.

ਅਹੰਕਾਰ
ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ॥
ਮਿਤ੍ਰੰ ਤਜੰਤਿ ਸਤ੍ਰੰ ਦ੍ਰਿੜੰਤਿ ਅਨਿਕ ਮਾਯਾ ਬਿਸ੍ਤੀਰਨਹ॥
ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣਹ॥
ਭ੍ਰਮ ਭਯਾਨ ਉਦਿਆਨ ਰਮਣੰ ਮਹਾ ਬਿਕਟ ਅਸਾਧ ਰੋਗਣਹ॥
ਬੈਦ੍ਯ੍ਯੰ ਪਾਰਬ੍ਰਹਮ ਪਰਮੇਸ੍ਵਰ ਆਰਾਧਿ ਨਾਨਕ ਹਰਿ ਹਰਿ ਹਰੇ॥ ੪੯॥ (੧੩੫੮)

ਅਰਥ: ਹੇ ਪਾਪੀ ਅਹੰਕਾਰ! ਤੂੰ ਜੀਵਾਂ ਦੇ ਜਨਮ ਮਰਨ ਦਾ ਕਾਰਨ ਹੈਂ। ਮਾਇਆ ਦੇ ਅਨੇਕਾਂ ਖਿਲਾਰੇ ਖਿਲਾਰ ਕੇ ਤੂੰ ਮਿੱਤਰਾਂ ਦਾ ਤਿਆਗ ਕਰਾ ਕੇ ਵੈਰੀ ਪੱਕੇ ਕਰਾਈ ਜਾਂਦਾ ਹੈਂ। ਤੇਰੇ ਵੱਸ ਵਿੱਚ ਹੋ ਕੇ ਜੀਵ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਥੱਕ ਜਾਂਦੇ ਹਨ। ਅਨੇਕਾਂ ਦੁਖ ਸੁਖ ਭੋਗਦੇ ਹਨ। ਭਟਕਣਾ ਵਿੱਚ ਪੈ ਕੇ, ਮਾਨੋ, ਡਰਾਉਣੇ ਜੰਗਲ ਵਿਚੋਂ ਦੀ ਲੰਘਦੇ ਹਨ। ਬੜੇ ਭਿਆਨਕ ਲਾ-ਇਲਾਜ ਰੋਗਾਂ ਵਿੱਚ ਫਸੇ ਹੋਏ ਹਨ। ਅਹੰਕਾਰ ਦੇ ਰੋਗ ਤੋਂ ਬਚਾਣ ਵਾਲਾ ਹਕੀਮ ਪਰਮਾਤਮਾ ਹੀ ਹੈ। ਹੇ ਨਾਨਕ! ਉਸ ਪ੍ਰਭੂ ਨੂੰ ਹਰ ਵੇਲੇ ਸਿਮਰ॥ ੪੯॥
ਭਾਵ: ਪਰਮਾਤਮਾ ਹੀ ਇੱਕ ਐਸਾ ਹਕੀਮ ਹੈ ਜੋ ਅਹੰਕਾਰ ਦੇ ਰੋਗ ਤੋਂ ਜੀਵਾਂ ਨੂੰ ਬਚਾਂਦਾ ਹੈ। ਅਹੰਕਾਰ ਦੇ ਵੱਸ ਹੋ ਕੇ ਜੀਵ ਅਨੇਕਾਂ ਵੈਰੀ ਸਹੇੜ ਲੈਂਦਾ ਹੈ।
ਅਹੰਕਾਰ, ਹੰਕਾਰ, ਹਉਮੈ, ਮੈ ਮੇਰੀ, ਅਭਿਮਾਨ, ਗਰਬ ਆਦਿ ਸ਼ਬਦ ਇਕੇ ਭਾਵ ਦੇ ਲਖਾਇਕ ਹਨ। ਮਨੁਖ ਵਿੱਚ ਸਭ ਤੋਂ ਵਧ ਪ੍ਰਬਲ ਮਾਨਸਿਕ ਰੋਗ ਹਉਮੈ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਤਾਂ ਆਸਾ ਕੀ ਵਾਰ ਨਾਮੀ ਬਾਣੀ ਵਿੱਚ ਇਸ ਨੂੰ ਦੀਰਘ ਅਰਥਾਤ ਵੱਡਾ ਰੋਗ ਆਖਦੇ ਹਨ ਪਰ ਨਾਲ਼ ਹੀ ਇਸ ਦਾ ਇਲਾਜ ਵੀ ਦੱਸਦੇ ਹਨ:
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਇ॥ ੨॥ (੪੬੬)

ਸ੍ਰੀ ਗੁਰੂ ਅਰਜਨ ਦੇਵ ਜੀ ਭੈਰਉ ਰਾਗ ਵਿੱਚ ਇਹਨਾਂ ਰੋਗਾਂ ਬਾਰੇ ਵਾਹਵਾ ਵਿਸਥਾਰ ਵਿੱਚ ਵਰਨਣ ਕਰਦੇ ਹਨ। ਬਾਕੀ ਜੀਵਾਂ ਵਿੱਚ ਪ੍ਰਬਲ ਇੱਕ ਇੱਕ ਰੋਗ ਬਾਰੇ ਵੀ ਜਾਣਕਾਰੀ ਦਿੰਦੇ ਹਨ। ਜਿਵੇਂ ਕਿ ਕਾਮ ਦਾ ਰੋਗ ਹਾਥੀ ਨੂੰ, ਜੀਭ ਦਾ ਰੋਗ ਮੱਛੀ ਨੂੰ, ਕੰਨ ਦਾ ਰੋਗ ਮਿਰਗ ਨੂੰ, ਦ੍ਰਿਸ਼ਟੀ ਦਾ ਰੋਗ ਪਤੰਗੇ ਨੂੰ ਆਦਿ ਦਾ ਵਰਨਣ ਕਰਨ ਦੇ ਆਰੰਭ ਵਿੱਚ ਹੀ, “ਹਉਮੈ ਰੋਗ ਮਾਨੁਖ ਕਉ ਦੀਨਾ॥” ਦੱਸਦੇ ਹਨ।
ਆਸਾ ਰਾਗ ਵਿੱਚ ਭਗਤ ਸ੍ਰੀ ਰਵਿਦਾਸ ਜੀ ਲਿਖਦੇ ਹਨ:
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ॥
ਪੰਚ ਦੋਖ ਅਸਾਧ ਜਾ ਮਹਿ ਤਾਂ ਕੀ ਕੇਤਕ ਆਸ॥ ੧॥ (੪੮੬)

ਭਗਤ ਜੀ ਉਪ੍ਰੋਕਤ ਵਰਨਣ ਕੀਤੇ ਗਏ ਜੀਵਾਂ ਨਾਲੋਂ ਵੀ ਮਨੁਖ ਦੀ ਵਧ ਨਾਜ਼ਕ ਹਾਲਤ ਦੱਸਦੇ ਹਨ। ਫੁਰਮਾਉਂਦੇ ਹਨ ਕਿ ਇਹਨਾਂ ਜੀਵਾਂ ਵਿੱਚ ਇੱਕ ਇੱਕ ਦੋਖ ਹੋਣ ਕਰਕੇ ਵੀ ਮਾਰੇ ਜਾਂਦੇ ਹਨ ਤੇ ਜਿਸ ਮਨੁਖ ਵਿੱਚ ਨਾ ਸਾਧੇ ਜਾ ਸਕਣ ਵਾਲ਼ੇ ਪੰਜ ਦੋਖ ਹਨ; ਉਸ ਦੀ ਸਲਾਮਤੀ ਦੀ ਆਸ ਕਿਥੋਂ ਤੱਕ ਕੀਤੀ ਜਾ ਸਕਦੀ ਹੈ!
ਸ੍ਰੀ ਗੁਰੂ ਅਮਰਦਾਸ ਜੀ ਦਾ ਤਾਂ ਸਪੱਸ਼ਟ ਉਪਦੇਸ਼ ਹੈ:
ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ॥ (੧੦੮੯)
ਲੋਕੋਕਤੀ ਵੀ ਹੈ:
ਹੰਕਾਰਿਆ, ਸੋ ਮਾਰਿਆ।
ਗੁਰੂ ਕੇ ਸਿਖ ਵਾਸਤੇ ਸਵੈਮਾਨੀ ਹੋਣਾ ਯੋਗ ਹੈ ਪਰ ਅਭਿਮਾਨ ਤੋਂ ਬਚਣ ਲਈ ਹੁਕਮ ਹੈ ਪਰ ਇਹਨਾਂ ਦੋਹਾਂ ਵਿਚਲੇ ਫਰਕ ਦਾ ਪਤਾ ਕਿਵੇਂ ਲਗੇ! ਹੋ ਸਕਦਾ ਹੈ ਕਿ ਜਿਸ ਨੂੰ ਅਸੀਂ ਆਪਣਾ ਸਵੈਮਾਨ ਸਮਝ ਕੇ ਚੁੱਕੀ ਫਿਰੀਏ ਉਹ ਸਾਡਾ ਅਭਿਮਾਨ ਹੀ ਹੋਵੇ! ਇਸ ਪ੍ਰਥਾਇ ਸ੍ਰੀ ਗੁਰੂ ਅਰਜਨਦੇਵ ਜੀ ਦਾ ਫੁਰਮਾਣ ਹੈ:
ਹਰਿ ਪਰਿਓ ਸੁਆਮੀ ਕੈ ਦੁਆਰੈ ਦੀਜੇ ਬੁਧਿ ਬਿਬੇਕਾ॥ ਰਹਾਉ॥ (੬੪੧)
ਆਪਣੇ ਮਨ ਦੀ ਮਤ ਨੂੰ ਤਿਆਗ ਕੇ, ਸਤਿਗੁਰੂ ਪਾਤਿਸ਼ਾਹ ਦੇ ਚਰਨਾਂ ਵਿੱਚ ਢਹਿ ਕੇ ਹੀ ਉਸ ਪਾਸੋਂ ਉਸ ਬਿਬੇਕ ਬੁਧੀ ਦੀ ਮੰਗ ਕਰਨੀ ਚਾਹੀਦੀ ਹੈ ਜਿਸ ਤੋਂ ਇਹਨਾਂ ਦੋਹਾਂ ਵਿਚਲੇ ਫਰਕ ਦੀ ਸੋਝੀ ਆ ਸਕੇ।
ਗਿ. ਸੰਤੋਖ ਸਿੰਘ




.