.

“ਨੀਂਦ ਅਤੇ ਮੌਤ”

ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਕਿਸਮ ਦੀ ਨੀਂਦ ਅਤੇ ਤਿੰਨ ਕਿਸਮ ਦੀ ਹੀ ਮੌਤ ਦਾ ਜ਼ਿਕਰ ਆਇਆ ਹੈ।

ਤਿੰਨ ਕਿਸਮ ਦੀ ਨੀਂਦ:

ਇੱਕ-ਰਾਤ ਨੂੰ ਆਪਾਂ ਸੌਂਦੇ ਹਾਂ ਅਤੇ ਸਵੇਰ ਨੂੰ ਤਰੋ-ਤਾਜ਼ਾ ਹੋ ਕੇ ਉਠ ਖੜੇ ਹੁੰਦੇ ਹਾਂ। ਜੋ ਕਿ ਸਾਡੀ ਸਰੀਰਕ ਸਿਹਤ ਲਈ ਜਰੂਰੀ ਵੀ ਹੈ। ਇਹ ਕੁਦਰਤ ਦੇ ਨਿਯਮਾਂ ਅਧੀਨ ਹੁੰਦੀ ਹੈ ਪਰ ਕਿਸੇ ਹੱਦ ਤੱਕ ਇਸ ਤੇ ਕਾਬੂ ਵੀ ਕੀਤਾ ਜਾ ਸਕਦਾ ਹੈ। ਸੌਂ ਕੇ ਹੀ ਸਮਾਂ ਵਿਅਰਥ ਗਵਾਣ ਦੀ ਬਜਾਇ ਇਸ ਨੀਂਦ ਦੀ ਹੱਦ ਤੇ ਕਾਬੂ ਰੱਖ ਕੇ ਪ੍ਰਭੂ ਚਰਨਾ ਵਿੱਚ ਜੁੜਨ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਹਦਾਇਤ ਕੀਤੀ ਗਈ ਹੈ।

“ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨਾ ਭਾਉ॥ ਜਿਨ੍ਹਾ ਨੈਣ ਨੀਂਦ੍ਰਾਵਲੇ ਤਿੰਨ੍ਹਾ ਮਿਲਣੁ ਕੁਆਉ॥” (ਪੰਨਾ-1382)।

ਦੂਜੀ- ਹਮੇਸਾਂ ਦੀ ਨੀਂਦ ਜੋ ਕਿ ਮੌਤ ਆਉਣ ਤੇ ਆਉਂਦੀ ਹੈ। ਗੁਰਬਾਣੀ ਵਿੱਚ ਮੌਤ ਨੂੰ ਵੀ ਲੰਮੀ/ਹਮੇਸ਼ਾਂ ਦੀ ਨੀਂਦ ਕਿਹਾ ਗਿਆ ਹੈ। ਇਹ ਨੀਂਦ ਇੱਕ ਵਾਰੀਂ ਆਉਣ ਤੇ ਬੰਦਾ ਮੁੜ ਕਦੇ ਵੀ ਨਹੀਂ ਜਾਗਦਾ।

“ਕਬੀਰ ਸੂਤਾ ਕਿਆ ਕਰਹਿ ਉਠਿ ਕਿ ਨ ਜਪਹਿ ਮੁਰਾਰਿ॥ ਇੱਕ ਦਿਨ ਸੋਵਨੁ ਹੋਇਗੇ ਲਾਂਬੇ ਗੋਡ ਪਸਾਰਿ॥”॥ 128॥ (ਪੰਨਾ 1371)।

ਤੀਜੀ- ਗ਼ਫ਼ਲਤ ਦੀ ਨੀਂਦ। ਜੋ ਕਿ ਬੰਦਾ ਜਾਗਦਾ ਹੋਇਆ ਵੀ ਮਨ ਦੇ ਪਿੱਛੇ ਲੱਗ ਕੇ ਮਾਇਆ ਦੇ ਮੋਹ ਵਿੱਚ ਫ਼ਸਿਆ ਹੋਇਆ ਜ਼ਿੰਦਗ਼ੀ ਬਿਤਾ ਰਿਹਾ ਹੁੰਦਾ ਹੈ। ਆਪਣੇ ਫ਼ਰਜਾਂ ਆਪਣੀਆਂ ਜਿੰਮੇਵਾਰੀਆਂ ਤੋਂ ਬੇ-ਪਰਵਾਹ ਹੋ ਕੇ ਜੀਵਨ ਜੀ ਰਿਹਾ ਹੁੰਦਾ ਹੈ। ਗੁਰੂ ਦੀ ਮੱਤ ਗ੍ਰਹਿਣ ਨਹੀਂ ਕਰਦਾ, ਪ੍ਰਭੂ ਨੂੰ ਚੇਤੇ ਨਹੀਂ ਰੱਖਦਾ। ਉਸ ਨੂੰ ਵੀ ਗੁਰਬਾਣੀ ਵਿੱਚ ਨੀਂਦ ਕਿਹਾ ਗਿਆ ਹੈ, ਗ਼ਫ਼ਲਤ ਦੀ ਨੀਂਦ।

“ਅਬ ਮਨ ਜਾਗਤ ਰਹੁ ਰੇ ਭਾਈ॥ ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ॥ 1॥ ਰਹਾਉ॥ (ਪੰਨਾ 339)

ਕਿਆ ਸੋਵਹਿ ਨਾਮੁ ਵਿਸਾਰਿ ਗਾਫਲ ਗਹਿਲਿਆ॥” (ਪੰਨਾ-398)।

“ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ॥ ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ॥ 1॥ ਰਹਾਉ॥ ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ॥ ਜੀਉ ਛੁਟਿਓ ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ॥ 1॥ ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ॥ ਨਾਨਕ ਹਰਿ ਗੁਨਿ ਗਾਇ ਲੈ ਸਭ ਸੁਫਨ ਸਮਾਨਉ॥ (ਪੰਨਾ-726)।

ਜਿਸ ਤਰ੍ਹਾਂ ਤਿੰਨ ਕਿਸਮ ਦੀ ਨੀਂਦ ਦਾ ਜਿਕਰ ਹੈ ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਕਿਸਮ ਦੀ ਮੌਤ ਦਾ ਵੀ ਜ਼ਿਕਰ ਆਇਆ ਹੈ।

ਇੱਕ- ਸਰੀਰਕ ਮੌਤ, ਜੋ ਕਿ ਕੁਦਰਤੀ ਹੈ। ਇਹ ਕੁਦਰਤ ਦੇ ਨਿਯਮਾਂ ਅਧੀਨ ਹੈ ਜੋ ਕਿ ਹਰ ਇੱਕ ਤੇ ਜਰੂਰ ਆਉਣੀ ਹੀ ਹੈ। ਇਸ ਤੋਂ ਕਿਸੇ ਵੀ ਤਰੀਕੇ ਨਾਲ ਬਚਿਆ ਨਹੀਂ ਜਾ ਸਕਦਾ। ਮੌਤ ਬਚਪਨ, ਜੁਆਨੀ, ਬੁਢੇਪਾ ਕਦੇ ਵੀ ਆ ਸਕਦੀ ਹੈ। ਕਦੋਂ ਆਉਣੀ ਹੈ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ। ਪਰ ਸਮਾਂ ਰਹਿੰਦਿਆਂ ਬੰਦੇ ਨੂੰ ਗੁਰਮੁਖ ਬਣ ਕੇ ਜੀਵਨ ਸਵਾਰਨ ਦੀ ਹਦਾਇਤ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ ਬਾਰ ਕੀਤੀ ਗਈ ਹੈ। ਨਹੀਂ ਤਾਂ ਅੰਤ ਵੇਲੇ ਮੌਤ ਆਉਣ ਤੇ ਪਛਤਾਉਣ ਤੋਂ ਸਿਵਾਇ ਕੁੱਝ ਨਹੀਂ ਕੀਤਾ ਜਾ ਸਕਦਾ।

“ਮਨਮੁਖ ਜਨਮੁ ਗਇਆ ਹੈ ਬਿਰਥਾ ਅੰਤਿ ਗਇਆ ਪਛੁਤਾਵਣਿਆ”॥ (ਪੰਨਾ- 127)।

ਦੂਸਰੀ- ਆਤਮਕ ਮੌਤ। ਮਨੁੱਖਾ ਸਰੀਰ ਧਾਰ ਕੇ ਸਾਰੇ ਜੀਵਾਂ ਤੋਂ ਉਚੀ ਸੋਚ ਦਾ ਮਾਲਕ ਹੋਣ ਦੇ ਬਾਵਜੂਦ, ਮਾਇਆ ਦੇ ਮੋਹ ਵਿੱਚ ਫ਼ਸਿਆ ਬੰਦਾ ਘਟੀਆ ਸੋਚ ਰੱਖਦਾ ਹੈ। ਮਾਇਆ ਇਕੱਠੀ ਕਰਨ ਲਈ ਕਿਸੇ ਕਿਸਮ ਦੇ ਵੀ ਅਧਰਮੀ, ਅਪਰਾਧੀ ਅਤੇ ਅਨ-ਮਨੁੱਖੀ ਕੰਮ ਕਰਨ ਤੋਂ ਗੁਰੇਜ਼ ਨਹੀਂ ਕਰਦਾ, ਤਾਂ ਇਸ ਨੂੰ ਆਤਮਕ ਮੌਤ ਕਿਹਾ ਗਿਆ ਹੈ।

“ਕਰਤੂਤਿ ਪਸੂ ਕੀ ਮਾਨਸ ਜਾਤਿ” (ਪੰਨਾ- 267)।

“ਜੋ ਨ ਸੁਨਹਿ ਜਸੁ ਪਰਮਾਨੰਦਾ॥ ਪਸੂ ਪੰਖੀ ਤ੍ਰਿਗਦ ਜੋਨਿ ਤੇ ਮੰਦਾ॥ (ਪੰਨਾ- 188)।

ਤੀਜੀ- ਮਾਇਆ ਦੇ ਮੋਹ, ਲਾਲਚ ਅਤੇ ਹਉਮੈ ਦੀ ਮੌਤ, ਅਰਥਾਤ ਅਤਮਕ ਜੀਵਨ। ਜਿਸ ਮੌਤ ਮਰਨ ਲਈ ਗੁਰਬਾਣੀ ਵਿੱਚ ਬਾਰ ਬਾਰ ਹਦਾਇਤ ਕੀਤੀ ਗਈ ਹਨ। ਪਰ ਕੋਈ ਭਾਗਾਂ ਵਾਲ਼ਾ ਹੀ ਇਹ ਮੌਤ ਮਰਦਾ ਹੈ।

“ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ”॥ (ਪੰਨਾ-1365)।

ਜਿਹੜਾ ਮਨੁੱਖ ਜੀਂਦੇ ਜੀ ਮਾਇਆ ਦੇ ਮੋਹ ਅਤੇ ਹਉਮੈ ਵੱਲੋਂ ਮਰਿਆ ਹੋਇਆ ਹੈ ਉਸ ਨੂੰ ਮੁੜ-ਮੁੜ ਜੱਗ ਤੇ ਆ ਕੇ ਜੰਮਣਾ ਮਰਨਾ ਨਹੀਂ ਪੈਂਦਾ।

ਹੇਠ ਲਿਖੇ ਸਲੋਕਾਂ ਵਿੱਚ ਮਾਇਆ ਦੇ ਮੋਹ ਵਿੱਚ ਗਫ਼ਲਤ ਦੀ ਨੀਂਦ ਅਤੇ ਸਰੀਰਕ ਮੌਤ ਵਾਲ਼ੀ ਨੀਂਦ ਦਾ ਮਿਲਵਾਂ ਜ਼ਿਕਰ ਕੀਤਾ ਗਿਆ ਹੈ।

ਕਬੀਰ ਸੂਤਾ ਕਿਆ ਕਰਹੁ ਜਾਗੁ ਰੋਇ ਭੈ ਦੁਖ॥ ਜਾ ਕਾ ਬਾਸਾ ਗੋਰ ਮਇ ਸੋ ਕਿਉ ਸੋਵੈ ਸੁਖ॥ 127॥ (ਗ਼ਫ਼ਲਤ ਦੀ ਨੀਂਦ)।

ਕਬੀਰ ਸੂਤਾ ਕਿਆ ਕਰਹਿ ਉਠਿ ਕਿ ਨ ਜਪਹਿ ਮੁਰਾਰਿ॥ ਇੱਕ ਦਿਨ ਸੋਵਨੁ ਹੋਇਗੇ ਲਾਂਬੇ ਗੋਡ ਪਸਾਰਿ॥ 128॥ (ਗਫ਼ਲਤ ਦੀ ਨੀਂਦ/ਰਾਤ ਦੀ ਨੀਂਦ ਅਤੇ ਹਮੇਸਾਂ ਦੀ (ਮੌਤ ਵਾਲੀ) ਨੀਂਦ।

ਕਬੀਰ ਸੂਤਾ ਕਿਆ ਕਰਹਿ ਬੈਠਾ ਰਹੁ ਅਰੁ ਜਾਗੁ॥ ਜਾਕੇ ਸੰਗ ਤੇ ਬੀਛੁਰਾ ਤਾ ਹੀ ਕੇ ਸੰਗਿ ਲਾਗੁ॥ (129) (ਪੰਨਾ 1371)। (ਰਾਤ ਦੀ ਨੀਂਦ/ਗਫ਼ਲਤ ਦੀ ਨੀਂਦ)।

ਜਿਸ ਤਰ੍ਹਾਂ ਗੁਰਬਾਣੀ ਵਿੱਚ ਤਿੰਨ ਕਿਸਮ ਦੀ ਮੌਤ ਦਾ ਜ਼ਿਕਰ ਹੈ ਉਸੇ ਤਰ੍ਹਾਂ ਦੋ ਕਿਸਮ ਦੇ ਜੀਵਨ ਦਾ ਵੀ ਜ਼ਿਕਰ ਹੈ।

ਇੱਕ- ਆਤਮਕ ਜੀਵਨ, ਜੋ ਕਿ ਹਉਮੈ ਦੀ ਮੌਤ ਤੋਂ ਪਰਾਪਤ ਹੁੰਦਾ ਹੈ। ਆਤਮਕ ਜੀਵਨ ਜਿਉਣ ਵਾਲ਼ੇ ਮਨੁੱਖ ਨੂੰ ਮਰਨ (ਸਰੀਰਕ ਚੋਲ਼ਾ ਛੱਡਣ) ਤੋਂ ਮਗ਼ਰੋਂ ਫ਼ੇਰ ਜਨਮ ਲੈ ਕੇ ਜਗ ਤੇ ਨਹੀਂ ਆਉਣਾ ਪੈਂਦਾ।

“ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ॥” (ਪੰਨਾ-13)। (ਜੱਗ ਤੇ ਦੁਬਾਰਾ ਜਨਮ ਲੈ ਕੇ ਨਹੀਂ ਆਉਣਾ ਪਏਗਾ)।

“ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦੁ॥ (ਪੰਨਾ-1365)। (ਮਾਇਆ ਵੱਲੋਂ ਮੌਤ)।

ਦੂਜਾ- ਜਨਮ ਲੈ ਕੇ ਜੱਗ ਤੇ ਆਉਣਾ।

“ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ॥” (ਪੰਨਾ-68)।

“ਜੰਮਣੁ ਮਰਣਾ ਹੁਕਮ ਹੈ ਭਾਣੈ ਆਵੈ ਜਾਇ॥” (ਪੰਨਾ-472)।

ਗੁਰਮਤ ਅਨੁਸਾਰ ਜੀਵ ਦੁਨੀਆਂ ਤੇ ਉਸ ਪ੍ਰਭੂ ਦਾ ਘੱਲਿਆ ਆਉਂਦਾ ਹੈ ਅਤੇ ਉਸ ਦੇ ਹੁਕਮ ਅਨੁਸਾਰ ਇੱਥੋਂ ਤੁਰ ਜਾਂਦਾ ਹੈ।

“ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥ (ਪੰਨਾ-1239)।

“ਜੰਮਣੁ ਮਰਣਾ ਹੁਕਮ ਹੈ ਭਾਣੈ ਆਵੈ ਜਾਇ॥” (ਪੰਨਾ-472)।

ਪਰ ਨਾਸਤਕ ਪ੍ਰਭਾਵ ਵਾਲ਼ੀ ਅੱਜ-ਕਲ੍ਹ ਦੀ ਨਵੀਂ ਸੋਚ ਅਨੁਸਾਰ ਜੰਮਣਾ ਮਰਨਾ ਪ੍ਰਭੂ ਦੇ ਹੱਥ ਨਹੀਂ। ਆਪਣੇ ਆਪ ਹੀ ਵੱਖ ਵੱਖ ਤੱਤਾਂ ਦੇ ਮੇਲ ਤੋਂ ਜੀਵ ਹੋਂਦ ਵਿੱਚ ਆਇਆ ਹੈ। ਇਨ੍ਹਾਂ ਤੱਤਾਂ ਦਾ ਮੇਲ ਜੀਵਨ ਹੈ ਅਤੇ ਇਨ੍ਹਾਂ ਤੱਤਾਂ ਦਾ ਨਿੱਖੜਨਾ ਮੌਤ ਹੈ। ਜਦ ਕਿ ਆਪਾਂ ਦੇਖਦੇ ਹਾਂ ਕਿ ਜੀਵ ਦੇ ਮਰ ਜਾਣ ਤੇ ਵੀ ਸਾਰੇ ਦੇ ਸਾਰੇ ਤੱਤ ਉਸੇ ਤਰ੍ਹਾਂ ਹੀ ਮੌਜੂਦ ਹੁੰਦੇ ਹਨ ਕੋਈ ਇੱਕ ਵੀ ਤੱਤ ਘਟਿਆ ਜਾਂ ਵਧਿਆ ਨਹੀਂ ਹੁੰਦਾ, ਪਰ ਫਿਰ ਵੀ ਬੰਦੇ ਨੂੰ ਮਰਿਆ ਹੋਇਆ ਕਰਾਰ ਦੇ ਦਿੱਤਾ ਜਾਂਦਾ ਹੈ।

ਗੁਰਮਤ ਅਨੁਸਾਰ ਪੰਜ ਤੱਤਾਂ ਦੇ ਬਣੇ ਸਰੀਰ ਅਤੇ ਆਤਮਾ ਦੇ ਮੇਲ ਦਾ ਨਾਮ ਜੀਵਨ ਹੈ ਅਤੇ ਸਰੀਰ ਤੋਂ ਆਤਮਾ ਦਾ ਵਿੱਛੜਨਾ ਮੌਤ।

ਨਵੀਂ ਸੋਚ ਕਿਸੇ ਜੀਵਆਤਮਾ ਨੂੰ ਨਹੀਂ ਮੰਨਦੀ। ਇਨ੍ਹਾਂ ਮੁਤਾਬਕ ਸਰੀਰ ਹੀ ਸਭ ਕੁੱਝ ਹੈ। ਸਰੀਰ ਦਾ ਹਿੱਲਣਾ ਡੁਲਣਾ ਬੰਦ ਹੋ ਜਾਵੇ, ਸਾਹ ਆਉਣਾ ਬੰਦ ਹੋ ਜਾਵੇ ਇਹੀ ਮੌਤ ਹੈ। ਸਰੀਰ ਖ਼ਤਮ ਹੋ ਜਾਣ ਤੇ ਸਭ ਕੁੱਝ ਸਮਾਪਤ ਹੋ ਜਾਂਦਾ ਹੈ।

ਪਰ ਗੁਰਮਤ ਅਨੁਸਾਰ ਸਰੀਰ ਤੋਂ ਆਤਮਾ ਦੇ ਵਿਛੜਨ ਦਾ ਨਾਮ ਮੌਤ ਹੈ। ਮੌਤ ਆਉਣ ਤੇ ਪੰਜ ਤੱਤਾਂ ਦੇ ਬਣੇ ਸਰੀਰ ਨੂੰ ਤੱਤਾਂ ਵਿੱਚ ਮਿਲਾ ਦਿੱਤਾ ਜਾਂਦਾ ਹੈ। ਪਰੇ ਜੀਵ-ਆਤਮਾ ਕਦੇ ਮਰਦੀ ਨਹੀਂ। ਇਸ ਮਨੁੱਖਾ ਜਨਮ ਵਿੱਚ ਕੀਤੇ ਕਰਮਾਂ ਅਤੇ ਇੱਛਾਵਾਂ ਅਨੁਸਾਰ ਪ੍ਰਭੂ ਦੇ ਹੁਕਮ ਵਿੱਚ ਇਸ ਨੂੰ ਕਿਸੇ ਨਵੇਂ ਸਰੀਰ ਵਿੱਚ ਜਨਮ ਲੈਣਾ ਪੈਂਦਾ ਹੈ।

“ਮੇਰਾ ਮੇਰਾ ਕਰਿ ਬਿਲਲਾਹੀ॥ ਮਰਣਹਾਰੁ ਇਹੁ ਜੀਅਰਾ ਨਾਹੀ॥” (ਪੰਨਾ-188)।

ਨਹ ਕੋ ਮੂਆ ਨ ਮਰਣੈ ਜੋਗੁਨਹ ਬਿਨਸੈ ਅਬਿਨਾਸੀ ਹੋਗੁ॥ ਕਹੁ ਨਾਨਕ ਗੁਰ ਭਰਮੁ ਚੁਕਾਇਆ॥ ਨਾ ਕੋਈ ਮਰੈ ਨ ਆਵੈ ਜਾਇਆ॥” (ਪੰਨਾ- 885)।

ਆਤਮਾ ਦਾ ਸਰੀਰ ਤੋਂ ਵੱਖ ਹੋਣਾ ਮੌਤ ਹੈ:

“ਕਹੈ ਫਰੀਦੁ ਸਹੇਲੀਹੋ ਸਹੁ ਅਲਾਇਸੀ॥ ਹੰਸੁ ਚਲਸੀ ਡੂਮਣਾ ਅਹਿ ਤਨੁ ਢੇਰੀ ਥੀਸੀ॥” (ਪੰਨਾ-794)। (ਅਲਾਇਸੀ = ਬੁਲਾਏਗਾ, ਸੱਦੇਗਾ। ਹੰਸੁ = ਜੀਵਆਤਮਾ)।

“ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ॥ ਮੇਰੀ ਮੇਰੀ ਕਰਤੇ ਜਨਮ ਗਇਓ॥ …. ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ॥ … ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੇ॥ ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ॥ 3॥ …. ਹਰਿ ਜੀਉ ਕ੍ਰਿਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮ ਲੀਓ॥ ਗੁਰ ਪਰਸਾਦੀ ਹਰਿ ਧਨੁ ਪਾਇਓ ਅੰਤੇ ਚਲਦਿਆ ਨਾਲਿ ਚਲਿਓ॥ 4॥ ਕਹਤ ਕਬੀਰ ਸੁਨਹੁ ਰੇ ਸੰਤਹੁ ਅਨੁ ਧਨੁ ਕਛੂਐ ਲੈ ਨ ਗਇਓ॥ ਆਈ ਤਲਬ ਗੋਪਾਲਰਾਇ ਕੀ ਮਾਇਆ ਮੰਦਰ ਛੋਡਿ ਚਲਿਓ॥” (ਪੰਨਾ-479)। {ਤਲਬ= (ਕਚਿਹਰੀ ਦਾ) ਸੱਦਾ} (ਧਨ ਦੌਲਤ ਘਰ ਬਾਰ ਸਭ ਇੱਥੇ ਛੁਟ ਜਾਂਦਾ ਹੈ। ਅੰਤ ਵੇਲੇ ਸਿਰਫ਼ ਹਰੀ ਦਾ ਨਾਮ ਚਲਦਿਆ ਨਾਲ ਚੱਲਦਾ ਹੈ)।

ਬੰਦੇ ਦੇ ਮਰ ਜਾਣ ਤੇ ਪ੍ਰਭੂ ਦੇ ਹੁਕਮ ਵਿੱਚ ਜੀਵ ਦੀ ਆਤਮਾ, ਜਾਂ ਤੇ ਉਸ ਪ੍ਰਭੂ ਵਿੱਚ ਜਾ ਸਮਾਉਂਦੀ ਹੈ। “ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ॥” (278)। ਅਤੇ ਜਾਂ ਇਨਸਾਨ ਜਾਂ ਕੋਈ ਹੋਰ ਸਰੀਰ ਧਾਰ ਕੇ ਜੱਗ ਤੇ ਜਨਮ ਲੈ ਕੇ ਫ਼ੇਰ ਆ ਜਾਂਦੀ ਹੈ। ਮਰਨ ਪਿੱਛੋਂ ਸਾਡਾ ਕੀ ਹੋਵੇਗਾ ਇਹ ਸਾਡੇ ਸੋਚਣ ਤੋਂ ਬਾਹਰ ਦਾ ਵਿਸ਼ਾ ਹੈ। ਕਿਉਂਕਿ ਇਸ ਸਭ ਕਾਸੇ ਬਾਰੇ ਉਹ ਪ੍ਰਭੂ ਹੀ ਜਾਣਦਾ ਹੈ ਅਤੇ ਇਹ ਸਭ ਕੁੱਝ ਉਸੇ ਦੇ ਹੱਥ ਵਿੱਚ ਹੈ। ਪਰ ਇਹ ਸਾਡੇ ਸੋਚਣ ਦਾ ਵਿਸ਼ਾ ਜਰੂਰ ਹੈ ਕਿ ਇਸ ਮਨੁੱਖਾ ਸਰੀਰ ਦੇ ਹੁੰਦਿਆਂ ਅਸੀਂ ਪ੍ਰਭੂ ਨੂੰ ਹਮੇਸ਼ਾਂ ਯਾਦ ਰੱਖੀਏ ਅਤੇ ਗੁਰਮੁਖ ਬਣ ਸਕੀਏ। ਤਾਂ ਕਿ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਹੋ ਸਕੇ। ਇਸੇ ਕਰਕੇ ਗੁਰੂ ਸਾਹਿਬਾਂ ਨੇ ਇਸੇ ਮਨੁੱਖਾ ਜਨਮ ਦੇ ਹੁੰਦਿਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਨਿਹਣਾ ਪਾਉਣ (ਕਾਬੂ ਪਾਉਣ) ਦੀ ਹਦਾਇਤ ਬਾਰ ਬਾਰ ਕੀਤੀ ਹੈ। “ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿੱਤੀ ਕੰਡਿ ਜੀਉ॥” (ਪੰਨਾ- 74)। ਸਮਾਂ ਵਿਹਾ ਜਾਣ ਤੇ ਫ਼ੇਰ ਕੁੱਝ ਵੀ ਸਾਡੇ ਵੱਸ ਨਹੀਂ ਰਹੇਗਾ।

ਨਵੀਂ ਸੋਚ ਮੁਤਾਬਕ ਮਰਨ ਮਗ਼ਰੋਂ ਕੀ ਹੋਣਾ ਹੈ ਇਸ ਬਾਰੇ ਕੁੱਝ ਸੋਚਣ ਦੀ ਜਰੂਰਤ ਨਹੀਂ। ਇਹ ਮਨੁੱਖਾ ਜਨਮ ਐਸ਼ ਕਰਨ ਲਈ ਹੈ। ਐਸ਼ ਕਰੋ ਮਰਨ ਪਿੱਛੋਂ ਤਾਂ ਸਭ ਕੁੱਝ ਖ਼ਤਮ ਹੋ ਹੀ ਜਾਣਾ ਹੈ, ਸਰੀਰ ਦੇ ਨਾਲ ਇਸ ਸਰੀਰ ਦੁਆਰਾ ਕੀਤੇ ਚੰਗੇ ਮਾੜੇ ਕਰਮਾਂ ਦੇ ਲੇਖੇ ਵੀ। ਅਤੇ ਦੁਖ ਸੁਖ ਸਹਾਰਨ ਵਾਲ਼ੇ ਗਿਆਨ ਇੰਦ੍ਰੇ ਵੀ ਨਸ਼ਟ ਹੋ ਜਾਣੇ ਹਨ। ਮਰਨ ਪਿੱਛੋਂ ਲੇਖਾ ਦੇਣ ਲਈ ਕੁੱਝ ਬਾਕੀ ਨਹੀਂ ਰਹਿਣਾ।

ਇਸ ਭੁਲੇਖੇ ਵਿੱਚ ਨਹੀਂ ਪੈਣਾ ਚਾਹੀਦਾ ਕਿ ਮਰਨ ਤੇ ਸਰੀਰ ਤਾਂ ਖ਼ਤਮ ਹੋ ਗਿਆ ਇਸ ਨਾਲ਼ ਸਭ ਕੁੱਝ ਖ਼ਤਮ ਹੋ ਗਿਆ। ਦੁਖ ਸੁਖ ਮਹਿਸੂਸ ਕਰਨ ਵਾਲ਼ੇ ਗਿਆਨ ਇੰਦਰੇ ਸਾੜ ਕੇ ਜਾਂ ਕਿਸੇ ਹੋਰ ਤਰੀਕੇ ਨਾਲ਼ ਖ਼ਤਮ ਕਰ ਦਿੱਤੇ ਜਾਣਗੇ। ਜਦੋਂ ਦੁਖ ਸੁਖ ਮਹਿਸੂਸ ਕਰਨ ਵਾਲੇ ਮੇਰੇ ਗਿਆਨ-ਇੰਦਰੇ ਹੀ ਨੱਸ਼ਟ ਕਰ ਦਿੱਤੇ ਗਏ ਤਾਂ ਫ਼ੇਰ ਮੈਨੂੰ ਮੇਰੇ ਕੀਤੇ ਚੰਗੇ ਮਾੜੇ ਕੰਮਾਂ ਦੇ ਬਦਲੇ ਸੁਖ ਦੁਖ ਕਿਸ ਤਰ੍ਹਾਂ ਮਿਲ ਸਕਦੇ ਹਨ? ਨਹੀਂ; ਲੇਖਾ ਤਾਂ ਮਰਨ ਪਿੱਛੋਂ ਵੀ ਦੇਣਾ ਹੀ ਪੈਣਾ ਹੈ।

“ਅਮਲੁ ਸਰਾਨੋ ਲੇਖਾ ਦੇਨਾ॥ ਆਏ ਕਠਿਨ ਦੂਤ ਜਮ ਲੇਨਾ॥ ਕਿਆ ਤੈ ਖਟਿਆ ਕਹਾ ਗਵਾਇਆ॥ ਚਲਹੁ ਸਿਤਾਬ ਦੀਬਾਨਿ ਬੁਲਾਇਆ॥ 1॥ ਚਲੁ ਦਰਹਾਲੁ ਦੀਵਾਨਿ ਬੁਲਾਇਆ॥ ਹਰਿ ਫੁਰਮਾਨੁ ਦਰਗਹ ਕਾ ਆਇਆ॥ ਰਹਾਉ॥” (ਪੰਨਾ- 792)।

ਅਰਥ: (ਹੇ ਜੀਵ! ਜਗਤ ਵਿੱਚ) ਮੁਲਾਜ਼ਮਤ ਦਾ ਸਮਾਂ (ਭਾਵ, ਉਮਰ ਦਾ ਨਿਯਤ ਸਮਾਂ) ਲੰਘ ਗਿਆ ਹੈ, (ਇੱਥੇ ਜੋ ਕੁੱਝ ਕਰਦਾ ਰਿਹਾ ਹੈਂ) ਉਸ ਦਾ ਹਿਸਾਬ ਦੇਣਾ ਪਏਗਾ; ਕਰੜੇ ਜਮ-ਦੂਤ ਲੈਣ ਆ ਗਏ ਹਨ। (ਉਹ ਆਖਣਗੇ-) ਛੇਤੀ ਚੱਲ, ਧਰਮਰਾਜ ਨੇ ਸੱਦਿਆ ਹੈ। ਇੱਥੇ ਰਹਿ ਕੇ ਤੂੰ ਕੀ ਖੱਟੀ ਖੱਟੀ ਹੈ, ਤੇ ਕਿੱਥੇ ਗਵਾਇਆ ਹੈ?

ਛੇਤੀ ਚੱਲ, ਧਰਮਰਾਜ ਨੇ ਸੱਦਿਆ ਹੈ; ਪ੍ਰਭੂ ਦੀ ਦਰਗਹ ਦਾ ਹੁਕਮ ਆਇਆ ਹੈ। ਰਹਾਉ।

“ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ॥ ਊਠਤ ਬੈਠਤ ਠੇਗਾ ਪਰਿਹੈ ਤਬ ਮੂਡ ਲੁਕਈਹੈ॥ 1॥ ਹਰਿ ਬਿਨੁ ਬੈਲ ਬਿਰਾਨੇ ਹੁਈਹੈ॥ ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ॥ ਰਹਾਉ॥ ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਗਈਹੈ॥ ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ॥ 2॥ ਦੁਖ ਸੁਖ ਕਰਤ ਮਹਾ ਭਰਮਿ ਬੂਡੋ ਅਨਿਕ ਜੋਨਿ ਭਰਮਈਹੈ॥ ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈਹੈ॥ 3॥ ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ॥ ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧਨੇ ਪਛੁਤਈਹੈ॥ 4॥” (ਪੰਨਾ- 524)।

ਅਰਥ: (ਹੇ ਭਾਈ! ਕਿਸੇ ਪਸ਼ੂ-ਜੂਨ ਵਿੱਚ ਪੈ ਕੇ ਜਦੋਂ ਤੇਰੇ) ਚਾਰ ਪੈਰ ਤੇ ਦੋ ਸਿੰਙ ਹੋਣਗੇ, ਤੇ ਮੂਹੋਂ ਗੂੰਗਾ ਹੋਵੇਂਗਾ, ਤਦੋਂ ਤੂੰ ਕਿਸ ਤਰ੍ਹਾਂ ਪ੍ਰਭੂ ਦੇ ਗੁਣ ਗਾ ਸਕੇਂਗਾ? ਉਠਦਿਆਂ ਬੈਠਦਿਆਂ (ਤੇਰੇ ਸਿਰ ਉਤੇ) ਸੋਟਾ ਪਏਗਾ, ਤਦੋਂ ਤੂੰ ਕਿੱਥੇ ਸਿਰ ਲੁਕਾਏਂਗਾ?

ਹੇ ਭਾਈ! ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਲਦ (ਆਦਿਕ ਪਸ਼ੂ ਬਣ ਕੇ) ਪਰ-ਅਧੀਨ ਹੋ ਜਾਏਂਗਾ, (ਨੱਥ ਨਾਲ) ਨੱਕ ਵਿੰਨਿਆਂ ਜਾਏਗਾ, ਕੰਨ (ਜੂਲ਼ੇ ਨਾਲ਼) ਫਿੱਸੇ ਹੋਏ ਹੋਣਗੇ, ਤੇ ਕੋਧਰੇ ਦਾ ਭੋਹ ਖਾਏਂਗਾ।

ਜੰਗਲ (ਜੂਹ) ਵਿੱਚ ਸਾਰਾ ਦਿਨ ਭਟਕਦਿਆਂ ਭੀ ਪੇਟ ਨਹੀਂ ਰੱਜੇਗਾ। ਹੁਣ ਐਸ ਵੇਲੇ ਤੂੰ ਭਗਤ-ਜਨਾਂ ਦਾ ਬਚਨ ਨਹੀਂ ਮੰਨਦਾ, (ਉਮਰ ਵਿਹਾ ਜਾਣ ਤੇ) ਆਪਣਾ ਕੀਤਾ ਪਾਏਂਗਾ।

ਹੁਣ ਭੈੜੇ ਹਾਲ ਵਿੱਚ ਦਿਨ ਗੁਜ਼ਾਰ ਕੇ ਕੁਰਾਹੇ ਗ਼ਰਕ ਹੋਇਆ ਹੋਇਆ ਹੈਂ, (ਆਖਰ) ਅਨੇਕਾਂ ਜੂਨਾਂ ਵਿੱਚ ਭਟਕੇਂਗਾ। ਤੂੰ ਪ੍ਰਭੂ ਨੂੰ ਵਿਸਾਰ ਦਿੱਤਾ ਹੈ, ਤੇ ਸ੍ਰੇਸ਼ਟ ਮਨੁੱਖਾ ਜਨਮ ਗੰਵਾ ਲਿਆ ਹੈ, ਇਹ ਸਮਾਂ ਫ਼ੇਰ ਕਿਤੇ ਨਹੀਂ ਮਿਲੇਗਾ।

ਤੇਰੀ ਜ਼ਿੰਦਗ਼ੀ ਰੂਪ ਸਾਰੀ ਰਾਤ ਤੇਲੀ ਦੇ ਬਲਦ ਅਤੇ ਬਾਂਦਰ ਵਾਂਙ ਭਟਕਦਿਆਂ ਵਿਕਾਰਾਂ ਤੋਂ ਖਲਾਸੀ ਹਾਸਲ ਕਰਨ ਤੋਂ ਹੀ ਲੰਘ ਜਾਇਗੀ। (ਨੋਟ: ਸਿਰਫ਼ ਇਸੇ ਬੰਦ ਵਿੱਚ ਇਸ ਮਨੁੱਖਾ ਜਨਮ ਵਿੱਚ ਬਲਦ ਅਤੇ ਬਾਂਦਰ ਵਾਂਙ ਭਟਕਣ ਦੀ ਮਿਸਾਲ ਦਿੱਤੀ ਗਈ ਹੈ, ਬਾਕੀ ਸਾਰੇ ਬੰਦਾਂ ਵਿੱਚ ਅਗਲੇ ਜਨਮਾਂ ਵਿੱਚ ਜੂਨਾਂ ਵਿੱਚ ਭਟਕਣ ਦੀ ਗੱਲ ਕੀਤੀ ਗਈ ਹੈ। ਇਸ ਜਨਮ ਵਿੱਚ ਜਾਨਵਰਾਂ ਵਰਗਾ ਜੀਵਨ ਬਿਤਾਉਣ ਅਤੇ ਮਰਨ ਪਿੱਛੋਂ ਅਨੇਕਾਂ ਜਾਨਵਰਾਂ ਵਾਲੀਆਂ ਜੂਨਾਂ ਦਾ ਫ਼ਰਕ ਸਮਝਣ ਦੀ ਜਰੂਰਤ ਹੈ ਜੋ ਕਿ ਸਹਜੇ ਹੀ ਸਾਫ਼ ਨਜ਼ਰ ਆ ਜਾਂਦਾ ਹੈ)।

ਕਬੀਰ ਆਖਦਾ ਹੈ ਕਿ ਪ੍ਰਭੂ ਦਾ ਨਾਮ ਭੁਲਾ ਕੇ ਆਖ਼ਰ ਸਿਰ ਮਾਰ ਮਾਰ ਕੇ ਪਛਤਾਵੇਂਗਾ।

ਸ਼ਬਦ ਦਾ ਭਾਵ: ਮਨੁੱਖਾ ਜਨਮ ਹੀ ਸਿਮਰਨ ਦਾ ਸਮਾਂ ਹੈ, ਖੁੰਝਿਆਂ ਜਨਮ-ਮਰਨ ਦੇ ਗੇੜ ਵਿੱਚ ਪੈਣਾ ਪੈਂਦਾ ਹੈ। (ਅਰਥ ਪ੍ਰੋ: (ਡਾ: ) ਸਾਹਿਬ ਸਿੰਘ)।

“ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ॥” (ਪੰਨਾ- 1273)

ਮੱਛੀ ਨੇ ਇਸ ਮੱਛੀ ਦੀ ਜੂਨ ਵਿੱਚ ਕੋਈ ਚੰਗੇ ਮਾੜੇ ਕਰਮ ਨਹੀਂ ਕੀਤੇ ਹੁੰਦੇ, ਪਾਣੀ ਵਿੱਚ ਪੈਦਾ ਹੁੰਦੀ ਹੈ, ਪਾਣੀ ਵਿੱਚ ਵੱਸਦੀ ਹੈ, ਪਾਣੀ ਵਿੱਚ ਹੀ ਸੁਖ ਦੁਖ ਸਹਾਰਦੀ ਹੈ। ਉਹ ਸੁਖ ਦੁਖ ਉਸ ਨੂੰ ਕਿੱਥੋਂ ਅਤੇ ਕਿਉਂ ਆਏ? ਪੂਰਬਲੇ ਮਨੁਖਾ ਜਨਮ ਵਿੱਚ ਕੀਤੇ ਚੰਗੇ ਮਾੜੇ ਕਰਮਾਂ ਕਰਕੇ।

ਸੋ ਇਸ ਮਨੁੱਖਾ ਜਨਮ ਵਿੱਚ ਕੀਤੇ ਚੰਗੇ ਮਾੜੇ ਕੰਮਾਂ, ਅਤੇ ਇੱਛਾਵਾਂ-ਤ੍ਰਿਸ਼ਨਾਵਾਂ ਅਨੁਸਾਰ ਫ਼ੇਰ ਜਨਮ ਲੈ ਕੇ ਇਸ ਸੰਸਾਰ ਤੇ ਆਉਣਾ ਪਏਗਾ। ਕਿਸੇ ਹੋਰ ਜੂਨ ਵਿੱਚ, ਕੋਈ ਹੋਰ ਸਰੀਰ ਧਾਰ ਕੇ, ਹੋਰ ਗਿਆਨ ਇੰਦਰਿਆਂ ਦੇ ਨਾਲ। ਕੌਣ ਕਿਸ ਜੂਨ ਵਿੱਚ ਕਿਹੜੇ ਚੰਗੇ ਜਾਂ ਮਾੜੇ ਕਰਮਾਂ ਦੇ, ਕੀ ਸੁਖ ਦੁਖ ਭੋਗੇਗਾ ਇਸ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ, ਪਰ ਆਪਾਂ ਇਹ ਤਾਂ ਦੇਖਦੇ ਹਾਂ ਕਿ ਕੀੜੇ ਪਤੰਗੇ, ਬੈਲ, ਘੋੜੇ, ਬਾਂਦਰ ਆਦਿ ਦੁਖ ਸਹਾਰਦੇ ਹਨ ਉਨ੍ਹਾਂ ਨੇ, ਇਨ੍ਹਾਂ ਜੂਨਾਂ ਵਿੱਚ ਤਾਂ ਕੋਈ ਚੰਗੇ ਮਾੜੇ ਕੰਮ ਕੀਤੇ ਨਹੀਂ ਹੁੰਦੇ ਅਤੇ ਨਾ ਹੀ ਉਨਾਂ ਨੂੰ ਕਿਸੇ ਚੰਗੇ ਮਾੜੇ ਦੀ ਸੋਝੀ ਹੁੰਦੀ ਹੈ। ਸੋ ਇਹ ਸਾਰੇ ਜੀਵ ਮਨੁੱਖਾ ਜਨਮ ਵਿੱਚ ਕੀਤੇ ਕਰਮਾਂ ਦੇ ਸੁਖ ਦੁਖ ਸਹਾਰਦੇ ਹਨ।

“ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ॥ ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ॥ ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ॥ ਰਤਨ ਜਨਮੁ ਹਾਰੰਤ ਜੂਐ ਪ੍ਰਭੂ ਆਪਿ ਨ ਭਾਵਹੀ॥ ਬਿਨਵੰਤਿ ਨਾਨਕ ਭਰਮਹਿ ਭ੍ਰਮਾਏ ਖਿਨੁ ਏਕੁ ਟਿਕਣੁ ਨ ਪਾਵਹੀ॥” (ਪੰਨਾ-705)।

ਜਿਹੜਾ ਬੰਦਾ ਗੁਰਮੁਖਾਂ ਵਾਲ਼ਾ ਜੀਵਨ ਬਿਤਾਂਦਾ ਹੈ ਉਹ ਇਸ ਜਨਮ ਵਿੱਚ ਜਿਉਂਦਿਆਂ ਵੀ ਮਾਇਆ ਦੇ ਬੰਧਨਾਂ ਤੋਂ ਮੁਕਤ ਹੈ। ਉਹ ਜਿਉਂਦਿਆਂ ਵੀ ਪ੍ਰਭੂ ਵਿੱਚ ਅਭੇਦ ਹੈ ਅਤੇ ਮਰਨ ਤੇ, ਸਰੀਰ ਛੱਡ ਜਾਣ ਤੇ ਵੀ ਮੁਕਤ ਹੈ। ਉਸ ਨੂੰ ਮੁੜ ਜਗਤ ਤੇ ਜਨਮ ਲੈ ਕੇ ਨਹੀਂ ਆਉਣਾ ਪੈਂਦਾ। ਪਰ ਮਨਮੁਖ ਬੰਦਾ ਇਸ ਜਗਤ ਤੇ ਜਿਉਂਦਿਆਂ ਹੀ ਮਰਿਆਂ ਸਮਾਨ ਹੈ। ਅਤੇ ਮਰਨ ਤੇ ਅਨੇਕਾਂ ਜੂਨਾਂ ਵਿੱਚ ਜੰਮਦਾ ਮਰਦਾ ਰਹਿੰਦਾ ਹੈ।

“ਗੁਰਮੁਖਿ ਮੁਏ ਜੀਵਦੇ ਪਰਵਾਣੁ ਹਹਿ ਮਨਮੁਖ ਜਨਮਿ ਮਰਾਹਿ॥ ਨਾਨਕ ਮੁਏ ਨ ਆਖੀਅਹਿ ਜਿ ਗੁਰ ਕੈ ਸਬਦਿ ਸਮਾਹਿ॥” (ਪੰਨਾ- 643)।

ਗੁਰਬਾਣੀ ਵਿੱਚ ਆਈਆਂ ਤਿੰਨ ਕਿਸਮ ਦੀਆਂ ਮੌਤਾਂ ਦਾ ਜ਼ਿਕਰ ਆਇਆ ਹੈ, ਜਿੱਥੇ ਜਿੱਥੇ, ਜਿਸ ਜਿਸ ਕਿਸਮ ਦੀ ਮੌਤ ਦਾ ਜ਼ਿਕਰ ਆਇਆ ਹੈ, ਉਹ ਫ਼ਰਕ ਸਮਝਣ ਦੀ ਜ਼ਰੂਰਤ ਹੈ। ਕਈ ਉਚ ਕੋਟੀ ਦੇ ਵਿਦਵਾਨ ਵੀ ਕਈ ਵਾਰੀਂ ਇਹ ਫ਼ਰਕ ਪਛਾਨਣ ਤੋਂ ਅਸਮਰਥ ਹੁੰਦੇ ਹਨ। ਉਹ ਅਰਥ ਕਰਨ ਲੱਗੇ ਆਤਮਕ ਮੌਤ ਦੀਆਂ ਉਦਾਹਰਣਾ ਦੇ ਕੇ ਸਰੀਰਕ ਮੌਤ ਵਾਲੀਆਂ ਪੰਗਤੀਆਂ ਦੇ ਵੀ ਅਰਥ ਆਤਮਕ ਮੌਤ ਵਾਲੇ ਹੀ ਕਰ ਜਾਂਦੇ ਹਨ। ਇਸ ਫ਼ਰਕ ਨੂੰ ਸਮਝਣ ਲਈ ਪ੍ਰੋ: ਸਾਹਿਬ ਸਿੰਘ ਦੇ ਟੀਕੇ ਤੋਂ ਮਦਦ ਲਈ ਜਾ ਸਕਦੀ ਹੈ। ਉਨ੍ਹਾਂ ਨੇ ਗੁਰਬਾਣੀ ਵਿੱਚ ਜਿੱਥੇ ਜਿੱਥੇ ਜਿਸ ਮੌਤ ਦਾ ਜ਼ਿਕਰ ਆਇਆ ਹੈ ਬਹੁਤ ਹੀ ਖੂਬੀ ਨਾਲ਼ ਵਿਆਖਿਆ ਕਰਕੇ ਸਮਝਾਇਆ ਹੈ ਅਤੇ ਫ਼ਰਕ ਦਾ ਨਿਖੇੜਾ ਕੀਤਾ ਹੈ।

ਜਸਬੀਰ ਸਿੰਘ (ਕੈਲਗਰੀ)




.