.

ਗੁਰਬਾਣੀ ਦਾ ਸੱਚ

(ਕਿਸ਼ਤ ਨੰ: 07)

(ਬ੍ਰਹਮਾ ਅਤੇ ਇਸ ਨਾਲ ਸਬੰਧਤ ਪੁਰਾਣ ਕਥਾਵਾਂ)
ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਹਮਾ ਅਤੇ ਇਸ ਨਾਲ ਸਬੰਧਤ ਕਥਾਵਾਂ ਦਾ ਕਈ ਥਾਈਂ ਵਰਣਨ ਕੀਤਾ ਗਿਆ ਹੈ। ਬਾਣੀਕਾਰਾਂ ਵਲੋਂ ਜਿਸ ਤਰ੍ਹਾਂ ਜਨ-ਸਾਧਾਰਨ ਨੂੰ ਕੋਈ ਗੱਲ ਸਮਝਾਉਣ ਲਈ ਉਨ੍ਹਾਂ `ਚ ਪ੍ਰਚਲਤ ਵਿਸ਼ਵਾਸਾਂ, ਧਾਰਨਾਵਾਂ ਆਦਿ ਦੀਆਂ ਉਦਾਹਰਣਾਂ/ਹਵਾਲੇ ਆਦਿ ਦੇ ਕੇ ਗੁਰਮਤਿ ਦਾ ਸੱਚ ਦ੍ਰਿੜ ਕਰਵਾਇਆ ਹੈ, ਉਸੇ ਤਰ੍ਹਾਂ ਬ੍ਰਹਮੇ ਨਾਲ ਸਬੰਧਤ ਪੁਰਾਣ ਕਥਾਵਾਂ ਦੇ ਵੀ ਕਈ ਥਾਈਂ ਹਵਾਲੇ ਦਿੱਤੇ ਗਏ ਹਨ। ਬਾਣੀਕਾਰਾਂ ਦਾ ਮਨੋਰਥ ਇਨ੍ਹਾਂ ਕਥਾਵਾਂ ਦੀ ਪ੍ਰਮਾਣਿਕਤਾ ਉੱਤੇ ਮੋਹਰ ਲਗਾਉਣਾ ਨਹੀਂ ਬਲਕਿ ਆਪਣੀ ਗੱਲ ਜਨ-ਸਾਧਾਰਨ ਤਕ ਅਪੜਾਉਣਾ ਹੀ ਹੈ। ਇਨ੍ਹਾਂ ਕਥਾਵਾਂ ਨੂੰ ਸੱਚ ਮੰਨਣ ਵਾਲਿਆਂ ਨੂੰ ਇਨ੍ਹਾਂ (ਪੁਰਾਣ ਕਥਾਵਾਂ) ਦਾ ਹਵਾਲਾ ਦੇ ਕੇ ਆਪਣੀ ਗੱਲ ਸਮਝਾਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਹਮੇ ਨਾਲ ਸੰਬੰਧਤ ਕਥਾਵਾਂ ਦੇ ਹਵਾਲਿਆਂ ਦੀ ਚਰਚਾ ਕਰਨ ਤੋਂ ਪਹਿਲਾਂ, ਪੁਰਾਣ ਸਾਹਿਤ ਵਿੱਚ ਬ੍ਰਹਮਾ ਬਾਰੇ ਜੋ ਕਿਹਾ ਗਿਆ ਹੈ, ਉਸ ਦੀ ਸੰਖੇਪ `ਚ ਚਰਚਾ ਕਰਨੀ ਅਢੁੱਕਵੀਂ ਨਹੀਂ ਹੋਵੇਗੀ।
“ਹਿੰਦੂ ਧਰਮ ਦੇ ਤਿੰਨ ਪ੍ਰਮੁਖ ਦੇਵਤਿਆਂ –ਬ੍ਰਹਮਾ, ਵਿਸ਼ਣੂ ਅਤੇ ਮਹੇਸ਼ –ਵਿਚੋਂ ਪਹਿਲਾ (ਬ੍ਰਹਮਾ), ਜਿਸ ਦਾ ਉਲੇਖ ਵੇਦਾਂ ਅਤੇ ਬ੍ਰਾਹਮਣ ਗ੍ਰੰਥਾਂ ਵਿੱਚ ਨਹੀਂ ਮਿਲਦਾ। ਉੱਥੇ ਇਸ ਨੂੰ ਪ੍ਰਜਾਪਤੀ ਜਾਂ ਹਿਰਣਯਗਰਭ ਦੇ ਰੂਪ ਵਿੱਚ ਦੇਖਣ ਦੀ ਮਾਨਤਾ ਪ੍ਰਚਲਤਿ ਹੈ, ਕਿਉਂਕਿ ਪ੍ਰਜਾਪਤੀ ਦੀਆਂ ਸਾਰੀਆਂ ਵੈਦਿਕ ਗਾਥਾਵਾਂ ਬ੍ਰਹਮਾ ਉਤੇ ਆਰੋਪਤ ਮਿਲਦੀਆਂ ਹਨ। … ‘ਭਾਗਵਤ-ਪੁਰਾਣ’ (ਸਕੰਦ 3) ਵਿੱਚ ਬ੍ਰਹਮਾ ਦੀ ਉਤਪੱਤੀ ਬਾਰੇ ਲਿਖਿਆ ਹੈ ਕਿ ਸ੍ਰਿਸ਼ਟੀ ਤੋਂ ਪਹਿਲਾਂ ਸਾਰਾ ਸੰਸਾਰ ਜਲ ਵਿੱਚ ਡੁਬਿਆ ਹੋਇਆ ਸੀ। ਸ੍ਰੀ ਨਾਰਾਇਣ/ਵਿਸ਼ਣੂ ਸ਼ੇਸ਼ –ਸ਼ੱਯਾ (ਨਾਗ –ਸੇਜ) ਉੱਤੇ ਸੁੱਤੇ ਹੋਏ ਸਨ। ਉਨ੍ਹਾਂ ਦੇ ਸਰੀਰ ਵਿੱਚ ਸਾਰੇ ਪ੍ਰਾਣੀ ਸੂਖਮ ਰੂਪ ਵਿੱਚ ਮੌਜੂਦ ਸਨ। ਉਦੋਂ ਕੇਵਲ ਕਾਲ-ਸ਼ਕਤੀ ਜਾਗਦੀ ਸੀ ਕਿਉਂਕਿ ਉਸ ਦਾ ਕੰਮ ਸਭ ਨੂੰ ਜਗਾਉਣਾ ਸੀ। ਕਾਲ –ਸ਼ਕਤੀ ਨੇ ਜਦ ਜੀਵਾਂ ਦੇ ਕਰਮਾਂ ਲਈ ਵਿਸ਼ਣੂ ਨੂੰ ਪ੍ਰੇਰਿਤ ਕੀਤਾ ਤਾ ਉਨ੍ਹਾਂ ਦਾ ਧਿਆਨ ਲਿੰਗ –ਸਰੀਰ ਅਥਵਾ ਸੂਖਮ –ਸਰੀਰ ਵਲ ਗਿਆ। ਉਹੀ ਕਮਲ ਦੇ ਰੂਪ ਵਿੱਚ ਉਨ੍ਹਾਂ ਦੀ ਨਾਭੀ ਤੋਂ ਪ੍ਰਗਟ ਹੋਇਆ। ਉਸ ਕਮਲ ਵਿਚੋਂ ਬ੍ਰਹਮਾ ਨਿਕਲਿਆ। ਇਸ ਲਈ ਇਸ ਨੂੰ ‘ਸਵਯੰਭੂ’ ਵੀ ਕਿਹਾ ਜਾਂਦਾ ਹੈ।” (ਗੁਰੂ ਗ੍ਰੰਥ ਵਿਸ਼ਵਕੋਸ਼)
ਕਮਲ ਨਾਲ਼ ਵਿਚੋਂ ਜਨਮ ਹੋਣ ਕਰਕੇ ਹੀ ਬ੍ਰਹਮੇ ਨੂੰ ਕਵਲ ਪੁੱਤ੍ਰ ਵੀ ਆਖਿਆ ਜਾਂਦਾ ਹੈ। ਕਵਲ ਪੁੱਤ੍ਰ ਤੋਂ ਇਲਾਵਾ ਬ੍ਰਹਮਾ ਨੂੰ ਵਿਧਿ, ਵਿਧਾਤਾ, ਚਤੁਰਾਨਨ, ਚਤੁਰਮੁਖ, ਚਤ੍ਰਆਨ, ਪਿਤਾਮਹ, ਲੋਕੇਸ਼ ਵੀ ਆਖਿਆ ਜਾਂਦਾ ਹੈ। ਬ੍ਰਹਮਾ ਦੇ ਚਾਰ ਮੂੰਹ, ਚਾਰ ਬਾਹਾਂ ਅਤੇ ਰੰਗ ਲਾਲ ਦਰਸਾਇਆ ਗਿਆ ਹੈ। ਬ੍ਰਹਮਾ ਨੂੰ ਜਗਤ ਦੀ ਰਚਨਾ ਕਰਨ ਵਾਲਾ ਦੇਵਤਾ ਮੰਨਿਆ ਗਿਆ ਹੈ। ਸਰਸਵਤੀ (ਸਾਵਿਤ੍ਰੀ) ਅਤੇ ਗਾਇਤ੍ਰੀ ਇਨ੍ਹਾਂ ਦੀਆਂ ਪਤਨੀਆਂ ਹਨ। ਹੰਸ ਇਨ੍ਹਾਂ ਦੀ ਸਵਾਰੀ ਮੰਨੀ ਜਾਂਦੀ ਹੈ।
(ਨੋਟ: ਸਾਡਾ ਮਨੋਰਥ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹਵਾਲਿਆਂ ਦੀ ਨਿਸ਼ਾਨ ਦੇਹੀ ਕਰਦਿਆਂ ਹੋਇਆਂ ਗੁਰਬਾਣੀ ਦਾ ਸੱਚ ਸਮਝਣਾ ਹੀ ਹੈ। ਕਿਸੇ ਧਰਮ ਦੇ ਪੈਰੋਕਾਰਾਂ ਦੇ ਇਸ਼ਟ ਨੂੰ ਨੀਵਾਂ ਦਿਖਾਉਣਾ ਨਹੀਂ ਹੈ। ਜੇਹੜੇ ਵੀਰ /ਭੈਣ ਇਨ੍ਹਾਂ ਹਸਤੀਆਂ ਵਿੱਚ ਸ਼ਰਧਾ ਭਾਵਨਾ ਰੱਖਦੇ ਹਨ, ਸਾਡਾ ਮਨੋਰਥ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਅਸੀਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਵਲੋਂ ਇਨ੍ਹਾਂ ਅਨਮਤੀ ਹਵਾਲਿਆਂ ਦੇ ਮਨੋਰਥ ਦੀ ਚਰਚਾ ਕਰਦਿਆਂ ਹੋਇਆਂ, ਉਨ੍ਹਾਂ ਦੇ ਸੰਦੇਸ਼ ਨੂੰ ਉਸ ਪ੍ਰਪੇਖ ਵਿੱਚ ਸਮਝਣ ਦਾ ਕੇਵਲ ਜਤਨ ਹੀ ਕਰ ਰਹੇ ਹਾਂ।)
ਬਾਣੀਕਾਰਾਂ ਨੇ ਅਕਾਲ ਪੁਰਖ ਦੀ ਸਿਰਜਨਾਤਮਕ ਸ਼ਕਤੀ ਨੂੰ ਬ੍ਰਹਮਾ ਕਹਿੰਦਿਆਂ ਹੋਇਆਂ ਸਪਸ਼ਟ ਕੀਤਾ ਹੈ ਕਿ ਪ੍ਰਭੂ ਅਨੇਕਾਂ ਹੀ ਢੰਗਾਂ /ਵਸੀਲਿਆਂ ਦੁਆਰਾ ਇਹ ਬਹੁ-ਭਾਂਤੀ ਸ੍ਰਿਸ਼ਟੀ /ਜੀਵਾਂ ਦੀ ਸਿਰਜਨਾ ਕਰ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਾਰਾਂ ਨੇ ਬ੍ਰਹਮੇ ਨਾਲ ਸਬੰਧਤ ਜਿਨ੍ਹਾਂ ਕਥਾਵਾਂ ਨੂੰ ਦ੍ਰਿਸ਼ਟਾਂਤ ਦੇ ਰੂਪ ਵਿੱਚ ਵਰਤਿਆ ਹੈ, ਉਹ ਪੁਰਾਣ ਸਾਹਿਤ ਦੇ ਆਧਾਰਤ ਹੀ ਹਨ। ਇਨ੍ਹਾਂ ਕਥਾਵਾਂ ਵਿਚੋਂ ਬ੍ਰਹਮਾ ਸਬੰਧੀ ਜੋ ਜਾਣਕਾਰੀ ਮਿਲਦੀ ਹੈ, ਉਸ ਨੂੰ ਸਾਹਮਣੇ ਰੱਖ ਕੇ ਬਾਣੀਕਾਰਾਂ ਨੇ ਇਹ ਆਖਿਆ ਹੈ ਕਿ ਬ੍ਰਹਮਾ ਵੀ ਆਤਮਕ ਰੋਗ ਦਾ ਸ਼ਿਕਾਰ ਹੋਣ ਕਾਰਣ, ਵਿਕਾਰਾਂ ਤੋਂ ਉਪਰ ਨਹੀਂ ਉੱਠ ਸਕਿਆ। ਪੁਰਾਣ ਸਾਹਿਤ ਵਿੱਚ ਜਿਸ ਤਰ੍ਹਾਂ ਬ੍ਰਹਮਾ ਦੀ ਉਤਪਤੀ ਦਰਸਾਈ ਹੈ, ਬਾਣੀਕਾਰ ਉਸ ਨਾਲ ਸਹਿਮਤ ਨਹੀਂ ਹਨ। ਇਸ ਲਈ ਬ੍ਰਹਮਾ ਜਾਂ ਇਸ ਨਾਲ ਸਬੰਧਤ ਕਥਾਵਾਂ ਦੇ ਹਵਾਲਿਆਂ ਨੂੰ ਪੜ੍ਹਕੇ ਇਹ ਕਹਿਣਾ ਕਿ ਬਾਣੀਕਾਰ ਇਨ੍ਹਾਂ ਦੀ ਇਤਿਹਾਸਕ ਸਚਾਈ ਨੂੰ ਸਵੀਕਾਰ ਕਰਦੇ ਹਨ ਅਯੋਗ ਹੋਵੇਗਾ।
ਗੁਰੂ ਗ੍ਰੰਥ ਸਾਹਿਬ ਵਿੱਚ ‘ਕੋਟਿ ਬ੍ਰਹਮੇ ਜਗੁ ਸਾਜਣ ਲਾਏ॥ (ਪੰਨਾ 1156) (ਅਰਥ: (ਉਹ ਗੋਬਿੰਦ ਐਸਾ ਹੈ ਜਿਸ ਨੇ) ਕ੍ਰੋੜਾਂ ਹੀ ਬ੍ਰਹਮੇ ਜਗਤ ਪੈਦਾ ਕਰਨ ਦੇ ਕੰਮ ਤੇ ਲਾਏ ਹੋਏ ਹਨ) ਆਖ ਕੇ, ਪੁਰਾਣ ਸਾਹਿਤ ਨਾਲੋਂ ਭਿੰਨ ਮਤ ਪ੍ਰਗਟ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰਿਸ਼ਟੀ ਰਚਨਾ ਬਾਰੇ ਨਿਰਣਾਇਕ ਫ਼ੈਸਲਾ ਦੇਂਦਿਆਂ ਆਖਿਆ ਹੈ ਕਿ ਇਸ ਪਸਾਰੇ ਨੂੰ ਪਸਾਰਨਾ ਵਾਲਾ ਅਕਾਲ ਪੁਰਖ ਆਪ ਹੀ ਹੈ, ਕੋਈ ਹੋਰ ਨਹੀਂ ਹੈ। ਇਤਨਾ ਹੀ ਨਹੀਂ, ਇਹ ਵੀ ਸਪਸ਼ਟ ਕੀਤਾ ਹੈ ਕਿ ਪ੍ਰਭੂ ਨੂੰ ਇਸ ਪਸਾਰੇ ਨੂੰ ਪਸਾਰਨ ਜਾਂ ਨਾਸ ਕਰਨ ਲਈ, ਕਿਸੇ ਦੀ ਸਲਾਹ ਆਦਿ ਲੈਣ ਦੀ ਵੀ ਲੋੜ ਨਹੀਂ; ਜੋ ਕੁੱਝ ਕਰਦਾ ਹੈ, ਪ੍ਰਭੂ ਆਪ ਹੀ ਕਰਦਾ ਹੈ: ਬੀਓ ਪੂਛਿ ਨ ਮਸਲਤਿ ਧਰੈ॥ ਜੋ ਕਿਛੁ ਕਰੈ ਸੁ ਆਪਹਿ ਕਰੈ॥ (ਪੰਨਾ 863) ਅਰਥ: (ਉਹ ਪ੍ਰਭੂ) ਕਿਸੇ ਹੋਰ ਨੂੰ ਪੁੱਛ ਕੇ (ਕੋਈ ਕੰਮ ਕਰਨ ਦੀ) ਸਾਲਾਹ ਨਹੀਂ ਕਰਦਾ, (ਸਗੋਂ) ਜੋ ਕੁਝ ਕਰਦਾ ਹੈ ਉਹ ਆਪ ਕਰਦਾ ਹੈ।
ਇਸ ਲਈ ਇਸ ਪਸਾਰੇ ਨੂੰ ਪਸਾਰਨ ਅਤੇ ਇਸ ਦਾ ਨਾਸ ਕਰਨ ਵਾਲਾ ਉਹ ਆਪ ਹੀ ਹੈ:- ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ॥ ਤੁਧੁ ਆਪੇ ਸਿਸਟਿ ਸਿਰਜੀਆ ਆਪੇ ਫੁਨਿ ਗੋਈ॥ (ਪੰਨਾ 654) ਅਰਥ: ਹੇ ਕਰਤਾਰ! ਤੂੰ ਸਾਰੀ ਕੁਦਰਤਿ ਨੂੰ ਰਚਣ-ਜੋਗਾ ਹੈਂ; ਤੇਰੇ ਬਿਨਾ ਤੇਰੇ ਜੇਡਾ ਕੋਈ ਹੋਰ ਨਹੀਂ ਮੈਨੂੰ ਦਿੱਸਦਾ; ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈਂ ਤੇ ਆਪ ਹੀ ਫਿਰ ਨਾਸ ਕਰਦਾ ਹੈਂ।
ਗੁਰੂ ਗ੍ਰੰਥ ਸਾਹਿਬ ਸਚਿਆਰ ਬਣਨ ਦੇ ਚਾਹਵਾਨਾਂ ਦਾ ਮਾਰਗ ਦਰਸ਼ਨ ਕਰਦਿਆਂ ਹੋਇਆਂ, ਇਨ੍ਹਾਂ (ਸੱਚ ਦੇ ਢੁੰਡਾਊਆਂ) ਨੂੰ ਇਨ੍ਹਾਂ ਕਥਾਵਾਂ ਤੋਂ ਉੱਪਰ ਉੱਠ ਕੇ, ਪ੍ਰਭੂ ਦੇ ਹੁਕਮ ਨੂੰ ਸਮਝ ਕੇ ਹੁਕਮੀ ਬੰਦਾ ਬਣਨ ਲਈ ਹੀ ਕਹਿੰਦੇ ਹਨ। ਪੁਰਾਣ ਸਾਹਿਤ ਵਿੱਚ ਬ੍ਰਹਮਾ ਨੂੰ ਜਿੱਥੇ ਇੱਕ ਪਾਸੇ ਸੰਸਾਰ ਦਾ ਰਚਨਹਾਰ ਮੰਨਿਆ ਹੈ, ਉੱਥੇ ਉਸ ਨੂੰ ਆਮ ਮਨੁੱਖ ਵਾਂਗ ਮੋਹ ਅਤੇ ਹੰਕਾਰ ਆਦਿ ਦੀ ਲਪੇਟ ਵਿੱਚ ਆਇਆ ਹੋਇਆ ਵੀ ਦਰਸਾਇਆ ਹੈ। ਜਨ-ਸਾਧਾਰਨ ਵਾਂਗ ਬ੍ਰਹਮਾ ਵੀ ਭੁੱਲਾਂ ਦਾ ਸ਼ਿਕਾਰ ਹੋ ਕੇ ਪਛੁਤਾਵੇ ਵਿੱਚ ਝੂਰਦਾ ਹੋਇਆ ਦਿਖਾਇਆ ਗਿਆ ਹੈ। ਬਾਣੀਕਾਰਾਂ ਨੇ ਇਨ੍ਹਾਂ ਕਥਾਵਾਂ ਦੀਆਂ ਉਦਾਹਰਣਾਂ /ਹਵਾਲਿਆਂ ਆਦਿ ਰਾਹੀਂ ਮਨੁੱਖ ਨੂੰ ਸਤਿਗੁਰੂ ਦੀ ਮੱਤ ਲੈ ਕੇ ਜੀਵਨ –ਮੁਕਤੀ ਦਾ ਰਹੱਸ ਸਮਝਾਇਆ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਦੀ ਬ੍ਰਹਮਾ ਸਬੰਧੀ ਧਾਰਨਾ ਦੀ ਸੰਖੇਪ ਵਿੱਚ ਚਰਚਾ ਕਰਨ ਪਿੱਛੋਂ ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਹਮੇ ਨਾਲ ਸੰਬੰਧਤ ਕਥਾਵਾਂ ਦਾ ਸੰਖੇਪ `ਚ ਵਰਣਨ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਵਿਚ, ਬ੍ਰਹਮੇ ਬਾਰੇ ਪ੍ਰਚਲਤ ਲਗਭਗ ਹਰੇਕ ਕਥਾ ਦਾ ਅੰਸ਼ਿਕ ਰੂਪ ਵਿੱਚ ਵਰਣਨ ਮਿਲਦਾ ਹੈ। ਇਨ੍ਹਾਂ ਕਥਾਵਾਂ ਦੇ ਹਵਾਲਿਆਂ ਦਾ ਮਨੋਰਥ ਮਨੁੱਖ ਨੂੰ ਇਨ੍ਹਾਂ ਦੀ ਜਾਣਕਾਰੀ ਪ੍ਰਦਾਨ ਕਰਨਾ ਨਹੀਂ ਬਲਕਿ ਗੁਰਮਤਿ ਦਾ ਸੱਚ ਦ੍ਰਿੜ ਕਰਵਾਉਣ ਹੀ ਹੈ। ਇਸ ਲਈ ਬਾਣੀਕਾਰਾਂ ਨੇ ਮਨੁੱਖ ਨੂੰ ਗੁਰਮਤਿ ਦਾ ਸੱਚ ਦ੍ਰਿੜ ਕਰਵਾ ਕੇ, ਸਚਿਆਰ ਬਣਾਉਣ ਲਈ ਬ੍ਰਹਮੇ ਨਾਲ ਸਬੰਧਤ ਕਹਾਣੀਆਂ ਦਾ ਹਵਾਲਾ /ਦ੍ਰਿਸ਼ਟਾਂਤ ਦਿੱਤਾ ਹੈ। ਇਹ ਗੱਲ ਬ੍ਰਹਮਾ ਨਾਲ ਸਬੰਧੰਤ ਹਵਾਲਿਆਂ ਵਿਚੋਂ ਸਹਜੇ ਹੀ ਦੇਖੀ/ਸਮਝੀ ਜਾ ਸਕਦੀ ਹੈ। ਜਿਨ੍ਹਾਂ ਸ਼ਬਦਾਂ ਵਿੱਚ ਇਹ ਹਵਾਲੇ ਮਿਲਦੇ ਹਨ, ਅਸੀਂ ਉਨ੍ਹਾਂ ਵਿਚੋਂ ਕੇਵਲ ਬ੍ਰਹਮਾ ਨਾਲ ਸਬੰਧਤ ਪੰਗਤੀਆਂ ਹੀ ਲਿਖ ਰਹੇ ਹਾਂ। ਜਿਨ੍ਹਾਂ ਸ਼ਬਦਾਂ ਵਿਚੋਂ ਇਹ ਪੰਗਤੀਆਂ ਲਈਆਂ ਗਈਆਂ ਹਨ, ਉਨ੍ਹਾਂ ਨੂੰ ਪੜ੍ਹਨ /ਵਿਚਾਰਨ ਨਾਲ ਇਸ ਭਾਵ ਨੂੰ ਹੋਰ ਵੀ ਸਪਸ਼ਟਤਾ ਨਾਲ ਸਮਝਿਆ ਜਾ ਸਕਦਾ ਹੈ।
ਅਕਾਲ ਪੁਰਖ ਦੀ ਬੇਅੰਤਤਾ ਦੇ ਪ੍ਰਸੰਗ ਵਿੱਚ ਬ੍ਰਹਮਾ ਦੇ ਅੰਤ ਲੱਭਣ ਦੀ ਕੋਸ਼ਸ਼ ਵਿੱਚ ਅਸਫਲ ਰਹਿਣ ਦਾ ਹਵਾਲਾ:- ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ॥ ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰਿ॥ 1॥ (ਪੰਨਾ 489) ਅਰਥ: (ਪੁਰਾਣਾਂ ਵਿੱਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ) ਵੇਦ (ਪੰਡਿਤ ਲੋਕ) ਮੂੰਹੋਂ ਗਲੇ ਨਾਲ ਮਿੱਠੀ ਸੁਰ ਵਿੱਚ ਨਿੱਤ ਪੜ੍ਹਦੇ ਹਨ, ਉਹ ਬ੍ਰਹਮਾ ਵਿਸ਼ਨੂੰ ਦੀ ਧੁੰਨੀ ਵਿਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ (ਤੇ ਆਪਣੇ ਜਨਮ-ਦਾਤੇ ਦੀ ਕੁਦਰਤਿ ਦਾ ਅੰਤ ਲੱਭਣ ਲਈ ਉਸ ਨਾਲ ਵਿੱਚ ਚੱਲ ਪਿਆ, ਕਈ ਜੁਗ ਉਸ ਨਾਲ ਦੇ) ਹਨੇਰੇ ਵਿੱਚ ਹੀ ਆਉਂਦਾ ਜਾਂਦਾ ਰਿਹਾ, ਪਰ ਉਸ ਦਾ ਅੰਤ ਨਾਹ ਲੱਭ ਸਕਿਆ। 1.
ਪਰਮਾਤਮਾ ਆਪ ਹੀ ਸੰਸਾਰ ਦੀ ਕਾਰ ਚਲਾਉਣ ਵਾਲਾ ਹੈ, ਦੇ ਪ੍ਰਸੰਗ ਵਿੱਚ ਬ੍ਰਹਮਾ ਦੇ ਸ੍ਰਿਸ਼ਟੀ ਰਚਨਾ ਬਾਰੇ ਪ੍ਰਚਲਤ ਧਾਰਨਾ ਦੇ ਹਵਾਲੇ ਦੇ ਰੂਪ ਵਿਚ:-ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥ (ਪੰਨਾ 7) ਅਰਥ: ਲੋਕਾਂ ਵਿੱਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ `ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇੱਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇੱਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)। (ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁੱਝ ਹੱਥ ਨਹੀਂ)। (ਨੋਟ: ਵਿਸ਼ਨੂੰ ਅਤੇ ਮਹੇਸ਼ ਸਬੰਧੀ ਵੱਖਰੇ ਤੌਰ `ਤੇ ਵਰਣਨ ਕੀਤਾ ਜਾਵੇਗਾ)
ਇਸ ਪਉੜੀ ਦੀਆਂ ਪਹਿਲੀਆਂ ਪੰਗਤੀਆਂ (ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥) ਧਿਆਨ ਰਹੇ ਇਨ੍ਹਾਂ ਪੰਗਤੀਆਂ ਵਿੱਚ ਗੁਰੂ ਨਾਨਕ ਸਾਹਿਬ ਆਪਣਾ ਮਤ ਪ੍ਰਗਟ ਨਹੀਂ ਕਰ ਰਹੇ ਹਨ ਬਲਕਿ ਪ੍ਰਚਲਤ ਖ਼ਿਆਲ ਦਾ ਹੀ ਵਰਣਨ ਕਰ ਰਹੇ ਹਨ। ਆਪਣਾ ਮਤ ਹਜ਼ੂਰ ਇਸ ਪਉੜੀ ਦੀਆਂ ਅੰਤਲੀਆਂ ਪੰਗਤੀਆਂ ਵਿੱਚ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਸੰਸਾਰ ਦੀ ਰਚਨਾ ੴਪ੍ਰਭੂ ਦੀ ਆਪਣੀ ਹੀ ਮੂਲ ਰੂਪ ਸੱਤਾ ਦੁਆਰਾ ਹੋਈ ਹੈ। ਜਿਵੇਂ ਉਸ ਨੂੰ ਭਾਉਂਦਾ ਹੈ ਤਿਵੇਂ ਹੀ ਹੁੰਦਾ ਚਲਦਾ ਆ ਰਿਹਾ ਹੈ। ਪਾਲਣਾ ਅਤੇ ਸੰਘਾਰ ਕਰਨ ਵਾਲਾ ਉਹ ਨਿਰੰਕਾਰ ਆਪ ਹੀ ਹੈ।
ਮਨੁੱਖ ਨੂੰ ‘ਹੰਕਾਰਿਆ ਸੋ ਮਾਰਿਆ’ ਦਾ ਸੱਚ ਦ੍ਰਿੜ ਕਰਾਉਣ ਲਈ:- ਬ੍ਰਹਮੈ ਗਰਬੁ ਕੀਆ ਨਹੀ ਜਾਨਿਆ॥ ਬੇਦ ਕੀ ਬਿਪਤਿ ਪੜੀ ਪਛੁਤਾਨਿਆ॥ ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ॥ (ਪੰਨਾ 224) ਅਰਥ: ਬ੍ਰਹਮਾ ਨੇ ਅਹੰਕਾਰ ਕੀਤਾ (ਕਿ ਮੈਂ ਇਤਨਾ ਵੱਡਾ ਹਾਂ, ਮੈਂ ਕਵਲ ਦੀ ਨਾਭੀ ਵਿਚੋਂ ਕਿਵੇਂ ਜੰਮ ਸਕਦਾ ਹਾਂ?) ਉਸ ਨੇ ਪਰਮਾਤਮਾ ਦੀ ਬੇਅੰਤਤਾ ਨੂੰ ਨਹੀਂ ਸਮਝਿਆ। (ਜਦੋਂ ਉਸ ਦਾ ਮਾਣ ਤੋੜਨ ਵਾਸਤੇ ਉਸ ਦੇ) ਵੇਦਾਂ ਦੇ ਚੁਰਾਏ ਜਾਣ ਦੀ ਬਿਪਤਾ ਉਸ ਉਤੇ ਆ ਪਈ ਤਾਂ ਉਹ ਪਛਤਾਇਆ (ਕਿ ਮੈਂ ਆਪਣੇ ਆਪ ਨੂੰ ਵਿਅਰਥ ਹੀ ਇਤਨਾ ਵੱਡਾ ਸਮਝਿਆ)। ਜਦੋਂ (ਉਸ ਬਿਪਤਾ ਵੇਲੇ) ਉਸ ਨੇ ਪਰਮਾਤਮਾ ਨੂੰ ਸਿਮਰਿਆ (ਤੇ ਪਰਮਾਤਮਾ ਨੇ ਉਸ ਦੀ ਸਹਾਇਤਾ ਕੀਤੀ) ਤਦੋਂ ਉਸ ਨੂੰ ਯਕੀਨ ਆਇਆ (ਕਿ ਪਰਮਾਤਮਾ ਹੀ ਸਭ ਤੋਂ ਵੱਡਾ ਹੈ)।
(ਪੁਰਾਣ ਕਥਾ ਅਨੁਸਾਰ ਬ੍ਰਹਮਾ ਦਾ ਹੰਕਾਰ ਦੂਰ ਕਰਨ ਲਈ ਗਰੀਵ /ਸੰਖਾਸੁਰ ਨਾਮੀ ਇੱਕ ਦੈਂਤ ਪ੍ਰਗਟ ਹੋਇਆ। ਇਹ ਬ੍ਰਹਮਾ ਕੋਲੋਂ ਵੇਦ ਖੋਹ ਕੇ ਸਮੁੰਦਰ ਵਿੱਚ ਜਾ ਕੇ ਛੁੱਪ ਗਿਆ ਸੀ। ਵਿਸ਼ਨੂੰ ਨੇ ਮੱਛ ਅਵਤਾਰ ਧਾਰ ਕੇ, ਇਸ ਦੈਂਤ ਨੂੰ ਮਾਰ ਕੇ ਵੇਦ ਵਾਪਸ ਬ੍ਰਹਮੇ ਦੇ ਹਵਾਲੇ ਕੀਤੇ ਸਨ।
ਭਾਈ ਗੁਰਦਾਸ ਜੀ ਇਸ ਪੁਰਾਣ ਕਥਾ ਦਾ ਹੀ ਜ਼ਿਕਰ ਕਰਦਿਆਂ ਲਿਖਦੇ ਹਨ:-
ਚਾਰੇ ਵੇਦ ਗਵਾਇਕੈ ਗਰਬ ਗਰੂਰੀ ਕਰ ਪਛਤਾਣਾ॥ (ਵਾਰ 12, ਪਉੜੀ 7) ਅਰਥ: ਬ੍ਰਹਮੇ ਨੇ ਚਾਰੇ ਵੇਦ ਏਵੇਂ ਗਵਾ ਦਿੱਤੇ, ਹੰਕਾਰ ਅਤੇ ਗ਼ਰੂਰੀ ਕਰਦਾ ਰਿਹਾ, ਪਿੱਛੋਂ ਪਛੁਤਾਵਾ ਕਰਨ ਲੱਗਾ।)
ਕਰਮਾਂ ਦੇ ਪ੍ਰਭਾਵ ਤੋਂ ਅਕਾਲ ਪੁਰਖ ਹੀ ਬਚਾਉਂਣ ਦੇ ਸਮਰੱਥ ਹੈ, ਦਾ ਵਰਣਨ ਕਰਦਿਆਂ ਬ੍ਰਹਮਾ ਦੇ ਆਪਣੀ ਹੀ ਸਪੁੱਤਰੀ `ਤੇ ਮੋਹਤ ਹੋਣ `ਤੇ ਸ਼ਿਵਜੀ ਵਲੋਂ ਬ੍ਰਹਮਾ ਦਾ ਪੰਜਵਾਂ ਸਿਰ ਕੱਟਣ ਦੇ ਪ੍ਰਸੰਗ ਦੇ ਵਿਚ:-ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ਤੀਰਥਿ ਤੀਰਥਿ ਭ੍ਰਮਤਾ ਲਹੈ ਨ ਪਾਰੁ ਰੀ॥ ਕਰਮ ਕਰਿ ਕਪਾਲੁ ਮਫੀਟਸਿ ਰੀ॥ (ਪੰਨਾ 695) ਅਰਥ: (ਬ੍ਰਹਮ-ਹੱਤਿਆ ਦੇ) ਕੀਤੇ ਕਰਮ ਅਨੁਸਾਰ (ਸ਼ਿਵ ਜੀ ਦੇ ਹੱਥ ਨਾਲੋਂ) ਖੋਪਰੀ ਨਾਹ ਲਹਿ ਸਕੀ, ਭਾਵੇਂ (ਸ਼ਿਵ ਜੀ) ਸਾਰੇ ਜਗਤ ਦਾ ਨਾਥ (ਸਮਝਿਆ ਜਾਂਦਾ) ਹੈ, (ਹੋਰ ਜੀਵਾਂ ਦੇ) ਅਨੇਕਾਂ ਪਾਪਾਂ ਦਾ ਨਾਸ ਕਰਨ ਵਾਲਾ ਹੈ, ਪਰ ਉਹ ਹਰੇਕ ਤੀਰਥ ਉੱਤੇ ਭਟਕਦਾ ਫਿਰਿਆ, ਤਾਂ ਭੀ (ਉਸ ਖੋਪਰੀ ਤੋਂ) ਖ਼ਲਾਸੀ ਨਹੀਂ ਸੀ ਹੁੰਦੀ।
ਨੋਟ: ਇਨ੍ਹਾਂ ਪੰਗਤੀਆਂ ਵਿੱਚ ਮੁੱਖ ਰੂਪ ਵਿੱਚ ਇਹ ਆਖਿਆ ਗਿਆ ਹੈ ਕਿ ਜਿਸ ਸ਼ਿਵਜੀ ਨੂੰ ਤੁਸੀਂ ਜੀਵਾਂ ਦੇ ਪਾਪ ਨਾਸ਼ ਕਰਨ ਵਾਲਾ ਅਤੇ ਤਿੰਨਾਂ ਲੋਕਾਂ ਦਾ ਸੁਆਮੀ ਮੰਨ ਕੇ, ਪੂਜਾ ਕਰਦੇ ਹੋ, ਉਸ ਬਾਰੇ ਇਹ ਵੀ ਮੰਨਦੇ ਹੋ ਕੇ ਬ੍ਰਹਮ ਹਤਿਆ ਕਾਰਨ, ਬ੍ਰਹਮਾਂ ਦਾ ਸਿਰ ਸ਼ਿਵਜੀ ਦੇ ਹੱਥ ਨਾਲ ਝਿਮੜ ਗਿਆ ਸੀ। ਇਸ ਤੋਂ ਛੁਟਕਾਰਾ ਪਾਉਣ ਲਈ ਦੁੱਖੀ ਹੋਇਆ ਸ਼ਿਵਜੀ ਤੀਰਥਾਂ ਦਾ ਭ੍ਰਮਣ ਕਰਦਾ ਰਿਹਾ। ਜੋ ਆਪ ਆਪਣੇ ਕਰਮ ਤੋਂ ਦੁੱਖੀ ਹੋ ਕੇ ਇਸ ਦੁੱਖ ਤੋਂ ਛੁਟਕਾਰਾ ਪਾਉਣ ਲਈ ਥਾਂ -ਥਾਂ ਭਟਕਦਾ ਰਿਹਾ, ਉਸ ਦੀ ਪੂਜਾ ਕਰਕੇ ਤੁਸੀਂ ਕਿਸ ਦੀ ਆਸ ਲਗਾਈ ਬੈਠੇ ਹੋ। ਤੁਹਾਨੂੰ ਉਹ ਕੀ ਦੇਣ ਜੋਗ ਹੈ?
ਭਾਈ ਗੁਰਦਾਸ ਬ੍ਰਹਮਾ ਬਾਰੇ ਇਸ ਲੋਕ ਪ੍ਰਸਿੱਧ ਕਥਾ ਬਾਰੇ ਇਉਂ ਲਿਖਦੇ ਹਨ:-
ਲੋਕਾਂ ਨੋਂ ਸਮਝਾਇਦਾ ਵੇਖ ਸਰਸਤੀ ਰੂਪ ਲੁਭਾਣਾ॥ (ਅਰਥ: ਬ੍ਰਹਮਾ ਲੋਕਾਂ ਨੂੰ ਸਿਖਯਾ ਦੇਂਦਾ ਸੀ ਕਿ ਪਰਇਸਤ੍ਰੀ ਦੇ ਨੇੜੇ ਨਹੀਂ ਜਾਣਾ ਪਰ ਆਪ ਸੁਰਸਤੀ ਦਾ ਸੁੰਦਰ ਰੂਪ ਦੇਖਕੇ ਲੋਭ ਗਿਆ।) ਵਾਰ 12, ਪਉੜੀ 7)
ਗੁਰੂ ਦੀ ਸ਼ਰਨ ਪੈ ਕੇ ਆਪਣਾ-ਆਪ ਤਿਆਗਨ ਤੋਂ ਬਿਨਾਂ ਆਤਮਕ ਮੌਤ ਤੋਂ ਨਹੀਂ ਬਚਿਆ ਜਾ ਸਕਦਾ ਦੇ ਪ੍ਰਕਰਣ `ਚ:- ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ॥ ਬ੍ਰਹਮ ਕਮਲੁ ਪਇਆਲਿ ਨ ਪਾਇਆ॥ ਆਗਿਆ ਨਹੀ ਲੀਨੀ ਭਰਮਿ ਭੁਲਾਇਆ॥ (ਪੰਨਾ 227) ਅਰਥ: (ਹੋਰ ਜੀਵਾਂ ਦੀ ਤਾਂ ਗੱਲ ਹੀ ਕੀਹ ਕਰਨੀ ਹੈ) ਸਭ ਤੋਂ ਪਹਿਲਾਂ ਬ੍ਰਹਮਾ ਹੀ ਆਤਮਕ ਮੌਤ ਦੀ ਫਾਹੀ ਵਿੱਚ ਫਸ ਗਿਆ, ਉਸ ਨੇ ਆਪਣੇ ਗੁਰੂ ਦੀ ਆਗਿਆ ਵਲ ਗਹੁ ਨਾਹ ਕੀਤਾ, (ਇਸ ਹਉਮੈ ਵਿੱਚ ਆ ਕੇ ਕਿ ਮੈਂ ਇਤਨਾ ਵੱਡਾ ਹਾਂ ਮੈਂ ਕਿਵੇਂ ਕਮਲ ਦੀ ਡੰਡੀ ਵਿਚੋਂ ਪੈਦਾ ਹੋ ਸਕਦਾ ਹਾਂ) ਭਟਕਣਾ ਵਿੱਚ ਪੈ ਕੇ ਕੁਰਾਹੇ ਪੈ ਗਿਆ (ਵਿਸ਼ਨੂੰ ਦੀ ਨਾਭੀ ਤੋਂ ਉੱਗੇ ਹੋਏ ਜਿਸ ਕਮਲ ਵਿਚੋਂ ਬ੍ਰਹਮਾ ਜੰਮਿਆ ਸੀ, ਉਸ ਦਾ ਅੰਤ ਲੈਣ ਲਈ) ਪਾਤਾਲ ਵਿੱਚ (ਜਾ ਪਹੁੰਚਿਆ) ਪਰ ਬ੍ਰਹਮ ਕਮਲ (ਦਾ ਅੰਤ) ਨਾਹ ਲੱਭ ਸਕਿਆ (ਤੇ ਸ਼ਰਮਿੰਦਾ ਹੋਣਾ ਪਿਆ। ਇਹ ਹਉਮੈ ਹੀ ਆਤਮਕ ਮੌਤ ਹੈ)।
ਭਗਤਾਂ ਦਾ ਹਰੇਕ ਸਨਮਾਨ ਕਰਦਾ ਹੈ; ਜਗਤ ਇਨ੍ਹਾਂ ਦੀ ਜ਼ਾਤ-ਪਾਤ ਨੂੰ ਨਹੀਂ ਦੇਖਦਾ, ਦਾ ਭਾਵ ਦਰਸਾਉਣ ਦੇ ਪ੍ਰਸੰਗ ਵਿਚ:- ਬ੍ਰਹਮ ਕਮਲ ਪੁਤੁ ਮੀਨ ਬਿਆਸਾ ਤਪੁ ਤਾਪਨ ਪੂਜ ਕਰਾਵੈਗੋ॥ ਜੋ ਜੋ ਭਗਤੁ ਹੋਇ ਸੋ ਪੂਜਹੁ ਭਰਮਨ ਭਰਮੁ ਚੁਕਾਵੈਗੋ॥ (ਪੰਨਾ 1309) ਅਰਥ: ਹੇ ਭਾਈ! ਬ੍ਰਹਮਾ ਕੌਲ-ਨਾਭੀ ਵਿਚੋਂ ਜੰਮਿਆ ਮੰਨਿਆ ਜਾਂਦਾ ਹੈ, ਬਿਆਸ ਮੱਛੀ (ਮਛੋਦਰੀ) ਦਾ ਪੁਤ ਕਿਹਾ ਜਾਂਦਾ ਹੈ (ਪਰ ਇਤਨੇ ਨੀਵੇਂ ਥਾਂ ਤੋਂ ਜੰਮੇ ਮੰਨੇ ਜਾ ਕੇ ਭੀ, ਪਰਮਾਤਮਾ ਦੀ ਭਗਤੀ ਦਾ) ਤਪ ਕਰਨ ਦੇ ਕਾਰਨ (ਬ੍ਰਹਮਾ ਭੀ ਤੇ ਬਿਆਸ ਭੀ ਜਗਤ ਵਿੱਚ ਆਪਣੀ) ਪੂਜਾ ਕਰਾ ਰਿਹਾ ਹੈ। ਹੇ ਭਾਈ! ਜਿਹੜਾ ਜਿਹੜਾ ਭੀ ਕੋਈ ਭਗਤ ਬਣਦਾ ਹੈ, ਉਸ ਦਾ ਆਦਰ ਸਤਕਾਰ ਕਰੋ। (ਭਗਤ ਜਨਾਂ ਦਾ ਸਤਕਾਰ) ਵੱਡੀ ਤੋਂ ਵੱਡੀ ਭਟਕਣਾ ਦੂਰ ਕਰ ਦੇਂਦਾ ਹੈ।
ਨੋਟ: ਇਸ ਪੰਗਤੀ ਵਿੱਚ ਪੁਰਾਣ ਸਾਹਿਤ ਵਿੱਚ ਬ੍ਰਹਮਾ ਦੇ ਜਨਮ ਅਤੇ ਉਨ੍ਹਾਂ ਨੂੰ ਦੇਵਤੇ ਦੇ ਰੂਪ ਵਿੱਚ ਵਰਨਿਤ ਮਾਨਤਾ ਦਾ ਪੱਖ ਹੀ ਲਿਆ ਗਿਆ ਹੈ। ਇਸ ਪ੍ਰਚਲਤ ਧਾਰਨਾ ਦੀ ਉਦਾਹਰਣ ਦੇ ਕੇ ਇਹ ਦਰਸਾਇਆ ਗਿਆ ਹੈ ਕਿ ਲੋਕੀਂ ਪ੍ਰਭੂ ਭਗਤੀ ਵਿੱਚ ਲੀਨ ਵਿਅਕਤੀ ਦੀ ਜ਼ਾਤ-ਪਾਤ ਅਥਵਾ ਪਿਛੋਕੜ ਆਦਿ ਤੋਂ ਉੱਪਰ ਉੱਠ ਕੇ ਉਸ ਦਾ ਸਤਿਕਾਰ ਕਰਦੇ ਹਨ।
ਜਸਬੀਰ ਸਿੰਘ ਵੈਨਕੂਵਰ




.