.

ਵਿਅੰਗ- ਆਉ ਸਾਰੇ ਸੰਤ ਬਣੀਏ

ਪਿਆਰੇ ਪਾਠਕੋ ਇਸ ਤੋਂ ਪਹਿਲਾਂ ਕਿ ਆਪਾਂ ਸਾਰੇ ਸੰਤ ਬਣੀਏ ਮੈਂ ਦੱਸ ਦਿਆਂ ਕਿ ਮੈਂ ਕੋਈ ਲੇਖਕ ਨਹੀਂ। ਲਿਖਣ ਦੇ ਅਭਿਆਸ ਬਾਰੇ ਕੀ ਦੱਸਾਂ ਮੈਨੂੰ ਤਾਂ ਇਹ ਵੀ ਯਾਦ ਨਹੀਂ ਕਿ ਮੈਂ ਜ਼ਰੂਰੀ ਕੰਮ ਵਾਲੀ ਅਰਜ਼ੀ ਕਦੋਂ ਲਿਖੀ ਸੀ। ਕਹਿਣ ਦਾ ਭਾਵ ਕਿ ਲਿਖਣ ਸ਼ੈਲੀ ਨੂੰ ਗੰਭੀਰਤਾ ਨਾਲ ਨਹੀਂ ਲੈਣਾ।

ਖੈਰ ਆਉ ਸੰਤ ਬਣਨ ਵਲ ਮੁੜਦੇ ਹਾਂ। ਤੁਸੀਂ ਸੋਚੋਂਗੇ ਕਿ ਪਹਿਲਾਂ ਸੰਤ ਥੋੜੇ ਆ, ਜਿਹੜਾ ਇਹ ਸਾਰਿਆਂ ਨੂੰ ਸੰਤ ਬਨਾਉਣ ਲੱਗਾ ਹੈ। ਪੰਜਾਬ ਵਿੱਚ ਤਾਂ ਪਹਿਲਾਂ ਹੀ ਡੇਰਿਆਂ ਦੀ ਗਿਣਤੀ ਪਿੰਡਾਂ ਦੀ ਗਿਣਤੀ ਨੂੰ ਪਿੱਛੇ ਛੱਡ ਗਈ ਹੈ। ਕਈਆਂ ਦੇ ਮੂੰਹ ਵੀ ਗੁੱਸੇ ਨਾਲ ਲਾਲ ਪੀਲੇ ਹੋ ਗਏ ਹੋਣੇ ਆ। ਪਰ ਮੇਰੇ ਤਾਂ ਮੂੰਹ ਵਿੱਚ ਸੰਤਾਂ ਦੀ ਐਸ਼ੋ ਇਸ਼ਰਤ ਦੇਖ ਕੇ ਪਾਣੀ ਆ ਜਾਂਦਾ ਹੈ। ਹਾਏ ਉਏ ਮੇਰਿਆ ਰੱਬਾ ਸੁੱਖ ਸਹੂਲਤਾਂ, ਕਦੇ ਕਿਸੇ ਰਾਜੇ ਨੂੰ ਵੀ ਨਹੀਂ ਸੁਣੀਆਂ। ਇਹਨਾਂ ਦੇ ਠਾਠ ਤੇ ਮਹਿਲ ਆਲੀਸ਼ਾਨ! ਗੱਡੀਆਂ ਜਿਹੜਾ ਰਹੇ ਰੱਬ ਦਾ ਨਾਂ ਸਭ ਤੋਂ ਮਹਿੰਗੀਆਂ ਤੇ ਨਵੀਆਂ ਤੇ ਨਾਲ ਹਥਿਆਰ ਵੀ ਵਧੀਆ। ਇਹਨਾ ਦੇ ਦਗ ਦਗ ਕਰਦੇ ਚਿਹਰੇ ਰਾਜ਼ ਹੁੱਣ ਪਤਾ ਲੱਗਿਆ ਕਿ ਕੜ੍ਹੇ ਹੋਏ ਦੁੱਧ ਨਾਲ ਬਦਾਮ ਖਾ ਕੇ ਤੇ ਧੁੱਪੇ ਕੰਮ ਨਾ ਕਰਨ ਨਾਲ ਮੂੰਹ ਤੇ ਚਮਕ ਜਾਣੀ ਨੂਰ ਆ ਜਾਂਦਾ ਹੈ। ਸ਼ੋਹਰਤ ਹਜ਼ਾਰਾਂ ਲੋਕ ਅੱਗੇ ਪਿੱਛੇ, ਤਾਕਤ ਮੁੱਖ ਮੰਤਰੀ ਤੱਕ ਵੀ ਲੁੱਕ ਕੇ ਸਲਾਹਾਂ ਕਰਦੇ ਨੇ। ਮੈਂ ਕਹਿਨਾ ਸਰਕਾਰਾਂ ਬਦਲਨੀਆ ਇਹਨਾ ਵਾਸਤੇ ਉਨਾਂ ਹੀ ਔਖਾ ਕੰਮ ਹੈ ਜਿੰਨਾ ਜਵਾਕਾਂ ਵਾਸਤੇ ਪਤੰਗ ਉਡਾਉਣੇ। ਇਹਨਾ ਦੀਆਂ ਸੁੱਖ ਸਹੂਲਤਾਂ ਦੇ ਵਿਸਥਾਰ ਵਿੱਚ ਜਾਣਾ ਹੋਵੇ ਤਾਂ ਕਈ ਵਰਕੇ ਕਾਲੇ ਹੋ ਸਕਦੇ ਨੇ ਤੇ ਕਈ ਸੁੱਖ ਸਹੂਲਤਾਂ ਤਾਂ ਸੱਭਿਅਕ ਮਨੁੱਖ ਬਿਆਨ ਹੀ ਨਹੀਂ ਕਰ ਸਕਦਾ।

ਕਿਉਂ ਦੇਖੀ ਫਿਰ ਸੰਤਾਂ ਦੀ ਟੌਰ! ਇਹਨਾ ਦੀ ਕਰੋੜਾਂ ਰੁਪਈਆਂ ਦੀ ਆਮਦਨ ਤੇ ਉਹ ਵੀ ਟੈਕਸ ਫਰੀ! ਹਿੰਗ ਲੱਗੇ ਨਾ ਫੱਟਕੜੀ ਤੇ ਰੰਗ ਵੀ ਚੌਖਾ। ਕਿਆ ਬਾਤਾਂ ਨਹੀ ਰੀਸਾਂ ਇਹਨਾ ਦੀਆਂ, ਮੇਰੀ ਸੋਚ ਦੇ ਹਾਣੀਉ ਕਰਦਾ ਏ ਨਾ ਚਿੱਤ ਸੰਤ ਬਣਨ ਨੂੰ (ਗੁਰਮਤ ਦੇ ਸਿਧਾਂਤ ਤੋਂ ਕਿਨਾਰਾ ਕਰਕੇ)। ਕਈ ਵਾਰੀ ਤਾਂ ਮਨ ਕਹਿੰਦਾ ਏ ਕਿ ਐਂਵੇ ਮਿੱਟੀ ਨਾਲ ਮਿੱਟੀ ਹੋਈ ਜਾਨੇ ਹਾਂ, ਸੰਤ ਬਣਕੇ ਜੇ ਕਰੋੜਾਂ ਦੀ ਆਮਦਨ ਨਾ ਸਹੀ ਲੱਖਾਂ ਦੀ ਤਾਂ ਹੋਉ। ਜੇ ਬਹੁਤੀ ਮਹਿੰਗੀ ਗੱਡੀ ਨਾਂ ਮਿਲੂ ਤਾਂ 40-50 ਲੱਖ ਵਾਲੀ ਨਾਲ ਹੀ ਕੰਮ ਸਾਰ ਲਵਾਂਗੇ।

ਹੁਣ ਸਵਾਲ ਇਹ ਉੱਠਦਾ ਹੈ ਕਿ ਸੰਤ ਬਣੀਏ ਕਿਵੇਂ? ਲੈ ਇਹ ਵੀ ਕਿਹੜਾ ਔਖੀ ਗੱਲ ਹੈ, ਇੱਥੇ ਕਿਹੜਾ ਕਿਸੇ ਯੂਨੀਵਰਸਿਟੀ ਦਾ ਸਰਟੀਫਿਕੇਟ ਚਾਹੀਦਾ ਹੈ ਬੱਸ ਆਪੇ ਹੀ ਆਪਣੇ ਨਾਂ ਨਾਲ ਸੰਤ ਦੀ ਡਿਗਰੀ ਲਾ ਲੈਣੀ ਹੈ। ਤੁਸੀ ਸੋਚਦੇ ਹੋਵੋਗੇ ਕਿ ਫਿਰ ਵੀ ਕੋਈ ਨਾ ਕੋਈ ਵਿਧੀ ਤਾਂ ਹੋਵੇਗੀ? ਲਉ ਸੰਤ ਬਣਨ ਨੂੰ ਹੋ ਜਾਉ ਤਿਆਰ, ਬਹੁਤ ਹੀ ਪ੍ਰਚਲਿਤ ਵਿਧੀ ਇਹ ਹੈ ਕਿ ਕਿਸੇ ਬਜ਼ੁਰਗ ਸੰਤ ਨੂੰ ਗੁਰੂ ਧਾਰ ਲਵੋ। ਜੇ ਤਾਂ ਉਸ ਸੰਤ ਦੇ ਚੜਾਈ ਕਰਨ ਤੇ ਤੁਹਾਡਾ ਨੰਬਰ ਲਗਦਾ ਹੈ ਤਾਂ ਵਾਰੇ ਨਿਆਰੇ ਨਹੀਂ ਤਾਂ ਥੋੜਾ ਉੱਧਮ ਕਰਕੇ ਵੱਖਰੀ ਬਰਾਂਚ ਖੋਲ ਲਵੋ। ਕਿਹੜੇ ਸਾਜ਼ ਚਾਹੀਦੇ ਹਨ ਇਸ ਵਾਸਤੇ ਬੱਬੂ ਮਾਨ ਦਾ ਗੀਤ ਸੁਣੋ, ਲੈ ਕੇ ਦੋ ਚਾਰ ਢੋਲਕੀਆਂ … …. । ਤੇ ਫਿਰ ਗੁਰਬਾਣੀ ਵਿਚੋਂ ਆਪਣੇ ਮਤਲਬ ਦੀਆਂ ਅੱਧੀਆਂ ਪੰਕਤੀਆਂ ਚੁਣੋ ਤੇ ਆਪਣੇ ਅਨੁਸਾਰ ਅਰਥ ਕਰੋ, ਤੇ ਬਾਕੀ ਊਟ ਪਟਾਂਗ ਜੋ ਮੂੰਹ ਵਿੱਚ ਆਇਆ ਬੋਲੋ ਕੋਈ ਨਹੀਂ ਪੁੱਛਦਾ। ਉਦਾਹਰਨ ਦੇ ਤੌਰ ਤੇ ਇੱਕ ਬਾਬੇ ਦੀ ਧਾਰਨਾ ਸਰਵਨ ਕਰੋ “ਲੱਤਾਂ ਤਾਂਹ ਨੂੰ ਤੇ ਸਿਰ ਹੋਇਆ ਠਾਂਹ ਨੂੰ ਫੱਸ ਗਿਆ ਵਿਚਾਰਾ ਬਗਲਾ ਜਪੋ ਬੀਬੀਉ ਲੱਤਾਂ ਤਾਂਹ ਨੂੰ …. .”। ਕਈਆਂ ਨੂੰ ਤਾਂ ਇਹ ਕੰਮ ਵੀ ਔਖਾ ਲਗਦਾ ਹੋਣਾ ਕਿ ਅਸੀਂ ਐਨੇ ਲੋਕਾਂ ਸਾਹਮਣੇ ਗਾਵਾਂਗੇ ਕਿਦਾਂ? ਇਹਦਾ ਇਲਾਜ ਵੀ ਹੈ, ਤੁਸੀਂ ਵਧੀਆ ਗਾਉਣ ਵਾਲੇ ਵੀ ਆਪਣੇ ਨਾਲ ਰੱਖ ਸਕਦੇ ਹੋ। ਪਰ ਨਾਂ ਤੁਹਾਡਾ ਹੋਣਾ ਚਾਹੀਦਾ ਹੈ, ਇਸੇ ਗੱਲ ਨੂੰ ਦ੍ਰਿੜ ਕਰਣ ਲਈ ਇੱਕ ਕਥਾ ਸੁਣੋ:

ਇੱਕ ਵਾਰ ਦੀ ਗੱਲ ਹੈ ਇੱਕ ਸੰਤ ਬਾਬਾ ਜੀ ਆਪਣੇ ਜਥੇ ਸਮੇਤ ਪਧਾਰੇ। ਉਹ ਸਟੇਜ ਦੇ ਕੋਲ ਬਹਿ ਕੇ ਸੰਗਤਾਂ ਨੂੰ ਦਰਸ਼ਨ ਤਾਂ ਦਿੰਦੇ ਸਨ ਪਰ ਮੂੰਹੋਂ ਕੁੱਝ ਨਹੀਂ ਸਨ ਫੁੱਟਦੇ। ਇਸ ਕਰਕੇ ਕੁੱਝ ਵੀਰ ਉਹਨਾ ਨੂੰ `ਚੁੱਪ ਕੀਤਾ ਬਾਬਾ’ ਕਹਿਣ ਲੱਗੇ। ਸਟੇਜ ਤੇ ਸਾਰਾ ਪ੍ਰੋਗਰਾਮ ਉਹਨਾ ਦੇ ਜਥੇ ਦੇ ਸਿੰਘ ਹੀ ਕਰਦੇ। ਇੱਕ ਦਿਨ ਬਾਬਾ ਜੀ ਬਾਰੇ ਚਰਚਾ ਚੱਲ ਪਈ ਕਿ ਉਹ ਮੂੰਹੋਂ ਕੁੱਝ ਨਹੀਂ ਸੁਣਾਉਦੇ। ਇਸੇ ਵਿਚਾਰ ਚਰਚਾ ਵਿੱਚ ਜਿਹੜੀ ਗੱਲ ਇੱਕ ਵੀਰ ਨੇ ਕਹੀ ਉਸਨੂੰ ਯਾਦ ਕਰਕੇ ਹੁਣ ਵੀ ਮੇਰਾ ਇੱਕਲੇ ਬੈਠੇ ਦਾ ਹਾਸਾ ਨਿਕਲ ਜਾਂਦਾ ਹੈ। ਉਸਨੇ ਕਿਹਾ ਕਿ ਉਹ ਬਾਬਾ ਨਾਲ ਆਏ ਜਥੇ ਦਾ ਠੇਕੇਦਾਰ ਸੀ ਜਾਣੀ Contractor। ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਠੇਕੇਦਾਰ ਦੀ ਜਿੰਮੇਵਾਰੀ ਕੰਮ ਅਤੇ ਕਾਮੇ ਲੱਭ ਕੇ ਕੰਮ ਕਰਾਉਣ ਦੀ ਹੁੰਦੀ ਹੈ। ਸੋ ਕਥਾ ਦਾ ਸਾਰ ਇਹ ਨਿਕਲਿਆ ਕਿ ਇਸ ਕੰਮ ਵਿੱਚ ਤੁਸੀਂ ਠੇਕੇਦਾਰ ਵੀ ਬਣ ਸਕਦੇ ਹੋ।

ਲਉ ਜੀ ਹੁੱਣ ਗੰਭੀਰ ਸਵਾਲ ਇੱਹ ਉੱਠਦਾ ਹੈ ਕਿ ਜੇ ਆਪਾਂ ਸਾਰੇ ਸੰਤ ਬਣ ਗਏ ਤਾਂ ਕੀ ਹੋਵੇਗਾ? ਇਸ ਦਾ ਉੱਤਰ ਇਹ ਹੈ ਕਿ ਇਸ ਨਾਲ ਸ਼ਾਇਦ ਅਖੌਤੀ ਸੰਤਵਾਦ ਦਾ ਕਾਰੋਬਾਰ ਠੱਪ ਹੋ ਜਾਏ। ਉਦਾਹਰਨ ਦੇ ਤੌਰ ਤੇ ਜੇ ਸਾਰੇ ਲੋਕ ਹੀ ਲੂਣ ਦੇ ਵਪਾਰੀ ਬਣ ਜਾਣ ਤਾਂ ਉਹ ਲੂਣ ਵੇਚਣਗੇ ਕਿੱਥੇ? ਸ਼ਾਇਦ ਇੱਹ ਨੁੱਕਤਾ ਗੁਰਮਤਿ ਦੇ ਸਿਧਾਂਤ ਤੇ ਪਹਿਰਾ ਦੇ ਰਹੀਆਂ ਧਿਰਾਂ ਦੇ ਪਸੰਦ ਆ ਜਾਏ। ਜੇ ਕਿਸੇ ਸੱਜਣ ਨੂੰ ਊਟ ਪਟਾਂਗ ਸੋਹਣਾ ਲੱਗਾ ਹੋਵੇ ਜਾ ਸੰਤ ਬਣਨਾ ਹੋਵੇ ਤਾਂ ਹੌਂਸਲਾ ਅਫਜ਼ਾਈ ਲਈ ਫੋਨ ਜ਼ਰੂਰ ਕਰੇ। ਜੇ ਕਿਸੇ ਨੂੰ ਪਸੰਦ ਨਾ ਆਇਆ ਹੋਵੇ ਤਾਂ ਫੋਨ ਦੇ ਨਾਲ ਨਾਲ ਚਿੱਠੀ ਵੀ ਜ਼ਰੂਰ ਪਾਇਉ ਜਾ ਆ ਕੇ ਦਰਸ਼ਨ ਦਿਉ, ਦਰਵਾਜ਼ੇ ਤੇ ਬੈਠ ਕੇ ਤੁਹਾਡੀ ਉਡੀਕ ਕਰਾਂਗੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

ਗੁਰਦਿਆਲ ਸਿੰਘ (ਨਿਉਜ਼ੀਲੈਂਡ)

ਮੋਬਾਇਲ- (0064) 276964294




.