.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਨਿਊਜ਼ੀਲੈਂਡ ਵਿਖੇ ਸ਼ਬਦ ਵਿਚਾਰ

(ਕਿਸ਼ਤ ਦੂਜੀ)

ਦੂਜਾ ਹਫਤਾ ਸਿੰਘ ਸਭਾ

ਮਿਤੀ ੧੩-੦੭-੦੯— ਤੋਂ ੧੯-੦੭-੦੯ ਤੀਕ--

ਦਿਨ ਸੋਮਵਾਰ ਮਿਤੀ ੧੩-੦੭-੦੯

ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ ਪਾਪਾਟੋਏਟੋਏ ਨਿਊਜ਼ੀਲੈਂਡ।

ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੧੦੩ `ਤੇ “ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ” ਅੰਕਤ ਸ਼ਬਦ ਦੀ ਚਲ ਰਹੀ ਲੜੀਵਾਰ ਕਥਾ ਦੀ ਵਿਚਾਰ ਕਰਨ ਤੋਂ ਪਹਿਲਾਂ ਇਹ ਸਮਝਿਆ ਗਿਆ ਕਿ ਗੁਰਬਾਣੀ ਵਿੱਚ ਪਰਮਾਤਮਾ ਪਿਤਾ ਨੂੰ ਸੰਤੋਖ ਤੇ ਗੁਰੂ ਦੀ ਮਤ ਨੂੰ ਮਾਤਾ ਕਿਹਾ ਗਿਆ ਹੈ। ਸ਼ਬਦ ਦੇ ਪਹਿਲੇ ਬੰਦ ਵਿੱਚ ਸੰਤੋਖ, ਗੁਰੂ ਦੀ ਮਤ, ਦੁਨੀਆਂ ਦੀ ਸੇਵਾ ਨੂੰ ਰੱਬੀ ਗੁਣ ਕਹਿ ਕਿ ਵਡਿਆਇਆ ਗਿਆ ਹੈ। ਇਹ ਅਜੇਹੇ ਕੀਮਤੀ ਗੁਣ ਹਨ ਜੋ ਹਰ ਸਮੇਂ ਸਾਡੀ ਸਹਾਇਤਾ ਕਰਦੇ ਹਨ। ਇਹਨਾਂ ਗੁਣਾਂ ਦੀ ਵਰਤੋਂ ਕਰਦਿਆਂ ਸੁਭਾਓ ਵਿੱਚ ਕਦੇ ਤਲਖੀ ਨਹੀਂ ਆ ਸਕਦੀ। ਸ਼ਬਦ ਦੇ ਦੂਸਰੇ ਬੰਦ ਵਿੱਚ ਇਸ ਗੱਲ ਦੀ ਪ੍ਰਪੱਕਤਾ `ਤੇ ਜ਼ੋਰ ਦਿੱਤਾ ਗਿਆ ਹੈ ਕਿ ਰੱਬ ਜੀ ਵਰਗਾ ਹੋਰ ਕੋਈ ਵੀ ਨਹੀਂ ਹੈ। ਸੰਸਾਰ ਇੱਕ ਅਖਾੜੇ ਵਰਗਾ ਹੈ ਜਿਸ ਵਿੱਚ ਅਸੀਂ ਆਪੋ-ਆਪਣੀ ਕੁਸ਼ਤੀ ਲੜ ਰਹੇ ਹਾਂ। ਸ਼ਬਦ ਦੇ ਤੀਸਰੇ ਬੰਦ ਵਿੱਚ ਸਾਰੇ ਜੀਵ ਇੱਕ ਪਰਮਾਤਮਾ ਦੀ ਹੀ ਸੰਤਾਨ ਹਨ। ਸੰਸਾਰ ਵਿੱਚ ਰਹਿੰਦਿਆਂ ਜਿਸ ਨੂੰ ਕੁਸ਼ਤੀ ਦੇ ਦਾਅ ਪੇਚ ਆ ਜਾਣ ਉਹ ਮਨੁੱਖ ਵਿਕਾਰਾਂ ਨੂੰ ਸੌਖਾ ਹੀ ਜਿੱਤ ਸਕਦਾ ਹੈ। ਸੰਤੋਖ, ਗੁਰੂ ਦੀ ਮਤ, ਦੁਨੀਆਂ ਦੀ ਸੇਵਾ ਤੇ ਮਿਠਾਸ ਵਰਗੇ ਦੈਵੀ ਗੁਣਾਂ ਨੂੰ ਧਾਰਨ ਕਰਨ ਦੇ ਨਾਲ ਗਿਆਨ ਤੇ ਕਰਮ ਇੰਦਰਿਆਂ ਨੂੰ ਠੰਡ ਮਿਲਦੀ ਹੈ ਓਥੇ ਆਤਮਕ ਤਲ `ਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਗੁਰੂ ਦੇ ਗਿਆਨ ਦੁਆਰਾ ਮਨ ਵਿੱਚ ਦੈਵੀ ਗੁਣਾਂ ਦਾ ਜਦੋਂ ਢੋਲ ਵੱਜਦਾ ਹੈ ਤਾਂ ਓਦੋਂ ਔਖੀ ਤੋਂ ਔਖੀ ਕੁਸ਼ਤੀ ਵੀ ਜਿੱਤੀ ਜਾ ਸਕਦੀ ਹੈ। ਭਾਵ ਮਲੀਨ ਵਿਚਾਰਾਂ ਤੋਂ ਮੁਕਤੀ ਮਿਲਦੀ ਹੈ।

ਮਿਤੀ ੧੪-੦੭-੦੯ ਦਿਨ ਮੰਗਲਵਾਰ

ਕਿਸੇ ਟ੍ਰੇਨ ਵਿੱਚ ਅਵੇਸਲਾ ਹੋ ਕੇ ਆਦਮੀ ਸੋਂ ਜਾਏ ਤਾਂ ਉਸ ਦਾ ਕੁਦਰਤੀ ਸਮਾਨ ਚੁੱਕਿਆ ਜਾ ਸਕਦਾ ਹੈ। ਏਸੇ ਤਰ੍ਹਾਂ ਧਰਮ ਦੀ ਦੁਨੀਆਂ ਵਿੱਚ ਜਦੋਂ ਆਦਮੀ ਗ਼ਫ਼ਲਤ ਦੀ ਨੀਂਦ ਸੌਂ ਜਾਂਦਾ ਹੈ ਤਾਂ ਉਸ ਦੇ ਸ਼ੁਭ ਗੁਣ ਲੁੱਟ ਹੋ ਜਾਂਦੇ ਹਨ ਤੇ ਅਵਗੁਣਾਂ ਦੀ ਗਠੜੀ ਹੀ ਪੱਲੇ ਪੈਂਦੀ ਹੈ। ਜੀਵ ਰੂਪੀ ਇਸਤ੍ਰੀ ਦੀ ਉਦਾਹਰਣ ਦੇਂਦਿਆਂ ਸਮਝਾਇਆ ਗਿਆ ਹੈ ਕਿ ਪਤੀ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਸਹਿਜ, ਸੰਤੋਖ ਤੇ ਮਿੱਠੇ ਬੋਲਾਂ ਦੀ ਵਰਤੋਂ ਕੀਤਿਆਂ ਸੌਖੇ ਹੀ ਅਸੀਂ ਰਬ ਜੀ ਵਰਗੇ ਬਣ ਸਕਦੇ ਹਾਂ। ਲੜੀਵਾਰ ਸ਼ਬਦ ਦੇ ਪਹਿਲੇ ਬੰਦ ਵਿੱਚ ਭਗਤ ਜਨ ਪਰਮਾਤਮਾ ਦੇ ਗੁਣਾਂ ਨੂੰ ਹੀ ਆਪਣੀ ਜ਼ਿੰਦਗੀ ਦਾ ਅਧਾਰ ਬਣਾ ਕੇ ਜ਼ਿਉਂਦੇ ਹਨ। ਦੂਸਰੇ ਬੰਦ ਵਾਲੀ ਤੁਕ ਵਿੱਚ ਇਸ ਗੱਲ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਜੋ ਵੀ ਨਿਹਸਚਾ ਰੱਖ ਕੇ ਸਮਝ ਗਿਆ ਉਸ ਦਾ ਹੀ ਵਿਕਾਰੀ ਫੁਰਨਿਆਂ ਵਾਲਾ ਜਨਮ ਖ਼ਤਮ ਹੋ ਜਾਏਗਾ— “ਮਨਸਾ ਧਾਰਿ ਜੋ ਘਰ ਤੇ ਆਵੈ॥ ਸਾਧਸੰਗਿ ਜਨਮ ਮਰਣੁ ਮਿਟਾਵੈ”॥ ਸ਼ਬਦ ਦੇ ਤੀਸਰੇ ਬੰਦ ਵਿੱਚ ਇੱਕ ਅਹਿਮ ਨੁਕਤੇ ਦੀ ਵਿਚਾਰ ਕੀਤੀ ਹੈ ਕਿ ਗੁਰ-ਉਪਦੇਸ਼ ਮਨੁੱਖ ਦੇ ਸੁਭਾਅ ਰਾਂਹੀਂ ਪ੍ਰਗਟ ਹੁੰਦਾ ਹੋਇਆ ਖ਼ੁਦੀ ਨੂੰ ਤੋੜਦਾ ਹੈ। ਜੇ ਸਮਾਧੀਆਂ ਨਾਲ ਰੱਬ ਮਿਲਦਾ ਹੁੰਦਾ ਤਾਂ ਸਿੱਧ, ਸਾਧਕਾਂ, ਗਿਆਨੀਆਂ ਨੂੰ ਰੱਬ ਜੀ ਜ਼ਰੂਰ ਪ੍ਰਾਪਤ ਹੋ ਜਾਂਦਾ। ਅਖ਼ੀਰਲੇ ਬੰਦ ਵਿੱਚ ਅੰਦਰਲੀਆਂ ਖ਼ੁਸ਼ੀਆਂ ਤੇ ਆਤਮਕ ਅਡੋਲਤਾ ਟਿਕ ਜਾਂਦੀ ਦਾ ਉਪਦੇਸ਼ ਮਿਲਦਾ ਹੈ।

ਦਿਨ ਬੁੱਧਵਾਰ ਮਿਤੀ ੧੫-੦੭-੦੯

ਰਾਗੀ ਸਿੰਘਾਂ ਵਲੋਂ ਕੁਦਰਤੀ ਦੋ ਸਲੋਕਾਂ ਦਾ ਕੀਰਤਨ ਕੀਤਾ ਗਿਆ ਤੇ ਉਹਨਾਂ ਦੋ ਸਲੋਕਾਂ ਦੀ ਪਹਿਲਾਂ ਵਿਚਾਰ ਕੀਤੀ ਗਈ। ‘ਸੰਤ ਸਰਨਿ ਜੋ ਜਨੁ ਪਰੈ’ ਦੀ ਸਿਧਾਂਤਕ ਵਿਚਾਰ ਹੈ ਕਿ ਜਿਹੜਾ ਵੀ ਗੁਰੂ ਗ੍ਰੰਥ ਦੀ ਸ਼ਰਨ ਭਾਵ ਵਿਚਾਰਾਂ ਦਾ ਧਾਰਨੀ ਹੋ ਗਿਆ ਉਸ ਦਾ ਹੀ ਕਲਿਆਣ ਹੋਵੇਗਾ। ਗੁਰ-ਉਪਦੇਸ਼ ਤੋਂ ਮੁਨਕਰ ਮੁੜ ਮੁੜ ਵਿਕਾਰਾਂ ਵਿੱਚ ਜੰਮਦਾ ਹੈ। ਦੂਸਰਾ ਸਲੋਕ ਕਬੀਰ ਸਾਹਿਬ ਜੀ ਦਾ ਸੀ। ਜਿਸ ਵਿੱਚ ਇੰਝ ਲੱਗਦਾ ਹੈ ਕਿ ਸ਼ਾਇਦ ਕੋਈ ਚੋਲ਼ੇਵਾਲਾ ਬੂਬਨਾ ਸਾਧ ਹੀ ਨਾਮ ਜਪਾ ਸਕਦਾ ਹੈ। ਜਦ ਕਿ ਇਸ ਸਲੋਕ ਦਾ ਸਿਧਾਂਤਕ ਪੱਖ ਵੀ ਇਹ ਹੀ ਹੈ ਕਿ ਗੁਰੂ-ਸੰਤ ਦਾ ਉਪਦੇਸ਼ ਹੀ ਨਾਮ ਹੈ। ਰਾਮ ਮੁਕਤੀ ਦਾ ਅਰਥ ਵਿਕਾਰਾਂ ਵਲੋਂ ਕਿਨਾਰਾ ਹੈ। ਰੱਬ ਜੀ ਦਾ ਮੁੱਢ ਕਦੀਮ ਦਾ ਸੁਭਾਅ ਹੈ ਕਿ ਉਹ ਸਾਰੀ ਸ੍ਰਿਸ਼ੇਟੀ ਦੀ ਪਾਲਣਾ ਕਰਦਾ ਹੈ। ਉਸ ਦੀ ਰਚੀ ਕੁਦਰਤ ਨੂੰ ਦੇਖ ਕੇ ਮਨ ਵਿੱਚ ਚਾਉ ਪੈਦਾ ਹੁੰਦਾ ਹੈ। ਸ਼ਬਦ ਦੇ ਦੂਸਰੇ ਬੰਦ ਵਿੱਚ ਕਥਾ ਸਰਵਣ ਕਰਨ ਨਾਲ ਅਸਲ ਤੇ ਨਕਲ ਦੀ ਪਹਿਛਾਣ ਬਣਦਿਆਂ ਅੰਦਰਲੀ ਮੈਲ ਧੋ ਹੁੰਦੀ ਹੈ। ਮਨ ਹਰਿਆ ਹੁੰਦਾ ਹੈ— “ਗੁਣ ਗਾਵਤ ਮਨੁ ਹਰਿਅ ਹੋਵੈ॥ ਕਥਾ ਸੁਣਤ ਮਲੁ ਸਗਲੀ ਖੋਵੈ”॥ ਇਹ ਅਵਸਥਾ ਓਦੋਂ ਹੀ ਬਣਦੀ ਹੈ ਜਦੋਂ ਗੁਰੂ ਦੀ ਦਇਆਲਤਾ ਦੇ ਪਾਤਰ ਬਣ ਜਾਈਏ। ਸ਼ਬਦ ਦੇ ਤੀਸਰੇ ਬੰਦ ਵਿੱਚ ਆਤਮਕ ਸੂਝ ਦਾ ਚਾਨਣ ਹੁੰਦਾ ਹੈ ਪਰ ਇਹ ਦੀਵਾ ਗੁਰੂ ਤੋਂ ਹੀ ਜਗਦਾ ਹੈ। ਅਜੇਹੇ ਚਾਨਣ ਨੂੰ ਹਰੇਕ ਸਵਾਸ ਨਾਲ ਰੱਖਣਾ ਚਾਹੀਦਾ ਹੈ। ਨਿੱਤ ਨਵੀਆਂ ਕੁਦਰਤ ਦੀਆਂ ਕਾਢਾਂ ਦੇਖ ਕੇ ਮਨ ਨੂੰ ਬਹੁਤ ਹੁਲਾਸ ਮਿਲਦਾ ਹੈ ਕਿ ਪਰਮਾਤਮਾ ਦੀ ਕੁਦਰਤ ਬੇ-ਅੰਤ ਤੇ ਬਹੁਤ ਡੂੰਘੀ ਹੈ।

ਦਿਨ ਵੀਰਵਾਰ ਮਿਤੀ ੧੬-੦੭-੦੯—

ਜੀਵ ਰੂਪੀ ਇਸਤ੍ਰੀ ਆਪਣੇ ਪਤੀ ਪ੍ਰਤੀ ਪਿਆਰ ਦੀ ਭਾਵਨਾ ਦਾ ਪ੍ਰਗਟਾ ਕਰਦਿਆਂ ਹੋਇਆਂ ਕਈ ਪ੍ਰਕਾਰ ਦੇ ਸਵਾ-ਦਿਸ਼ਟ ਪਕਵਾਨ ਤਿਆਰ ਕਰਦੀ ਹੈ ਏਸੇ ਤਰ੍ਹਾਂ ਅਸਾਂ ਆਪਣੇ ਹਿਰਦੇ ਦੀ ਸ਼ੁਭ ਗੁਣਾਂ ਦੁਆਰਾ ਸੇਜ ਤਿਆਰ ਕਰਨੀ ਹੈ ਤਾਂ ਕਿ ਪ੍ਰਭੂ ਜੀ ਖੁਸ਼ ਹੋਵਣ--- “ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ”॥ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਵਿਚਾਰ ਕਰਦਿਆਂ ਪਹਿਲੇ ਬੰਦ ਵਿੱਚ ਅਜੇਹੀ ਵਿਚਾਰ ਹੀ ਸਪੱਸ਼ਟ ਹੁੰਦੀ ਹੈ ਕਿ ਅਸਾਂ ਵੀ ਆਪਣੇ ਹਿਰਦੇ ਦੀ ਸੇਜ ਤਿਆਰ ਕਰਨੀ ਹੈ ਸਜਣ ਗੁਰੂ ਨੂੰ ਮਿਲ ਕੇ। ਗੁਰੂ ਦੇ ਗਿਆਨ ਰੂਪੀ ਮੀਂਹ ਵਿਚੋਂ ਸੀਤਲਤਾ, ਸਾਂਤੀ, ਸਹਿਜ ਤੇ ਆਤਮਕ ਸੁੱਖ ਵਰਗੀਆਂ ਵਸਤੂਆਂ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਦੇ ਦੂਸਰੇ ਬੰਦ ਵਿੱਚ ਰੱਬੀ ਗੁਣਾਂ ਦੀ ਬਹੁਤਾਤ ਦੀ ਗੱਲ ਕਰਦਿਆਂ ਇਹ ਅਹਿਸਾਸ ਹੁੰਦਾ ਹੈ ਇਹ ਗੁਣ ਅਸੀਮ ਹਨ। ਤੀਸਰਾ ਬੰਦ ਇਹ ਰਾਹ ਖੋਹਲਦਾ ਹੈ ਕਿ ਨਿਤਾ-ਪ੍ਰਤੀ ਦਾ ਜੰਮਣਾ-ਮਰਨਾ, ਲਾਲਚੀ ਮੋਹ, ਆਤਮਕ ਡਰ, ਚਿੰਤਾ ਤੇ ਕਲੇਸ਼ ਮਨੁੱਖ ਤੋਂ ਕਿਨਾਰਾ ਕਰ ਜਾਂਦੇ ਹਨ ਜਦੋਂ ਗੁਰੂ ਨੂੰ ਮਨ ਵਿੱਚ ਵਸਾ ਲੈਂਦੇ ਹਾਂ। ਸ਼ਬਦ ਦੇ ਚੌਥੇ ਤੇ ਆਖ਼ਰੀ ਬੰਦ ਵਿੱਚ ਇਹ ਗੁਰ-ਗਿਆਨ ਜਦੋਂ ਸਾਡੇ ਹਰੇਕ ਸਵਾਸ ਦਾ ਅੰਗ ਬਣ ਜਾਏ ਤਾਂ ਵਿਕਾਰਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ।

ਦਿਨ ਸ਼ੁੱਕਰਵਾਰ ਮਿਤੀ ੧੭-੦੭-੦੯—

ਆਮ ਕਰਕੇ ‘ਅਉਖੀ ਘੜੀ ਨ ਦੇਖਣ ਦੇਈ’ ਵਾਲੇ ਵਾਕ ਵਿੱਚ ਦੇਈ ਤੇ ਬਿੰਦੀ ਲਗਾ ਕੇ ਦੇਈਂ ਪਾਠ ਪੜ੍ਹਦੇ ਹਾਂ। ਇੰਜ ਪਾਠ ਕਰਨ ਨਾਲ ਅਸੀਂ ਰੱਬ ਜੀ ਨੂੰ ਹੁਕਮ ਕਰ ਰਹੇ ਹੁੰਦੇ ਹਾਂ ਕਿ ਸਾਨੂੰ ਔਖਾ ਸਮਾਂ ਦੇਖਣ ਨੂੰ ਨਾ ਦਿਓ। ਤੇ ਦੇਈ ਨੂੰ ਦੇਈ ਹੀ ਪੜ੍ਹਿਆ ਜਾਏ ਤਾਂ ਫਿਰ ਅਰਥ ਬਣਦਾ ਹੈ ਕਿ ਪਰਮਾਤਮਾ ਸਾਨੂੰ ਔਖਾ ਸਮਾਂ ਆਉਣ ਹੀ ਨਹੀਂ ਦੇਂਦਾ ਕਿਉਂਕਿ ਅਸੀਂ ਰੱਬ ਜੀ ਨੂੰ ਆਪਣਾ ਮਿੱਤਰ ਬਣਾ ਲਿਆ ਹੈ। ਏਸੇ ਤਰ੍ਹਾਂ ਹੀ ਜੇ ਗੁਰੂ ਨੂੰ ਮਿੱਤਰ ਬਣਾ ਕੇ ਅਸੀਂ ਵੀ ਉਸ ਦੇ ਗੁਣਾਂ ਨੂੰ ਸਮਝ ਲਈਏ ਤਾਂ ਸੰਸਾਰ ਵਿੱਚ ਰਹਿੰਦਿਆਂ ਅਵੱਸ਼ ਵਿਕਾਰਾਂ ਵਲੋਂ ਮੁਕਤ ਹੋ ਸਕਦੇ ਹਾਂ। ਸ਼ਬਦ ਦੇ ਦੂਸਰੇ ਬੰਦ ਵਿੱਚ ‘ਜਨਮ ਜਨਮ ਕੇ ਕਿਲਬਿਖ ਜਾਵਹਿ’ ਜਨਮ ਜਨਮ ਦੀ ਲੱਗੀ ਹੋਈ ਮੈਲ਼ ਉੱਤਰ ਸਕਦੀ ਹੈ। ਜਨਮ ਜਨਮ ਦਾ ਭਾਵ ਅਰਥ ਹੈ ਹਰ ਘੜੀ ਦਾ ਆਤਮਕ ਤਲ `ਤੇ ਤ੍ਰਿਸ਼ਨਾ, ਜਾਂ ਮਨ ਦੀਆਂ ਖ਼ਾਹਸ਼ਾਂ ਵਿੱਚ ਨਵਾਂ ਖ਼ਿਆਲ ਲੈਂਦੇ ਰਹਿਣਾ। ਇਹ ਮਲੀਨਤਾ ਸਦਾ ਰਹਿਣ ਵਾਲੀ ਨਹੀਂ ਹੈ ਸਿਰਫ ਅਸੀਂ ਹੀ ਇਸ ਨੂੰ ਪਕੜ ਕੇ ਬੈਠੇ ਹਾਂ। ਗੁਰੂ-ਗਿਆਨ ਨੂੰ ਮਿਲ ਕੇ ਅੰਦਰਲੀ ਕਿਲਬਿਖ ਨਸਾਈ ਜਾ ਸਕਦੀ ਹੈ। ਸ਼ਬਦ ਦੇ ਤੀਸਰੇ ਬੰਦ ਵਿੱਚ ਗੁਰੂ ਦੀ ਸਿੱਖਿਆ ਨੂੰ ਬਾਰ ਬਾਰ ਧਿਆਨ ਵਿੱਚ ਲਿਆਉਣਾ ਨਾਲ ਸਰਬ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਅਵਸਥਾ ਵਿੱਚ ਡਰ ਆਦਕ ਖਤਮ ਹੋ ਜਾਂਦੇ ਹਨ। ਸ਼ਬਦ ਦੇ ਚੌਥੇ ਤੇ ਆਖਰੀ ਬੰਦ ਵਿੱਚ ਇੱਕ ਗੱਲ ਨੂੰ ਦ੍ਰਿੜ ਕਰਾਇਆ ਗਿਆ ਹੈ ਕਿ ਮੈਂ ਘਟੀਆ ਸੋਚ ਨੂੰ ਛੱਡ ਕੇ ਤੇਰੀ ਸ਼ਰਣ ਵਿੱਚ ਆ ਗਿਆ ਹਾਂ। ਤੇਰੀ ਗੁਣਾਂ ਰੂਪੀ ਭਗਤੀ ਨੂੰ ਪੀ ਕੇ ਆਤਮਕ ਅਨੰਦ ਦੀ ਅਵਸਥਾ ਨੂੰ ਚਲਾ ਜਾਵਾਂਗਾ।

ਦਿਨ ਸ਼ਨੀਚਰਵਾਰ ਮਿਤੀ ੧੮-੦੭-੦੯ ਤਰਾਨਾ ਰੇਡੀਓ ਤੋਂ

ਸਿਰੀ ਗੁਰੂ ਸਿੰਘ ਸਭਾ ਦੇ ਬਣਾਏ ਹੋਏ ਪ੍ਰੋਗਰਾਮ ਆਨੁਸਾਰ ਭਾਈ ਕੁਲਵੰਤ ਸਿੰਘ ਜੀ ਨਾਲ ਤਰਾਨਾ ਰੇਡੀਓ `ਤੇ ਦੂਸਰੀ ਵਾਰੀ ਸ਼ਬਦ ਵਿਚਾਰ ਦਾ ਸਮਾਂ ਨਿਰਧਾਰਤ ਕਰਕੇ ਗੁਰਮਤ ਵਿਚਾਰਾਂ ਦੀ ਸਾਂਝ ਪਾਈ। ਜਿੱਥੇ ਪੰਜਾਬ ਦੇ ਸਾਧ-ਲਾਣੇ ਤੋਂ ਸੁਚੇਤ ਹੋਣ ਦੀ ਲੋੜ `ਤੇ ਜ਼ੋਰ ਦਿੱਤਾ ਗਿਆ ਓਥੇ ਜਪੁ ਨੀਸਾਣ ਬਾਣੀ ਦੇ ਅਖ਼ੀਰਲੇ ਸਲੋਕ ਦੀ ਬਹੁਤ ਹੀ ਖੁਲ ਕੇ ਵਿਚਾਰ ਕੀਤੀ ਗਈ ਕਿ ਇਸ ਸਲੋਕ ਵਿੱਚ ਨਾਮ ਧਿਆਉਣ ਦਾ ਭਾਵ ਅਰਥ ਹੈ ਚੰਗਿਆਈਆਂ ਨੂੰ ਇਕੱਤਰ ਕਰਨਾ ਤੇ ਬੁਰਿਆਂਈਆਂ ਤੋਂ ਹਰ ਵੇਲੇ ਦੂਰੀ ਬਣਾਈ ਰੱਖਣੀ ਹੀ ਨਾਮ ਧਿਆਉਣ ਦੀ ਬਿਖਮ ਮਸ਼ੱਕਤ ਹੈ। ਕਿਉਂ ਕਿ ਅਸੀਂ ਸਲੋਕ ਦੀਆਂ ਪਹਿਲੀਆਂ ਤੁਕਾਂ ਨੂੰ ਧਿਆਨ ਵਿੱਚ ਲਿਆਉਣ ਤੋਂ ਬਿਨਾ ਹੀ ਇਸ ਦੇ ਅਰਥ ਕਰ ਦੇਂਦੇ ਹਾਂ ਕਿ ਜੀ ਕੇਵਲ ਨਾਮ ਹੀ ਧਿਆਉਣਾ ਚਾਹੀਦਾ ਹੈ। ਸਵੇਰ ਦੇ ਇਸ ਪ੍ਰੋਗਰਾਮ ਵਿੱਚ ਦੂਸਰਾ ਵਿਚਾਰ ਗੁਰ-ਗਿਆਨ ਦਾ ਸੀ ਕਿ ਜਿੰਨਾ ਚਿਰ ਅਸੀਂ ਗੁਰ-ਗਿਆਨ ਨੂੰ ਆਪਣੀ ਸੋਚ ਦਾ ਹਿੱਸਾ ਨਹੀਂ ਬਣਾਉਂਦੇ ਉਤਨਾ ਚਿਰ ਸਾਡੇ ਮੁਗਾਲਤੇ ਦੂਰ ਨਹੀਂ ਹੋ ਸਕਦੇ। ਸਾਰੀ ਗੁਰਬਾਣੀ ਸਾਰੇ ਸੰਸਾਰ ਨੂੰ ਪਿਆਰ ਗਲਵੱਕੜੀ ਵਿੱਚ ਲੈ ਕੇ ਸਹੀ ਜੀਵਨ ਜਿਉਣ ਦਾ ਸੁਨੇਹਾਂ ਦੇਂਦੀ ਹੈ। ਤਰਾਨਾ ਰੇਡੀਓ ਤੋਂ ਸਿਰੀ ਗੁਰੂ ਸਿੰਘ ਸਭਾ ਵਲੋਂ ਕਥਾ ਦੀ ਸਮਾਪਤੀ ਉਪਰੰਤ ਗੁਰਮਤ ਸਬੰਧੀ ਸੰਗਤਾਂ ਨਾਲ ਸੁਆਲ ਜੁਆਬ ਦਾ ਇੱਕ ਨਵਾਂ ਤਜਰਬਾ ਕੀਤਾ ਗਿਆ ਹੈ ਜਿਸ ਨੂੰ ਸੰਗਤ ਨੇ ਬਹੁਤ ਹੀ ਪਸੰਦ ਕੀਤਾ ਹੈ। ਸੰਗਤ ਵਲੋਂ ਲਗ-ਪਗ ਸਾਰਾ ਦਿਨ ਹੀ ਟੈਲੀਫ਼ੂਨ ਆਉਂਦੇ ਰਹੇ। ਮੈਂ ਸਮਝਦਾ ਹਾਂ ਕੇ ਅਜੇਹੇ ਪ੍ਰਗੋਰਾਮ ਜ਼ਰੂਰ ਹੋਣੇ ਚਾਹੀਦੇ ਹਨ ਤਾਂ ਕਿ ਸੰਗਤ ਨੂੰ ਗੁਰਮਤ ਦੀ ਸਹੀ ਜਾਣਕਾਰੀ ਮਿਲ ਸਕੇ। ਇਸ ਉਪਰਾਲੇ ਲਈ ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਪਾਪਾਟੋਏਟੋਏ ਦੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ।

ਦਿਨ ਸ਼ਨੀਚਰਵਾਰ ਮਿਤੀ ੧੮-੦੭-੦੯—

ਭਾਈ ਗੁਰਦਾਸ ਜੀ ਦੇ ਇੱਕ ਕਬਿੱਤ ਦੀ ਵਿਚਾਰ ਕਰਦਿਆਂ ਵਿਚਾਰਿਆ ਗਿਆ ਕਿ ਹੰਸ ਮੋਤੀ ਖਾਂਦੇ ਤੇ ਮੋਤੀ ਹੀ ਉਗ਼ਲ਼ਦੇ ਹਨ। ਮਨੁੱਖ ਰਸੋਈ ਵਿਚੋਂ ਰੋਟੀ ਖਾ ਕੇ ਤ੍ਰਿਪਤ ਹੁੰਦਾ ਹੈ। ਪੰਛੀ ਸੰਘਣੇ ਦਰਖੱਤਾਂ `ਤੇ ਬੈਠ ਕੇ ਜਿੱਥੇ ਮਿੱਠੇ ਗੀਤ ਗਉਂਦੇ ਹਨ ਓੱਥੇ ਸੰਘਣੀ ਛਾਂ ਦਾ ਲੁਤਫ਼ ਵੀ ਲੈਂਦੇ ਹਨ। ਏਸੇ ਤਰ੍ਹਾਂ ਗੁਰੂ ਕੇ ਪਿਆਰ ਵਾਲੇ ਸਿੱਖ ਧਰਮਸਾਲ ਵਿੱਚ ਬੈਠ ਕੇ ਸਹਿਜ ਅਵਸਥਾ ਨਾਲ ਸ਼ਬਦ ਦੀ ਵਿਚਾਰ ਕਰਕੇ ਆਤਮਕ ਅਨੰਦ ਮਾਣਦੇ ਹਨ। ਲੜੀਵਾਰ ਸ਼ਬਦ ਦੀ ਵਿਚਾਰ ਵਿੱਚ ਪਹਿਲੇ ਬੰਦ ਅੰਦਰ ਇਸ ਗੱਲ ਨੂੰ ਦ੍ਰਿੜ ਕਰਾਇਆ ਗਿਆ ਹੈ ਕਿ ਪਰਮਾਤਮਾ ਸਭ ਥਾਂਈ ਹਾਜ਼ਰ ਹੈ। ਉਸ ਦੀ ਦਇਆਲਤਾ ਇੰਜ ਵਰਤ ਰਹੀ ਹੈ ਜਿਸ ਤਰ੍ਹਾਂ ਬਿਨਾ ਵਿਤਕਰੇ ਦੇ ਮੀਂਹ ਪੈ ਰਿਹਾ ਹੋਵੇ। ਦਇਆਲਤਾ ਵਾਲੇ ਗੁਣ ਲੈਣ ਨਾਲ ਈਰਖਾ ਵਾਲੀ ਤੱਪਸ਼ ਮਿਟਦਿਆਂ ਆਤਮਕ ਠੰਡ ਵਰਤਦੀ ਹੈ। ਸ਼ਬਦ ਦੇ ਦੂਸਰੇ ਬੰਦ ਵਿੱਚ ਮਾਤਾ ਦੀ ਉਦਾਹਰਣ ਦੇ ਕੇ ਦੱਸਿਆ ਗਿਆ ਹੈ ਕਿ ਜਿਵੇਂ ਮਾਤਾ ਆਪਣੇ ਬੱਚਿਆਂ ਦੀ ਬਿਨਾਂ ਵਿਤਕਰੇ ਦੇ ਸੇਵਾ ਸੰਭਾਲ ਕਰਦੀ ਹੈ ਏਸੇ ਤਰ੍ਹਾਂ ਹੀ ਪਰਮਾਤਮਾ ਦੀ ਸਦਾ ਬਹਾਰ ਨਿਯਮਾਵਲੀ ਦੇ ਅਧਾਰਤ ਸਾਰਿਆਂ ਜੀਵਾਂ ਦੀ ਸੰਭਾਲ ਹੋ ਰਹੀ ਹੈ। ਰੱਬੀ ਹੁਕਮ ਦੀ ਇਸਾਰਤਾ ਵਿੱਚ ਜਿੱਥੇ ਸਾਡੇ ਵਿਕਾਰੀ ਦੁੱਖ ਦੂਰ ਹੁੰਦੇ ਹਨ ਓੱਥੇ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਜੋ ਰੱਬੀ ਗੁਣ ਜਾਂ ਰੱਬ ਜੀ ਦੀ ਸਦਾ ਰਹਿਣ ਵਾਲੀ ਨਿਯਮਾਵਲੀ ਹਰ ਵੇਲੇ ਸਾਡੀ ਸਹਾਇਤਾ ਕਰਦੀ ਹੈ। ਫਿਰ ਅਜੇਹੀ ਨਿਯਮਾਵਲੀ ਨੂੰ ਅਪਨਾ ਕੇ ਚੱਲਣਾ ਹੀ ਰੱਬ ਜੀ ਦਾ ਧੰਨਵਾਦ ਹੈ। ਇਸ ਸਦਾ ਰਹਿਣ ਵਾਲੀ ਨਿਯਮਾਵਲੀ ਦੀ ਦਿਨੇ ਰਾਤ ਵਰਤੋਂ ਕਰਦੇ ਰਹਿਣ ਨੂੰ ਦਿਨੇ ਰਾਤ ਗਉਣਾ ਕਿਹਾ ਗਿਆ ਹੈ। ਜਦੋਂ ਬੰਦਾ ਰੱਬੀ ਕਨੂੰਨ ਦੇ ਦਾਇਰੇ ਵਿੱਚ ਆ ਗਿਆ ਤਾਂ ਘਟੀਆ ਸੋਚ ਮਨੁੱਖ ਦੇ ਨੇੜੇ ਵੀ ਨਹੀਂ ਫਟਕ ਸਕਦੀ। ਅਜੇਹੇ ਨਿਜ਼ਾਮ ਵਿੱਚ ਚੱਲਣ ਨਾਲ ਮਨ-ਤਨ ਹਰੇ ਹੋਣ ਦੀ ਸੰਭਾਵਨਾ ਉਜਾਗਰ ਹੁੰਦੀ ਹੈ। ਭਾਵ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਤੇ ਚਿੰਤਾਵਾਂ ਤੇ ਦੁੱਖ ਕਲੇਸ਼ ਖਤਮ ਹੁੰਦੇ ਹਨ।

ਦਿਨ ਐਤਵਾਰ ਮਿਤੀ ੧੯-੦੭-੦੯.

ਗੁਰਦੁਆਰਾ ਹਿੰਮਲੇਟਿਨ---ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ ਤੋਂ ਲਗ-ਪਗ ਸੌ ਕੁ ਮੀਲ ਦੀ ਦੂਰੀ ਤੇ ਨਿਊਜ਼ੀਲੈਂਡ ਵਿੱਚ ਸਭ ਤੋਂ ਪਹਿਲਾਂ ਆਏ ਵੀਰਾਂ ਵਲੋਂ ਬਣਾਏ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਦੀ ਵਿਚਾਰ ਕਰਨ ਦਾ ਸਮਾਂ ਮਿਲਿਆ। ਹਰੇਕ ਵਾਂਗ ਵੀਰ ਹਰਨੇਕ ਸਿੰਘ ਜੀ ਬ-ਜਾਤੇ ਖ਼ੁਦ ਮੈਨੂੰ ਆਪ ਲੈ ਕੇ ਗਏ। ਉਂਝ ਵੀ ਇਹ ਸਾਰਾ ਪ੍ਰੋਗਰਾਮ ਉਹਨਾਂ ਦਾ ਹੀ ਬਣਾਇਆ ਹੋਇਆ ਹੈ।

ਗੁਰਦੁਆਰਾ ਹਿਮਲੇਟਿਨ ਵਿਖੇ ਸ਼ਬਦ ਦੀ ਵਿਚਾਰ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਵਲੋਂ ਤਿਲ਼ਾਂ ਦੇ ਬੂਟੇ ਦੀ ਉਦਾਹਰਣ ਦੇ ਕੇ ਸਮਝਾਇਆ ਗਿਆ, ਕਿ ਦੇਖਣ ਨੂੰ ਤਿਲ਼ਾਂ ਦੇ ਬੂਟੇ ਇਕੋ ਜੇਹੇ ਲੱਗਦੇ ਹਨ। ਪਰ ਇਕਨਾਂ ਵਿੱਚ ਦਾਣਿਆਂ ਦੀ ਪੂਰੀ ਮਿਕਦਾਰ ਹੈ, ਪਰ ਦੂਸਰਿਆਂ ਬੂਟਿਆ ਵਿੱਚ ਤਿਲਾਂ ਦੀ ਥਾਂ `ਤੇ ਸਵਾਹ ਭਰੀ ਹੋਈ ਦਿਸਦੀ ਹੈ। ਏਸੇ ਤਰ੍ਹਾਂ ਹੀ ਦੇਖਣ ਨੂੰ ਅਸੀਂ ਸਾਰੇ ਇਕੋ ਜੇਹੇ ਸਿੱਖ ਲੱਗਦੇ ਹਾਂ, ਪਰ ਇਕਨਾ ਵਿੱਚ ਨਿਆਰੇ ਖਾਲਸੇ ਦੀ ਪੂਰੀ ਮਿਕਦਾਰ ਹੈ, ਜਿਨ੍ਹਾਂ ਨੇ ਗੁਰਬਾਣੀ ਸ਼ਬਦ ਦੀਆਂ ਗਹਿਰੀਆਂ ਨੂੰ ਸਮਝ ਕੇ ਜੀਵਨ ਵਿੱਚ ਢਾਲ ਲਿਆ ਹੈ। ਪਰ ਦੂਸਰੇ ਉਹ ਹਨ ਜੋ ਦੇਖਣ ਨੂੰ ਸਿੱਖ ਤਾਂ ਲੱਗਦੇ ਪਰ ਮੱਥਾ ਸਾਧਾਂ ਸੰਤਾਂ ਨੂੰ ਟੇਕਦੇ ਹਨ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਧਰਮ ਦੀ ਜੁਗਤੀ ਨੂੰ ਸਮਝਣ ਦੀ ਥਾਂ `ਤੇ ਸਮਾਜਕ ਕੁਰੀਤੀਆਂ ਜਾਂ ਧਾਰਮਕ ਅੰਧ-ਵਿਸ਼ਵਾਸ ਵਿੱਚ ਪ੍ਰਵੇਸ਼ ਕਰ ਗਏ। ਦੂਸਰਾ ਪੱਖ ਮਾਪਿਆ, ਬੱਚਿਆਂ ਤੇ ਗੁਰਦੁਆਰੇ ਦੀ ਜ਼ਿੰਮੇਵਾਰੀ ਦਾ ਰੱਖਿਆ ਗਿਆ, ਕਿ ਕੁੱਝ ਮਾਪੇ ਬੱਚਿਆਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਨਹੀਂ ਹਨ ਤੇ ਕੁੱਝ ਮਾਪਿਆਂ ਨੇ ਬੱਚਿਆਂ ਨੂੰ ਪੂਰਾ ਸਮਾਂ ਦਿੱਤਾ ਹੈ। ਤੀਸਰਾ ਪੱਖ ਗੁਦੁਆਰਿਆਂ ਦਾ ਹੈ ਕੁੱਝ ਗੁਰਦੁਆਰਿਆਂ ਵਿੱਚ ਬੱਚਿਆਂ ਨੂੰ ਪੂਰੀ ਤਰ੍ਹਾਂ ਪੰਜਾਬੀ ਪੜ੍ਹਾਈ ਜਾਂਦੀ ਹੈ ਪਰ ਕੁੱਝ ਥਾਂਵਾਂ `ਤੇ ਕੇਵਲ ਅੰਗਰੇਜ਼ੀ ਵਿੱਚ ਦਸ ਗੁਰੂਆਂ ਦੇ ਨਾਂ ਯਾਦ ਕਰਾ ਦਿੱਤੇ ਜਾਂਦੇ ਨੇ, ਤੇ ਉਹਨਾਂ ਸਮਝ ਲਿਆ ਹੈ ਸਾਡਾ ਬੱਚਾ ਧਰਮੀ ਹੋ ਗਿਆ। ਗੁਰਦੁਆਰਿਆਂ ਵਿੱਚ ਯੋਗਤਾ ਵਾਲੇ ਗ੍ਰੰਥੀ ਰੱਖ ਕੇ ਇਸ ਬਣੀ ਬਿਲਡਿੰਗ ਦਾ ਸਾਨੂੰ ਲਾਭ ਲੈਣਾ ਚਾਹੀਦਾ ਹੈ।

ਦਿਨ ਐਤਵਾਰ ਮਿਤੀ ੧੯-੦੭-੦੯.

ਗੁਰਦੁਆਰਾ ਟੌਰੰਗਾ—

ਹਿਮਲੇਟਿਨ ਗੁਰਦੁਆਰਾ ਕਥਾ ਤੋਂ ਉਪਰੰਤ ਵੀਰ ਹਰਨੇਕ ਸਿੰਘ ਜੀ ਵਲੋਂ ਬਣਾਏ ਹੋਏ ਪ੍ਰੋਗਰਾਮ ਅਨੁਸਾਰ ਗੁਰਦੁਆਰਾ ਟੌਰੰਗਾ ਵਿਖੇ ਸ਼ਾਮ ਦੇ ਦੀਵਾਨ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਇੱਕ ਸਲੋਕ ਦੀ ਵਿਚਾਰ ਕਰਦਿਆਂ ਰਲ਼-ਮਿਲ਼ ਕੇ ਇਹ ਸਮਝਣ ਦਾ ਯਤਨ ਕੀਤਾ ਕੇ ਸਿੱਖ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਕੀ ਬਣਦੀ ਹੈ। ਜੇ ਬੰਦੇ ਪਾਸ ਮਕਾਨ ਨਾ ਹੋਵੇ ਤਾਂ ਉਹ ਕਹਿ ਸਕਦਾ ਹੈ ਕਿ ਜੀ ਮੈਂ ਧਰਮ ਕਰਮ ਦਾ ਕੰਮ ਕਿਵੇਂ ਕਰ ਸਕਦਾ ਹਾਂ। ਉਸ ਮਨੁੱਖ ਨੂੰ ਕੀ ਕਿਹਾ ਜਾ ਸਕਦਾ ਹੈ ਜਿਹੜਾ ਬਿਮਾਰ ਹੈ ਤੇ ਉਹ ਵੀ ਬੰਦਾ ਅਸਰੱਥ ਹੈ ਜੋ ਜਿਸ ਪਾਸ ਕੋਈ ਵੀ ਕਾਰੋਬਾਰ ਨਹੀਂ ਹੈ। ਜਿਸ ਪਾਸ ਕਾਰੋਬਾਰ, ਤੰਦਰੁਸਤੀ ਤੇ ਆਪਣਾ ਮਕਾਨ ਹੋਵੇ ਉਸ ਮਨੁੱਖ ਨੂੰ ਕੋਈ ਬਹਾਨਾ ਨਹੀਂ ਹੈ ਕਿ ਮੈਂ ਕੋਈ ਧਰਮ ਦਾ ਕਰਮ ਨਹੀਂ ਕਰ ਸਕਦਾ। ਦੁਨੀਆਂ ਦਾ ਵਿਹਲਾ ਮਨੁੱਖ ਕਿਸੇ ਦੇ ਕੰਮ ਨਹੀਂ ਆ ਸਕਦਾ ਕਿਉਂਕਿ ਉਸ ਮਨੁੱਖ ਨੂੰ ਵਿਹਲ ਵਿਚੋਂ ਵਿਹਲ ਨਹੀਂ ਹੈ। ਹਾਂ ਕੰਮ ਕਰਨ ਵਾਲਾ ਹੀ ਮਨੁੱਖ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੋਹ ਸਕਦਾ ਹੈ। ਗੁਰੂ ਤੇਗ ਬਹਾਦਰ ਜੀ ਦੇ ਸਲੋਕ ਅਨੁਸਾਰ ਮਨੁੱਖੀ ਸੁਭਾਅ ਵਿੱਚ ਜਿਹੜੀਆਂ ਰੁਕਾਵਟਾਂ ਆਉਣੀਆਂ ਹਨ ਉਹਨਾਂ ਤੋਂ ਸਾਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਹੈ— “ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ॥ ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ”॥’ ਸਿਮਰਤ ਕਾਹਿ ਨ ਰਾਮੁ’ ਦਾ ਆਦਰਸ਼ ਕੁੱਝ ਜ਼ਿੰਮੇਵਾਰੀ ਦਾ ਅਹਿਸਾਸ ਹੈ।

ਪ੍ਰਬੰਧਕ ਵੀਰਾਂ ਵਲੋਂ ਦੀਵਾਨ ਦੀ ਸਮਾਪਤੀ ਉਪਰੰਤ ਗੁਰਮਤ ਸਬੰਧੀ ਸਵਾਲਾਂ ਜੁਆਬਾਂ ਦਾ ਸਮਾਂ ਰੱਖਿਆ ਗਿਆ। ਜਿੱਥੇ ਵੀਰਾਂ ਨੇ ਉਤਸ਼ਾਹ ਨਾਲ ਸੁਆਲਾਂ ਨੂੰ ਪੁੱਛਿਆ ਗਿਆ ਓੱਥੇ ਸਤਿਕਾਰ ਯੋਗ ਭੈਣਾਂ ਵਲੋਂ ਵੀ ਬਹੁਤ ਸਾਰੇ ਸੁਆਲ ਪੁੱਛ ਕੇ ਗੁਰਮਤ ਪ੍ਰਤੀ ਜਾਣਕਾਰੀ ਲਈ ਜੋ ਬਹੁਤ ਹੀ ਸਫਲਤਾ ਨਾਲ ਸਮਾਪਤ ਹੋਈ।




.