.

ਬਾਤਾਂ ਪੰਜਾਬੀਆਂ ਦੀ ਬੇਪ੍ਰਵਾਹੀ ਦੀਆਂ ਤੇ ਧੰਨ ਜੇਰਾ ਗੋਰਿਆਂ ਦਾ

ਬੀ. ਐੱਸ. ਢਿੱਲੋਂ ਐਡਵੋਕੇਟ

ਪੰਜਾਬੀ ਦਾ ਮੁਹਾਵਰਾ ਧੰਨ ਜੇਰਾ ਨਾਈਆਂ ਦਾ ਜਿੰਨ੍ਹਾਂ ਨੈਣ ਜੱਟਾਂ ਨਾਲ ਤੋਰੀ, ਹੈ ਤਾਂ ਥੋੜ੍ਹਾ ਜਿਹਾ ਲੁੱਚਾ ਪਰ ਲੇਖ ਤੇ ਢੁੱਕਦਾ ਹੋਣ ਕਾਰਣ ਲਿਖ ਦਿੰਦੇ ਹਾਂ। ਭਾਰਤ ਪਾਕਿਸਤਾਂਨ ਦੀ ਦੋਸਤੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਦਾ ਆਉਣ ਜਾਣ ਵੀ ਵਧ ਗਿਆ ਸੀ। ਮੋਹਾਲੀ `ਚ ਭਾਰਤ ਪਾਕਿਸਤਾਂਨ ਦਾ ਕਰਿੱਕਟ ਮੈਚ ਸੀ। ਇਸ ਮੈਚ ਵੇਖਣ ਲਈ ਸੈਂਕੜੇ ਪਾਕਿਸਤਾਂਨੀ ਵੀਜਾ ਲੈ ਕੇ ਆਏ। ਤਿੰਨ ਦਿਨ ਪੱਛਮੀਂ ਪੰਜਾਬ ਤੋਂ ਆਏ ਲੋਕ ਚੰਡੀਗੜ੍ਹ `ਚ ਮੇਲੇ ਵਾਂਗ ਘੁੰਮਕੇ ਖੁਸ਼ ਹੁੰਦੇ ਰਹੇ। ਪਾਕਿਸਤਾਂਨ ਵਿੱਚ ਸ਼ਰਾਬ ਤੇ ਪਾਬੰਦੀ ਲੱਗੀ ਹੋਣ ਕਰਕੇ ਪਾਕਿਸਤਾਂਨੀਆਂ ਨੇ ਦਾਰੂ ਪੀਣ ਦੀ ਧੁੱਕੀ ਕੱਢ ਦਿੱਤੀ। ਉਹ ਸਲਵਾਰਾਂ ਦੇ ਡੱਬਾਂ ਵਿੱਚ ਬੋਤਲਾਂ ਟੰਗੀ ਚੰਡੀਗੜ੍ਹ ਨੂੰ ਲਹੌਰ ਦਾ ਅਨਾਰਕਲੀ ਬਜਾਰ ਬਣਾਈ ਫਿਰਦੇ ਸਨ। ਇੱਕ ਸ਼ਾਂਮ ਨੂੰ ਮੁੱਖ ਮੰਤਰੀ ਵੱਲੋਂ ਪਾਕਿਸਤਾਂਨੋਂ ਆਏ ਮਹਿਮਾਨਾਂ ਲਈ ਚੰਡੀਗੜ੍ਹ ਕਲੱਬ `ਚ ਸਮਾਗਮ ਰੱਖਿਆ ਗਿਆ। ਹੰਸ ਰਾਜ ਹੰਸ ਗਾਣਾ ਗਾਅ ਰਿਹਾ ਸੀ, “ਇਸ ਕੰਡਿਆਲੀ ਤਾਰ ਨੇ ਇੱਕ ਦਿਨ ਫੁੱਲ ਬਨਣਾ…”। ਗਾਣੇ ਉਪਰੰਤ ਮੁੱਖ ਮੰਤਰੀ ਅਮਰਿੰਦਰ ਸਿੰਘ ਭਾਸ਼ਣ ਦੇਣ ਲੱਗੇ। ਘੁੱਟ ਘੁੱਟ ਲੱਗੀ ਹੋਣ ਕਾਰਣ ਮਹਿਮਾਣ ਬਣਕੇ ਆਏ ਵਾਅਗੇ ਪਾਰ ਦੇ ਪੰਜਾਬੀ ਜੋਰ ਸ਼ੋਰ ਨਾਲ “ਮੁੱਖ ਮੰਤਰੀ ਜਿੰਦਾਬਾਦ” ਦੇ ਨਾਹਰੇ ਲਾਉਣ ਲੱਗ ਪਏ। ਅਮਰਿੰਦਰ ਸਿੰਘ ਕਹਿ ਰਹੇ ਸਨ, “ਭਰਾਵੋ ਮੈਨੂੰ ਅੱਗੇ ਵੀ ਬੋਲਣ ਦਿਉ। ਜਿੰਨਾਂ ਪਿਆਰ ਤੁਸੀਂ ਅੱਜ ਦਿਖਾ ਰਹੇ ਹੋ, ਮੈਨੂੰ ਲੱਗਦਾ ਮੈਨੂੰ ਅਗਲੀ ਇਲੈਕਸ਼ਨ ਲਹੌਰ ਤੋਂ ਲੜਣੀ ਪਏਗੀ।” ਮੈਂ ਆਪਣੇ ਕੋਲ ਕੁਰਸੀਆਂ ਤੇ ਬੈਠੇ ਦੋ ਤਿੰਨਾਂ ਨਾਲ ਗੱਲਾਂ ਕਰਨ ਲੱਗ ਪਿਆ। ਉਹ ਬਹੁਤ ਖੁਸ਼ ਸਨ। ਉਹ ਹੰਸ ਰਾਜ ਹੰਸ ਦੇ ਗਾਣੇ ਤੋਂ ਇੰਨੇ ਜੋਸ਼ ਵਿੱਚ ਆ ਗਏ ਸਨ ਕਿ ਜੇ ਉਸ ਦਿਨ ਕੋਈ ਹੱਲਾਸ਼ੇਰੀ ਦੇ ਕੇ ਉਨ੍ਹਾਂ ਨੂੰ ਵਾਅਗੇ ਬਾਰਡਰ ਤੇ ਛੱਡ ਦਿੰਦਾ ਤਾਂ ਉਹ ਬਰਲਨ ਦਿਵਾਰ ਦੀ ਤਰਾਂ ਰਾਤੋ ਰਾਤ ਸਰਹੱਦ ਢਾਹੁਣ ਲਈ ਤਿਆਰ ਸਨ। ਜੋਸ਼ ਵਿੱਚ ਆਏ ਮੈਨੂੰ ਕਹਿਣ ਲੱਗੇ ਕਿ “ਭਾਅ ਜੀ ਜੇ ਧਾਡੀਆਂ ਤੇ ਸਾਡੀਆਂ ਫੌਜਾਂ ਰਲ ਜਾਣ ਤਾਂ ਆਪਾਂ ਸਾਰੀ ਦੁਨੀਆਂ ਕੁੱਟ ਸੁੱਟੀਏ”। ਮੈਂ ਉਨ੍ਹਾਂ ਨੂੰ ਕਿਹਾ “ਪਤੰਦਰੋ ਹੌਲੀ ਬੋਲੋ। ਜੇ ਆਪਣੇ ਇਸ ‘ਗੁਪਤ ਏਜੰਡੇ’ ਦਾ ਅੰਗਰੇਜਾਂ ਨੂੰ ਪਤਾ ਚੱਲ ਗਿਆ ਉਹ ਫਿਰ ਲੜਾ ਦੇਣਗੇ। ਨਾਂਲੇ ਮਿੱਤਰੋ ਇਹ ਤੁਸੀਂ ਨਹੀਂ ਬੋਲਦੇ ਤੁਹਾਡੇ ਵਿੱਚ ਸ਼ਕੰਦਰ ਤੇ ਚੰਗੇਜ ਖਾਂਣ ਹੋਰੀਂ ਬੋਲ ਰਹੇ ਨੇ। ਇਹ ਸਾਡਾ ਇਤਿਹਾਸਕ ਦੁਖਾਂਤ ਹੈ।” ਉਹ ਉਸੇ ਵੇਲੇ ਕਹਿਣ ਲੱਗੇ, “ਭਾਅ ਜੀ ਅਸੀਂ ਧਾਡੇ ਵਾਂਗ ਬਹੁਤਾ ਪੜ੍ਹੇ ਤਾਂ ਨਹੀਂ ਹਾਂ। ਪਰ ਤੁਸੀਂ ਮੰਨੋਂ ਨਾ ਮੰਨੋਂ ਹੈ ਇਹ ਗੱਲ ਸੱਚ।” ਸਾਡੇ ਪੜਦਾਦੇ, ਲੱਕੜ ਦਾਦੇ ਵੀ ਗੋਰੀਆਂ ਚੁੱਕਣ ਬਾਰੇ ਆਪਣਾ ‘ਗੁਪਤ ਏਜੰਡਾ’ ਰੱਖਦੇ ਸਨ। ਸਭਰਾਵਾਂ ਦੀ ਲੜਾਈ ਵੇਲੇ ਸਿੱਖ ਫੌਜਾਂ ਵੱਲੋਂ ਜਾਂਨ ਹੂਲਵੀਂ ਲੜੀ ਗਈ ਲੜਾਈ ਤੇ ਅੱਸ਼ ਅੱਸ਼ ਕਰਦਾ ਸ਼ਾਹ ਮੁਹੰਮਦ ਲਿਖਦਾ ਹੈ, “ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਙ ਨਿੰਬੂਆਂ ਲਹੂ ਨਚੋੜ ਸੁੱਟੇ।” ਪਰ ਨਾਲ ਹੀ ਸਿੱਖ ਫੌਜਾਂ ਦੇ ਮੇਮਾਂ ਬਾਰੇ ‘ਗੁਪਤ ਏਜੰਡੇ’ ਦਾ ਜਿਕਰ ਕਰਦਾ ਲਿਖਦਾ ਹੈ ਕਿ ਲੜਾਈ ਲਈ ਤੁਰਨ ਤੋਂ ਪਹਿਲਾਂ ਸਿੰਘ ਕਹਿੰਦੇ ਸਨ, “. . ਫੇਰ ਵੜਾਂਗੇ ਉਨ੍ਹਾਂ ਦੇ ਸਤਰ-ਖਾਂਨੇ, ਬੰਨ੍ਹ ਲਿਆਵਾਂਗੇ ਸਾਰੀਆਂ ਗੋਰੀਆਂ ਨੀ।” ਇਹ ਤਾਂ ਕਦੁਰਤੀ ਪਾਸਾ ਪੁੱਠਾ ਪੈ ਗਿਆ। ਜਿਵੇਂ ਨਿਪੋਲੀਅਨ ਦਾ ਵਾਟਰਲੂ ਅਤੇ ਹਿਟਲਰ ਦਾ ਨੌਰਮੰਡੀ ਵਿੱਚ ਪਿਆ ਸੀ। ਵਰਨਾਂ ਪੰਜਾਬ ਦੇ ਹਰ ਪਿੰਡ ਵਿੱਚ ਗੁੱਤ ਵਾਲੀਆਂ ਜੈਨੀਫਰ ਕੌਰਾਂ ਜਾਗੋ ਕੱਢਦੀਆਂ ਨਜਰੀਂ ਪੈਣੀਆਂ ਸਨ।

 ਇੰਗਲੈਂਡ਼ ਵਿੱਚ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ ਸੀ। ਪੰਜਾਬ ਤੋਂ ਗਿਆ ਇੱਕ ਕਵਿਸ਼ਰੀ ਜਥਾ ਸ਼ਹੀਦ ਦੀ ਵਾਰ ਗਾ ਰਿਹਾ ਸੀ ਕਿ “ਊਧਮ ਸਿੰਘ ਗੋਰੇ ਹਾਕਮ ਨੂੰ ਮਾਰਕੇ ਗਰਜਿਆ, ਮੈਂ ਕਰਾਂਗਾ ਮੇਮਾਂ ਰੰਡੀਆਂ ਤੇ ਫੂਕ ਸੁੱਟਾਂਗਾ ਲੰਦਨ ਨੂੰ…।” ਜਲੰਧਰ ਤੋਂ ਉਸ ਸਮਾਗਮ ਤੇ ਵਸ਼ੇਸ਼ ਮਹਿਮਾਂਨ ਬਣਕੇ ਗਏ ਮੇਰੇ ਮਿੱਤਰ ਕੌਮਾਂਤਰੀ ਪੱਧਰ ਦੇ ਨਾਂਮੀਂ ਪੱਤਰਕਾਰ ਨੇ ਪ੍ਰਬੰਧਕਾਂ ਨੂੰ ਸਮਝਾਇਆ, “ਜੇ ਗੋਰਿਆਂ ਨੂੰ ਇਸ ਕਵਿਸ਼ਰੀ ਦਾ ਤਰਜਮਾਂ ਕਰਕੇ ਸੁਣਾਇਆ ਜਾਵੇ ਤਾਂ ਉਹ ਇਸ ਤੇ ਪਾਬੰਦੀ ਤਾਂ ਲਾਉਣਗੇ ਹੀ, ਨਾਲ ਹੀ ਇਸ ਸੰਘ ਪਾੜ ਪਾੜ ਕੇ ਗਾਉਣ ਵਾਲੇ ਝੁੱਡੂ ਨਾਥ ਨੂੰ ਵੀ ਜਹਾਜ ਚੜ੍ਹਾ ਦੇਣਗੇ। ਇਹ ਜਾਂਦਾ ਜਾਂਦਾ ਇੱਕ ਦੋ ਪ੍ਰਬੰਧਕਾਂ ਨੂੰ ਵੀ ਨਾਲ ਲੈ ਡੁੱਬੇਗਾ।” ਇਹੋ ਜਿਹੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਸ਼ਹੀਦ ਊਧਮ ਸਿੰਘ ਅੰਗਰੇਜਾਂ ਦਾ ਕੀ ਲੱਗਦਾ ਸੀ? ਊਧਮ ਸਿੰਘ ਸਾਡਾ ਕੌਮੀਂ ਸ਼ਹੀਦ ਹੈ ਗੋਰਿਆਂ ਦਾ ਨਹੀਂ। ਗੋਰਿਆਂ ਦਾ ਸ਼ਹੀਦ ਸਰ ਮਾਇਕਲ ਓਡਵਾਇਰ ਹੈ ਜਿਸ ਨੂੰ ਊਧਮ ਸਿੰਘ ਨੇ ਮਾਰਿਆ ਸੀ। ਕਦੇ ਅੰਗਰੇਜਾਂ ਨੇ ਇਕੱਠੇ ਹੋ ਕੇ ਪੰਜਾਬ ਵਿੱਚ ਜਰਨਲ ਡਾਇਰ ਦਾ ਜਨਮ ਦਿਨ ਨਹੀਂ ਮਨਾਇਆ। ਅਸੀਂ ਕਦੀ ਅਫਗਾਂਨਿਸਤਾਂਨ ਵਿੱਚ ਜਾ ਕੇ ਹਰੀ ਸਿੰਘ ਨਲੂਏ ਦੀ ਬਰਸੀ ਨਹੀਂ ਮਨਾਈ। ਕਿਉਂਕੇ ਉਹ ਗੋਰੇ ਨਹੀਂ ਹਨ। ਪਰ ਧੰਨ ਜੇਰਾ ਗੋਰਿਆਂ ਦਾ…।

 ਮੈਂ ਨਿਊਯਾਰਕ ਵਿੱਚ ਆਪਣੇ ਦੋਸਤਾਂ ਕੋਲ ਠਹਿਰਿਆ ਹੋਇਆ ਸੀ। ਸ਼ਾਂਮ ਨੂੰ ਉਨ੍ਹਾਂ ਦੇ ਘਰ ਕਿੱਟੀ ਪਾਰਟੀ ਸੀ। ਛੋਟੀ ਜਿਹੀ ਇਸ ਪਾਰਟੀ ਵਿੱਚ ਇਕੱਲਾ ਮੈਂ ਹੀ ਪੱਗ ਵਾਲਾ ਸੀ ਬਾਕੀ ਸਾਰੇ ‘ਅਮਰੀਕਣ’ ਬਣ ਚੁੱਕੇ ਸਨ। ਕਈ ਪੰਜਾਬ ਆ ਕੇ ਪੱਗਾਂ ਬੰਨ੍ਹ ਲੈਂਦੇ ਹਨ। ਮੈਂ ਉਸ ਮਹਿਫਿਲ ਵਿੱਚ ਆਪਣੇ ਨਾਲ ਮੇਰੀ ਪਿਛਲੀ ਅਮਰੀਕਾ ਫੇਰੀ ਵੇਲੇ ਲਾਸ ਏਂਜਲਸ ਦੇ ਏਅਰਪੋਰਟ ਤੇ ਘਟੀ ਘਟਣਾ ਦਾ ਜਿਕਰ ਕੀਤਾ ਕਿ ਕਿਵੇਂ ਮੈਨੂੰ ਬਾਕੀ ਸਵਾਰੀਆਂ ਨਾਲੋਂ ਨਿਖੇੜ ਕੇ ਉਨ੍ਹਾਂ ਵਿਸ਼ੇਸ਼ ਕੈਮਰੇ ਰਾਹੀਂ ਮੇਰੀ ਪੱਗ ਦੀ ਜਾਂਚ ਕੀਤੀ ਸੀ। ਬੂਟ, ਬੈਲਟ, ਬਟੂਆ, ਕੋਟ, ਪੈੱਨ, ਸਿੱਕੇ, ਬੈਗ ਸਮੇਤ ਸਾਰਾ ਸਮਾਂਨ ਐਕਸਰੇ ਮਸ਼ੀਨ ਵਿੱਚੋਂ ਲੰਘ ਗਿਆ। ਮੈਂ ਵੀ ਦੂਜੇ ਪਾਸੇ ਲੱਗੇ ਮੈਟਲ ਡਿਟੇਕਟਰ ਵਿੱਚੋਂ ਲੰਘ ਕੇ ਬਾਕੀ ਮੁਸਾਫਰਾਂ ਨਾਲ ਅਗਾਂਹ ਜਾਣ ਲੱਗਾ ਤਾਂ ਸਕਿਉਰਟੀ ਵਾਲੇ ਨੇ ਮੈਨੂੰ ਅੱਗੇ ਹੋ ਕੇ ਰੋਕ ਲਿਆ। ਮੇਰੇ ਰੁਕਦਿਆਂ ਹੀ ਉਹਨੇ ਮੈਨੂੰ ਕੰਧ ਉੱਤੇ ਲੱਗੇ ਕੈਮਰੇ ਹੇਠ ਖਲੋਣ ਲਈ ਕਿਹਾ। ਮੈ ਸੂਲੀ ਚੜ੍ਹੇ ਈਸਾ ਦੀ ਤਸਵੀਰ ਵਾਂਗ ਬਾਹਾਂ ਫੈਲਾਅ ਕੇ ਕੰਧ ਨਾਲ ਢੋਅ ਲਾ ਕੇ ਖੜੋ ਗਿਆ। ਬੜਾ ਅਜੀਬ ਲੱਗ ਰਿਹਾ ਸੀ। ਪਰ ਡੇਢ ਸੌ ਮੁਸਾਫਰਾਂ ਦੀ ਜਾਂਨ ਦਾ ਸਵਾਲ ਸੀ। ਮੈਨੂੰ ਪਿੱਛੋਂ ਦੱਸਿਆ ਗਿਆ ਕਿ ਪੱਗ ਵਿੱਚ ਛੁਪੇ ਵਿਸ਼ੇਸ਼ ਧਮਾਕਾਖੇਜ ਤਰਲ ਪਦਾਰਥ ਦੀ ਸਹੀ ਸਕਰੀਂਨਿੰਗ ਕਰਨ ਲਈ ਵਿਸ਼ੇਸ਼ ਕੈਮਰੇ ਦੀ ਲੋੜ ਹੈ। ਉਂਜ ਸਾਡਾ ਆਪਣਾ ਵੀ ਕਸੂਰ ਹੈ। ਸਾਡੇ ਵਿੱਚ ਕੁੱਝ ਅਜਿਹੇ ਲੋਕ ਹਨ ਜੋ ਸਾਰੀ ਕੌਂਮ ਨੂੰ ਸ਼ੱਕੀ ਬਣਾਉਂਦੇ ਹਨ। ਪਿਛਲੇ ਸਾਲੀਂ ਹੀ ਇੱਕ ਸ਼੍ਰੋਮਣੀ ਕਮੇੱਟੀ ਮੈਂਬਰ ਦੀ ਪੱਗ `ਚੋਂ ਪੁਲਿਸ ਨੇ ਅਫੀਂਮ ਬਰਾਂਮਦ ਕੀਤੀ ਸੀ। ਅਫੀਂਮ ਲਿਜਾਣ ਵਾਲਾ ਗਰਨੇਡ ਵੀ ਲਿਜਾ ਸਕਦਾ ਹੈ। ਅਮਰੀਕਨ ਪੱਗ ਨੂੰ ਵਿਸ਼ੇਸ਼ ਕੈਮਰੇ ਨਾਲ ਵੇਖਦੇ ਸਨ। ਮੈਨੂੰ ਉਨ੍ਹਾਂ ਪੱਗ ਲਾਹੁਣ ਲਈ ਨਹੀਂ ਸੀ ਕਿਹਾ। ਇਸਦਾ ਜਿਕਰ ਮੈਂ ਟੀ. ਵੀ. ਤੇ ਆਪਣੇ ਟਾਕ ਸ਼ੋਅ `ਚ ਵੀ ਕੀਤਾ ਸੀ। ਅਮਰੀਕਾ ਦੌਰਿਆਂ ਤੇ ਜਾਣ ਵਾਲੇ ਸਿੱਖ ਮੰਤਰੀਆਂ ਅਤੇ ਅਫਸਰਾਂ `ਚੋਂ ਕਿਸੇ ਨੇ ਵੀ ਪੱਗ ਲਾਹੁਣ ਦੀ ਸ਼ਿਕਾਇਤ ਨਹੀਂ ਕੀਤੀ। ਮੇਰੀ ਗੱਲ ਸੁਣਕੇ ਉਸ ਮਹਿਫਿਲ ਵਿੱਚ ਹਾਜਰ ਮਿੱਤਰ ਕਹਿਣ ਲੱਗੇ ਕਿ ਮੈਂ ਹੀ ਇਸ ਤਰਾਂ ਦੀ ਸਕਰੀਨਿੰਗ ਦਾ ਬੁਰਾ ਨਹੀਂ ਮਨਾਇਆ। ਜਦੋਂ ਮਹਿਫਿਲ ਥੋੜ੍ਹੀ ਗਰਮ ਹੋਈ ਤਾਂ ਚੁਟਕਲੇ ਸੁਨਾਉਣੇ ਸ਼ੁਰੂ ਹੋ ਗਏ। ਗੱਲ ਪੰਜਾਬ ਦੀ ਚੱਲ ਪਈ ਮੇਰੀ ਪੱਗ ਵਾਲੀ ਘਟਣਾ ਤੇ ਇੱਕ ਦੋਸਤ ਨੇ ਚੁਟਕਲਾ ਸੁਣਾਇਆ ਕਿ “ਇੱਕ ਵਾਰ ਪੰਜਾਬੀ ਇਕੱਠੇ ਹੋ ਕੇ ਪੰਜਾਬ ਦੀਆਂ ਸੜਕਾਂ, ਸਕੂਲ, ਹਸਪਤਾਲਾਂ ਦੀ ਮਾੜੀ ਹਾਲਤ ਦੀ ਚਰਚਾ ਕਰ ਰਹੇ ਸਨ। ਅਖੀਰ ਅਮਰੀਕਾ ਤੇ ਹਮਲਾ ਕਰਨ ਬਾਰੇ ਸੋਚਿਆ ਗਿਆ। ਕਿਉਂ ਕਿ ਅਮਰੀਕਾ ਜਿਸ ਮੁਲਕ ਨਾਲ ਵੀ ਲੜਦਾ ਹੈ। ਉਸ ਨੂੰ ਤਬਾਹ ਕਰਨ ਪਿੱਛੋਂ ਯੂ. ਐੱਨ. ਓ. , ਵਿਸ਼ਵ ਬੈਂਕ ਅਤੇ ਅਮਰੀਕਨ ਕੰਪਨੀਆਂ ਰਾਹੀਂ ਸਹਾਇਤਾ ਕਰਕੇ ਸਾਰੀਆਂ ਸੜਕਾਂ, ਸਕੂਲ, ਹਸਪਤਾਲਾਂ, ਪੁਲਾਂ ਆਦਿ ਦੀ ਮੁੜ ਉਸਾਰੀ ਕਰ ਦਿੰਦਾ ਹੈ। ਅਮਰੀਕਾ ਨਾਲ ਪੰਗਾ ਲੈ ਕਿ ਇੱਕ ਵਾਰੀ ਤਾਂ ਤਬਾਹੀ ਹੋਏਗੀ ਪਰ ਪਿੱਛੋਂ ਉਹ ਸੱਭ ਕੁੱਝ ਬਣਾ ਦੇਣਗੇ। ਅਜੇ ਅਮਰੀਕਾ ਤੇ ਹਮਲਾ ਕਰਨ ਬਾਰੇ ਜੈਕਾਰਾ ਛੱਡਿਆ ਹੀ ਸੀ ਕਿ ਓਦੋਂ ਹੀ ਇਕੱਠ ਵਿੱਚੋਂ ਇੱਕ ਬਾਬਾ ਬੋਲਿਆ, “ਮੁੰਡਿਉ ਕਾਹਲੀ ਨਾਂ ਕਰੋ ਅਜੇ ਹੋਰ ਸੋਚ ਲਵੋ। ਜੇ ਆਪਾਂ `ਮਰੀਕਾ ਨੂੰ ਹਰਾ ਦਿੱਤਾ ਫਿਰ ਸੜਕਾਂ ਕੌਣ ਬਣਾਏਗਾ?” ਪਿੱਛੋਂ ਜਦੋਂ ਪੰਜਾਬੀ ਮੀਡੀਏ ਵਿੱਚ ਅਮਰੀਕਾ ਵਿੱਚ ‘ਪੱਗਾਂ ਲੁਹਾ ਕੇ ਹੁੰਦੀ ਤਲਾਸ਼ੀ’ ਦੀਆਂ ਖਬਰਾਂ ਛਪਣ ਲੱਗੀਆਂ। ਤਾਂ ਇਹ ਚੁਟਕਲਾ ਸੱਚਾ ਹੋ ਗਿਆ। ਇੱਕ ਲੀਡਰ ਜਿਸਦਾ ਆਪਣੀ ਕੁਰਸੀ ਜਿੰਨਾਂ ਮਾਨਸਿਕ ਵਿਕਾਸ ਨਹੀਂ ਸੀ ਹੋਇਆ, ਨੇ ਅਖਬਾਰਾਂ ਵਿੱਚ ਬਿਆਂਨ ਦਾਗ ਦਿੱਤਾ ਕਿ “ਅਮਰੀਕਾ ਸਿੱਖਾਂ ਨਾਲ ਪੰਗੇ ਲੈਣ ਤੋਂ ਬਾਜ ਆਵੇ।” ਮੈਂ ਅਖਬਾਰ ਪੜ੍ਹਕੇ ਦੁਆ ਕੀਤੀ ਕਿ “ਦੇਖੀਂ ਭਰਾਵਾ ਕਿਤੇ ਅਗਲਾ ਪ੍ਰੋਗਰਾਂਮ ਬੋਲ ਦੇਵੇਂ” ਜਿਹੜੇ ਲੱਖਾਂ ਪੰਜਾਬੀ ਅਮਰੀਕਾ ਵਿੱਚ ਸੌਖੀ ਰੋਟੀ ਖਾਂਦੇ ਹਨ ਖਾ ਲੈਣ ਦਿਉ। ਧੰਨ ਜੇਰਾ ਗੋਰਿਆਂ ਦਾ…।

 ਤੀਹ ਸਾਲ ਅਮਰੀਕਾ ਵਿੱਚ ਰਹੇ ਤੇ ਗੋਰੀ ਨੂੰ ਵਿਆਹੇ ਮੇਰੇ ਮਿੱਤਰ ਸਰਦਾਰ ਪਰਤਾਪ ਸਿੰਘ ਨੇ ਯੋਗੀ ਹਰਭਜਨ ਸਿੰਘ ਨਾਲ ਚਾਰ ਸਾਲ ਅਮਰੀਕਨਾਂ ਨੂੰ ਸਿੱਖ ਬਣਾਉਣ ਦਾ ਪ੍ਰਚਾਰ ਕੀਤਾ ਹੈ। ਉਹ ਦੱਸਦੇ ਹਨ, “ਗੋਰੇ ਪਦਾਰਥਵਾਦ ਦੇ ਸਤਾਏ ਰੂਹਾਂਨੀਅਤ ਦੀ ਤਲਾਸ਼ ਵਿੱਚ ਹੀ ਪੂਰਬ ਵੱਲ ਵੇਖਦੇ ਹਨ। ਯੋਗੀ ਹਰਭਜਨ ਸਿੰਘ ਗੋਰਿਆਂ ਨੂੰ ਗੁਰੂ ਨਾਨਕ ਦੀ ਫਿਲਾਸਫੀ ੴ ਅਤੇ ਯੋਗਾ ਅਭਿਆਸ ਨਾਲ ਹੀ ਸਿੱਖੀ ਸਮਝਾਉਂਦੇ ਸੀ। ਸਾਡੇ ਵਾਹਿਗੁਰੂ ਨੂੰ ਉਨ੍ਹਾਂ ਦੇ ਗਾਡ ਵਰਗਾ ਬਣਾ ਦਿੰਦੇ ਸਨ। ਜੇ ਕਿਤੇ ‘ਢਾਡੀ ਵਾਰਾਂ’ ਸੁਣਾ ਬਹਿੰਦੇ ਫੇਰ ਉਨ੍ਹਾਂ ਦੌੜ ਜਾਣਾ ਸੀ। ਅਸੀਂ ਆਪਣੇ ‘ਗੁਪਤ ਏਜੰਡੇ’ ਬਾਰੇ ਨਹੀਂ ਸਾਂ ਦੱਸਦੇ”। ਉਹ ਦਿੱਲੀ ਵਿੱਚ ਦੱਖਣੀ ਅਮਰੀਕਾ ਦੀਆਂ ਸੋਲਾਂ ਅੰਬੈਸੀਆਂ ਲਈ ਸਪੈਨਿਸ਼ ਭਾਸ਼ਾ ਦੇ ਦੋਭਾਸ਼ੀਏ ਵਜੋਂ ਕੰਮ ਕਰਦੇ ਹਨ। ਪੰਜ ਛੇ ਰਾਜਦੂਤਾਂ ਨਾਲ ਬਤੋਰ ਲੇਖਕ ਮੇਰੀ ਗੱਲ ਕਰਵਾ ਚੁੱਕੇ ਹਨ। ਅਰਜਨਟਾਇਨਾਂ ਦੇ ਪ੍ਰਵਾਸ ਵਿਭਾਗ ਲਈ ਵੀ ਕੰਮ ਕਰਦੇ ਹਨ। ਉਹਨਾਂ ਦਾ ਨਿੱਜੀ ਤਜਰਬਾ ਹੈ ਕਿ ਜਦੋਂ ਸਿੱਖ ਵਿਦੇਸ਼ਾਂ ਵਿੱਚ ਸੜਕਾਂ ਤੇ ਬਰਛੇ ਤਲਵਾਰਾਂ ਨਾਲ ਜਲੂਸ ਕੱਢਣ ਸਮੇਂ ਗੱਤਕਾ ਖੇਡਦੇ ਹਨ ਤਾਂ ਗੋਰਿਆਂ ਦੇ ਮੂੰਹ ਵੇਖਣ ਵਾਲੇ ਹੁੰਦੇ ਹਨ। ਇਹ ਗੱਲ ਮੈਂ ਵੀ ਅਮਰੀਕਾ ਅਤੇ ਕਨੇਡਾ ਵਿੱਚ ਮਹਿਸੂਸ ਕੀਤੀ ਹੈ। ਗੋਰੇ ਮਨ ਵਿੱਚ ਜਰੂਰ ਸੋਚਦੇ ਹਨ ਕਿ ਇਹ ਸੜਕਾਂ ਉੱਤੇ ਨੰਗੇ ਹਥਿਆਰ ਕਿਉਂ ਲਹਿਰਾਉਂਦੇ ਹਨ? ਗੋਰੇ ਸਾਨੂੰ ਮੀਡੀਏ ਵਿੱਚ ਕਿਰਪਾਨੋਂ ਕਿਰਪਾਨੀਂ ਹੁੰਦਿਆਂ ਨੂੰ ਵੇਖਦੇ ਹਨ। ਪੱਛਮ ਵਿੱਚ ਜਨਤਕ ਥਾਂ ਤੇ ਨੰਗਾ ਹਥਿਆਰ ਸੁਰੱਖਿਆ ਨੂੰ ਖਤਰਾ ਸਮਝਿਆ ਜਾਂਦਾ। ਪੰਜਾਬ ਵਿੱਚ ਤਾਂ ਠੀਕ ਹੈ ਪਰ ਵਿਦੇਸ਼ੀ ਸੜਕਾਂ ਤੇ ਇਸਦੀ ਕੋਈ ਤੁੱਕ ਨਹੀਂ ਬਣਦੀ। ਵਿੱਚ ਪਰ ਧੰਨ ਜੇਰਾ ਗੋਰਿਆਂ ਦਾ…।

 ਹੋਰ ਕੌਂਮਾਂ ਵੀ ਆਪਣੇ ਦਿਨ ਦਿਹਾੜੇ ਤੇ ਤਿੱਥ ਤਿਉਹਾਰ ਮਨਾਉਂਦੀਆਂ ਹਨ। ਸੜਕਾਂ ਤੇ ਜਾਂਮ ਲਾਉਣ ਦਾ ਰਿਵਾਜ ਭਾਰਤ ਵਿੱਚ ਹੀ ਹੈ। ਵਿਕਸਤ ਦੇਸ਼ਾਂ ਵਿੱਚ ਨਹੀਂ। ਗੋਰੇ ਸ਼ੋਰਬਾਜ ਨਹੀਂ ਹਨ, ਕਾਗਜੀ ਕਾਰਵਾਈ ਕਰਦੇ ਹਨ। ਅਸਟਰੇਲੀਆ ਰਹਿੰਦੇ ਮੇਰੇ ਇੱਕ ਲੇਖਕ ਮਿੱਤਰ ਨੇ ਦੱਸਿਆ ਹੈ ਕਿ ‘ਨਸਲੀ ਹਮਲਿਆਂ’ (ਜੋ ਵਾਪਰੀਆਂ ਸਾਰੀਆਂ ਲੁੱਟ ਖੋਹ ਦੀਆਂ ਹਿੰਸਕ ਘਟਣਾਵਾਂ ਦਾ ਮਹਿਜ ਪੰਜ ਫੀ ਸਦੀ ਹੀ ਸਨ।) ਦਾ ਭਾਰਤ ਸਰਕਾਰ ਸਖਤ ਨੋਟਸ ਲੈ ਰਹੀ ਸੀ। ਸਾਡਾ ਵਿਦੇਸ਼ ਮਹਿਕਮਾਂ ਤੇ ਪ੍ਰਧਾਂਨ ਮੰਤਰੀ ਦਾ ਦਫਤਰ ਅਸਟਰੇਲੀਆ ਸਰਕਾਰ ਨੂੰ ਆਪਣੀ ਨਰਾਜਗੀ ਜਾਹਰ ਕਰ ਰਹੇ ਸਨ। ਅਸਟਰੇਲੀਆ ਦੇ ਪ੍ਰਧਾਂਨ ਮੰਤਰੀ ਅਫਸੋਸ ਪਰਗਟ ਕਰ ਰਹੇ ਸੀ। ਇੱਕ ਭਾਰਤੀ ਡਾਕਟਰ ਤੇ ਹਮਲਾ ਕਰਨ ਵਾਲੇ ਅਸਟਰੇਲੀਅਨ ਨੂੰ ਮੈਲਬੌਰਣ ਦੀ ਅਦਾਲਤ ਨੇ 18 ਸਾਲਾਂ ਦੀ ਸਜਾ ਦੇ ਦਿੱਤੀ ਹੈ। ਪਰ ਕੁੱਝ ਪੰਜਾਬੀਆਂ ਨੇ ਮੁਜਾਹਰੇ ਦੌਰਾਂਨ ਇੱਕ ਸਰਕਾਰੀ ਇਮਾਰਤ ਤੇ ਅਸਟਰੇਲੀਆ ਦਾ ਝੰਡਾ ਲਾਹ ਕੇ ਉਸ ਦੀ ਥਾਂ ਭਾਰਤ ਦਾ ਝੰਡਾ ਲਹਿਰਾ ਦਿੱਤਾ। ਅਸਟਰੇਲੀਆ ਦੇ ਪ੍ਰਧਾਂਨ ਮੰਤਰੀ ਦੇ ਪੁਤਲੇ ਜਲਾਏ। ਜੇ ਕਿਸੇ ਗੋਰੇ ਨੇ ਭਾਰਤ ਵਿੱਚ ਇੰਜ ਕੀਤਾ ਹੁੰਦਾ ਤਾਂ ਉਸ ਦੇ ਹਸ਼ਰ ਦਾ ਅੰਦਾਜਾ ਤੁਸੀਂ ਖੁਦ ਲਗਾ ਲਉ। ਪਰ ਧੰਨ ਜੇਰਾ ਗੋਰਿਆਂ ਦਾ…।

ਫੂਕ ਛਕਾਉਣ ਵਾਲੇ ਤੇ ਅੱਗ ਲਾ ਕੇ ਕੰਧ `ਤੇ ਚੜ੍ਹਣ ਵਾਲੇ ਡੱਬੂ ਹਰ ਥਾਂ ਹੀ ਹੁੰਦੇ ਨੇ। ਗਿਣਤੀ ਦੇ ਲੋਕਾਂ ਦੀ ਗਲਤੀ ਕਰਕੇ ਮੌਜਾਂ ਕਰਦੇ ਲੱਖਾਂ ਪ੍ਰਵਾਸੀ ਪੰਜਾਬੀਆਂ ਦਾ ਨੁਕਸਾਂਨ ਹੋਵੇਗਾ। ਮੇਰੇ ਆਪਣੇ ਪਿੰਡ ਦੇ ਅੱਧੀ ਦਰਜਨ ਅਸਟਰੇਲੀਆ ਪੜ੍ਹਦੇ ਮੁੰਡਿਆਂ ਨੇ ਦੱਸਿਆ ਹੈ ਕਿ ਸਧਾਰਣ ਲੁੱਟਾਂ ਖੋਹਾਂ ਨੂੰ ਪੰਜਾਬੀ ਮੀਡੀਆ ਨਸਲਵਾਦ ਕਹਿ ਰਿਹਾ ਹੈ। ਗੱਲ ਦੋ ਸਾਲ ਪੁਰਾਣੀ ਹੈ। ਅਮਰੀਕਾ ਦੀ ਟੈਕਸਾਸ ਸਟੇਟ ਵਿੱਚ ਇੱਕ ਵਾਰ ਐਂਤਵਾਰ ਦੇ ਦਿਨ ਜਦੋਂ ਅਰਦਾਸ ਕਰਕੇ ਭੋਗ ਉਪਰੰਤ ਸੰਗਤ ਲੰਗਰ ਛਕ ਕੇ ਘਰਾਂ ਨੂੰ ਚਲੀ ਗਈ ਤਾਂ ਦਸ ਕੁ ਮੁੰਡੇ ਗੁਰਦਵਾਰੇ ਦੇ ਪਿਛਵਾੜੇ ਲੱਗੇ ਨੈੱਟ ਤੇ ਵਾਲੀਵਾਲ ਖੇਡਣ ਲੱਗ ਗਏ। ਉਸ ਦਿਨ ਉੱਥੇ ਮੇਰੇ ਦੋਸਤ ਮੈਨੂੰ ਦੱਸਣ ਲੱਗੇ ਕਿ ਇਹ ਰਾਸ਼ਟਰਪਤੀ ਬੁੱਸ਼ ਦੀ ਹੋਂਮ ਸਟੇਟ ਹੈ ਤੇ ਉਹ ਅਕਸਰ ਇੱਥੇ ਆਉਂਦੇ ਰਹਿੰਦੇ ਹਨ। ਮੈਂ ਕਿਹਾ ਯਾਰ ਜੇ ਬੁਸ਼ ਨੂੰ ਅੱਜ ਦੀ ਕੀਤੀ ਅਰਦਾਸ ਵਿਚਲੇ, ਸਾਡੇ “ਰਾਜ ਕਰੇਗਾ ਖਾਲਸਾ… ਬਚੇ ਸ਼ਰਣ ਜੋ ਹੋਏ” ਵਾਲੇ ਪ੍ਰੋਗਰਾਂਮ ਦਾ ਪਤਾ ਚੱਲ ਜਾਏ ਤਾਂ ਪਰੀ ਕਹਾਣੀਆਂ ਦੀ ਰਾਜਕੁਮਾਰੀ ਵਾਂਗ ਪਹਿਲਾਂ ਤਾਂ ਉਹ ਹੱਸੇਗਾ ਫਿਰ ਰੋਏਗਾ। ਹੱਸੇਗਾ ਇਸ ਲਈ ਕਿ ਮੈਨੂੰ ਇੱਕ ਹੋਰ ਜੋਟੀਦਾਰ ਮਿਲ ਗਏ ਹਨ। ਰੋਏਗਾ ਇਸ ਲਈ ਕਿ ਮੈਂ ਸਾਰੀ ਦੁਨੀਆਂ ਤੇ ਰਾਜ ਕਰ ਰਿਹਾਂ। ਇਹ ਭਲੇਮਾਣਸ ਮੇਰੇ ਘਰ ਦੇ ਪਿਛਵਾੜੇ ਬੈਠੇ ਸਾਨੂੰ ਹੀ ਮਾਂਜਣ ਦਾ ਪ੍ਰੋਗਰਾਂਮ ਉਲੀਕੀ ਬੈਠੇ ਹਨ। ਪਿਛਲੇ ਹਫਤੇ ਡਿਸਕਵਰੀ ਚੈਨਲ ਤੇ ਮਨੀਲਾ ਦੇ ਜੰਗਲਾਂ ਵਿੱਚ ਸ਼ੇਰਾਂ ਵੱਲੋਂ ਮਨੁੱਖਾਂ ਦੇ ਮਾਰੇ ਜਾਣ ਤੇ ਡਾਕੂਮੈਂਟਰੀ ਫਿਲਮ ਦਿਖਾਈ ਜਾ ਰਹੀ ਸੀ। ਇੱਕ ਕਿਸਾਂਨ ਖੇਤ ਵਿੱਚ ਪੱਠੇ ਵੱਢ ਰਿਹਾ ਸੀ ਤੇ ਕੋਲ ਹੀ ਉਸਦਾ ਕੁੱਤਾ ਬੈਠਾ ਸੀ। ਸਾਹਮਣੇ ਘਾਤ ਲਾਈ ਬੈਠੇ ਸ਼ੇਰ ਦੀ ਰੇਂਜ ਵਿੱਚ ਜਦੋਂ ਬਾਰਾਂ ਬੋਰ ਦੀ ਰੇਜ ਵਿੱਚ ਤਿੱਤਰ ਦੇ ਆ ਜਾਣ ਵਾਂਗ, ਕਿਸਾਂਨ ਆ ਗਿਆ ਤਾਂ ਸ਼ੇਰ ਨੇ ਹਮਲਾ ਕਰ ਦਿੱਤਾ। ਸ਼ੇਰ ਦਾ ਹਮਲਾ ਅਸਮਾਂਨੀ ਬਿਜਲੀ ਦੀ ਚਲਕੋਰ ਵਾਂਗ ਹੁੰਦਾ ਹੈ ਤੇ ਉਸਦੇ ਸ਼ਿਕਾਰ ਨੂੰ ਪਤਾ ਹੀ ਨਹੀਂ ਚੱਲਦਾ ਕਿ ਕੀ ਭਾਣਾ ਵਰਤ ਗਿਆ। ਪਰ ਸ਼ੇਰ ਦਾ ਨਿਸ਼ਾਂਨਾ ਚੁੱਕ ਗਿਆ। ਕਿਸਾਂਨ ਦਾ ਮੋਢਾ ਤੋੜਦਾ ਸ਼ੇਰ ਆਪਣੇ ਭਾਰ ਅਗਾਂਹ ਜਾ ਡਿੱਗਾ। ਓਦੋਂ ਹੀ ਕੁੱਤਾ ਜੋਰ ਦੀ ਭੌਂਕਿਆ। ਸ਼ੇਰ ਹੋਰੀਂ ਇਸ ਅਚਾਣਕ ਹੋਈ ਅਵਾਜ ਨਾਲ ਘਬਰਾਕੇ ਚੱਡਿਆਂ ਵਿੱਚ ਪੂਛ ਦੇਈ ਵਾਹੋ ਦਾਹ ਦੌੜ ਪਏ। ਸ਼ੇਰ ਅੱਗੇ ਅੱਗੇ ਤੇ ਕੁੱਤਾ ਪਿੱਛੇ ਪਿੱਛੇ। ਕੁੱਤਾ ਜੋਰ ਜੋਰ ਨਾਲ ਭੋਂਕਦਾ ਸ਼ੇਰ ਨੂੰ ਇੱਕ ਫਰਲਾਂਗ ਤੱਕ ਜੰਗਲ ਵਿੱਚ ਦੌੜਾਕੇ ਮੁੜ ਆਇਆ। ਮੇਰੇ ਨਾਲ ਬੈਠੀ ਮੇਰੀ ਬੇਟੀ ਮੀਂਨੂੰ ਨੇ ਕਿਹਾ, “ਪਾਪਾ ਜੇ ਕੁੱਤੇ ਨੂੰ ਪਤਾ ਚੱਲ ਜਾਂਦਾ ਕਿ ਜੋ ਚਾਰ ਪੈਰਾਂ ਵਾਲਾ ਜਾਨਵਰ ਉਸ ਦੇ ਭੌਂਕਣ ਤੋਂ ਡਰਕੇ ਅੱਗੇ ਅੱਗੇ ਦੌੜ ਰਿਹਾ ਹੈ ਉਹ ਕੌਣ ਹੈ? ਤਾਂ ਕੁੱਤੇ ਦਾ ਹਰਟ ਫੇਲ੍ਹ ਹੋ ਜਾਣਾ ਸੀ। ਜੇ ਸ਼ੇਰ ਪਿਛਾਂਹ ਮੂੰਹ ਘੁੰਮਾਕੇ ਵੇਖ ਲੈਦਾਂ ਕਿ ਉਸਨੂੰ ਡਰਾਉਣ ਵਾਲਾ ਕੌਣ ਹੈ? ਤਾਂ ਉਹਨੇ ਸ਼ਰਮ ਨਾਲ ਮਰ ਜਾਣਾ ਸੀ”। ਗੋਰੇ ਸਾਡੇ ਵਾਂਗ ਰੌਲਾ ਨਹੀਂ ਪਾਉਂਦੇ, ਕਲਮ ਚਲਾਉਂਦੇ ਹਨ। ਮੈਨੂੰ ਪੜ੍ਹੇ ਲਿਖੇ ਤੇ ਆਪੋ ਆਪਣੇ ਖੇਤਰਾਂ ਵਿੱਚ ਕਾਮਯਾਬ ਪ੍ਰਵਾਸੀਆਂ ਨੇ ਦੱਸਿਆ ਹੈ ਕਿ ਆਸਟਰੀਆ, ਅਸਟਰੇਲੀਆ ਸਮੇਤ ਦੋ ਕੁ ਹੋਰ ਯੂਰਪੀਅਨ ਦੇਸ਼ਾਂ ਨੇ ਪੰਜਾਬੀਆਂ ਜਾਂ ਭਾਰਤੀਆਂ ਜੋ ਪੱਕੇ ਹੋਣਾ ਚਾਹੁੰਦੇ ਹਨ, ਦੀ ਵਿਸ਼ੇਸ਼ ਜਾਂਚ ਦੇ ਖੁਫੀਆ ਹੁਕਮ ਜਾਰੀ ਕਰ ਦਿੱਤੇ ਹਨ। ਦਿੱਲੀ ਸਥਿੱਤ ਕਨੇਡਾ ਦਾ ਰਾਜਦੂਤ ਤਾਂ ਮੀਡੀਏ ਵਿੱਚ ਕਹਿ ਚੁੱਕਾ ਹੈ ਕਿ ਪੰਜਾਬੀਆਂ ਦੀ ਥਾਂ ਦੱਖਣੀ ਭਾਰਤੀਆਂ ਨੂੰ ਪ੍ਰਵਾਸ ਲਈ ਪਹਿਲ ਦਿੱਤੀ ਜਾਵੇ। ਇਸ ‘ਨਸਲਵਾਦ’ ਨੂੰ ਸੱਦਾ ਅਸੀਂ ਖੁਦ ਦੇ ਰਹੇ ਹਾਂ। ਸੱਚ ਇਹ ਵੀ ਹੈ ਕਿ ਭਾਰਤ ਵਰਗਾ ਨਸਲਵਾਦ (ਛੂਆ ਛੂਤ) ਹੋਰ ਕਿਧਰੇ ਵੀ ਨਹੀਂ ਹੈ। ਵਿਦੇਸਾਂ ਵਿੱਚ ਉਨ੍ਹਾਂ ਦੇਸ਼ਾਂ ਦੇ ਕਾਇਦੇ ਕਾਨੂੰਨਾਂ ਅਨੁਸਾਰ ਹੀ ਚੱਲਣਾ ਚਾਹੀਦਾ ਹੈ। ਪਿੰਡਾਂ ਤੋਂ ਸਿੱਧਾ ਵਿਦੇਸ਼ੀਂ ਪਹੁੰਚੇ (ਰਸਤੇ ਵਿੱਚ ਜਲੰਧਰ ਚੰਡੀਗੜ੍ਹ ਰਹਿਣ ਦੇ ਤਜਰਬੇ ਵਗੈਰ) ਸਾਡੇ ਕਈ ਅਣਪੜ੍ਹ ਪੇਂਡੂ ਲੋਕ ਤਾਂ ਵਿਦੇਸ਼ਾਂ ਨੂੰ ਵੀ ਪੰਜਾਬ ਸਰਕਾਰ ਦੇ ਅਧੀਂਨ ਹੀ ਸਮਝਦੇ ਹਨ। ਮੈਂ ਯੌਰਪ, ਅਮਰੀਕਾ, ਕਨੇਡਾ ਘੁੰਮਕੇ ਵੇਖਿਆ ਹੈ ਕਿ ਬਹੁ ਕੌਮੀਂ, ਬਹੁ ਧਰਮੀਂ, ਬਹੁ ਭਸ਼ਾਈ ਅਤੇ ਅਨੇਕਾਂ ਸੱਭਿਆਚਾਰਾਂ ਵਾਲੇ ਮਹੌਲ ਵਿੱਚ ‘ਕੱਟੜਤਾ’ ਮੁੱਖ ਧਾਰਾ ਤੋਂ ਨਿਖੇੜ ਦਿੰਦੀ ਹੈ। ਵਿਤਕਰਿਆਂ ਨੂੰ ਸੱਦਾ ਦਿੰਦੀ ਹੈ। ਜੇਹਾ ਦੇਸ ਤਿਹਾ ਭੇਸ ਵਰਗੇ ਮੁਹਾਵਰੇ ਅੇਵੇਂ ਨਹੀਂ ਬਣੇ। ‘ਪੰਜਾਬੀਆਂ’ ਨੂੰ ਇੱਕੀਵੀਂ ਸਦੀ ਅਤੇ ਅਠਾਰਵੀਂ ਸਦੀ ਵਿੱਚ ਫਰਕ ਸਮਝਣ ਦੀ ਲੋੜ ਹੈ।
B.S.Dhillon
Lawyer/Freelancer Writer
Mobile: 9988091463
Web: www.geocities.com/dhillonak/mypage.html
www.dhillonak.blog.com




.