.

ਹਰਿ ਬਿਨੁ ਬੈਲ ਬਿਰਾਨੇ ਹੁਈ ਹੈ॥

ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਗੂਜਰੀ ਵਿੱਚ ਭਗਤ ਕਬੀਰ ਜੀ ਦਾ ਸ਼ਬਦ ਹੈ:

ਚਾਰ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈ ਹੈ॥ ਉਠਤਿ ਬੈਠਤ ਠੇਗਾ ਪਰਿ ਹੈ ਤਬ ਕਤ ਮੂਡ ਲੁਕਈ ਹੈ॥ 1॥

ਹਰਿ ਬਿਨੁ ਬੈਲ ਬਿਰਾਨੇ ਹੁਈ ਹੈ॥ ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈ ਹੈ॥ 1॥ ਰਹਾਉ॥

ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈ ਹੈ॥ ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈ ਹੈ॥ 2॥

ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈ ਹੈ॥ ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈ ਹੈ॥ 3॥

ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈ ਹੈ॥ ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈ ਹੈ॥ 4॥” (ਪੰਨਾ- 524)।

ਇਸ ਸ਼ਬਦ ਦੇ ਅਰਥ ਪ੍ਰੋ: ਸਾਹਿਬ ਸਿੰਘ ਨੇ ਇਸ ਤਰ੍ਹਾਂ ਕੀਤੇ ਹਨ:

“(ਹੇ ਭਾਈ! ਕਿਸੇ ਪਸ਼ੂ-ਜੂਨ ਵਿੱਚ ਪੈ ਕੇ ਜਦੋਂ ਤੇਰੇ) ਚਾਰ ਪੈਰ ਦੋ ਸਿੰਙ ਹੋਣਗੇ, ਤੇ ਮੂੰਹੋਂ ਗੂੰਗਾ ਹੋਵੇਂਗਾ, ਤਦੋਂ ਤੂੰ ਕਿਸ ਤਰ੍ਹਾਂ ਪ੍ਰਭੂ ਦੇ ਗੁਣ ਗਾ ਸਕੇਂਗਾ? ਉਠਦਿਆਂ ਬੈਠਦਿਆਂ (ਤੇਰੇ ਸਿਰ ਉਤੇ) ਸੋਟਾ ਪਏਗਾ, ਤਦੋਂ ਤੂੰ ਕਿੱਥੇ ਸਿਰ ਲੁਕਾਏਂਗਾ?

(ਹੇ ਭਾਈ!) ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਲਦ (ਆਦਿਕ ਪਸ਼ੂ ਬਣ ਕੇ ਪਰ-ਅਧੀਨ ਹੋ ਜਾਏਂਗਾ, (ਨੱਥ ਨਾਲ) ਨੱਕ ਵਿੰਨਿਆ ਜਾਏਗਾ, ਕੰਨ੍ਹ (ਜੂਲ਼ੇ ਨਾਲ) ਫਿੱਸੇ ਹੋਏ ਹੋਣਗੇ ਤੇ ਕੋਧਰੇ ਦਾ ਭੋਹ ਖਾਏਂਗਾ। ਰਹਾਉ।

ਜੰਗਲ (ਜੂਹ) ਵਿੱਚ ਸਾਰਾ ਦਿਨ ਭਟਕਦਿਆਂ ਭੀ ਪੇਟ ਨਹੀਂ ਰੱਜੇਗਾ। ਹੁਣ ਐਸ ਵੇਲੇ ਤੂੰ ਭਗਤ ਜਨਾਂ ਦਾ ਬਚਨ ਨਹੀਂ ਮੰਨਦਾ, (ਉਮਰ ਵਿਹਾ ਜਾਣ ਤੇ) ਆਪਣਾ ਕੀਤਾ ਪਾਏਂਗਾ।

ਹੁਣ ਭੈੜੇ ਹਾਲ ਵਿੱਚ ਦਿਨ ਗੁਜ਼ਾਰ ਕੇ ਕੁਰਾਹੇ ਗ਼ਰਕ ਹੋਇਆ ਹੋਇਆ, (ਆਖਿਰ) ਅਨੇਕਾਂ ਜੂਨਾਂ ਵਿੱਚ ਭਟਕੇਂਗਾ। ਤੂੰ ਪ੍ਰਭੂ ਨੂੰ ਵਿਸਾਰ ਦਿੱਤਾ ਹੈ, ਤੇ ਸਰੇਸ਼ਟ ਮਨੁੱਖਾ ਜਨਮ ਗਵਾਂ ਲਿਆ ਹੈ, ਇਹ ਸਮਾਂ ਫ਼ੇਰ ਕਿਤੇ ਨਹੀਂ ਮਿਲੇਗਾ।

ਤੇਰੀ ਜ਼ਿੰਦਗ਼ੀ-ਰੂਪ ਸਾਰੀ ਰਾਤ ਤੇਲੀ ਦੇ ਬਲਦ ਅਤੇ ਬਾਂਦਰ ਵਾਂਗ ਭਟਕਦਿਆਂ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਨ ਤੋਂ ਬਿਨਾਂ ਹੀ ਲੰਘ ਜਾਏਗੀ। ਕਬੀਰ ਆਖਦਾ ਹੈ ਕਿ ਪ੍ਰਭੂ ਦਾ ਨਾਮ ਭੁਲਾ ਕੇ ਆਖਿਰ ਸਿਰ ਮਾਰ ਮਾਰ ਕੇ ਪਛਤਾਵੇਂਗਾ।

ਸਾਰੇ ਸ਼ਬਦ ਦਾ ਭਾਵ ਬੜਾ ਸਪੱਸ਼ਟ ਹੈ ਕਿ ਮਨੁੱਖਾ ਜਨਮ (ਰਤਨ ਜਨਮ), ਸਿਮਰਨ ਤੋਂ ਬਿਨਾਂ ਬਿਰਥਾ ਗਵਾ ਕੇ ਅੰਤ ਬਲਦ ਆਦਿ ਅਨੇਕਾਂ ਜੂਨਾਂ (ਅਨਿਕ ਜੋਨਿ ਭਰਮਈ ਹੈ) ਵਿੱਚ ਪੈ ਕੇ ਭਟਕਣਾ ਪਏਗਾ। ਇਹ ਗੱਲ ਅੱਜ ਕਲ੍ਹ ਦੀ ਸੋਚ ਵਾਲੇ ਕਈ ਸੱਜਣਾਂ ਨੂੰ ਹਜਮ ਨਹੀਂ ਹੁੰਦੀ। ਸੋ ਇਹ ਵਿਦਵਾਨ ਗੁਰਬਾਣੀ ਦੇ ਆਪਣੀ ਹੀ ਮਰਜੀ ਦੇ ਅਰਥ ਘੜ ਕੇ ਸਕੂਨ ਮਹਿਸੂਸ ਕਰਦੇ ਹਨ ਅਤੇ ਹੋਰਨਾਂ ਨੂੰ ਤਸੱਲੀ ਦੇ ਰਹੇ ਹਨ ਕਿ ਗੁਰਮਤਿ ਅਨੁਸਾਰ ਅਗਲਾ ਪਿਛਲਾ ਕੋਈ ਜਨਮ ਨਹੀਂ ਹੁੰਦਾ। ਸ਼ਬਦ ਵਿੱਚ ਸਾਫ਼ ਅਰਥ ਹਨ ਕਿ ਸਿਮਰਨ ਤੋਂ ਖੁੰਝ ਕੇ ਸਾਰੀ ਉਮਰ ਵਿਅਰਥ ਚਲੀ ਜਾਣ ਤੇ ਬਲਦ ਆਦਿ ਦੀ ਜੂਨ ਵਿੱਚ ਪੈ ਕੇ ਪਰਾਏ ਵੱਸ ਪੈ ਜਾਈ ਦਾ ਹੈ ਅਤੇ ਅਨੇਕਾਂ ਦੁਖ ਸਹਾਰਨੇ ਪੈਂਦੇ ਹਨ। ਗੁਰਮਤਿ ਫ਼ਲੌਸਫ਼ੀ ਨੂੰ ਬਦਲ ਕੇ ਅਰਥ ਇਹ ਕੀਤੇ ਜਾਂਦੇ ਹਨ ਕਿ ਰੱਬੀ ਗੁਣ ਨਾ ਅਪਨਾਉਣ ਕਰਕੇ ਬੰਦਾ ਵਿਕਾਰਾਂ ਵੱਸ ਪੈ ਕੇ ਉਧਾਰਾ ਮੰਗਕੇ ਲਿਆਂਦੇ ਬਲਦ ਵਰਗਾ ਹੋ ਜਾਂਦਾ ਹੈ।

ਇਸ ਤਰ੍ਹਾਂ ਅਰਥ ਕਰਨ ਨਾਲ ਇਹ ਵਿਦਵਾਨ ਲੋਕ ਅਸਲੀ ਫ਼ਲੌਸਫ਼ੀ ਤੋਂ ਤਾਂ ਖੁੰਝ ਹੀ ਜਾਂਦੇ ਹਨ ਨਾਲ ਹੀ ਜਿਹੜੇ ਅਨੇਕਾਂ ਸਵਾਲ ਖੜੇ ਹੋ ਜਾਂਦੇ ਹਨ ਇਨ੍ਹਾਂ ਦਾ ਇਹਨਾਂ ਨੂੰ ਅਹਿਸਾਸ ਹੀ ਨਹੀਂ ਹੁੰਦਾ।

ਅੱਜ ਕਲ੍ਹ ਦੇ ਵਿਦਵਾਨ ਇਸ ਸ਼ਬਦ ਦੀ ਵਿਆਖਿਆ ਇਸ ਤਰ੍ਹਾਂ ਕਰਦੇ ਹਨ:

ਜਿਵੇਂ ਮੰਗ ਕੇ ਵੇਗਾਰ ਤੇ ਲਿਆਂਦਾ ਬਲਦ ਰੱਜ ਕੇ ਵਰਤਿਆ ਜਾਂਦਾ ਹੈ, ਲਾਭ ਲਿਆ ਜਾਂਦਾ ਹੈ। ਪਰ ਉਸ ਨੂੰ ਪੱਠੇ ਖਾਣ ਨੂੰ ਨਹੀਂ ਮਿਲਦੇ ਕਿਉਂਕਿ ਉਸਦਾ ਪ੍ਰਯੋਗ ਵੱਧ ਤੋਂ ਵੱਧ ਕਰਨ ਦੀ ਸੋਚ ਨੇ ਉਸ ਨੂੰ ਢਿੱਡ ਭਰਨ ਨਾ ਵਕਤ ਹੀ ਨਹੀਂ ਦੇਣਾ। ਰੱਬ ਤੋਂ ਬਿਨਾਂ ਭਾਵ ਰੱਬੀ ਗੁਣਾਂ ਦੀ ਸਾਂਝ ਨਾ ਕਰਨ ਕਰਕੇ ਬਿਗਾਨੇ ਬੈਲ ਵਰਗਾ ਹੋ ਜਾਵੇਂਗਾਪਰਾਏ ਵੱਸ ਪਏ ਬਲਦ ਦਾ ਪਾਟਾ ਨੱਕ, ਕੰਧਾ (ਧੋਣ) ਟੁਟਾ ਹੋਇਆ ਜਿਆਦਾ ਭਾਰ ਚੁੱਕਣ ਕਰਕੇ ਧੋਣ ਦਾ ਮਾਸ ਪਾਟ ਜਾਂਦਾ ਹੈ ਤੇ ਸੁਜ ਜਾਂਦੀ ਹੈ। ਸੁੱਕੇ ਕੱਖਾਂ (ਭੌ) ਨਾਲ ਪੇਟ ਦੀ ਭੁਖ ਮਿਟਾਉਣੀ ਪਏਗੀ। ਰੱਬ ਜੀ ਦੇ ਗੁਣਾਂ ਨਾਲੋਂ ਸਾਂਝ ਟੁਟ ਜਾਵੇ ਤਾਂ ਮਨੁੱਖ ਜਿਉਂਦੇ ਜੀ ਵਿਕਾਰਾਂ ਦੇ ਵੱਸ ਪੈ ਜਾਂਦਾ ਹੈ ਜੋ ਇਸ ਨੂੰ ਪਰਾਏ ਬਲਦ ਦੀ ਤਰ੍ਹਾਂ ਵਾਹੁੰਦੇ ਹਨ। ਦੁਖੀ ਜਿਆਦਾ ਕਰਦੇ ਹਨ ਤੇ ਮਿਲਦਾ ਉਸ ਵਿੱਚੋਂ ਕੁੱਝ ਨਹੀਂ ਭਾਵ ਲਾਭ ਹੋਣ ਦੀ ਥਾਂ ਖੁਆਰੀ ਪੱਲੇ ਪੈਂਦੀ ਹੈ ਬਲਦ ਦੇ ਭੋ ਖਾਣ ਵਾਂਙੂੰ”।

“ਜਿਵੇਂ ਬਲਦ ਦੇ ਚਾਰ ਪੈਰ ਵੀ ਹਨ ਦੋ ਸਿੰਗ ਵੀ ਹਨ ਜੁਬਾਨ ਦਾ ਗੂੰਗਾ ਹੈ ਭਾਵ ਆਪਣਾ ਦੁਖ ਬਿਆਨ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਦੋਂ ਪਰਾਏ ਵਸ ਬਲਦ ਵਾਂਗ ਹੋ ਜਾਵੇਂਗਾ ਫ਼ਿਰ ਰੱਬੀ ਗੁਣ ਕਿਵੇਂ ਗਾਵੇਂਗਾ ਕਿਉਂਕਿ ਵਿਕਾਰ, ਬੁਰਾਈਆਂ ਤੈਨੂੰ ਆਪਣੇ ਜੂਲੇ ਥੱਲਿਉਂ ਨਿਕਲਣ ਹੀ ਨਹੀਂ ਦੇਣਗੀਆਂ। ਉਠਦਿਆਂ ਬੈਠਦਿਆਂ ਮਾਰ ਪਏਗੀ ਇਸ ਮਾਰ ਤੋਂ ਬਚਣ ਲਈ ਸਿਰ ਲੁਕਾਉਣ ਨੂੰ ਥਾਂ ਨਹੀਂ ਮਿਲੇਗੀ। ਇਹ ਹਾਲਤ ਇਸੇ ਸਰੀਰ ਵਿੱਚ ਰਹਿੰਦਿਆਂ ਹੀ ਹੋ ਜਾਏਗੀ ਜੇ ਰੱਬੀ ਗੁਣਾਂ ਦੀ ਸਾਂਝ ਨਾ ਕੀਤੀ ਜਾਏ”।

“ਸਾਰਾ ਦਿਨ ਜੰਗਲ (ਉਜਾੜ) ਵਿੱਚ ਭਟਕਦਾ ਫ਼ਿਰੇਂਗਾ ਪਰ ਪੇਟ ਕਦੀ ਰੱਜੇਗਾ ਨਹੀਂ, ਜਦੋਂ ਭਗਤ ਸਾਹਿਬਾਨ ਦਾ ਕਹਿਆ ਹੋਇਆ ਨਹੀਂ ਮੰਨਦਾ ਤਾਂ ਇਹ ਫ਼ਿਰ ਤੈਨੂੰ ਆਪਣਾ ਕੀਤਾ ਭੁਗਤਣਾ ਹੀ ਪਏਗਾ। ਭਾਵ ਰੱਬੀ ਗੁਣ, ਗੁਰਬਾਣੀ ਵਾਲਾ ਉਪਦੇਸ਼ ਤੂੰ ਹੁਣ ਨਹੀਂ ਸੁਣਦਾ ਤਾਂ ਇਨਸਾਨੀਅਤ ਮਰ ਜਾਏਗੀ ਪਸ਼ੂ ਸੁਭਾਅ ਆ ਜਾਏਗਾ। ਫ਼ਿਰ ਭਟਕਦਾ ਫ਼ਿਰੀਂ ਜਿੱਥੇ ਤ੍ਰਿਸ਼ਨਾ ਕਦੇ ਖ਼ਤਮ ਨਹੀਂ ਹੋਵੇਗੀ”।

“ਹੁਣ ਭੈੜੇ ਗਾਲਾਤ ਭਾਵ ਦੁੱਖ ਸੁਖ ਵਾਲੀ ਡਾਵਾਂ ਡੋਲ ਹਾਲਤ ਵਿੱਚ ਦਿਨ ਗੁਜ਼ਾਰੀ ਜਾ ਰਿਹਾ ਹੈਂ ਰਤਨ ਜਨਮ ਭਾਵ ਇਨਸਾਨੀਅਤ ਤੋਂ ਖੁੰਝ ਕੇ ਅਨੇਕਾਂ ਅਉਗੁਣ ਜੀਵਨ ਵਿੱਚ ਆ ਜਾਣਗੇ। ਜੋ ਪਸ਼ੂਆਂ ਨਾਲ ਮੇਲ ਖਾਂਦੇ ਹਨ। ਇਹ ਗਵਾਚਾ ਸਮਾਂ ਫ਼ਿਰ ਕਦੋਂ ਹਥ ਆਵੇਗਾ ਜਦੋਂ ਇਨਸਾਨੀ ਸੁਭਾਅ ਦੀ ਸੂਝ ਆ ਸਕੇਗੀ”।

“ਜੂਨਾਂ ਵਿੱਚ ਭਟਕਣਾ ਜੋ ਮਨੁੱਖਾ ਦੇਹੀ ਵਿੱਚ ਰਹਿੰਦਿਆਂ ਹੀ ਭੋਗੀਆਂ ਕਿਉਂਕਿ ਜਿਹੋ ਜਿਹਾ ਸੁਭਾਅ ਹੈ ਸਤਿਗੁਰੂ ਜੀ ਨੇ ਉਹੋ ਜਿਹੀ ਜੂਨ ਨਾਲ ਹੀ ਉਪਮਾ ਦਿੱਤੀ ਹੈ। ਮਨੁਖ ਵਾਲੇ ਗੁਣ ਹੋਣ ਤਾਂ ਮਨੁੱਖ ਹੈ, ਨਹੀਂ ਤਾਂ ਮਨੁੱਖ ਨਹੀਂ, ਪਸ਼ੂ ਹੀ ਮੰਨਿਆ ਜਾ ਸਕਦਾ ਹੈ। ਕਿਉਂਕਿ ਚੱਮ ਹੱਡ ਜਾਂ ਕਿਸੇ ਲਿਬਾਸ ਦਾ ਨਾਂ ਮਨੁੱਖ ਨਹੀਂ ਹੈ”।

“ਬੈਲ ਦੇ ਪਰਾਏ ਵੱਸ ਪੈਣ ਵਾਂਗ ਜਦੋਂ ਮਨੁੱਖ ਵਿਕਾਰਾਂ ਦੇ ਵੱਸ ਪੈ ਜਾਂਦਾ ਹੈ ਤਾਂ ਜੀਵਨ ਭਟਕਣਾ ਵਧਦੀ ਹੈ। ਜਿਵੇਂ ਤੇਲੀ ਦਾ ਬਲਦ ਕੋਹਲੂ ਦੁਆਲੇ ਬਹੁਤ ਗੇੜੇ ਕਢਦਾ ਹੈ ਪੈਂਡਾ ਬਹੁਤ ਕਰਦਾ ਹੈ ਪਰ ਰਹਿੰਦਾ ਉਥੇ ਦਾ ਉਥੇ ਹੀ ਹੈ। ਛੋਲਿਆਂ ਦੀ ਮੁੱਠ ਦੇ ਲਾਲਚ ਵਿੱਚ ਫ਼ਸ ਕੇ ਪਰਾਏ ਵੱਸ ਪੈ ਜਾਂਦਾ ਹੈ ਤੇ ਫ਼ਿਰ ਸਾਰੀ ਉਮਰ ਗਰ ਗਰ ਨੱਚਦਾ ਰਹਿੰਦਾ ਹੈ। ਐਨ ਇਸੇ ਤਰ੍ਹਾਂ ਮਨੁੱਖ ਪਰਾਏ ਵੱਸ ਪਿਆ ਹੋਇਆ ਸਾਰੀ ਜ਼ਿੰਦਗ਼ੀ ਭਟਕਦਿਆਂ ਕਢ ਦਿੰਦਾ ਹੈ। ਕਬੀਰ ਆਖਦਾ ਹੈ ਰੱਬੀ ਸਿਫ਼ਤ ਸਲਾਹ ਤੋਂ ਬਿਨਾਂ ਆਖਰ ਸਿਰ ਮਾਰ ਮਾਰ ਕੇ ਪਛਤਾਏਂਗਾ”।

ਇਸ ਸ਼ਬਦ ਦੀ ਨਵੇਂ ਢੰਗ ਦੀ ਕੀਤੀ ਵਿਆਖਿਆ ਤੋਂ ਪੈਦਾ ਹੋਏ ਕੁੱਝ ਸਵਾਲ-

“ਪਰਾਏ ਵੱਸ ਪਏ ਬਲਦ ਦਾ ਪਾਟਾ ਨੱਕ…. .”।

ਕੀ ਕੋਈ ਵਿਅਕਤੀ ਮੰਗ ਕੇ ਲਿਆਂਦੇ ਬਲਦ ਦਾ ਨੱਕ ਵਿਨ੍ਹੰ ਦਿੰਦਾ ਹੈ। ਮਾਲਕ ਦੇ ਘਰ ਪਹਿਲਾਂ ਤੋਂ ਹੀ ਨਹੀਂ ਵਿੰਨਿਆ ਹੁੰਦਾ?

ਕੀ ਮੰਗ ਕੇ ਲਿਆਂਦੇ ਬਲਦ ਤੋਂ ਦੋ ਚਾਰ ਦਿਨਾਂ ਵਿੱਚ ਹੀ ਏਨਾਂ ਕੰਮ ਲੈ ਲਿਆ ਜਾਂਦਾ ਹੈ ਕਿ ਉਸ ਦੀ ਗਰਦਨ ਦਾ ਮਾਸ ਪਾਟ ਜਾਵੇ ਅਤੇ ਸੁੱਜ ਜਾਵੇ? ਕੀ ਕਿਸੇ ਦੇ ਮੰਗ ਕੇ ਲਿਆਂਦੇ ਬਲਦ ਨਾਲ ਏਨਾਂ ਧੱਕਾ ਕਰਕੇ ਉਸ ਨੂੰ ਫ਼ੇਰ ਕਦੇ ਉਸ ਤੋਂ ਜਾਂ ਕਿਸੇ ਹੋਰ ਤੋਂ ਕੋਈ ਚੀਜ ਉਧਾਰੀ ਮੰਗਣ ਦੀ ਲੋੜ ਨਹੀਂ ਪੈ ਸਕਦੀ ਜਿਹੜਾ ਇੱਕ ਵਾਰੀਂ ਹੀ ਚੀਜ ਮੰਗ ਕੇ ਏਨੀਂ ਜਿਆਦਤੀ ਕਰ ਦੇਵੇ? ਕੀ ਕੋਈ ਉਸ ਨੂੰ ਪੁੱਛੇਗਾ ਨਹੀਂ ਕਿ ਦੋ ਚਾਰ ਦਿਨਾਂ ਲਈ ਮੰਗਕੇ ਲਏ ਮੇਰੇ ਬਲਦ ਦਾ ਤੂੰ ਇਹ ਹਾਲ ਕਿਉਂ ਕੀਤਾ ਹੈ?

ਕੀ ਜਦੋਂ ਹਜੇ ਕਿਸੇ ਨੇਂ ਬਲਦ ਉਧਾਰਾ ਮੰਗ ਕੇ ਨਹੀਂ ਲਿਆ ਹੁੰਦਾ ਅਰਥਾਤ ਹਜੇ ਮਾਲਕ ਦੇ ਘਰ ਹੀ ਹੁੰਦਾ ਹੈ, ਉਸ ਵਕਤ ਉਸ ਦੇ ਚਾਰ ਪੈਰ ਦੋ ਸਿੰਗ ਨਹੀਂ ਹੁੰਦੇ? ਉਸ ਦੇ ਨੱਕ ਵਿੱਚ ਨਕੇਲ ਨਹੀਂ ਪਾਈ ਹੁੰਦੀ? ਉਸ ਦੀ ਧੌਣ ਦਾ ਮਾਸ ਪਾਟਾ ਨਹੀਂ ਹੁੰਦਾ?

ਕੀ ਬਲਦ ਜਦੋਂ ਮਾਲਕ ਦੇ ਘਰ ਹੁੰਦਾ ਹੈ, ਉਸ ਵਕਤ ਉਸ ਨੂੰ ਕੋਈ ਤਕਲੀਫ਼ ਨਹੀਂ ਹੁੰਦੀ? ਜੇ ਹੁੰਦੀ ਹੈ ਤਾਂ ਉਸ ਵਕਤ ਮੂੰਹ ਨਾਲ ਉਹ ਆਪਣੀ ਤਕਲੀਫ਼ (ਮਾਲਕ ਨੂੰ) ਦੱਸ ਸਕਦਾ ਹੈ?

“ਮੰਗ ਕੇ ਲਿਆਂਦੇ ਬਲਦ ਨੂੰ ਪੱਠੇ ਖਾਣ ਨੂੰ ਨਹੀਂ ਮਿਲਦੇ ਕਿਉਂਕਿ ਉਸਦਾ ਪ੍ਰਯੋਗ ਵੱਧ ਤੋਂ ਵੱਧ ਕਰਨ ਦੀ ਸੋਚ ਨੇ ਉਸ ਨੂੰ ਢਿੱਡ ਭਰਨ ਨਾ ਵਕਤ ਹੀ ਨਹੀਂ ਦੇਣਾ”।

ਢਿੱਡ ਭਰਨ ਨੂੰ ਵਕਤ ਹੀ ਨਹੀਂ ਦੇਣਾ, ਪਰ ਸ਼ਬਦ ਵਿੱਚ ਤਾਂ ਲਿਖਿਆ ਹੈ: “ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈ ਹੈ”। ਕੀ ਕੋਈ ਉਧਾਰਾ ਮੰਗ ਕੇ ਲਿਆਂਦੇ ਬਲਦ ਨੂੰ ਸਾਰਾ ਦਿਨ ਜੰਗਲ ਵਿੱਚ ਚਰਨ ਦਾ ਸਮਾਂ ਦੇਵੇਗਾ?

ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਜੀਵਾਂ ਦੀਆਂ ਜੂਨਾਂ ਦਾ ਜ਼ਿਕਰ ਸਿਰਫ਼ ਮਿਸਾਲ ਵਜੋਂ ਹੀ ਕੀਤਾ ਗਿਆ ਹੈ, ਪਰ ਜਿਸ ਦੁਖੀ ਬਲਦ ਆਦਿ ਦੀ ਜੂਨ ਦੀ ਮਿਸਾਲ ਭਗਤ ਜੀ ਨੇ ਇੱਥੇ ਦਿੱਤੀ ਹੈ, (ਜਿਸ ਤਰ੍ਹਾਂ ਉਠਦਿਆਂ ਬੈਠਦਿਆਂ ਸਿਰ ਵਿੱਚ ਸੋਟੇ ਪੈਂਦੇ ਹਨ, ਖਾਣ ਨੂੰ ਜੌਂ ਦਾ ਭੂਸਾ ਹੀ ਦਿੱਤਾ ਜਾਂਦਾ ਹੈ, ਜਾਨਵਰ ਮੂੰਹ ਨਾਲ ਕਿਸੇ ਨੂੰ ਕੋਈ ਗੱਲ ਨਹੀਂ ਸਮਝਾ ਸਕਦਾ, ਪ੍ਰਭੂ ਦਾ ਸਿਮਰਨ ਨਹੀਂ ਕਰ ਸਕਦਾ, ਨੱਕ ਵਿੱਚ ਨਕੇਲ ਪਾ ਦਿੱਤੀ ਜਾਂਦੀ ਹੈ, ਮੋਢਿਆਂ ਤੇ ਜੂਲ਼ਾ ਪਾ ਕੇ ਹਲ਼ ਅਗੇ ਜੋਤਿਆ ਜਾਂਦਾ ਹੈ …. ਆਦਿ) ਅਸਲ ਵਿੱਚ ਬਲਦਾਂ ਜਾਂ ਹੋਰ ਜਾਨਵਰਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਦੁੱਖ ਭੋਗਣੇ ਪੈਂਦੇ ਹਨ, ਇਸ ਸਭ ਦਾ ਕੀ ਕਾਰਣ ਹੋ ਸਕਦਾ ਹੈ?

ਅਖ਼ੀਰਲੇ ਬੰਦ ਦੀ ਵਿਚਾਰ:

“ਕਬੀਰ ਆਖਦਾ ਹੈ- ਰੱਬੀ ਸਿਫ਼ਤ ਸਲਾਹ ਤੋਂ ਬਿਨਾਂ ਆਖਰ ਸਿਰ ਮਾਰ ਮਾਰ ਕੇ ਪਛਤਾਏਂਗਾ”।

ਸਿਰ ਮਾਰ ਮਾਰ ਕੇ ਕਦੋਂ ਪਛਤਾਏਗਾ?

ਪਛਤਾਵਾ ਇਨਸਾਨ ਨੂੰ ਉਸ ਵਕਤ ਹੁੰਦਾ ਹੈ ਜਦੋਂ ਸਮਝ ਆ ਜਾਵੇ ਕਿ ਉਹ ਗ਼ਲਤ ਰਸਤੇ ਪਿਆ ਹੋਇਆ ਹੈ। ਜੇ ਇਸ ਨੂੰ ਸਮਾਂ ਰਹਿੰਦਿਆਂ ਸਮਝ ਆ ਗਈ ਅਤੇ ਪਛਤਾਵਾ ਕਰਕੇ ਅੱਗੋਂ ਤੋਂ ਰਾਮ ਨਾਮ ਦੇ ਸਿਮਰਨ ਵਿੱਚ ਬੰਦਾ ਲੱਗ ਗਿਆ ਤਾਂ ਬਹੁਤ ਚੰਗੀ ਗੱਲ ਹੈ ਉਸ ਹਾਲਤ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ “ਰਤਨ ਜਨਮ ਖੋਇਓ ਪ੍ਰਭੁ ਬਿਸਰਿਓ …”। ਪਰ ਜੇ ਇਸ ਮਨੁੱਖਾ ਜਨਮ ਦੇ ਹੁੰਦਿਆਂ ਸਾਰੀ ਉਮਰ ਬੀਤ ਜਾਣ ਤਕ ਵੀ ਸਮਝ ਨਾ ਆਈ, ਤਾਂ ਸਿਰ ਮਾਰ ਮਾਰ ਕੇ ਪਛਤਾਉਣ ਦਾ ਵੀ ਸਮਾਂ ਬਾਕੀ ਨਹੀਂ ਰਹੇਗਾ। ਪਰ ਕਬੀਰ ਜੀ ਪਛਤਾਉਣ ਦਾ ਸਮਾਂ ਕਦੋਂ ਦੱਸ ਰਹੇ ਹਨ? “ਚਾਰ ਪਾਵ ਦੋਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈ ਹੈ” ਜਦੋਂ ਤੇਰੇ ਚਾਰ ਪੈਰ ਦੋ ਸਿੰਗ ਹੋਣਗੇ ਅਰਥਾਤ ਜਦੋਂ ਕਿਸੇ ਜਾਨਵਰ ਦੀ ਜੂਨ ਵਿੱਚ ਪਿਆ ਹੋਵੇਂਗਾ ਜਦੋਂ ‘ਗੁੰਗ ਮੁਖ’ ਅਰਥਾਤ ਜਦੋਂ ਸਾਰਾ ਦਿਨ ਖਾਈ ਜਾਣ ਵਾਲਾ ਮੂੰਹ ਤਾਂ ਹੋਵੇਗਾ ਪਰ ਪ੍ਰਭੂ ਦੇ ਗੁਣ ਨਹੀਂ ਗਾ ਸਕੇਂਗਾ।

ਸੋ ਸਾਰੇ ਸ਼ਬਦ ਦੀ ਵਿਚਾਰ ਦਾ ਨਿਚੋੜ ਇਹ ਹੈ ਕਿ ਇਸ ਮਨੁੱਖਾ ਜਨਮ ਵਿੱਚ ਪ੍ਰਭੂ ਨਾਮ ਤੋਂ ਖੁੰਝਿਆਂ ਇਹ ਜਨਮ ਬੀਤ ਜਾਣ ਤੇ ਬਲਦ ਆਦਿ ਅਨੇਕਾਂ ਜੂਨਾਂ ਵਿੱਚ ਭਟਕਣਾਂ ਪਏਗਾ।

ਜਸਬੀਰ ਸਿੰਘ (ਕੈਲਗਰੀ)




.