡੇ ਸਚੇ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਦੀ ਉਪਾਈ ਮਾਇਆ, ਦੇਵੀ/ਦਵਤਿਆਂ ਦੀ ਆਰਧਨਾਂ ਨਹੀਂ ਕਰ ਸਕਦੇ, ਬੇਦ ਬਾਣੀ ਜਿਹੀ ਕਚੀ ਬਾਣੀ ਨਹੀਂ ਰਚ ਸਕਦੇ।

ਅਜਕਲ ਗੁਰੂ ਗੋਬਿੰਦ ਸਿੰਘ ਦੇ ਗੁਰਗਦੀ ਕਾਲ ਦਾ ਸਾਰਾ ਇਤਿਹਾਸ ਗੁਰਸਿਖਾਂ ਨੇਂ ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਰਹਿਤ ਨਾਮਿਆਂ ਤੇ ਪੁਰਾਤਨ ਜਨਮ ਸਾਖੀਆਂ ਤੋਂ ਇਸ ਗ਼ਲਤ ਵਿਸ਼ਵਾਸ ਵਿੱਚ ਲਿਆ ਕਿ ਇਹ ਸਾਰੀਆਂ ਪੁਸਤਕਾਂ ਗੁਰੂ ਗੋਬਿੰਦ ਸਿੰਘ ਜੀ ਰਚਿਤ ਹਨ ਜਾਂ ਗੁਰਸਿਖਾਂ ਨੇਂ ਲਿਖੀਆਂ ਹਨ। ਸਾਡੇ ਬਜ਼ੁਰਗ ਬੁਧੀ ਜੀਵਿਆਂ ਤੇ ਪੰਥਕ ਸੰਸਥਾਂਵਾਂ ਨੇ ਵੀ ਸਾਡੀ ਰਹਿਤ ਮਰਯਾਦਾ ਇਸੇ ਗਲਤ ਵਿਸ਼ਵਾਸ ਵਿੱਚ ਬਨਾਈ ਸੀ। ਇਸ ਵਡੀ ਗ਼ਲਤੀ ਦਾ ਸੁਧਾਰ ਕਰਨਾ ਸਾਡਾ ਫਰਜ਼ ਹੈ। ਜੇ ਅਸੀਂ ਸੁਧਾਰ ਨਾਂ ਕਰਾਂਗੇ ਤਾਂ ਸਿਖ ਪੰਥ ਬੇਦ ਮਤ ਦੀ ਦਲਦਲ ਵਿੱਚ ਹੋਰ ਧਸ ਜਾਵੇਗਾ, ਤੇ ਕੁੱਝ ਬੁਧੀ ਜੀਵਿਆਂ ਦੀ ਪੇਸ਼ੀਨ ਗੋਈ ਕਿ ੧੦ ਸਾਲ ਬਾਦ ਕੋਈ ਸਿਖ ਨਹੀਂ ਰਹੇਗਾ ਸਚ ਹੋ ਜਾਵੇਗੀ।

ਸੰਪਾਦਕ ਦੇ ਸਵਾਲਾਂ ਲਈ ਧੰਨਵਾਦ ਜਿਸ ਕਾਰਣ ਦਾਸ ਨੇ ਇਹ ਲੇਖ ਲਿਖਿਆ ਹੈ। ਦਾਸ ਨੇ ਅਪਨੇ ਪਿਹਲੇ ਲੇਖ ਵਿੱਚ ਸਿਖ ਮਤ ਦੇ ਵਿਰੁਧ ਕੂੜੇ ਗ੍ਰੰਥਾਂ ਤੇ ਪੁਸਤਕਾਂ ਦੇ ਹਵਾਲੇ ਦੇ ਕੇ ਸਾਬਤ ਕੀਤਾ ਸੀ ਕਿ ਦਸਮ ਗ੍ਰੰਥ ਤੇ ਸਰਬ ਲੋਹ ਗ੍ਰੰਥ ਦੇਵੀ ਦੇਵਤਿਆਂ ਦੇ ਉਪਾਸ਼ਕ ਕਵੀਆਂ ਦੀਆਂ ਰਚਨਾਵਾਂ ਹਨ। ਇਹ ਰਚਨਾਵਾਂ ਸਿਖਾਂ ਦੇ ਸਚੇ ਗੁਰੂ ਪਾ: ੧੦ ਕ੍ਰਿਤ ਨਹੀਂ। ਇਹਨਾਂ ਰਚਨਾਵਾਂ ਵਿੱਚ ਤੇ ਅਖੌਤੀ ਸਿਖ ਰਹਿਤਨਾਮਿਆਂ ਵਿੱਚ ਖੰਡੇ ਦੀ ਪਹੁਲ ਬਨਾਣ ਦਾ ਬ੍ਰਿਤਾਂਤ ਹੈ ਜਿਸ ਪਹੁਲ ਨੂੰ ਬਨਾਉਣ ਵਾਲਾ ਬ੍ਰਾਹਮਣ ਲਿਖਾਰੀ ਦਾ ਅਪਣੇ ਮਨ ਤੋਂ ਘੜਿਆ ਗੁਰੂ ਗੋਬਿੰਦ ਸਿੰਘ ਦਾ ਮਿਥਿਆ ਸਰੂਪ ਸੀ। ਸਾਡੇ ਸਚੇ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਹੁਲ ਨਹੀਂ ਬਣਾਈ, ਜਿਸ ਦਾ ਬ੍ਰਿਤਾਂਤ ਇਹਨਾਂ ਪੁਸਤਕਾਂ ਵਿੱਚ ਲਿਖਿਆ ਹੈ। ਖੰਡੇ ਦੀ ਪਹੁਲ ਦੇ ਨਾਲ ਹੀ ਬ੍ਰਾਹਮਨ ਦੇ ਮਨ ਘੜੰਤ ਗੁਰੂ ਗੋਬਿੰਦ ਸਿੰਘ ਦੇ ਹੁਕਮ ਜੁੜੇ ਹਨ ਜਿਸ ਤਰਾਂ ਕਛ, ਕੰਘਾ, ਕੜਾ ਤੇ ਕਿਰਪਾਨ ਤੇ ਹੋਰ ਰਹਿਤਾਂ। ਇਹਨਾਂ ਪੁਸਤਕਾਂ ਅਨੁਸਾਰ, ਨਾਮ ਬਦਲ ਕੇ ਸਿੰਘ ਵੀ ਉਦੋਂ ਹੀ ਰਖੇ ਗਏ। ਇਹਨਾਂ ਪੁਸਤਕਾਂ ਅਨੁਸਾਰ ਖੰਡੇ ਦੀ ਪਹੁਲ ਪੰਜ ਭੁਜੰਗੀਆਂ ਜਾਂ ਪੰਜਾਂ ਪਿਆਰਿਆਂ ਨੂੰ ਛਕਾ ਕੇ, ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਤੋਂ ਪਹੁਲ ਲਈ ਤੇ ਨਾਮ ਗੋਬਿੰਦ ਸਿੰਘ ਰਖਾਇਆ।

ਇਹ ਅਖੌਤੀ ਪੁਰਾਤਨ ਸਿਖ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਦੇ ੧੭੦੮ ਵਿੱਚ ਜੋਤੀ ਜੋਤਿ ਸਮਾਉਣ ਤੋਂ ਬਾਦ ਰਚਿਆ ਗਿਆ। ਪਿਆਰਾ ਸਿੰਘ ਪਦਮ ਦੀ ਪੁਸਤਕ ਰਤਿਨਾਮੇ ਵਿੱਚ ਇਹ ਸਾਰੀ ਜਾਣਕਾਰੀ ਦੇਖੀ ਜਾ ਸਕਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗਦੀ ਸਮੇ ਦਾ ਇਤਹਾਸ ਨਸ਼ਟ ਹੋ ਚੁਕਾ ਸੀ ਜਾਂ ਕਰ ਦਿਤਾ ਗਿਆ ਸੀ ਇਸ ਲਈ ਦਾਸ ਕੋਲ ਸੰਪਾਦਕ ਦੇ ਸਭ ਸਵਾਲਾਂ ਦਾ ਜਵਾਬ ਨਹੀਂ। ਸਾਡੇ ਸਵਾਲਾਂ ਦੇ ਸਹੀ ਜਵਾਬ ਉਹ ਇਤਿਹਾਸਕਾਰ ਦੇ ਸਕਦੇ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਲਿਖੇ ਗਏ ਇਤਿਹਾਸ ਨੂੰ ਜਾਣਦੇ ਹੋਣ ਤੇ ਜੋ ਭਰੋਸੇ ਮੰਦ ਹੋਵੇ। ਨਹੀਂ ਤਾਂ ਸਿਖ ਪੰਥ ਪੁਰਾਤਨ ਸਿਖ ਇਤਿਹਾਸ ਤੋਂ ਬਿਨਾਂ ਹੀ ਆਪਨਾ ਸੁਤੰਤਰ ਵਜੂਦ ਕਾਇਮ ਰਖ ਸਕਦਾ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ ਵਿੱਚ ਦਿਤੀ ਰਹਿਤ ਮਰਯਾਦਾ ਤੋਂ ਅਡ ਕੋਈ ਰਹਿਤ ਮਰਯਾਦਾ ਨਹੀਂ ਬਨਾਈ। ਇਹਨਾਂ ਗ੍ਰੰਥਾ ਪੁਸਤਕਾਂ ਨੇ ਗੁਰਸਿਖਾਂ ਦੀ brain washing ਕਰ ਦਿਤੀ। ਕੋਈ ਇਹਨਾਂ ਕੂੜੀਆਂ ਪੁਸਤਕਾਂ ਦੀ ਸਚਾਈ ਨੂੰ ਸਮਝਣ ਲਈ ਤਿਆਰ ਨਹੀਂ। ਸਿਖਾਂ ਦੀ brain washing ਦਾ ਇਲਾਜ ਕੇਵਲ ਗੁਰਬਾਣੀ ਨੂੰ ਗੁਰੂ ਮੰਨ ਕੇ ਤੇ ਗੁਰਬਾਣੀ ਤੋਂ ਸੇਧ ਲੈ ਕੇ ਹੀ ਕੀਤਾ ਜਾ ਸਕਦਾ ਹੈ।

ਇਹਨਾਂ ਗ੍ਰੰਥਾਂ ਤੇ ਪੁਸਤਕਾਂ ਰਾਹੀਂ ਬ੍ਰਾਹਮਣ ਲਿਖਾਰੀ ਨੇ ਸਿਖ ਧਾਰਮਕ ਵਿਸ਼ਵਾਸ਼ਾਂ ਤੇ ਸੰਸਕ੍ਰਿਤੀ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਬਚਿਤ੍ਰ ਨਾਟਕ ਹਿੰਦੂ ਧਰਮ ਗ੍ਰੰਥ ਹੈ ਇਸ ਵਿੱਚ ਸੰਸਾਰ ਰਚਨਾਂ ਹੋਣ ਦੇ ਸਮੇਂ ਤੋਂ ਦੇਵੀ ਦੇਵਤਿਆਂ ਤੇ ਦੇਵਤਿਆਂ ਦੇ ਅਵਤਾਰਾਂ ਦੀਆਂ, ਰਿਸ਼ੀਆਂ ਦੀਆਂ ਲਿਖੀਆਂ ਮਨੋਕਲਪਿਤ ਕਹਾਣੀਆਂ ਹਨ। ਦਸਮ ਗ੍ਰੰਥ ਸਰਬ ਲੋਹ ਗ੍ਰੰਥ, ਰਹਿਤਨਾਮਿਆਂ ਤੇ ਪੁਰਾਤਨ ਜਨਮ ਸਾਖੀਆਂ ਨੇ ਬਚਿਤਰ ਨਾਟਕ ਜਿਹੀਆਂ ਮਿਥਿਹਾਸਕ ਨਾਟਕੀ ਕਹਾਨੀਆਂ ਵਿੱਚ ਇਤਿਹਾਸਕ ਸਿਖ ਗੁਰੂਆਂ ਦੀ ਸ਼ਖਸੀਅਤ ਨੂੰ ਜੋੜ ਦਿਤਾ, ਜਿਸਤਰ੍ਹਾਂ ਪਾ: ੧੦ ਨੇ ਪਿਛਲੇ ਜਨਮਾਂ ਵਿੱਚ ਮਹਾਂਕਾਲ ਦੀ ਆਰਾਧਨਾਂ ਕੀਤੀ, ਗੁਰੂ ਨਾਨਕ ਸਾਹਿਬ ਮਹਾਂਭਾਰਤ ਦੇ ਨਾਟਕੀ ਪਾਤਰਾਂ ਲਊ ਤੇ ਕੁਸ਼ ਦੀ ਔਲਾਦ ਵਿਚੋਂ ਬੇਦੀ ਕੁਲ਼ ਵਿਚੋਂ ਸਨ, ਆਦਿ। ਰਹਿਤਨਾਮਿਆਂ ਨੂੰ ਸਚ ਮਨਣ ਕਰਕੇ, ਸਿਖਾਂ ਵਿੱਚ ਉਚੇ ਬੁੰਗੇ ਵਾਲੇ ਭੰਗ ਆਦਿ, ਦਾ ਨਸ਼ਾ ਕਰਨ ਵਾਲੇ ਨਿਹੰਗ ਬਣੇ, ਪਵਿਤ੍ਰਤਾ ਰਖਣ ਵਾਲੇ ਸਰਬ ਲੋਹੀਏ ਬਣੇ, ਨੀਲੀ ਪਗ ਵਾਲੇ ਅਕਾਲੀ ਬਣੇ। ਹਰ ਇੱਕ ਫਿਰਕਾ ਕਹਿੰਦਾ ਹੈ ਅਸੀਂ ਸਭ ਤੋਂ ਵਧੀਆ ਸਿਖ ਹਾਂ। ਇਹਨਾਂ ਸਭ ਦਾ ਸ੍ਰੋਤ ਝੂਠਾ ਪੁਰਾਤਨ ਇਤਿਹਾਸ ਹੈ ਇਹ ਫਿਰਕੇ ਗੁਰਬਾਣੀ ਉਪਦੇਸ਼ ਵਿਰੁਧ ਕਈ ਕਰਮ ਕਰਦੇ ਹਨ। ਗੁਰਸਿਖ ਇਸ ਵਿਸ਼ਾਲ ਇਤਿਹਾਸ ਵਿਚੋਂ ਇੱਕ ਵੀ ਘਟਨਾਂ ਨੂੰ ਸਚਾ ਸਿਖ ਇਤਿਹਾਸ ਨਹੀਂ ਮਨ ਸਕਦੇ ਭਾਵੇਂ ਕੁੱਝ ਘਟਨਾਵਾਂ ਸਚਾ ਇਤਿਹਾਸ ਹੋ ਸਕਦੀਆਂ ਹਨ। ਸਿਖ ਇਤਿਹਾਸ ਲਿਖਨ ਵਾਲੇ ਮੁਸਲਮਾਨ ਜਾਂ ਬ੍ਰਾਹਮਣੀ ਵਿਸ਼ਵਾਸ਼ਾਂ ਵਾਲੇ ਸਨ। ਜੰਹਾਂਗੀਰ ਨੇ ਕਿਹਾ ਗੁਰੂ ਅਰਜਨ ਸਾਹਿਬ ਨੇ ਝੂਠ ਦੀ ਦੁਕਾਨ ਖੋਲੀ ਹੈ ਤੇ ਗੁਰੂ ਸਾਹਿਬ ਨੂੰ ਚੰਦੂ ਨੂੰ ਜ਼ਿਰੀਆ ਬਣਾ ਕੇ ਸ਼ਹੀਦ ਕਰਵਾਇਆ। ਮੁਗਲ ਬਾਦਸ਼ਾਹ ਕਹਿੰਦੇ ਸਨ ਇਸਲਾਮ ਹੀ ਇੱਕ ਸਚਾ ਧਰਮ ਹੈ ਸਿਖ ਤੇ ਹਿੰਦੂ ਇਸਲਾਮ ਧਰਮ ਵਿੱਚ ਧਕੇ ਜਾਂ ਰਿਸ਼ਵਤ ਦੇ ਕੇ ਸ਼ਾਮਲ ਕੀਤੇ ਗਏ।

ਸੰਸਾਰ ਦੇ ਧਰਮਾਂ ਦੇ ਇਤਹਾਸ ਵਿੱਚ ਕੂੜਾ ਇਤਿਹਾਸ ਰਚ ਕੇ, ਧਰਮਾਂ ਦੇ ਵਿਸ਼ਵਾਸ ਬਦਲਦੇ ਰਹੇ, ਧਰਮਾਂ ਦੀ ਸ਼ੰਸਕ੍ਰਿਤੀ ਬਦਲਦੀ ਰਹੀ ਤੇ ਧਰਮ ਪਰਿਵਰਤਨ ਹੁੰਦੇ ਰਹੇ। ਮਿਸਾਲ ਲਈ ਅਸ਼ੋਕ ਦੇ ਕਾਲ ਵਿੱਚ ਬੁਧ ਧਰਮ ਦਾ ਪਰਸਾਰ ਸਾਰੇ ਭਾਰਤ ਵਿੱਚ ਹੋ ਗਿਆ ਸੀ। ਅਸ਼ੋਕ ਤੋਂ ਬਾਅਦ ਬੇਦ ਮਤ ਨੂੰ ਮਨਣ ਵਾਲੇ ਸ਼ੰਕਰਾਚਾਰੀਆ ਨੇਂ ਬੋਧੀਆਂ ਨੂੰ ਜੰਗਾਂ ਕਰ ਕੇ ਮਾਰ ਦਿਤਾ ਜੋ ਬਚੇ ਸਨ ਉਹਨਾਂ ਨੇਂ ਅਪਨਾਂ ਧਰਮ ਬਦਲਿਆ ਜਾਂ ਭਾਰਤ ਵਿਚੋਂ ਨਸ ਗਏ। ਇਸੀ ਸਮੇਂ ਵਿੱਚ ਬੁਧ ਧਰਮ ਦੀਆਂ ਧਰਮ ਪੁਸਤਕਾਂ ਨੂੰ ਨਸ਼ਟ ਕੀਤਾ ਗਿਆ ਤੇ ਬੋਧਿਕ ਸੰਸਕ੍ਰਿਤੀ ਬਦਲੀ ਗਈ। ਹਿੰਦੂ ਸੰਸਥਾਵਾਂ ਇਹੀ ਕਮ ਸਿਖ ਮਤ ਵਿਰੁਧ ਕਰਦੀਆਂ ਆ ਰਹੀਆਂ ਹਨ ਤੇ ਹੁਣ ਵੀ ਕਰ ਰਹੀਆਂ ਹਨ।

ਬ੍ਰਾਹਮਣੀ ਸੰਸਥਾਵਾਂ ਸਿਖਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਰਲਾ ਨਹੀਂ ਪਾ ਸਕੀਆਂ ਪਰ ਉਹਨਾਂ ਨੇ ਗੁਰਬਾਣੀ ਦੇ ਅਰਥ ਬੇਦ ਬਾਣੀ ਅਨੁਕੂਲ ਕਰ ਦਿਤੇ। ਬ੍ਰਾਹਮਣੀਂ ਸੰਸਥਾਵਾਂ ਨੇ ਪੁਰਾਤਨ ਸਿਖ ਇਤਿਹਾਸ ਬੇਦ ਬਾਣੀ ਅਨੁਕੂਲ ਰਚਕੇ ਸਿਖਾਂ ਦੀ ਸੰਸਕ੍ਰਿਤੀ ਤੇ ਧਰਮ ਦੇ ਵਿਸ਼ਵਾਸ ਵੀ ਬਦਲਨ ਦਾ ਯਤਨ ਕੀਤਾ ਤੇ ਇਹ ਕੂੜਾ ਇਤਿਹਾਸ ਸਿਖਾਂ ਦੇ ਹਵਾਲੇ ਕੀਤਾ। ਹੁਣ ਸਮਾਂ ਆ ਗਿਆ ਹੈ ਕਿ ਗੁਰਸਿਖ ਬ੍ਰਾਹਮਣ ਦੇ ਰਚੇ ਪਰਪੰਚ ਤੇ ਉਸਦੇ ਰਚੇ ਇਤਿਹਾਸ ਨੂੰ ਉਸਦੇ ਸਪੁਰਦ ਕਰ ਦੇਣ।

ਗੁਰਬਾਣੀ ਸਚੀ ਹੈ ਤੇ ਇਸ ਵਿਚ, ਸਿਖ ਧਾਰਮਕ ਵਿਸ਼ਵਾਸ ਹਨ, ਤੇ ਕੁੱਝ ਹਦ ਤਕ ਸਿਖ ਇਤਿਹਾਸ ਵੀ ਹੈ। ਸਿਖ ਪੰਥ ਦਾ ਪੁਨਰਨਿਰਮਾਣ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਮਨ ਕੇ ਹੋ ਸਕਦਾ ਹੈ।

ਅਜ ਦਾ ਅਕਾਲ ਤਖਤ ਤੇ ਸ਼ਰੋਮਣੀ ਸਿਖ ਗੁਰਦੁਆਰਾ ਕਮੇਟੀ ਬਾਦਲ ਸਰਕਾਰ ਤੇ ਆਰ ਐਸ ਐਸ ਦੇ ਹੁਕਮ ਵਿੱਚ ਕਾਰ ਕਰਦੇ ਹਨ। ਇਹ ਸਿਖਾਂ ਦੇ ਨੁਮਾਇੰਦੇ ਨਹੀਂ ਰਹੇ। ਸਿਖ ਪੰਥ ਦੀ ਅਗਵਾਈ ਇਸ ਸਮੇਂ ਦਿਲੀ ਸਿਖ ਗੁਰਦੁਆਰਾ ਕਮੇਟੀ ਜਾਂ ਹੋਰ ਕੋਈ ਨਵੀਂ ਸੰਸਥਾ ਕਰ ਸਕਦੀ ਹੈ, ਜੇ ਉਹ ਬ੍ਰਾਹਮਣ ਦੇ ਰਚੇ ਪਰਪੰਚ ਨੂੰ ਪਹਿਲਾਂ ਆਪ ਸਮਝਣ ਤੇ ਆਤਮ ਵਿਸ਼ਵਾਸ ਨਾਲ ਕਮ ਕਰਨ।

ਗੁਰੂ ਜੀ ਮਿਹਰ ਕਰਣ, ਸਾਰੇ ਗੁਰਸਿਖ ਅਦਾਰੇ ਸਚਾਈ ਨੂੰ ਸੁਣਨ ਤੇ ਸਮਝਨ।

ਡਾ: ਗੁਰਮੁਖ ਸਿੰਘ

B-6/58, Safdarjang Enclave New Delhi 11029

Tel 26102376




.