.

(੪) ਗੁਰਬਾਣੀ ਅਨੁਸਾਰ ਪ੍ਰਬਲ ਪ੍ਰਾਕ੍ਰਿਤਕ ਪ੍ਰੇਰਨਾ:
ਮੋਹ

ਹੇ ਅਜਿਤ ਸੂਰ ਸੰਗ੍ਰਾਮੰ ਅਤਿ ਬਲਨਾ ਬਹੁ ਮਰਦਨਹ॥
ਗਣ ਗੰਧਰਬ ਦੇਵ ਮਾਨੁਖ੍ਯ੍ਯੰ ਪਸੁ ਪੰਖੀ ਬਿਮੋਹਨਹ॥
ਹਰਿ ਕਰਣਹਾਰੰ ਨਮਸਕਾਰੰ ਸਰਣਿ ਨਾਨਕ ਜਗਦੀਸ੍ਵਰਹ॥ ੪੫॥ (੧੩੫੮)
ਪ੍ਰਿੰਸੀਪਲ ਸਾਹਿਬ ਸਿੰਘ ਜੀ ਅਨੁਸਾਰ ਅਰਥ: ਹੇ ਨਾਹ ਜਿੱਤੇ ਜਾਣ ਵਾਲੇ ਮੋਹ! ਤੂੰ ਯੁੱਧ ਦਾ ਸੂਰਮਾ ਹੈਂ। ਤੂੰ ਅਨੇਕਾਂ ਮਹਾਂਬਲੀਆਂ ਨੂੰ ਮਲ ਦੇਣ ਵਾਲਾ ਹੈਂ। ਗਣ, ਗੰਧਰਬ, ਦੇਵਤੇ, ਮਨੁੱਖ, ਪਸ਼ੂ, ਪੰਛੀ ਆਦਿ ਸਾਰਿਆਂ ਨੂੰ ਤੂੰ ਮੋਹ ਲੈਂਦਾ ਹੈਂ। ਹੇ ਨਾਨਕ! ਇਸ ਦੀ ਮਾਰ ਤੋਂ ਬਚਣ ਲਈ ਜਗਤ ਦੇ ਮਾਲਕ ਪ੍ਰਭੂ ਦੀ ਸਰਨ ਲੈ ਅਤੇ ਜਗਤ ਦੇ ਰਚਣਹਾਰ ਹਰੀ ਨੂੰ ਨਮਸਕਾਰ ਕਰ॥ ੪੫॥
ਭਾਵ ਕਿ ਮੋਹ ਜਗਤ ਦੇ ਸਾਰੇ ਜੀਵਾਂ ਉਤੇ ਭਾਰੂ ਹੈ। ਇਸ ਦੀ ਮਾਰ ਤੋਂ ਕੇਵਲ ਓਹੀ ਬਚਦੇ ਹਨ ਜੋ ਜਗਤ ਦੇ ਮਾਲਕ ਪਰਮਾਤਮਾ ਦਾ ਆਸਰਾ ਲੈਂਦੇ ਹਨ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ‘ਸਹਿਸਕ੍ਰਿਤੀ’ ਵਿੱਚ ਪੰਜਾਂ ਮਹਾਂਬਲੀਆਂ ਦਾ ਜ਼ਿਕਰ ਕਰਨ ਸਮੇ ਮੋਹ ਨੂੰ ਸਭ ਤੋਂ ਪਹਿਲੀ ਅਰਥਾਤ ਪੰਤਾਲਵੀਂ ਪਉੜੀ ਦੀਆਂ ਉਪ੍ਰੋਕਤ ਤਿੰਨਾਂ ਲਾਈਨਾਂ ਵਿੱਚ ਬਿਆਨਿਆ ਹੈ। ਮੋਹ ਬਾਰੇ ਗੁਰਬਾਣੀ ਵਿੱਚ ਇੱਕ ਹੋਰ ਵੀ ਬਹੁਤ ਥਾਵਾਂ ਤੇ ਜ਼ਿਕਰ ਆਉਂਦਾ ਹੈ। ਸੰਸਾਰ ਦਾ ਸਾਰਾ ਪਸਾਰਾ ਮੋਹ ਦੇ ਅਧੀਨ ਹੀ ਵਿਚਰ ਰਿਹਾ ਹੈ ਤੇ ਇਸ ਦੇ ਅਧੀਨ ਹੀ ਸਾਰੇ ਜੀ ਦੁਖ ਭੋਗ ਰਹੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫੁਰਮਾਣ ਹੈ:
ਹੇਤ ਰੋਗ ਕਾ ਸਗਲ ਸੰਸਾਰਾ॥ (੧੧੪੦)
ਅਰਥਾਤ ਮੋਹ ਦੀ ਪਕੜ ਦਾ ਰੋਗ ਸਾਰੇ ਸੰਸਰ ਨੂੰ ਚੰਬੜਿਆ ਹੋਇਆ ਜਿਸ ਦੀ ਫਾਹੀ ਵਿੱਚ ਫਸ ਕੇ ਸਾਰੇ ਸੰਸਾਰ ਦੇ ਜੀਵ ਦੁਖੀ ਹੁੰਦੇ ਹਨ। ਗੁਰੂ ਬਚਨਾਂ ਅਨੁਸਾਰ ਗੁਰੂ ਕੇ ਸਿੱਖ ਵਾਸਤੇ ਇਸ ਦੀ ਲਪੇਟ ਵਿੱਚ ਫਸ ਕੇ ਦੁਖੀ ਹੋਣ ਦੀ ਬਜਾਇ, ਇਸ ਸੰਸਾਰ ਸਰੂਪੀ ਸਰੋਵਰ ਦੇ ਪਾਣੀ ਵਿੱਚ ਕਮਲ ਫੁੱਲ ਦੀ ਤਰ੍ਹਾਂ ਉਚੇਰੇ ਹੋ ਕੇ, ਖਿੜ ਕੇ, ਸੰਸਾਰ ਨੂੰ ਆਪਣੀ ਸੁਗੰਧੀ ਅਤੇ ਸੁੰਦਰਤਾ ਨਾਲ਼ ਸੁਖ ਪੁਚਾਉਣ ਅਤੇ ਖ਼ੁਦ ਸੁਖੀ ਰਹਿਣ ਵਾਸਤੇ ਹੁਕਮ ਹੈ। ਸਿੱਖ ਨੂੰ ਬਾਕੀ ਸੰਸਾਰ ਵਾਸੀਆਂ ਵਾਂਗ ਹੀ ਮੋਹ ਰੂਪੀ ਚਿੱਕੜ ਵਿੱਚ ਖੁਭ ਕੇ ਖ਼ੁਦ ਦੁਖੀ ਹੋਣ ਅਤੇ ਸੰਪਰਕ ਵਿੱਚ ਆਉਣ ਵਾਲ਼ੇ ਸਾਥੀਆਂ ਨੂੰ ਦੁਖੀ ਕਰਨ ਵਾਲੀ ਅਗਿਆਨਤਾ ਤੋਂ ਬਚਣਾ ਸ਼ੋਭਨੀਕ ਹੈ। ਇਸ ਮੋਹ ਦਾ ਵਰਨਣ, ਸ਼ਾਇਦ ਸਤਿਗੁਰੂ ਅਰਜਨ ਦੇਵ ਜੀ ਨੇ ਪੰਜਾਂ ਵਿਚੋਂ ਸਭ ਤੋਂ ਬਲੀ ਜਾਣ ਕੇ ਹੀ ਸਭ ਤੋਂ ਪਹਿਲਾਂ ਕੀਤਾ ਹੈ; ਵਰਨਾ ਆਮ, ਬੋਲਚਾਲ ਵਿੱਚ ਵੀ ਅਤੇ ਬਾਣੀ ਵਿੱਚ ਆਏ ਬਾਕੀ ਬਹੁਤ ਸਾਰੇ ਥਾਂਵਾਂ ਉਪਰ ਇਸ ਨੂੰ ਬਿਆਨ ਕਰਨ ਸਮੇ ਇਸ ਦਾ ਜ਼ਿਕਰ ਚੌਥੇ ਸਥਾਨ ਤੇ ਹੀ ਆਉਂਦਾ ਹੈ।
ਸ਼ਾਹ ਮੁਹੰਮਦ ਦੀ ਕਵਿਤਾ ਵਿੱਚ ਵਿੱਚ ਵੀ ਇਉਂ ਆਇਆ ਹੈ:
ਏਥੇ ਆਇਆਂ ਨੂੰ ਦੁਨੀਆਂ ਮੋਹ ਲੈਂਦੀ
ਦਗ਼ੇਦਾਰ ਦਾ ਧਾਰ ਕੇ ਭੇਸ ਮੀਆਂ।
ਇਸ ਸੰਸਾਰ ਰੂਪੀ ਵਿਸ਼ਾਲ ਬਾਗ ਦੇ ਮਹਾਨ ਮਾਲੀ ਰੱਬ ਦੀ ਮਾਇਆ ਜੀਵ ਦੇ ਸੰਸਾਰ ਅੰਦਰ ਪ੍ਰਵੇਸ਼ ਕਰਦਿਆਂ ਹੀ ਇਸ ਉਪਰ ਅਸਰ ਅੰਦਾਜ਼ ਹੋ ਜਾਂਦੀ ਹੈ ਤੇ ਇਸ ਦੇ ਮੋਹ ਵਿੱਚ ਫਸਿਆ ਹੋਇਆ ਹੀ ਇਹ ਆਪਣਾ ਸਾਰਾ ਜੀਵਨ ਬਿਤਾ ਕੇ, ਇਸ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਸ੍ਰੀ ਗੁਰੂ ਅਮਰ ਦਾਸ ਜੀ ਮਹਾਂਰਾਜ ਦਾ ਫੁਰਮਾਣ ਹੈ;
ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ॥
ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ॥ (੯੨੧)

ਜਿਸ ਤਰ੍ਹਾਂ ਮਾਤਾ ਦੇ ਪੇਟ ਅੰਦਰ ਮਨੁਖ ਨੂੰ ਜਠਰਾਗਨੀ ਨੇ ਘੇਰਿਆ ਹੁੰਦਾ ਹੈ ਏਸੇ ਤਰ੍ਹਾਂ ਹੀ ਬਾਹਰ ਆਉਣ ਤੇ ਜੀਵ ਦੀ ਅਤਮਾ ਨੂੰ ਮਾਇਆ ਘੇਰ ਲੈਂਦੀ ਹੈ। ਇਸ ਦੇ ਪ੍ਰਭਾਵ ਹੇਠ, “ਮੇਰੀ ਮੇਰੀ ਕਰਤੇ ਜਨਮੁ ਗਇਓ॥” (੪੭੯) ਵਾਲੀ ਹਾਲਤ ਹੀ ਸਾਰੀ ਉਮਰ ਮਨੁਖ ਦੀ ਰਹਿੰਦੀ ਹੈ।
ਮੋਹ ਦੀ ਮਾਇਆ ਬਿਨਾ ਕਰਤਾਰ ਦੇ ਸੰਸਾਰ ਦਾ ਵਿਹਾਰ ਨਹੀ ਚੱਲ ਸਕਦਾ। ਮੋਹ ਨਾ ਹੋਵੇ ਤਾਂ ਇੱਕ ਮਾਂ ਕਿਵੇਂ ਆਪਣੇ ਬੱਚੇ ਦੀ ਲੰਮੇ ਸਮੇ ਤੱਕ ਪਾਲਣਾ ਕਰ ਸਕਦੀ ਹੈ! ਸੰਸਾਰ ਨਾਲ਼ ਮੋਹ ਨਾ ਹੋਵੇ ਤਾਂ ਮਨੁਖ ਵੱਲੋਂ ਕੀਤੀਆਂ ਗਈਆਂ ਹੁਣ ਤੱਕ ਦੀਆਂ ਸੰਸਾਰਕ ਪਰਾਪਤੀਆਂ ਵਾਲੀ ਤਰੱਕੀ ਹੋ ਸਕਣੀ ਸੰਭਵ ਨਹੀ ਸੀ। ਮੋਹ ਦਾ ਸੁਧਰਿਆ ਹੋਇਆ ਰੂਪ ਹੈ ਫ਼ਰਜ਼। ਗੁਰੂ ਕੇ ਸਿੱਖ ਨੇ ਮੋਹ ਤੋਂ ਬਚਣਾ ਹੈ ਤੇ ਫ਼ਰਜ਼ ਦੀ ਪਾਲਣਾ ਕਰਨ ਤੋਂ ਮੂੰਹ ਨਹੀ ਮੋੜਨਾ। ਸਾਡੀ ਆਮ ਮਨੁਖਾਂ ਦੀ ਹਲਾਤ ਇਹ ਹੈ ਕਿ ਅਸੀਂ ਸਾਰੇ ਮੋਹ ਵਿੱਚ ਫਸੇ ਹੋਏ ਹਾਂ। ਸਾਡੇ ਵਿਚੋਂ ਜੇੜਹੇ ਬਹੁਤ ਥੋਹੜਿਆਂ ਨੂੰ ਇਸ ਮੋਹ ਤੋਂ ਬਚਣ ਦੀ ਸੋਝੀ ਆਉਂਦੀ ਹੈ ਤਾਂ ਉਹਨਾਂ ਵਿਚੋਂ ਵੀ ਬਹੁਤ ਸਾਰੇ ਮੋਹ ਨੂੰ ਤਿਆਗਣ ਸਮੇ ਆਪਣੇ ਫ਼ਰਜ਼ਾਂ ਨੂੰ ਵੀ ਤਿਆਗ ਜਾਂਦੇ ਹਨ। ਅਜਿਹੇ ਤਿਆਗੀਆਂ ਬਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫੁਰਮਾਣ ਇਸ ਪ੍ਰਕਾਰ ਹੈ:
ਪੂੰਅਰ ਤਾਪ ਗੇਰੀ ਕੇ ਬਸਤ੍ਰਾ॥
ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ॥ (੧੩੪੮)
ਸਿੱਖ ਇਤਿਹਾਸ ਅਤੇ ਗੁਰਬਾਣੀ ਵਿਚੋਂ ਸਾਨੂੰ ਅਨੇਕਾ ਸਿਖਿਆ ਭਰਪੂਰ ਸਾਖੀਆਂ ਤੇ ਉਪਦੇਸ਼ਾਂ ਦਾ ਪਤਾ ਲੱਗਦਾ ਹੈ ਕਿ ਗ੍ਰਿਹਸਤੀ ਸਿੱਖ ਨੇ ਸਾਰੇ ਗ੍ਰਿਹਸਤੀ ਕਰਤਵਾਂ ਨੁੰ ਨਿਭਾਉਂਂਿਦਆਂ ਹੋਇਆਂ ਵੀ ਮੋਹ ਤੋਂ ਬਚ ਕੇ ਰਹਿਣਾ ਹੈ। ਭਾਈ ਭਿਖਾਰੀ ਵਾਲੀ ਸਾਖੀ ਇੱਕ ਆਦਰਸ਼ਕ ਸਿਖ ਦੀ ਸਖ਼ਸੀਅਤ ਦੇ ਸਾਨੂੰ ਦਰਸ਼ਨ ਕਰਵਾਉਂਦੀ ਹੈ। ਕਿਵੇਂ ਸਭ ਕੁੱਝ ਜਾਣਦਿਆਂ ਹੋਇਆਂ ਵੀ ਉਹ ਪੁੱਤਰ ਦੇ ਵਿਆਹ ਦੇ ਸਾਰੇ ਕਾਰਜ ਵੀ ਭੁਗਤਾ ਰਿਹਾ ਹੈ ਤੇ ਨਾਲ਼ ਨਾਲ਼ ਉਸ ਦੇ ਸਰੀਰਕ ਅੰਤ ਉਪ੍ਰੰਤ ਪੈਦਾ ਹੋਣ ਵਾਲੀ ਅਵਸਥਾ ਬਾਰੇ ਵੀ ਤਿਆਰੀ ਕਰੀ ਜਾ ਰਿਹਾ ਹੈ। ਸਾਰਾ ਭਾਣਾ ਵਰਤ ਜਾਣ ਉਪ੍ਰੰਤ, ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭੇਜੇ ਗਏ ਸਿੱਖ, ਭਾਈ ਗੁਰਮੁਖ ਦੇ ਇਸ ਸਵਾਲ ਕਿ ਜੇ ਤੁਸੀਂ ਜਾਣਦੇ ਸੀ ਕਿ ਇਹ ਭਾਣਾ ਵਰਤਣਾ ਹੈ ਤਾਂ ਇਸ ਦਾ ਉਪਾ ਕਿਉਂ ਨਾ ਕੀਤਾ। ਤਾਂ ਭਾਈ ਭਿਖਾਰੀ ਜੀ ਨੇ ਆਖਿਆ ਸੀ ਇਹ ਭਾਣਾ ਇਸ ਤਰ੍ਹਾ ਹੀ ਵਰਤਣਾ ਸੀ।
ਭਗਤ ਰਵਿਦਾਸ ਜੀ ਦੇ ਸ਼ਬਦਾਂ ਵਿੱਚ ਆਮ ਮਨੁਖ ਦੀ ਹਾਲਤ ਇਸ ਪ੍ਰਕਾਰ ਹੈ:
ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ॥
ਤੇ ਜੇ ਕੁੱਝ ਨੁਕਸਾਨ ਹੋਵੇ ਤਾਂ ਫਿਰ:
ਮਾਇਆ ਗਈ ਤਬ ਰੋਵਨੁ ਲਗਤੁ ਹੈ॥ ੧॥ (੪੮੭)
ਵਾਲੀ ਹਾਲਤ ਹੋ ਜਾਂਦੀ ਹੈ। ਗੁਰੂ ਕੇ ਸਿੱਖ ਵਾਸਤੇ ਹੁਕਮ ਹੈ ਕਿ ਉਹ ਹਰੇਕ ਅਵਸਥਾ ਨੂੰ ਵਾਹਿਗੁਰੂ ਜੀ ਦੀ ਦੇਣ ਸਮਝ ਕੇ, ਹਰ ਹਾਲਤ ਵਿੱਚ ਭਾਣਾ ਮੰਨਣ ਵਾਲ਼ੀ ਸਿਖਿਆ ਨੂੰ ਅਪਣਾਵੇ। ਉਸ ਵਾਸਤੇ ਹਮੇਸ਼ਾਂ ਹੀ, “ਦੁਖੁ ਸੁਖੁ ਭਾਣਾ ਤੇਰਾ ਹੋਵੈ” (੩੫੪) ਵਾਲੀ ਅਸਵਸਥਾ ਹੀ ਹੋਣੀ ਚਾਹੀਦੀ ਹੈ।
ਗੁਰੂ ਨਾਨਕ ਪਾਤਿਸ਼ਾਹ ਦੇ ਸਮੇ ਬਹੁਤ ਸਾਰੇ ਅਜਿਹੇ ਤਿਆਗੀ ਲੋਕ ਸਨ ਜੋ ਸੰਸਾਰ ਦੀ ਮੋਹ ਮਇਆ ਨੂੰ ਤਿਆਗ ਕੇ ਜੰਗਲੀਂ ਪਰਬਤੀਂ ਜਾ ਬਿਰਾਜੇ ਸਨ। ਗੁਰੂ ਜੀ ਨੇ ਉਹਨਾਂ ਨੂੰ, ਉਹਨਾਂ ਦੇ ਟਿਕਾਣਿਆਂ ਤੇ ਜਾ ਕੇ ਗੁਰਮਤਿ ਦਾ ਸਹੀ ਮਾਰਗ ਦਰਸਾਇਆ।
ਗਿਆਨੀ ਸੰਤੋਖ ਸਿੰਘ




.