.

ਗੁਰਬਾਣੀ ਦਾ ਸੱਚ

ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਜੋ ਜੀਵਨ-ਜਾਚ ਦਰਸਾਈ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਜਿਉਂ ਦੀ ਤਿਉਂ ਕਾਇਮ ਹੈ, ਇਸ ਵਿੱਚ ਕਿਸੇ ਤਰ੍ਹਾਂ ਦਾ ਵਾਧ -ਘਾਟ ਨਹੀਂ ਹੋਇਆ ਅਤੇ ਨਾ ਹੀ ਇਸ ਵਿੱਚ ਕਿਸੇ ਤਰ੍ਹਾਂ ਦੇ ਵਾਧੇ- ਘਾਟੇ ਦੀ ਸੰਭਾਵਨਾ ਹੈ। ਚੂੰਕਿ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਕਲਨ ਅਤੇ ਸੰਪਾਦਨਾ ਹੀ ਅਜਿਹੇ ਢੰਗ ਨਾਲ ਕੀਤੀ/ਕਰਵਾਈ ਹੈ ਕਿ ਇਸ ਵਿੱਚ ਵਾਧ-ਘਾਟ ਕਰਨ ਦੀ ਗੁੰਜ਼ਾਇਸ਼ ਹੀ ਨਹੀਂ ਹੈ। (ਨੋਟ: ਧਿਆਨ ਰਹੇ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ ਹੀ ਸ਼ਾਮਲ ਕੀਤੀ ਜਾ ਸਕੀ ਹੈ।) ਇਸ ਕਾਰਨ ਹੀ ਗੁਰੂ ਸਾਹਿਬਾਨ ਵਲੋਂ ਜੋ ਜੀਵਨ -ਜਾਚ ਮਨੁੱਖਤਾ ਨੂੰ ਦ੍ਰਿੜ ਕਰਵਾਈ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਉਸੇ ਰੂਪ ਵਿੱਚ ਸੁਰੱਖਿਤ ਹੈ। ਗੁਰੂ ਸਾਹਿਬਾਨ ਨੇ ਜੋ ਸੱਚ ਦਾ ਸਰੂਪ ਮਨੁੱਖਤਾ ਦੇ ਸਾਹਮਣੇ ਰੱਖਿਆ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸ਼ੁਰੂ ਤੋਂ ਲੈ ਕੇ ਅੰਤ ਤਕ ਇੱਕੋ ਹੀ ਹੈ। ਇਸ ਵਿੱਚ ਕਿਸੇ ਤਰ੍ਹਾਂ ਦੀ ਭਿੰਨਤਾ ਨਹੀਂ ਹੈ; ਅਤੇ ਨਾ ਹੀ ਕਿਸੇ ਤਰ੍ਹਾਂ ਦਾ ਆਪਾ-ਵਿਰੋਧ ਹੈ। ਇਸ ਗੱਲ ਵਿੱਚ ਤਾਂ ਕਿਸੇ ਤਰ੍ਹਾਂ ਦਾ ਰੰਚਕ-ਮਾਤਰ ਵੀ ਸੰਦੇਹ ਨਹੀਂ ਹੈ ਕਿ ਇਹ ਖਸਮ ਅਥਵਾ ਧੁਰ ਕੀ ਬਾਣੀ ਦਾ ਸੰਦੇਸ਼ ਸਦੈਵੀ ਹੈ। ਇਹ ਹਮੇਸ਼ਾਂ ਹੀ ਸਮੇਂ ਦਾ ਹਾਣੀ ਬਣ ਕੇ ਮਨੁੱਖਤਾ ਦੀ ਅਗਵਾਈ ਕਰਨ ਦੇ ਸਮਰੱਥ ਸੀ, ਹੈ ਅਤੇ ਰਹੇਗਾ।

ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਜੇਹੜਾ ਸੰਦੇਸ਼ ਇਸ ਧੁਰ ਕੀ ਬਾਣੀ ਦੁਆਰਾ ਮਨੁੱਖਤਾ ਨੂੰ ਦਿੱਤਾ ਹੈ, ਉਸ ਨੂੰ ਬੋਲੀ ਅਤੇ ਸ਼ਿੰਗਾਰ ਆਪਣੇ ਸਮੇਂ ਅਤੇ ਸਥਾਨ ਵਿੱਚ ਵਿਚਰਦਿਆਂ ਹੋਇਆਂ ਦਿੱਤਾ ਹੈ। ਇਸ ਲਈ ਬਾਣੀਕਾਰਾਂ ਦੀਆਂ ਰਚਨਾਵਾਂ ਵਿਚ, ਸਮੇਂ ਅਤੇ ਸਥਾਨ ਨਾਲ ਸਬੰਧਤ ਲਗਭਗ ਹਰੇਕ ਪਹਿਲੂ: ਸਮਾਜਿਕ, ਆਰਥਕ, ਧਾਰਮਿਕ ਅਤੇ ਰਾਜਨੀਤਕ, ਦਾ ਕਿਸੇ ਨਾ ਕਿਸੇ ਰੂਪ ਵਿੱਚ ਸੰਕੇਤ ਮਿਲਦਾ ਹੈ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦੀ ਬਾਣੀ ਵਿੱਚ ਉਸ ਸਮੇਂ ਦੇ ਵੱਖ ਵੱਖ ਕਾਵਿ ਰੂਪਾਂ, ਛੰਦਾਂ, ਅਲੰਕਾਰਾਂ, ਕਾਵਿਕ ਚਿੰਨ੍ਹਾਂ, ਉਪਮਾਵਾਂ, ਬਿੰਬਾਵਲੀ, ਰੂਪਕ, ਅਖਾਉਤਾਂ, ਮੁਹਾਵਰੇ ਆਦਿ ਦੀ ਵੀ ਵਰਤੋਂ ਕੀਤੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਨੂੰ ਇਹ ਜੀਵਨ –ਜਾਚ ਸਮਝਾਉਣੀ ਸੀ, ਉਨ੍ਹਾਂ ਦੇ ਪ੍ਰਚਲਤ ਵਿਸ਼ਵਾਸ, ਧਾਰਨਾਵਾਂ, ਸ਼ਬਦਾਵਲੀ ਆਦਿ ਦੀ ਵਰਤੋਂ ਵੀ ਕੀਤੀ ਹੈ, ਤਾਂ ਕਿ ਉਨ੍ਹਾਂ ਨੂੰ ਖਸਮ ਦੀ ਬਾਣੀ ਦਾ ਸੱਚ ਚੰਗੀ ਤਰ੍ਹਾਂ ਦ੍ਰਿੜ ਕਰਵਾਇਆ ਜਾ ਸਕੇ। ਇਨ੍ਹਾਂ ਕਾਰਨਾਂ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਆਤਮਕ ਭੰਡਾਰ ਦਾ ਖ਼ਜ਼ਾਨਾ ਹੋਣ ਦੇ ਨਾਲ ਨਾਲ ਆਪਣੇ ਰਚੇ ਜਾਣ ਦੇ ਸਮੇਂ ਦਾ ਦਰਪਣ ਵੀ ਹੈ, ਜਿਸ ਵਿੱਚ ਸਾਨੂੰ ਉਸ ਸਮੇਂ ਦੇ ਹਰੇਕ ਪਹਿਲੂ ਦਾ ਝਲਕ ਮਿਲਦੀ ਹੈ।

ਰੱਬੀ ਗਿਆਨ ਨੂੰ ਮਨੁੱਖਤਾ ਦੇ ਕਲਿਆਣ ਹਿੱਤ ਸਾਂਭਣ ਲਈ ਇਸ ਨੂੰ ਅੱਖਰਾਂ ਦਾ ਰੂਪ ਦੇਣਾ ਜ਼ਰੂਰੀ ਸੀ। ਬਾਣੀਕਾਰਾਂ ਨੇ ਜਿਸ ਕਲਿਆਣਕਾਰੀ ਵਿਚਾਰਧਾਰਾ ਨੂੰ ਲੋਕਾਂ ਵਿੱਚ ਪ੍ਰਚਾਰਨਾ ਚਾਹਿਆ, ਉਹ ਤਾਂ ਨਿਰਸੰਦੇਹ ਬਿਲਕੁਲ ਹੀ ਨਵੀਂ ਸੀ, ਪਰੰਤੂ ਜਿਨ੍ਹਾਂ ਲੋਕਾਂ ਨੂੰ ਇਸ ਵਿਚਾਰਧਾਰਾ ਤੋਂ ਜਾਣੂੰ ਕਰਾਕੇ ਇਸ ਨਾਲ ਜੋੜਨਾ ਸੀ, ਉਹ ਸਦੀਆਂ ਤੋਂ ਪ੍ਰਚਾਰੀ ਜਾ ਰਹੀ ਵਿਚਾਰਧਾਰਾ ਨੂੰ ਹੀ ਅੰਤਮ ਸੱਚ ਦੇ ਰੂਪ ਵਿੱਚ ਸਵੀਕਾਰ ਕਰੀ ਬੈਠੇ ਸਨ। ਸੁਜਾਨ ਸਤਿਗੁਰੂ ਜੀ ਨੇ ਮਾਨਸਕ ਖੜੋਤ ਦਾ ਸ਼ਿਕਾਰ ਹੋ ਚੁਕੀ ਲੋਕਾਈ ਦੀ ਇਸ ਮਾਨਸਿਕਤਾ ਨੂੰ ਸਮਝਦਿਆਂ ਹੋਇਆਂ, ਇਸ ਨੂੰ ਇਸ ਤੋਂ ਉਪਰ ਉਠਾਉਣ ਲਈ, ਇਸ ਦੇ ਬਣ ਚੁਕੇ ਵਿਸ਼ਵਾਸਾਂ ਦੀਆਂ ਹੀ ਉਦਾਹਰਣਾਂ/ਹਵਾਲਾ ਦੇ ਕੇ ਗੁਰਮਤਿ ਦਾ ਸੱਚ ਦ੍ਰਿੜ ਕਰਵਾਇਆ। ਇਸ ਤਰ੍ਹਾਂ ਦਾ ਕਦਮ ਉਠਾ ਕੇ ਹੀ ਆਮ ਲੋਕਾਂ ਦੇ ਦਿਲ –ਦਿਮਾਗ ਵਿੱਚ ਗੁਰਮਤਿ ਦੀ ਵਿਚਾਰਧਾਰਾ ਦਾ ਪ੍ਰਚੰਡ ਰੂਪ ਵਿੱਚ ਪ੍ਰਕਾਸ਼ ਕੀਤਾ ਜਾ ਸਕਦਾ ਸੀ। ਇਸ ਕਾਰਨ ਹੀ  ਗੁਰੂ ਗ੍ਰੰਥ ਸਾਹਿਬ ਦੇ ਬਾਣੀ ਕਾਰਾਂ ਨੇ ਬਾਣੀ ਵਿੱਚ ਆਮ ਬੋਲ-ਚਾਲ ਵਿੱਚ ਵਰਤੇ ਜਾਂਦੇ ਮੁਹਾਵਰੇ, ਅਖਾਣ/ ਲੋਕੋਕਤੀਆਂ ਆਦਿ ਦੀ ਖੁਲੀ ਵਰਤੋਂ ਕਰਨ ਦੇ ਨਾਲ ਨਾਲ ਪ੍ਰਚਲਤ ਕਥਾਵਾਂ ਦਾ ਵੀ ਵਰਣਨ ਕੀਤਾ ਹੈ। ਇਨ੍ਹਾਂ ਪੁਰਾਣਕ ਕਥਾਵਾਂ ਦੀਆਂ ਉਦਾਹਰਣਾਂ ਦੇਣ ਸਮੇਂ ਇਸ ਗੱਲ ਦੀ ਚਰਚਾ ਨਹੀਂ ਕੀਤੀ ਗਈ ਕਿ ਇਹ ਸੱਚੀਆਂ ਹਨ ਜਾਂ ਝੂਠੀਆਂ। ਪਰੰਤੂ ਗੁਰਮਤਿ ਦੇ ਤੱਤ ਗਿਆਨ ਦਾ ਪ੍ਰਗਟਾਵਾ ਕਰਨ ਲਗਿਆਂ ਇਸ ਗੱਲ ਦਾ ਅਵੱਸ਼ ਪ੍ਰਗਟਾਵਾ ਕੀਤਾ ਹੈ ਕਿ ਵਾਹਿਗੁਰੂ ਦੀ ਹੁਕਮੀ ਖੇਡ ਵਿੱਚ ਅਜਿਹਾ ਹੋਣਾ ਜਾਂ ਵਾਪਰਨਾ ਸੰਭਵ ਨਹੀਂ ਹੈ। ਇਹ ਗੱਲ ਗੁਰੂ ਗਿਆਨ ਤੋਂ ਹੀ ਸਪਸ਼ਟ ਹੁੰਦੀ ਹੈ ਕਿ ਇਨ੍ਹਾਂ ਕਥਾਵਾਂ ਦੇ ਪਾਤਰਾਂ /ਸਥਾਨਾਂ ਦੀ ਹੋਂਦ ਅਤੇ ਇਨ੍ਹਾਂ ਨਾਲ ਸਬੰਧਤ ਘਟਨਾਵਾਂ ਦਾ ਇੰਨ-ਬਿੰਨ ਵਾਪਰਨਾ ਸੰਭਵ ਨਹੀਂ ਹੈ, ਚੂੰਕਿ ਇਹ ਰੱਬੀ ਨਿਯਮਾਵਲੀ ਦੇ ਉਲਟ ਹੈ। ਅੱਜ ਦੇ ਇਸ ਵਿਗਿਆਨਕ ਜੁਗ ਵਿੱਚ ਗੁਰਮਤਿ ਦੇ ਇਸ ਦ੍ਰਿਸ਼ਟੀਕੋਣ ਨੂੰ ਸਮਝਣਾ ਹੋਰ ਵੀ ਸੌਖਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਇਨ੍ਹਾਂ ਕਹਾਣੀਆਂ ਨੂੰ ਪ੍ਰਚਾਰਨ ਵਾਲਿਆਂ ਦੇ ਪੈਰੋਕਾਰਾਂ ਵਿਚੋਂ ਕੁੱਝ ਕੁ ਬੁੱਧੀ ਜੀਵ ਵਰਗ ਵੀ ਇਨ੍ਹਾਂ ਨੂੰ ਇੰਨ –ਬਿੰਨ ਮੰਨਣ ਤੋਂ ਇਨਕਾਰੀ ਹੈ ਅਤੇ ਉਹ ਇਨ੍ਹਾਂ ਦੀ ਵਿਗਿਆਨ ਢੰਗ ਨਾਲ ਵਿਆਖਿਆ ਕਰਦਿਆਂ ਹੋਇਆਂ, ਇਨ੍ਹਾਂ ਕਥਾਵਾਂ ਨੂੰ ਪ੍ਰਤੀਕ ਵਜੋਂ ਹੀ ਮੰਨਣ ਲੱਗ ਪਿਆ ਹੈ। ਇਸ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਨੇਕਾਂ ਸ਼ਬਦਾਂ, ਜਿਨ੍ਹਾਂ ਵਿੱਚ ਇਨ੍ਹਾਂ ਪੁਰਾਣਿਕ ਕਥਾਵਾਂ ਦੇ ਪਾਤਰਾਂ ਅਤੇ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ, ਦੇਖਿਆ/ਸਮਝਿਆ ਜਾ ਸਕਦਾ ਹੈ। ਉਦਾਹਰਣ ਵਜੋਂ ਇੱਥੇ ਕੇਵਲ ਭਗਤ ਤ੍ਰਿਲੋਚਨ ਜੀ ਦੇ ਰਾਗ ਧਨਾਸਰੀ ਵਿੱਚ ਅੰਕਤ ਸ਼ਬਦ ਦਾ ਹੀ ਜ਼ਿਕਰ ਕੀਤਾ ਜਾ ਰਿਹਾ ਹੈ।

ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ॥ ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ॥ 1॥
ਰਹਾਉ॥ ਅਰਥ: ਹੇ ਭੁੱਲੜ ਮੂਰਖ ਜਿੰਦੇ! ਤੂੰ ਪਰਮਾਤਮਾ ਨੂੰ ਕਿਉਂ ਦੋਸ ਦੇਂਦੀ ਹੈਂ? ਪਾਪ ਪੁੰਨ ਤੇਰਾ ਆਪਣਾ ਕੀਤਾ ਹੋਇਆ ਕੰਮ ਹੈ (ਜਿਸ ਦੇ ਕਾਰਨ ਦੁੱਖ ਸੁਖ ਸਹਾਰਨਾ ਪੈਂਦਾ ਹੈ) ।੧।ਰਹਾਉ।

ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ॥ ਕੁਲ ਜਨ ਮਧੇ ਮਿਲਿ ਸਾਰਗ ਪਾਨ ਰੇ॥ ਕਰਮ ਕਰਿ ਕਲੰਕੁ ਮਫੀਟਸਿ ਰੀ॥ 1॥ ਅਰਥ: (ਹੇ ਮੇਰੀ ਜਿੰਦੇ!) ਆਪਣੇ ਕੀਤੇ ਕਰਮਾਂ ਦੇ ਕਾਰਨ (ਚੰਦ੍ਰਮਾ ਦਾ) ਦਾਗ਼ ਨਾਹ ਹਟ ਸਕਿਆ; ਭਾਵੇਂ ਉਹ ਸ਼ਿਵ ਜੀ ਦੇ ਮੱਥੇ ਉੱਤੇ ਵੱਸਦਾ ਹੈ, ਨਿੱਤ ਗੰਗਾ ਵਿਚ ਇਸ਼ਨਾਨ ਕਰਦਾ ਹੈ, ਤੇ ਉਸੇ ਦੀ ਕੁਲ ਵਿਚ ਵਿਸ਼ਨੂ ਜੀ ਨੇ (ਕ੍ਰਿਸ਼ਨ-ਰੂਪ ਧਾਰ ਕੇ) ਜਨਮ ਲਿਆ।੧।

(ਨੋਟ: ਪੁਰਾਣਿਕ ਕਥਾ ਅਨੁਸਾਰ ਗੋਤਮ ਰਿਸ਼ੀ ਨੇ ਚੰਦ੍ਰਮਾਂ ਨੂੰ ਦੇਵਤਿਆਂ ਦੇ ਰਾਜੇ ਇੰਦ੍ਰ ਦੀ ਸਹਾਇਤਾ (ਗੋਤਮ ਰਿਸ਼ੀ ਦੀ ਸੁਪਤਨੀ ਦਾ ਸਤ ਭੰਗ ਕਰਨ ਵਿਚ) ਕਰਨ ਕਰਕੇ ਚੰਦ੍ਰਮਾਂ ਨੂੰ ਸਾਰਾਪ ਦੇ ਦਿੱਤਾ ਸੀ।

ਚੰਦ੍ਰਮਾਂ ਨੂੰ ਦੂਜਾ ਕਲੰਕ, ਵਧਣ ਘਟਣ ਵਾਲਾ, ਆਪਣੇ ਗੁਰੂ ਬ੍ਰਹਸਪਤਿ ਦੀ ਇਸਤ੍ਰੀ ‘ਤਾਰਾ’ ਨਾਲ ਸਰੀਰਕ ਸਬੰਧਾਂ ਦੇ ਕਾਰਨ ਬ੍ਰਹਸਪਤਿ ਵਲੋਂ ਮਿਲੇ ਹੋਏ ਸਾਰਾਪ ਕਾਰਨ ਹੈ।)

ਬਿਸ੍ਵ ਕਾ ਦੀਪਕੁ ਸ੍ਵਾਮੀ ਤਾ ਚੇ ਰੇ ਸੁਆਰਥੀ ਪੰਖੀ ਰਾਇ ਗਰੁੜ ਤਾ ਚੇ ਬਾਧਵਾ॥   ਕਰਮ ਕਰਿ ਅਰੁਣ ਪਿੰਗੁਲਾ ਰੀ॥ 2॥ ਅਰਥ: (ਹੇ ਘਰ-ਗੇਹਣਿ!) ਆਪਣੇ ਕਰਮਾਂ ਕਰਕੇ ਅਰੁਣ ਪਿੰਗਲਾ ਹੀ ਰਿਹਾ, ਭਾਵੇਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਸੂਰਜ ਉਸ ਦਾ ਸੁਆਮੀ ਹੈ, ਉਸ ਸੂਰਜ ਦਾ ਉਹ ਰਥਵਾਹੀ ਹੈ, ਤੇ, ਪੰਛੀਆਂ ਦਾ ਰਾਜਾ ਗਰੁੜ ਉਸ ਦਾ ਰਿਸ਼ਤੇਦਾਰ ਹੈ।੨।

(ਨੋਟ: ਪੁਰਾਣਾਂ ਅਨੁਸਾਰ ਪਿਛਲੇ ਜਨਮ ਵਿੱਚ ਅਰੁਣ ਦਾ ਮਨੁੱਖ ਸਰੀਰ ਸੀ। ਇਸ ਨੇ ਅੱਕ `ਤੇ ਬੈਠੇ ਟਿਡੇ ਦੀਆਂ ਲੱਤਾਂ ਤੋੜ ਦਿੱਤੀਆਂ ਸਨ, ਜਿਸ ਕਾਰਨ ਅਗਲੇ ਜਨਮ ਵਿੱਚ ਇਹ ਪਿੰਗਲਾ ਜਨਮਿਆ।)

ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ਤੀਰਥਿ ਤੀਰਥਿ ਭ੍ਰਮਤਾ
ਲਹੈ ਨ ਪਾਰੁ ਰੀ॥ ਕਰਮ ਕਰਿ ਕਪਾਲੁ ਮਫੀਟਸਿ ਰੀ॥ 3॥ ਅਰਥ: (ਬ੍ਰਹਮ-ਹੱਤਿਆ ਦੇ) ਕੀਤੇ ਕਰਮ ਅਨੁਸਾਰ (ਸ਼ਿਵ ਜੀ ਦੇ ਹੱਥ ਨਾਲੋਂ) ਖੋਪਰੀ ਨਾਹ ਲਹਿ ਸਕੀ, ਭਾਵੇਂ (ਸ਼ਿਵ ਜੀ) ਸਾਰੇ ਜਗਤ ਦਾ ਨਾਥ (ਸਮਝਿਆ ਜਾਂਦਾ) ਹੈ, (ਹੋਰ ਜੀਵਾਂ ਦੇ) ਅਨੇਕਾਂ ਪਾਪਾਂ ਦਾ ਨਾਸ ਕਰਨ ਵਾਲਾ ਹੈ, ਪਰ ਉਹ ਹਰੇਕ ਤੀਰਥ ਉੱਤੇ ਭਟਕਦਾ ਫਿਰਿਆ, ਤਾਂ ਭੀ (ਉਸ ਖੋਪਰੀ ਤੋਂ) ਖ਼ਲਾਸੀ ਨਹੀਂ ਸੀ ਹੁੰਦੀ।੩।

(ਨੋਟ: ਪੁਰਾਣਾਂ `ਚ ਵਰਣਿਤ ਕਥਾ ਅਨੁਸਾਰ ਬ੍ਰਹਮਾਂ ਦੀ ਸਪੁੱਤਰੀ ਨੇ ਜਦ ਆਪਣੇ ਹੀ ਪਿਤਾ ਦੀ ਮਾੜੀ ਨੀਤ ਦੇਖੀ ਤਾਂ ਆਪਣੇ ਹੀ ਪਿਤਾ ਤੋਂ ਆਪਣੀ ਇੱਜ਼ਤ ਬਚਾਉਣ ਲਈ ਬ੍ਰਹਮੇ ਦੇ ਦੂਜੇ ਪਾਸੇ ਹੋ ਗਈ ਤਾਂ ਬ੍ਰਹਮਾਂ ਨੇ ਆਪਣਾ ਮੁਖ ਫੇਰਨ ਦੀ ਬਜਾਏ ਦੂਜਾ ਸਿਰ ਹੀ ਹੋਰ ਲਗਾ ਲਿਆ। ਜਦ ਸਤਰੂਪਾਂ (ਬ੍ਰਹਮਾਂ ਦੀ ਪੁੱਤਰੀ) ਤੀਜੀ ਦਿਸ਼ਾ ਵਲ ਹੋਈ ਤਾਂ ਬ੍ਰਹਮਾ ਨੇ ਤੀਜਾ ਸਿਰ ਲਗਾ ਲਿਆ ਅਤੇ ਜਦ ਸਤਰੂਪਾਂ ਚੌਥੇ ਪਾਸੇ ਹੋਈ ਤਾਂ ਉਸ ਨੇ ਚੌਥਾ ਸਿਰ ਲਗਾ ਲਿਆ। ਅੰਤ ਵਿੱਚ ਕੋਈ ਚਾਰਾ ਨਾ ਚਲਦਾ ਦੇਖ ਕੇ ਉਹ ਉਪਰ ਆਕਾਸ਼ ਵਲ ਨੂੰ ਉਡੀ ਤਾਂ ਬ੍ਰਹਮਾਂ ਨੇ ਆਪਣਾ ਪੰਜਵਾਂ ਸਿਰ ਲਗਾ ਲਿਆ। ਬ੍ਰਹਮਾ ਦੇ ਇਸ ਕਾਰੇ ਨੂੰ ਦੇਖ ਕੇ ਪਾਸ ਹੀ ਬੈਠੇ ਹੋਏ ਸ਼ਿਵਜੀ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਆਪਣੇ ਤਰਸੂਲ ਨਾਲ ਬ੍ਰਹਮਾਂ ਦਾ ਪੰਜਵਾਂ ਸਿਰ ਕੱਟ ਦਿੱਤਾ। ਬ੍ਰਹਮਾਂ ਚੂੰਕਿ ਬ੍ਰਾਹਮਣ ਸੀ ਇਸ ਕਰਕੇ ਸ਼ਿਵਜੀ ਨੂੰ ਬ੍ਰਹਮ ਹਤਿਆ ਦੇ ਦੋਸ਼ ਕਰਕੇ ਬ੍ਰਹਮੇ ਦਾ ਪੰਜਵਾਂ ਸਿਰ ਸ਼ਿਵਜੀ ਦੇ ਹੱਥ ਨਾਲ ਚੰਬੜ ਗਿਆ ਸੀ।)

ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ  ਸੁਨਾਗਰ ਨਦੀ ਚੇ ਨਾਥੰ॥ ਕਰਮ ਕਰਿ ਖਾਰੁ ਮਫੀਟਸਿ ਰੀ॥ 4॥ ਅਰਥ: (ਹੇ ਮੇਰੀ ਜਿੰਦੇ!) ਆਪਣੇ ਕੀਤੇ (ਮੰਦ-ਕਰਮ) ਅਨੁਸਾਰ (ਸਮੁੰਦਰ ਦਾ) ਖਾਰਾ-ਪਨ ਨਹੀਂ ਹਟ ਸਕਿਆ, ਭਾਵੇਂ ਉਹ ਸਾਰੀਆਂ ਨਦੀਆਂ ਦਾ ਨਾਥ ਹੈ ਤੇ ਉਸ ਵਿਚੋਂ ਅੰਮ੍ਰਿਤ, ਚੰਦ੍ਰਮਾ, ਕਾਮਧੇਨ, ਲੱਛਮੀ, ਕਲਪ-ਰੁੱਖ, ਸੱਤ-ਮੂੰਹਾ ਘੋੜਾ, ਧਨੰਤਰੀ ਵੈਦ (ਆਦਿਕ ਚੌਦਾਂ ਰਤਨ) ਨਿਕਲੇ ਸਨ।੪।

(ਨੋਟ:  ਅਗਸਤ ਮੁਨੀ ਨੇ ਸਮੁੰਦਰ ਵਲੋਂ ਕੀਤੇ ਅਪਰਾਧ ਦੀ ਸਜ਼ਾ ਦੇਣ ਲਈ ਆਪਣੇ ਉਪਾਸ਼ਯ ਦਾ ਧਿਆਨ ਧਾਰ ਕੇ ਵੈਰਾਟ ਰੂਪ ਧਾਰਨ ਕਰ ਲਿਆ ਅਤੇ ਢਾਈ ਚੁਲੀਆਂ ਵਿੱਚ ਸਮੁੰਦਰ ਨੂੰ ਪੀ ਲਿਆ। ਸਮੁੰਦਰ ਦੇ ਮਹਾਂਪੁਰਸ਼ਾਂ ਤੋਂ ਮੁਆਫ਼ੀ ਮੰਗਨ `ਤੇ ਮਹਾਤਮਾਂ ਦੇ ਕਹਿਣ ਤੇ ਅਗਸਤ ਮੁਨੀ ਨੇ ਢਾਈ ਚੁਲੀਆਂ ਵਿੱਚ ਪੀਤਾ ਹੋਇਆ ਸਮੁੰਦਰ ਪਿਸ਼ਾਬ ਰਾਂਹੀਂ ਬਾਹਰ ਕੱਢਿਆ ਅਤੇ ਨਾਲ ਹੀ ਸਾਰਾਪ ਦੇ ਦਿੱਤਾ ਕਿ ਅੱਜ ਤੂੰ ਖਾਰਾ ਹੀ ਰਹੇਂਗਾ।)

ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ  ਸਲਿ ਬਿਸਲਿ ਆਣਿ ਤੋਖੀਲੇ ਹਰੀ॥ ਕਰਮ ਕਰਿ ਕਛਉਟੀ ਮਫੀਟਸਿ ਰੀ॥ 5॥ ਅਰਥ: (ਹੇ ਘਰ-ਗੇਹਣਿ!) ਆਪਣੇ ਕੀਤੇ ਕਰਮਾਂ ਦੇ ਅਧੀਨ (ਹਨੂਮਾਨ ਦੇ ਭਾਗਾਂ ਵਿਚੋਂ) ਉਸ ਦੀ ਨਿੱਕੀ ਜਹੀ ਕੱਛ ਨਾਹ ਹਟ ਸਕੀ, ਭਾਵੇਂ ਉਸ ਨੇ (ਸ੍ਰੀ ਰਾਮ ਚੰਦ੍ਰ ਜੀ ਦੀ ਖ਼ਾਤਰ) ਲੰਕਾ ਦਾ ਕਿਲ੍ਹਾ ਸਾੜਿਆ, ਰਾਵਣ ਦਾ ਬਾਗ਼ ਉਜਾੜ ਦਿੱਤਾ, ਸੱਲ ਦੂਰ ਕਰਨ ਵਾਲੀ ਬੂਟੀ ਲਿਆ ਕੇ ਰਾਮ ਚੰਦ੍ਰ ਜੀ ਨੂੰ ਪ੍ਰਸੰਨ ਹੀ ਕੀਤਾ।੫।

(ਨੋਟ: ਪਿਛਲੇ ਜਨਮ ਵਿੱਚ ਜਦ ਹਨੂੰਮਾਨ ਨਦੀ ਵਿੱਚ ਇਸ਼ਨਾਨ ਕਰ ਰਹੇ ਇੱਕ ਰਿਖੀ ਦੇ ਕਪੜੇ ਚੁਕ ਕੇ ਦੌੜ ਰਿਹਾ ਸੀ, ਤਾਂ ਰਿਖੀ ਦੀ ਇਸ `ਤੇ ਨਜ਼ਰ ਪੈ ਗਈ। ਉਸ ਨੇ ਅਵਾਜ਼ ਦੇ ਕੇ ਇਸ ਨੂੰ ਆਖਿਆ ਕਿ ਉਸ ਕੋਲ ਤਾਂ ਕੇਵਲ ਤਨ `ਤੇ ਪਹਿਰਣ ਲਈ ਇਹੀ ਕਪੜੇ ਹਨ ਅਤੇ ਇਹ ਬਹੁਤੇ ਕੀਮਤੀ ਵੀ ਨਹੀਂ ਹਨ, ਇਸ ਲਈ ਵਾਪਸ ਮੋੜ ਦੇ। ਪਰ ਹਨੂੰਮਾਨ ਨੇ ਰਿਖੀ ਦੇ ਅਜਿਹੇ ਕਹਿਣ `ਤੇ ਵੀ ਉਸ ਦੇ ਕਪੜੇ ਵਾਪਸ ਨਾ ਕੀਤੇ, ਤਾਂ ਰਿਖੀ ਨੇ ਇਸ ਨੂੰ ਸਾਰਾਪ ਦੇ ਦਿੱਤਾ ਕਿ ਤੈਨੂੰ ਅਗਲੇ ਜਨਮ ਵਿੱਚ ਸਰੀਰ ਤੇ ਪਹਿਰਣ ਲਈ ਕੇਵਲ ਕੱਛ ਹੀ ਮਿਲੇ ਗੀ, ਹੋਰ ਕਪੜੇ ਪਹਿਰਣ ਨਾਲ ਤੇਰੇ ਸਰੀਰ ਨੂੰ ਅੱਗ ਜੇਹੀ ਜਲਨ ਹੋਣ ਲੱਗ ਪਵੇਗੀ।)

ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ॥ ਬਦਤਿ ਤ੍ਰਿਲੋਚਨ ਰਾਮ ਜੀ॥ 6॥ (ਪੰਨਾ 695) ਅਰਥ: ਹੇ ਮੇਰੀ ਜਿੰਦੇ! ਪਿਛਲਾ ਕੀਤਾ ਕੋਈ ਕਰਮ (ਅਵਤਾਰ-ਪੂਜਾ, ਤੀਰਥ-ਇਸ਼ਨਾਨ ਆਦਿਕ ਦੀ ਰਾਹੀਂ) ਮਿਟਦਾ ਨਹੀਂ; ਤਾਹੀਏਂ ਮੈਂ ਤਾਂ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ। ਤ੍ਰਿਲੋਚਨ ਆਖਦਾ ਹੈ ਕਿ ਮੈਂ ਤਾਂ 'ਰਾਮ ਰਾਮ' ਹੀ ਜਪਦਾ ਹਾਂ (ਭਾਵ, ਪਰਮਾਤਮਾ ਦੀ ਓਟ ਹੀ ਲੈਂਦਾ ਹਾਂ ਤੇ ਆਪਣੇ ਕਿਸੇ ਕੀਤੇ ਕਰਮ ਕਰ ਕੇ ਆਏ ਦੁੱਖ ਤੋਂ ਪ੍ਰਭੂ ਨੂੰ ਦੋਸ ਨਹੀਂ ਦੇਂਦਾ) ।੬। (ਚਲਦਾ)

ਜਸਬੀਰ ਸਿੰਘ ਵੈਨਕੂਵਰ




.