.

ੴਸਤਿਗੁਰਪ੍ਰਸਾਦਿ
ਨਾਮ ਸਿਮਰਨ (ਗੁਰਮਤਿ ਅਨੁਸਾਰ)
(ਕਿਸ਼ਤ ਨੰ: 02)

ਨਾਮ ਸਿਮਰਨ ਦੀ ਮਹਤੱਤਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਗਿਆਂ ਇਹ ਗੱਲ ਤਾਂ ਸਪਸ਼ਟ ਹੋ ਜਾਂਦੀ ਹੈ ਕਿ ਸਾਰੀ ਗੁਰਬਾਣੀ ਨਾਮ ਸਿਮਰਨ ਦੀ ਮਹਿਮਾ ਨਾਲ ਭਰੀ ਪਈ ਹੈ। ਹੇਠਾਂ ਕੇਵਲ ਕਿਣਕਾ ਮਾਤ੍ਰ ਪ੍ਰਮਾਣ ਦਿੱਤੇ ਜਾ ਰਹੇ ਹਨ:

“ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ॥ ਬਿਨੁ ਨਾਵੈ ਜੀਵਣੁ ਨਾ ਥੀਐ ਮੇਰੇ ਸਤਿਗੁਰ ਨਾਮੁ ਦ੍ਰਿੜਾਇ॥”

{ਸਿਰੀ ਰਾਗੁ ਮਹਲਾ 4, ਪੰਨਾ 40}

ਹੇ ਮੇਰੇ ਪ੍ਰੀਤਮ-ਪ੍ਰਭੂ! ਤੇਰਾ ਨਾਮ ਸਿਮਰ ਕੇ ਹੀ ਮੈਂ ਆਤਮਕ ਜੀਵਨ ਜੀਊ ਸਕਦਾ ਹਾਂ। ਹੇ ਮੇਰੇ ਸਤਿਗੁਰੂ! (ਮੇਰੇ ਹਿਰਦੇ ਵਿੱਚ ਪਰਮਾਤਮਾ ਦਾ) ਨਾਮ ਪੱਕਾ ਕਰ ਦੇ (ਕਿਉਂਕਿ) ਪ੍ਰਭੂ-ਨਾਮ ਤੋਂ ਬਿਨਾ ਆਤਮਕ ਜੀਵਨ ਨਹੀਂ ਬਣ ਸਕਦਾ। 1.

“ਨਾਨਕ ਹਰਿ ਨਾਮੁ ਜਿਨੀ ਆਰਾਧਿਆ ਅਨਦਿਨੁ ਹਰਿ ਲਿਵ ਤਾਰ॥ ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ॥” {ਮ: 3, ਪੰਨਾ 90}

ਹੇ ਨਾਨਕ। ਜਿਨ੍ਹਾਂ ਨੇ ਹਰ ਰੋਜ਼ ਇਕ-ਰਸ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ ਹੈ, ਖਸਮ ਪ੍ਰਭੂ ਦੀ ਦਾਸੀ ਮਾਇਆ ਉਹਨਾਂ ਦੇ ਅੱਗੇ ਕਾਰ ਕਮਾਂਦੀ ਹੈ (ਭਾਵ, ਉਹ ਬੰਦੇ ਮਾਇਆ ਦੇ ਪਿੱਛੇ ਨਹੀਂ ਫਿਰਦੇ, ਮਾਇਆ ਉਹਨਾਂ ਦੀ ਸੇਵਕ ਬਣਦੀ ਹੈ)।

“ਮਾਣਸ ਤੇ ਦੇਵਤੇ ਭਏ, ਧਿਆਇਆ ਨਾਮੁ ਹਰੇ॥” {ਮ: 3, ਪੰਨਾ 90}

ਹਰੀ ਨਾਮ ਦਾ ਸਿਮਰਨ ਕਰ ਕੇ ਜੀਵ ਮਨੁੱਖ (-ਸੁਭਾਵ) ਤੋਂ ਦੇਵਤਾ ਬਣ ਜਾਂਦੇ ਹਨ।

“ਜੋ ਸਿਮਰੰਦੇ ਸਾਂਈਐ॥ ਨਰਕਿ ਨ ਸੇਈ ਪਾਈਐ॥

ਤਤੀ ਵਾਉ ਨ ਲਗਈ ਜਿਨ ਮਨਿ ਵੁਠਾ ਆਇ ਜੀਉ॥ 2॥” {ਮਾਝ ਮਹਲਾ 5, ਪੰਨਾ 132}

ਜੇਹੜੇ ਮਨੁੱਖ ਖਸਮ-ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਨਰਕ ਵਿੱਚ ਨਹੀਂ ਪਾਇਆ ਜਾਂਦਾ। (ਹੇ ਭਾਈ !) ਜਿੰਨ੍ਹਾਂ ਦੇ ਮਨ ਵਿੱਚ ਪਰਮਾਤਮਾ ਆ ਵੱਸਦਾ ਹੈ, ਉਹਨਾਂ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ। 2.

ਕਿਤਨੇ ਸਪਸ਼ਟ ਪ੍ਰਮਾਣ ਹਨ ਕਿ ਜੇ ਨਾਮ ਸਿਮਰਨ ਕਰ ਰਹੇ ਹਾਂ, ਤਾਂ ਜੀਵਨ ਸਾਰਥਕ ਹੈ, ਅਤੇ ਨਾਮ ਵਿਹੂਣਾ ਜੀਵਨ ਕਿਸੇ ਕੰਮ ਦਾ ਨਹੀਂ। ਅਸੀਂ ਨਾਮ ਨੂੰ ਭੁੱਲ ਕੇ ਮਾਇਆ ਦੇ ਪਿੱਛੇ ਧੱਕੇ ਖਾਂਦੇ ਫਿਰਦੇ ਹਾਂ, ਪਰ ਜੇ ਅਕਾਲ-ਪੁਰਖ ਦਾ ਨਾਮ ਸਿਮਰੀਏ, ਤਾਂ ਇਹ ਮਾਇਆ ਸਾਨੂੰ ਆਪਣੀ ਦਾਸੀ ਜਾਪੇਗੀ, ਭਾਵ ਮਾਇਆ ਪਿੱਛੇ ਭਟਕਣ ਦੀ ਤ੍ਰਿਸ਼ਨਾ ਹੀ ਮਿਟ ਜਾਵੇਗੀ। ਅਕਾਲ-ਪੁਰਖ ਦਾ ਨਾਮ ਹੀ ਹੈ, ਜੋ ਸਾਨੂੰ ਮਨੁੱਖਾਂ ਤੋਂ ਦੇਵਤਿਆਂ ਵਾਲੀ ਅਵਸਥਾ ਵਿੱਚ ਪਹੁੰਚਾ ਸਕਦਾ ਹੈ। ਇਸ ਦਾ ਇਹ ਭਾਵ ਨਹੀਂ ਕਿ ਸਾਡਾ ਕੋਈ ਰੂਪ ਰੰਗ ਬਦਲ ਜਾਵੇਗਾ, ਬਲਕਿ ਸ਼ੁਭ ਗੁਣ ਸਾਡੇ ਜੀਵਨ ਵਿੱਚ ਆ ਜਾਣਗੇ। ਦੇਵਤਿਆਂ ਵਾਲਾ ਸੁਭਾ ਬਣ ਜਾਵੇਗਾ। ਨਾਮ ਸਿਮਰਨ ਨਾਲ ਹੀ ਸਾਡੇ ਜੀਵਨ ਦੇ ਸਾਰੇ ਦੁੱਖ ਕਲੇਸ਼ ਨਾਸ ਹੋ ਜਾਂਦੇ ਹਨ।

ਭਗਤ ਕਬੀਰ ਜੀ ਦੀਆਂ ਹੇਠ ਲਿਖੀਆਂ ਪੰਕਤੀਆਂ ਵਿਸ਼ੇਸ਼ ਧਿਆਨ ਮੰਗਦੀਆਂ ਹਨ:

“ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥” {ਕਬੀਰ ਜੀਉ, ਪੰਨਾ 1160}

ਹੇ ਭਾਈ ! ਜੇ ਤੂੰ ਗੁਰੂ ਦੀ ਸੇਵਾ ਦੀ ਰਾਹੀਂ ਬੰਦਗੀ ਦੀ ਕਮਾਈ ਕਰੇਂ, ਤਾਂ ਹੀ ਇਹ ਮਨੁੱਖਾ-ਸਰੀਰ ਮਿਲਿਆ ਸਮਝ।

ਆਮ ਤੌਰ ਤੇ ਸਾਡੇ ਵੱਡੇ ਵੱਡੇ ਵਿਦਵਾਨਾਂ ਵਲੋਂ ਵੀ ਇਨਾਂ ਪੰਕਤੀਆਂ ਦੀ ਅਕਸਰ ਗਲਤ ਵਿਆਖਿਆ ਕੀਤੀ ਜਾਂਦੀ ਹੈ, ਕਿ ਬਹੁਤ ਭਗਤੀ ਦੀ ਕਮਾਈ ਕੀਤੀ, ਤਾਂ ਇਹ ਮਨੁੱਖਾ ਸ਼ਰੀਰ ਮਿਲ ਗਿਆ। ਜ਼ਰਾ ਸੋਚੋ ਜਦ ਮਨੁੱਖਾ ਸ਼ਰੀਰ ਹੀ ਨਹੀਂ ਸੀ, ਤਾਂ ਤੂੰ ਭਗਤੀ ਕਿਵੇਂ ਕਰ ਲਈ? ਅਸਲ ਵਿੱਚ ਭਗਤ ਕਬੀਰ ਜੀ ਤਾਂ ਸਾਨੂੰ ਸਮਝਾ ਰਹੇ ਹਨ, ਕਿ ਜੇ ਮਨੁਖਾ ਜੀਵਨ ਵਿੱਚ, ਗੁਰੂ ਦੇ ਦੱਸੇ ਮਾਰਗ ਤੇ ਚਲ ਕੇ, ਭਗਤੀ ਦੀ ਕਮਾਈ ਕਰੇਂ ਤਾਂ ਹੀ ਇਹ ਮਨੁਖਾ ਸ਼ਰੀਰ ਮਿਲਿਆ ਸਫਲ ਸਮਝ। ਨਹੀਂ ਤਾਂ ਇਹ ਇੰਝ ਹੀ ਹੈ ਜਿਵੇਂ ਜਾਨਵਰ, ਕੀਟ, ਪਤੰਗੇ ਆਦਿ ਜੀਵ ਜੰਤੂ ਆਪਣਾ ਜੀਵਨ ਬਤੀਤ ਕਰਕੇ ਚਲੇ ਜਾਂਦੇ ਹਨ।

ਇਸੇ ਕਰਕੇ ਪੰਜਵੇਂ ਨਾਨਕ, ਸਤਿਗੁਰੂ ਅਰਜਨ ਪਾਤਿਸ਼ਾਹ ਫੁਰਮਾਂਉਂਦੇ ਹਨ:

“ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ॥ ਕਲਿ ਕਲੇਸ ਤਨ ਮਾਹਿ ਮਿਟਾਵਉ॥ ਸਿਮਰਉ ਜਾਸੁ ਬਿਸੁੰਭਰ ਏਕੈ॥ ਨਾਮੁ ਜਪਤ ਅਗਨਤ ਅਨੇਕੈ॥” {ਗਉੜੀ ਸੁਖਮਨੀ ਮਃ 5, ਪੰਨਾ 262}

ਮੈਂ (ਅਕਾਲ ਪੁਰਖ ਦਾ ਨਾਮ) ਸਿਮਰਾਂ ਤੇ ਸਿਮਰ ਸਿਮਰ ਕੇ ਸੁਖ ਹਾਸਲ ਕਰਾਂ; (ਇਸ ਤਰ੍ਹਾਂ) ਸਰੀਰ ਵਿੱਚ (ਜੋ) ਦੁੱਖ ਬਿਖਾਂਧ (ਹਨ ਉਹਨਾਂ ਨੂੰ) ਮਿਟਾ ਲਵਾਂ। ਜਿਸ ਇੱਕ ਜਗਤ ਪਾਲਕ (ਹਰੀ) ਦਾ ਨਾਮ ਅਨੇਕਾਂ ਤੇ ਅਣਗਿਣਤ (ਜੀਵ) ਜਪਦੇ ਹਨ, ਮੈਂ (ਭੀ ਉਸ ਨੂੰ) ਸਿਮਰਾਂ।

ਉਪਰੋਕਤ ਪ੍ਰਮਾਣਾਂ ਤੋਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਨਾਮ ਸਿੱਖੀ ਵਿਚਾਰਧਾਰਾ ਦਾ ਸੱਭ ਤੋਂ ਮਹੱਤਵ ਪੂਰਨ ਅੰਗ ਹੈ। ਨਾਮ ਤੋਂ ਬਿਨਾਂ ਨਾ ਸਿੱਖੀ ਸੰਪੂਰਨ ਹੁੰਦੀ ਹੈ ਅਤੇ ਨਾ ਹੀ ਮਨੁੱਖਾ ਜੀਵਨ ਸਫਲਾ ਹੁੰਦਾ ਹੈ। ਪਰ ਨਾਮ ਤਾਂ ਜਿਵੇਂ ਸਾਡੇ ਜੀਵਨ ਵਿੱਚੋਂ ਅਲੋਪ ਹੀ ਹੋ ਗਿਆ ਹੈ। ਉਸ ਦੀ ਜਗ੍ਹਾਂ ਉਹੀ ਕਰਮ ਕਾਂਡ ਜਿਨ੍ਹਾਂ ਨੂੰ ਸਤਿਗੁਰੂ ਨੇ ਪੂਰਨ ਰੂਪ ਵਿੱਚ ਰੱਦ ਕੀਤਾ, ਸਿੱਖ ਜਗਤ ਵਿੱਚ ਮੁੜ੍ਹ ਤੋਂ ਪ੍ਰਧਾਨ ਹੋਈ ਜਾ ਰਹੇ ਹਨ। ਕਿਹੜਾ ਉਹ ਕਰਮ ਕਾਂਡ ਹੈ ਜੋ ਅਜ ਸਿੱਖ ਨਹੀਂ ਕਰ ਰਿਹਾ?

ਜਿਸ ਪੁਜਾਰੀਵਾਦ ਨੇ ਮਨੁੱਖਤਾ ਨੂੰ ਕਰਮਕਾਂਡਾਂ ਵਿੱਚ ਭਰਮਾਇਆ, ਜਿਹੜੇ ਪੁਜਾਰੀਵਾਦ ਨੂੰ ਸਤਿਗੁਰੂ ਨੇ ਸਮਾਜ ਤੇ ਕਲੰਕ ਸਮਝ ਕੇ ਮਨੁੱਖਤਾ ਨੂੰ ਇਸ ਤੋਂ ਮੁਕਤ ਕਰਾਉਣ ਦੇ ਉਪਰਾਲੇ ਕੀਤੇ, ਉਹ ਮੁੜ ਸਿੱਖ ਸਮਾਜ ਤੇ ਕਾਬਜ਼ ਹੋ ਗਿਆ ਹੈ। ਬ੍ਰਾਹਮਣ ਜੋ ਉਸ ਸਮੇਂ ਦਾ ਧਾਰਮਿਕ ਆਗੂ ਸੀ, ਅਤੇ ਭਾਰਤੀ ਸਮਾਜ ਦੇ ਬਹੁਤ ਵੱਡੇ ਹਿੱਸੇ ਦਾ ਅਜ ਵੀ ਹੈ, ਬਾਰੇ ਪਾਵਨ ਗੁਰਬਾਣੀ ਫੁਰਮਾਉਂਦੀ ਹੈ:

“ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ॥ ਗਲੀ ਜਿਨਾੑ ਜਪਮਾਲੀਆ, ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ॥” {ਕਬੀਰ ਜੀਉ, ਪੰਨਾ 476}

ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿੱਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, (ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ।

ਅਜ ਇਹ ਬਹੁਤੇ ਬਨਾਰਸੀ ਠੱਗ ਰੂਪ ਬਦਲ ਕੇ ਸਿੱਖ ਜਗਤ ਵਿੱਚ ਆ ਗਏ ਹਨ। ਬਸ ਫਰਕ ਸਿਰਫ ਇਤਨਾ ਹੈ ਕਿ ਉਨ੍ਹਾਂ ਧੋਤੀਆਂ ਨੇ ਲੰਬੇ ਚਿੱਟੇ ਚੋਲਿਆਂ ਦਾ ਰੂਪ ਬਣਾ ਲਿਆ ਹੈ, ਉਤੇ ਚਿੱਟੀਆਂ ਗੋਲ ਪੱਗਾਂ ਬੱਝ ਗਈਆਂ ਹਨ। ਧਾਰਮਿਕ ਸ਼ਖਸੀਅਤ ਹੋਣ ਦਾ ਵਿਖਾਵਾ ਕਰਣ ਲਈ, ਬਹੁਤ ਜਗ੍ਹਾ ਤੇ ਜਪਮਾਲੀਆਂ ਅਜੇ ਵੀ ਉਥੇ ਹੀ ਹਨ। ਰੂਪ ਭਾਵੇਂ ਥੋੜਾ ਜਿਹਾ ਬਦਲ ਗਿਆ ਹੈ, ਕਰਮ ਬਿਲਕੁਲ ਉਹੀ ਹਨ, ਜਿਨ੍ਹਾਂ ਨੂੰ ਸਤਿਗੁਰੂ ਨਾਨਕ ਪਾਤਿਸ਼ਾਹ ਨੇ ਇੰਜ ਪ੍ਰਗਟ ਕੀਤਾ ਸੀ:

“ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥” {ਮਃ 1, ਪੰਨਾ 471-472}

ਮੱਥੇ ਉੱਤੇ ਟਿੱਕਾ ਲਾਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ (ਬੰਨ੍ਹਦੇ ਹਨ) ਪਰ ਹੱਥ ਵਿਚ, (ਮਾਨੋ) ਛੁਰੀ ਫੜੀ ਹੋਈ ਹੈ ਤੇ (ਵੱਸ ਲਗਦਿਆਂ) ਹਰੇਕ ਜੀਵ ਉੱਤੇ ਜ਼ੁਲਮ ਕਰਦੇ ਹਨ।

“ਪੂਜਾ ਤਿਲਕ ਕਰਤ ਇਸਨਾਨਾਂ॥ ਛੁਰੀ ਕਾਢਿ ਲੇਵੈ ਹਥਿ ਦਾਨਾ॥ 2॥ ਬੇਦੁ ਪੜੈ ਮੁਖਿ ਮੀਠੀ ਬਾਣੀ॥ ਜੀਆਂ ਕੁਹਤ ਨ ਸੰਗੈ ਪਰਾਣੀ॥ 3॥” {ਗਉੜੀ ਮਹਲਾ 5, ਪੰਨਾ 201}

ਇਸ (ਬ੍ਰਾਹਮਣ) ਨੇ ਮੱਥੇ ਤੇ ਤਿਲਕ ਲਗਾਇਆ ਹੋਇਆ ਹੈ ਅਤੇ ਇਸ਼ਨਾਨਾਂ ਦੁਆਰਾ ਸੁੱਚਤਮ ਵਿਖਾਕੇ ਆਪਣੇ ਧਰਮੀ ਹੋਣ ਦਾ ਪਖੰਡ ਕਰਦਾ ਹੈ। ਅਸਲ ਵਿੱਚ ਇਹ ਆਪਣੇ ਧਾਰਮਿਕ ਪਖੰਡ ਦੁਆਰਾ ਗਰੀਬ ਜਨਤਾ ਨੂੰ ਲੁਟਦਾ ਹੈ। ਮੂੰਹੋਂ ਤਾਂ ਮਿੱਠੀ ਸੁਰ ਨਾਲ ਵੇਦ (-ਮੰਤ੍ਰ) ਪੜ੍ਹਦਾ ਹੈ, ਪਰ ਆਪਣੇ ਜਜਮਾਨਾਂ ਨਾਲ ਧੋਖਾ ਕਰਦਿਆਂ ਰਤਾ ਨਹੀਂ ਝਿਜਕਦਾ। 3.

ਕੀ ਨਾਮ ਸਿਮਰਨ ਦਾ ਕੋਈ ਬਦਲ ਹੈ?

ਇਨ੍ਹਾ ਧਰਮ ਦੇ ਠੇਕੇਦਾਰਾਂ ਕੋਲ ਲੋਕਾਈ ਨੂੰ ਧਰਮ ਦੇ ਨਾਂ ਤੇ ਵੇਚਣ ਵਾਸਤੇ ਸਿਵਾਏ ਕਰਮਕਾਂਡਾਂ ਦੇ ਹੋਰ ਕੁੱਝ ਹੈ ਹੀ ਨਹੀਂ। ਉਹ ਆਪਣੀਆਂ ਹੱਟੀਆਂ ਚਲਦੀਆਂ ਰੱਖਣ ਲਈ, ਸਿੱਖਾਂ ਨੂੰ, ਸਤਿਗੁਰੂ ਦੁਆਰਾ ਰੱਦ ਕੀਤੇ ਕਰਮਕਾਂਡਾਂ ਵਿੱਚ, ਕੁੱਝ ਰੂਪ ਬਦਲ ਕੇ, ਮੁੜ ਤੋਂ ਫਸਾਈ ਜਾ ਰਹੇ ਹਨ। ਗੁਰੂ ਦੇ ਗਿਆਨ ਤੋਂ ਵਿਹੂਣੇ ਸਿੱਖ ਅੱਖਾਂ ਬੰਦ ਕਰਕੇ, ਇਸੇ ਨੂੰ ਧਰਮ ਸਮਝ ਕੇ, ਅੰਨ੍ਹੇਵਾਹ ਇਸ ਦੇ ਮਗਰ ਦੌੜੀ ਜਾ ਰਹੇ ਹਨ। ਆਓ ਸਤਿਗੁਰੂ ਕੋਲੋਂ ਪੁਛੀਏ ਕਿ ਸਤਿਗੁਰੂ, ਕੀ ਇਹ ਕਰਮ, ਜੀਵਨ ਵਿੱਚ ਸਾਡੇ ਕੰਮ ਆਉਣਗੇ? ਅਸੀਂ ਨਾਮ ਨਾ ਜਪੀਏ ਤੇ ਹੋਰ ਜਿਹੜੇ ਕਈ ਕਰਮਕਾਂਡ ਸਾਨੂੰ ਦਸੇ ਜਾ ਰਹੇ ਹਨ, ਉਨ੍ਹਾਂ ਵਿੱਚੋਂ ਕੋਈ ਕਰਮ ਕਰ ਲਈਏ ਜੋ ਜੀਵਨ ਮਨੋਰਥ ਨੂੰ ਪ੍ਰਾਪਤ ਕਰਨ ਵਿੱਚ ਸਾਡਾ ਸਹਾਈ ਹੋਵੇ। ਸਤਿਗੁਰੂ ਪਾਵਨ ਬਾਣੀ ਰਾਹੀਂ ਸਾਨੂੰ ਸਮਝਾਉਂਦੇ ਹਨ:

“ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ॥ ਇਕਿ ਅਗਨਿ ਜਲਾਵਹਿ ਦੇਹ ਖਪਾਵਹਿ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ॥ 14॥” {ਮਾਰੂ ਮਹਲਾ 1, ਪੰਨਾ 1025}

ਅਨੇਕਾਂ ਬੰਦੇ (ਜਗਤ ਤਿਆਗ ਕੇ) ਤੀਰਥ (ਤੀਰਥਾਂ) ਉਤੇ ਇਸ਼ਨਾਨ ਕਰਦੇ ਹਨ, ਤੇ ਅੰਨ ਨਹੀਂ ਖਾਂਦੇ (ਦੁਧਾਧਾਰੀ ਬਣਦੇ ਹਨ)  । ਅਨੇਕਾਂ ਬੰਦੇ (ਤਿਆਗੀ ਬਣ ਕੇ) ਅੱਗ ਬਾਲਦੇ ਹਨ (ਧੂਣੀਆਂ ਤਪਾਂਦੇ ਹਨ ਤੇ) ਆਪਣੇ ਸਰੀਰ ਨੂੰ (ਤਪਾਂ ਦਾ) ਕਸ਼ਟ ਦੇਂਦੇ ਹਨ ਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਮਿਲਦੀ । ਸਿਮਰਨ ਤੋਂ ਬਿਨਾ ਹੋਰ ਕਿਸੇ ਤਰੀਕੇ ਨਾਲ ਕੋਈ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ । 14.

“ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੂਖ ਸਹੈ॥ ਰਾਮ ਨਾਮ ਬਿਨੁ ਮੁਕਤਿ ਨ ਪਾਵਸਿ ਮੁਕਤਿ ਨਾਮਿ ਗੁਰਮੁਖਿ ਲਹੈ॥ 1॥” {ਭੈਰਉ ਮਹਲਾ 1, ਪੰਨਾ 1127}

(ਵਿਕਾਰਾਂ ਤੋਂ ਅਤੇ ਵਿਕਾਰਾਂ ਤੋਂ ਪੈਦਾ ਹੋਏ ਦੁੱਖਾਂ ਤੋਂ) ਖ਼ਲਾਸੀ ਕੋਈ ਮਨੁੱਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾ ਨਹੀਂ ਪ੍ਰਾਪਤ ਕਰ ਸਕਦਾ, ਇਹ ਖ਼ਲਾਸੀ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ-ਨਾਮ ਵਿੱਚ ਜੁੜਿਆਂ ਹੀ ਮਿਲਦੀ ਹੈ । (ਜੇ ਮਨੁੱਖ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਤਾਂ) ਜੱਗ ਹਵਨ ਪੁੰਨ-ਦਾਨ, ਤਪ ਪੂਜਾ ਆਦਿਕ ਕਰਮ ਕੀਤਿਆਂ ਸਰੀਰ (ਫਿਰ ਭੀ) ਦੁਖੀ ਹੀ ਰਹਿੰਦਾ ਹੈ ਦੁੱਖ ਹੀ ਸਹਾਰਦਾ ਹੈ । 1.

“ਤਨੁ ਬੈਸੰਤਰਿ ਹੋਮੀਐ ਇੱਕ ਰਤੀ ਤੋਲਿ ਕਟਾਇ॥ ਤਨੁ ਮਨੁ ਸਮਧਾ ਜੇ ਕਰੀ ਅਨਦਿਨੁ ਅਗਨਿ ਜਲਾਇ॥ ਹਰਿ ਨਾਮੈ ਤੁਲਿ ਨ ਪੁਜਈ ਜੇ ਲਖ ਕੋਟੀ ਕਰਮ ਕਮਾਇ॥” {ਸਿਰੀ ਰਾਗੁ ਮਹਲਾ 1, ਪੰਨਾ 62}

ਜੇ ਆਪਣੇ ਸਰੀਰ ਨੂੰ ਕੱਟ ਕੱਟ ਕੇ ਇੱਕ ਇੱਕ ਰੱਤੀ ਭਰ ਤੋਲ ਤੋਲ ਕੇ ਅੱਗ ਵਿੱਚ ਹਵਨ ਕਰ ਦਿੱਤਾ ਜਾਏ, ਜੇ ਮੈਂ ਆਪਣੇ ਸਰੀਰ ਤੇ ਮਨ ਨੂੰ ਹਵਨ ਦੀ ਸਾਮਗ੍ਰੀ ਬਣਾ ਦਿਆਂ ਤੇ ਹਰ ਰੋਜ਼ ਇਹਨਾਂ ਨੂੰ ਅੱਗ ਵਿੱਚ ਸਾੜਾਂ, ਜੇ ਇਹੋ ਜਿਹੇ ਹੋਰ ਲੱਖਾਂ ਕ੍ਰੋੜਾਂ ਕਰਮ ਕੀਤੇ ਜਾਣ, ਤਾਂ ਭੀ ਕੋਈ ਕਰਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਤਕ ਨਹੀਂ ਪਹੁੰਚ ਸਕਦਾ। 2.

“ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ॥ ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ॥ ਹਰਿ ਨਾਮੈ ਤੁਲਿ ਨਾ ਪੁਜਈ ਸਭ ਡਿਠੀ ਠੋਕਿ ਵਜਾਇ॥” {ਸਿਰੀ ਰਾਗੁ ਮਹਲਾ 1, ਪੰਨਾ 62}

ਜੇ ਸਿਰ ਉੱਤੇ ਆਰਾ ਰਖਾ ਕੇ ਸਰੀਰ ਨੂੰ ਦੁ-ਫਾੜ ਚਿਰਾ ਦਿੱਤਾ ਜਾਏ, ਜੇ ਸਰੀਰ ਨੂੰ ਹਿਮਾਲਾ ਪਰਬਤ (ਦੀ ਬਰਫ਼) ਵਿੱਚ ਗਾਲ ਦਿੱਤਾ ਜਾਏ, ਤਾਂ ਭੀ ਮਨ ਵਿਚੋਂ ਹਉਮੈ ਆਦਿਕ) ਰੋਗ ਦੂਰ ਨਹੀਂ ਹੁੰਦਾ। (ਕਰਮ-ਕਾਂਡ ਦੀ) ਸਾਰੀ (ਹੀ ਮਰਯਾਦਾ) ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਕੋਈ ਕਰਮ ਪ੍ਰਭੂ ਦਾ ਨਾਮ ਸਿਮਰਨ ਦੀ ਬਰਾਬਰੀ ਤਕ ਨਹੀਂ ਅੱਪੜਦਾ। 3.

“ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ॥ ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ॥ ਰਾਮੁ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ॥” {ਸਿਰੀ ਰਾਗੁ ਮਹਲਾ 1, ਪੰਨਾ 62}

ਜੇ ਮੈਂ ਸੋਨੇ ਦੇ ਕਿਲ੍ਹੇ ਦਾਨ ਕਰਾਂ, ਬਹੁਤ ਸਾਰੇ ਘੋੜੇ ਤੇ ਹਾਥੀ ਦਾਨ ਕਰਾਂ, ਜ਼ਮੀਨ ਦਾਨ ਕਰਾਂ, ਬਹੁਤ ਸਾਰੀਆਂ ਗਾਂਈਆਂ ਦਾਨ ਕਰਾਂ, ਫਿਰ ਭੀ (ਸਗੋਂ ਇਸ ਦਾਨ ਦਾ ਹੀ) ਮਨ ਵਿੱਚ ਅਹੰਕਾਰ ਮਾਣ ਬਣ ਜਾਂਦਾ ਹੈ। ਜਿਸ ਮਨੁੱਖ ਨੂੰ ਸਤਿਗੁਰੂ ਨੇ ਸਦਾ-ਥਿਰ ਪ੍ਰਭੂ (ਦਾ ਨਾਮ ਜਪਣ ਦੀ) ਬਖ਼ਸ਼ਸ਼ ਕੀਤੀ ਹੈ, ਉਸ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਪਰੋਇਆ ਰਹਿੰਦਾ ਹੈ (ਤੇ ਇਹੀ ਹੈ ਸਹੀ ਕਰਣੀ)। 4.

ਸਤਿਗੁਰੂ ਨੇ ਹਰ ਤਰ੍ਹਾਂ ਦੇ ਕਰਮ ਕਾਂਡ ਨੂੰ, ਬਾਹਰੋਂ ਧਾਰਮਿਕ ਲਗਣ ਵਾਲੇ, ਵਿਖਾਵੇ ਦੇ ਹਰ ਕਰਮ ਨੂੰ, ਰੱਦ ਕੀਤਾ ਹੈ। ਪਰ ਇਨ੍ਹਾਂ ਵਿੱਚੋਂ ਉਹ ਕਿਹੜਾ ਕਰਮਕਾਂਡ ਹੈ, ਜੋ ਅਜ ਅਸੀਂ ਨਹੀਂ ਕਰ ਰਹੇ? ਹਾਂ ਅਸੀਂ ਉਸ ਦਾ ਰੂਪ ਬਦਲ ਲਿਆ ਹੈ। ਬਿਪਰਵਾਦੀ ਯੱਗ ਅਤੇ ਹਵਨ ਆਦਿ ਕਰਦੇ ਹਨ, ਅਸੀਂ ਅਖੰਡ ਪਾਠਾਂ ਦੀਆਂ ਇਕੌਤਰੀਆਂ ਚਲਾ ਰਹੇ ਹਾਂ, ਉਹ ਤੀਰਥਾਂ ਤੇ ਜਾਣ ਅਤੇ ਉਥੇ ਇਸ਼ਨਾਨ ਕਰਨ ਨੂੰ ਪਵਿੱਤਰ ਸਮਝਦੇ ਹਨ, ਅਸੀਂ ਵੀ ਆਪਣੇ ਗੁਰਧਾਮਾਂ ਨਾਲ ਵਿਸ਼ੇਸ ਸਰੋਵਰ ਬਨਾਉਣੇ ਸ਼ੁਰੂ ਕਰ ਦਿੱਤੇ, ਅਸੀਂ ਵੇਖਿਆ, ਉਹ ਪਹਾੜਾਂ ਤੇ ਯਾਤਰਾ ਕਰਨ ਜਾਂਦੇ ਹਨ, ਅਸੀਂ ਵੀ ਪਹਿਲਾਂ ਮਨੀਕਰਣ ਅਤੇ ਹੁਣ ਹੇਮਕੁੰਟ ਲੱਭ ਲਏ, ਅਜ ਸੈਂਕੜੇ ਬੱਸਾਂ ਭਰ ਕੇ ਇਨ੍ਹਾਂ ਸਥਾਨਾਂ ਤੇ ਤੀਰਥ, (ਹਾਂ ਅਸੀਂ ਇਥੇ ਵੀ ਨਾਂ ਬਦਲ ਲਿਆ ਹੈ, ‘ਗੁਰਧਾਮਾਂ ਦੀ ਯਾਤਰਾ’) ਕਰਨ ਜਾ ਰਹੀਆਂ ਹਨ, ਉਹ ਤੱਪ ਵਿੱਚ ਵਿਸ਼ਵਾਸ ਰਖਦੇ ਹਨ, ਅਸੀਂ ਨੰਗੇ ਪੈਰੀਂ ਚਲੀਹੇ ਕਟਣੇ ਸ਼ੁਰੂ ਕਰ ਦਿੱਤੇ, ਉਹ ਬ੍ਰਾਹਮਣ ਨੂੰ ਪੁੰਨ ਦਾਨ ਦੇਣ ਨੂੰ ਪਵਿੱਤਰ ਧਾਰਮਕ ਕਿਰਿਆ ਮੰਨਦੇ ਹਨ, ਅਸੀਂ ਗੁਰਦੁਆਰਿਆਂ ਨੂੰ ਸੰਗਮਰਮਰ ਨਾਲ ਲੱਦ ਦਿੱਤਾ, ਸੋਨੇ ਦੀਆਂ ਪਾਲਕੀਆਂ ਛੱਤਰ ਬਣਾ ਦਿੱਤੇ, ਬਾਬਿਆਂ ਦੇ ਆਲੀਸ਼ਨ ਡੇਰਿਆਂ ਦੇ ਡੇਰੇ ਸਥਾਪਿਤ ਕਰ ਦਿੱਤੇ, ਉਨ੍ਹਾਂ ਨੂੰ ਲੱਖਾਂ ਕਰੋੜਾਂ ਦੀਆਂ ਕਾਰਾਂ ਦਾਨ ਕਰ ਦਿੱਤੀਆਂ। ਉਪਰੋਕਤ ਪ੍ਰਮਾਣ ਨਿਰਣਾਇਕ ਹਨ ਕਿ ਕਿਸੇ ਵੀ ਕਰਮ ਕਾਂਡ ਨੇ ਸਾਡੇ ਜੀਵਨ ਦਾ ਰੱਤੀ ਭਰ ਵੀ ਕੁੱਝ ਨਹੀਂ ਸੁਆਰਨਾ। ਜੇ ਸੁਆਰਨਾ ਹੈ ਤਾਂ ਕੇਵਲ ਨਾਮ ਸਿਮਰਨ ਨੇ। ਉਪਰ ਸਤਿਗੁਰੂ ਕੋਲੋਂ ਪੁਛਣ ਨਾਲ, ਗਲ ਬਿਲਕੁਲ ਸਪਸ਼ਟ ਹੋ ਗਈ ਹੈ ਕਿ ਦੁਨੀਆਂ ਦਾ ਸਭ ਤੋਂ ਅਨਮੋਲ ਧਨ, ਨਾਮ ਹੈ, ਅਤੇ ਇਸ ਦਾ ਕੋਈ ਬਦਲ ਨਹੀਂ ਹੈ।

---ਚਲਦਾ
ਰਾਜਿੰਦਰ ਸਿੰਘ,
(ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ




.