.

ਸੂਫੀ ਮਾਰਨਿ ਟਕਰਾਂ

ਮਹਾਨ ਕੋਸ਼ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਨੇ ਸੂਫੀ ਸ਼ਬਦ ਦੇ ਅਰਥ ਇਸ ਤਰ੍ਹਾਂ ਕੀਤੇ ਹਨ, “ਅਰਬੀ ਸੂਫ ਪਦ ਦਾ ਅਰਥ ਪਵਿਤ੍ਰਤਾ ਅਤੇ ਉਂਨ ਹੈ। ਜੋ ਕੰਬਲ ਅਥਵਾ ਕੰਬਲ ਦੀ ਖਫਨੀ ਪਹਿਰੇ ਉਹ ਸੂਫੀ ਹੈ।” ਦੂਜਾ ਅਰਥ ਕੀਤਾ ਹੈ, “ਜੋ ਪਵਿਤ੍ਰਾਤਮਾ ਹੋਵੇ, ਉਹ ਸੂਫੀ ਹੈ”, ਤੀਜਾ ਅਰਥ ਕੀਤਾ ਹੈ, “ਯੂਨਾਨੀ ‘ਸੋਫੀਆ’ ਪਦ ਗਿਆਨ ਬੋਧਕ ਹੈ ਜੋ ਗਿਆਨੀ ਹੋਵੇ ਉਹ ਸੂਫੀ ਹੈ।” ਚੌਥਾ ਅਰਥ ਕੀਤਾ ਹੈ, “ਮੁਸਲਮਾਨਾਂ ਦਾ ਇੱਕ ਫਿਰਕਾ ਸੂਫੀ ਅਥਵਾ ਸੂਫਾਈ ਅਖਾਉਂਦਾ ਹੈ ਜੋ ਵੇਦਾਂਤ ਅਤੇ ਇਸਲਾਮ ਦੇ ਮੇਲ ਤੋਂ ਉਪਜਿਆ ਹੈ।”

ਸ਼ਬਦ ‘ਸੂਫੀ’ ਤੋਂ ਹੀ ਬਣਿਆ ਸ਼ਬਦ ਸੋਫੀ ਹੈ। ਮਹਾਨ ਕੋਸ਼ ਵਿੱਚ ਇਸ ਦੇ ਅਰਥ ਕੀਤੇ ਹਨ, “ਪਰਹੇਜ਼ਗਾਰ, ਖ਼ਾਸ ਕਰਕੇ ਇਹ ਨਸ਼ਿਆਂ ਦਾ ਤਯਾਗੀ।” ਇਸ ਕਾਰਨ ਹੀ ਨਸ਼ਿਆਂ ਦੀ ਕਿਸੇ ਵੀ ਰੂਪ ਵਿੱਚ ਵਰਤੋਂ ਨਾ ਕਰਨ ਵਾਲਿਆਂ ਨੂੰ ਸੋਫੀ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸੋਫੀ ਸ਼ਬਦ ਦਾ ਬਹੁਬਚਨ ‘ਸੋਫੀਆ’ ਸ਼ਬਦ ਆਇਆ ਹੈ: ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ॥ (ਪੰਨਾ 15) ਅਰਥ: ਜਿਨ੍ਹਾਂ ਨੇ ਮੋਹ-ਨਸ਼ਾ ਛੱਡ ਕੇ ਪਰਮਾਤਮਾ ਦਾ ਦਰ ਮੱਲਣ ਦਾ ਆਹਰ ਕੀਤਾ, ਉਹਨਾਂ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪਿਆ। (ਨੋਟ: ਇਥੇ ਪ੍ਰੇਹਜ਼ਗ਼ਾਰ ਤੋਂ ਭਾਵ ਸ਼ਰਾਬ ਆਦਿ ਦੇ ਨਸ਼ਿਆਂ ਤੋਂ ਪ੍ਰੇਹਰਜ਼ ਕਰਨ ਵਾਲੇ ਤੋਂ ਨਹੀਂ ਹੈ; ਇੱਥੇ ਭਾਵ ਉਨ੍ਹਾਂ ਪ੍ਰਾਣੀਆਂ ਤੋਂ ਹੈ ਜਿਨ੍ਹਾਂ ਨੇ ਮੋਹ ਦਾ ਨਸ਼ਾ ਛੱਡ ਦਿੱਤਾ ਹੈ।

ਆਮ ਤੌਰ `ਤੇ ਅਜਿਹੇ ਸੋਫੀਆਂ (ਸ਼ਰਾਬ, ਅਫ਼ੀਮ ਆਦਿ ਨਸ਼ਿਆਂ ਤੋਂ ਪਰਹੇਜ਼ ਕਰਨ ਵਾਲੇ) ਨੂੰ ਧਾਰਮਿਕ ਦੁਨੀਆਂ ਵਿੱਚ ਸਤਿਕਾਰ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ। ਭਾਵੇਂ ਇਸ ਤਰ੍ਹਾਂ ਦੇ ਸੋਫੀ ਆਤਮਕ ਮੌਤ ਦਾ ਕਾਰਨ ਬਣਨ ਵਾਲੇ ਨਸ਼ਿਆਂ (ਕਾਮ, ਕ੍ਰੋਧ, ਮੋਹ, ਹੰਕਾਰ, ਮਾਇਆ, ਪ੍ਰਭਤਾ ਆਦਿ) ਵਿੱਚ ਚੂਰ ਹੋ ਕੇ ਆਪਣਾ ਅਤੇ ਦੂਜਿਆਂ ਦਾ ਕਿੰਨਾ ਵੀ ਨੁਕਸਾਨ ਕਿਉਂ ਨਾ ਕਰ ਦੇਣ, ਫਿਰ ਵੀ ਇਨ੍ਹਾਂ ਨੂੰ ਸੋਫੀ ਹੀ ਸਮਝਿਆ ਅਥਵਾ ਆਖਿਆ ਜਾਂਦਾ ਹੈ। ਇਹੋ ਜੇਹੇ ਸੋਫੀ ਵੀ ਆਤਮਕ ਮੌਤ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਸ੍ਰੇਸ਼ਟ ਸਮਝਣ ਦਾ ਭਰਮ ਪਾਲਦੇ ਹਨ।

ਉਪਰੋਕਤ ਵਰਣਨ ਸੋਫੀਆਂ ਤੋਂ ਇਲਾਵਾ ਇੱਕ ਹੋਰ ਤਰ੍ਹਾਂ ਦੇ ਸੋਫੀਆਂ ਦਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਣਨ ਕੀਤਾ ਗਿਆ ਹੈ। ਇਸ ਸ਼੍ਰੇਣੀ ਵਿੱਚ ਉਹ ਸੋਫੀ ਆਉਂਦੇ ਹਨ ਜੇਹੜੇ ਦੂਜਿਆਂ ਨੂੰ ਉਪਦੇਸ਼ ਕਰਦੇ ਹਨ ਪਰੰਤੂ ਉਸ ਵਿੱਚ ਉਨ੍ਹਾਂ ਦਾ ਆਪਣਾ ਵਿਸ਼ਵਾਸ ਨਹੀਂ ਹੁੰਦਾ। ਭਾਵ ਆਪ ਉਸ ਉੱਤੇ ਅਮਲ ਨਹੀਂ ਕਰਦੇ; ਆਪਣੇ ਜੀਵਨ ਦਾ ਉਸ ਨੂੰ ਅੰਗ ਨਹੀਂ ਬਣਾਉਂਦੇ। ਜਿਸ ਭੋਜਨ ਦੀਆਂ ਅਨੇਕਾਂ ਵਿਸ਼ੇਸ਼ਤਾਈਆਂ ਦੂਜਿਆਂ ਨੂੰ ਦੱਸ ਕੇ, ਇਹ ਭੋਜਣ ਖਾਣ ਲਈ ਉਤਸ਼ਾਹਤ ਕਰਦੇ ਹਨ, ਉਸ ਭੋਜਣ ਨੂੰ ਆਪ ਖਾਣ ਤੋਂ ਸੰਕੋਚ ਕਰਦੇ ਹਨ। ਜਿਨ੍ਹਾਂ ਵਿਕਾਰਾਂ ਤੋਂ ਹੋਰਨਾਂ ਨੂੰ ਸੁਚੇਤ ਕਰਦਿਆਂ ਹੋਇਆਂ ਇਨ੍ਹਾਂ ਤੋਂ ਬਚਣ ਦੀ ਪ੍ਰੇਰਨਾ ਕਰਦੇ ਹਨ, ਆਪ ਉਨ੍ਹਾਂ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਏ ਰਹਿੰਦੇ ਹਨ। ਜਿਸ ਜੀਵਨ ਅਦਰਸ਼ ਦਾ ਢੰਢੋਰਾ ਪਿਟਦੇ ਹਨ, ਉਸ ਤੋਂ ਆਪ ਕੋਰੇ ਰਹਿੰਦੇ ਹਨ। ਜਿਸ ਪਰਮ ਰਸ ਨੂੰ ਚੱਖਣ ਦਾ ਦਿਨ ਰਾਤ ਹੋਕਾ ਦੇਂਦੇ ਹਨ, ਆਪ ਉਸ ਰਸ ਤੋਂ ਵਾਂਝੇ ਰਹਿੰਦੇ ਹਨ। ਚੂੰਕਿ ਉਨ੍ਹਾਂ ਨੂੰ ਉਸ ਨਾਮ ਖ਼ਜ਼ਾਨੇ ਦੀ, ਜਿਸ ਦੀ ਮਹਿਮਾਂ ਤੋਂ ਦੂਜਿਆਂ ਨੂੰ ਜਾਣੂੰ ਕਰਾ ਰਹੇ ਹੁੰਦੇ ਹਨ, ਉਸ ਦੀ ਆਪ ਬਿਲਕੁਲ ਹੀ ਸਾਰ ਨਹੀਂ ਹੁੰਦੀ। ਉਹ ਅੰਮ੍ਰਿਤ ਭੋਜਨ ਬਾਰੇ ਇਹ ਪ੍ਰਚਾਰਦਾ ਹੋਇਆ ਹੀ ਕਿ ਇਹ ਸਾਰਿਆਂ ਨਾਲੋਂ ਉਤਮ ਭੋਜਨ ਹੈ, ਇਸ ਨੂੰ ਖਾਧਿਆਂ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਹਨ ਆਦਿ ਦੀ ਮੁਨਾਦੀ/ਮਨਾਦੀ ਹੀ ਕਰਦਾ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਅਜੇਹੇ ਸੋਫੀ ਦੀ ਇਹੋ ਜੇਹੀ ਰਹਿਣੀ ਦਾ ਵਰਣਨ ਕਰਦਿਆਂ ਹੋਇਆਂ ਸਪਸ਼ਟ ਕੀਤਾ ਹੈ:- ਪੜਿ ਪੜਿ ਪੰਡਿਤੁ ਬਾਦੁ ਵਖਾਣੈ॥ ਭੀਤਰਿ ਹੋਦੀ ਵਸਤੁ ਨ ਜਾਣੈ॥ (ਪੰਨਾ 152) ਅਰਥ: ਹੇ (ਵੇਦ ਆਦਿਕ ਪੁਸਤਕਾਂ ਦਾ ਵਿਦਵਾਨ) ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਭੀ) ਚਰਚਾ ਕਰਦਾ ਰਹਿੰਦਾ ਹੈ। ਉਹ ਪੰਡਿਤ (ਆਪਣੇ) ਅੰਦਰ ਵੱਸਦੇ ਨਾਮ-ਪਦਾਰਥ ਨਾਲ ਸਾਂਝ ਨਹੀਂ ਪਾਂਦਾ।

ਨਾਮ –ਪਦਾਰਥ ਨਾਲ ਸਾਂਝ ਨਾ ਪਾਉਣ ਕਾਰਨ ਅਜੇਹਾ ਸੋਫੀ ਆਤਮਕ ਭੁੱਖ ਦਾ ਦੁੱਖ ਸਹਿੰਦਾ ਰਹਿੰਦਾ ਹੈ; ਤ੍ਰਿਸ਼ਨਾ ਦੀ ਅੱਗ ਵਿੱਚ ਦਿਨੇ ਰਾਤ ਸੜਦਾ ਬਲਦਾ ਰਹਿੰਦਾ ਹੈ।

ਇਸ ਤਰ੍ਹਾਂ ਦੇ ਪਰਉਪਕਾਰੀ (?) ਸੋਫੀਆਂ ਬਾਰੇ ਹੀ ਗੁਰੂ ਗ੍ਰੰਥ ਸਾਹਿਬ ਦਾ ਫ਼ਰਮਾਨ ਹੈ: ਕੜਛੀਆ ਫਿਰੰਨਿੑ ਸੁਆਉ ਨ ਜਾਣਨਿੑ ਸੁਞੀਆ॥ ਸੇਈ ਮੁਖ ਦਿਸੰਨਿੑ ਨਾਨਕ ਰਤੇ ਪ੍ਰੇਮ ਰਸਿ॥ (ਪੰਨਾ 521) ਅਰਥ: ਹੇ ਨਾਨਕ! ਕੜਛੀਆਂ (ਦਾਲ ਭਾਜੀ ਦੇ ਭਾਂਡੇ ਵਿਚ) ਫਿਰਦੀਆਂ ਹਨ (ਪਰ ਉਹ ਉਸ ਦਾਲ ਭਾਜੀ) ਦਾ ਸੁਆਦ ਨਹੀਂ ਜਾਣਦੀਆਂ (ਕਿਉਂਕਿ ਉਹ) ਖ਼ਾਲੀ (ਹੀ ਰਹਿੰਦੀਆਂ) ਹਨ, (ਇਸੇ ਤਰ੍ਹਾਂ) ਉਹ ਮੂੰਹ (ਸੋਹਣੇ) ਦਿੱਸਦੇ ਹਨ ਜੋ ਪ੍ਰੇਮ ਦੇ ਸੁਆਦ ਵਿੱਚ ਰੰਗੇ ਗਏ ਹਨ (ਨਿਰੀਆਂ ਗੱਲਾਂ ਕਰਨ ਵਾਲੇ ਮੂੰਹ ਕੜਛੀਆਂ ਵਾਂਗ ਹੀ ਹਨ)।

ਇਸ ਤਰ੍ਹਾਂ ਦੇ ਸੋਫੀ ਗਿਆਨ ਦੇ ਚਸ਼ਮੇ ਕੋਲ ਬੈਠ ਕੇ ਵੀ ਪਿਆਸੇ ਰਹਿੰਦੇ ਹਨ। ਇਹ ਅਜਿਹੇ ਸਾਕੀ ਹਨ ਜੇਹੜੇ ਹੋਰਨਾਂ ਨੂੰ ਅੰਮ੍ਰਿਤ ਦੇ ਪਿਆਲੇ ਭਰ ਭਰ ਕੇ ਛਕਾਉਣ ਦੇ ਆਹਰ ਵਿੱਚ ਰਹਿੰਦੇ ਹਨ, ਪਰ ਆਪਣੇ ਹੋਠਾਂ ਨਾਲ ਨਾਮ ਪਿਆਲੇ ਨੂੰ ਛੁਹਾਉਣੋਂ ਸੰਕੋਚ ਕਰਦੇ ਹਨ। ਉਨ੍ਹਾਂ ਦੇ ਇਸ ਸੰਕੋਚ ਕਾਰਨ ਉਨ੍ਹਾਂ ਨੂੰ ਮਾਨਸਕ ਕਲੇਸ਼ਾਂ ਤੋਂ ਛੁਟਕਾਰਾ ਨਹੀਂ ਮਿਲਦਾ। ਇਨ੍ਹਾਂ ਭਾਗਹੀਨ ਸੋਫੀਆਂ ਦੀ ਤਰਸਯੋਗ ਹਾਲਤ ਤੋਂ ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੀਤਲਤਾ ਦੇ ਸੋਮੇ ਦੇ ਪਾਸ ਬੈਠੇ ਹੋਏ ਵੀ ਤ੍ਰਿਸ਼ਨਾ-ਅੱਗ ਨਾਲ ਝੁਲਸਦੇ ਰਹਿੰਦੇ ਹਨ। ਇਨ੍ਹਾਂ ਦੀ ਹਾਲਤ ਉਸ ਹਿਰਨ ਵਰਗੀ ਹੋ ਜਾਂਦੀ ਹੈ ਜਿਸ ਨੂੰ ਆਪਣੀ ਹੀ ਨਾਭੀ ਵਿੱਚ ਕਸਤੂਰੀ ਦੀ ਖ਼ਬਰ ਨਾ ਹੋਣ ਕਾਰਨ, ਕਸਤੂਰੀ ਦੀ ਭਾਲ ਵਿੱਚ ਬਾਹਰ ਭਟਕਦਾ ਫਿਰਦਾ ਹੈ: ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ॥ (ਪੰਨਾ 644) ਇਹੋ ਜੇਹੇ ਸੂਫੀ ਨਦੀ ਕੰਢੇ ਬੈਠੇ ਹੋਏ ਵੀ ਪਿਆਸ ਨਾਲ ਵਿਆਕੁਲ ਹੁੰਦੇ ਹਨ, ਪਰੋਸਿਆ ਹੋਇਆ ਥਾਲ ਇਨ੍ਹਾਂ ਦੇ ਅੱਗੇ ਰੱਖਿਆ ਹੁੰਦਾ ਹੈ ਪਰ ਖਾਣ ਤੋਂ ਸੰਕੋਚ ਕਰਨ ਕਰ ਕੇ ਭੁੱਖ ਦਾ ਦੁੱਖ ਸਹਿੰਦੇ ਹਨ। ਗਿਆਨ ਦੀ ਪੰਡ ਸਿਰ ਉੱਤੇ ਚੁੱਕੀ ਹੋਈ ਹੁੰਦੀ ਹੈ ਪਰ ਇਸ ਤੋਂ ਲਾਭ ਉਠਾਉਣ ਦੀ ਬਜਾਏ ਉਲਟਾ ਇਸ ਦੇ ਭਾਰ ਦਾ ਕਸ਼ਟ ਹੀ ਸਹਾਰਦੇ ਹਨ। ਆਮ ਲੋਕਾਈ ਨੂੰ ਆਤਮਕ ਅੰਧਕਾਰ ਵਿਚੋਂ ਬਾਹਰ ਕੱਢਣ ਦਾ ਉਪਕਾਰ ਕਰਦੇ ਹੋਏ ਆਪ ਇਸ ਅੰਧਕਾਰ ਦਾ ਸ਼ਿਕਾਰ ਹੋਣ ਕਾਰਨ ਮਾਇਆ ਦੇ ਹੱਥੋਂ ਜ਼ਲੀਲ ਹੁੰਦੇ ਰਹਿੰਦੇ ਹਨ। ਹੋਰਨਾਂ ਨੂੰ ਹਿਰਦੇ – ਘਰ ਦੀ ਰਖਵਾਲੀ ਦਾ ਹੋਕਾ ਦੇ ਰਿਹਾਂ ਨੂੰ ਆਪਣੇ ਹਿਰਦੇ –ਘਰ ਦੇ ਲੁਟੇ ਜਾਣ ਦੀ ਖ਼ਬਰ ਹੀ ਨਹੀਂ ਹੁੰਦੀ। ਹਜ਼ੂਰ ਅਜਿਹੇ ਸੋਫੀਆਂ ਦੀ ਤਰਸਯੋਗ ਹਾਲਤ ਦਾ ਵਰਣਨ ਕਰਦਿਆਂ ਕਹਿੰਦੇ ਹਨ: ਪੜਿ ਪੰਡਿਤੁ ਅਵਰਾ ਸਮਝਾਏ॥ ਘਰ ਜਲਤੇ ਕੀ ਖਬਰਿ ਨ ਪਾਏ॥ (ਪੰਨਾ 1046) ਅਰਥ: ਹੇ ਭਾਈ! ਪੰਡਿਤ (ਧਰਮ ਪੁਸਤਕਾਂ) ਪੜ੍ਹ ਕੇ ਹੋਰਨਾਂ ਨੂੰ ਮੱਤਾਂ ਦੇਂਦਾ ਹੈ, ਪਰ (ਮਾਇਆ ਦੀ ਤ੍ਰਿਸ਼ਨਾ-ਅੱਗ ਨਾਲ ਆਪਣਾ ਹਿਰਦਾ-) ਘਰ ਸੜ ਰਹੇ ਦਾ ਉਸ ਨੂੰ ਪਤਾ ਹੀ ਨਹੀਂ ਲੱਗਦਾ।

ਇਸ ਸ਼੍ਰੇਣੀ ਦੇ ਸੂਫੀ ਅਜਿਹੇ ਪਰਉਪਕਾਰੀ (?) ਹੁੰਦੇ ਹਨ ਕਿ ਜਿਸ ਵਸਤੂ ਨੂੰ ਅੰਮ੍ਰਿਤ ਆਖ ਕੇ ਦੂਜਿਆਂ ਨੂੰ ਛਕਣ ਲਈ ਪ੍ਰੇਰਦੇ ਹਨ ਆਪ ਉਨ੍ਹਾਂ ਨੂੰ ਇਹ ਬਿਲਕੁਲ ਹੀ ਸਵਾਦ ਨਹੀਂ ਲਗਦਾ। ਹੋਰਨਾਂ ਦੇ ਘਰ ਬਚਾਉਂਦੇ ਹੋਏ ਆਪਣਾ ਸਭ ਕੁੱਝ ਲੁਟਾ ਬੈਠਦੇ ਹਨ: ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ॥ ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ॥ (ਪੰਨਾ 1369) ਅਰਥ: ਹੇ ਕਬੀਰ! ਜੋ (‘ਸਾਧ’ ਨਿਰਾ) ਹੋਰਨਾਂ ਨੂੰ ਮੱਤਾਂ ਦੇਂਦੇ ਹਨ, ਪਰ ਉਹਨਾਂ ਦੇ ਆਪਣੇ ਅੰਦਰ ਕੋਈ ਰਸ ਨਹੀਂ ਆਉਂਦਾ। ਅਜੇਹੇ (‘ਸਾਧ’) ਹੋਰਨਾਂ ਦੀ ਰਾਸ-ਪੂੰਜੀ ਦੀ ਤਾਂ ਰਾਖੀ ਕਰਨ ਦਾ ਜਤਨ ਕਰਦੇ ਹਨ, ਪਰ ਆਪਣੇ ਪਿਛਲੇ ਸਾਰੇ ਗੁਣ ਮੁਕਾ ਲੈਂਦੇ ਹਨ।

ਪਰੰਤੂ ਕੇਵਲ ਹੋਰਨਾਂ ਨੂੰ ਮੱਤਾਂ ਦੇਣ ਨਾਲ ਹੀ ਆਪਣੇ ਆਤਮਕ ਗੁਣਾਂ ਦੀ ਰਾਸ ਪੂੰਜੀ ਨੂੰ ਨਹੀਂ ਬਚਾ ਸਕੀਦਾ ਹੈ। ਆਪਣੀ ਇਸ ਰਾਸ –ਪੂੰਜੀ ਨੂੰ ਬਚਾਉਣ ਲਈ ਆਪ ਹੰਭਲਾ ਮਾਰਨ ਦੀ ਲੋੜ ਹੁੰਦੀ ਹੈ।

ਆਤਮਕ ਗੁਣਾਂ ਨੂੰ ਵਿਕਾਰਾਂ ਹੱਥੋਂ ਲੁਟਾਉਣ ਕਾਰਨ ਅਜਿਹੇ ਸੋਫੀਆਂ ਦੇ ਮਨ ਵਿੱਚ ਲੋਭ, ਹੰਕਾਰ ਆਦਿ ਦਾ ਹੀ ਬੋਲ ਬਾਲਾ ਰਹਿੰਦਾ ਹੈ। ਉਨ੍ਹਾਂ ਦਾ ਮਨ ਸਥਿਰ ਨਹੀਂ ਰਹਿੰਦਾ। ਆਤਮਕ ਗਿਆਨ ਦੀਆਂ ਗੱਲਾਂ ਆਤਮਕ ਮੰਡਲ ਵਿੱਚ ਉਡਾਰੀਆਂ ਮਾਰਦਿਆਂ ਹੋਇਆਂ ਵੀ ਉਨ੍ਹਾਂ ਦੀਆਂ ਨਜ਼ਰਾਂ ਵਿਕਾਰਾਂ ਦੀ ਗੰਦਗੀ ਦੇ ਢੇਰ `ਤੇ ਹੀ ਟਿਕੀਆਂ ਰਹਿੰਦੀਆਂ ਹਨ। ਅਜਿਹੀ ਰੁਚੀ ਮਨ, ਬਚਨ ਕਰਮ ਦੁਆਰਾ ਪ੍ਰਗਟ ਹੋ ਹੀ ਜਾਂਦੀ ਹੈ: ਜਗੁ ਕਊਆ ਮੁਖਿ ਚੁੰਚ ਗਿਆਨੁ॥ ਅੰਤਰਿ ਲੋਭੁ ਝੂਠੁ ਅਭਿਮਾਨੁ॥ ਬਿਨੁ ਨਾਵੈ ਪਾਜੁ ਲਹਗੁ ਨਿਦਾਨਿ॥॥ (ਪੰਨਾ 832) ਅਰਥ: ਹੇ ਭਾਈ! ਮਾਇਆ – ਵੇੜ੍ਹਿਆ ਮਨੁੱਖ ਕਾਂ (ਵਾਂਗ ਲੌਂ ਲੌਂ ਕਰਨ ਵਾਲਾ) ਹੈ (ਨਿਰਾ) ਮੁੰਹੋਂ ਜ਼ਬਾਨੀ ਜ਼ਬਾਨੀ ਆਤਮਕ ਜੀਵਨ ਦੀ ਸੂਝ (ਦੱਸਦਾ ਰਹਿੰਦਾ ਹੈ, ਜਿਵੇਂ ਕਾਂ ਆਪਣੀ ਚੁੰਝ ਨਾਲ ਕਾਂ ਕਾਂ ਕਰਦਾ ਹੈ)। (ਪਰ ਉਸ ਚੁੰਚ – ਗਿਆਨੀ ਦੇ) ਮਨ ਵਿੱਚ ਲੋਭ (ਟਿਕਿਆ ਰਹਿੰਦਾ) ਹੈ, ਅਹੰਕਾਰ (ਟਿਕਿਆ ਰਹਿੰਦਾ) ਹੈ। ਹੇ ਭਾਈ! ਨਾਮ ਤੋਂ ਵਾਂਜੇ ਰਹਿ ਕੇ ਇਹ ਧਾਰਮਿਕ ਵਿਖਾਵਾ ਆਖ਼ਰ ਉੱਘੜ ਹੀ ਜਾਂਦਾ ਹੈ।

ਭਾਈ ਗੁਰਦਾਸ ਇਸ ਸੱਚ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ: ਰਤਨ ਮਣੀ ਗਲਿ ਬਾਂਦਰੈ ਕਿਹੁ ਕੀਮ ਨ ਜਾਣੈ॥ ਕੜਛੀ ਸਾਉ ਨ ਸੰਮਲ੍ਹੈ ਭੋਜਨ ਰਸੁ ਖਾਣੈ॥ ਡਡੂ ਚਿਕੜਿ ਵਾਸੁ ਹੈ ਕਵਲੈ ਨ ਸਿਞਾਣੈ॥ ਨਾਭਿ ਕਥੂਰੀ ਮਿਰਗ ਦੈ ਫਿਰਦਾ ਹੈਰਾਣੈ॥ ਗੁਜਰੁ ਗੋਰਸੁ ਵੇਚਿ ਕੈ ਖਲਿ ਸੂੜੀ ਆਣੈ॥ ਬੇਮੁਖ ਮੂਲਹੁ ਘੁਥਿਆ ਦੁਖ ਸਹੈ ਜਮਾਣੈ॥ (ਵਾਰ 34, ਪਉੜੀ 4)

ਅਰਥ: ਬਾਂਦਰ ਦੇ ਗਲ ਵਿਖੇ ਰਤਨਾਂ ਦੀ ਮਣੀ (ਪਾਈਏ) ਉਹ ਕੁੱਝ ਮੁੱਲ ਨਹੀਂ ਜਾਣਦਾ, (ਭਾਰ ਹੀ ਗੱਲ ਵਿਖੇ ਸਮਝਕੇ ਸਿੱਟ ਦੇਂਦਾ ਹੈ) ਕੜਛੀ ਸੁਆਦ ਨਹੀਂ ਲੈਂਦੀ (ਭਾਵੇਂ) ਕਈ ਪ੍ਰਕਾਰ ਦੇ ਭੋਜਨਾਂ ਅਰ ਖਾਣਿਆਂ ਦੇ ਰਸਾਂ (ਸੁਆਦਾਂ ਵਿਖੇ ਫਿਰਦੀ ਹੈ)। ਡਡੂ ਦਾ ਚਿੱਕੜ ਵਿਖੇ ਨਿਵਾਸ ਹੈ, (ਪਰੰਤੂ ਉਥੇ ਹੀ) ਕਵਲ (ਹੁੰਦਾ ਹੈ) ਸਿਞਾਣ ਨਹੀਂ ਕਰਦਾ, (ਸਿਵਾਲ ਵਿੱਚ ਹੀ ਮਸਤ ਰਹਿੰਦਾ ਹੈ)। ਮਿਰਗ ਦੀ ਨਾਭੀ ਵਿਖੇ ਹੀ ਕਸਤੂਰੀ ਹੈ, ਹੈਰਾਨ ਹੋਇਆ ਲੱਭਦਾ ਫਿਰਦਾ ਹੈ (ਕਿ ਕਿਧਰੋਂ ਸਗੰਧੀ ਆ ਰਹੀ ਹੈ, ਆਪਣੀ ਨਾਭੀ ਵਲ ਧਿਆਨ ਨਹੀਂ ਦਿੰਦਾ, ਗੁੱਜਰ ਦੁੱਧ ਵੇਚਕੇ ਖਲ ਅਤੇ ਛਾਣ ਬੂਰਾ ਲੈ ਆਉਂਦਾ ਹੈ। (ਤਿਵੇਂ ਬੇਮੁਖ ਮੂਲ ਥੋਂ ਭੁਲਿਆ ਹੋਇਆ ਅੰਤ ਨੂੰ ਜਮਾਂ ਦੇ ਕਸ਼ਟ ਪਿਆ ਸਹਾਰਦਾ ਹੈ। ਨੋਟ: ਵਿਕਾਰਾਂ ਦੇ ਢਹੇ ਚੜ੍ਹ ਕੇ ਸ਼ੁਭ ਗੁਣਾਂ ਦੀ ਰਾਸ - ਪੂੰਜੀ ਲੁਟਾ ਕੇ ਤ੍ਰਿਸ਼ਨਾ, ਈਰਖਾ ਆਦਿ ਵਿੱਚ ਸੜਦੇ ਬਲਦੇ ਰਹਿਣਾ ਹੀ ਜਮਾਂ ਦੇ ਕਸ਼ਟ ਸਹਾਰਨਾ ਹੈ।

ਭਾਈ ਗੁਰਦਾਸ ਜੀ 39ਵੀਂ ਵਾਰ ਦੀ 8ਵੀਂ ਪਉੜੀ ਵਿੱਚ ਲਿਖਦੇ ਹਨ:

ਚਾਕਰ ਅਮਲੀ ਸੋਫੀਆਂ ਪਾਤਿਸਾਹ ਦੀ ਚਉਕੀ ਆਏ॥ ਹਾਜਰ ਹਾਜਰਾਂ ਲਿਖੀਅਨਿ ਗੈਰ ਹਾਜਰ ਗੈਰ-ਹਾਜਰ ਲਾਏ॥ ਲਾਇਕ ਦੇ ਵਿਚਾਰਿ ਕੈ ਵਿਰਲੈ ਮਜਲਸ ਵਿਚਿ ਸਦਾਏ॥ ਪਾਤਿਸਾਹੁ ਹੁਸਿਆਰ ਮਸਤ ਖੁਸ਼ ਫਹਿਮੀ ਦੋਵੈ ਪਰਚਾਏ॥ ਦੇਨਿ ਪਿਆਲੇ ਅਮਲੀਆਂ ਸੋਫੀ ਸਭਿ ਪੀਆਵਣ ਲਾਏ॥ ਮਤਵਾਲੇ ਅਮਲੀ ਹੋਏ ਪੀ ਪੀ ਚੜ੍ਹੇ ਸਹਜਿ ਘਰਿ ਆਏ॥ ਸੂਫੀ ਮਾਰਨਿ ਟਕਰਾਂ ਪੂਜ ਨਿਵਾਜੈ ਸੀਸ ਨਿਵਾਏ॥ ਵੇਦ ਕਤੇਬ ਅਜਾਬ ਵਿਚਿ ਕਰਿ ਕਰਿ ਖੁਦੀ ਬਹਸ ਬਹਸਾਏ॥ ਗੁਰਮੁਖਿ ਸੁਖਫਲੁ ਵਿਰਲਾ ਪਾਏ॥

ਅਰਥ: ਅਮਲੀ ਅਤੇ ਸੋਫੀ ਦੋਵੇਂ ਚਾਕਰ ਪਾਤਸ਼ਾਹ ਦੇ ਪਹਿਰੇ ਵਿੱਚ ਬੁਲਾਏ ਗਏ। ਜੋ ਹਾਜ਼ਰ ਸਨ ਹਾਜ਼ਰ ਲਿਖੇ ਅਰ ਜੋ ਗ਼ੈਰ ਹਾਜ਼ਰ ਸਨ ਗ਼ੈਰ ਹਾਜ਼ਰ ਦਰਜ ਕੀਤੇ (ਸਨਮੁਖ ਹਾਜ਼ਰ, ਤੇ ਬੇਮੁਖ ਗ਼ੈਰ ਹਾਜ਼ਰ। ਜੋ ਹਰ ਦਮ ਹਜ਼ੂਰੀ ਵਿੱਚ ਹਨ ਸੋ ਹਾਜ਼ਰ, ਜੋ ਵਿਸਾਰੇ ਵਿੱਚ ਹਨ ਚਾਹੇ ਗਯਾਨੀ ਹਨ, ਗ਼ੈਰ ਹਾਜ਼ਰ ਹਨ। ‘ਦੁਖ ਘਨੋ ਜਬ ਹੋਤੇ ਦੂਰਿ॥ ਅਬ ਮਸਲਤਿ ਮੋਹਿ ਮਿਲੀ ਹਦੂਰਿ)। (ਉਨ੍ਹਾਂ ਵਿਚੋਂ ਜੋ ਚੰਗੇ) ਲਾਇਕ ਹਨ ਓਹ ਚੋਣਵੇਂ ਵੀਚਾਰ ਕੇ ਸਭਾ ਵਿਖੇ ਬੁਲਾਏ ਗਏ, (ਭਾਵ ਸਨਮੁਖਾਂ ਵਿਚੋਂ ਗੁਰਮੁਖ ਚੁਣੇ ਗਏ)। ਪਾਤਸ਼ਾਹ ਹੁਸ਼ਿਆਰ (ਹੈ ਉਸ ਨੇ) ਮਸਤ ਤੇ ਖੁਸ਼ ਫਹਮੀ ਦੋਵੇਂ ਪਰਚਾ ਦਿੱਤੇ (ਭਾਵ ਦੁਹਾਂ ਨੂੰ ਪ੍ਰੇਮ ਦਾ ਪਿਆਲਾ ਦਿੱਤਾ ਗਿਆ)। ਅਮਲੀਆਂ ਨੂੰ (ਪ੍ਰੇਮ) ਪਿਆਲੇ ਪਿਆਵਣ ਲਈ ਸੋਫੀਆਂ ਨੂੰ ਲਾਇਆ, (ਭਾਵ ਪੰਡਤ ਮੁੱਲਾਂ ਭਾਈ ਪਰਮੇਸੁਰ ਦਾ ਕਥਾ ਕੀਰਤਨ ਸੁਣਾਉਂਦੇ ਹਨ ਤੇ ਪ੍ਰੇਮੀ ਸੁਣ ਕੇ ਅਨੁਭਵ ਕਰਦੇ ਹਨ)। ਮਤਵਾਲੇ ਪੀ ਪੀ ਕੇ ਅਮਲੀ ਹੋ ਗਏ, (ਸਹਿਜ ਘਰ) ਪਰਮਾਤਮਾਂ ਦੇ ਘਰ ਵਿਖੇ ਜਾ ਵਿਰਾਜੇ। (ਅਰ ਜੋ) ਸੋਫੀ (ਹੀ ਰਹੇ ਲੋਕਾਂ ਨੂੰ ਦਿੰਦੇ ਰਹੇ ਪਰ ਆਪ ਪਿਆਲਾ ਨਾ ਪੀਤਾ) ਓਹ ਟਕਰਾਂ ਮਾਰ ਮਾਰ ਕੇ ਪੂਜਾ ਅਰ ਨਿਮਾਜ਼ਾਂ ਵਿੱਚ ਮੱਥੇ ਭੰਨਣ ਲੱਗੇ। ਵੇਦਾਂ (ਅਰ ਸ਼ਰੀਅਤ ਆਦਿ) ਕਿਤਾਬਾਂ ਦੇ ਦੁਖ ਵਿਖੇ ਹੰਕਾਰ ਦੇ ਭਰੇ ਹੋਏ ਜਿਦਾਂ ਤੇ ਝਗਿੜਆਂ ਵਿੱਚ ਝਗੜਦੇ ਰਹਿ ਗਏ। ਵਿਰਲਾ (ਕੋਈ, ਜੋ) ਗੁਰਮੁਖ (ਹੋਵੇ ਸੋ) ਸੁਖ ਫਲ ਪਾਉਂਦਾ ਹੈ।

ਸੱਚ ਦੀ ਭਾਲ ਵਿੱਚ ਇਹੋ ਜੇਹੇ ਸੋਫੀਆਂ ਦੀ ਇਹੋ ਜੇਹੀ ਰਹਿਣੀ ਤੋਂ ਹੀ ਨਿਰਾਸ਼ ਹੋਏ ਭੱਟ ਭਿਖਾ ਜੀ ਕਹਿੰਦੇ ਹਨ:

ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥ ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ॥ ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ॥ ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ॥ (ਪੰਨਾ 1396) ਅਰਥ: ਮੈਂ ਸੰਤਾਂ ਨੂੰ ਟੋਲਦਾ ਟੋਲਦਾ ਥੱਕ ਗਿਆ ਹਾਂ, ਮੈਂ ਕਈ ਸਾਧ (ਭੀ) ਵੇਖੇ ਹਨ, ਕਈ ਸੰਨਿਆਸੀ, ਕਈ ਤਪੱਸਵੀ ਤੇ ਕਈ ਇਹ ਮੂੰਹੋਂ-ਮਿੱਠੇ ਪੰਡਿਤ (ਭੀ) ਵੇਖੇ ਹਨ। ਮੈਂ ਇੱਕ ਸਾਲ ਫਿਰਦਾ ਰਿਹਾ ਹਾਂ, ਕਿਸੇ ਨੇ ਮੇਰੀ ਨਿਸ਼ਾ ਨਹੀਂ ਕੀਤੀ; ਸਾਰੇ (ਮੂੰਹੋਂ) ਆਖਦੇ ਹੀ ਆਖਦੇ (ਭਾਵ, ਹੋਰਨਾਂ ਨੂੰ ਉਪਦੇਸ਼ ਕਰਦੇ ਹੀ) ਸੁਣੇ ਹਨ, ਪਰ ਕਿਸੇ ਦੀ ਰਹਤ ਵੇਖ ਕੇ ਮੈਨੂੰ ਆਨੰਦ ਨਹੀਂ ਆਇਆ।

ਗੁਰੂ ਗ੍ਰੰਥ ਸਾਹਿਬ ਵਿੱਚ ਜਦ ਆਤਮਕ ਮੌਤ ਦਾ ਸ਼ਿਕਾਰ ਹੋਏ ਪ੍ਰਾਣੀਆਂ ਦੀ ਗੱਲ ਕੀਤੀ ਗਈ ਹੈ ਤਾਂ ਇਸ ਵਿੱਚ ਅਜਿਹੇ ਸੋਫੀਆਂ ਦੀ ਵੀ ਗਿਣਤੀ ਕੀਤੀ ਗਈ ਹੈ:

ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ॥ (ਪੰਨਾ 655) ਅਰਥ: ਸਾਰੇ ਜਗਤ ਉੱਤੇ ਕਾਲ ਦਾ ਸਹਿਮ ਪਿਆ ਹੋਇਆ ਹੈ, ਭਰਮੀ ਗਿਆਨੀ ਭੀ ਉਸੇ ਹੀ ਲੇਖੇ ਵਿਚ ਲਿਖੇ ਗਏ ਹਨ (ਉਹ ਭੀ ਮੌਤ ਦੇ ਸਹਿਮ ਵਿਚ ਹੀ ਹਨ) ।

ਇਸ ਤਰ੍ਹਾਂ ਦੇ ਸੋਫੀ ਚੂੰਕਿ ਦੂਜਿਆਂ ਨੂੰ ਹੀ ਗਿਆਨਵਾਨ ਬਣਾਉਣ ਵਿੱਚ ਵਿਸ਼ਵਾਸ ਰੱਖਦੇ ਹਨ, ਇਸ ਲਈ ਆਪ ਉਹ ਅਗਿਆਨੀ ਹੀ ਰਹਿੰਦੇ ਹਨ। ਦੂਜਿਆਂ ਨੂੰ ਅੰਮ੍ਰਿਤ ਭੋਜਨ ਛਕਾਉਂਣ ਵਿੱਚ ਹੀ ਇਤਨੇ ਤੱਤਪਰ ਰਹਿੰਦੇ ਹਨ ਕਿ ਉਨ੍ਹਾਂ ਨੂੰ ਆਪ ਛੱਕਣ ਦੀ ਫੁਰਸਤ ਹੀ ਨਹੀਂ ਮਿਲਦੀ। ਉਨ੍ਹਾਂ ਨੂੰ ਇਸ ਵਿੱਚ ਹੀ ਇਤਨਾ ਰਸ ਆਉਂਦਾ ਹੈ ਕਿ ਉਹ ਪ੍ਰਭੂ/ਗੁਰੂ ਪਿਆਰ ਵਿੱਚ ਵਿਚਰਨ ਦੇ ਅਨੰਦ ਬਾਰੇ ਸੋਚਦੇ ਹੀ ਨਹੀ। ਇਸ ਮਸਰੂਫ਼ੀਅਤ (ਮਾਨੁਖੁ ਕਥੈ ਕਥਿ ਲੋਕ ਸੁਨਾਵੈ ਜੋ ਬੋਲੈ ਸੋ ਨ ਬੀਚਾਰੇ॥ ਪੰਨਾ 981) ਕਾਰਨ ਉਹ ਆਪਾ ਭਾਵ ਮਿਟਾ ਕੇ ਪ੍ਰਭੂ ਦੀ ਰਜ਼ਾ ਵਿੱਚ ਵਿਚਰਨ ਦੇ ਅਕਹਿ ਰਸ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਭਾਈ ਗੁਰਦਾਸ ਇਸ ਤਰ੍ਹਾਂ ਦਾ ਉਦਮ ਕਰਨ ਵਾਲਿਆਂ ਬਾਰੇ ਲਿਖਦੇ ਹਨ: - ਜੈਸੇ ਮਾਲਾ ਮੇਰ ਪੋਈਅਤ ਸਭ ਊਪਰ ਕੈ। ਸਿਮਰਨ ਸੰਖਯਾ ਮੈ ਨ ਆਵਤ ਬਡਾਈ ਕੈ। ਜੈਸੇ ਬਿਰਖਨ ਬਿਖੈ ਪੇਖੀਐ ਸੇਬਲ ਊਚੋ ਨਿਹਫਲ ਸੋਊ ਅਤਿ ਅਧਿਕਾਰੀ ਕੈ। ਜੈਸੇ ਚੀਲ ਪੰਛੀਨ ਮੈ ਉਡਤ ਅਕਾਸ਼ਚਾਰੀ। ਹੇਰੇ ਮ੍ਰਿਤ ਪਿੰਜਰਨ ਊਚੈ ਮਤੁ ਪਾਈ ਕੈ। ਜੈਸੇ ਗਾਇਬੋ ਬਜਾਇਬੋ ਸੁਨਾਇਬੋ ਨ ਕਛੂ ਤੈਸੇ। ਗੁਰ ਉਪਦੇਸ ਬਿਨਾ ਧ੍ਰਿਗ ਚਤੁਰਾਈ ਕੈ॥ ਅਰਥ: ਜਿਵੇਂ ਮਾਲਾ ਦਾ ਸ਼ਿਰੋਮਣੀ ਮਣਕਾ ਸਭ ਤੋਂ ਉਤੇ ਪਰੋਈਦਾ ਹੈ, ਪਰ (ਉੱਚੇ ਹੋਣ ਦੀ) ਵਡਾਈ ਕਾਰਨ (ਉਹ) ਸਿਮਰਨ ਦੀ ਗਿਣਤੀ ਵਿੱਚ ਨਹੀਂ ਆਉਂਦਾ। ਜਿਵੇਂ ਬ੍ਰਿਛਾਂ ਵਿਚੋਂ ਸਿੰਬਲ ਬ੍ਰਿਛ ਉੱਚਾ ਵੇਖੀਦਾ ਹੈ, ਪਰ ਅਤਿ ਵਿਸਥਾਰ ਵਾਲਾ ਵੱਡਾ ਹੋਣ ਕਾਰਨ ਉਹ ਨਿਕੰਮੇ ਫਲਾਂ ਵਾਲਾ ਹੁੰਦਾ ਹੈ (ਭਾਵ, ਉਸ ਦੇ ਫਲ ਕਿਸੇ ਦੇ ਕੰਮ ਨਹੀਂ ਆਉਂਦੇ)। ਜਿਵੇਂ ਪੰਛੀਆਂ ਵਿਚੋਂ ਉੱਚੇ ਆਕਾਸ਼ਾਂ ਵਿੱਚ ਉਡਣ ਵਾਲਾ ਪੰਛੀ ਚੀਲ ਹੈ, ਪਰ (ਉੱਚੇ ਉਡਦਿਆਂ ਉਹ) ਮੁਰਦਾਰ ਹੀ ਵੇਖਦੀ ਹੈ। ਉਸ ਦੀ ਉੱਚੇ ਆਕਾਸ਼ਾਂ ਵਿੱਚ ਉਡਣ ਵਾਲੀ ਪਾਈ ਮਤਿ ਕਿਸ ਕੰਮ? ਇਸੇ ਤਰ੍ਹਾਂ ਸਤਿਗੁਰੂ ਦੇ ਉਪਦੇਸ਼ (ਗੁਰੂ ਦੀ ਮਤਿ ਧਾਰਨ ਕੀਤੇ) ਬਿਨਾਂ ਹੰਕਾਰ ਭਰੀ (ਉੱਚੀ) ਚਤੁਰਾਈ ਧ੍ਰਿਕਾਰ ਯੋਗ ਹੈ। (ਅਜਿਹੇ ਪ੍ਰਾਣੀ ਦਾ ਉੱਚੀ ਉੱਚੀ) ਗਾਉਣਾ, ਵਜਾਉਣਾ ਤੇ (ਦੂਜਿਆਂ ਨੂੰ ਉਪਦੇਸ਼ ਵਜੋਂ) ਸੁਣਾਉਣਾ ਕੁੱਝ ਵੀ ਅਰਥ ਨਹੀਂ ਰਖਦਾ।

ਇਨ੍ਹਾਂ ਦੀ ਅਜਿਹੀ ਸੇਵਾ (?) ਦੀ ਬਦੌਲਤ ਹੀ ਗੁਰੂ ਪਿਆਰ ਵਿੱਚ ਭਿੱਜੀਆਂ ਰੂਹਾਂ ਇਨ੍ਹਾਂ ਦਾ ਸਨਮਾਨ ਕਰਦੀਆਂ ਹਨ। ਭਾਈ ਗੁਰਦਾਸ ਜੀ ਇਸ ਸਬੰਧ ਵਿੱਚ ਲਿਖਦੇ ਹਨ: ਜੈਸੇ ਖਰ ਬੋਲ ਸੁਨਿ ਸਗੁਨੀਆਂ ਮਾਨ ਲੇਤ, ਗੁਨ ਅਵਗੁਨ ਤਾਂ ਕੋ ਕਛੂ ਨ ਬਿਚਾਰ ਹੀ। ਜੈਸੇ ਮ੍ਰਿਗ ਨਾਦ ਸੁਨਿ ਸਹੈ ਸਨਮੁਖ ਬਾਨ, ਪ੍ਰਾਨ ਦੇਤ ਬਧਿਕ ਬਿਰਦੁ ਨ ਸਮਾਰਹੀ। ਸੁਨਤ ਜੁਝਾਉ ਜੈਸੇ ਜੂਝੈ ਜੋਧਾ ਜੁਧ ਸਮੈ, ਢਾਡੀ ਕੋ ਨ ਬਰਨ ਚਿਹਨ ਉਰ ਧਾਰ ਹੀ। ਤੈਸੇ ਗੁਰ ਸਬਦ ਸੁਨਾਇ ਗਾਇ ਸਿਖ ਠਗੋ, ਭੇਖ –ਧਾਰੀ ਜਾਨਿ ਮੋਹਿ ਮਾਰਿ ਨ ਬਿਡਾਰਹੀ। ਅਰਥ: ਜਿਵੇਂ ਸਗਨ ਅਪਸਗਨ ਮੰਨਣ ਵਾਲਾ ਖੋਤੇ ਦਾ ਹੀਂਗਣ ਸੁਣ ਕੇ ਸਗਨ ਮੰਨ ਲੈਂਦਾ ਹੈ ਅਤੇ ਉਸ ਖੋਤੇ ਦੇ ਕਿਸੇ ਗੁਣ ਔਗੁਣ ਨੂੰ ਨਹੀਂ ਵਿਚਾਰਦਾ। ਜਿਵੇਂ ਹਿਰਨ ਸ਼ਿਕਾਰੀ ਵਲੋਂ ਕੀਤੇ ਜਾ ਰਹੇ ਘੰਡੇ ਹੇੜੇ ਦਾ ਸ਼ਬਦ ਸੁਣ ਕੇ ਉਸ ਧੁਨੀ `ਤੇ ਲੱਟੂ ਹੋ ਕੇ ਉਧਰ ਧਾ ਕੇ ਜਾਂਦਾ ਹੈ, ਅਤੇ ਸਾਹਮਣੇ ਤੋਂ ਸ਼ਿਕਾਰੀ ਦਾ ਮਾਰੂ ਤੀਰ ਸਹਿੰਦਾ ਹੈ, ਆਪਣੇ ਪ੍ਰਾਣ ਦੇ ਦੇਂਦਾ ਹੈ, ਪਰ ਸ਼ਿਕਾਰੀ ਦੇ ਮਾਰੂ ਸੁਭਾਵ ਨੂੰ ਨਹੀਂ ਚਿਤਾਰਦਾ। ਜਿਵੇਂ ਸੂਰਬੀਰ ਜੋਧਾ ਜੁੱਧ ਸਮੇਂ ਜੰਗੀ ਵਾਜਾ ਸੁਣ ਕੇ ਜੋਸ਼ ਵਿੱਚ ਜੂਝ ਮਰਦਾ ਹੈ, ਪਰ ਵਾਜਾ ਵਜਾਉਣ ਵਾਲੇ ਢਾਡੀ ਦੇ ਰੂਪ ਰੰਗ ਨੂੰ ਹਿਰਦੇ ਵਿੱਚ ਨਹੀਂ ਲਿਆਂਦਾ। ਇਸੇ ਤਰ੍ਹਾਂ ਮੈਂ ਪਾਖੰਡੀ ਅੰਦਰੋਂ ਹੋਰ ਤੇ ਬਾਹਰੋਂ ਹੋਰ ਹਾਂ, ਗੁਰਸਿੱਖਾਂ ਨੁੰ ਗੁਰੂ-ਸ਼ਬਦ/ਗੁਰਬਾਣੀ ਸੁਣਾ ਕੇ ਤੇ ਗਾ ਕੇ ਠਗਦਾ ਹਾਂ, ਪਰ ਗੁਰ-ਸ਼ਬਦ/ਗੁਰਬਾਣੀ ਦੇ ਰਸੀਏ ਗੁਰਸਿੱਖ ਉੱਤਮ ਸੁਭਾਵ ਕਰਕੇ ਮੈਂਨੂੰ ਭੇਖਧਾਰੀ ਜਾਣ ਕੇ ਵੀ ਮਾਰ ਕੇ ਪਰੇ ਨਹੀਂ ਕਰਦੇ।

ਜਸਬੀਰ ਸਿੰਘ ਵੈਨਕੂਵਰ




.