.

ਸਿੱਖੀ-ਸੰਭਾਲ ਪ੍ਰਤੀ ਸਮਰਪਿਤ ਸੰਸਥਾਵਾਂ ਦੰਮ ਤੋੜ ਗਈਆਂ

--ਜਸਵੰਤ ਸਿੰਘ ‘ਅਜੀਤ’

ਬੀਤੇ ਕਾਫ਼ੀ ਸਮੇਂ ਤੋਂ ਸਿੱਖੀ ਨੂੰ ਲਗ ਰਹੀ ਢਾਹ ਅਤੇ ਸਿੱਖ ਨੌਜਵਾਨਾਂ ਦੇ ਸਿੱਖੀ ਵਿਰਸੇ ਨਾਲੋਂ ਟੁੱਟ ਕੇ ਪਤੱਤ ਹੁੰਦਿਆਂ ਜਾਣ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਜਾਂਦੀ ਚਲੀ ਆ ਰਹੀ ਹੈ। ਇਸਦੇ ਨਾਲ ਹੀ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਨੌਜਵਾਨਾਂ ਵਿੱਚ ਵਧ ਰਹੇ ਇਸ ਝੁਕਾਅ ਨੂੰ ਠਲ੍ਹ ਪਾਣ ਲਈ, ਸਿੱਖਾਂ ਦੀਆਂ ਸਰਵੁਚਤਾ ਦਾ ਦਾਅਵਾ ਕਰਨ ਵਾਲੀਆਂ ਪਮੁਖ ਧਾਰਮਕ ਜਥੇਬੰਦੀਆਂ, ਗੁਰਮਤਿ ਸਮਾਗਮਾਂ ਦੇ ਨਾਂ ਤੇ ਵੱਡੇ-ਵੱਡੇ ਕੀਰਤਨ ਦਰਬਾਰ ਅਤੇ ਅੰਮ੍ਰਿਤ ਸੰਚਾਰ ਸਮਾਗਮ ਆਯੋਜਨ ਕਰਕੇ ਕਰੋੜਾਂ ਰੁਪਏ ਖ਼ਰਚ ਕਰਦੀਆਂ ਚਲੀਆਂ ਆ ਰਹੀਆਂ ਹਨ। ਇਸਦੇ ਬਾਵਜੂਦ ਸਿੱਖੀ ਵਿਰਸੇ ਨਾਲੋਂ ਟੁੱਟਣ ਦਾ ਜੋ ਰੁਝਾਨ ਨੌਜਵਾਨਾਂ ਦੇ ਦਿਲਾਂ ਵਿੱਚ ਪੈਦਾ ਹੋ ਚੁਕਾ ਹੈ, ਉਸਨੂੰ ਠਲ੍ਹ ਨਹੀਂ ਪੈ ਰਹੀ।
ਹੈਰਾਨੀ ਦੀ ਗਲ ਇਹ ਵੀ ਹੈ ਕਿ ਇਹ ਸਭ ਕੁੱਝ ਜਾਣਦਿਆਂ ਹੋਇਆਂ ਵੀ ਇਸ ਬਾਰੇ ਸੋਚਣ ਦੀ ਕਿਸੇ ਵੀ ਪੱਧਰ ਤੇ ਲੋੜ ਨਹੀਂ ਸਮਝੀ ਜਾ ਰਹੀ ਕਿ ਆਖ਼ਿਰ ਇਸਦਾ ਕਾਰਣ ਕੀ ਹੈ ਕਿ ਲਗਾਤਾਰ ਗੁਰਮਤਿ ਸਮਾਗਮ, ਕੀਰਤਨ ਦਰਬਾਰ ਅਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾ ਕੇ ਵੀ ਸਿੱਖੀ ਨੂੰ ਲਗ ਰਹੀ ਢਾਹ ਨੂੰ ਠਲ੍ਹ ਨਹੀਂ ਪਾਉਣ ਵਿੱਚ ਸਫਲਤਾ ਨਹੀਂ ਮਿਲ ਰਹੀ। ਇਥੇ ਇਹ ਗਲ ਵੀ ਵਰਨਣਯੋਗ ਹੈ ਕਿ ਬੀਤੇ ਸਮੇਂ ਵਿੱਚ ਕਈ ਸ਼ਤਾਬਦੀਆਂ ਵੀ ਮਨਾਈਆਂ ਗਈਆਂ, ਚੇਤਨਾ ਮਾਰਚ ਵੀ ਕੀਤੇ ਗਏ ਅਤੇ ਜਾਗ੍ਰਤੀ ਯਾਤ੍ਰਾਵਾਂ ਵੀ ਕੀਤੀਆਂ ਗਈਆਂ, ਇਸ ਵਿਸ਼ਵਾਸ ਦੇ ਨਾਲ ਕਿ ਇਸਦੇ ਨਾਲ ਸਿੱਖੀ ਦਾ ਪ੍ਰਚਾਰ ਹੋਵੇਗਾ ਅਤੇ ਉਸਦੇ ਫੈਲਾਅ ਵਿੱਚ ਮਦਦ ਵੀ ਮਿਲੇਗੀ। ਪਰ ਇਸ ਸਭ ਕੁੱਝ ਦੇ ਬਾਵਜੂਦ ਸਿੱਖੀ ਦਾ ਘੇਰਾ ਸਿਕੁੜਦਾ ਚਲਿਆ ਜਾ ਰਿਹਾ ਹੈ।
ਧਾਰਮਕ ਸੋਚ ਵਾਲੇ ਕੁੱਝ ਬਜ਼ੁਰਗਾਂ ਅਨੁਸਾਰ, ਜਦੋਂ ਆਰੀਆ ਸਮਾਜੀਆਂ ਵਲੋਂ ਸਿੱਖੀ ਨੂੰ ਖੋਰਾ ਲਾਉਣ ਦੇ ਉਦੇਸ਼ ਨਾਲ, ਸਿੱਖ ਧਰਮ ਨੂੰ ਵਿਸ਼ਾਲ ਹਿੰਦੂ ਧਰਮ ਦਾ ਅੰਗ ਪ੍ਰਚਾਰ ਕੇ ਸਿੱਖੀ ਸਰੂਪ ਨੂੰ ਬੇਦਾਵਾ ਦੇਣ ਦੇ ਲਈ ਸਿੱਖ ਨੌਜਵਾਨਾਂ ਨੂੰ ਪ੍ਰੇਰਨ ਵਾਸਤੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਗਿਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਹਿੰਦੂਆਂ ਨੂੰ ਸਿੱਖਾਂ ਦੇ ਰੂਪ ਵਿੱਚ ਸ਼ਸਤ੍ਰਧਾਰੀ ਤੇ ਕੇਸਾਧਾਰੀ ਬਣਾਇਆ ਸੀ, ਜਦੋਂ ਹਿੰਦੂ ਧਰਮ ਖ਼ਤਰੇ ਵਿੱਚ ਸੀ, ਹੁਣ ਜਦਕਿ ਹਿੰਦੂ ਧਰਮ ਨੂੰ ਕਿਸੇ ਵੀ ਪਾਸਿਉਂ ਵੀ ਕੋਈ ਖ਼ਤਰਾ ਨਹੀਂ ਰਹਿ ਗਿਆ ਹੋਇਆ, ਨਾ ਤਾਂ ਸ਼ਸਤ੍ਰਧਾਰੀ ਅਤੇ ਨਾ ਹੀ ਕੇਸਾਧਾਰੀ ਬਣੇ ਰਹਿਣ ਦੀ ਲੋੜ ਰਹਿ ਗਈ ਹੋਈ ਹੈ। ਉਨ੍ਹਾਂ ਦੇ ਇਸ ਪ੍ਰਚਾਰ ਦੇ ਜਵਾਬ ਵਿੱਚ ਸਿੱਖਾਂ ਵਲੋਂ ‘ਹਮ ਹਿੰਦੂ ਨਹੀਂ’ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੇ ਨਾਲ ਹੀ ਸਿੱਖ ਬਚਿਆਂ ਨੂੰ ਸਿੱਖੀ ਵਿਰਸੇ ਨਾਲ ਜੋੜਨ ਅਤੇ ਉਨ੍ਹਾਂ ਨੂੰ ਦ੍ਰਿੜਤਾ ਨਾਲ ਜੁੜੇ ਰਹਿਣ ਦੇ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਖਾਲਸਾ ਸਕੂਲਾਂ ਦੀ ਸਥਾਪਨਾ ਕੀਤੀ ਗਈ ਸੀ, ਜਿਨ੍ਹਾਂ ਵਿੱਚ ਵਿਦਿਆਰਥੀਆਂ ਲਈ ਧਾਰਮਕ ਸਿੱਖਿਆ ਦਿਤੇ ਜਾਣ ਦੇ ਪ੍ਰਬੰਧ ਕਰਨ ਦੇ ਨਾਲ ਹੀ ਅਗਲੀ ਜਮਾਤ ਵਿੱਚ ਪਹੁੰਚਣ ਲਈ ਉਸ ਵਿਚੋਂ ਪਾਸ ਹੋਣਾ ਵੀ ਜ਼ਰੂਰੀ ਬਣਾਇਆ ਗਿਆ। ਹੁਣ ਤਾਂ ਪਬਲਿਕ ਸਕੂਲਾਂ ਵਿੱਚ ਦਾਖ਼ਲ ਹੋਣ ਦਾ ਕ੍ਰੇਜ਼ ਇਤਨਾ ਵਧ ਗਿਆ ਹੋਇਆ ਹੈ ਕਿ ਸਹਾਇਤਾ ਪ੍ਰਾਪਤ ਸਕੂਲ਼ਾਂ ਨੂੰ ਪਬਲਿਕ ਸਕੂਲਾਂ ਦੇ ਮੁਕਾਬਲੇ ਤੇ ਖ਼ੜਿਆਂ ਕਰਨ ਲਈ ਉਨ੍ਹਾਂ ਨੂੰ ਮਾਡਲ ਸਕੂਲ ਬਣਾਉਣ ਦੇ ਉਪਰਾਲੇ ਕਰਨ ਦੀ ਬਜਾਏ, ਬੰਦ ਕਰ ਦੇਣ ਵਲ ਕਦਮ ਵਧਾਉਣਾ ਸ਼ੁਰੂ ਕਰ ਦਿਤਾ ਗਿਆ ਹੈ। ਪਬਲਿਕ ਸਕੂਲਾਂ ਵਿੱਚ ਕਿਤਨੀ-ਕੁ ਧਾਰਮਕ ਸਿੱਖਿਆ ਦਿਤੀ ਜਾਂਦੀ ਹੈ ਤੇ ਉਸ ਵਿੱਚ ਪਾਸ ਹੋਣਾ ਕਿਤਨਾ-ਕੁ ਲਾਜ਼ਮੀ ਹੁੰਦਾ ਹੈ, ਇਹ ਸਭ ਦੇ ਸਾਹਮਣੇ ਹੈ, ਜਿਸਦੀ ਇਥੇ ਵਿਆਖਿਆ ਕਰਨ ਦੀ ਲੋੜ ਨਹੀਂ ਜਾਪਦੀ।
ਖ਼ੈਰ, ਖ਼ਾਲਸਾ ਸਕੂਲਾਂ ਤੋਂ ਇਲਾਵਾ ਇੱਕ ਹੋਰ ਸੰਸਥਾ ਵੀ ਸਰਗਰਮ ਸੀ, ਜੋ ਸਿੱਖ ਪਨੀਰੀ ਨੂੰ ਸੰਭਾਲਣ ਪ੍ਰਤੀ ਗੰਭੀਰਤਾ ਨਾਲ ਜੁਟੀ ਹੋਈ ਸੀ। ਉਹ ਸੀ ਸਿੱਖ ਸਟੂਡੈਂਟਸ ਫੈਡਰੇਸ਼ਨ। ਜਿਸਦੀ ਸਥਾਪਨਾ, ਸਮੇਂ ਦੇ ਸਿੱਖੀ-ਸੋਚ ਦੇ ਧਾਰਨੀ ਸਿੱਖਾਂ ਵਲੋਂ ਕੀਤੀ ਗਈ ਸੀ। ਉਨ੍ਹਾਂ ਦੀ ਸੋਚ ਇਹ ਸੀ ਕਿ ਪਨੀਰੀ ਦੀ ਸੰਭਾਲ ਮੁਢ ਤੋਂ ਹੀ ਕੀਤੇ ਜਾਣ ਦੀ ਲੋੜ ਹੈ। ਜੇ ਬਚਪਨ ਵਿੱਚ ਹੀ ਬਚਿਆਂ ਨੂੰ ਸਿੱਖ ਧਰਮ ਤੇ ਇਤਿਹਾਸ ਦੇ ਨਾਲ ਜੋੜ ਦਿਤਾ ਜਾਏ ਤਾਂ ਹੀ ਉਹ ਵੱਡੇ ਹੋ ਕੇ ਸਿੱਖੀ-ਵਿਰੋਧੀ ਪ੍ਰਚਾਰ ਤੋਂ ਪ੍ਰਭਾਵਤ ਹੋਣੋਂ ਬਚੇ ਰਹਿ ਸਕਣਗੇ।
ਅਰੰਭਕ ਸਮੇਂ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁਖੀਆਂ ਨੇ ਆਪਣੀ ਜ਼ਿਮੇਂਦਾਰੀ ਪੂਰੀ ਤਰ੍ਹਾਂ ਸਮਰਪਣ ਭਾਵਨਾ ਤੇ ਇਮਾਨਦਾਰ ਦੇ ਨਾਲ ਨਿਭਾਈ। ਵਡੀਆਂ-ਛੋਟੀਆਂ ਛੁਟੀਆਂ ਦੌਰਾਨ ਛੁਟੀਆਂ ਦੇ ਸਮੇਂ ਅਨੁਸਾਰ ਧਾਰਮਕ ਟ੍ਰੇਨਿੰਗ ਕੈਂਪ ਲਾਏ ਜਾਂਦੇ। ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਸਿੱਖੀ-ਜੀਵਨ ਜੀਣ ਦੀ ਸਿਖਿਆ ਦੇਣ ਦੇ ਨਾਲ ਹੀ ਅਮੀਰ ਸਿੱਖੀ ਵਿਰਸੇ ਦੀ ਜਾਣਕਾਰੀ ਵੀ ਦਿਤੀ ਜਾਂਦੀ। ਦਿਤੀ ਗਈ ਸਿਖਿਆ ਦੇ ਆਧਾਰ ਤੇ ਕੈਂਪ ਦੇ ਆਖਰੀ ਦਿਨਾਂ ਵਿੱਚ ਪ੍ਰੀਖਿਆ ਲਈ ਜਾਂਦੀ ਅਤੇ ਪ੍ਰੀਖਿਆ ਵਿੱਚ ਪ੍ਰਦਰਸ਼ਤ ਕੀਤੀ ਗਈ ਪ੍ਰਤਿਭਾ ਦੇ ਅਨੁਸਾਰ ਬਚਿਆਂ ਨੂੰ ਉਤਸਾਹਿਤ ਕਰਨ ਲਈ ਇਨਾਮ ਦੇ ਕੇ ਸਨਮਾਨਤ ਵੀ ਕੀਤਾ ਜਾਂਦਾ। ਕੈਂਪ ਵਿੱਚ ਸ਼ਾਮਲ ਹਰ ਬੱਚਾ ਆਪਣੇ ਨਾਲ ਜ਼ਰੂਰ ਕੋਈ ਨਾ ਕੋਈ ਅਜਿਹੀ ਯਾਦਗਾਰੀ-ਨਿਸ਼ਾਨੀ ਲੈ ਕੇ ਪਰਤਦਾ, ਜੋ ਉਸਦੇ ਦਿਲ ਵਿੱਚ ਸਦਾ ਹੀ ਕੈਂਪ ਵਿੱਚ ਸ਼ਾਮਲ ਹੋਣ ਅਤੇ ਉਥੇ ਪ੍ਰਾਪਤ ਕੀਤੀ ਸਿੱਖਿਆ ਦੀ ਯਾਦ ਬਣਾਈ ਰਖਦੀ।
ਜਦੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੈਂਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਿਦਿਆਰਥੀ ਆਪੋ-ਆਪਣੇ ਘਰਾਂ ਨੂੰ ਪਰਤਦੇ ਤਾਂ ਉਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਬਦਲਿਆ-ਬਦਲਿਆ ਨਜ਼ਰ ਆਉਂਦਾ। ਉਨ੍ਹਾਂ ਦਾ ਇਹ ਬਦਲਿਆ ਰੂਪ ਵੇਖ ਕੇ ਉਨ੍ਹਾਂ ਦੇ ਮਾਪਿਆਂ ਨੂੰ ਹੈਰਨੀ-ਭਰੀ ਖ਼ੁਸ਼ੀ ਹੁੰਦੀ। ਜਿਸਤੋਂ ਉਤਸਾਹਿਤ ਹੋ ਕੇ ਉਹ ਦੂਜਿਆਂ ਨੂੰ ਵੀ ਆਪਣੇ ਬਚਿਆਂ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਜੋੜਨ ਲਈ ਨਾ ਕੇਵਲ ਪ੍ਰੇਰਿਤ ਕਰਦੇ ਸਗੋਂ ਉਨ੍ਹਾਂ ਨੂੰ ਉਤਸਾਹਿਤ ਵੀ ਕਰਦੇ।
ਇਨ੍ਹਾਂ ਕੈਂਪਾਂ ਦੀ ਇੱਕ ਵਿਸ਼ੇਸ਼ਤਾ ਇਹ ਵੀ ਸੀ ਕਿ ਇਨ੍ਹਾਂ ਵਿੱਚ ਆਰਥਕ ਪਖੋਂ ਕਮਜ਼ੋਰ ਪਰਿਵਾਰਾਂ ਦੇ ਬੱਚੇ ਵੀ ਉਸੇ ੳਤਸ਼ਾਹ ਦੇ ਨਾਲ ਸ਼ਾਮਲ ਹੁੰਦੇ ਸਨ, ਜਿਸ ਉਤਸਾਹ ਦੇ ਨਾਲ ਸਮਰਥਾਵਾਨ ਪਰਿਵਾਰਾਂ ਦੇ ਬੱਚੇ। ਕਿਉਂਕਿ ਇੱਕ ਤਾਂ ਇਨ੍ਹਾਂ ਕੈਂਪਾਂ ਵਿੱਚ ਸ਼ਾਮਲ ਹੋਣ ਵਾਲੇ ਬਚਿਆਂ ਦੇ ਪਰਿਵਾਰਾਂ ਪੁਰ ਕਿਸੇ ਤਰ੍ਹਾਂ ਦਾ ਆਰਥਕ ਭਾਰ ਨਹੀਂ ਸੀ ਪਾਇਆ ਜਾਂਦਾ, ਦੂਜਾ ਸਾਰੇ ਬਚਿਆਂ ਦੇ ਨਾਲ ਸਮਾਨ ਵਿਹਾਰ ਕੀਤਾ ਜਾਂਦਾ ਸੀ। ਇਸਦਾ ਨਤੀਜਾ ਇੱਕ ਤਾਂ ਇਹ ਹੁੰਦਾ ਸੀ ਕਿ ਸਾਰੇ ਬੱਚੇ ਮਿਲ-ਜੁਲ ਕੇ ਤੇ ਪਿਆਰ ਦੇ ਨਾਲ ਰਹਿੰਦੇ ਸਨ ਤੇ ਦੂਜਾ ਉਹ ਇਹ ਸਿਖਿਆ ਲੈ ਕੇ ਮੁੜਦੇ ਸਨ ਕਿ ਸਿੱਖੀ ਵਿੱਚ ਕੋਈ ਵਡਾ-ਛੋਟਾ ਨਹੀਂ ਹੈ। ਸਾਰੇ ਹੀ ਸਮਾਨ ਹਨ।
ਪ੍ਰੰਤੂ ਸਮਾਂ ਬਦਲਿਆ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਦਿਨ-ਬ-ਦਿਨ ਵਧ ਰਹੇ ਪ੍ਰਭਾਵ ਤੇ ਉਸਦੀ ਚੜ੍ਹਤ ਵੇਖ ਕੇ ਉਸਦੇ ਈਮਾਨਦਾਰ ਤੇ ਸਮਰਪਿਤ ਭਾਵਨਾ ਵਾਲੇ ਕਈ ਆਗੂਆਂ ਦੀ ਨੀਯਤ ਵਿੱਚ ਖੋਟ ਆਉਣ ਲਗ ਪਿਆ। ਉਨ੍ਹਾਂ ਨੇ ਉਸਦੀ ਸ਼ਕਤੀ ਨੂੰ ਆਪਣੀ ਰਾਜਸੀ ਲਾਲਸਾ ਦੀ ਪੂਰਤੀ ਲਈ ਵਰਤਣ ਦੇ ਉਦੇਸ਼ ਨੂੰ ਮੁਖ ਰਖਕੇ ਹੀ ਵਿਦਿਆਰਥੀਆਂ ਦੇ ਦਿਲੋ-ਦਿਮਾਗ਼ ਵਿੱਚ ਧਾਰਮਕ ਮਾਨਤਾਵਾਂ ਦੇ ਵਿਰਸੇ ਪ੍ਰਤੀ ਵਚਨਬਧਤਾ ਦੀ ਭਾਵਨਾ ਦ੍ਰਿੜ ਤੇ ਉਜਾਗਰ ਕਰਨ ਦੀ ਬਜਾਏ ਰਾਜ-ਸੱਤਾ ਦੀ ਭਾਵਨਾ ਭਰ ਕੇ, ਉਨ੍ਹਾਂ ਨੂੰ ਸਿੱਖੀ ਪਰੰਪਰਾਵਾਂ ਦੇ ਆਦਰਸ਼ ਦੀ ਰਾਹ ਤੋਂ ਭਟਕਾਣਾ ਸ਼ੁਰੂ ਕਰ ਦਿਤਾ।
ਇਸ ਕਾਲਮ-ਲੇਖਕ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਈ ਕੈਂਪਾਂ ਵਿੱਚ ਸ਼ਾਮਲ ਹੋਣ ਅਤੇ ਉਨ੍ਹਾਂ ਦੇ ਸਾਰੇ ਪ੍ਰੋਗਰਾਮਾਂ ਨੂੰ ਨੇੜਿਉਂ ਵੇਖਣ ਤੇ ਘੋਖਣ ਦਾ ਮੌਕਾ ਮਿਲਿਆ। ਇੱਕ ਵਾਰ ਜਦੋਂ ਕੁੱਝ ਵਕਫ਼ਾ ਪਾ ਕੇ ਉਸਨੂੰ ੧੯੮੧ ਦੇ ਸ੍ਰੀ ਅੰਮ੍ਰਿਤਸਰ ਵਿਖੇ ਲਗੇ ਕੈਂਪ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਤਾਂ ਉਸ ਕੈਂਪ ਵਿੱਚ ਕੁੱਝ ਰਾਜਸੀ ਪੰਥਕ ਆਗੂਆਂ ਦੀ ਸ਼ਮੂਲੀਅਤ ਵੇਖ ਕੇ ਅਤੇ ਉਨ੍ਹਾਂ ਵਲੋਂ ਦਿਤੇ ਭਾਸ਼ਣ ਸੁਣ ਕੇ ਦਿਲ ਨੂੰ ਇੱਕ ਧੁੜਕੂ-ਜਿਹਾ ਲਗਾ ਅਤੇ ਇਉਂ ਜਾਪਿਆ, ਜਿਵੇਂ ਇਨ੍ਹਾਂ ਰਾਜਸੀ ਆਗੂਆਂ ਨੇ ਨਿਜ ਦੇ ਰਾਜਸੀ ਸੁਆਰਥ ਦੀ ਪੂਰਤੀ ਲਈ ਮਾਸੂਮ ਵਿਦਿਆਰਥੀਆਂ ਦੇ ਜੀਵਨ ਨਾਲ ਖਿਲਵਾੜ ਕਰਨੀ ਸ਼ੁਰੂ ਕਰ ਦਿਤੀ ਹੈ। ਜਦੋਂ ਉਸਨੇ ਆਪਣੇ ਇਸ ਧੁੜਕੂ ਦੀ ਗਲ ਕੈਂਪ ਵਿੱਚ ਭਾਸ਼ਣ ਕਰਕੇ ਬਾਹਰ ਨਿਕਲੇ ਇੱਕ ਪੰਥਕ ਆਗੂ ਦੇ ਨਾਲ ਕੀਤੀ ਤੇ ਉਨ੍ਹਾਂ ਨੂੰ ਪੁਛਿਆ ਕਿ ਕੀ ਉਹ ਅਜਿਹਾ ਭਾਸ਼ਣ ਕਰਕੇ ਵਿਦਿਆਰਥੀਆਂ ਦੇ ਭਵਿਖ ਨਾਲ ਖਿਲਵਾੜ ਨਹੀਂ ਕਰ ਰਹੇ? ਕੀ ਉਹ ਇਹ ਨਹੀਂ ਸਮਝਦੇ ਕਿ ਇਨ੍ਹਾਂ ਬਚਿਆਂ ਵਿਚੋਂ ਕਈਆਂ ਨੇ ਸਰਕਾਰੀ ਨੌਕਰੀਆਂ ਕਰਨੀਆਂ ਹਨ? ਜੇ ਤੁਹਾਡੇ ਭਾਸ਼ਣਾ ਕਾਰਣ ਇਹ ਭਟਕ ਗਏ ਤਾਂ ਕੀ ਤੁਸੀਂ ਇਨ੍ਹਾਂ ਨੂੰ ਸੰਭਾਲ ਸਕੋਗੇ? ਇਸ ਕਾਲਮ ਲੇਖਕ ਦੇ ਇਨ੍ਹਾਂ ਸੁਆਲਾਂ ਦਾ ਕੋਈ ਸੰਤੋਸ਼ਜਨਕ ਜਵਾਬ ਦੇਣ ਦੀ ਬਜਾਏ ਉਹ ਭੜਕ ਉਠੇ ਤੇ ਉਸਦੀ ਸਿੱਖੀ ਭਾਵਨਾ ਪੁਰ ਹੀ ਵਿਅੰਗ ਕਸਣ ਲਗ ਪਏ।
ਇਤਿਹਾਸ ਇਸ ਗਲ ਦਾ ਗੁਆਹ ਹੈ ਕਿ ਇਸ ਕਾਲਮ ਲੇਖਕ ਦੇ ਖਦਸ਼ੇ ਸੱਚ ਸਾਬਤ ਹੋਏ। ਇਨ੍ਹਾਂ ‘ਪੰਥ-ਪ੍ਰਸਤਾਂ’ ਦੀ ਭਟਕਾਈ ਸਿੱਖ ਸਟੂਡੈਂਟਸ ਫੈਡਰੇਸ਼ਨ ਆਪਣੇ ਉਦੇਸ਼ ਤੋਂ ਅਜਿਹੀ ਭਟਕੀ ਕਿ ਅਜਤਕ ਸੰਭਲ ਨਹੀਂ ਪਾਈ। ਜਿਥੇ ਬਗ਼ੀਆਂ ਦਾੜ੍ਹੀਆਂ ਵਾਲੇ ਢਾਈ ਟੋਟੜੂਆਂ ਨੇ ਇਕਠਿਆਂ ਹੋ ਕੇ ਆਪੋ-ਆਪਣੇ ਸੁਆਰਥ ਦੀ ਪੂਰਤੀ ਕਰਨ ਦੇ ਆਧਾਰ ਤੇ ਫੈਡਰੇਸ਼ਨ ਦੇ ਸੰਵਿਧਾਨ ਨੂੰ ਢਾਲ ਲਿਆ ਹੈ ਅਤੇ ਵਖ-ਵਖ ਦੁਕਾਨਾਂ ਕਾਇਮ ਕਰ ਲਈਆਂ ਹੋਈਆਂ ਹਨ, ਉਥੇ ਹੀ ਅਜ ਫੈਡਰੇਸ਼ਨ ਨਾਲ ਜੁੜਨ ਤੋਂ ਵਿਦਿਆਰਥੀ ਨਾ ਕੇਵਲ ਆਪ ਝਿਝਕਣ ਲਗੇ ਹਨ, ਸਗੋਂ ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਨੂੰ ਫੈਡਰੇਸ਼ਨ ਨਾਲ ਜੁੜਨ ਲਈ ਉਤਸਾਹਿਤ ਕਰਨ ਦੀ ਬਜਾਏ, ਉਸਤੋਂ ਦੂਰ ਰਹਿਣ ਲਈ ਹੀ ਪ੍ਰੇਰਨ ਲਗ ਪਏ ਹਨ।
ਅਜ ਸਥਿਤੀ ਇਹ ਹੈ ਕਿ ਇਨ੍ਹਾਂ ਦੋਹਾਂ ਸੰਸਥਾਵਾਂ ਦੀ ਅਣਹੋਂਦ ਦੇ ਕਾਰਣ ਹੀ ਧਾਰਮਕ ਸਿੱਖ ਸੰਸਥਾਵਾਂ ਵਲੋਂ ਧਰਮ ਪ੍ਰਚਾਰ ਦੇ ਨਾਂ ਤੇ ਖਰਚ ਕੀਤੇ ਜਾ ਰਹੇ ਕਰੋੜਾਂ ਰੁਪਏ ਵੀ ਸਿੱਖੀ ਨੂੰ ਲਗ ਰਹੀ ਢਾਹ ਲਗਣ ਤੋਂ ਬਚਾਉਣ ਵਿੱਚ ਸਫਲ ਨਹੀਂ ਹੋ ਪਾ ਰਹੇ।
… ਅਤੇ ਅੰਤ ਵਿਚ: ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇੱਕ ਮੁਖੀ ਅਤੇ ਉਸਦੇ ਮੂਲ ਆਦਰਸ਼ਾਂ ਪ੍ਰਤੀ ਸਦਾ ਹੀ ਸਮਰਪਿਤ ਰਹੇ ਸ. ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਨਿਜੀ ਰਾਜਸੀ ਸੁਆਰਥ ਲਈ ਵਰਤਣ ਵਾਲਿਆਂ ਅਤੇ ਉਸ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਭਟਕਾ ਕੇ ਕੁਰਾਹੇ ਪਾਣ ਵਾਲਿਆਂ ਵਿੱਚ ਸ. ਮਨਜੀਤ ਸਿੰਘ ਕਲਕੱਤਾ ਵੀ ਸ਼ਾਮਲ ਸਨ। ਜਿਨ੍ਹਾਂ ਨੇ ਵਿਦਿਆਰਥੀਆਂ ਦੀ ਸ਼ਕਤੀ ਨੂੰ ਭਰਪੂਰ ਵਰਤਿਆ, ਪਰ ਜਦੋਂ ਉਨ੍ਹਾਂ ਪੁਰ ਮੁਸੀਬਤ ਪਈ ਤੇ ਉਹ ਮੁਸ਼ਕਲਾਂ ਵਿੱਚ ਫਸੇ ਤਾਂ ਇਹ ਉਨ੍ਹਾਂ ਦੀ ਵਾਤ ਪੁਛਣੋਂ ਵੀ ਕਿਨਾਰਾ ਕਰ ਗਏ।

(Mobile : + 91 98 68 91 77 31
Address : 64-C, U&V /B, Shalimar Bagh, DELHI-110088




.