.

ਰੋਸੁ ਨ ਕੀਜੈ, ਉਤਰੁ ਦੀਜੈ … … … …।। 938

ਸ: ਸੇਵਾ ਸਿੰਘ ਤਰਮਾਲਾ (ਡੇਰਾ ਪ੍ਰਭ ਮਿਲਣੈ ਕਾ ਚਾਉ) ਦੇ ਨਾਮ ਖੁੱਲ੍ਹੀ ਚਿੱਠੀ

ਸ: ਸੇਵਾ ਸਿੰਘ ਤਰਮਾਲਾ ਜੀ

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ।।

3 ਸਤੰਬਰ, 2009 ਨੂੰ ਜੀਰਾ ਨੇੜੇ ਗੁ: ਸ਼ੀਹਣੀ ਸਾਹਿਬ ਵਿਖੇ ਆਪ ਜੀ ਦੇ ਸਮਰੱਥਕਾਂ ਸਹਿਤ ਆਪ ਜੀ ਦੇ ਨਾਲ ਗੁਰਸਿੱਖ-ਵੀਚਾਰਵਾਨਾਂ ਦੀ ਗੁਰਮਤਿ-ਸਿਧਾਂਤਾਂ ਤੇ ਵੀਚਾਰ-ਗੋਸ਼ਟੀ ਹੋਈ ਸੀ। ਸਾਡਾ ਆਪ ਜੀ ਨਾਲ ਵੀਚਾਰ ਕਰਨ ਦਾ ਮਕਸਦ ਸਿਧਾਂਤ (ਧਰਮ ਕਾ ਜੈਕਾਰ) ਸੀ, ਨਾ ਕਿ ਆਪ ਜੀ ਨੂੰ ਨੀਵਾਂ ਦਿਖਾਉਣਾ ਜਾਂ ਆਪਣੀ ਵਿਦਵਤਾ ਦੀ ਨੁਮਾਇਸ਼ ਕਰਨਾ। ਵੀਚਾਰ-ਗੋਸ਼ਟੀ ਦੇ ਅਰੰਭ ਵਿਚੱ ਹੀ ਅਸੀ ਸਮੁੱਚੀ ਸੰਗਤ ਨੂੰ ਬੇਨਤੀ ਕਰ ਦਿੱਤੀ ਸੀ ਕਿ ਦੋਹਾਂ ਪਾਸਿਆਂ ਤੋਂ ਚੁਣੇ ਹੋਏ ਨੁਮਾਇੰਦੇ ਹੀ ਕੇਵਲ ਬੋਲਣ ਦਾ ਹੱਕ ਰੱਖਦੇ ਹਨ, ਬਾਕੀ ਸੰਗਤ ਪਿਆਰ ਸਹਿਤ ਬੈਠ ਕੇ ਸ੍ਰਵਣ ਕਰੇ।

ਪ੍ਰੰਤੂ ਕਿਸੇ ਵੀ ਸੁਆਲ ਦਾ ਢੁੱਕਵਾਂ ਜਵਾਬ ਆਪ ਜੀ ਵੱਲੋਂ ਨਾ ਦੇਣ ਕਰਕੇ ਕਿਸੇ ਸ਼ਰਾਰਤੀ ਅਨਸਰ ਨੇ ਤਾੜੀ ਮਾਰ ਦਿੱਤੀ, ਜੋ ਕਿ ਇੱਕ ਸ਼ਰਮਨਾਕ ਕਰਮ ਸੀ, ਪਰ ਸਾਡੇ ਪੰਜ ਵੀਚਾਰਵਾਨਾਂ (ਨੁਮਾਇੰਦਿਆਂ) ਵਿਚੋਂ ਕਿਸੇ ਨੇ ਵੀ ਖੜੇ ਹੋ ਕੇ ਗੁਰੂ-ਹਜੂਰੀ ਵਿੱਚ ਅਵੱਗਿਆ ਨਹੀ ਕੀਤੀ ਸਗੋਂ ਗਲਤ ਅਨਸਰਾਂ ਨੂੰ ਤਾੜਨਾ ਅਤੇ ਸੰਗਤ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਕਿਸੇ ਸ਼ਰਾਰਤੀ ਅਨਸਰ ਦੇ ਇਸ ਸ਼ਰਮਨਾਕ ਕਾਰੇ ਬਦਲੇ ਗੁਰੂ ਸਾਹਿਬ ਅਤੇ ਸੰਗਤ ਤੋਂ ਮੁਆਫੀ ਮੰਗੀ।

ਲੇਕਿਨ ਤੁਹਾਡੇ ਸਾਰੇ ਸਮਰਥਕ ਤੁਹਾਡੇ ਸਮੇਤ ਖੜੇ ਹੋ ਕੇ ਤ੍ਹੈਸ਼ ਵਿੱਚ ਆਏ ਅਤੇ ਕਈ ਸੱਜਣਾਂ ਨੇ ਹੱਥ ਤਲਵਾਰਾਂ ਦੇ ਮੁੱਠਿਆਂ ਨੂੰ ਵੀ ਪਾ ਲਏ ਸਨ, ਜੋ ਕਿ ਵੀਡੀਓ ਰਿਕਾਰਡਿੰਗ ਵਿਚੱ ਸਾਫ ਨਜਰ ਆਂਉਦਾ ਹੈ। ਫਿਰ ਚੱਲ ਰਹੀ ਵੀਚਾਰ ਸਮੇਂ ਤੁਹਾਡੇ ਸਮਰਥਕ ਅਨੁਸ਼ਾਸਨ ਨੂੰ ਭੰਗ ਕਰਕੇ ਕੋਝੇ ਢੰਗ ਨਾਲ ਦੰਦੀਆਂ ਕੱਢਦੇ ਸਾਫ ਨਜਰ ਆ ਰਹੇ ਹਨ।

ਰਾਮ-ਰੌਲਾ ਪੈਣ ਅਤੇ ਹਨੇਰਾ ਜਿਆਦਾ ਹੋ ਜਾਣ ਕਾਰਨ ਦੋਹਾਂ ਧਿਰਾਂ ਅਤੇ ਆਮ ਸੰਗਤ ਦੀ ਤਸੱਲੀ ਹੋਏ ਬਗੈਰ ਹੀ ਸਮਾਪਤੀ ਕਰਨੀ ਪਈ ਅਤੇ ਵੀਚਾਰ-ਚਰਚਾ ਦਾ ਕੋਈ ਸਿੱਟਾ ਨਹੀ ਨਿਕਲ ਸਕਿਆ। ਸਮਾਪਤੀ ਤੇ ਭਾਈ ਸ਼ਿਵਤੇਗ ਸਿੰਘ ਵੱਲੋਂ ਦੁਬਾਰਾ ਵੀਚਾਰ ਲਈ ਸਮਾਂ ਮੰਗਿਆ ਗਿਆ, ਪਰ ਆਪ ਵੱਲੋਂ ਸਾਫ ਸ਼ਬਦਾਂ ਵਿੱਚ ਜੁਆਬ ਦੇ ਦਿੱਤਾ ਗਿਆ।

ਹੁਣ ਅਸੀ ਸੰਗਤ ਦੀ ਤਸੱਲੀ ਵਾਸਤੇ ਆਪ ਜੀ ਨੂੰ ਕੁੱਝ ਸਵਾਲ ਮੀਡੀਏ ਦੇ ਰਾਂਹੀ ਖਾਲਸਾ ਪੰਥ ਦੇ ਸਨਮੁੱਖ ਰੱਖ ਰਹੇ ਹਾਂ। ਇੱਕ ਹਫਤੇ ਅੰਦਰ ਢੁੱਕਵੇਂ (ਪੁਆਇੰਟ ਟੂ ਪੁਆਇੰਟ) ਜੁਆਬ ਦੇਣ ਦੀ ਕ੍ਰਿਪਾਲਤਾ ਕਰਨੀ ਜੀ …. ।

(1) ਆਪ ਆਪਣੇ ਪ੍ਰਚਾਰ ਨੂੰ ‘ਅਕੱਥ ਕਥਾ` ਦਾ ਨਾਮ ਦੇ ਰਹੇ ਹੋ, ਪ੍ਰੰਤੂ ਗੁਰਬਾਣੀ ਅਨੁਸਾਰ ‘ਅਕਥ ਕੀ ਕਰਹ ਕਹਾਣੀ` ਹੈ। ਕਹਾਣੀ ਦਾ ਭਾਵ ਹੈ, ਦ੍ਰਿਸ਼ਟਮਾਨ ਵਿਚੋਂ ਕੋਈ ਪ੍ਰਮਾਣ ਲੈ ਕੇ ਅਦ੍ਰਿਸ਼ਟ ਪ੍ਰਭੂ ਨੂੰ ਅੱਖਰਾਂਦੁਆਰਾ ਕਥਨ ਕਰਨਾ। ਜਦੋਂ ਕਿ ਪ੍ਰਭੂ ਅਕੱਥ ਹੈ, ਅਨੁਭਵ ਦਾ ਵਿਸ਼ਾ ਹੈ, ਅਗਮ (ਮਨ -ਬੁੱਧੀ ਦੀ ਪਹੁੰਚ ਤੋਂ ਪਰ੍ਹੇ) ਅਗੋਚਰ (ਕਿਸੇ ਔਜਾਰ Instrument) ਦੀ ਪਕੜ ਤੋਂ ਪਰ੍ਹੇ ਹੈ। ਇੱਥੇ ਤੁਹਾਡਾ ਜੁਆਬ` ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹਉ ਸਤਿਗੁਰ ਕੈ ਬਲਿਹਾਰੀਐ” ਇਸਦਾ ਢੁੱਕਵਾਂ ਜੁਆਬ ਨਹੀ, ਕਿਉਕਿਂ ਇੱਥੇ ਭਾਵ, ‘ਪਕੜਿਆ ਗੁਰ ਸ਼ਬਦੀ` ਹੈ ਨਾ ਕਿ ‘ਜੀਭ ਦੀ ਪਕੜ` ਦਾ ਵਿਸ਼ਾ ਹੈ। ਜਦੋਂਕਿ ਗੁਰਬਾਣੀ ਅਨੁਸਾਰ ----

ਤਾ ਕੀਆ ਗਲਾ ਕਥੀਆ ਨ ਜਾਹਿ।।

ਜੇ ਕੋ ਕਹੈ ਪਿਛੈ ਪਛੁਤਾਇ।। (ਜਪੁਜੀ ਸਰਮ ਖੰਡ)

ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ।। (ਜਪੁਜੀ)

ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ।। ਅੰਗ 795

ਨਾਨਕ, ਕਥਨਾ ਕਰੜਾ ਸਾਰੁ।।

ਜਿੱਥੇ ਗੁਰਬਾਣੀ ਵਿੱਚ ਅਕਥ ਕਥਾ ਵਰਨਣ ਹੈ -

ਜਿਸ ਕੀ ਬਾਣੀ ਤਿਸੁ ਮਾਹਿ ਸਮਾਣੀ।।

ਤੇਰੀ ਅਕਥ ਕਥਾ ਗੁਰ ਸ਼ਬਦਿ ਵਖਾਣੀ।। ਅੰਗ 160

ਨਿਰਗੁਣ ਕਥਾ ਕਥਾ ਹੈ ਹਰਿ ਕੀ।। ਭਜ ਮਿਲਿ ਸਾਧੂ ਸੰਗਤਿ ਜਨ ਕੀ।।

ਤਰੁ ਭਉਜਲੁ ਅਕਥ ਕਥਾ ਸੁਨਿ ਹਰਿ ਕੀ।। ਅੰਗ 164

ਇੱਥੇ ਨਿਰਗੁਣ ਕਥਾ ਦਾ ਵਰਨਣ ਹੈ ਨਾ ਕਿ ਸਰਗੁਣ। ਜਿੱਥੇ ਜਗਿਆਸੂ, ਧਰਮਖੰਡ, ਗਿਆਨ ਖੰਡ, ਸਰਮਖੰਡ, ਕਰਮ ਖੰਡ ਤੋਂ ਉੱਪਰ ਸਚਖੰਡ ਦੀ ਅਵਸਥਾ ਵਿਚੱ ਪਹੁੰਚਦਾ ਹੈ ਤਾਂ ‘ਜੇ ਕੋ ਕਥੈ ਤ ਅੰਤ ਨ ਅੰਤ` ਵਾਲੀ ਅਵਸਥਾ ਵਿਚੱ ਅਭੇਦ ਹੋ ਜਾਂਦਾ ਹੈ ਅਤੇ ‘ਸੁੰਨ ਸਮਾਧਿ ਅਨਹਤ ਤਹ ਨਾਦ।। ਕਹਨੁ ਨ ਜਾਈ ਅਚਰਜ ਬਿਸਮਾਦ’।। ਇਹ ਅਵਸਥਾ ਕਥਨ ਦਾ ਵਿਸ਼ਾ ਹੀ ਨਹੀ ਹੈ ਪਰੰਤੂ ਉਪਰੋਕਤ ਪੰਗਤੀਆਂ ਦੀ ਤੁਸੀਂ ਕਿਤੇ ਵੀ ਵਰਤੋਂ ਨਹੀ ਕੀਤੀ, ਕੇਵਲ ਗੁਰਬਾਣੀ ਨੂੰ ਆਪਣੇ ਮਨੋਕਲਪਿਤ ਰੂਹਾਨੀ ਮਾਰਗ ਦੀ ਪ੍ਰੋੜਤਾ ਲਈ ਹੀ ਵਰਤਿਆ ਹੈ।

(2) ਆਪ ਜੀ ਦੀ ਇੱਕ ਪੁਸਤਕ ਜੋ ਕਿ ‘300 ਸਾਲਾ ਖਾਲਸਾ ਸਾਜਨਾ` 1999 ਨੂੰ ਸਮਰਪਿਤ ਹੈ, ਅਨੁਸਾਰ ਪੰਨਾ 18 ਅਤੇ 19 ਦੇ ਵਿਚਕਾਰ ਮਨੋਕਲਪਿਤ ਚਿੱਤਰ ਦਿੱਤੇ ਗਏ ਹਨ ਜਿਸਦਾ ਪਹਿਲਾਂ ਚਿੱਤਰ ਸ਼੍ਰਿਸ਼ਟੀ ਰਚਨਾ ਬਾਰੇ ਹੈ ਜਿਸਦਾ ਵਿਸਥਾਰ ਪੰਨਾ 40 ਤੇ ਦਰਜ ਹੈ। ਇਸ ਚੈਪਟਰ ਵਿੱਚ ਪੂਰੀ ਤਰਾਂ ਗੁਰਬਾਣੀ ਸਿਧਾਂਤ ਨੂੰ ਤੋੜ ਮਰੋਂੜ ਕੇ ਨਰਕ-ਸਵਰਗ ਨੂੰ ਸਿੱਧ ਕੀਤਾ ਹੈ। ਕਿਹੜੀਆ ਆਤਮਾਵਾਂ ਮੁਕਤ ਹੁੰਦੀਆਂ ਹਨ, ਕਿਹੜੀਆ ਸਵਰਗਾਂ ਨੂੰ ਅਤੇ ਕਿਹੜੀਆਂ ਨਰਕਾਂ ਨੂੰ ਜਾਂਦੀਆਂ ਹਨ।

ਜਦੋਂ ਕਿ ਗੁਰਮਤਿ ਅਨੁਸਾਰ ਪ੍ਰਮਾਤਮਾ ਦੀ ਨੇੜਤਾ ਸਵਰਗ ਅਤੇ ਪ੍ਰਭੂ ਵਿਛੋੜਾ ਹੀ ਨਰਕ ਹੈ। ‘ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ।।’ ਅਨੁਸਾਰ ਗੁਰਮਤਿ ਇਸਨੂੰ ਰੱਦ ਕਰਦੀ ਹੈ। ਫਿਰ ਤੁਹਾਡੇ ਵੱਲੋਂ ਬਣਾਏ ਇਸ ਮਨੋਕਲਪਿਤ ਚਿੱਤਰ ਵਿਚੱ ਨਿਰੰਕਾਰ ਦਾ ਦੇਸ਼ ਉੱਪਰ ਅਤੇ ਸਚਖੰਡ ਉੱਥੇ ਦਰਸਾਇਆ ਹੈ ਜਿਥੇ ਬ੍ਰਹਮਾ, ਬਿਸ਼ਨ, ਮਹੇਸ਼ ਦੇ ਚਿੱਤਰ ਹਨ। ਜਦੋਂ ਕਿ ਜਪੁਜੀ ਬਾਣੀ ਅਨੁਸਾਰ “ਸਚਖੰਡਿ ਵਸੈ ਨਿਰੰਕਾਰ” ਹੈ ਅਤੇ ‘ਏਕਾ ਮਾਈ ਜੁਗਤਿ ਵਿਆਈ` ਵਾਲੀ ਪਉੜੀ ਅਨੁਸਾਰ ‘ੳਹੁ ਵੇਖੈ ਓਨਾ ਨਦਰਿ ਨ ਆਵੈ` ਤੁਕਾਂ ਰਾਂਹੀ ਇਹ ਅਖੌਤੀ ਦੇਵਤੇ ਪ੍ਰਭੂ ਆਸਣ ਤੋਂ ਬਹੁਤ ਨੀਵੇਂ ਹਨ। ਇਸਦਾ ਭਾਵ ਇਹ ਹੈ ਕਿ ਤੁਸੀ ਗੁਰਮਤਿ ਫਲਸਫੇ ਤੋਂ ਪੂਰੀ ਤਰਾਂ ਅਨਜਾਣ ਹੋ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨ ਰੂਹਾਨੀਅਤ ਛੱਡ ਕੇ ਆਪਣੀ ਮਨੋਕਲਪਿਤ ਰੂਹਾਨੀਅਤ ਜੋ ਕਿ ਲਗਭਗ ‘ਪਤੰਜਲੀ ਰਿਖੀ ਦੇ ਜੋਗ-ਮੱਤ ਤੇ ਸ਼ਾਖ-ਸ਼ਾਸਤ੍ਰ` ਦੀ ਨਕਲ ਹੈ, ਦਾ ਪ੍ਰਚਾਰ ਕਰ ਰਹੇ ਹੋ। ਫਿਰ ਇੱਕ ਮਨੁੱਖਾ ਸਰੀਰ ਦਾ ਚਿੱਤਰ ਬਣਾ ਕੇ ਅੰਦਰੂਨੀ ਖੇਲ ਦਰਸਾਇਆ ਹੈ, ਜੋ ਕਿ ਉਹੀ ਜੋਗ-ਮੱਤ ਦੀ ਨਕਲ ਹੈ।

* ਕੀ ਗੁਰੂ ਸਾਹਿਬਾਨ 1430 ਪੰਨਿਆਂ ਵਿੱਚ ਇੱਕ ਪੱਤਰਾ ਹੋਰ ਪਾ ਕੇ ਇਸ ਨੂੰ ਵਰਨਣ ਨਹੀ ਸੀ ਕਰ ਸਕਦੇ? ਜਾਂ ਗੁਰੂ ਜੀ ਤੋਂ ਕੋਈ ਕਮੀ ਰਹਿ ਗਈ ਸੀ, ਜਿਸਨੂੰ ਆਪ ਨੇ ਪੂਰਾ ਕੀਤਾ ਹੈ?

* ਭਾਈ ਗੁਰਦਾਸ ਜੀ ਜਾਂ ਭਾਈ ਨੰਦ ਲਾਲ ਜੀ ਬਾਣੀ ਦੇ ਮਹਾਨ ਵਿਆਖਿਆਕਾਰ ਤੇ ਗੁਰੂ ਸਾਹਿਬਾਨ ਦੇ ਨਿਕਟਵਰਤੀ ਸਿੱਖਾਂ ਨੂੰ ਇਸ ਮਾਰਗ ਦਾ ਵਰਣਨ ਨਹੀ ਸੀ ਕਰਨਾ ਆਉਦਾਂ ਜਾਂ ਉਸ ਸਮੇਂ ਸਿਆਹੀ ਅਤੇ ਕਾਗਜ ਦੀ ਘਾਟ ਸੀ?

* 1430 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਵਾਰ ਵਾਰ ਕਾਂਇਆ ਨੂੰ ਖੋਜਣ ਵੱਲ ਇਸ਼ਾਰਾ ਹੈ ਪਰ ਰੂਹਾਨੀਅਤ ਦੇ ਅਨੁਭਵ ਨੂੰ ਕਿਤੇ ਵੀ ਅੱਖਰਾਂ ਰਾਂਹੀ ਕਥਨ ਨਹੀ ਕੀਤਾ ਗਿਆ।

(3) ਇਸੇ ਪੁਸਤਕ ਦੀ ਜਿਲਦ ਉੱਪਰ ਪਿੱਛੇ ਆਪ ਜੀ ਦੀ ਸੰਖੇਪ ਜੀਵਨੀ ਤਸਵੀਰ ਸਹਿਤ ਦਰਜ ਹੈ, ਜਿਸ ਵਿੱਚ ਇਹ ਲਿਖਿਆ ਹੈ ਕਿ ਆਪ ਨੇ ‘ਸ਼ਬਦ ਦੀ ਕਮਾਈ ਦੁਆਰਾ ਪ੍ਰਭੂ ਮਿਲਾਪ ਦਾ ਅਨੁਭਵ` ਕੀਤਾ?

ਪਹਿਲੀ ਗੱਲ - ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ।।

ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ।।

ਹਰਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣਿ।।

ਅਨੁਸਾਰ ਸ਼ਬਦ ਦੀ ਕਮਾਈ ਜਾਂ ਨਾਮ ਸਿਮਰਨ ਕੇਵਲ ਰਸਨਾ ਜਾਪ ਦਾ ਹੀ ਵਿਸ਼ਾ ਨਹੀ ਕਿਉਂਕਿ “ਮਨ ਬਚ ਕ੍ਰਮ ਪ੍ਰਭੁ ਏਕੁ ਧਿਆਏ” ਅਨੁਸਾਰ ਵਾਹਿਗੁਰੂ ਜਾਪ ਦੇ ਨਾਲ-ਨਾਲ ਬਾਣੀ ਨੂੰ ਅਰਥਾਂ ਸਹਿਤ ਸਿਧਾਂਤ ਨੂੰ ਸਮਝ ਕੇ “ਮੈਂ ਗੁਰਬਾਣੀ ਆਧਾਰ ਹੈ” ਅਨੁਸਾਰ ਜੀਵਨ ਨੂੰ ਗੁਰਬਾਣੀ ਸਿਧਾਂਤ ਦੇ ਸੰਚੇ ਵਿੱਚ ਢਾਲਣਾ ਵੀ ਅਤੀ ਜਰੂਰੀ ਹੈ। ਉਪਦੇਸ਼ ਨੂੰ ਵੀਚਾਰ ਕੇ ਜੀਵਨ ਦਾ ਆਧਾਰ ਬਣਾਉਣਾ ਹੈ ਨਾ ਕਿ ਕੇਵਲ ਸਿਧਾਂਤ ਸਮਝੇ ਬਗੈਰ ਹੀ ਇੱਕ ਸ਼ਬਦ ਦਾ ਤੋਤਾ-ਰਟਨੀ ਜਾਪ ਹੈ।

ਦੂਜੀ ਗੱਲ ਇਹ ਕਹਿਣਾ ਕਿ ਮੈਂ ਰੱਬ ਦੀ ਪ੍ਰਾਪਤੀ ਕੀਤੀ ਹੈ, ਇਸ ਪ੍ਰਥਾਏ ਗੁਰਬਾਣੀ ਦੇ ਫੈਸਲੇ

ਹਨ -

ਸੋਈ ਅਜਾਣੁ ਕਹੈ ਮੈਂ ਜਾਨਾ ਜਾਨਣਹਾਰੁ ਨ ਛਾਨਾ ਰੇ।।

ਹੋਨ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ।।

ਕਾਇ ਰੇ ਬਕ ਬਾਦੁ ਲਾਇਓ।। ਜਿਨਿ ਹਰਿ ਪਾਇਓ ਤਿਨਹਿ ਛਪਾਇਓ।।

ਹਾਂ, ਇਹ ਗੱਲ ਵੱਖਰੀ ਹੈ ਕਿ “ਆਠ ਪਹਰ ਜਨੁ ਹਰਿ ਹਰਿ ਜਪੈ।। ਹਰਿ ਕਾ ਭਗਤੁ ਪ੍ਰਗਟ ਨਹੀ ਛਪੈ” ਅਤੇ” ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ।।” ਅਨੁਸਾਰ ਭਗਤ ਜਨ ਆਪਣੀ ਕਰਨੀ ਕਰਕੇ ਸੰਸਾਰ ਅੰਦਰ ਪ੍ਰਗਟ ਹੋ ਜਾਂਦੇ ਹਨ ਪਰ ਸਾਈਨ ਬੋਰਡਾਂ, ਟੀ. ਵੀ ਚੈਨਲਾਂ ਜਾਂ ਅਖਬਾਰਾਂ ਰਾਂਹੀ ਆਪਣੇ ਸੰਤ ਜਾਂ ਬ੍ਰਹਮ ਗਿਆਨੀ ਹੋਣ ਦੀ ਨੁਮਾਇਸ਼ ਨਹੀ ਕਰਦੇ।

ਖਾਂਡ ਖਾਂਡ ਕਹੈ ਜਿਹਬਾ ਨਾ ਸੁਆਦ ਮੀਠੋ ਆਵੈ, ਅਗਨਿ ਅਗਨਿ ਕਹੈ ਸੀਤ ਨਾ ਬਿਨਾਸ ਹੈ।।

ਬੇਦ ਬੈਦ ਕਹੈ ਰੋਗ ਮਿਟਤ ਨਾ ਕਾਹੂ ਕੋ, ਦਰਬ-ਦਰਬ ਕਹੈ ਕੋਊ ਦਰਬਹਿ ਨਾ ਬਿਲਾਸ ਹੈ।।

ਚੰਦਨ-ਚੰਦਨ ਕਹਤ ਪ੍ਰਗਟੈ ਨ ਸੁਬਾਸੁ ਬਾਸ, ਚੰਦ-ਚੰਦ ਕਹੈ ਉਜੀਆਰੋ ਨ ਪ੍ਰਗਾਸ ਹੈ।।

ਤੈਸੇ ਗਿਆਨ-ਗੋਸਟਿ ਕਹਤ ਨ ਰਹਤ ਪਾਵੈ, ਕਰਨੀ ਪ੍ਰਧਾਨ ਭਾਨ ਉਦਤਿ ਅਕਾਸ ਹੈ।।

(ਕਬਿਤ ਭਾਈ ਗੁਰਦਾਸ ਜੀ)

ਗੁਰੂ ਸਾਹਿਬਾਨ, ਭਗਤ, ਸੰਤ, ਗੁਰਸਿੱਖ ਆਪਣੀ ਕਰਨੀ ਕਰਕੇ ਸੰਸਾਰ ਅੰਦਰ ਪੂਜਨੀਕ ਹਨ, ਪਰ ਫੇਰ ਵੀ ਗੁਰੂ ਨਾਨਕ ਪਿਤਾ ਜੀ ਨੇ ਆਪਣੇ ਆਪ ਨੂੰ ‘ਨਾਨਕੁ ਨੀਚੁ` ਅਤੇ ਹਉ ਢਾਢੀ ਕਾ ਨੀਚ ਜਾਤਿ` ਹੀ ਸੰਬੋਧਨ ਕੀਤਾ ਹੈ। ਗੁਰਬਾਣੀ ਅਤੇ ਇਤਿਹਾਸ ਗਵਾਹ ਹੈ ਕਿ ਭਗਤ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਦਸ ਗੁਰੂ ਸਾਹਿਬਾਨ ਨੂੰ, ਬੇਅੰਤ ਕਰਣੀ ਵਾਲੇ ਗੁਰਸਿੱਖਾਂ ਨੂੰ ਪ੍ਰਭੂ (ਸੱਚ) ਦੀ ਪ੍ਰਾਪਤੀ ਹੋਈ ਜਿਨਾਂ ਨੇ ਜਬਰ-ਜੁਲਮ ਦੇ ਖਿਲਾਫ ਡਟ ਕੇ ਪ੍ਰਚਾਰ ਕੀਤਾ, ਸ਼ਹਾਦਤ ਦੇ ਜਾਮ ਪੀਤੇ, ਅਸਹਿ ਅਤੇ ਅਕਹਿ ਕਸ਼ਟ ਸਹਾਰੇ। ਸੱਚ ਮਾਰਗ ਦੇ ਪਾਂਧੀਆਂ ਜਰਨੈਲ ਸਿੰਘ ਜੀ ਅਤੇ ਉਨ੍ਹਾਂ ਦੇ ਹਮ-ਖਿਆਲਾਂ ਨਾਲ ਜੋ ਵਾਪਰਿਆ ਅਤੇ ਵਾਪਰ ਰਿਹਾ ਹੈ, ਕਿਸੇ ਤੋਂ ਲੁਕੀ ਛੁਪੀ ਬਾਤ ਨਹੀ।

? ਆਪ ਜੀ ਪਿਛਲੇ ਲਗਭਗ 10-12 ਸਾਲਾਂ ਤੋਂ ‘ਮੈਂ ਪਾਇਆ ਮੈਂ ਪਾਇਆ` ਕਹਿ ਰਹੇ ਹੋ

? ਭਾਰਤ ਅੰਦਰ ਘੱਟ ਗਿਣਤੀ ਕੌਮ ਮੁਸਲਮਾਨਾਂ ਨਾਲ 2002 ਵਿੱਚ ਗੁਜਰਾਤ ਅੰਦਰ ਹੋਏ ਜੁਲਮ ਦੇ ਖਿਲਾਫ ਆਪ ਜੀ ਦੇ ਬਿਆਨ ਕਦੋਂ ਅਤੇ ਕਿਹੜੇ ਅਖਬਾਰ ਵਿੱਚ ਲੱਗੇ?

? ਸਿੱਖ ਕੌਮ ਦੇ ਬੇਅੰਤ ਬੇਗੁਨਾਹ ਨੌਜਵਾਨ ਜੇਲਾਂ ਅੰਦਰ ਨਰਕ ਭੋਗ ਰਹੇ ਹਨ, ਆਪ ਜੀ ਨੇ ਕੀ, ਕਦੋਂ ਅਤੇ ਕਿੱਥੇ ਆਵਾਜ ਉਠਾਈ?

? ਹਰਿਮੰਦਰ ਸਾਹਿਬ ਤੇ ਹੋਏ ਫੌਜੀ ਹਮਲੇ ਨੂੰ ਪੱਚੀ ਸਾਲ ਬੀਤ ਗਏ, ਧੀਆਂ-ਭੈਣਾਂ ਦੀ ਬੇਪੱਤੀ ਹੋਈ, ਸਿੱਖ ਰੈਂਫਰੈਂਸ ਲਾਇਬਰੇਰੀ ਲੁੱਟੀ ਗਈ, ਆਪ ਜੀ ਦਾ ਕੋਈ ਪ੍ਰਤੀਕਰਮ?

? ਸੱਚ ਮਾਰਗ ਦੇ ਪਾਧੀਆਂ ਨੂੰ ਗੁਰੂ ਗ੍ਰੰਥ ਸਾਹਿਬ ਅੰਦਰੌਂ ਆਵਾਜ ਆਉਦੀਂ ਹੈ

ਬੋਲ ਸੁ ਧਰਮੀੜਿਆ ਮੋਨਿ ਕਤ ਧਾਰੀ ਰਾਮ।।

ਜੇ ਜੀਵੈ ਪਤ ਲਥੀ ਜਾਇ, ਸਭ ਹਰਾਮ ਜੇਤਾ ਕਿਛੁ ਖਾਇ।।

ਕੀ ਆਪ ਜੀ ਨੂੰ ਨਹੀ ਸੁਣੀ?

? ਸਿਰਸੇ ਵਾਲੇ, ਭਨਿਆਰੇ ਵਾਲੇ, ਨਰਕਧਾਰੀ, ਨੂਰਮਹਿਲੀਏ, ਰਾਧਾ-ਸੁਆਮੀਆਂ ਆਦਿਕ ਦੰਭੀ ਗੁਰੂਆਂ ਖਿਲਾਫ ਤੁਹਾਡਾ ਲਿਟਰੇਚਰ ਜਾਂ ਬਿਆਨ?

ਪਰ ਆਪਣੀ ਤਾਂ ਉਹ ਗੱਲ ਹੈ, “ਘਾਟਿ ਨ ਕਿਨ ਹੀ ਕਹਾਇਆ।। ਸਭ ਕਹਤੇ ਹੈ ਪਾਇਆ”।। (4) ਅਜੋਕੇ ਸਮੇਂ ਦੇ ਦੰਭੀਆਂ, ਪਾਖੰਡੀਆਂ ਅਤੇ ਘਟੀਆ ਕਿਰਦਾਰ ਦੇ ਰਾਜਨੀਤਿਕ ਲੋਕਾਂ ਦੇ ਖਿਲਾਫ ਸੱਚ ਬੋਲਣ ਨੂੰ ਆਪ ਨਿੰਦਿਆਂ ਦੀ ਸੰਗਿਆ ਦਿੰਦੇ ਹੋ?

* ਕੀ ਗੁਰਬਾਣੀ ਅਨੁਸਾਰ ‘ਬਨਾਰਸ ਕੇ ਠਗ` ਕਹਿਣਾ ਨਿੰਦਿਆ ਹੈ?

* ਧਰਮ ਦੇ ਠੇਕੇਦਾਰਾਂ ਨੂੰ ‘ਹਿੰਦੂ ਅੰਨਾ ਤੁਰਕੂ ਕਾਣਾ` ਕਹਿਣਾ ਨਿੰਦਾ ਹੈ?

* ਪਾਪੀ ਰਾਜਿਆਂ ਨੂੰ ‘ਰਾਜੇ ਸ਼ੀਹ ਮੁਕਦਮ ਕੁਤੇ` ਕਹਿਣਾ ਨਿੰਦਾ ਹੈ?

* “ਭੈਰਊ ਭੂਤ ਸੀਤਲਾ ਧਾਵੈ” ਵਾਲਾ ਸ਼ਬਦ ਨਿੰਦਾ ਹੈ ਜਾਂ ਕਿਸੇ ਦੀ ਸ਼ਰਧਾ ਤੇ ਕਟਾਖਸ਼ ਹੈ ਜਾਂ ਫਿਰ ਸੱਚ ਬਿਆਨ ਕਰਕੇ ਜਗਿਆਸੂ ਨੂੰ ਧਰਮ ਦਾ ਸਹੀ ਮਾਰਗ ਦਰਸਾਇਆ ਹੈ?

* ਗਉੜੀ ਕੀ ਵਾਰ ਵਿੱਚ ਗੁਰੂ ਰਾਮਦਾਸ ਜੀ ਨੇ ਗੁਰੂ ਘਰ ਦੇ ਦੋਖੀਆਂ-ਨਿੰਦਕਾਂ ਨੂੰ ਆੜੇ ਹੱਥੀ ਲਿਆ ਹੈ।

* 149 ਅੰਗ ਤੇ ਦਰਜ ਸ਼ਬਦ “ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ।।” ਵਿੱਚ ਜੈਨੀ ਸਰੇਵੜਿਆਂ ਦੇ ਪਾਖੰਡ ਨੂੰ ਗੁਰੂ ਪਿਤਾ ਜੀ ਨੇ ਸਖਤ ਸ਼ਬਦਾਂ ਵਿੱਚ ਤਾਰ-2 ਕਰਕੇ ਰੱਖ ਦਿੱਤਾ।

* ਕਾਦੀ ਕੂੜੁ ਬੋਲਿ ਮਲੁ ਖਾਹਿ।। ਬ੍ਰਾਹਮਣ ਨਾਵੈ ਜੀਆ ਘਾਇ।।

ਜੋਗੀ ਜੁਗਤਿ ਨ ਜਾਣੈ ਅੰਧੁ।। ਤੀਨੇ ਓਜਾੜੇ ਕਾ ਬੰਧੁ।। ਕੀ ਨਿੰਦਾ ਹੈ?

ਪਰ ਅਸਲੀਅਤ ਇਹ ਹੈ ਕਿ ਆਪ ਜੀ ਨੇ ਜਾਂ ਤਾਂ ਸਾਰੀ ਬਾਣੀ ਦਾ ਅਧਿਐਨ ਨਹੀ ਕੀਤਾ ਜਾਂ ਗੁਰੂ ਦੇ ਸਿਧਾਂਤ ਨੂੰ ਸਮਝਣ ਤੋਂ ਅਸਮਰਥ ਹੋ?

(5) ਆਪ ਜੀ ਦਾ ਸੁਆਲ ਸੀ ਕਿ ਗਿਆਨੀ ਸ਼ਿਵਤੇਗ ਸਿੰਘ ਜੀ ਨੇ ਟਾਈਮ ਟੀ. ਵੀ ਚੈਨਲ ਰਾਂਹੀ ਬੰਗਲਾ ਸਾਹਿਬ ਦੇ ਅੰਦਰੋਂ ਸਾਡੀ ਨਿੰਦਾ ਕੀਤੀ ਹੈ?

ਪਹਿਲੀ ਗੱਲ ਤਾਂ ਗਿਆਨੀ ਸ਼ਿਵਤੇਗ ਸਿੰਘ ਜੀ ਨੇ ਨਾ ਤੁਹਾਡਾ ਅਤੇ ਨਾ ਹੀ ਤੁਹਾਡੇ ਡੇਰੇ ਦਾ ਨਾਮ ਲੈ ਕੇ ਸੰਬੋਧਨ ਕੀਤਾ ਹੈ, ਕਿਸੇ ਡੇਰੇਦਾਰ ਵੱਲੋਂ ਦਿੱਤੀ ਜਾ ਰਹੀ ਬ੍ਰਹਮ ਗਿਆਨ ਦੀ ਡਿਗਰੀ ਦਾ ਬਾ-ਦਲੀਲ ਖੰਡਨ ਕੀਤਾ ਹੈ।

ਦੂਸਰੀ ਗੱਲ ਆਪ ਨੇ ਵੀਚਾਰ-ਗੋਸ਼ਟੀ ਦੌਰਾਨ ਵੀ ਅਤੇ ਆਪਣੀਆਂ ਲਿਖਤਾਂ ਅਨੁਸਾਰ ਵੀ ਸੱਚ (ਪ੍ਰਮਾਤਮਾ) ਨੂੰ ਪਾਉਣ ਅਤੇ ਬ੍ਰਹਮ ਗਿਆਨ ਦੇ ਧਾਰਨੀ ਹੋਣ ਬਾਰੇ ਕਬੂਲ ਕੀਤਾ ਹੈ।

ਗੁਰਬਾਣੀ ਅਨੁਸਾਰ- ਬ੍ਰਹਮ ਗਿਆਨੀ ਦੀ ਅਵਸਥਾ

ਬ੍ਰਹਮ ਗਿਆਨੀ ਕੈ ਧੀਰਜੁ ਏਕ।।

ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ।। ਸੁਖਮਨੀ ਸਾਹਿਬ

ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ।। ਮ: 9

* ਫਿਰ ਇਸਦੇ ਵਿਪਰੀਤ ਤੁਸੀ ਤੇ ਤੁਹਾਡੇ ਬ੍ਰਹਮ ਗਿਆਨੀ ਸਮਰਥਕ ਤਲਵਾਰਾਂ ਦਿਖਾਕੇ ਅਤੇ ਫੋਨਾਂ ਰਾਂਹੀ ਗੁਰਮਤਿ ਪ੍ਰਚਾਰਕਾਂ ਨੂੰ ਧਮਕੀਆਂ ਕਿਉਂ ਦੇ ਰਹੇ ਹੋ?

ਸਗੋਂ ਅਸਲੀ ਬ੍ਰਹਮ ਗਿਆਨੀ ਕਬੀਰ ਜੀ ਤਾਂ ਕਹਿੰਦੇ ਹਨ -

ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ।।

… … … ਨਿੰਦਾ ਜਨ ਕਉ ਖਰੀ ਪਿਆਰੀ।।

… … … ਹਮਰੇ ਕਪਰੇ ਨਿੰਦਕੁ ਧੋਇ।। … … …. ਨਿੰਦਕ ਡੂਬਾ ਹਮ ਉਤਰੇ ਪਾਰਿ।।

ਬ੍ਰਹਮ ਗਿਆਨੀ ਗੁਰੂ ਅਮਰਦਾਸ ਜੀ ਨੇ ਲੱਤ ਮਾਰ ਕੇ ਸਿੰਘਾਸਨ ਤੋਂ ਥੱਲੇ ਸੁੱਟਣ ਵਾਲੇ ਦਾਤੂ ਜੀ ਦੇ ਚਰਨ ਘੁੱਟ ਕੇ ਫੜ ਲਏ ਸਨ ਪਰ ਤੁਸੀ ਧਰਤੀ ਵਰਗਾ ਧੀਰਜ ਤਿਆਗ ਕੇ ਸੂਰਜ ਵਾਂਗ ਅੱਗ-ਬਬੂਲੇ ਹੋ ਗਏ, ਕਿਉਂ?

ਤੁਹਾਡੇ ਇਸ ਵਤੀਰੇ ਤੋਂ ਸਾਫ ਜਾਹਰ ਹੈ ਕਿ ਨਾ ਤੁਹਾਡਾ ਹਿਰਦਾ ਟਿਕਾਉ ਵਿੱਚ ਹੈ, ਨਾਂ ਤੁਸੀ ਨਿਜ ਘਰ ਮਹਲ ਦੇ ਵਾਸੀ ਹੋ ਅਤੇ ਨਾ ਬ੍ਰਹਮ ਤੇ ਸੱਚ ਦੇ ਧਾਰਨੀ ਹੋ। ਇਸ ਲਈ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਪੰਥ ਦੇ ਨਿਮਾਣੇ ਸੇਵਕ ਬਣ ਕੇ ਪੂਰੀ ਬਾਣੀ ਦਾ ਅਧਿਐਨ ਕਰੋ, ਪੂਰੇ ਸਿਧਾਂਤ ਨੂੰ ਸਮਝੋ, ਧਾਰਨ ਕਰੋ, ਗੁਰ ਦਰਸਾਏ ਮਾਰਗ ਦੇ ਪਾਂਧੀ ਬਣੋ, ਫਿਰ --

ਜਿਨੀ ਨਾਮੁ ਧਿਆਇਆ ਗਏ ਮਸਕਿਤ ਘਾਲਿ।।

ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ।।

ਲੇਕਿਨ ਜੇ ਸਤਿਗੁਰ ਕੀ ਮੱਤ ਤੋਂ ਵਿਰਵੇ ਰਹੇ, ਗੁਰਮਤਿ ਗਾਡੀ ਰਾਹ ਚੋਂ ਆਪਣੀ ਪਗਡੰਡੀ ਕੱਢ ਕੇ ਕੇਵਲ ਸਿੱਖ ਸ਼ਾਖਾ (ਚੇਲੇ ਤੇ ਡੇਰੇ) ਹੀ ਬਣਾਉਦੇ ਰਹੇ ਤਾਂ ਫਿਰ ਗੁਰਬਾਣੀ ਦਾ ਫੈਸਲਾ ਸੁਣੋ ---

ਪਹਿਲਾ ਫਾਹਾ ਪਾਇਆ ਪਾਂਧੇ ਪਿਛੋ ਦੇ ਗਲਿ ਚਾਟੜਿਆਂ।।

ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ।।

(6) ਫਰਵਰੀ 2000 ਵਿੱਚ ਆਪ ਜੀ ਵੱਲੋਂ ਜੋ ਸਮਾਗਮ ਦੇ ਸੰਬੰਧ ਵਿੱਚ ਮੁਕਤਸਰ ਸਾਹਿਬ ਵਿਖੇ ਇਸ਼ਤਿਹਾਰ ਛਾਪ ਕੇ ਵੰਡੇ ਗਏ ਸਨ, ਉਹ ਅੱਜ ਵੀ ਸਾਡੇ ਕੋਲ ਮੋਜੂਦ ਹਨ? ਉਸ ਵਿਚਲੀ ਸ਼ਬਦਾਵਲੀ ਇਸ ਪ੍ਰਕਾਰ ਹੈ -

(ਓ) ਬਾਬਾ ਦੀਪ ਸਿੰਘ ਦੀ ਸ਼ਹੀਦੀ ਤੋਂ ਬਾਅਦ ਪਹਿਲੀ ਵਾਰ ਮੁਕਤਸਰ ਵਿਖੇ ਅਕੱਥ ਕਥਾ। (ਅ) ਭਾਈ ਸੇਵਾ ਸਿੰਘ ਤਰਮਾਲਾ ਸੰਗਤਾਂ ਵਿੱਚ ਨਵੀਂ ਰੂਹ ਫੂਕਣਗੇ ਜੋ ਗੁਰੂ ਨਾਨਕ ਦੇਵ ਜੀ ਨੇ ਸੱਚਖੰਡ ਦੀ ਅਮੁਲੀ ਦਾਤ ‘ਅਕੱਥ ਕਥਾ` ਪਹਿਲੀ ਵਾਰ ਗੁਰੂ ਅੰਗਦ ਦੇਵ ਜੀ ਤੇ ਬਖਸ਼ਿਸ਼ ਕੀਤੀ।

(ੲ) ‘ਅਕੱਥ ਕਥਾ` ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਬਾਬਾ ਦੀਪ ਸਿੰਘ ਦੀ ਸ਼ਹੀਦੀ ਤੱਕ ਪ੍ਰਚਲਤ ਰਹੀ। ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਸੰਤਾਂ ਨੇ ਗੁਰਬਾਣੀ ਵਿਚੋਂ ਢਾਢੀ ਵਾਰਾਂ, ਕੀਰਤਨ, ਗੁਰੂਆਂ ਦੀ ਜੀਵਨ ਕਥਾ ਤਾਂ ਸੰਗਤਾਂ ਨੂੰ ਸੁਣਾਈ ਪਰ (ਅਕੱਥ ਕਥਾ) ਨਹੀ ਵਿਚਾਰੀ।

(ਸ) ਧੁਰ ਦਰਗਾਹ ਤੋਂ ਜਿਨਾਂ ਸੰਤਾਂ ਦੀ ਡਿਊਟੀ ਪ੍ਰਮਾਤਮਾ ਨਾਲ ਮਿਲਾਪ ਕਰਾਉਣ ਦੀ ਲੱਗ ਜਾਂਦੀ ਹੈ, ਉਨਾਂ ਸੰਤਾਂ ਨੂੰ ਪ੍ਰਮਾਤਮਾ ਆਪਣੀ ਅਕੱਥ ਕਥਾ ਜਨਾ ਦੇਂਦਾ ਹੈ। ਇਹ ਬਖਸ਼ਿਸ਼ ਪ੍ਰਮਾਤਮਾ ਨੇ ਭਾਈ ਸੇਵਾ ਸਿੰਘ ਤਰਮਾਲਾ ਤੇ ਕੀਤੀ।

(ਹ) ਸਵਰਗਾਂ ਵਿਚੋਂ ਆਈਆਂ ਰੂਹਾਂ (ਗੁਰਮੁਖ) ਇਹਨਾਂ 5 ਦਿਨਾਂ ਦੇ ਅਭਿਆਸ ਵਿੱਚ ਹੀ ਦਸਵੇਂ ਦੁਆਰ ਅੱਗੇ ਬੈਠਣਗੇ।

(ਕ) ਜਿੰਦਗੀ ਵਿੱਚ ਪਹਿਲੀ ਵਾਰ ਉਹ ਅਮਰ ਕਥਾ ਸੁਣੋਗੇ ਜੋ ਪਹਿਲਾਂ ਕਿਸੇ ਮਹਾਂਪੁਰਸ਼ ਨੇ ਨਹੀ ਵਿਚਾਰੀ? ਆਪ ਜੀ ਦੀ ਇੱਕ ਕਿਤਾਬ ਵਿੱਚ ਇਸ ਅਮਰ ਕਥਾ ਬਾਰੇ ਲਿਖਿਆ ਹੈ ਕਿ ਇਹ ਉਹ ਅਮਰ ਕਥਾ ਹੈ ਜੋ ਸ਼ਿਵਜੀ ਨੇ ਪਾਰਬਤੀ ਨੂੰ ਸੁਣਾਈ।

(ਖ) ਇਸ ਅਕੱਥ ਕਥਾ ਵਿੱਚ ਗੁਰਮੁਖਾਂ ਨਾਲ ਅੰਮ੍ਰਿਤ ਛਕਣ ਦੀ ਤਿਆਰੀ ਵਾਸਤੇ ਵੀ ਵੀਚਾਰ ਕੀਤੀ ਜਾਵੇਗੀ।

ਉੱਤਰ: (ਓ) ਇਸਦਾ ਭਾਵ ਹੈ ਕਿ ਬਾਬਾ ਦੀਪ ਸਿੰਘ ਦੀ ਸ਼ਹੀਦੀ ਤੋਂ ਬਾਅਦ ਕਦੇ ਵੀ ਮੁਕਤਸਰ ਸਾਹਿਬ ਨਾ ਗੁਰਬਾਣੀ ਦੀ ਵੀਚਾਰ ਹੋਈ ਅਤੇ ਨਾ ਹੀ ਗੁਰਮੁਖ ਜਨਾ ਦੇ ਚਰਨ ਪਏ, ਜਦੋਂ ਕਿ ਦਰਬਾਰ ਸਾਹਿਬ ਅੰਦਰ ਰੋਜਾਨਾ ਹੀ ਕੀਰਤਨ, ਕਥਾ ਦੇ ਪ੍ਰਵਾਹ ਚਲਦੇ ਹਨ ਅਤੇ ਮਾਘੀ ਦੇ ਜੋੜ ਮੇਲੇ ਸਮੇਤ ਲੱਖਾਂ ਗੁਰਮੁਖ ਜਨ ਗੁਰੂ ਚਰਨਾਂ ਵਿੱਚ ਨੱਕ-ਨਮਸਤਕ ਹੁੰਦੇ ਹਨ।

(ਅ) ਇਥੇ ਸਪੱਸ਼ਟ ਹੈ ਕਿ ਆਪ ਜੀ ਨੇ ਗੁਰੂ ਨਾਨਕ ਸਾਹਿਬ ਦੀ ਬਰਾਬਰੀ ਕੀਤੀ ਹੈ।

(ੲ) ਅਸੀ ਪਿੱਛੇ ਸਪੱਸ਼ਟ ਕਰ ਆਏ ਹਾਂ ਕਿ ਪ੍ਰਭੂ ਮਿਲਾਪ ਦਾ ਅਨੁਭਵ ਕਥਨ ਦਾ ਵਿਸ਼ਾ ਹੀ ਨਹੀ।

ਕਿਆ ਹਉ ਕਥੀ ਕਥੇ ਕਥਿ ਦੇਖਾ ਮੈਂ ਅਕਥੁ ਨ ਕਥਨਾ ਜਾਈ।।

ਗੁਰੂ ਸਾਹਿਬਾਨ ਦੀ ਜੀਵਨ ਕਥਾ ਸੁਣਨ ਬਾਰੇ ਗੁਰਬਾਣੀ ਦੀ ਪ੍ਰੇਰਣਾ ਇਉਂ ਹੈ --

ਬਾਬਾਣੀਆਂ ਕਹਾਣੀਆਂ ਪੁਤ ਸਪੁਤ ਕਰੇਨਿ।।

ਢਾਢੀ ਵਾਰਾਂ (ਗੁਰੂ ਜੀ ਆਪ ਆਪਣੇ ਆਪ ਨੂੰ ਢਾਢੀ ਅਖਵਾਉਦੇਂ ਹਨ) --

ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ।।

ਕੀਰਤਨ ਬਾਰੇ ਗੁਰ ਫੁਰਮਾਨ ਹੈ --

ਹਰ ਦਿਨੁ ਰੈਨਿ ਕੀਰਤਨੁ ਗਾਈਐ।। ਬਹੁੜਿ ਨ ਜੋਨੀ ਪਾਈਐ।।

ਇਤਿਹਾਸ ਗਵਾਹ ਹੈ ਕਿ ਬਾਬਾ ਦੀਪ ਸਿੰਘ ਜੀ ਸ਼ਹੀਦੀ ਤੋਂ ਬਾਅਦ ਖਾਲਸੇ ਨੇ ਸ਼ਬਦ ਗੁਰੂ ਜੀ ਅਗਵਾਈ ਵਿਚੱ ਸਿੱਖ ਰਾਜ ਕਾਇਮ ਕੀਤਾ। ਵੱਡਾ ਅਤੇ ਛੋਟਾ ਘੱਲੂਘਾਰਾ, ਜਕਰੀਏ, ਮੰਨੂੰ, ਓਡਵਾਇਰ, ਜੈਤੋ ਦਾ ਮੋਰਚਾ, ਸਾਕਾ ਨਨਕਾਣਾ ਸਾਹਿਬ ਅੰਗਰੇਜਾਂ ਤੋਂ ਭਾਰਤ ਨੂੰ ਆਜਾਦ ਕਰਾਉਣਾ ਕੁਰਬਾਨੀਆਂ ਨਾਲ, ਇੰਦਰਾ ਗਾਂਧੀ ਵਰਗੀਆਂ ਹਕੂਮਤਾਂ ਨਾਲ ਟੱਕਰ, 1984 ਦਾ ਤੀਜਾ ਘੱਲੂਘਾਰਾ ਵਾਪਰਿਆ ਆਦਿ।

ਕੌਮ ਨੂੰ ਸ: ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ, ਅਕਾਲੀ ਫੂਲਾ ਸਿੰਘ, ਸ੍ਰ: ਹਰੀ ਸਿੰਘ ਨਲੂਆ, ਸ੍ਰ: ਖੜਕ ਸਿੰਘ, ਗਿਆਨੀ ਦਿੱਤ ਸਿੰਘ, ਪ੍ਰੋ: ਗੁਰਮੁਖ ਸਿੰਘ, ਭਾਈ ਵੀਰ ਸਿੰਘ, ਭਾਈ ਰਣਧੀਰ ਸਿੰਘ, ਸ਼ਹੀਦ ਲਛਮਣ ਸਿੰਘ, ਸ: ਕਰਤਾਰ ਸਿੰਘ ਝੱਬਰ, ਪ੍ਰੋ: ਸਾਹਿਬ ਸਿੰਘ, ਭਾਈ ਕਾਹਨ ਸਿੰਘ ਜੀ ਨਾਭਾ, ਸਰਦਾਰ ਕਪੂਰ ਸਿੰਘ, ਜਰਨੈਲ ਸਿੰਘ ਜੀ ਖਾਲਸਾ ਵਰਗੇ ਮਹਾਨ ਵਿਦਵਾਨ ਤੇ ਯੋਧੇ ਤਾਂ ਕੁਦਰਤ ਨੇ ਬਖਸ਼ੇ, ਪਰ ਅਫਸੋਸ ਕਿ `ਸ: ਸੇਵਾ ਸਿੰਘ ਤਰਮਾਲਾ` ਵਰਗੇ ਬ੍ਰਹਮ ਗਿਆਨੀ ਨਹੀ ਮਿਲ ਸਕੇ ਜਿਹੜੇ ਪੰਥ ਨੂੰ ਗੁਰਬਾਣੀ ਸਿਧਾਂਤ, ਨਿੱਤਨੇਮ, ਸ਼ਬਦ-ਵੀਚਾਰ, ਇਤਿਹਾਸ ਨਾਲੋਂ ਤੋੜ ਕੇ ਜੋਗ -ਮੱਤ ਅਨੁਸਾਰ ਸੁੰਨ ਸਮਾਦਿਸ਼ਟ ਕਰ ਸਕਣ।

(ਸ) ਇਥੇ ਸਾਫ ਨਜਰ ਆਉਂਦਾ ਹੈ ਕਿ ਅਸਿੱਧੇ ਰੂਪ ਵਿੱਚ ਆਪ ਜੀ ਨੇ ਆਪਣੇ ਆਪ ਨੂੰ ਸੰਤ ਘੋਸ਼ਿਤ

ਕੀਤਾ ਹੋਇਆ ਹੈ।

(ਹ) ਇਸ ਸਵਾਲ ਦਾ ਜੁਆਬ 2 ਨੰ: ਸਵਾਲ ਦੇ ਜੁਆਬ ਵਿੱਚ ਦੇ ਚੁੱਕੇ ਹਾਂ।

(ਕ) ਕਿਆ ਬਾਤ ਹੈ? ਜਦੋਂ ਕੌਮ ਨੇ 300 ਸਾਲ ਬਾਅਦ ਬ੍ਰਹਮ ਗਿਆਨੀ ਪਹਿਲੀ ਵਾਰ ਡਿੱਠਾ ਹੈ, ਫਿਰ ਕਥਾ ਤਾਂ ਆਪੇ ਹੀ ਜਿੰਦਗੀ ਵਿੱਚ ਪਹਿਲੀ ਵਾਰ ਸੁਣੇਗੀ। ਵੀਚਾਰ-ਗੋਸ਼ਟੀ ਸਮੇਂ ਵੀ ਦਾਸ ਨੇ ਆਪ ਜੀ ਨੂੰ ਪੁੱਛਿਆ ਸੀ।

ਕੇਤੇ ਪਉਣ ਪਾਣੀ ਬੈਸੰਤਰ ਕੇਤੇ ਕਾਨ ਮਹੇਸ।। (ਜਪੁਜੀ)

ਤੁਸੀ ਕਿਹੜੇ ਸ਼ਿਵਜੀ, ਪਾਰਬਤੀ ਜਾਂ ਬ੍ਰਹਮਾ ਦਾ ਇਤਿਹਾਸ ਦ੍ਰਿੜ ਕਰਾ ਰਹੇ ਹੋ?

(ਖ) ਅੰਮ੍ਰਿਤ (ਪਾਹੁਲ) ਛਕਣ ਦੀ ਵਿਧੀ ਬਾਰੇ ਪੰਥ ਦੇ ਕੋਲ ਭਾਈ ਨੰਦ ਲਾਲ ਜੀ ਸਮੇਤ ਦਸ਼ਮੇਸ਼ ਪਿਤਾ ਜੀ ਦੇ ਹਜੂਰੀ ਕਵੀਆਂ ਦੇ ਲਿਖੇ ਰਹਤਨਾਮੇ ਅਤੇ ਅਨੇਕਾਂ ਹੋਰ ਪੁਰਾਤਨ ਗ੍ਰੰਥਾਂ ਸਮੇਤ ਭਾਈ ਜੈਤਾ (ਜੀਵਨ ਸਿੰਘ) ਜੀ ਦੀਆਂ ਸਮਕਾਲੀ ਲਿਖਤਾਂ ਹਨ।

1932 ਤੋਂ ਲੈ ਕੇ 1945 ਤੱਲ 13 ਸਾਲ ਦੀ ਸਮੁੱਚੇ ਪੰਥ ਦੀ ਵੀਚਾਰ-ਚਰਚਾ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ “ਸਿੱਖ ਰਹਿਤ ਮਰਿਆਦਾ” ਪੰਥ ਕੋਲ ਮੋਜੂਦ ਹੈ।

ਪਰ ਪੰਜਾਬੀ ਦੀ ਕਹਾਵਤ ਹੈ - ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ।

ਤੁਹਾਨੂੰ ਕੀ ਅਧਿਕਾਰ ਹੈ ਪੰਥਕ-ਵਿਧਾਨ ਤੇ ਕਿੰਤੂ ਪ੍ਰੰਤੂ ਕਰਨ ਦਾ?

* 2007 ਦੀ ਵਿਸਾਖੀ ਤੋਂ 40 ਕੁ ਦਿਨ ਪਹਿਲਾਂ ਦਾਸ ਨੇ ਖੁਦ ਜਾ ਕੇ ਆਪ ਜੀ ਦੇ ਡੇਰੇ ਅੰਦਰ ਹੋ ਰਹੇ ਸਮਾਗਮ ਵਿੱਚ ਤੁਹਾਡੀ ਰਸਨਾ ਤੋਂ ਸੁਣਿਆ ਹੈ -

ਐਤਕੀ ਵਿਸਾਖੀ ਤੇ ਯੁੱਧ ਹੋਵੇਗਾ। ਰੂਹਾਨੀ ਅਵਸਥਾ ਤੇ ਅਨਹਦ-ਧੁਨ ਚੈੱਕ ਕਰਕੇ ਅਸੀ ਖੁਦ ਪੰਜ ਪਿਆਰਿਆਂ ਦੀ ਚੋਣ ਕਰਾਂਗੇ। ਉਹ ਪੰਜ ਪਿਆਰੇ ਅੱਗੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਜਗਿਆਸੂ ਦੀ ਅਨਹਦ-ਧੁਨ ਪਰਖ ਕੇ ਅੰਮ੍ਰਿਤ ਛਕਾਉਣਗੇ। ਇਸ ਲਈ ਸਾਰੀ ਸੰਗਤ ਅੱਜ ਤੋਂ ਅਭਿਆਸ ਅਰੰਭ ਕਰ ਦਿਓ ਤਾਂ ਕਿ ਅੰਮ੍ਰਿਤ ਛਕਣ ਦੇ ਹੱਕਦਾਰ ਬਣ ਸਕੋ।

ਜਦੋਂ ਤੁਸੀ ਆਪ ਅੰਮ੍ਰਿਤ ਛਕਿਆ, ਉਸ ਸਮੇਂ ਤੁਹਾਡੇ ਅਨੁਸਾਰ ਕੌਮ ਕੋਲ ਬ੍ਰਹਮ ਗਿਆਨੀ ਪੰਜ ਪਿਆਰੇ ਨਹੀ ਸਨ? ਤੁਹਾਡੀ ਅਨਹਦ ਧੁਨ ਕਿਸ ਨੇ ਪਰਖੀ?

ਜੇ ਨਹੀ ਪਰਖੀ ਤਾਂ ਤੁਹਾਡਾ ਆਪਣਾ ਅੰਮ੍ਰਿਤ ਕੱਚਾ ਹੈ? ਦੁਬਾਰਾ ਛਕੋ?

ਜੇ ਅੰਮ੍ਰਿਤ ਕੱਚਾ ਹੈ ਤਾਂ ਤੁਸੀ ਬ੍ਰਹਮ ਗਿਆਨੀ ਵੀ ਕੱਚੇ ਹੋ?

ਜਿਹੜੇ ਪੰਜ ਪਿਆਰਿਆਂ ਦੀ ਅਨਹਦ ਧੁਨ ਨਹੀ ਸੀ ਚੱਲ ਰਹੀ, ਜੇ ਉਹਨਾਂ ਪਾਸੋਂ ਅੰਮ੍ਰਿਤ ਛਕ ਤੇ ਤੁਹਾਨੂੰ ਅਨਹਦ ਧੁਨਾਂ ਸੁਣਨ ਲੱਗ ਪਈਆਂ ਤਾਂ ਫਿਰ ਹੋਰ ਜਗਿਆਸੂਆਂ ਨੂੰ ਆਤਮਿਕ ਅਵਸਥਾ ਕਿਉਂ ਨਹੀ ਮਿਲ ਸਕਦੀ। ?

* ਪੰਜ ਪਿਆਰੇ ਗੁਰੂ ਦੇ ਹਨ ਕਿਉਕਿਂ ਸਿਧਾਂਤ ਗੁਰਬਾਣੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਜਵਾਬਦੇਹ ਹਨ, ਸ੍ਰ: ਸੇਵਾ ਸਿੰਘ ਨੂੰ ਨਹੀ?

* ਤੁਹਾਡਾ ਕਹਿਣਾ ਸੀ ਕਿ ਇਹ ਇਸ਼ਤਿਹਾਰ ਪੁਰਾਣਾ ਹੈ -

ਕੀ ਤੁਸੀ ਉਦੋਂ ਝੂਠ ਬੋਲਦੇ ਸੀ ਅਤੇ ਸੱਚ ਬਾਅਦ ਵਿੱਚ ਸ਼ੁਰੂ ਕੀਤਾ ਪਰ ਇਸ ਇਸ਼ਤਿਹਾਰ ਅਨੁਸਾਰ ਤੁਸੀ ਉਸ ਸਮੇਂ ਗੁਰੂ ਨਾਨਕ ਸਾਹਿਬ ਦੇ ਬਰਾਬਰ ਹੋ?

* ਤੁਹਾਡਾ ਆਪਣਾ ਬਚਨ ਸੀ ਕਿ ਇਸ ਇਸ਼ਤਿਹਾਰ ਤੇ ਮੇਰੇ ਸਾਈਨ ਨਹੀ?

* ਕੀ ਜਦੋਂ ਤੋਂ ਇਹ ਇਸ਼ਤਿਹਾਰ ਛਪੇ ਸਨ, ਜੇ ਤੁਹਾਡੀ ਇਨਾਂ ਨਾਲ ਸਹਿਮਤੀ ਨਹੀ ਸੀ ਤਾਂ ਦਸ ਸਾਲ ਬੀਤ ਚੁੱਕੇ ਹਨ, ਤੁਸੀ ਇਸਦਾ ਪ੍ਰੈਸ ਰਾਂਹੀ ਖੰਡਨ ਕਿਉਂ ਨਹੀ ਕੀਤਾ?

ਸਾਡੀ ਬੇਨਤੀ ਹੈ ਕਿ ਕੀ ਤੁਸੀ ਸ਼ੀਹਣੀ ਸਾਹਿਬ ਵਾਲੇ ਹੁਣ ਦੇ ਸਮਾਗਮ ਵਿੱਚ ਜੋ ਇਸ਼ਤਿਹਾਰ

ਇਲਾਕੇ ਵਿੱਚ ਵੰਡੇ ਹਨ, ਉਨਾਂ ਤੇ ਤੁਹਾਡੇ ਸਾਈਨ ਹਨ?

(7) ਦਾਸ ਨੇ ਇਹ ਬੋਲ ਵੀ ਉਸ ਸਮੇਂ ਆਪ ਤੋਂ ਸੁਣੇ ਸਨ ਜਿਨਾਂ ਨੂੰ ਹੁਣ ਤੁਸੀ ਅੰਜਾਮ ਦੇ ਚੁੱਕੇ ਹੋ?

ਜਿਸ ਜਿਗਿਆਸੂ ਨੇ ਅੰਮ੍ਰਿਤ ਛਕ ਕੇ ਬ੍ਰਹਮ ਗਿਆਨ ਪ੍ਰਾਪਤ ਕਰਨਾ ਹੈ, ਉਸਨੂੰ ਚਾਰ ਸਾਲ ਦਾ ਰੈਗੂਲਰ ਕੋਰਸ, ਸਾਡੇ ਇਸ ਬ੍ਰਹਮ ਗਿਆਨ ਕੇਂਦਰ ਵਿੱਚ ਕਰਨਾ ਪਵੇਗਾ ਜਿਸ ਵਿੱਚ ਨਾਮ-ਅਭਿਆਸ, ਗਤਕਾ ਆਦਿਕ ਵਿੱਦਿਆ ਦੇ ਕੇ ਸੰਤ ਸਿਪਾਹੀ ਦਾ ਸਰਟੀਫਿਕੇਟ ਦਿੱਤਾ ਜਾਵੇਗਾ।

ਗੁਰਬਾਣੀ ਤੇ ਇਤਿਹਾਸ ਤੋਂ ਨਾ-ਵਾਕਿਫ ਭੋਲੇ ਸਿੱਖ ਇਹ ਕੋਰਸ ਕਰ ਵੀ ਰਹੇ ਹਨ।

ਗੁਰਬਾਣੀ ਅਨੁਸਾਰ ਦਾਤਾ ਕੌਣ ਹੈ -- ਦਦਾ ਦਾਤਾ ਏਕੁ ਹੈ, ਸਭ ਕਉ ਦੇਵਨਹਾਰ।।

ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ।।

ਆਪਣੇ (ਮਨੁੱਖਾਂ) ਬਾਰੇ - ਜੇ ਕੋ ਹੋਇ ਬਹੈ ਦਾਤਾਰ।। ਤਿਸ ਦੇਨਹਾਰ ਜਾਨੈ ਗਾਵਾਰ।।

ਮਨੁੱਖ ਦੂਸਰੇ ਮਨੁੱਖ ਨੂੰ ਬਾਣੀ ਪੜਾ ਸਕਦਾ ਹੈ, ਅਰਥ ਬੋਧ ਕਰਾ ਸਕਦਾ ਹੈ ਪਰ ---

ਗੁਰ ਕੀ ਬਾਣੀ ਗੁਰ ਤੇ ਜਾਤੀ, ਜਿ ਸ਼ਬਦਿ ਰਤੇ ਰੰਗੁ ਲਾਇ।।

ਇਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ।।

ਕੀ ਮਨੁੱਖ ਕਿਸੇ ਨੂੰ ਬ੍ਰਹਮ ਗਿਆਨੀ ਬਣਾ ਸਕਦਾ ਹੈ?

ਬ੍ਰਹਮ ਗਿਆਨੀ ਸੇ ਜਨ ਭਏ।। ਨਾਨਕ ਜਿਨ ਪ੍ਰਭੁ ਆਪਿ ਕਰੇਇ।। (ਸੁਖਮਨੀ)

* ਆਪ ਜੀ ਕਿਸ ਆਧਾਰ ਤੇ ਬ੍ਰਹਮ ਗਿਆਨੀ ਦਾ ਸਰਟੀਫਿਕੇਟ ਦਿਓਗੇ?

* ਇਹ ਯੂਨੀਵਰਸਿਟੀ ਆਪ ਨੇ ਕਿਸ ਆਧਾਰ ਤੇ ਅਤੇ ਕਦੋਂ ਪੰਥ ਨਾਲ ਸਲਾਹ ਕਰਕੇ, ਆਗਿਆ ਲੈ ਕੇ ਅਰੰਭ ਕੀਤੀ?

* ਤੁਹਾਡੇ ਕਥਨ ਮੁਤਾਬਕ ਬ੍ਰਹਮ ਗਿਆਨ ਦਾ ਕੋਰਸ ਕਰਨ ਵਾਲੇ ਵਿਦਿਆਰਥੀ ਪਰਿਵਾਰ ਅਤੇ ਸਰਪੰਚ ਕੋਲੋਂ ਤਸਦੀਕ ਸ਼ੁਦਾ ਐਫੀਡੇਵਿਟ ਲੈ ਕੇ ਆਉਣਗੇ?

ਅਸਲੀ ਬ੍ਰਹਮ ਗਿਆਨੀ ਭਗਤ ਕਬੀਰ ਨੂੰ ਦੁਨਿਆਵੀ ਪਰਿਵਾਰ ਵੱਲੋਂ ਦਿੱਤੇ ਸਰਟੀਫਿਕੇਟ ਦੇ ਦਰਸ਼ਨ

ਕਰੋ ਜੀ ---

ਮੁਸਿ ਮੁਸਿ ਰੋਵੈ ਕਬੀਰ ਕੀ ਮਾਈ।। ਏ ਬਾਰਿਕ ਕੈਸੇ ਜੀਵਹਿ ਰਘੁਰਾਈ।। -----।।

ਇਨ ਮੁੰਡੀਅਨ ਮੇਰਾ ਘਰ ਧੁੰਧਰਾਵਾ।। ਬਿਟਵਹਿ ਰਾਮ ਰਮਊਆ ਲਾਵਾ ----।।

ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ।। 856

ਜਿਹੜੇ ਅਸਲੀ ਬ੍ਰਹਮ ਗਿਆਨੀਆਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਸਰਟੀਫਿਕੇਟ ਦਿੱਤੇ ----

ਗੁ: ਡੇਹਰਾ ਸਾਹਿਬ, ਮੰਨੂੰ ਦੀ ਜੇਲ, ਨਖਾਸ ਚੋਂਕ ਲਾਹੌਰ, ਚਾਂਦਨੀ ਚੋਂਕ ਦਿੱਲੀ, ਅਨੰਦਪੁਰ ਦਾ ਘੇਰਾ, ਚਮਕੌਰ ਦੀ ਗੜੀ, ਸਰਹੰਦ ਦੀਆਂ ਨੀਹਾਂ, ਮੋਰਚਾ ਗੁਰੂ ਕਾ ਬਾਗ, ਸਾਕਾ ਨਨਕਾਣਾ ਸਾਹਿਬ, ਪੰਥ ਦੇ ਤਿੰਨ ਘੱਲੂਘਾਰੇ, ਸਿੰਘਾਂ ਦੇ ਸਿਰਾਂ ਦੇ ਮੁੱਲ, ਜੋਧਪੁਰ, ਨਾਭਾ, ਬੁੜੈਲ, ਤਿਹਾੜ ਆਦਿਕ ਜੇਲਾਂ।

ਜਦੋਂ 2007 ਵਿੱਚ ਕੂੜੇ ਸਾਧ ਨਾਲ ਪੰਥ ਨੂੰ ਟੱਕਰਨਾ ਪਿਆ ਤਾਂ ਆਪ ਜੀ ਦੇ ਸੇਵਕਾਂ ਦਾ ਕਹਿਣਾ ਸੀ, ਗੁਰਮੁਖੋ ਨਾਮ ਜਪੋ, ਸ਼ਾਂਤੀ ਰੱਖੋ, ਸਹਿਜ ਵਿੱਚ ਰਹੋ?

ਜੇ ਕੁੱਝ ਸਿੰਘਾਂ ਨੇ ਸੰਘਰਸ਼ ਵਿੱਚ ਸਾਥ ਦੇਣ ਲਈ ਬੇਨਤੀ ਕੀਤੀ ਤਾਂ ਕਿਸੇ ਵੀ ਬ੍ਰਹਮ ਬੇਤਾ ਨੇ ਸਾਥ ਨਹੀ ਦਿੱਤਾ।

ਪਰ ਹੁਣ ਗੁਰ-ਦਰਬਾਰ ਵਿੱਚ ਹੋ ਰਹੀ ਵੀਚਾਰ-ਚਰਚਾ ਸਮੇਂ ਓਹੀ ਸਹਜ ਦੇ ਧਾਰਨੀ ਤੇ ਨਿੱਜ ਮਹਲ ਦੇ ਵਾਸੀ, ਸੰਤ ਸਿਪਾਹੀ ਤਲਵਾਰਾਂ ਦੇ ਮੁੱਠਿਆਂ ਨੂੰ ਹੱਥ ਪਾ ਕੇ ਧਮਕੀਆਂ ਦਿੰਦੇ ਵੀਡੀਓ ਰਿਕਾਰਡਿੰਗ ਵਿੱਚ ਸਾਫ ਨਜਰ ਆਉਦੇਂ ਹਨ।

ਜੇਕਰ ਕਿਸੇ ਡੇਰੇ ਵਿੱਚ ਕੁੱਝ ਮਨੁੱਖਾਂ ਨੂੰ ਭਰਤੀ ਕਰਕੇ ਬ੍ਰਹਮ ਗਿਆਨੀ ਬਣਾਇਆ ਜਾ ਸਕਦਾ ਹੁੰਦਾ ਤਾਂ ਗੁਰੂ ਨਾਨਕ ਜੀ ਨੂੰ ਸਾਲਾਂ ਬੱਧੀ ਉਦਾਸੀਆਂ ਨਾ ਕਰਨੀਆਂ ਪੈਂਦੀਆਂ, ਉਹ ਸੁਲਤਾਨਪੁਰ ਜਾਂ ਤਲਵੰਡੀ ਯੂਨੀਵਰਸਿਟੀ ਬਣਾ ਕੇ ਬ੍ਰਹਮ ਗਿਆਨੀ ਤਿਆਰ ਕਰ ਦਿੰਦੇ।

ਪਰ ਜਦੋਂ ਸਿਧਾਂ ਨੇ ਪੁੱਛਿਆ ਸੀ -- ਕਿਸ ਕਾਰਨ ਇਹੁ ਭੇਖੁ ਉਦਾਸੀ।।

ਤਾ ਉੱਤਰ ਸੀ ---- ਗੁਰਮੁਖਿ ਖੋਜਤ ਭਏ ਉਦਾਸੀ।।

ਸੁਖਮਨੀ ਸਾਹਿਬ ਦਾ ਫੈਸਲਾ ---- ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ।।

ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ।।

(8) ਜਦੋਂ ਆਪ ਜੀ ਨੇ ਸੰਗਤ ਅਤੇ ਕੈਮਰੇ ਦੇ ਸਾਹਮਣੇ ਕਬੂਲ ਹੀ ਕਰ ਲਿਆ ਕਿ ਮੈਂ ਸੱਚ (ਬ੍ਰਹਮ)

ਪਾਇਆ ਹੈ ਅਤੇ ਆਪਣੇ ਅੰਦਰੋਂ ਅਨਹਦ-ਧੁਨਾਂ ਸੁਣ ਰਿਹਾ ਹਾਂ, ਤਾਂ ਫਿਰ ---

ਮਨਿ ਸਾਚਾ ਮੁਖਿ ਸਾਚਾ ਸੋਇ।। ਅਵਰੁ ਨ ਪੇਖੈ ਏਕਸੁ ਬਿਨੁ ਕੋਇ।।

ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ।।

ਅਤੇ ਬ੍ਰਹਮ ਗਿਆਨੀ ਆਪਿ ਨਿਰੰਕਾਰੁ।।

ਤਾਂ ਫਿਰ ਜੇ ਭਾਈ ਲਖਵਿੰਦਰ ਸਿੰਘ ਨੇ ਕਹਿ ਦਿੱਤਾ ਕਿ ਐਸ ਸਮੇਂ ਦੱਸੋ, ਹਰਿਮੰਦਰ ਸਾਹਿਬ ਅੰਦਰ ਕਿਹੜੇ ਸ਼ਬਦ ਦੀ ਧੁਨ ਚੱਲ ਰਹੀ ਹੈ ਜਾਂ ਸਾਡੀ ਲਿਖੀ ਇੱਕ ਪਰਚੀ ਵਿੱਚ ਦੱਸ ਦਿਓ ਕੀ ਲਿਖਿਆ ਹੈ? ਤਾਂ ਇਸ ਵਿੱਚ ਕਰਾਮਾਤ ਕਿਵੇਂ ਹੋਈ?

ਜਗਨਨਾਥਪੁਰੀ ਵਿੱਚ ਜੋ ਕਲਯੁਗੀ ਪੰਡਾਂ ਤੁਹਾਡੇ ਵਾਂਗ ਅੱਖਾਂ ਬੰਦ ਕਰਕੇ ਬ੍ਰਹਮ ਬੇਤਾਂ ਬਣਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ ਤਾਂ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਤੋਂ ਉਸਦੇ ਮੂਹਰੇ ਪਿਆ ਪੈਸਿਆਂ ਵਾਲਾ ਲੋਟਾ ਚੁੱਕਵਾ ਕੇ ਲੁਕੋ ਦਿੱਤਾ ਸੀ ਅਤੇ ਪੰਡੇ ਨੇ ਜਦੋਂ ਅੱਖਾਂ ਖੋਲਣ ਤੋਂ ਬਾਅਦ ਲੋਟਾ ਗਾਇਬ ਦੇਖ ਕੇ ਸ਼ੋਰ ਮਚਾਇਆ ਤਾਂ ਗੁਰੂ ਜੀ ਨੇ ਕਿਹਾ ਸੀ, ਪੰਡਤ ਜੀ, ਹੁਣੇ ਹੀ ਤੁਹਾਨੂੰ ਤੇ ਸ਼ਿਵਪੁਰੀ, ਬ੍ਰਹਮਪੁਰੀ ਅਤੇ ਵਿਸ਼ਨੂਪੁਰੀ ਆਦਿ ਸਾਰੇ ਪਰਲੋਕ ਦੇ ਦਰਸ਼ਨ ਹੋ ਰਹੇ ਸੀ, ਤੁਸੀ ਆਪ ਹੀ ਨਜਰ ਮਾਰੋ, ਕਿਤੇ ਤੁਹਾਡਾ ਪੈਸਿਆਂ ਵਾਲਾ ਲੋਟਾ ਵੀ ਨਜਰ ਆ ਜਾਵੇ।

ਇਸ ਅਨੁਸਾਰ ਕਰਾਮਾਤੀ ਤਾਂ ਤੁਸੀ ਆਪ ਬਣਦੇ ਹੋ, ਕੀ ਅਸੀ ਤੁਹਾਡਾ ਇਹ ਪਾਖੰਡ ਜਾਹਰ

ਕਰਨ ਵਾਸਤੇ ਇਹ ਸਵਾਲ ਨਹੀਂ ਸੀ ਕਰ ਸਕਦੇ?

(9) ਆਪ ਜੀ ਦਾ ਕਹਿਣਾ ਹੈ ਕਿ ਜੇ ਅਸੀ ਬ੍ਰਹਮ ਗਿਆਨ ਕੇਂਦਰ ਖੋਲ੍ਹਿਆ ਹੈ ਤਾਂ ਤਹਾਨੂੰ ਕੀ ਤਕਲੀਫ ਹੈ? ਉੱਤਰ:- ਇਹ ਤਕਲੀਫ ਸਾਨੂੰ ਹੀ ਨਹੀ, ਸਮੁੱਚੇ ਪੰਥ ਦਰਦੀਆਂ ਨੂੰ ਹੈ ਅਤੇ ਪੂਰੇ ਸੰਸਾਰ ਦੇ ਇਨਸਾਫ ਪਸੰਦ ਮਨੁੱਖ ਤੇ ਪੰਥ ਦਰਦੀ ਵੀਰ-ਭੈਣਾਂ ਸਾਡੇ ਨਾਲ ਹਨ। ਇਹ ਤਕਲੀਫ ਹੋਣ ਦਾ ਵੱਡਾ ਕਾਰਨ ਇਹ ਹੈ ਕਿ ਤੁਹਾਡੇ ਵੱਲੋਂ ਗੁਰਮੁਖ ਗਾਡੀ ਰਾਹ ਚੋਂ ਆਪਣੀ ਪਗਡੰਡੀ ਦਾ ਕੱਢਣਾ। ਜਦੋਂ ਅਸੀ ਦੇਹਧਾਰੀਆਂ ਦੇ ਪਿਛੋਕੜ ਤੇ ਝਾਤ ਮਾਰਦੇ ਹਾਂ ਤਾਂ ਸ਼ਿਵ ਦਿਆਲ ਸਿਹੁੰ ਸੁਆਮੀ ਵੀ ਆਗਰੇ ਮਾਈਥਾਨ ਗੁਰਦੁਆਰੇ ਵਿੱਚ ਕਥਾਵਾਚਕ ਸੀ, ਜੋ ਸਾਡੇ ਲੋਕਾਂ ਦੇ ਭੋਲੇਪਣ ਦਾ ਲਾਭ ਉਠਾ ਕੇ ਦੇਹਧਾਰੀ ਗੁਰੂ ਬਣਿਆ ਅਤੇ ਉਸਦੀ ਪਤਨੀ ਰਾਧਾ ਦੇ ਨਾਮ ਨਾਲ ਜੋੜ ਕੇ ਰਾਧਾ + ਸੁਆਮੀ ਸ਼ਾਖ ਹੋਂਦ ਵਿੱਚ ਆਈ ਜਿਸਨੇ ਬਾਅਦ ਵਿੱਚ ਕਈ ਦੇਹ-ਧਾਰੀਆਂ ਪਖੰਡੀਆਂ ਨੂੰ ਜਨਮ ਦਿੱਤਾ। ਸਿਰਸਾ ਕੂੜਾ ਸੌਦਾ ਸ਼ਾਖ ਵੀ ਇਸੇ ਚੋਂ ਨਿਕਲੀ। ਕੂਕਾ ਗੁਰੂ ਡੰਮ੍ਹ ਅਤੇ ਨਕਲੀ ਨਿਰੰਕਾਰੀਆਂ ਦਾ ਪਿਛੋਕੜ ਵੀ ਇਸੇ ਤਰਾਂ ਦਾ ਹੈ।

ਸੰਨ 2000 ਦੇ ਮੁਕਤਸਰ ਸਮਾਗਮਾਂ ਦੇ ਛਪੇ ਇਸ਼ਤਿਹਾਰਾਂ ਤੋਂ ਸਾਫ ਜਾਹਰ ਹੈ ਕਿ ਆਪ ਜੀ ਨੇ ਵੀ ਦੇਹਧਾਰੀ ਗੁਰੂਆਂ ਵਾਲੀ ਉਡਾਰੀ ਮਾਰੀ ਸੀ, ਪਰ ਕੌਮ ਦੇ ਚੰਗੇ ਭਾਗਾਂ ਨੂੰ ‘ਭਾਈ ਹਰਪ੍ਰੀਤ ਸਿੰਘ ਹੈੱਡ ਗ੍ਰੰਥੀ ਦਰਬਾਰ ਸਾਹਿਬ, ਮੁਕਤਸਰ` ਵਾਲਿਆਂ ਨੇ ਪੰਥ ਦਰਦੀ ਵੀਰਾਂ ਦੀ ਸਹਾਇਤਾ ਨਾਲ ਤੁਹਾਡੇ ਖੰਭ ਕੱਟ ਦਿੱਤੇ।

ਵੇਦਾਂਤੀ ਜੀ ਜਾਂ ਕਿਸੇ ਹੋਰ ਅਖੌਤੀ ਜਥੇਦਾਰ ਵੱਲੋਂ ਜੇ ਤਹਾਨੂੰ ਸ਼ਹਿ ਪ੍ਰਾਪਤ ਹੈ ਤਾਂ ਇਸਦਾ ਭਾਵ ਇਹ ਨਹੀ ਕਿ ਗੁਰੂ ਗ੍ਰੰਥ ਸਾਹਿਬ ਵੀ ਤੁਹਾਡੇ ਪ੍ਰਚਾਰ ਨੂੰ ਪ੍ਰਵਾਨ ਕਰਦੇ ਹਨ। ਵੇਦਾਂਤੀ ਜੀ ਨੇ ਜਾਂ ਹੋਰ ਜਥੇਦਾਰਾਂ ਨੇ ਜੋ ਪੰਥਕ ਸਿਧਾਤਾਂ ਦਾ ਘਾਣ ਕਰਨ ਦੀਆਂ ਕੁਚਾਲਾਂ ਚੱਲੀਆਂ ਹਨ, ਇਤਿਹਾਸ ਫੈਸਲਾ ਕਰੇਗਾ ਅਤੇ ਕਿਸੇ ਦਿਨ ਪੰਥ ਉਹ ਵੀ ਹਿਸਾਬ ਲਵੇਗਾ।

ਸਾਡਾ ਆਪ ਜੀ ਨਾਲ ਨਿੱਜੀ, ਜਾਤੀ ਜਾਂ ਜਮਾਤੀ ਝਗੜਾ ਨਹੀ, ਸਿਧਾਂਤਕ ਮੱਤ-ਭੇਦ ਹੈ। ਅਸੀ ਆਪ ਜੀ ਨੂੰ ਪੰਥਕ ਦਰਦ ਵਿੱਚ ਬੇਨਤੀ ਕਰਦੇ ਹਾਂ ਕਿ ਆਪਣੀ ‘ਢਾਈ ਪਾ ਖਿਚੜੀ ਰਿੰਨ੍ਹਣ` ਵਾਲਾ ਸਿਲਸਿਲਾ ਬੰਦ ਕਰ ਕਰਕੇ, ਸਿੱਖ ਰਹਿਤ ਮਰਿਆਦਾ ਨੂੰ ਅਪਨਾਉਣ ਦਾ ਵਾਅਦਾ ਕਰੋ, ਗੁਰੂ ਦਾ ਨਿਮਾਣਾ ਸੇਵਕ ਬਣ ਕੇ ਰਹੋ, ਪੰਥ ਆਪ ਜੀ ਦੇ ਨਾਲ ਹੈ ਅਤੇ ਆਪ ਜੀ ਨੂੰ ਪੰਥ ਵੱਲੋਂ ਸਨਮਾਨ ਵੀ ਮਿਲੇਗਾ।

ਅੰਤ ਵਿੱਚ ਬੇਨਤੀ ਹੈ ਕਿ ਇਨਾਂ ਸੁਆਲਾਂ ਦੇ ਜੁਆਬ ਬਾ-ਦਲੀਲ ‘ਪੁਆਇੰਟ ਟੂ ਪੁਆਇੰਟ ਦਿੱਤੇ ਜਾਣ ਜਿਵੇਂ ਅਸੀ ਤੁਹਾਡੇ ਸੁਆਲਾਂ ਦੇ ਜੁਆਬ ਇਸ ਵਿੱਚ ਦਿੱਤੇ ਹਨ ਜਾਂ ਦਾਸ ਵੱਲੋਂ ਬੇਨਤੀ ਹੈ ਕਿ ਕਿਸੇ ਚੈਨਲ ਰਾਂਹੀ Live ਤੇ ਚੱਲੋ, ਸਟੂਡੀਓ ਵਿੱਚ ਬੈਠ ਕੇ ਆਪਾਂ ਦੋ ਜਣੇ ਹੀ ਵੀਚਾਰ-ਗੋਸ਼ਟੀ ਕਰਾਂਗੇ। ਪੰਥ ਵੱਲੋਂ ਚੁਣੇ ਹੋਏ ਗੁਰਮੁਖ ਜੱਜ ਫੈਸਲਾ ਕਰਨਗੇ ਕਿ ਤੁਹਾਡਾ ਪ੍ਰਚਾਰ ਗੁਰਮਤਿ ਸਿਧਾਂਤ ਨਾਲ ਕਿੰਨਾ ਕੁ ਮੇਲ ਖਾਂਦਾ ਹੈ।

ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ।।

ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ।। (ਆਸਾ ਕੀ ਵਾਰ)

ਗੁਰੂ ਪੰਥ ਦਾ ਦਾਸ

ਭਾਈ ਗੁਰਬਿੰਦਰ ਸਿੰਘ ਕਥਾ ਵਾਚਕ,

ਲੋਹਕੇ ਕਲਾਂ (ਜੀਰਾ)

ਮੋ: ਨੰ: 99155-34534

94170-53508




.