.

ਮਨੁੱਖਤਾ ਦੇ ਰਹਬਰ ਬਾਬਾ ਨਾਨਕ ਅਤੇ ਗੁਰੂ ਗ੍ਰੰਥ ਸਾਹਿਬ

ਅਵਤਾਰ ਸਿੰਘ ਮਿਸ਼ਨਰੀ (510-432-5827)

ਮਹਾਂਨਕੋਸ਼ ਅਨੁਸਾਰ ਰਹਬਰ ਫਾਰਸੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਰਾਹ ਉੱਪਰ ਲੈ ਜਾਣ ਵਾਲਾ ਧਰਮ ਦਾ ਆਗੂ ਅਤੇ ਰਹਬਰੀ ਦੇ ਅਰਥ ਹਨ ਰਾਹ ਦੱਸਣ ਦੀ ਕ੍ਰਿਆ। ਰੱਬ ਦੇ ਘਰ ਤੱਕ ਲੈ ਜਾਣ ਵਾਲੇ ਰਾਹ ਅਤੇ ਰਹਬਰ ਵੀ ਬਹੁਤ ਦਰਸਾਏ ਗਏ ਹਨ। ਉਨ੍ਹਾਂ ਰਹਬਰਾਂ ਨਾਲ ਅਣਹੋਣੀਆਂ ਕਰਾਮਾਤਾਂ ਅਤੇ ਕਰਮਕਾਂਡ ਵੀ ਬਹੁਤ ਜੋੜੇ ਗਏ ਹਨ। ਆਪਣੇ ਸਮੇ ਮੁਤਾਬਕ ਉਨ੍ਹਾਂ ਨੇ ਆਪੋ ਆਪਣੀ ਕੌਮ ਦੀ ਅਗਵਾਈ ਕੀਤੀ ਪਰ ਉਹ ਸਮੁੱਚੀ ਮਨੁੱਖਤਾ ਦੇ ਰਹਬਰ ਨਾਂ ਬਣ ਸਕੇ ਅਤੇ ਇਨ੍ਹਾਂ ਵੱਖ ਵੱਖ ਧਰਮਾਂ ਦੇ ਅਨੁਯਾਈ ਇੱਕ ਦੂਜੇ ਨਾਲ ਟਕਰਾਅ ਦੀ ਨੀਤੀ ਅਪਨਾਅ ਕੇ ਲੜਦੇ ਰਹੇ। ਇਸ ਬਾਰੇ ਭਾ. ਗੁਰਦਾਸ ਜੀ ਲਿਖਦੇ ਹਨ ਕਿ “ਸਚ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਮਣ ਮੌਲਾਣੇ” ਮਨੁੱਖਤਾ ਚ’ ਪਈਆਂ ਵੰਡੀਆਂ ਨਾਂ ਮਿਟ ਸਕੀਆਂ, ਉਸ ਵੇਲੇ ਜਾਤ ਪਾਤ ਅਤੇ ਛੂਆ ਛਾਤ ਦਾ ਬੋਲ ਬਾਲਾ ਸੀ। ਲੋਕ ਪੀਰਾਂ, ਪੱਥਰਾਂ ਅਤੇ ਚਿਨ੍ਹਾਂ ਦੀ ਪੂਜਾ ਕਰ ਰਹੇ ਸਨ। ਰੱਬ ਨੂੰ ਭੁੱਲ ਕੇ ਰਹਬਰਾਂ ਨੂੰ ਹੀ ਰੱਬ ਸਮਝ ਅਤੇ ਪੂਜ ਰਹੇ ਸਨ। ਲੋਕ ਇੱਕ ਦੂਜੇ ਦੇ ਧਰਮ ਮੰਦਰਾਂ ਨੂੰ ਹੀ ਢਾਹੀ ਜਾ ਰਹੇ ਸਨ। ਰਾਜੇ, ਅਮੀਰ ਅਤੇ ਉੱਚਜਾਤੀਏ ਰਲ ਕੇ ਗਰੀਬਾਂ, ਮਜ਼ਲੂਮਾਂ ਅਤੇ ਮੰਨੀਆਂ ਗਈਆਂ ਨੀਚ ਜਾਤੀਆਂ ਦਾ ਖੂਨ ਪੀ ਰਹੇ ਸਨ। ਅਨੇਕਾਂ ਧਰਮਾਂ ਦੀ ਕਾਵਾਂਰੌਲੀ ਮਈ ਹੋਈ ਸੀ। ਧਰਮ ਦੇ ਨਾਂ ਤੇ ਚਲਾਏ ਜਾ ਰਹੇ ਵਹਿਮ-ਭਰਮ ਅਤੇ ਕਰਮਕਾਂਡ ਸਿਖਰ ਤੇ ਸਨ। ਔਰਤ ਅਤੇ ਸ਼ੂਦਰ ਦੀ ਹਾਲਤ ਬਹੁਤ ਤਰਸਯੋਗ ਸੀ। ਹਿੰਦੂ ਔਰਤਾਂ ਅਤੇ ਸ਼ੁਦਰਾਂ ਦੀ ਦੁਰਦਸ਼ਾ ਕਰਦੇ ਸਨ। ਮੁਸਲਿਮ ਚਾਰ ਔਰਤਾਂ ਦੀ ਅਗਵਾਈ ਇੱਕ ਮਰਦ ਦੇ ਬਰਾਬਰ ਸਮਝਦੇ ਸਨ। ਕੋਈ ਔਰਤ ਧਰਮ ਦੀ ਆਗੂ ਨਹੀਂ ਸੀ ਬਣ ਸਕਦੀ। ਜਗਤ ਜਨਨੀ ਦਾ ਅਪਮਾਨ ਹੋ ਰਿਹਾ ਸੀ ਅਤੇ ਸ਼ੂਦਰ ਪੈਰਾਂ ਹੇਠ ਲਿਤਾੜੇ ਜਾ ਰਹੇ ਸਨ। ਵੱਡਾ ਛੋਟੇ ਨੂੰ ਖਾ ਰਿਹਾ ਸੀ। ਨਿਤ ਕਤਲੇਆਮ, ਅਗਿਆਨਤਾ ਅਤੇ ਕੂੜ ਦਾ ਅੰਧੇਰਾ ਛਾਇਆ ਹੋਇਆ ਸੀ- ਹਉਂ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ (145) ਐਸੀ ਹਾਲਤ ਸਮੇਂ ਮਨੁੱਖਤਾ ਦੇ ਰਹਬਰ ਗੁਰੂ ਨਾਨਕ ਜੀ ਪ੍ਰਗਟ ਹੋਏ। ਮਨੁੱਖਤਾ ਦੇ ਰਹਬਰ ਇਸ ਕਰਕੇ ਲਿਖਿਆ ਹੈ ਕਿ ਬਾਕੀ ਧਰਮਾਂ ਖਾਸ ਕਰਕੇ ਇਸਲਾਮ ਵਾਲੇ ਆਖਦੇ ਹਨ ਕਿ ਮੁਹੰਮਦ ਸਾਹਿਬ ਤੋਂ ਬਾਅਦ ਕੋਈ ਰਹਬਰ ਨਹੀਂ ਹੋਇਆ। ਇਸ ਲਈ ਮੁਹੰਮਦ ਤੇ ਇਮਾਨ ਲਿਆਉਣ ਵਾਲੇ ਮੋਮਨ ਤੇ ਬਾਕੀ ਸਾਰੇ ਕਾਫਰ ਹਨ।

ਸਤਿਗੁਰੂ ਨਾਨਕ ਜੀ ਦੇ ਪ੍ਰਗਟ ਹੋਣ ਨਾਲ ਅਗਿਆਨਤਾ ਦੀ ਧੁੰਦ ਮਿਟੀ ਅਤੇ ਸੱਚ ਦਾ ਪ੍ਰਕਾਸ਼ ਚਾਨਣ ਹੋਇਆ-ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ (ਭਾ. ਗੁ) ਗੁਰੂ ਜੀ ਨੇ ਪਹਿਲਾ ਨਾਹਰਾ ਹੀ ਇਹ ਲਾਇਆ ਕਿ “ਨਾ ਕੋਈ ਹਿੰਦੂ ਨਾ ਮੁਸਲਮਾਨ ਅਲਾਹ ਰਾਮ ਕੇ ਪਿੰਡ ਪਰਾਣ (ਗੁਰੂ ਗ੍ਰੰਥ) ਭਾਵ ਅਸੀਂ ਸਾਰੇ ਇਨਸਾਨ ਹਾਂ ਕਿਉਂਕਿ ਅਲਾਹ-ਰਾਮ ਨੇ ਕੋਈ ਹਿੰਦੂ-ਮੁਸਲਿਮ-ਸਿੱਖ-ਈਸਾਈ ਪੈਦਾ ਨਹੀਂ ਕੀਤੇ। ਸਭ ਦੇ ਸਰੀਰਾਂ ਦਾ ਮਟੀਰੀਅਲ ਅਤੇ ਪਰਾਣ ਏਕ ਜੈਸੇ ਹਨ। ਸਭ ਦਾ ਰੱਬ ਵੀ ਇੱਕ ਹੈ, ਧਰਮ ਵੀ ਇੱਕ ਹੈ, ਪਿਤਾ ਵੀ ਇੱਕ ਹੈ ਅਤੇ ਸਭ ਦੀ ਮਨੁੱਖਾ ਜਾਤ ਵੀ ਇੱਕ ਹੈ-ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ॥ (611) ਮਨੋ ਕਲਪਿਤ ਦੇਵੀ-ਦੇਵਤੇ, ਭੂਤ-ਪ੍ਰੇਤ, ਨਰਕ-ਸਵਰਗ, ਭਿਸ਼ਤ-ਦੋਜ਼ਕ, ਹਿਲ-ਹੈਵਨ, ਕਰਾਮਾਤਾਂ ਗੈਬੀ ਰੂਹਾਂ ਅਤੇ ਊਚ-ਨੀਚ ਸਭ ਡਰਾਵੇ ਅਤੇ ਛਲਾਵੇ ਮਾਤਰ ਹਨ। ਐਸੇ ਡਰ ਪਾ ਕੇ ਅਖੌਤੀ ਧਰਮ ਆਗੂ ਤੁਹਾਨੂੰ ਦੋਹੀਂ ਹੱਥੀਂ ਲੁੱਟ ਰਹੇ ਹਨ। ਜਦ ਕਿ ਰੱਬ ਨੂੰ ਯਾਦ ਰੱਖਣਾ ਹੀ ਸਵਰਗ-ਭਿਸ਼ਤ-ਹੈਵਨ ਅਤੇ ਰੱਬ ਨੂੰ ਭੁੱਲਣਾ ਹੀ ਨਰਕ-ਦੋਜ਼ਕ-ਹਿਲ ਹੈ। ਚੰਗੇ ਕਰਮ ਕਰਨ ਵਾਲਾ ਊਚ ਅਤੇ ਮੰਦੇ ਕਰਨ ਵਾਲਾ ਹੀ ਨੀਚ ਹੈ। ਧਰਮ ਦੇ ਨਾਂ ਤੇ ਜੀਵਾਂ ਦੀਆਂ ਬਲੀਆਂ ਦੇਣੀਆਂ ਕੋਈ ਧਰਮ ਕਰਮ ਨਹੀਂ ਅਤੇ ਬਾਹਰਲੇ ਭੇਖ ਪਹਿਰਾਵੇ ਵੀ ਧਰਮ ਨਹੀਂ ਹਨ-ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ॥ (598) ਬਾਹਰੀ ਭੇਖ ਧਾਰਨ ਕਰਕੇ ਕੋਈ ਸਾਧੂ-ਸੰਤ, ਮੁੱਲਾਂ-ਪੀਰ, ਸਿੱਧ-ਜੋਗੀ ਜਾਂ ਬਾਬਾ ਨਹੀਂ ਹੋ ਸਕਦਾ। ਰੱਬ ਕਿਸੇ ਖਾਸ ਦਿਸ਼ਾ ਜਾਂ ਥਾਂ ਵਿਖੇ ਨਹੀਂ ਰਹਿੰਦਾ ਜਿਵੇਂ ਕਿ “ਦਖਿਣ ਦੇਸ ਹਰੀ ਕਾ ਬਾਸਾ ਪਛਮ ਅਲਾਹ ਮੁਕਾਮਾ” ਸਗੋਂ ਉਹ ਤਾਂ ਸਰਬ ਨਿਵਾਸੀ ਹੈ- ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ॥ (784) ਤੁਹਾਨੂੰ ਕਿਸੇ ਭੇਖੀ ਸਾਧੂ-ਸੰਤ, ਮੁੱਲਾਂ-ਪੀਰ, ਸਿੱਧ-ਜੋਗੀ ਜਾਂ ਬਾਬੇ ਕੋਲ ਜਾਣ ਦੀ ਲੋੜ ਨਹੀਂ ਤੁਸੀਂ ਘਰ-ਪ੍ਰਵਾਰ ਵਿੱਚ ਰਹਿ ਕੇ ਮਨੁੱਖੀ ਫਰਜ਼ਾਂ ਦੀ ਪਾਲਣਾ, ਕਿਰਤ-ਕਮਾਈ, ਮਨੁੱਖਤਾ ਦੀ ਸੇਵਾ ਅਤੇ ਰੱਬ ਦਾ ਸਿਮਰਨ ਕਰਦੇ ਹੋਏ ਆਪਣਾ ਜੀਵਨ ਸਫਲ ਕਰ ਸਕਦੇ ਹੋ। ਤੀਰਥਾਂ ਤੇ ਜਾ ਕੇ ਸਮਾਂ ਅਤੇ ਪੈਸਾ ਬਰਬਾਦ ਨਾਂ ਕਰੋ, ਕੇਵਲ ਤੀਰਥ ਨਹਾਉਣ ਨਾਲ ਪਵਿਤਰ ਨਹੀਂ ਹੋਈਦਾ-ਸੂਚੇ ਏਹਿ ਨਾ ਆਖੀਅਹਿ ਬਹਨਿ ਜਿ ਪਿੰਡਾ ਧੋਇ॥ ਸੂਚੇ ਸਾਈ ਨਾਨਕਾ ਜਿਨ ਮਨਿ ਵਸਿਆ ਸੋਇ॥ (472) ਤੀਰਥ ਤੇ ਜਾ ਕੇ ਵੀ ਜੇ ਛੂਆ-ਛਾਤ ਭੇਦ-ਭਾਵ ਦੂਰ ਨਹੀਂ ਹੋਇਆ ਤਾਂ ਜਾਣ ਦਾ ਕੀ ਫਾਇਦਾ? ਤੀਰਥ ਬੌਲੀਆਂ ਆਦਿ ਤਾਂ ਉਸ ਵੇਲੇ ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਬਣਾਏ ਗਏ ਸਨ ਨਾਂ ਕਿ ਪਾਪ ਧੋਣ ਵਾਸਤੇ। ਜਨਮ-ਮਰਨ, ਖੁਸ਼ੀ-ਗਮੀ ਅਤੇ ਮਹੂਰਤ ਆਦਿ ਤੇ ਕੀਤੀਆਂ ਤੇ ਕਰਾਈਆਂ ਜਾਂਦੀਆਂ ਫੋਕੀਆਂ ਰਸਮਾਂ ਦਾ ਖੰਡਨ ਕੀਤਾ-ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ॥ ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ॥ 2॥ (590) ਮਸਿਆ, ਪੁੰਨਿਆਂ, ਸੰਗ੍ਰਾਂਦ, ਗ੍ਰਹਿ, ਵਰਤ, ਰੋਜੇ, ਪੀਰ, ਚੰਗੇ ਮਾੜੇ ਦਿਨ, ਚੰਦ ਤੇ ਸੂਰਜ, ਬ੍ਰਾਹਮਣ, ਪਿੱਪਲ, ਪਛੂ-ਪੰਛੀ, ਅਖੌਤੀ ਦੇਵੀ-ਦੇਵਤੇ, ਭੇਖੀ ਸਾਧ-ਸੰਤ, ਮੜੀ -ਮੱਠ, ਪੱਥਰ ਅਤੇ ਮੂਰਤੀਆਂ, ਮੰਤ੍ਰ-ਜੰਤ੍ਰ, ਗਿਣਤੀ-ਮਿਣਤੀ ਦੇ ਰਸਮੀ ਪਾਠ ਅਤੇ ਮਾਲਾ-ਤਸਬੀਆਂ ਫੇਰਨ ਦੀਆਂ ਫੋਕੀਆਂ ਰਸਮਾਂ ਆਦਿਕ ਨੂੰ ਤਿਆਗਣ ਦਾ ਉਪਦੇਸ਼ ਤਰਕ-ਵਿਗਿਆਨ ਸਿੱਧ ਗੋਸਟਾਂ ਆਦਿ ਰਾਹੀਂ ਭਰੀਆਂ ਸਭਾਵਾਂ, ਮੰਦਰਾਂ, ਮਸਜਿਦਾਂ, ਮੱਠਾਂ ਅਤੇ ਸਿੱਧ-ਜੋਗ ਆਦਿਕ ਆਗੂਆਂ ਕੋਲ ਜਾ ਕੇ ਬੜੇ ਠਰੰਮੇ, ਦ੍ਰਿੜਤਾ ਅਤੇ ਬੇਬਾਕੀ ਨਾਲ ਦਿੱਤਾ।

ਗੁਰੂ ਨਾਨਕ ਜੀ ਐਸੇ ਪਹਿਲੇ ਰਹਬਰ ਸਨ ਜੋ ਵੱਖ-ਵੱਖ ਧਰਮ ਅਸਥਾਨਾਂ ਤੇ ਗਏ ਅਤੇ ਉਨ੍ਹਾਂ ਦੇ ਆਗੂਆਂ ਨਾਲ ਸਿੱਧਾ ਵਿਚਾਰ-ਵਿਟਾਂਦਰਾ ਕਰਕੇ ਸਚ-ਧਰਮ ਦਾ ਉਪਦੇਸ਼ ਦਿੱਤਾ ਇੱਥੋਂ ਤੱਕ ਕਿ ਮੱਕੇ ਵਿਖੇ ਜਾ ਕੇ ਵੀ ਹੰਕਾਰੀ ਆਗੂਆਂ ਦੇ ਮਨ ਦਾ ਮੱਕਾ ਫੇਰਿਆ। ਵੱਖ ਵੱਖ ਫਿਰਕਿਆਂ ਨਾਲ ਸਬੰਧਤ ਭਗਤਾਂ ਦੀ ਬਾਣੀ ਨੂੰ ਆਪਣੀ ਪੋਥੀ ਵਿੱਚ ਅੰਕਿਤ ਕਰਕੇ ਸਰਬਸਾਂਝੇ ਗ੍ਰੰਥ ਦੀ ਨੀਂਹ ਰੱਖੀ ਅਤੇ ਅੰਤ ਵੇਲੇ ਆਪਣੇ ਜਾਂ-ਨਸ਼ੀਨ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਸਿੱਖਾਂ ਦੀ ਭਰੀ ਸਭਾ ਵਿੱਚ ਇਹ ਪਵਿਤਰ ਪੋਥੀ ਸੌਂਪੀ। ਗੁਰੂ ਅਰਜਨ ਦੇਵ ਜੀ ਨੇ ਭਗਤਾਂ, ਗੁਰਸਿੱਖਾਂ ਅਤੇ ਆਪਣੇ ਸਮੇਤ ਬਾਕੀ ਗੁਰੂਆਂ ਦੀ ਸਰਬਸਾਂਝੀ ਬਾਣੀ ਨੂੰ ਇੱਕ ਜਿਲਦ ਵਿੱਚ ਕਰਕੇ ਸੰਸਾਰ ਲਈ ਇੱਕ ਸਾਇੰਟੇਫਿਕ ਸਰਬਸਾਂਝਾ ਗ੍ਰੰਥ ਤਿਆਰ ਕੀਤਾ। ਫਿਰ ਗੁਰੂ ਨਾਨਕ ਸਾਹਿਬ ਜੀ ਦੇ ਦਸਵੇਂ ਜਾਂਨਸ਼ੀਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਖਸ਼ੀਗੁਰਤਾ ਖਤਮ ਕਰਕੇ ਨਾਦੇੜ ਮਹਾਂਰਾਸ਼ਟਰ (ਭਾਰਤ) ਵਿਖੇ ਸੰਪੂਰਨ ਤੌਰ ਤੇ ਗੁਰਗੱਦੀ ਜੁਗੋ ਜੁਗ ਅਟੱਲ ਇਸ ਸਰਬਸਾਂਝੇ ਗ੍ਰੰਥ ਨੂੰ ਸੌਂਪਦੇ ਹੋਏ ਹੁਕਮ ਕੀਤਾ ਕਿ-ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ॥ ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਇਉਂ ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਦਾ ਚਲਾਇਆ ਸਰਬਸਾਂਝਾ ਨਿਰਮਲ ਪੰਥ ਅੱਜ ਖਾਲਸਾ ਪੰਥ ਦੇ ਰੂਪ ਵਿੱਚ ਵਿਚਰ ਰਿਹਾ ਹੈ। ਮਨੁੱਖਤਾ ਅਤੇ ਧਰਮ ਵਿੱਚ ਵੰਡੀਆਂ ਪਾਉਣ ਵਾਲਿਆਂ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ। ਇਸ ਕਰਕੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਇਸ ਅਗਾਂਹਵਧੂ, ਵਿਗਿਆਨਕ ਸੋਚ ਵਾਲੇ ਕਿਰਤੀਆਂ ਦੇ ਸਰਬਸਾਂਝੇ ਧਰਮ ਨੂੰ ਹਾਨੀ ਪਹਿਚਾਉਣ ਦੀਆਂ ਚਾਲਾਂ ਸੰਤ ਬਾਬਿਆਂ, ਸੰਪ੍ਰਦਾਵਾਂ, ਰਾਜਨੀਤਕ ਲੀਡਰਾਂ ਅਤੇ ਭੇਖੀ ਪ੍ਰਚਾਰਕਾਂ ਦੇ ਰੂਪ ਵਿੱਚ ਕਰਦੇ ਰਹਿੰਦੇ ਹਨ। ਕਦੇ ਅਖੌਤੀ ਦਸਮ ਗ੍ਰੰਥ “ਗੁਰੂ ਗ੍ਰੰਥ ਸਾਹਿਬ” ਦੇ ਬਰਾਬਰ ਪ੍ਰਕਾਸ਼ ਕਰਨਾ, ਕਦੇ ਸਿੱਖਾਂ ਨੂੰ ਲਵ-ਕੁਛ ਦੀ ਉਲਾਦ ਦੱਸਣਾ ਅਤੇ ਅੱਜ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਦੀਆਂ ਕੋਝੀਆਂ ਚਾਲਾ ਚੱਲੀਆਂ ਜਾ ਰਹੀਆਂ ਹਨ। ਅਕਾਲ ਤਖਤ ਤੋਂ ਪੰਥ ਪ੍ਰਵਾਣਿਤ ਮਰਯਾਦਾ ਲਾਗੂ ਨਹੀਂ ਕੀਤੀ ਜਾ ਰਹੀ। ਆਂਮ ਗੁਰਦੁਆਰਿਆਂ ਵਿੱਚ ਵੀ ਸੰਪ੍ਰਦਾਈ ਡੇਰਿਆਂ ਵਾਲੀ ਮਰਯਾਦਾ ਹੀ ਚੱਲ ਰਹੀ ਹੈ। ਇਸ ਪੱਖੋਂ ਦਿੱਲੀ ਗੁਰਦੁਆਰਾ ਕਮੇਟੀ ਵਾਲੇ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਦ੍ਰਿੜਤਾ ਨਾਲ ਦਿੱਲੀ ਦੇ ਗੁਰਦੁਆਰਿਆਂ ਵਿਖੇ ਅਕਾਲ ਤਖਤ ਤੋਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਨੂੰ ਲਾਗੂ ਕੀਤਾ ਹੋਇਆ ਹੈ। ਦਾਸ ਨੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐਸ. ਏ. ਰਾਹੀਂ ਗੁਰ ਪੁਰਬ ਤੇ ਇਹ ਚਾਰ ਅੱਖਰ ਲਿਖ ਕੇ ਸੰਗਤਾਂ ਨੂੰ ਜਾਗਰੂਕ ਕਰਨ ਦਾ ਇੱਕ ਨਿਮਾਣਾ ਜਿਹਾ ਯਤਨ ਕੀਤਾ ਹੈ। ਆਸ ਹੈ ਸੰਗਤਾਂ ਮਨੁੱਖਤਾ ਦੇ ਰਹਬਰ ਗੁਰੂ ਨਾਨਕ ਅਤੇ ਸਦੀਵੀ ਸਰਬਸਾਂਝੇ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਦੀ ਪਾਵਨ ਸਿਖਿਆ ਨੂੰ ਧਾਰਨ ਕਰਕੇ ਆਪਣਾ ਜਨਮ ਸਫਲਾ ਕਰਨਗੀਆਂ। ਸੰਪ੍ਰਕ ਲਈ 5104325827 ਤੇ ਆਪ ਫੋਨ ਕਰਕੇ ਆਪਣੇ ਕੀਮਤੀ ਸੁਝਾਅ ਦੇ ਸਕਦੇ ਹੋ। ਮੀਡੀਏ ਵਾਲੇ ਵੀਰ ਵਧਾਈ ਦੇ ਪਾਤਰ ਹਨ ਜੋ ਅਜਿਹੇ ਵਿਚਾਰ ਸੰਗਤਾਂ ਤੱਕ ਪਹੁੰਚਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਸੰਗਤਾਂ ਨੂੰ ਵੀ ਮੀਡੀਏ ਦੀ ਵੱਧ ਚੜ੍ਹ ਕੇ ਮਦਦ ਕਰਨੀ ਚਾਹੀਦੀ ਹੈ।




.