.

ਸਹਿਜਧਾਰੀ ਸਿੱਖ ਜਾਂ ਸਹਿਜਧਾਰੀ ਹਿੰਦੂ?

ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ॥ {ਪੰਨਾ 708}

ਸਹਿਜਧਾਰੀ ਸਿੱਖ ਲਫਜ਼ ਗੁਰਬਾਣੀ ਵਿੱਚ ਕਿਤੇ ਨਹੀਂ ਆਉਂਦਾ, ਇਹ ਲਫਜ਼ ਕਿਥੋਂ ਪੈਦਾ ਹੋਇਆ ਇਹ ਇੱਕ ਅਲਗ਼ ਖੋਜ਼ ਦਾ ਵਿਸ਼ਾ ਹੈ। ਗੁਰਬਾਣੀ ਮੁਤਾਬਕ।

ਰਾਮਕਲੀ ਮਹਲਾ 3 ਅਨੰਦੁ

ਜੇ ਕੋ ਸਿਖੁ, ਗੁਰੂ ਸੇਤੀ ਸਨਮੁਖੁ ਹੋਵੈਹੋਵੈ ਤ ਸਨਮੁਖੁ ਸਿਖੁ ਕੋਈ, ਜੀਅਹੁ ਰਹੈ ਗੁਰ ਨਾਲੇ॥ ….

ਕਹੈ ਨਾਨਕੁ ਸੁਣਹੁ ਸੰਤਹੁ, ਸੋ ਸਿਖੁ ਸਨਮੁਖੁ ਹੋਏ॥ 21॥ {ਪੰਨਾ 919-920}

ਜੇ ਕੋ, ਗੁਰ ਤੇ ਵੇਮੁਖੁ ਹੋਵੈ, ਬਿਨੁ ਸਤਿਗੁਰ, ਮੁਕਤਿ ਨ ਪਾਵੈ॥ {ਪੰਨਾ 920}

ਮਾਝ ਮਹਲਾ 5॥ ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ॥ ਕਉਣੁ ਸੁ ਸਨਮੁਖ, ਕਉਣੁ ਵੇਮੁਖੀਆ॥ ਕਿਨਿ ਬਿਧਿ ਮਿਲੀਐ, ਕਿਨਿ ਬਿਧਿ ਬਿਛੁਰੈ, ਇਹ ਬਿਧਿ, ਕਉਣੁ ਪ੍ਰਗਟਾਏ ਜੀਉ॥ 3॥ …. .

ਗੁਰਮੁਖਿ ਸੁਖੀਆ, ਮਨਮੁਖਿ ਦੁਖੀਆ॥ ਗੁਰਮੁਖਿ ਸਨਮੁਖੁ, ਮਨਮੁਖਿ ਵੇਮੁਖੀਆ॥ ਗੁਰਮੁਖਿ ਮਿਲੀਐ, ਮਨਮੁਖਿ ਵਿਛੁਰੈ, ਗੁਰਮੁਖਿ, ਬਿਧਿ ਪ੍ਰਗਟਾਏ ਜੀਉ॥ 7॥ {ਪੰਨਾ 131}

ਜਿਹੜਾ ਮਨੁਖ ਗੁਰੁ ਤੋਂ ਵੇਮੁਖ ਹੈ ਜਿਸ ਨੇ ਅਜ ਤਕ ਗੁਰਮਤਿ ਨੂੰ ਮਨਿਆਂ ਹੀ ਨਹੀਂ ਉਸ ਲਈ ਸਿੱਖ ਲਫਜ਼ ਵਰਤਿਆ ਹੀ ਨਹੀ ਜਾ ਸਕਦਾ ਤੇ ਇਹ ਸਹਿਜਧਾਰੀ ਕੀ ਹੋਇਆ? ਹਾਂ ਸਹਜ ਲਫਜ਼ ਗੁਰਬਾਣੀ ਵਿੱਚ ਮਿਲਦਾ ਹੈ, ਸ+ਹ+ਜ = ਸਹਜ ਜਾਂ ਸਹਜਿ, ਭਾਵ- ਆਤਮਕ ਅਡੋਲਤਾ, ਆਤਮਕ ਸਥਿਰਤਾ, ਆਤਮਕ ਟਕਾਓ, ਤੇ ਸਹਜ ਇੱਕ ਅਵਸਥਾ ਹੈ, ਜਿਸ ਕਿਸੇ ਪ੍ਰਾਣੀ ਨੇ ਉਸ ਅਵਸਥਾ ਨੂੰ ਅਪਨਾ ਲਿਆ ਉਸ ਨੇ ਸਮਝੋ ਸਹਜ ਨੂੰ ਧਾਰਣ ਕਰ ਲਿਆ। ਹੁਣ ਏਥੇ ਸਵਾਲ ਪੈਦਾ ਹੁੰਦਾ ਹੈ ਕਿ ਸਹਿਜਧਾਰੀ ਸਿੱਖ ਕੀ ਹੈ? ਇੱਕ ਗਲ ਪ੍ਰਚਲਤ ਹੋ ਗਈ ਕਿ ਜੇ ਕਿਸੇ ਨੇ ਕੇਸ ਰੱਖੇ ਹੋਣ ਯਾਨਿ ਕਿ ਕੇਸਾਂ ਦੀ ਬੇਅਦਬੀ ਨਾ ਕਰਦਾ ਹੋਵੇ ਤੇ ਸਿਰਫ ਗੁਰਮਤਿ ਮੁਤਾਬਕ ਆਪਣੇ ਸਾਰੇ ਕਾਰ ਵਿਹਾਰ ਕਰਦਾ ਹੋਵੇ ਪਰ ਅਜੇ ਖੰਡੇ ਬਾਟੇ ਦੀ ਪਾਹੁਲ ਨਹੀਂ ਲਈ, ਉਹ ਸਹਿਜਧਾਰੀ ਸਿੱਖ ਹੈ। ਪਰ ਉਸ ਅਵਸਥਾ ਵਾਲੇ ਅਜ ਲਭਿਆਂ ਵੀ ਨਹੀਂ ਮਿਲਦੇ ਬਲਕਿ ਇਉਂ ਕਿਹਣਾ ਜਾਅਦਾ ਠੀਕ ਰਹੇਗਾ ਕਿ ਅਜ ਸਹਿਜਧਾਰੀ ਹਿੰਦੂਆਂ ਦੀ ਬਹੁਤਾਤ ਹੈ ਦੇਖਣ ਨੂੰ ਭਾਵੇਂ ਓਹ ਸਿੱਖ ਹੀ ਲਗਦੇ ਹੋਣ। ਕੇਸ ਤੇ ਨੂਰਮਹਿਲਏ ਆਸੂਤੋਸ਼ ਭਈਏ ਨੇ ਤੇ ਭਨਿਆਰੇ ਵਾਲੇ ਨੇ ਵੀ ਰੱਖੇ ਹੋਏ ਹਨ ਨਰੰਕਾਰੀਆਂ ਤੇ ਰਾਧਾ ਸੁਆਮੀ (ਬਾਬੇ) ਨੇ ਵੀ ਰੱਖੇ ਹੋਏ ਹਨ ਕੀ ਉਹਨਾ ਨੂੰ ਸਹਿਜਧਾਰੀ ਸਿੱਖ ਕਿਹਾ ਜਾ ਸਕਦਾ ਹੈ?

ਤੁਹਾਨੂੰ ਹਰ ਕੀਰਤਨ ਦਰਬਾਰਾਂ (ਜੋ ਗਲਤ ਲਫਜ਼ ਹੈ, ਦਰਬਾਰ ਗੁਰੂ ਦਾ ਹੁੰਦਾ ਹੈ ਤੇ ਗੁਰੂ ਦਰਬਾਰ ਵਿੱਚ ਕੀਰਤਨ ਹੁੰਦਾ ਹੈ) ਵਿੱਚ, ਹਰ ਗੁਰਦਵਾਰਿਆਂ ਦੇ ਇਕਠ ਵਿੱਚ ਦਰਸ਼ਨੀ ਸਿੱਖ ਬਹੁਤ ਮਿਲ ਜਾਣਗੇ ਪਰ ਹੋਣਗੇ ਉਹ ਸਹਿਜਧਾਰੀ ਹਿੰਦੂ ਹੀ। ਮੈਨੂੰ ਨਹੀਂ ਪਤਾ ਕਿ ਮਦਨ ਮੋਹਨ ਮਾਲਵੀਆ ਦੀ ਕੀ ਭਾਵਨਾ ਸੀ ਤੇ ਉਸ ਵਲੋਂ ਇਹ ਕਿਹਾ ਜਾਣਾ ਕਿ ਜੇ ਦੇਸ਼ ਦਾ ਭਲਾ ਚਾਂਹਦੇ ਹੋ ਤੇ ਹਰ ਘਰ ਵਿੱਚੋ ਇੱਕ ਸਿੰਘ ਸਜਾਓ, ਪਰ ਸਿੱਖ ਦੋਖੀਆਂ ਨੂੰ ਸਿੱਖੀ ਵਿੱਚ ਸਨ ਲਾਉਣ ਦਾ ਇਹ ਇੱਕ ਚੰਗਾ ਬਹਾਨਾ ਮਿਲ ਗਿਆ। ਅਜ ਜਿੱਥੇ ਮਰਜੀ ਨਜ਼ਰ ਮਾਰ ਲਵੋ ਤੁਹਾਨੂੰ ਜਿੱਨੇ ਵੀ ਸਿੱਖ ਨਜ਼ਰ ਆਉਣਗੇ ਓਹਨਾਂ ਚੋਂ ਬਹੁਤੇ ਸਹਿਜਧਾਰੀ ਹਿੰਦੂ ਹੀ ਹੋਣਗੇ ਜਿਨ੍ਹਾਂ ਨੂੰ ਗੁਰੂ ਨਾਲੋਂ ਧਾਗਿਆਂ ਤਵੀਤਾਂ ਤੇ, ਰਖੜੀਆਂ ਤੇ, ਦੇਵੀ ਦੇਵਤਿਆਂ ਦੀਆਂ ਮੁਰਤੀਆਂ ਤੇ, ਵਰਤਾਂ ਤੇ, ਮੜ੍ਹੀ ਮਸਾਣਾਂ ਕਬਰਾਂ ਤੇ, ਡੇਰਿਆਂ ਤੇ ਜਾਅਦਾ ਯਕੀਨ ਬਝਦਾ ਹੈ ਫਿਰ ਉਹ ਨਾ ਤੇ ਸਿੱਖ ਹਨ ਤੇ ਨਾ ਹੀ ਸਹਿਜਧਾਰੀ ਸਿੱਖ। ਗੁਰੂ ਜੀ ਤੇ ਸਾਨੂੰ ਇਹ ਸਮਝਾ ਰਹੇ ਹਨ:

ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥ ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ॥ {ਪੰਨਾ 634}

ਭਾਵ—ਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿੱਚ ਨਹੀਂ ਪੈਂਦਾ, ਮੈਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਕਿਤੇ ਸਮਾਧਾਂ ਤੇ ਮਸਾਣਾਂ ਵਿੱਚ ਭੀ ਨਹੀਂ ਜਾਂਦਾ। ਮਾਇਆ ਦੀ ਤ੍ਰਿਸ਼ਨਾ ਵਿੱਚ ਫਸ ਕੇ ਮੈਂ (ਪਰਮਾਤਮਾ ਦੇ ਦਰ ਤੋਂ ਬਿਨਾ) ਕਿਸੇ ਹੋਰ ਘਰ ਵਿੱਚ ਨਹੀਂ ਜਾਂਦਾ, ਮੇਰੀ ਮਾਇਕ ਤ੍ਰਿਸ਼ਨਾ ਪਰਮਾਤਮਾ ਦੇ ਨਾਮ ਨੇ ਮਿਟਾ ਦਿੱਤੀ ਹੈ। ਗੁਰੂ ਨੇ ਮੈਨੂੰ ਮੇਰੇ ਹਿਰਦੇ ਵਿੱਚ ਹੀ ਪਰਮਾਤਮਾ ਦਾ ਨਿਵਾਸ-ਅਸਥਾਨ ਵਿਖਾ ਦਿੱਤਾ ਹੈ, ਅਤੇ ਅਡੋਲ ਅਵਸਥਾ ਵਿੱਚ ਰੱਤੇ ਹੋਏ ਮੇਰੇ ਮਨ ਨੂੰ ਉਹ ਸਹਿਜ-ਅਵਸਥਾ ਚੰਗੀ ਲੱਗ ਰਹੀ ਹੈ।

ਅਗਰ ਕਿਸੇ ਨੂੰ ਇਹ ਗਲ ਸਮਝਾਣ ਦੀ ਕੋਸਿਸ਼ ਕੀਤੀ ਜਾਏ ਤੇ ਓਹ ਅਗਿਉਂ ਆਖਦਾ ਹੈ ਕਿ ਤੁਸੀ ਕਟੜਪੁਣੇ ਦੀਆਂ ਗੱਲਾਂ ਕਰਦੇ ਹੋ, ਤੇ ਮੈਂ ਕਹਿਂਦਾ ਹਾਂ ਕਿ ਅਸੀ ਬਾਬਾ ਗੁਰੂ ਨਾਨਕ ਜੀ ਵਲੋਂ ਦਸੇ ਗੁਰਮਤਿ ਗਾਡੀ ਰਾਹ ਦੇ ਪਾਂਧੀ ਜੁ ਹੋਏ ਸਾਡਾ ਬਾਬਾ ਗੁਰੂ ਨਾਨਕ ਵੀ ਤੇ ਫੇਰ ਕਟੜ ਹੀ ਹੋਇਆ ਤੇ ਅਸੀਂ ਆਪੇ ਕਟੱੜ ਹੋ ਗਏ। ਬਾਬਾ ਗੁਰੂ ਨਾਨਕ ਜੇ ਕਟੜ ਨਾਂ ਹੰਦਾ ਤੇ ਬਾਬੇ ਨੇ ਵੀ ਬ੍ਰਾਹਮਣ ਦਾ ਜਨੇਊ ਪਾ ਲੇਣਾ ਸੀ ਤੇ ਹਰਦੁਆਰ ਵਿੱਚ ਪੱਛਮ ਦੀ ਥਾਂਏ ਬ੍ਰਾਹਮਣ ਵਾਂਗੂ ਪੂਰਬ ਵਲ ਪਾਣੀ ਪਾ ਦੇਣਾ ਸੀ ਇਹਨਾ ਗੱਲਾਂ ਨੂੰ ਕਟੜ ਕਹਿਣ ਵਾਲਿਓ ਤੁਹਾਨੂੰ ਤਹਾਡੀ ਸੋਚ ਮੁਬਾਰਕ।

ਅੱਜ ਜਿਹੜੇ ਟੋਪੀਆਂ ਪਾ ਕੇ ਬਜ਼ਾਰਾਂ ਵਿੱਚ ਫਿਰਦੇ ਹਨ ਸ਼ਰਾਬ ਦੇ ਠੇਕਿਆਂ ਤੇ ਹੋਰ ਗਲੀਆਂ ਸੜਕਾਂ ਤੇ ਨਸ਼ੇ ਵਿੱਚ ਡਿੱਗੇ ਹੁੰਦੇ ਹਨ ਤੰਬਾਕੂ ਮਲਦੇ ਤੇ ਸਿਗਰਟਾਂ ਪੀਦੇ ਹਨ ਓਹਨਾਂ ਨੂੰ ਕਿਵੇਂ ਸਿੱਖ ਆਖਾਂਗੇ? ਜਿਹੜੇ ਨੌਜਵਾਨ ਗੱਡੀਆਂ ਕਾਰਾਂ ਦੇ ਪਿੱਛੇ ਜਾਂ ਆਪਣੀਆਂ ਟੀ ਸ਼ਰਟਾਂ ਤੇ ਪੁਤ ਸਰਦਾਰਾਂ ਦੇ ਲਿਖਾਈ ਫਿਰਦੇ ਹਨ ਓਹਨਾ ਨੂੰ ਖੁਦ ਤੇ ਸ਼ਕ ਹੁੰਦਾ ਹੈ ਕਿ ਓਹ ਸਰਦਾਰ ਹਨ ਵੀ ਕੇ ਨਹੀਂ ਤੇ ਲੋਕਾਂ ਨੂੰ ਦਸਣ ਵਾਸਤੇ ਕਿ ਸਾਨੂੰ ਕਿਤੇ ਭੱਈਆਂ ਦੀ ਔਲਾਦ ਨਾ ਸਮਝ ਬੈਠਿਓ ਅਸੀਂ ਵੀ ਸਰਦਾਰਾਂ ਦੀ ਔਲਾਦ ਹੀ ਹੁੰਦੇ ਹਾਂ। ਕੰਨਾਂ ਵਿੱਚ ਵਾਲੀਆਂ ਤੇ ਮੁੰਦਰਾ ਪਾਕੇ ਸਿਰਾਂ ਵਿੱਚ ਨਮੂਨੇ/ਨਕਸ਼ੇ ਬਣਾ ਕੇ ਆਖੀਏ ਕਿ ਅਸੀਂ ਸਿੱਖ ਹੁੰਦੇ ਹਾਂ, ਆਪਣੇ ਆਪ ਨਾਲ ਵੀ ਧੋਖਾ ਤੇ ਲੋਕਾਂ ਨਾਲ ਵੀ ਧੋਖਾ ਹੈ। ਕਿਸੇ ਨੇ ਇਸ ਬਾਰੇ ਬੜੇ ਸੋਹਣੇ ਲਫਜਾਂ ਵਿੱਚ ਅਖਿਆ ਹੈ।

ਹੱਥ ਡੂਨਾ ਪ੍ਰਸ਼ਾਦ ਦਾ, ਸਿਰ ਸੋਹਣੀ ਦਸਤਾਰ। ਮੁੱਛਾਂ ਤੋਂ ਜਾਪੇ ਮੋਲਵੀ, ਆਖਣ ਨੂੰ ਸਰਦਾਰ॥

ਅਜ ਇੱਕ ਹੋਰ ਕੰਮ ਜੋ ਰੀਤ ਹੀ ਬਣਦਾ ਜਾ ਰਿਹਾ ਹੈ ਬੱਚੇ ਦੀ ਦਸਤਾਰ ਸਜਾਉਣੀ, ਭਾਵੇਂ ਮੁੰਡਾ ਘੋਨ ਮੋਨ ਹੀ ਹੋਵੇ, ਤੇ ਹਰ ਗਰੀਬ ਅਮੀਰ ਇਸ ਰੀਤ ਨੂੰ ਕਰਕੇ ਬਹੁਤ ਖੁਸ਼ ਹੁੰਦਾ ਹੈ। ਖੰਡੇ ਬਾਟੇ ਦੀ ਪਾਹੁਲ ਦੀ ਲੈਣ ਦੀ ਲੋੜ ਨਹੀ ਸਮਝੀ ਜਾਂਦੀ ਜੋ ਸਾਡਾ ਜਰੂਰੀ ਸੰਸਕਾਰ ਹੋਣਾ ਚਾਹੀਦਾ ਹੈ, ਜੇ ਕਿਸੇ ਵੀ ਮਜ੍ਹਬ ਵਾਲਾ ਪੂਰਾ ਦਾਹੜਾ ਰੱਖ ਕੇ ਦਸਤਾਰ ਸਜਾ ਲਵੇ ਤੇ ਲੋਕ ਉਸ ਨੂੰ ਸਿੱਖ ਹੀ ਕਹਿਣਗੇ ਸਰਦਾਰ ਹੀ ਕਹਿਣਗੇ ਇਹ ਸਾਡੀ ਗੁਰੂ ਵਲੋਂ ਬਖਸ਼ੀ ਹੋਈ ਪਛਾਣ ਹੈ।

ਅਜ ਬਹੁਤੇ ਸਿੱਖ ਘਰਾਂ ਵਿੱਚ ਗੁਰਮਤਿ ਤੋਂ ਉਲਟ ਕੀ ਕੁੱਝ ਨਹੀਂ ਹੁੰਦਾ? ਲੜਕੇ ਦੇ ਜਨਮ ਦੀ ਖੁਸ਼ੀ, ਲੜਕੀ ਦੇ ਜਨਮ ਤੇ ਮਾਯੂਸ ਹੋਣਾ, ਨਵੇਂ ਜਨਮੇ ਬੱਚੇ ਦੇ ਵਾਲਾ ਨੂੰ ਜਟਾਵਾਂ ਮਨ ਕੇ ਵਡਭਾਗ ਸਿੰਘ ਦੇ ਡੇਰੇ ਤੇ ਮੁੰਡਨ ਕਰਾਉਣੇ, ਸੂਤਕ ਪਾਤਕ ਮਨਣਾ, ਵਰਤ ਰੱਖਣੇ, ਧਾਗੇ ਤਵੀਤ ਪਾਉਣੇ, ਨਰਾਤਿਆਂ ਵਿੱਚ ਕੰਜਕਾਂ ਬਠਾਉਣੀਆਂ, ਹਵਨ ਕਰਨੇ, ਮ੍ਰਿਤਕ ਪ੍ਰਾਣੀ ਦੇ ਨਾਲ ਕਾਨਾ ਰਖਣਾ, ਘੜਾ ਭਨਣਾ, ਪੈਂਚਕਾਂ ਦੇ ਵਿਹਮ, ਵਰ੍ਹੀਣੇ ਕਰਨੇ, ਬਰਸੀਆਂ ਮਨਾਉਣੀਆਂ, ਸਰਾਧ ਕਰਨੇ, ਪੰਜ ਸਿੱਖਾਂ (ਬ੍ਰਾਹਮਣਾਂ) ਨੂੰ ਭੋਜਨ ਕਰਣੇ, ਵਿਆਹ ਸ਼ਾਦੀ ਵਿੱਚ ਅੰਨਦ ਕਾਰਜ਼ ਤੋਂ ਪਿਹਲਾਂ ਜੈ ਮਾਲਾ ਪਾਉਣੀ ਜੋ ਹਿੰਦੂ ਧਰਮ ਵਿੱਚ ਵਿਆਹ ਦੀ ਜਰੂਰੀ ਰਸਮ ਹੈ, ਵਗੈਰ੍ਹਾ-ਵਗੈਰ੍ਹਾ, ਦੀਵਾਲੀ ਜੋ ਸਾਡਾ ਤਿੳਹਾਰ ਹੈ ਹੀ ਨਹੀਂ, ਬਹੁਤਾਤ ਸਿੱਖਾਂ ਦੀ ਇਸ ਦੀਵਾਲੀ ਨੂੰ ਮਨਾਉਂਦੀ ਹੈ ਤੇ ਲਕਸ਼ਮੀ ਗਣੇਸ਼ ਦੀ ਬਕਾਇਦਾ ਪੂਜਾ ਵੀ ਕਰਦੇ ਹਨ (ਇਹ ਕਦੇ ਨਹੀਂ ਸੋਚਿਆ ਕਿ ਸਿੱਖਾਂ ਦਾ ਵੀ ਕੋਈ ਕੋਮੀ ਤਿੳਹਾਰ ਹੋਵੇ ਜਿਸ ਤੇ ਸਿੱਖ ਫਖਰ ਕਰ ਸਕਦੇ ਹੋਣ)। ਮੈਂ ਖੁਦ ਦੇਖਿਆ ਹੈ ਕਰਵਾਚੋਥ ਦੇ ਵਰਤ ਤੇ ਕਈ ਬੀਬੀਆਂ ਜਿਨ੍ਹਾਂ ਕਿਰਪਾਨ ਪਾਈ ਹੁੰਦੀ ਹੈ ਮੈਂਹਦੀ ਲਗਵਾ ਰਹੀਆਂ ਹੁੰਦੀਆਂ ਹਨ, ਮੇਰੀ ਸਮਝ ਮੁਤਾਬਕ ਇਹਨਾ ਚੋਂ ਇੱਕ ਵੀ ਕਮ ਕਰਨ ਵਾਲਾ ਸਿੱਖ ਕਹਾਉਣ ਦਾ ਹਕਦਾਰ ਨਹੀਂ। ਪ੍ਰਾਣੀ ਦੇ ਚਲਾਣੇ ਤੋਂ ਅੰਤਮ ਅਰਦਾਸ ਵੇਲੇ ਕੁੱਝ ਵਸਤੂਆ ਦਾ ਗੁਰਦਵਾਰਾ ਸਾਹਿਬ ਨੂੰ ਦੇਣਾਂ ਜਾਂ ਕਿਸੇ ਹੋਰ ਨੂੰ ਦੇਣ ਦਾ ਮਕਸਦ ਸਿਰਫ ਇਤਨਾ ਕੁ ਹੀ ਸੀ ਕਿ ਉਕਤ ਪ੍ਰਾਣੀ ਵਲੋਂ ਆਪਣੀ ਕੀਤੀ ਹੋਈ ਕਿਰਤ ਕਮਾਈ ਨੂੰ ਸਫਲ ਕਰਨਾ ਪਰ ਇਹ ਇੱਕ ਰੀਤ ਬਣਕੇ ਰਹਿ ਗਈ ਹੈ, ਏਥੋਂ ਤਕ ਕਿ ਲੋਕ ਗੁਰਦਵਾਰਾ ਸਾਹਿਬ ਵਿੱਚ ਹੋਰ ਵਸਤੂਆਂ ਤੋਂ ਇਲਾਵਾ ਜੁੱਤੀਆਂ ਵੀ ਰਖਣ ਲਗ ਪਏ ਹਨ। ਕਿਉਂਕਿ ਅਜੇ ਸਾਡੇ ਅੰਦਰਲਾ ਬਰ੍ਹਾਮਣ ਜੀਊਂਦਾ ਹੈ।

ਮੇਰੀ ਦੂਰ ਦੀ ਇੱਕ ਰਿਸ਼ਤੇਦਾਰੀ ਵਿੱਚ ਐਸਾ ਹੀ ਇੱਕ ਵਾਕਿਆ ਹੋਇਆ ਇੱਕ ਬਜੁਰਗਾਂ ਦੀ ਅੰਤਮ ਅਰਦਾਸ ਵਿੱਚ ਮੈ ਦੇਖਿਆ ਕਿ ਕੜਾਹ ਪ੍ਰਸ਼ਾਦ ਦੀ ਦੇਗ ਦੇ ਲਾਗੇ ਬਸਤਰ, ਬਰਤਨ, ਦਾਲਾਂ ਤੇ ਨਵੀਆਂ ਚੱਪਲਾਂ ਵੀ ਪਈਆਂ ਹੋਈਆਂ ਸਨ ਮੇਰੇ ਕੋਲੋ ਰਿਹਾ ਨਹੀਂ ਗਿਆ ਮੈਂ ਸ਼ਬਦ ਵੀਚਾਰ ਲਈ ਸਮਾ ਲੈਕੇ ਕਿਹਾ ਕਿ ਜੋ ਵਸਤੂਆਂ ਤੁਸੀ ਮ੍ਰਿਤਕ ਦੀ ਅੰਤਮ ਅਰਦਾਸ ਵਿੱਚ ਰੱਖੀਆਂ ਹਨ ਇਹਨਾ ਦੀ ਤੇ ਸਰਦਾਰ ਜੀ ਨੂੰ ਲੋੜ ਹੀ ਨਹੀਂ ਹੈ ਓਹਨਾ ਦੇ ਗੋਡਿਆਂ ਨੂੰ ਬੜੀ ਤਕਲੀਫ ਸੀ ਚਾਰ ਕੁ ਬੰਦੇ ਗੋਡੇ ਘੁਟਣ ਲਈ ਚਾਹੀਦੇ ਹਨ ਕੀ ਓਹ ਭੇਜੇ ਜਾ ਸਕਦੇ ਹਨ, ਸਾਰੇ ਹਾਲ ਵਿੱਚ ਚੁਪ ਵਰਤ ਗਈ। ਇਹ ਸਭ ਕਰਨ ਵਾਲੇ ਕਦਾਚਿਤ ਸਿੱਖ, ਗੁਰਸਿੱਖ ਜਾ ਸਹਿਜਧਾਰੀ ਸਿੱਖ ਨਹੀ ਹੋ ਸਕਦੇ, ਬਸ ਸਹਿਜਧਾਰੀ ਹਿੰਦੂ ਹੀ ਹੋ ਸਕਦੇ ਹਨ, ਕਿਉਂਕਿ ਇਹ ਸਭ ਹੌਲ਼ੀ-ਹੌਲ਼ੀ ਹਿੰਦੂ ਧਰਮ ਵਲ ਵਧ ਰਹੇ ਹਨ। ਇਸ ਸਭ ਵਾਸਤੇ ਅਸੀਂ ਖੁਦ ਜੁਮੇਵਾਰ ਹਾਂ ਕਿਉਂਕਿ ਅਸੀਂ ਅਖਾਂ ਮੀਟ ਕੇ ਸਭ ਦੇਖਦੇ ਰਹਿੰਦੇ ਹਾਂ ਕਿ ਛੱਡੋ ਜੀ ਅਸੀਂ ਕੀ ਲੈਣਾ ਜਾਂ ਬੈਹਸ ਵਿੱਚ ਕੀ ਪੈਣਾ, ਜਦਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਘਰ ਦੇ ਕੂਕਰ ਬਣਕੇ ਸਿੱਖੀ ਨੂੰ ਲਗ ਰਹੀ ਸਨ੍ਹ ਨੂੰ ਰੋਕੀਏ ਤੇ ਗੁਰੂ ਦੇ ਅਸਲੀ ਵਾਰਸ ਬਣੀਏਂ ਨਾਕਿ 15/16 ਪੀੜੀ ਵਾਲੇ ਵਾਰਸ ਕਿ ਅਸੀਂ ਫਲਾਣੀ ਵੰਸ਼ ਵਿਚੋਂ ਹਾਂ॥

ਹਿੰਦੂ ਅੰਨਾੑ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥ ਹਿੰਦੂ ਪੂਜੈ ਦੇਹੁਰਾ, ਮੁਸਲਮਾਣੁ ਮਸੀਤਿ॥ ਨਾਮੇ ਸੋਈ ਸੇਵਿਆ, ਜਹ ਦੇਹੁਰਾ ਨ ਮਸੀਤਿ॥ 4॥ 3॥ 7॥ {ਪੰਨਾ 874-875}

(ਹਿੰਦੂ ਨੇ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਉਹ ਆਪਣੇ ਇਸ਼ਟ ਬਾਰੇ ਸ਼ਰਧਾ-ਹੀਣ ਕਹਾਣੀਆਂ ਘੜਨ ਲੱਗ ਪਿਆ, ਤੇ ਦੂਜੀ ਗਵਾਈ, ਜਦੋਂ ਉਹ ਪਰਮਾਤਮਾ ਨੂੰ ਨਿਰਾ ਮੰਦਰ ਵਿੱਚ ਬੈਠਾ ਸਮਝ ਕੇ ਮੰਦਰ ਨੂੰ ਪੂਜਣ ਲੱਗ ਪਿਆ ਤੇ ਹੁਣ ਉਸ ਨੂੰ ਇਤਨੀ ਸਮਝ ਵੀ ਨਹੀਂ ਕਿ ਕਿੱਥੇ ਮੱਥਾ ਟੇਕਣਾ ਹੈ ਕਬਰ, ਮੜ੍ਹੀ, ਮੱਠ, ਮੂਰਤੀ ਜਿਵੇਂ ਅੰਨੇ ਮਨੁਖ ਨੂੰ ਜਿੱਥੇ ਮਰਜੀ ਮੱਥਾ ਟਕਾ ਦਿੳ ਕਿ ਇਥੇ ਰੱਬ ਹੈ ਭਗਵਾਨ ਹੈ), ਮੁਸਲਮਾਨ (ਦੀ ਹਜ਼ਰਤ ਮੁਹੰਮਦ ਸਾਹਿਬ ਵਿੱਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ ਪਰ ਦੂਜੀ ਗਵਾ ਬੈਠਾ ਹੈ, ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿੱਚ ਜਾਣ ਕੇ) ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਰਿਹਾ ਹੈ। ਸੋ ਹਿੰਦੂ ਦੋਵੇਂ ਅੱਖਾਂ ਗਵਾ ਬੈਠਾ ਹੈ, ਪਰ ਮੁਸਲਮਾਨ ਦੀ ਇੱਕ ਅੱਖ ਹੀ ਖ਼ਰਾਬ ਹੋਈ ਹੈ; ਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ (ਪ੍ਰਭੂ ਦੀ ਹਸਤੀ ਦਾ ਸਹੀ) ਗਿਆਨ ਹੋ ਗਿਆ ਹੈ। ਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਹ ਕੋਈ ਖ਼ਾਸ ਮੰਦਰ ਹੈ ਤੇ ਨਾ ਮਸਜਿਦ। 4. 3. 7.

ਭੁਲ ਚੁਕ ਦੀ ਖਿਮਾ ਗੁਰਦੇਵ ਸਿੰਘ ਬਟਾਲਵੀ ਮੋ:-9417270965




.