.

ਗੁਰਮਤਿ ਅਨੁਸਾਰ “ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ” (ਪੰ: ੪੭੪)

ਨਕਲੀ ਜ਼ਿੰਦਗੀ-ਅਸਲੀ ਜ਼ਿੰਦਗੀ

ਸਿੱਖ ਧਰਮ ਦੀ ਅਜੋਕੀ ਤਬਾਹੀ ਲਈ “ਬੱਚੇ ਨਹੀਂ, ਮਾਪੇ ਦੋਸ਼ੀ ਹਨ”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

“ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ” (ਪੰ:463)

“ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ” (ਬਾਣੀ ਜਪੁ)

ਨਕਲੀ ਜ਼ਿੰਦਗੀ- ਸੰਸਾਰ `ਚ ਬਹੁਤੇ ਲੋਕ ਹਨ ਜੋ ਨਕਲੀ ਜ਼ਿੰਦਗੀ ਹੀ ਜੀਅ ਰਹੇ ਹੁੰਦੇ ਹਨ। ਪਹਿਲੀ ਗੱਲ ਇਹ ਕਿ, ਗੁਰਬਾਣੀ ਸੋਝੀ ਬਿਨਾ ਅਸਲੀ ਜ਼ਿੰਦਗੀ ਦੀ ਸਮਝ ਆ ਸਕੇ, ਆਸਾਨ ਨਹੀਂ। ਦੂਜਾ, ਜੇ ਕਿਸੇ ਢੰਗ ਅਜਿਹਾ ਹੋ ਵੀ ਜਾਵੇ, ਬੇਸ਼ਕ ਗੁਰਬਾਣੀ ਸੋਝੀ ਰਸਤੇ ਹੀ ਸਹੀ, ਤਾਂ ਉਥੇ ਵੀ ਪਹਿਲਾ ਪੜਾਅ ਸੋਝੀ ਤੇ ਗਿਆਨ ਦੀ ਪ੍ਰਾਪਤੀ ਦਾ ਹੀ ਹੈ। ਇਸ ਤਰ੍ਹਾਂ ਨਿਰਾ ਪੁਰਾ ਗਿਆਨ ਵੀ ਹਉਮੈ ਵਧਾਉਂਦਾ ਹੈ। ਇਸ ਲਈ ਉਸ ਸੋਝੀ ਤੇ ਗਿਆਨ ਦਾ ਯੋਗ ਲਾਭ ਲੈਣ ਲਈ ਜ਼ਰੂਰੀ ਹੈ “ਤਿਥੈ ਘੜੀਐ ਸੁਰਤਿ, ਮਤਿ, ਮਨਿ, ਬੁਧਿ” (ਬਾਣੀ ਜਪੁ) ਅਨੁਸਾਰ ਪਹਿਲਾਂ ਸੁਰਤ ਦਾ ਘੜੇ ਜਾਣਾ। ਤਾਂ ਤੇ ਸੁਆਲ ਪੈਦਾ ਹੁੰਦਾ ਹੈ ਕਿ ਸੁਰਤ ਨੂੰ ਘੜਿਆ ਕਿਵੇਂ ਜਾਵੇ? ਗੁਰਬਾਣੀ ਦਾ ਹੀ ਫ਼ੈਸਲਾ ਹੈ “ਜੋਤੀ ਜੋਤਿ ਮਿਲਾਈਐ, ਸੁਰਤੀ ਸੁਰਤਿ ਸੰਜੋਗੁ” (ਪੰ: ੨੧) ਭਾਵ ਇਸ ਪ੍ਰਾਪਤੀ ਲਈ ਗੁਰਬਾਣੀ ਆਦੇਸ਼ਾਂ `ਚ ਜੀਵਨ ਦੀ ਤਿਆਰੀ ਜ਼ਰੂਰੀ ਹੈ। ਉਪ੍ਰੰਤ ਇਸ ਤਰ੍ਹਾਂ ਘੜੀ ਹੋਈ ਸੁਰਤ ਕਾਰਨ ਹੀ ਪ੍ਰਭੂ ਅਕਾਲਪੁਰਖ ਅਗੇ ਪੂਰਣ ਸਮਰਪਣ ਵਾਲੀ ਅਵਸਥਾ ਬਣ ਸਕਦੀ ਹੈ, ਉਂਝ ਨਹੀਂ। ਇਸ ਤੋਂ ਬਾਅਦ ਅਜਿਹੀ ਘੜੀ ਹੋਈ ਸੁਰਤ `ਚ ਕਰਤਾਰ ਦੀ ਬਖਸ਼ਿਸ਼ ਆਪਣੇ ਆਪ ਸ਼ਾਮਿਲ ਹੋ ਜਾਂਦੀ ਹੈ। ਜੀਵਨ ਦੀ ਅਜਿਹੀ ਅਵਸਥਾ `ਚ ਪੁੱਜ ਕੇ ਹੀ ‘ਅਸਲੀ ਜ਼ਿੰਦਗੀ’ ਕੀ ਹੁੰਦੀ ਹੈ ਇਸ ਦਾ ਮਤਲਬ ਸਮਝ `ਚ ਆ ਸਕਦਾ ਹੈ ਕਿ ਅਸਲੀ ਜ਼ਿੰਦਗੀ, ਜੀਵਨ ਦੀ ਕਿਸ ਅਵਸਥਾ ਦਾ ਨਾਮ ਹੈ? ਉਪ੍ਰੰਤ ਅਜਿਹੀ ਅਵਸਥਾ ਬਨਣ `ਤੇ ਹੀ ਜੀਵਨ ਦਾ ਅਸਲ ਅਨੰਦ ਮਾਣਿਆ ਜਾ ਸਕਦਾ ਹੈ, ਉਸ ਬਿਨਾ ਨਹੀਂ। ਇਹ ਵੀ ਠੀਕ ਹੈ ਕਿ ਗੁਰਬਾਣੀ ਰਾਹੀਂ ਅਸਲ ਜ਼ਿੰਦਗੀ ਦੀ ਪਛਾਣ ਤਾਂ ਜਲਦੀ ਆ ਜਾਵੇਗੀ, ਪਰ ਉਸ ਦਾ ਲਾਭ ‘ਅਸਲੀ ਜ਼ਿੰਦਗੀ’ ਵਾਲੀ ਅਵਸਥਾ `ਚ ਪੁੱਜੇ ਬਿਨਾ ਨਹੀਂ ਮਿਲੇਗਾ।

“ਲਿਵ ਛੁੜਕੀ ਲਗੀ ਤ੍ਰਿਸਨਾ” - ਤਾਂ ਤੇ ਸਪਸ਼ਟ ਹੈ ਕਿ “ਲਿਵ ਛੁੜਕੀ ਲਗੀ ਤ੍ਰਿਸਨਾ, ਮਾਇਆ ਅਮਰੁ ਵਰਤਾਇਆ” (ਪੰ: ੯੨੧) ਅਨੁਸਾਰ ਸੰਸਾਰ `ਚ ਬਹੁਤੇ ਲੋਕ ਉਹੀ ਹੁੰਦੇ ਹਨ ਜੋ ਜਨਮ ਦੇ ਨਾਲ ਹੀ ਪ੍ਰਭੂ ਤੋਂ ਲਿਵ ਟੁੱਟ ਜਾਣ ਕਾਰਨ ‘ਨਕਲੀ ਜ਼ਿੰਦਗੀ’ `ਚ ਪ੍ਰਵੇਸ਼ ਕਰ ਜਾਂਦੇ ਹਨ। ਉਪ੍ਰੰਤ ਜੇ ਗੁਰਬਾਣੀ-ਗੁਰੂ ਤੋਂ ਜੀਵਨ ਦੀ ਤਿਆਰੀ ਨਾ ਹੋਵੇ ਤਾਂ ਉਹਨਾਂ ਦੇ ਜੀਵਨ `ਚ “ਕਲਜੁਗਿ ਰਥੁ ਅਗਨਿ ਕਾ, ਕੂੜੁ ਅਗੈ ਰਥਵਾਹ” (ਪੰ: ੪੭੦) ਭਾਵ ਹਰ ਸਮੇਂ ਤ੍ਰਿਸ਼ਨਾ, ਭਟਕਨਾ ਤੇ ਮੋਹ ਮਾਇਆ, ਵਿਕਾਰਾਂ ਦੀ ਅੱਗ ਹੀ ਭੜਕੀ ਰਹਿੰਦੀ ਹੈ। ਫ਼ਿਰ ਇਸੇ ਕੂੜ ਵਾਲੀ ਪਕੜ ਦਾ ਨਤੀਜਾ ਹੁੰਦੇ ਹਨ ਮਾਨਸਿਕ ਤਨਾਵ, ਹਿਰਦੇ ਰੋਗ, ਪੇਟ ਦੀਆਂ ਬਿਮਾਰੀਆਂ, ਜੋੜਾਂ ਦੇ ਦਰਦ ਭਾਵ ੯੯% ਸਰੀਰਕ ਤੇ ਮਾਨਸਿਕ ਰੋਗ। ਇਹੀ ਨਹੀਂ ਦੁਰਘਟਨਾਵਾਂ, ਲੜਾਈਆਂ-ਝਗੜੇ, ਮੁਕਦਮੇ ਬਾਜ਼ੀਆਂ, ਤੇਰ-ਮੇਰ, ਵਿਤਕਰੇ, ਜਹਾਲਤਾਂ ਤੇ ਬਹੁਤ ਕੁਝ, ਜੋ ਬਹੁਤਾ ਕਰਕੇ ਇਸੇ ਮਾਨਸਿਕ ਤਨਾਵ ਦੀ ਹੀ ਦੇਣ ਹੁੰਦੇ ਹਨ। ਨਾ-ਸਮਝ ਇਨਸਾਨ, ਆਮ ਤੌਰ `ਤੇ ਇਹਨਾ ਨੂੰ ਕਿਸਮਤ ਜਾਂ ਪ੍ਰਭੂ ਦੀ ਦੇਣ ਮੰਨ ਬੈਠਦਾ ਹੈ, ਫ਼ਿਰ ਦੌੜਦਾ ਹੈ ਪਖੰਡੀਆਂ ਕੋਲੋਂ ਉਪਾਅ ਕਰਾਉਣ, ਸੁਖਣਾ, ਚਾਲੀਹੇ ਆਦਿ ਦੇ ਰਸਤੇ, ਨਹੀਂ ਤਾਂ ਜੁਰਮਾਂ ਦੇ ਗੜ੍ਹ ਤਾਂਤ੍ਰਿਕਾਂ ਕੋਲ। ਇਸੇ ਤੋਂ ਹੁੰਦੀ ਹੈ ਜੀਵਨ `ਚ ਕਰਮਕਾਂਡਾਂ ਵਹਿਮਾ-ਭਰਮਾ ਦੀ ਭਰਮਾਰ ਤੇ ਕਦਮ ਕਦਮ `ਤੇ ਡਰ-ਸਹਿਮ ਦਾ ਬੋਲਬਾਲਾ। ਅਸਲ `ਚ ਇਹਨਾ ਸਾਰਿਆਂ ਰੋਗਾਂ ਲਈ ਨਾ ਕਿਸਮਤ ਤੇ ਨਾ ਕੋਈ ਦੂਜਾ ਕਾਰਨ ਹੁੰਦਾ ਹੈ ਤੇ ਨਾ ਇਹ ਪ੍ਰਭੂ ਦੀ ਦੇਣ ਹੁੰਦੇ ਹਨ। ਇਸ ਦਾ ਇਕੋ ਕਾਰਨ ਹੁੰਦਾ ਹੈ ਤੇ ਉਹ ਹੈ ਮਨੁੱਖ ਦੀ ‘ਨਕਲੀ ਜ਼ਿੰਦਗੀ’ ਜਿਹੜੀ ਉਹ ਪ੍ਰਭੂ ਤੋਂ ਵਿਛੜ ਕੇ ਜੀਅ ਰਿਹਾ ਹੁੰਦਾ ਹੈ।

ਅੰਦਰਹੁ ਝੂਠੇ ਪੈਜ ਬਾਹਰਿ” - ਅਸਲੀ ਜ਼ਿੰਦਗੀ ਜੀਅ ਰਹੇ ਗੁਰਮੁਖਾਂ ਦੀ ਤਾਂ ਗੱਲ ਹੀ ਵੱਖਰੀ ਹੈ ਤੇ ਉਸ ਦਾ ਕੁੱਝ ਜ਼ਿਕਰ ਅੱਗੇ ਚਲ ਕੇ ਕਰਾਂਗੇ ਵੀ। ਦਰਅਸਲ “ਸਭੁ ਕੋ ਆਖੈ ਆਪਣਾ, ਜਿਸੁ ਨਾਹੀ ਸੋ ਚੁਣਿ ਕਢੀਐ” (ਪੰ: ੪੭੩) ਅਨੁਸਾਰ ਹਉਮੈ ਰਹਿਤ ‘ਅਸਲੀ ਜੀਵਨ’ ਜੀਊਣ ਵਾਲਿਆਂ ਬਾਰੇ ਗੁਰਦੇਵ ਵੀ ਫ਼ੁਰਮਾਉਂਦੇ ਹਨ “ਜਿਸੁ ਨਾਹੀ ਸੋ ਚੁਣਿ ਕਢੀਐ” ਭਾਵ ਨਕਲੀ ਜ਼ਿੰਦਗੀ ਦੀ ਗੱਲ ਕਰਣ ਸਮੇਂ ਅਜਿਹੇ ਭਲੇ ਪੁਰਖਾਂ ਨੂੰ ਵੱਖ ਕਰਕੇ ਹੀ, ਨਕਲੀ ਜ਼ਿੰਦਗੀ ਬਾਰੇ ਗੱਲ ਸਮਝੀ ਜਾ ਸਕਦੀ ਹੈ। ਕਿਉਂਕਿ ਉਹ ਭਲੇ ਪੁਰਖ ਇਸ ‘ਨਕਲੀ ਜ਼ਿੰਦਗੀ’ ਵਾਲਿਆਂ ਦੀ ਗਿਣਤੀ `ਚ ਨਹੀਂ ਆਉਂਦੇ। ਜਦਕਿ ਸੰਸਾਰ `ਚ ਲੋਕ ਬਹੁਤਾ ਕਰਕੇ ‘ਨਕਲੀ ਜ਼ਿੰਦਗੀ’ ਹੀ ਜੀਅ ਰਹੇ ਹੁੰਦੇ ਹਨ। ਅਜਿਹੇ ਲੋਕਾਂ ਲਈ ਗੁਰਦੇਵ ਨੇ “ਸਭੁ ਕੋ ਆਖੈ ਆਪਣਾ” ਵਾਲੀ ਸ਼ਬਦਾਵਲੀ ਵਰਤੀ ਹੈ ਭਾਵ ਬਹੁਤੀ ਲੋਕਾਈ ਤਾਂ ਪ੍ਰਭੂ ਨੂੰ ਭੁਲਾਅ ਕੇ ਮੈ, ਮੇਰਾ `ਚ ਹੀ ਫਸੀ ਰਹਿੰਦੀ ਹੈ। ਜਿਸ ਤੋਂ ਆਪਣਾ ਪ੍ਰਾਪਤ ਮਨੁਖਾ ਜਨਮ “ਭੈ ਵਿਚਿ ਆਵਹਿ ਜਾਵਹਿ ਪੂਰ” (ਪੰ: ੪੬੪) ਅਨੁਸਾਰ ਬਿਰਥਾ ਕਰ ਕੇ ਫ਼ਿਰ ਤੋਂ ਜਨਮ-ਮਰਨ ਦੇ ਗੇੜ ਵੱਲ ਹੀ ਵਧ ਰਹੇ ਹੁੰਦੇ ਹਨ। ਇਸ ਤਰ੍ਹਾਂ ਆਮ ਲੋਕਾਈ `ਚ ਭਾਵੇਂ ਕੋਈ ਮਨੁੱਖ ਧਾਰਮਿਕ ਪੱਖੋਂ ਬੜਾ ਵਧ ਚੜ੍ਹ ਕੇ ਕਰਮਕਾਂਡੀ ਹੋਵੇ, ਨਾਸਤਿਕ, ਵਿਭਚਾਰੀ ਜਾਂ ਜੁਰਮਾ ਭਰੀ ਜ਼ਿੰਦਗੀ ਜੀਅ ਰਿਹਾ ਹੋਵੇ; ਫ਼ਰਕ ਹੁੰਦਾ ਹੈ ਤਾਂ ਕੇਵਲ ਉਹਨਾਂ ਦੇ ਸੰਸਾਰਿਕ ਪੱਧਰ `ਤੇ ਨਿਭ ਰਹੀ ਜ਼ਿੰਦਗੀ ਦਾ, ਨਹੀਂ ਤਾਂ ਉਹ ਸਾਰੇ ਨਕਲੀ ਜ਼ਿੰਦਗੀ ਹੀ ਜੀਅ ਰਹੇ ਹੁੰਦੇ ਹਨ।

“ਹਉਮੈ ਬੂਝੈ ਤਾ ਦਰੁ ਸੂਝੈ” -ਅਜਿਹੀ ‘ਨਕਲੀ ਜ਼ਿੰਦਗੀ’ ਜੀਉਣ ਵਾਲਿਆਂ ਵਿਚੋਂ ਹੀ ਬਹੁਤਾ ਕਰਕੇ ਬਾਹਰੋਂ ਸਮਾਜਕ ਜਾਂ ਧਾਰਮਿਕ ਪੱਖੋਂ ਹੀ ਨਹੀਂ; ਬਲਕਿ ਕਈਆਂ ਨੇ ਤਾਂ ਦੋਵੇਂ ਪਾਸਿਓਂ ਹੀ ਆਪਣੀ ਕਾਫ਼ੀ ਵੱਡੀ ਤੇ ਫੋਕੀ ਭੱਲ ਬਣਾਈ ਹੁੰਦੀ ਹੈ। ਇਹ ਲੋਕ ਚੰਗੇ ਧਰਮੀ, ਗੁਣਵਾਨ ਹੋਣ ਦੇ ਨਾਟਕ ਤਾਂ ਬਹੁਤ ਕਰਦੇ ਹਨ; ਲੋਕਾਚਾਰੀ ਧਰਮ-ਕਰਮ ਤੇ ਧਾਰਮਕ ਭੇਖਾਂ `ਚ ਵੀ ਸਭ ਤੋਂ ਅੱਗੇ ਹੁੰਦੇ ਹਨ। ਇਸ ਦੇ ਬਾਵਜੂਦ ਉਹਨਾਂ ਦੇ ਕਰਮ ਦੁਨਿਆਵੀ ਹੋਣ ਜਾਂ ਧਾਰਮਿਕ, ਸਾਰੇ ਦੇ ਸਾਰੇ ਹੁੰਦੇ ਲੋਕ ਦਿਖਾਵਾ ਹੀ ਹਨ। ਅਜਿਹੇ ਹੀ ਲੋਕਾਂ ਦੇ ਚਲ ਰਹੇ ‘ਨਕਲੀ ਜੀਵਨ’ ਲਈ ਭਗਤ ਨਾਮਦੇਵ ਜੀ ਫ਼ੁਰਮਾਉਂਦੇ ਹਨ “ਬਾਨਾਰਸੀ ਤਪੁ ਕਰੈ ਉਲਟਿ, ਤੀਰਥ ਮਰੈ, ਅਗਨਿ ਦਹੈ, ਕਾਇਆ ਕਲਪੁ ਕੀਜੈ॥ ਅਸੁਮੇਧ ਜਗੁ ਕੀਜੈ, ਸੋਨਾ ਗਰਭ ਦਾਨੁ ਦੀਜੈ, ਰਾਮ ਨਾਮ ਸਰਿ ਤਊ ਨ ਪੂਜੈ॥   ॥ ਛੋਡਿ ਛੋਡਿ ਰੇ ਪਾਖੰਡੀ ਮਨ, ਕਪਟੁ ਨ ਕੀਜੈ॥ ਹਰਿ ਕਾ ਨਾਮੁ ਨਿਤ ਨਿਤਹਿ ਲੀਜੈ॥   ॥ ਰਹਾਉ॥ ਗੰਗਾ ਜਉ ਗੋਦਾਵਰਿ ਜਾਈਐ, ਕੁੰਭਿ ਜਉ ਕੇਦਾਰ ਨਾੑਈਐ ਗੋਮਤੀ ਸਹਸ ਗਊ ਦਾਨੁ ਕੀਜੈ॥ ਕੋਟਿ ਜਉ ਤੀਰਥ ਕਰੈ, ਤਨੁ ਜਉ ਹਿਵਾਲੇ ਗਾਰੈ, ਰਾਮ ਨਾਮ ਸਰਿ ਤਊ ਨ ਪੂਜੈ॥   ॥ ਅਸੁ ਦਾਨ, ਗਜ ਦਾਨ, ਸਿਹਜਾ ਨਾਰੀ ਭੂਮਿ ਦਾਨ, ਐਸੋ ਦਾਨੁ ਨਿਤ ਨਿਤਹਿ ਕੀਜੈ॥ ਆਤਮ ਜਉ ਨਿਰਮਾਇਲੁ ਕੀਜੈ, ਆਪ ਬਰਾਬਰਿ ਕੰਚਨੁ ਦੀਜੈ, ਰਾਮ ਨਾਮ ਸਰਿ ਤਊ ਨ ਪੂਜੈ” (ਪੰ: ੯੭੩) ਅਤੇ ਰਹਾਉ ਦੇ ਬੰਦ `ਚ ਇਹਨਾ ਹਉਮੈ ਅਧੀਨ ਹੋ ਰਹੇ ਸਾਰੇ ਜ਼ਾਹਿਰਾ ਧਾਰਮਿਕ ਕੰਮਾ ਨੂੰ “ਛੋਡਿ ਛੋਡਿ ਰੇ ਪਾਖੰਡੀ ਮਨ, ਕਪਟੁ ਨ ਕੀਜੈ॥ ਹਰਿ ਕਾ ਨਾਮੁ, ਨਿਤ ਨਿਤਹਿ ਲੀਜੈ” ਭਾਵ ਨਿਰਾ ਪਾਖੰਡ ਕਹਿ ਕੇ ਹੀ ਪ੍ਰਗਟ ਕੀਤਾ ਹੈ।

ਇਸੇ ਤਰ੍ਹਾਂ ਬਾਣੀ ਅਸਾ ਕੀ ਵਾਰ `ਚ ਵੀ “ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ॥ ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ॥ ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ॥ ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ॥ ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ॥ ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ” (ਪੰ: ੪੬੭) ਇਥੇ ਗੁਰਦੇਵ ਵੀ ਅਜਿਹੇ ਸਾਰੇ ਜ਼ਾਹਿਰਾ ਧਾਰਮਿਕ ਕੰਮਾਂ ਨੂੰ ਮਿਥਿਆ ਫ਼ੁਰਮਾਅ ਰਹੇ ਹਨ। ਕਾਰਨ, ਇਹਨਾ ਸਾਰੇ ਕੰਮਾ ਦਾ ਆਧਾਰ ਇਕੋ ਹੈ ਤੇ ਉਹ ਹੈ ‘ਮਤੀ’ ਭਾਵ ‘ਹਉਮੈ’ ਜਾਂ “ਸਭੁ ਕੋ ਆਖੈ ਆਪਣਾ” ਤੋਂ ਪੈਦਾ ਕੀਤੇ ਹੋਏ ਕਰਮ। ਜਦਕਿ ਇਹਨਾ ਸਾਰੇ ਕੰਮਾਂ ਅੰਦਰ ਪ੍ਰਭੂ ਦੀ ‘ਕਰਮ’ ਬਖਸ਼ਿਸ਼ ਤੇ ਮਨੁੱਖ ਵੱਲੋਂ ਸਮਰਪਣ ਦੀ ਭਾਵਨਾ ਉੱਕਾ ਹੀ ਨਦਾਰਦ ਹੈ। ਇਹ ਕੇਵਲ ਮਿਸਾਲਾਂ ਹਨ ਜਦਕਿ ਗੁਰਬਾਣੀ `ਚ ਅਜਿਹੀ ਨਕਲੀ ਜ਼ਿੰਦਗੀ ਨੂੰ ਸਪਸ਼ਟ ਕਰਣ ਲਈ ਬੇਅੰਤ ਫ਼ੁਰਮਾਣ ਤੇ ਹਜ਼ਾਰਾਂ ਪ੍ਰਮਾਣ ਹਨ।

ਇਸੇ ਦਾ ਨਤੀਜਾ, ਨਕਲੀ ਜੀਵਨ ਜੀਅ ਰਹੇ ਲੋਕਾਂ ਦੇ ਮਨਾਂ `ਚ ਅਗਿਆਨਤਾ ਦਾ ਹਨੇਰਾ ਤੇ ਰਹਿਣੀ `ਚ ਅਉਗੁਣਾ ਦੀ ਮਲੀਨਤਾ ਹੀ ਭਰੀ ਰਹਿੰਦੀ ਹੈ। ਅਜਿਹੇ ਨਕਲੀ ਜੀਵਨ `ਚ ਕਿਸੇ ਨੂੰ ਆਤਮਕ ਆਨੰਦ ਤੇ ਮਨ ਦਾ ਟਿਕਾਅ ਨਹੀਂ ਆਉਂਦਾ। ਉਲਟਾ ਉਹਨਾਂ ਅੰਦਰ “ਹਉਮੈ ਬੂਝੈ ਤਾ ਦਰੁ ਸੂਝੈ” (ਪੰ: ੪੬੬) ਅਨੁਸਾਰ ਹਉਮੈ ਕਾਰਨ ਪ੍ਰਭੂ ਤੋਂ ਨਿੱਤ ਵਿੱਥ ਵੀ ਵਧਦੀ ਹੈ। ਇਨਾਂ ਹੋਣ ਦੇ ਬਾਵਜੂਦ ਅਜਿਹੇ ਲੋਕ ਜੀਵਨ ਦੇ ਸੱਚ ਵਾਲੇ ਪਾਸਿਓਂ ਅਨਜਾਣ ਹੋਣ ਕਾਰਨ, ਜੀਵਨ ਦੇ ਸੱਚ ਤੋਂ ਰਹਿੰਦੇ ਲਾਪਰਵਾਹ ਹੀ ਹਨ। ਫ਼ਿਰ ਵੀ ਆਪਣੇ ਆਪ ਨੂੰ ਸਮਝਦੇ, ਬਿਲਕੁਲ ਸਿਆਣਾ ਹਨ। ਜੀਵਨ ਦੇ ਸੱਚ ਵਾਲੇ ਪਾਸਿਓਂ ਅਨਜਾਣ ਹੁੰਦੇ ਹੋਏ ਵੀ ਆਪਣੇ ਆਪ ਨੂੰ ਘੋਖਣ ਦੀ ਕਦੇ ਲੋੜ ਨਹੀਂ ਸਮਝਦੇ। ਇਹਨਾ ਦੀ ਹਾਲਤ “ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ” (ਪੰ: ੪੬੫) ਵਾਲੀ ਹੀ ਬਣੀ ਰਹਿੰਦੀ ਹੈ। ਉਥੇ ਜੇ ਕੋਈ ਭਲਾ ਪੁਰਖ, ਗੁਰਮੁਖ ਪਿਆਰਾ ਤੇ ਅਸਲੀ ਜੀਵਨ ਜੀਅ ਰਿਹਾ ਇਨਸਾਨ ਉਹਨਾਂ ਦੇ ਬਿਰਥਾ ਜਾ ਰਹੇ ਜੀਵਨ `ਤੇ ਤਰਸ ਖਾ ਕੇ ਕੋਸ਼ਿਸ਼ ਵੀ ਕਰੇ ਕਿ ਉਹ ਕੁਰਾਹੇ ਪਏ ਜੀਵਨ ਨੂੰ ਸਿਧੇ ਰਾਹ ਪਾ ਲੈਣ, ਤਾਂ ਵੀ ਇਹ ਲੋਕ ਜੀਵਨ ਦਾ ਸੱਚ ਨਹੀਂ ਲੈਣਾ ਚਾਹੁੰਦੇ।

ਇਸੇ ਤੋਂ ਇਹਨਾ ਨਕਲੀ ਜੀਵਨ ਜੀਅ ਰਹੇ ਲੋਕਾਂ ਦੇ ਜੀਵਨ ਦੇ ਅਗਲੇ ਵਿਗਾੜ ਹੁੰਦੇ ਹਨ ਸਮਾਜਕ ਜੁਰਮ, ਡਕੈਤੀਆਂ, ਕਤਲੋਗ਼ਾਰਤ, ਖੂਨਖਰਾਬੇ, ਕਿਡਨੈਪਿੰਗ, ਸਮਗਲਿੰਗ, ਖਡਯੰਤਰ ਧਰਮ ਦੇ ਨਾਂ `ਤੇ ਵੱਡੇ ਤੋਂ ਵੱਡੇ ਪਾਖੰਡ, ਠਗੀਆਂ ਤੇ ਗੁਣਾਹ। ਧਿਆਣ ਰਹੇ! ਜਿਸ ਨੂੰ ਅੱਜ ਦੀ ਦੁਨੀਆਂ `ਚ ‘ਅੰਡਰ ਵਰਲਡ’ ਕਿਹਾ ਜਾਂਦਾ ਹੈ ਉਹ ਕਿਧਰੋਂ ਬਾਹਰੋਂ ਨਹੀਂ ਆਉਂਦਾ, ਇਸ ਕੁਰਾਹੇ ਪਏ ਜੀਵਨ ਦੇ ਹੀ ਅਗਲੇ ਪੜਾਅ ਹੁੰਦੇ ਹਨ। ਠੀਕ ਹੈ, ਅਜਿਹੇ ਵਿਗਾੜ ਵਾਲੀ ਗੱਲ, ਗਿਣਤੀ ਦੇ ਬੰਦਿਆਂ `ਚ ਆਉਂਦੀ ਹੈ ਪਰ ਉਸ ਵਿਗਾੜ ਲਈ ਰਸਤਾ ਤੇ ਉਸ ਦਾ ਮੂਲ ‘ਨਕਲੀ ਜ਼ਿੰਦਗੀ’ ਹੀ ਹੁੰਦਾ ਹੈ। ਜਦਕਿ ‘ਨਕਲੀ ਜ਼ਿੰਦਗੀ’ ਜੀਅ ਰਹੇ ਲੋਕਾਂ ਦੀ ਵੱਡੀ ਗਿਣਤੀ ਇਸ ਗੰਦਗੀ ਤੀਕ ਨਹੀਂ ਪਹੁੰਚਦੀ ਪਰ ਰਸਤਾ ਗ਼ਲਤ ਹੋਣ ਕਰਕੇ ਅਜਿਹੀ ਸੰਭਾਵਨਾ ਹਰੇਕ ਸਮੇਂ ਤੇ ਹਰੇਕ ਜੀਵਨ ਲਈ ਬਣੀ ਰਹਿੰਦੀ ਹੈ। .

“ਸੋ ਸਿਖੁ ਸਦਾ ਬੰਧਪੁ ਹੈ ਭਾਈ” -ਉਂਝ ਤਾਂ ਅਜਿਹੇ ਨਕਲੀ ਜੀਵਨ ਜੀਊਣ ਵਾਲੇ ਲੋਕ ਹਰ ਧਰਮ-ਵਿਸ਼ਵਾਸ ਦੇ ਲੋਕਾਂ `ਚ ਮਿਲਣਗੇ। ਫ਼ਿਰ ਵੀ ਮਿਸਾਲ ਲੈ ਰਹੇ ਹਾਂ ਕੇਵਲ ਅਜੋਕੇ ਸਿੱਖਾਂ ਦੀ। ਉਹਨਾਂ ਸਿੱਖਾਂ ਦੀ ਜਿਹੜੇ ਰਾਮ ਰਾਇ ਦੀ ਘਟਣਾ ਨੂੰ ਤਾਂ ਬੜਾ ਉਛਾਲ ਉਛਾਲ ਕੇ ਬਿਆਨਦੇ ਹਨ, ਤੇ ਉਛਾਲਣੀ ਵੀ ਚਾਹੀਦੀ ਹੈ। ਤਾ ਕਿ ਸਿੱਖ ਕੌਮ ਅਜਿਹੀਆਂ ਘਟਨਾਵਾਂ ਤੋਂ ਸੁਚੇਤ ਹੋ ਕੇ ਚਲੇ ਪਰ ਜੇ ਇਮਾਨਦਾਰੀ ਨਾਲ ਦੇਖਿਆ ਜਾਵੇ ਤਾ ਅੱਜ ਕੌਮ ਖੁਦ ਖੜੀ ਕਿਥੇ ਹੈ? ਅੱਜ ਕੌਮ `ਚ ਹੋ ਕੀ ਰਿਹਾ ਹੈ? ਖੂਬੀ ਇਹ ਕਿ ਅਜੋਕਾ ਸਿੱਖ ਇਸ ਪਖੋਂ ਆਪਣੀ ਕਰਣੀ, ਸੋਚਣੀ ਅੰਦਰ ਝਾਤ ਮਾਰਣ ਨੂੰ ਵੀ ਤਿਆਰ ਨਹੀਂ। ਉਹ ਸਿੱਖ, ਜਿਸ ਕੋਲ ਜੀਵਨ ਦੀ ਅਗਵਾਹੀ ਲਈ ਤਾਂ ਹਨ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”। ਉਹ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਜਿਥੋਂ ਸਾਰੇ ਸੰਸਾਰ ਨੂੰ ਅਸਲੀ ਜ਼ਿੰਦਗੀ ਮਿਲਣੀ ਤੇ ਸੰਸਾਰ `ਚ ਠੰਡ ਵਰਤਣੀ ਹੈ। ਪਰ ਅੱਜ ਜਿਹੜੇ ਸਿੱਖ ਸੰਸਾਰ ਪੱਧਰ `ਤੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੀ ਸਿੱਖੀ-ਸਿਖਿਆ ਦੇ ਦਾਅਵੇਦਾਰ ਹਨ। ਬਹੁਤੇ ਆਪ ਹੀ ਆਪਣੀ ਅਜੋਕੀ ਮਨਮੁਖੀ ਰਹਿਣੀ ਕਾਰਨ ਗੁਰਬਾਣੀ ਵਾਲੇ ‘ਸੱਚ ਧਰਮ’ ਭਾਵ ਮਨੁੱਖ ਦੀ ‘ਅਸਲੀ ਜ਼ਿੰਦਗੀ’ ਦੇ ਪ੍ਰਗਟਾਵੇ ਲਈ, ਲੋਕਾਈ ਵਿਚਕਾਰ ਸਭ ਤੋਂ ਵੱਡੀ ਦਿਵਾਰ ਬਣੇ ਹੋਏ ਹਨ।

ਜਦ ਇਹ ਲੋਕ ਆਪ ਹੀ ਇਸ ਸਦੀਵੀ ਸੱਚ ਦੇ ਸਮੁੰਦਰ ਤੋਂ ਜੀਵਨ ਦੀ ਅਸਲੀਅਤ ਤੇ ਠੰਡਕ ਨਹੀਂ ਲੈ ਰਹੇ ਤਾਂ ਇਹ ਸੰਸਾਰ ਬਾਰੇ ਆਪਣਾ ਫ਼ਰਜ਼ ਕਿਵੇਂ ਨਿਭਾਉਣਗੇ? ਗੁਰਦੇਵ ਦਾ ਫ਼ੁਰਮਾਣ ਹੈ “ਸੋ ਸਿਖੁ ਸਦਾ ਬੰਧਪੁ ਹੈ ਭਾਈ, ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ, ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ, ਫਿਰਿ ਫਿਰਿ ਪਛੋਤਾਵੈ” (ਪੰ: ੬੦੧) ਇਸ ਲਈ ਦੂਜਿਆਂ ਨੂੰ ਕੀ ਕਹੀਏ, ਜੇ ਅੱਜ ਸਿੱਖਾਂ ਵਿਚੋਂ ਹੀ ਅਜਿਹੇ ਸੱਜਨ ਆਮ ਮਿਲਦੇ ਹਨ, ਜੋ ਕਹਿਣ ਨੂੰ ਤਾਂ ਕਹਿੰਦੇ ਹਨ, ਅਸੀਂ ‘ਗੁਰੂ ਗ੍ਰੰਥ ਸਾਹਿਬ’ ਜੀ ਨੂੰ ਹੀ ਆਪਣਾ ਗੁਰੂ ਮੰਣਦੇ ਹਾਂ। ਚੰਗੀ ਗੱਲ ਹੈ ਜੇ ਸਚਮੁਚ ਐਸਾ ਹੋਵੇ ਤਾਂ, ਪਰ ਬਹੁਤਾ ਕਰਕੇ, ਅਮਲ `ਚ ਅਜਿਹਾ ਸਾਬਤ ਨਹੀਂ ਹੋ ਰਿਹਾ।

“ਰੋਟੀਆ ਕਾਰਣਿ ਪੂਰਹਿ ਤਾਲ” - ਭੁਲਣਾ ਨਹੀਂ ਚਾਹੀਦਾ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਨੂੰ ਗੁਰੂ ਮੰਨਣ ਦਾ ਮਤਲਬ ਹੈ ਗੁਰਬਾਣੀ ਦੀ ਆਗਿਆ `ਚ ਜੀਵਨ ਜੀਉਣਾ। ਅਜਿਹੇ ਲੋਕਾਂ ਦੀ ਨਿੱਤ ਦੀ ਬੋਲੀ, ਰਹਿਣੀ, ਵਿਹਾਰ ਭਾਵ ਉਹਨਾਂ ਦੇ ਹਰ ਪ੍ਰਗਟਾਵੇ ਚੋਂ ਗੁਰਬਾਣੀ ਜੀਵਨ-ਜਾਚ ਦੀ ਮਹਿਕ ਆਉਣੀ। ਜਦਕਿ ਇਸ ਦੇ ਉਲਟ ਉਹਨਾਂ ਚੋਂ ਬਹੁਤਿਆਂ ਦੀ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਨੂੰ ਗੁਰੂ ਮੰਨਣ ਦੀ ਸੀਮਾ, “ਗੁਰੂ ਗ੍ਰੰਥ ਸਾਹਿਬ” ਜੀ ਸਨਮੁੱਖ ਮੱਥਾ ਟੇਕ ਕੇ ਹੀ ਤਸੱਲੀ ਕਰ ਲੈਣਾ ਹੈ। ਹੋਰ ਅੱਗੇ ਲਵੋ ਤਾਂ ਸਿੱਖ ਸੰਗਤ, ਜਿਸ ਤੀਕ ਗੁਰੂ ਦੀ ਸਿੱਖੀ ਨੇ ਪ੍ਰਚਾਰਕਾਂ ਰਸਤੇ ਪੁੱਜਣਾ ਹੈ। ਉਥੇ ਵੀ “ਰੋਟੀਆ ਕਾਰਣਿ ਪੂਰਹਿ ਤਾਲ” ਅਨੁਸਾਰ ਜਿਹੜੇ ਸਿੱਖ ਧਰਮ, ਗੁਰਬਾਣੀ ਤੇ ਗੁਰੂਦਰ ਨੂੰ ਟੇਕ ਬਣਾ ਕੇ ਸੰਗਤਾਂ ਕੋਲੋਂ ਮਾਇਆ ਇਕੱਠੀ ਕਰਦੇ ਹਨ। ਹੈਰਾਨੀ ਓਦੋਂ ਹੁੰਦੀ ਹੈ, ਜੇ ਗ਼ਲਤੀ ਨਾਲ ਅਜਿਹੇ ਸੱਜਨਾਂ ਦੇ ਘਰਾਂ `ਚ ਜਾਵੋ ਤਾਂ ਪਤਾ ਲਗਦਾ ਹੈ ਕਿ ਬਹੁਤਿਆਂ ਨੇ ਤਾਂ ਪਾਖੰਡੀਆਂ ਨੂੰ ਹੀ ਆਪਣੀ ਕੁਲ ਜਾਂ ਬਰਾਦਰੀ ਦੇ ਗੁਰੂ ਆਦਿ ਥਾਪ ਰਖਿਆ ਹੁੰਦਾ ਹੈ। ਕਈ ਵਾਰੀ ਤਾਂ ਉਹਨਾਂ ਦੇ ਘਰਾਂ `ਚ ਉਹਨਾਂ ਪਾਖੰਡੀਆਂ ਦੀਆਂ ਤਸਵੀਰਾਂ ਵੀ ਇਧਰ ਓਧਰ ਲਟਕਦੀਆਂ ਮਿਲ ਜਾਂਦੀਆਂ ਹਨ।

ਸਚਾਈ ਇਹ, ਜਦੋਂ ਅੱਜ ਸਾਡੀ ਪ੍ਰਚਾਰਕ ਸ਼੍ਰੇਣੀ `ਚ ਹੀ ਅਜਿਹੇ ਸੱਜਨਾਂ ਦਾ ਬੋਲਬਾਲਾ ਹੈ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਕਿਹੜੀ ਬਾਣੀ ਪੱਕੀ ਹੈ ਤੇ ਕਿਹੜੀ ਕੱਚੀੇ। ਜੇ ਰਾਗੀ ਸੱਜਨਾਂ ਚੋਂ ਹਨ ਤਾਂ ਸਾਰਾ ਜ਼ੋਰ ਕਲਾ `ਤੇ ਹੈ। ਜੇ ਕਥਾ ਵਾਚਕ ਹਨ, ਢਾਡੀ, ਗ੍ਰੰਥੀ ਸਿੰਘ, ਸੇਵਾਦਾਰ, ਬੁਧੀਜੀਵੀ ਜਾਂ ਕਿਸੇ ਹੋਰ ਪੰਥਕ ਕਿੱਤੇ `ਚ; ਸਾਰੇ ਪਾਸੇ ਦੌੜ ਇਕੋ ਹੀ ਮਿਲੇਗੀ ਕਿ ਕਿਵੇਂ ਵੱਧ ਤੋਂ ਵੱਧ ਮਾਇਆ ਆ ਜਾਵੇ, ਵਾਹ ਵਾਹ ਮਿਲ ਜਾਵੇ ਜਾਂ ਦੋਵੇਂ। ਗੁਰਬਾਣੀ ਸਿਧਾਂਤ, ਗੁਰਬਾਣੀ ਜੀਵਨ ਦੀ ਚਿੰਤਾ ਵਿਰਲਿਆਂ ਨੂੰ ਹੀ ਹੈ। ਬਾਕੀ ਰਹੀ ਗੱਲ ਪ੍ਰਬੰਧਕ ਸੱਜਨਾਂ ਦੀ, ਚੌਣਾ ਵਾਲੇ ਢੰਗ ਨੇ ਤਾਂ ਉਥੇ ਅਜਿਹੀ ਤੱਬਾਹੀ ਮਚਾਈ ਹੋਈ ਹੈ ਕਿ ਜਿਸ ਨੂੰ ਕਲਮ ਹੇਠ ਲਿਆਉਣਾ ਵੀ ਸੌਖਾ ਨਹੀਂ। ਇਹ ਉਹ ਲੋਕ ਹਨ ਜੋ ਉਹਨਾਂ ਪੰਥਕ ਜ਼ਿਮੇਵਾਰੀਆਂ ਨੂੰ ਸੰਭਾਲ ਕੇ ਬੈਠੇ ਹਨ, ਜਿਨ੍ਹਾਂ ਰਸਤਿਆਂ ਤੋਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨੇ ਸੰਗਤਾਂ ਤੀਕ ਪੁੱਜਣਾ ਹੈ। ਉਪ੍ਰੰਤ, ਜਿਹੜੇ ਅੱਜ ਸਿੱਖ ਨੇਤਾਵਾਂ ਦੀ ਗਿਣਤੀ `ਚ ਹਨ, ਉਥੇ ਵੀ ਵਿਰਲਿਆਂ ਨੂੰ ਛੱਡ ਕੇ ਬਾਕੀ ਸਿੱਖੀ ਵਾਲੀ ਕੋਈ ਗੱਲ ਹੀ ਨਹੀਂ। ਗਲ ਕਰੋ ਤਾਂ ਇਹ ਲਫ਼ਜ਼ ਆਮ ਮਿਲ ਰਿਹਾ ਹੈ “ਛੱਡੋ ਜੀ! ਇਹ ਰਾਜਨੀਤੀ ਹੈ ਇਥੇ ਸਭ ਜਾਇਜ਼ ਹੈ, ਸਭ ਚਲਦਾ ਹੈ”। ਸੋਚਣ ਦਾ ਮੁਕਾਮ ਹੈ, ਜੇ ਕਰ ਸਿੱਖ ਰਾਜਨੀਤੀ ਦਾ ਪੱਧਰ ਵੀ ਇਹੀ ਹੈ ਤਾਂ ਦੂਜਿਆਂ ਨੂੰ ਕਾਹਦਾ ਉਲ੍ਹਾਮਾ। ਕੁਲ ਮਿਲਾ ਕੇ ਪਹਿਰਾਵੇ ਦੇਖੋ ਤਾਂ ਪ੍ਰਭਾਵਸ਼ਾਲੀ ਬਲਕਿ ਪੰਜ ਕਕਾਰੀ ਵੀ ਆਮ ਮਿਲਣਗੇ।

ਜੇ ਆਮ ਸੰਗਤਾਂ ਦੀ ਗੱਲ ਕਰੋ ਤਾਂ ਕਈਆਂ ਦੀ ਤਾਂ ਧਰਮ ਪੱਖੋਂ ਦਿਖਾਵੇ ਦੀ ਸੀਮਾਂ ਇਥੋਂ ਤੀਕ ਮਿਲੇਗੀ, ਜੇ ਗੁਰਦੁਆਰੇ ਜਾਂਦੇ ਹਨ ਤਾਂ ਮੱਥੇ ਇਨੇਂ ਲੰਮੇ ਟੇਕਣਗੇ ਕਿ 15-15 ਮਿੰਟ ਸਿਰ ਵੀ ਨਹੀਂ ਚੁੱਕਦੇ। ਪਿੱਛੇ ਖੜੀਆਂ ਸੰਗਤਾਂ, ਭਾਵੇਂ ਮੱਥਾ ਟੇਕਣ ਲਈ ਕਿਨੀਂਆਂ ਪ੍ਰੇਸ਼ਾਨ ਹੋਣ। ਸਾਸ਼ਟਾਂਗ ਪ੍ਰਣਾਮ ਕਰਣ ਵਾਲਿਆਂ ਦਾ ਵੀ ਘਾਟਾ ਨਹੀਂ। ਕਈ ਅਜਿਹੇ ਮਿਲਣਗੇ ਕਿ ਸੰਗਤ `ਚ ਬੈਠਿਆਂ ਦੇ ਨੇਤਰ ਇਸ ਤਰ੍ਹਾਂ ਬੰਦ ਹੁੰਦੇ ਹਨ, ਜਿਵੇਂ ਕਿਸੇ ਵੱਡੀ ਸਮਾਧੀ `ਚ ਬੈਠੇ ਗੁਰਬਾਣੀ ਦਾ ਰਸ ਮਾਣ ਰਹੇ ਹਨ। ਕਈਆਂ ਨੇ ਸੰਗਤ `ਚ ਬੈਠਿਆਂ ਗਰਦਨ ਇਨੀਂ ਨੀਵੀਂ ਸੁੱਟੀ ਹੁੰਦੀ ਹੈ ਕਿ ਲਿਫ ਕੇ ਦੋਹਰੇ ਹੋਏ ਹੁੰਦੇ ਹਨ। ਜੇ ਸਚਮੁਚ ਅਜਿਹੇ ਸੱਜਨ ਮਨ ਕਰਕੇ ਗੁਰਬਾਣੀ ਸੁਣਦੇ-ਪੜਦੇ ਹੋਣ ਤਾਂ ਉਹਨਾਂ ਦੇ ਅਮਲ `ਚ ਵੀ ਗੁਰਬਾਣੀ ਜੀਵਨ ਤੇ ਰਹਿਣੀ `ਚ ਚੜ੍ਹਦੀਆਂ ਕਲਾ ਆਉਣੀਆਂ ਚਾਹੀਦੀਆਂ ਹਨ। ਜੇ ਅਜਿਹੀ ਗੱਲ ਹੋਵੇ ਤਾਂ ਤੇ ਮੁਬਾਰਕ ਤੇ ਸਤਿਕਾਰ ਵਜੋਂ ਅਜਿਹੇ ਮਰਜੀਊੜਿਆਂ ਦੇ ਚਰਨਾਂ `ਚ ਸਿਰ ਝੁਕਦਾ ਹੈ। ਜਦਕਿ ਉਹਨਾਂ ਚੋਂ ਬਹੁਤਿਆਂ ਦੀ ਕਰਣੀ ਵੱਲ ਦੇਖੋ ਤਾਂ ਮਨ ਤੜਫ ਉਠਦਾ ਹੈ।

ਘਰਾਂ `ਚ ਜਾਵੋ ਤਾਂ ਫ਼ਿਰ ਉਹ ਲੋਕ ਪੰਥ ਦੀ ਭਾਵੇਂ ਕਿਸੇ ਵੀ ਸ਼੍ਰੇਣੀ ਦੇ ਹੋਣ। ਸਾਧਾਰਣ ਸੰਗਤ, ਪ੍ਰਚਾਰਕ, ਪ੍ਰਬੰਧਕ, ਬੁਧੀਜੀਵੀ ਜਾਂ ਸਿੱਖ ਧਰਮ ਦੇ ਨੇਤਾਗਣ। ਦੁਨੀਆਂ ਭਰ ਦੇ ਸਗਨ-ਅਪਸਗਨ, ਜਾਤ-ਪਾਤ, ਸੁੱਚ-ਭਿੱਟ, ਥਿਤ-ਵਾਰ, ਸਵੇਰ ਸ਼ਾਮ, ਮੰਗਲ-ਸਨੀਚਰ, ਰਸਮਾ-ਰੀਤਾਂ, ਸੂਤਕ-ਪਾਤਕ, ਅਨਮਤੀ ਤਿਉਹਾਰਾਂ ਦਾ ਬੋਲਬਾਲਾ, ਵਹਿਮਾਂ-ਭਰਮਾਂ ਦੀ ਭਰਮਾਰ, ਕਿਸੇ ਪਾਸਿਓਂ ਵੀ ਛੁਟਕਾਰਾ ਨਹੀਂ। ਬੱਚੇ-ਬੱਚੀ ਵਾਲੇ ਵਿਤਕਰੇ ਬਲਕਿ ਬੱਚੀਆਂ ਦੀ ਜਨਮ ਤੋਂ ਪਹਿਲਾਂ ਹੀ ਭਰੂਣ ਹਤਿਆ ਦੀਆਂ ਖਬਰਾਂ ਵੀ ਮਿਲ ਰਹੀਆਂ ਹਨ। ਜੇਕਰ ਇਨਾਂ ਨਹੀਂ ਤਾਂ ਵੀ ਬੇਟੇ-ਬੇਟੀ ਲਈ ਵਤੀਰੇ `ਚ ਭੇਦ ਭਾਵ ਹੈ। ਉਂਗਲੀਆਂ `ਚ ਰੰਗ ਬਿਰੰਗੀ ਅੰਗੂਠੀਆਂ ਪਾਈਆਂ ਮਿਲਦੀਆਂ ਹਨ ਜਿਵੇਂ ਕਿ ਸਾਰੀ ਰਚਨਾ ਦੇ ਗ੍ਰਿਹਾਂ ਨੇ ਉਹਨਾਂ ਨੂੰ ਹੀ ਜਕੜ ਰਖਿਆ ਹੈ। ਸਿੱਖ ਹੋਣ ਦੇ ਨਾਤੇ ਸਿੰਘ-ਕੋਰ ਦਾ ਪ੍ਰਵਾਰਿਕ ਸਾਂਝ ਵਾਲਾ ਗੌਰਵਮਈ ਪ੍ਰਗਟਾਵਾ ਤਾਂ ਅਲੋਪ ਹੋਇਆ ਪਿਆ ਹੈ, ਪਰ ਜਾਤ ਬਿਰਾਦਰੀਆਂ `ਚ ਫਸੇ ਹਨ। ਸੋਢੀ, ਬੇਦੀ, ਜੱਟ, ਭਾਪੇ, ਮਜ਼੍ਹਬੀ ਆਦਿ ਦੇ ਵਖ੍ਰੇਵੇਂ ਸ਼ਿਖਰਾਂ `ਤੇ ਹਨ। ਖੰਡੇ ਦੀ ਪਾਹੁਲ ਵਾਲੀ ਤਾਂ ਲੋੜ ਨਹੀਂ ਪਰ ਸ਼ਰਾਬ ਦੀਆਂ ਬੋਤਲਾਂ ਦੇ ਮੂੰਹ ਹਰ ਸਮੇਂ ਖੁਲ੍ਹੇ ਮਿਲਣਗੇ। ਬਹੁਤੇ ਅਮੀਰ ਘਰਾਂ `ਚ ਬਾਰ ਤੀਕ ਬਣੀ ਮਿਲ ਰਹੀ ਹੈ। ਘਰ `ਚ ਮਹਿਮਾਨ ਆਏ ਤਾਂ ਉਸ ਦੀ ਮਹਿਮਾਨ ਨਿਵਾਜ਼ੀ ਵੀ ਇਸੇ ‘ਉੱਤਮ ਵਸਤੂ’ ਨਾਲ ਹੋ ਰਹੀ ਹੇ। ਕਈ ਵਾਰੀ ਤਾਂ ਕੁੱਝ ਦੀ ਸੂਰਮਤਾਈ ਹੀ ਅਜਿਹੀ ਬੋਲੀ `ਚ ਹੁੰਦੀ ਹੈ, “ਅਸਾਂ ਗੁਰਮਤਿ, ਗੁਰਬਾਣੀ ਜਾਂ ਸਿੱਖੀ ਦੀ ਗੱਲ ਤੋਂ ਕੀ ਲੈਣਾ। ਦੇਖੋ ਜੀ! ਜਿਸ ਸਮਾਜ `ਚ ਵੱਸਣਾ ਹੈ, ਉਸ ਨੂੰ ਵੀ ਤਾਂ ਦੇਖਣਾ ਪੈਂਦਾ ਹੈ। ਫਿਰ ਜਾਤ ਬਿਰਾਦਰੀ ਦੇ ਕੰਮ ਛੱਡੇ ਥੋੜ੍ਹੀ ਜਾ ਸਕਦੇ ਨੇ” “ਵਢਿਆਂ ਤੌਂ ਚਲਦੀਆਂ ਆ ਰਹੀਆਂ. .” ਤੇ ਹੋਰ ਬਹੁਤ ਕੁਝ। “ਅੰਦਰਹੁ ਝੂਠੇ ਪੈਜ ਬਾਹਰਿ” ਬਾਹਰੋਂ ਧਰਮੀ ਹੋ ਕੇ ਵੀ ਇਹਨਾ ਦਾ ਸੱਚ ਧਰਮ ਨਾਲ ਦੂਰ ਦਾ ਵਾਸਤਾ ਨਜ਼ਰ ਨਹੀਂ ਆਉਂਦਾ।

ਬੱਚੇ ਨਹੀਂ, ਦੋਸ਼ੀ ਮਾਪੇ ਹਨ-ਜਿਸ ਰਹਿਣੀ ਦਾ ਜ਼ਿਕਰ ਕਰ ਰਹੇ ਹਾਂ, ਸੱਚ ਇਹੀ ਹੈ ਕਿ ਅੱਜ ਉਂਗਲੀਆਂ `ਤੇ ਗਿਣੇ ਜਾ ਸਕਦੇ ਹਨ ਉਹ ਸੱਜਨ ਤੇ ਸਿੱਖ ਪ੍ਰਵਾਰ, ਜਿਹੜੇ ਇਸ ਗਿਣਤੀ `ਚ ਨਹੀਂ ਆਉਂਦੇ। ਨਹੀਂ ਤਾਂ ਪੂਰੀ ਸਿੱਖ ਕੌਮ ਦੀ ਹਾਲਤ ਇਹੀ ਬਣੀ ਪਈ ਹੈ। ਫ਼ਿਰ ਚਾਹੇ ਉਹ ਸਿੱਖ ਧਰਮ ਦੀ ਕਿਸੇ ਵੀ ਸ਼੍ਰੇਣੀ `ਚ ਹਨ, ਸਿੱਖੀ ਜੀਵਨ ਪੱਖੋਂ ਹਾਲਤ ਸਾਰਿਆਂ ਦੀ ਇਕੋ ਹੈ। ਘਰ `ਚ ਬੱਚੇ ਦਾ ਜਨਮ ਹੈ ਤਾਂ ਗੁਰਦੁਆਰੇ ਮਥਾ ਟਿਕਾਉਣ ਵਾਲੀ ਗੱਲ ਨੂੰ ਛੱਡ ਕੇ, ਪ੍ਰਵਾਰ `ਚ ਹਰ ਪੱਖੋਂ ਸੂਤਕਾਂ ਵਾਲੀ ਸੋਚਣੀ-ਕਰਣੀ ਹੀ ਪ੍ਰਧਾਨ ਹੈ। ਅਨੰਦਕਾਰਜ ਜਾਂ ਚਲਾਣੇ ਦੀ ਰਸਮ ਹੈ, ਕੋਈ ਹੋਰ ਮੇਲ-ਜੋਲ ਜਾਂ ਘਰੇਲੂ ਸਮਾਗਮ, ਤਾਂ ਵੀ। ਗੁਰਦੁਆਰੇ ਜਾ ਕੇ ਨਹੀਂ ਤਾਂ ਘਰ `ਚ ਹੀ ਸਹੀ, ਵਿਚਾਲੇ ਪ੍ਰਕਾਸ਼ ਤਾਂ ਹੁੰਦਾ ਹੈ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ; ਜਦਕਿ ਹਰੇਕ ਕੰਮ, ਦਿਖਾਵਾ ਤੇ ਕਰਣੀ ਗੁਰਬਾਣੀ ਦੇ ਉਲਟ; ਅਨਮੱਤੀ, ਦੁਰਮੱਤੀ, ਹੂੜਮੱਤੀ ਇਸ ਤਰ੍ਹਾਂ ਹੋ ਰਹੀ ਹੁੰਦੀ ਹੈ ਜਿਵੇਂ ਕਿ ਉਹਨਾਂ ਦਾ ਧਰਮ ਹੀ ਇਹੀ ਹੈ। ਸਚਾਈ ਇਹ ਹੈ ਕਿ ਅੱਜ ਉਹਨਾਂ ਕੋਲ ਸਿੱਖੀ ਕੇਵਲ ਦਿਖਾਵੇ ਦੀ ਤੇ ਸਿੱਖ ਅਖਵਾਉਣ ਵਾਲੇ ਸ਼ੌਂਕ ਤੀਕ ਹੀ ਸੀਮਤ ਹੈ। ਤਾਂ ਤੇ ਜਿਸ ਕੰਮ ਨੂੰ ਤੁਸਾਂ ਕਰਣਾ ਹੀ ਨਹੀਂ ਤਾਂ ਉਸ ਦੇ ਦਾਅਵੇਦਾਰ ਕਿਉਂ? ਆਖਿਰ ਤੁਹਾਡੇ ਬੱਚੇ ਵੀ ਤਾਂ ਉਹੀ ਕਰਣਗੇ ਜੋ ਕੁੱਝ ਉਹ ਸਾਰੀ ਜ਼ਿੰਦਗੀ ਆਪਣੇ ਮਾਪਿਆਂ ਨੂੰ ਘਰਾਂ `ਚ ਕਰਦਾ ਦੇਖਦੇ ਹਨ, ਤਾਂ ਇਸ `ਚ ਬੱਚਿਆਂ ਦਾ ਕੀ ਦੋਸ਼?

“ਗਲੀਂ ਅਸੀ ਚੰਗੀਆ, ਆਚਾਰੀ ਬੁਰੀਆਹ” -ਗੁਰਬਾਣੀ ਦਾ ਫ਼ੈਸਲਾ ਹੈ “ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ, ਹਰਿ ਹਰਿ ਕਥਾ ਨਿਰਾਲੀ” (ਪ: ੬੬੭) ਭਾਵ ਐ ਗੁਰਸਿੱਖ ਜੇ ਤੂੰ ਗੁਰੂ ਦੀ ਬਖਸ਼ਿਸ਼ ਦਾ ਪਾਤ੍ਰ ਬਨਣਾ ਹੈ ਤਾਂ ਗੁਰੂ ਦੇ ਦਸੇ ਰਾਹ `ਤੇ ਚਲ। ਦੂਜੇ ਪਾਸੇ, ਅਜੋਕੇ ਸਿੱਖ ਨੇ ਵੀ ਸੋਂਹ ਖਾ ਰਖੀ ਹੈ “ਗਲੀਂ ਅਸੀ ਚੰਗੀਆ, ਆਚਾਰੀ ਬੁਰੀਆਹ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ” (ਪੰ: ੮੫) ਉਪ੍ਰੰਤ “ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ॥ ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ॥ ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ॥ ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ” (ਪੰ: ੮੫) ਇਸ ਲਈ “ਰੀਸਾ ਕਰਿਹ ਤਿਨਾੜੀਆ” ਨਹੀਂ ਬਲਕਿ ਇਸ ਨਿਕਲੀ ਦਿਖਾਵੇ ਦੇ ਸਿੱਖ ਵਾਲੀ ਜ਼ਿੰਦਗੀ ਚੋਂ ਨਿਕਲ ਕੇ, ਗੁਰਬਾਣੀ ਆਦੇਸ਼ਾਂ ਅਨੁਸਾਰ “ਨਾਨਕ ਜਨਮੁ ਸਕਾਰਥਾ … “ਭਾਵ ‘ਅਸਲੀ ਸਿੱਖ’ ਦੀ ਜ਼ਿੰਦਗੀ `ਚ ਆਉਣ ਦੀ ਲੋੜ ਹੈ। ਵਰਣਾ, ਉਸ ਬਿਨਾ ਉਹੀ ਹੈ, ਜਿਸ ਸੰਤਾਪ ਨੂੰ ਅੱਜ ਕੌਮ ਹੰਡਾ ਰਹੀ ਹੈ।

ਦਰਅਸਲ ਗੁਰਬਾਣੀ ਤੋਂ ਪ੍ਰਾਪਤ ਜੀਵਨ ਜਾਚ `ਚ ਵਿਚਰਨਾ ਹੀ ਸਹੀ ਅਰਥਾਂ `ਚ ਸਿੱਖ ਦਾ ਧਰਮ ਹੈ। ਇਸ ਲਈ ਜਿਸ ਸਿੱਖ ਰਹਿਣੀ ਵਿਚਾਰਧਾਰਾ ਨੂੰ ਤੁਸੀਂ ਆਪਣੀ ਪ੍ਰਯੋਗਸ਼ਾਲਾ ਭਾਵ ਪ੍ਰਵਾਰ `ਚ ਨਹੀਂ ਵਰਤੋ ਗੇ, ਫ਼ਿਰ ਉਹ ਚਾਹੇ ਕਿਨੀਂ ਵੱਧੀਆ ਤੇ ਸੱਚੀ-ਸੁੱਚੀ ਕਿਉਂ ਨਾ ਹੋਵੇ, ਤੁਹਾਡੇ ਬੱਚਿਆਂ ਤੀਕ ਪੁਜੇ ਗੀ ਕਿਵੇਂ? ਸਿੱਖੀ ਦੀ ਵਰਕਸ਼ਾਪ ਹਨ ਤੁਹਾਡੇ ਆਪਣੇ ਘਰ ਜਾਂ ਸਿੱਖੀ ਪ੍ਰਚਾਰ ਦੇ ਸੋਮੇ ਗੁਰਦੁਆਰੇ। ਜੇਕਰ ਉਥੇ ਵੀ ਅਸਾਂ ਸਿੱਖ ਜੀਵਨ-ਜਾਚ ਤੇ ਗੁਰਬਾਣੀ ਆਦੇਸ਼ਾਂ ਨੂੰ ਵਰਤਣਾ ਹੀ ਨਹੀਂ ਤਾਂ ਦਿਖਾਵੇ ਦੀ ਕਲਪਣਾ ਦੀ ਕੀ ਲੋੜ? ਅਗੋਂ ਤੁਹਾਡੇ ਬੱਚੇ ਵੀ ਉਹੀ ਕਰਣਗੇ ਜੋ ਹਰੇਕ ਸੁਖ-ਦੁਖ ਸਮੇਂ ਤੇ ਨਿੱਤ ਦੀ ਜ਼ਿੰਦਗੀ `ਚ ਮਾਪਿਆਂ ਕੋਲੋਂ ਸਿੱਖ ਤੇ ਦੇਖ ਰਹੇ ਹਨ। ਇਸ ਲਈ ਸੱਚ ਇਹੀ ਹੈ ਕਿ ਸਿੱਖੀ ਜੀਵਨ ਪੱਖੋਂ ਸਿੱਖ ਬੱਚਿਆਂ ਦੀ ਤੱਬਾਹੀ ਦਾ ਕਾਰਨ, ਅਜੋਕੇ ਮਾਪੇ ਹਨ, ਬੱਚੇ ਨਹੀਂ। ਤਾਂ ਤੇ ਬਿਨਾ ਕਾਰਨ ਬੱਚਿਆਂ ਨੂੰ ਦੋਸ਼ ਨਾ ਦੇਵੋ। ਇਸ ਬਾਰੇ ਸਿੱਖ ਲਈ ਗੁਰਬਾਣੀ ਦਾ ਆਦੇਸ਼ ਹੈ “ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ” (ਪੰ: ੭੨੭)। ਜੇ ਸਚਮੁਚ ਅਜੋਕਾ ਸਿੱਖ ਇਸ ਪ੍ਰੇਸ਼ਾਨੀ ਤੋਂ ਬਚਣਾ ਚਾਹੁੰਦਾ ਹੈ ਤਾਂ ਯਕੀਨਣ ਘਰ-ਪ੍ਰਵਾਰ `ਚ ਮਾਪਿਆਂ ਲਈ ਜ਼ਰੂਰੀ ਹੈ, ਪਹਿਲਾਂ ਗੁਰਬਾਣੀ ਅਨੁਸਾਰ ਆਪਣੀ ਕਰਣੀ ਨੂੰ ਸੁਧਾਰਣ। ਇਸ ਨਕਲੀ ਤੇ ਦਿਖਾਵੇ ਵਾਲੀ ਸਿੱਖੀ ਤੋਂ ਬਾਹਿਰ ਨਿਕਲਨ, ਘਰ-ਪ੍ਰਵਾਰਾਂ ਨੂੰ ਸਿੱਖੀ ਦੀ ਵਰਕਸ਼ਾਪ ਬਣਾਉਣ, ਸਿੱਖੀ ਆਪਣੇ ਆਪ ਵਧੇ ਫ਼ੁਲੇਗੀ ਤੇ ਬੱਚੇ ਵੀ ਗੁਣਾਹਾਂ ਭਰਪੂਰ ਹੂੜਮਤੀ ਜ਼ਿੰਦਗੀਆਂ ਤੋਂ ਬਚ ਜਾਣਗੇ। ਫ਼ੁਰਮਾਨ ਹੈ “ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ” (ਪੰ: ੪੧੭)। ਘਰਾਂ `ਚੋਂ ਸ਼ਰਾਬਾਂ, ਵਿਭਚਾਰ ਤੇ ਕਿਉਂ, ਕਿੰਤੂ ਮੁੱਕ ਜਾਣਗੇ, ਸ਼ਾਂਤੀ ਤੇ ਟਿਕਾਅ ਆ ਜਾਵੇਗਾ, ਫ਼ਿਰ ਤੋਂ ਗੁਰੂ ਦੀ ਬਖ਼ਸ਼ਿਸ਼ ਦੇ ਪਾਤ੍ਰ ਬਣ ਜਾਵਾਂਗੇ।

ਅੱਜ ਸਿੱਖ ਦੀ ਜਨਮ ਭੂਮੀ ਪੰਜਾਬ ਦੇ ਹਾਲਾਤ ਸਾਹਮਣੇ ਹਨ। ਸਿੱਖ ਬੱਚੇ ਬੱਚੀਆਂ `ਚ ਪਤਿੱਤਪੁਣੇ ਦੀ ਦਰ (ਗਿਰਾਫ਼) ੯੮% ਤੀਕ ਪੁੱਜ ਚੁੱਕੀ ਹੈ। ਜੁਰਮਾਂ `ਚ ਵੀ ਸਭ ਤੋਂ ਅਗਲੀ ਕੱਤਾਰ `ਚ ਖੜੇ ਹਨ ਤਾਂ ਸਿੱਖੀ ਸਰੂਪ `ਚ। ਪਾਖੰਡੀਆਂ ਕੋਲ ਕਤਾਰਾਂ ਹਨ ਤਾਂ ਵੀ, ਜੇ ਕਬਰਾਂ ਮੜ੍ਹੀਆਂ ਦੀ ਪੂਜਾ ਹੋ ਰਹੀ ਹੈ ਤਾਂ ਉਥੇ ਵੀ ਅਖੌਤੀ ਸਿੱਖ। ਸ਼ਰਾਬ ਜਿਸ ਦਾ ਸਿੱਖ ਧਰਮ ਨਾਲ ਦੂਰ ਦਾ ਵੀ ਵਾਸਤਾ ਨਹੀਂ, ਉਥੇ ਵੀ ਪੰਜਾਬ ਹੀ ਸਭ ਤੋਂ ਅਗੇ ਹੈ। ਸਿੱਖ ਧਰਮ, ਜਿੱਥੇ ਗੁਰਬਾਣੀ ਅਨੁਸਾਰ ਬੱਚੀ-ਬੱਚੇ `ਚ ਭੇਦ ਨਹੀਂ ਪਰ ਬੱਚੀਆਂ ਦੀ ਜਨਮ ਤੋਂ ਪਹਿਲਾਂ ਹੀ ਭਰੂਣ ਹਤਿਆ `ਚ ਵੀ ਪੰਜਾਬ, ਭਾਰਤ ਦਾ ਰਿਕਾਰਡ ਤੋੜ ਰਿਹਾ ਹੈ। ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਅਜਿਹੇ ਹੀ ਨਕਲੀ ਜੀਵਨ ਦਾ ਅਗਲਾ ਪੜਾਅ ਹੁੰਦੇ ਹਨ ਸਮਾਜਕ ਅਉਗੁਣ, ਪਾਖੰਡ, ਲੁੱਟ-ਖੋਹ, ਠੱਗੀਆਂ, ਜੁਰਮ, ਬੁਰਾਈਆਂ ਜਿਹੜੇ ਕਿ ਅੱਜ ਸਿੱਖੀ ਸਰੂਪ `ਚ ਵੀ ਆਮ ਦਿਖਾਈ ਦੇ ਰਹੇ ਹਨ। ਇਹ ਠੀਕ ਹੈ ਕਿ ਕੌਮ ਦਾ ਵੱਡਾ ਹਿੱਸਾ ਅਜੇ ਇਸ ਗੁਣਾਹਾਂ ਵਾਲੀ ਜ਼ਿੰਦਗੀ ਤੋਂ ਬਚਿਆ ਹੇ, ਫ਼ਿਰ ਵੀ ਗਹਿਰਾਈ ਤੋਂ ਦੇਖਿਆ ਜਾਵੇ ਤਾਂ ਗੁਰਬਾਣੀ ਆਧਾਰ `ਤੇ ਕੌਮ ਦਾ ਵੱਡਾ ਹਿੱਸਾ ‘ਨਕਲੀ ਸਿੱਖ’ ਵਾਲੀ ਜ਼ਿੰਦਗੀ ਹੀ ਜੀਅ ਰਿਹਾ ਹੈ। ਗੁਰਬਾਣੀ ਜੀਵਨ ਤੋਂ ਦੂਰ ਰਹਿੰਦੇ, ਅਜਿਹੀ ਹਾਲਤ `ਚ ਕੋਈ ਪਤਾ ਨਹੀਂ ਕਿ ਕਿਹੜਾ ਜੀਵਨ ਤੇ ਕਦੋਂ ਇਸ ਖੱਡ `ਚ ਜਾ ਡਿੱਗੇ। ਕਿਉਂਕਿ ਇਸ ਗੰਦਗੀ ਤੋਂ ਬਚਾਉਣ ਲਈ ਇਕੋ ਇੱਕ ਹਥਿਆਰ ਹੈ ਤੇ ਉਹ ਹੈ ਗੁਰਬਾਣੀ ਜੀਵਨ-ਜਾਚ। ਇਸ ਲਈ ਚਿੰਤਾ ਦਾ ਸਭ ਤੋਂ ਵੱਡਾ ਵਿਸ਼ਾ ਹੈ ਕਿ ਜਿਸ ਕੌਮ ਕੋਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਜਿਬ” ਜੀ ਵਰਗੀ ਅਗਵਾਹੀ ਹੋਵੇ, ਜੇਕਰ ਉਸ ਅਗਵਾਹੀ ਦੀ ਦਾਅਵੇਦਾਰ ਕੌਮ ਵੀ ਅਜਿਹੇ ਨਿਗਾਰ `ਚ ਪਹੁੰਚ ਚੁੱਕੀ ਹੋਵੇ ਤਾਂ ਗੁਰਬਾਣੀ ਦਾ ਚਾਨਣ ਸੰਸਾਰ ਤੀਕ ਪੁੱਜੇਗਾ ਕਿਵੇਂ? ਮਨੁੱਖ ਮਾਤ੍ਰ `ਚ ਠੰਡ ਵਰਤੇਗੀ ਤਾਂ ਕਿਵੇਂ?

ਅਸਲੀ ਜ਼ਿੰਦਗੀ- ਦੂਜੇ ਹਨ, ਜਿਨ੍ਹਾਂ ਦੇ ਹਿਰਦੇ `ਚ ਪ੍ਰਭੂ ਦੀ ਸਿਫਤ ਸਲਾਹ ਕੁੱਟ ਕੁੱਟ ਕੇ ਭਰੀ ਹੁੰਦੀ ਹੈ। “ਜਿਨੑ ਪਟੁ ਅੰਦਰਿ ਬਾਹਰਿ ਗੁਦੜੁ” ਅਨੁਸਾਰ ਅਜਿਹੇ ਜੀਉੜਿਆਂ ਦੇ ਹਿਰਦਿਆਂ `ਚ ਪ੍ਰਭੂ ਪਿਆਰ ਦੀ ਠੰਢਕ ਹੋਣ ਕਾਰਨ, ਮਨਾਂ `ਚ ਸਦੀਵੀ ਖੇੜਾ ਹੁੰਦਾ ਹੈ। ਅਜਿਹੀ ਆਤਮਕ ਉੱਚਤਾ ਹੁੰਦੀ ਹੈ ਕਿ ਸੰਸਾਰਕ ਉਤਾਰ-ਚੜ੍ਹਾਵ, ਦੁਖ-ਸੁਖ ਉਹਨਾਂ ਦੇ ਮਾਨਸਿਕ ਟਿਕਾਅ ਨੂੰ ਨਹੀਂ ਵਿਗਾੜ ਸਕਦੇ। ਉਹਨਾਂ ਨੂੰ ਦਿਖਾਵੇ ਦੇ ਧਰਮ ਕਰਮ, ਕਰਮਕਾਂਡਾਂ, ਭੇਖਾਂ ਦੀ ਲੋੜ ਨਹੀਂ ਹੁੰਦੀ। ਉਹਨਾਂ ਦੇ ਜੀਵਨ ਹੀ ਸਹੀ ਅਰਥਾਂ `ਚ ਸੱਚ ਧਰਮ ਦਾ ਪ੍ਰਕਾਸ਼ ਹੁੰਦੇ ਹਨ। ਉਹਨਾਂ ਦੇ ਜੀਵਨ ਅੰਦਰ ਪਹਿਲੀ ਕਿਸਮ ਦੇ ਲੋਕਾਂ ਵਾਂਗ ਭਟਕਨਾ-ਤ੍ਰਿਸ਼ਨਾ ਦੀ ਅੱਗ ਉੱਕਾ ਨਹੀਂ ਹੁੰਦੀ। ਇਸੇ ਅਸਲੀ ਜ਼ਿੰਦਗੀ ਦੇ ਪ੍ਰਗਟਾਵੇ ਲਈ ਤਾਂ ਗੁਰਦੇਵ ਨੇ ੨੩੯ ਵਰ੍ਹੇ ਲਗਾਏ ਤੇ ਦਸ ਜਾਮੇ ਧਾਰਣ ਕੀਤੇ। ਫ਼ਿਰ ਇਸੇ ਅਸਲੀ ਭਾਵ ਸੱਚ ਧਰਮ ਦੇ ਪ੍ਰਕਾਸ਼ ਲਈ ਆਪਣੇ ਕਰ ਕਮਲਾਂ ਨਾਲ ਗੁਰਬਾਣੀ ਸੱਚ ਦੇ ਸਾਗਰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਜਿਬ” ਦਾ ਆਰੰਭ ਵੀ ਕੀਤਾ ਤੇ ਆਪਣੇ ਦਸਵੇਂ ਸਰੂਪ `ਚ ਸੰਪੂਰਣਤਾ ਵੀ ਆਪ ਬਖਸ਼ੀ। ਉਪ੍ਰੰਤ ਜੋ ਇਸ ਗੁਰਬਾਣੀ ਦੇ ਸਾਗਰ ਚੋਂ ਜੋ ਪ੍ਰਗਟ ਕੀਤਾ ਉਹ ਸੀ ਸਿੱਖੀ ਜੀਵਨ। “ਸਿਖੀ ਸਿਖਿਆ ਗੁਰ ਵੀਚਾਰਿ” (ਪੰ: ੪੬੫) ਵਾਲੀ ਪ੍ਰੀਭਾਸ਼ਾ ਦੇ ਆਧਾਰ `ਤੇ ਉਸੇ ਨੂੰ ਕਿਹਾ ‘ਸਿੱਖ’। ਭਾਵ ਗੁਰਬਾਣੀ ਸਿਖਿਆ ਦਾ ਪਾਬੰਦ ਮਨੁੱਖ। ਇਸੇ ਸਫ਼ਲ ਤੇ ਪੱਕੇ ਜੀਵਨ ਲਈ ਸ਼ਬਦਾਵਲੀ ਵਰਤੀ “ਸੇਵਕ ਸੇਵਹਿ ਕਰਮਿ ਚੜਾਉ॥ ਭਿੰਨੀ ਰੈਣਿ ਜਿਨਾੑ ਮਨਿ ਚਾਉ” ਅਤੇ “ਨਦਰੀ ਕਰਮਿ ਲਘਾਏ ਪਾਰਿ”।

ਅਜਿਹੇ ਸਫ਼ਲ ਜੀਵਨ ਤੇ ਅਸਲੀ ਜ਼ਿੰਦਗੀ ਦੀ ਸੰਸਾਰ ਤੱਲ `ਤੇ ਪਛਾਣ ਕੀ ਹੈ? ਉਹ ਮਨੁੱਖ ਜੋ ਸਦਾ ਪ੍ਰਭੂ ਦੀ ਰਜ਼ਾ `ਚ ਅਡੋਲ ਚਿੱਤ ਤੇ ਉਸੇ ਦੇ ਰੰਗ `ਚ ਰੰਗੇ ਰਹਿੰਦੇ ਹਨ। ਕਰਤੇ ਦੀ ਰਜ਼ਾ `ਚ ਉਹਨਾਂ ਨੂੰ ਬਾਦਸ਼ਾਹੀਆਂ ਮਿਲਣ ਜਾਂ ਉਹਨਾਂ ਕੋਲ ਪਹਿਲਾਂ ਤੋਂ ਹੁੰਦਾ ਵੀ ਖੁੱਸ ਜਾਵੇ, ਜ਼ਿੰਦਗੀ ਦੇ ਹਰੇਕ ਮੋੜ `ਤੇ ਉਹਨਾਂ ਨੂੰ ਪ੍ਰਭੂ ਦੀ ਲੀਲ੍ਹਾ ਹੀ ਨਜ਼ਰ ਆਉਂਦੀ ਹੈ। ਕਾਦਿਰ ਨੂੰ ਕਿਸੇ ਗੱਲ ਦਾ ਉਲ੍ਹਾਮਾ ਨਹੀਂ ਦਿੰਦੇ ਤੇ ਨਾ ਸੰਸਾਰਕ ਮੰਗਾਂ-ਇਛਾਵਾਂ-ਤ੍ਰਿਸ਼ਨਾ ਭੁੱਖ `ਚ ਹੀ ਉਲਝੇ ਰਹਿੰਦੇ ਹਨ। ਅਜਿਹੇ ਪ੍ਰਭੂ ਪਿਆਰਿਆਂ ਦੀ ਆਤਮਾ ਇਨੀਂ ਬਲਵਾਨ ਹੁੰਦੀ ਹੈ ਕਿ ਉਹਨਾਂ ਦੇ ਜੀਵਨ `ਚ ਕਿਸੇ ਦੀ ਮੁਥਾਜੀ ਜਾਂ ਡਰ-ਸਹਿਮ ਰਹਿੰਦੇ ਹੀ ਨਹੀਂ। ਉਹ ਕੇਵਲ “ਨਾਨਕ ਭਗਤਾ ਭੁਖ ਸਾਲਾਹਣ, ਸਚੁ ਨਾਮੁ ਆਧਾਰੁ॥ ਸਦਾ ਅਨੰਦਿ ਰਹਹਿ ਦਿਨੁ ਰਾਤੀ, ਗੁਣਵੰਤਿਆ ਪਾ ਛਾਰੁ” (ਪੰ: ੪੬੫) ਅਥਵਾ “ਭਗਤ ਤੇਰੈ ਮਨਿ ਭਾਵਦੇ, ਦਰਿ ਸੋਹਨਿ ਕੀਰਤਿ ਗਾਵਦੇ” (ਪੰ: ੪੬੮) ਅਨੁਸਾਰ ਕੇਵਲ ਪ੍ਰਭੂ ਦਰ ਦੇ ਹੀ ਸੁਆਲੀ ਹੁੰਦੇ ਹਨ। ਕਾਦਿਰ ਦੀ ਸਿਫ਼ਤੋ-ਸਲਾਹ ਹੀ ਉਹਨਾਂ ਲਈ ਜੀਵਨ ਦਾ ਅਸਲ ਭੋਜਨ ਹੁੰਦਾ ਹੈ। ਬਲਕਿ ਉਹ ਤਾਂ ਆਪਣੇ ਜੀਵਨ ਬਾਰੇ ਇਨਾਂ ਸਪਸ਼ਟ ਹੁੰਦੇ ਹਨ ਕਿ ਵੱਜਦ `ਚ ਆ ਕੇ ਕਹਿ ਵੀ ਦਿੰਦੇ ਹਨ “ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥ ਹਉ ਮਾਂਗਉ ਸੰਤਨ ਰੇਨਾ॥ ਮੈ ਨਾਹੀ ਕਿਸੀ ਕਾ ਦੇਨਾ” (ਪੰ: ੬੫੬) ਭਾਵ ਐ ਪ੍ਰਭੂ! ਮੈਨੂੰ ਤਾਂ “ਸੰਤਨ ਰੇਨਾ” ਭਾਵ ਤੇਰੇ ਨਾਲ ਪਿਆਰ ਕਰਣ ਵਾਲਿਆਂ ਦੀ ਸੰਗਤ ਦੀ ਹੀ ਭੁੱਖ ਹੈ ਤੇ ਮਾਲਾ ਆਦਿ ਬਾਹਰਲੇ ਧਾਰਕਿਕ ਦਿਖਾਵਿਆਂ ਦੀ ਲੋੜ ਨਹੀਂ। ਦੂਜਾ, ਬਖ਼ਸ਼ਿਸ਼ ਕਰ ਕਿ “ਮੈ ਨਾਹੀ ਕਿਸੀ ਕਾ ਦੇਨਾ” ਮੈਨੂੰ ਤੇਰੇ ਦਰ ਤੋਂ ਛੁੱਟ, ਕਿਸੇ ਦੀ ਮੋਹਤਾਜੀ ਨਾ ਹੋਵੇ।

“ਤੇ ਭਲੇ ਸੰਸਾਰਿ” - ਅਜਿਹੇ ਅਸਲੀ ਜੀਵਨ ਜੀਉਣ ਵਾਲੇ ਵਡਭਾਗੀਆਂ ਦੀ ਸੰਸਾਰ `ਚ ਪ੍ਰਸਿੱਧੀ ਵੀ ਉਹਨਾਂ ਦੇ ਜੀਵਨ ਅੰਦਰ ਰੱਬੀ ਗੁਣਾਂ ਕਰਕੇ ਆਪਣੇ ਆਪ ਹੁੰਦੀ ਹੈ। ਉਹਨਾਂ ਦਾ ਉੱਚਾ-ਸੁੱਚਾ ਤੇ ਸਦਾਚਾਰਕ ਜੀਵਨ, ਆਚਰਣਕ ਗੁਣ ਹੀ ਲੋਕਾਂ ਦੇ ਮਨਾਂ `ਚ ਉਹਨਾਂ ਲਈ ਸਤਿਕਾਰ ਪੈਦਾ ਕਰ ਦਿੰਦੇ ਹਨ। ਅਜਿਹੇ ਮਨੁੱਖਾਂ ਦੇ ਜੀਵਨ ਅੰਦਰ ਸੱਚੇ ਗੁਣਾਂ ਦੀ ਹੋਂਦ ਦਾ ਕਾਰਨ, ਉਹਨਾਂ ਦੇ ਮਨਾਂ `ਚ ਹਰ ਸਮੇਂ ਵੱਸ ਰਿਹਾ ਪ੍ਰਭੂ ਪਿਆਰ ਤੇ ਪ੍ਰਭੂ ਪ੍ਰਾਪਤੀ ਦੀ ਬੇਅੰਤ ਚਾਹ ਹੀ ਹੁੰਦੀ ਹੈ। ਉਹਨਾਂ ਅੰਦਰ ਪ੍ਰਭੂ ਦਾ ਨਿਰਮਲ ਭਉ ਹੁੰਦਾ ਹੈ ਜਿਸ ਦਾ ਨਤੀਜਾ ਹੇਰਾ-ਫ਼ੇਰੀਆਂ, ਠੱਗੀਆਂ, ਜਾਤ-ਪਾਤ, ਸੁੱਚ-ਭਿੱਟ, ਵਿਤਕਰੇ ਆਦਿ ਅਉਗੁਣ ਉਹਨਾਂ ਦੇ ਨੇੜੇ ਵੀ ਨਹੀਂ ਫਟਕ ਸਕਦੇ। ਅਜਿਹੇ ਸਾਫ਼-ਸੁਥਰੇ ਜੀਵਨ ਵਾਲੇ ਸਮਾਜ `ਚ ਆਪਣੇ ਆਪ ਪੂਜੇ ਜਾਂਦੇ ਹਨ, ਲੋਕ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਹਨ। #35s01.04s09#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 35

ਗੁਰਮਤਿ ਅਨੁਸਾਰ ਨਕਲੀ ਜ਼ਿੰਦਗੀ-ਅਸਲੀ ਜ਼ਿੰਦਗੀ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.