.

ਨਾਮ ਕੀ ਹੈ ਤੇ ਨਾਮ ਸਿਮਰਨ ਕੀ ਹੈ

(ਭਾਗ ਦੂਜਾ)

ਅਸੀਂ ਵਿਚਾਰ ਕਰ ਚੁਕੇ ਹਾਂ ਕਿ ਅਸੀਂ ਸੰਸਾਰੀ ਪੜਾਈ ਤੇ ਅਕਲ ਨਾਲ ਗੁਰਬਾਣੀ ਵਿਚਾਰ ਕਰ ਸਕਦੇ ਹਾਂ ਤੇ ਗੁਰਮਤਿ ਜੀਵਨ ਜਾਚ ਸਿਖ ਸਕਦੇ ਹਾਂ। ਸਤਿਗੁਰੂ ਦਾ ਉਪਦੇਸ਼ ਵੀ ਸਮਝ ਸਕਦੇ ਹਾਂ। ਪਰ ਇਸ ਤਰਾਂ ਅਸੀਂ ਬ੍ਰਹਮ ਵਿਚਾਰ, ਬ੍ਰਹਮ ਦਾ ਗਿਆਨ ਹਾਸਲ ਨਹੀਂ ਕਰ ਸਕਦੇ।

ਬ੍ਰਹਮ/ਨਾਮ ਦੀ ਸੂਝ, ਬੂਝ, ਵਿਚਾਰ, ਗਿਆਨ ਹਾਸਲ ਕਰਨ ਲਈ ਜ਼ਰੁਰੀ ਹੈ ਕਿ ਗੁਰਸਿਖ ਪੂਰੇ ਸਤਿਗੁਰੂ ਤੋਂ ਗੁਰਉਪਦੇਸ/ਦੀਖਿਆ ਲਵੇ ਤੇ ਗੁਰਬਾਣੀ ਦੇ ਹੁਕਮਾਂ ਅਨੁਸਾਰ ਨਾਮ ਜਪੇ।

ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸਬਦਿ ਰਤੇ ਰੰਗੁ ਲਾਏ॥

ਪਵਿਤੁ ਪਾਵਨ ਸੇ ਜਨ ਨਿਰਮਲ ਹਰਿ ਕੈ ਨਾਮਿ ਸਮਾਇ॥ ਪੰ ੧੩੪੬

(ਜੋ ਗੁਰਸਿਖ ਗੁਰਸਬਦਿ, ਗੁਰਮੰਤ੍ਰ ਨਾਮ ਦਾ ਜਪ, ਸਿਮਰਨ, ਧਿਆਨ ਕਰ ਕੇ ਸਬਦਿ ਵਿੱਚ ਰਤੇ ਹਨ ਉਹਨਾਂ ਨੂੰ ਅੰਤਰਗਤ ਨਾਮ ਜੋਤਿ ਦਾ ਗਿਆਨ, ਸੋਝੀ, ਸਬਦੁ ਗੁਰੂ ਤੋਂ ਪ੍ਰਾਪਤ ਹੁੰਦੀ ਹੈ, ਇਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ ਤੇ ਨਾਮ ਵਿੱਚ ਸਮਾ ਜਾਂਦਾ ਹੈ, ਇਹਨਾਂ ਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ।)

ਗੁਰੂ ਦੀ ਬਾਣੀ ਦਾ “ਗੁਰੂ ਤੋਂ ਜਾਣਨਾ ਜਾ ਵਿਚਾਰ”, ਗੁਰਮਤਿ ਨਾਮ ਸਿਮਰਨ ਤੋਂ ਆਉਂਦੀ ਹੈ। ਜੀਵਾਤਮਾ ਤੇ ਪਰਮਾਤਮਾ ਦੀ ਸੂਝ, ਬੂਝ ਅਨੁਭਵੀ ਗਿਆਨ, ਅੰਤਰ ਗਿਆਨ ਹੈ। ਗੁਰਮਤਿ ਨਾਮ ਸਿਮਰਨ, ਸਾਡੇ ਮਨ ਨੂੰ ਨਿਰਮਲ ਕਰਦਾ ਹੈ, ਸੁਰਤਿ, ਮਤ ਮਨ ਬੁਧਿ ਘੜਦਾ ਹੇ ਤੇ ਗੁਰਬਾਣੀ ਵਿਚਾਰ ਨੂੰ ਨਵਾਂ ਸ਼ੁਧ ਰੂਪ ਦਿੰਦਾ ਹੈ। ਸਿਮਰਣ ਸਦਕਾ, ਮਨ ਦਾ ਸੁਭਾ, ਸਤ, ਸੰਤੋਖ, ਦਇਆ, ਧਰਮ ਤੇ ਹੋਰ ਅਨੇਕਾਂ ਗੁਣਾਂ ਵਾਲਾ ਸਹਜਿ ਸੁਭਾਇ ਬਣ ਜਾਂਦਾ ਹੈ।

ਬ੍ਰਹਮ ਅਗਾਧਬੋਧ ਹੈ ਮਨ ਬੁਧ ਦੀ ਵਿਚਾਰ ਤੋਂ ਪਰੇ ਹੈ। ਗੁਰੂ ਜੀ ਹਉ ਬੁਧ ਵਾਲੇ ਮਨ ਨੂੰ ਮੂਰਖ, ਮੂੜ, ਮੁਗਧ ਕਹਿੰਦੇ ਹਨ। ਗੁਰਬਾਣੀ ਇਸ ਮੂੜ ਮਨ ਨੂੰ ਸਿਆਣਾ, ਤੇ ਗਿਆਨਵਾਨ ਬਣਾਨ ਲਈ ਗੁਰਮੰਤ੍ਰ ਨਾਮ, ਗੁਰਸਬਦ ਦੇ ਜਪ ਸਿਮਰਨ, ਧਿਆਨ ਦਾ ਉਪਦੇਸ਼ ਦਿੰਦੀ ਹੈ। ਇਸ ਕਾਰਜ ਵਿੱਚ ਸਫਲਤਾ ਲਈ ਜ਼ਰੂਰੀ ਹੈ ਕਿ ਗੁਰਸਿਖ ਗੁਰਦੀਖਿਆ, ਗੁਰੂ ਦੁਆਰਾ ‘ਗੁਰਮੰਤ੍ਰ’ ਦਾ ਉਪਦੇਸ ਲਵੇ।

ਗੁਰਮੰਤ੍ਰ੍ਰ = ਧਰਮ ਦਾ ਮੰਤ੍ਰ ਜੋ ਧਰਮ ਧਾਰਣ ਸਮੇ ਉਪਦੇਸ ਕੀਤਾ ਜਾਂਦਾ ਹੈ।

ਗੁਰਬਾਣੀ ਵਿੱਚ ਗੁਰਮੰਤ੍ਰ ਨਾਮ ਤੇ ਗੁਰਸਬਦ ਇੱਕ ਹੀ ਸਬਦ, ‘ਵਾਹਿਗੁਰੂ’ ਹੈ।

ਗੁਰਸਬਦੁ = ਸਤਿਗੁਰੂ ਦਾ ਉਪਦੇਸ਼, ਗੁਰੂ ਕਾ ਵਾਕ=ਗੁਰਮੰਤ੍ਰ ਨਾਮ।

ਗੁਰਉਪਦੇਸਿ ਜਪੀਐ ਮਨਿ ਸਾਚਾ॥ ਪੰ ੧੦੦੭

(ਗੁਰੁ ਤੋਂ ਉਪਦੇਸ ਲੈ ਕੇ ਅਸੀਂ ਮਨ ਵਿੱਚ ਸਚੇ ਪਰਮਾਤਮਾ ਨੂੰ ਜਪੀਏ/ਸਿਮਰੀਏ)

ਜਨ ਨਾਨਕ ਧੂੜ ਮੰਗੇ ਤਿਸ ਗੁਰਸਿਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੈ॥ ਪ ੩੦੬

ਗੁਰਉਪਦੇਸਿ ਹਰਿ ਨਾਮੁ ਧਿਆਇਓ ਸਭ ਕਿਲਬਿਖ ਦੁਖ ਲਾਥੇ॥ ਪ ੧੩੨੦

ਚਲਤ ਬੈਸਤ ਸੋਵਤ ਜਾਗਤ ਗੁਰਮੰਤ੍ਰ ਰਿਦੈ ਚਿਤਾਰ॥

ਚਰਣ ਸਰਣ ਭਜੁ ਸੰਗਿ ਸਾਧੂ ਭਵ ਸਾਗਰ ਉਤਰਹਿ ਪਾਰ॥ (ਭਜੁ = ਜਪ)

ਮੇਰੇ ਮਨ ਨਾਮੁ ਹਿਰਦੈ ਧਾਰ॥

ਕਰਿ ਪ੍ਰੀਤਿ ਮਨੁ ਤਨੁ ਲਾਇ ਹਰਿ ਸਿਉ ਅਵਰ ਸਗਲ ਵਿਸਾਰ॥ ਪ ੧੦੦੭

ਗੁਰਮੰਤ੍ਰੜਾ ਚਿਤਾਰ ਨਾਨਕ ਦੁਖ ਨ ਥੀਵਈ ਪ ੫੨੧

ਮਨ ਮੇਰੇ ਗੁਰੁ ਗੁਰੁ ਕਰਤ ਸਦਾ ਸੁਖੁ ਪਾਈਐ॥ ਗੁਰਉਪਦੇਸਿ ਹਰਿ ਹਿਰਦੇ ਵਸਿਓ ਸਾਸਿ ਗਿਰਾਸਿ

ਅਪਣਾ ਖਸਮ ਧਿਆਈਅੇ॥ ਪ ੧੨੭੦

ਗੁਰ ਉਪਦੇਸੁ ਮੋਹਿ ਕਾਨੀ ਸੁਨਿਆ ਪ ੧੩੪੭

ਕੀ ਗੁਰਮੰਤ੍ਰ ਨਾਮ/ਗੁਰਸਬਦ, ‘ਵਾਹਿਗੁਰੂ’ ਹੈ? ਅਸੀਂ ਇਹ ਨਿਰਣਾ ਗੁਰਬਾਣੀ ਤੋਂ ਕਰਨਾ ਹੈ।

(ਅਸੀਂ ਇਹ ਵਿਚਾਰ, ਭਾਈ ਗੁਰਦਾਸ ਦੀਆਂ ਵਾਰਾਂ ਸਮੇਤ ਪੁਰਾਤਨ ਸਿਖ ਇਤਿਹਾਸ ਦੀ ਕਿਸੇ ਪੁਸਤਕ ਵਿਚੋਂ ਨਹੀਂ ਲੈ ਸਕਦੇ, ਕਿਉਂਕਿ ਇਹ ਬੇਦ ਬਾਣੀ ਨਾਲ ਦੂਸ਼ਤ ਹਨ ਤੇ ਸਿਖ ਮਤ ਨੂੰ ਵੇਦ ਮਤ ਤੋਂ ਨੀਵਾਂ ਸਿਧ ਕਰਦੇ ਹਨ।

ਵਾਹਿ, ਵਾਹੁ, ਤੇ ਵਾਹਿਗੁਰੂ ਅਖਰ ਗੁਰਬਾਣੀ ਦੇ ਹਨ।

ਵਾਹੁ ਵਾਹੁ ਸਿਰਜਣਹਾਰ ਪਾਈਅਨੁ ਠਾਡਿ ਆਪਿ॥

ਜੀਅ ਜੰਤ ਮਿਹਰਵਾਨਿ ਤਿਸੁ ਨੋ ਸਦਾ ਜਾਪ॥ ਪ ੫੨੧

(ਸਿਰਜਨਹਾਰ ਕਰਤਾਰ, ਵਾਹੁ ਵਾਹੁ, ਹੈ ਧੰਨ ਧੰਨ ਹੈ, ਜਿਸ ਨੇ ਤੇਰੇ ਅੰਦਰ ਠੰਡ ਪਾਈ ਹੈ।

ਉਹ ਜੀਅ ਜੰਤਾਂ ਤੇ ਮਿਹਰਵਾਨ ਹੈ ਉਸ ਦਾ ਸਦਾ ਜਪ/ਸਿਮਰਨ ਕਰੋ ਤੇ ਉਸ ਨੂੰ ਧੰਨ ਧੰਨ ਕਹਹੁ। ਧੰਨ ਧੰਨ ਕਹਿਨਾ ਉਸ ਦੀ ਸਿਫਤ, ਸਾਲਾਹ ਸਿਮਰਨ ਹੈ।)

ਵਾਹੁ ਵਾਹੁ ਤਿਸੁ ਨੋ ਆਖੀਐ ਜਿ ਸਚਾ ਗਹਿਰ ਗੰਭੀਰ॥

ਵਾਹੁ ਵਾਹੁ ਤਿਸੁ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ॥ ਪਨਾ ੫੧੪

ਵਾਹੁ ਵਾਹੁ ਆਪਿ ਅਖਾਇਦਾ ਗੁਰਸਬਦੀ ਸਚੁ ਸੋਇ॥

(ਪਾਰਬਹ੍ਰਮ ਅਪਨੇ ਆਪ ਨੂੰ ਵਾਹੁ ਵਾਹੁ ਗੁਰ ਸਬਦ ਦੀ ਕਮਾਈ ਦੁਆਰਾ ਅਖਾਂਉਂਦਾ ਹੈ)

ਵਾਹੁ ਵਾਹੁ ਸਿਫਤਿ ਸਾਲਾਹ ਹੈ ਗੁਰਮੁਖਿ ਬੂਝੇ ਕੋਇ॥ ਪ ੫੧੪

(ਵਾਹੁ ਵਾਹੁ ਪਰਮਾਤਮਾ ਦੀ ਸਿਫਤ ਸਾਲਾਹ ਹੈ)

ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ॥ ਵਾਹੁ ਵਾਹੁ ਕਰਮੀ ਬੋਲੈ ਬੋਲਾਇ॥

(ਵਾਹੁ ਵਾਹੁ ਕਹਿੰਦਿਆਂ ਹਰਿ ਨਾਮ ਵਿੱਚ ਸੁਰਤਿ ਜੁੜਦੀ ਹੈ। ਮਿਹਰ/ਕਰਮ ਹੋਵੇ ਤਾਂ ਕੋਈ ਵਾਹੁ ਵਾਹੁ ਬੋਲਦਾ ਹੈ।)

ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ॥ ਵਾਹੁ ਵਾਹੁ ਸਾਹਿਬ ਸਚ ਹੈ ਅਮ੍ਰਿਤ ਜਾ ਕਾ ਨਾਉ॥

(ਮੈ ਵਾਹੁ ਵਾਹੁ ਹਿਰਦੇ ਤੇ ਮੁਖਹੁ ਉਚਾਰਾਂ ਬੋਲਾਂ। ਵਾਹੁ ਵਾਹੁ ਸਚਾ ਸਾਹਿਬ ਹੈ ਜਿਸ ਦਾ ਨਾਉ/ਨਾਮ, ਅਮ੍ਰਿਤ ਹੈ।)

ਜਿਨਿ ਸੇਵਿਆ ਤਿਨ ਫਲ ਪਾਇਆ ਹਉ ਤਿਨ ਬਲਿਹਾਰੈ ਜਾਉ॥

(ਜਿਸ ਨੇ ਉਸ ਨੂੰ ਸੇਵਿਆ/ਅਰਾਧਿਆ ਉਸ ਤੋ ਮੈ ਬਲਿਹਾਰ ਜਾਂਦਾ ਹਾਂ) ਸੇਵਿਆ=ਸਿਮਰਿਆ, ਅਰਾਧਿਆ

ਵਾਹੁ ਵਾਹੁ ਗੁਰਸਿਖ ਨਿਤ ਕਰਹੁ ਗੁਰ ਪੂਰੈ ਵਾਹੁ ਵਾਹੁ ਭਾਵੈ।

(ਹੇ ਗੁਰਸਿਖੋ ਤੁਸੀਂ ਨਿਤ ਵਾਹੁ ਵਾਹੁ ਕਰਹੁ/ਬੋਲੋ, ਪੂਰੇ ਗੁਰੂ ਨੂੰ ਵਾਹੁ ਵਾਹੁ ਭਾਂਉਂਦੀ ਹੈ)

ਵਾਹੁ ਵਾਹੁ ਅਮ੍ਰਿਤ ਨਾਮ ਹੈ ਗੁਰਮੁਖ ਪਾਵੈ ਕੋਇ॥

ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨ ਨਾਮ ਲਏਇ॥

(ਅਨਦਿਨ ਨਾਮ ਲੈਨ/ਜਪਨ ਨਾਲ਼ ਨਾਮ/ਪਰਮਾਤਮਾਂ ਨੂੰ ਪਾ ਲਈਦਾ ਹੈ)

ਭਟ ਬਾਣੀ ਵਿੱਚ ਭਟ ਗਯੰਦ ਵਾਹਿਗੁਰੂ ਵਾਹਿਗ੍ਰੁਰੂ ਨਾਮ ਬੋਲ ਕੇ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਗੁਰੁ ਜੀ ਦੀ ਤੇ ਨਾਮ ਰੂਪ ਅਕਾਲ ਪੁਰਖ ਦੀ ਸਿਫਤ ਸਾਲਾਹ ਤੇ ਆਰਾਧਨਾ ਕਰਦਾ ਹੈ। ਗੁਰੂ ਤੇ ਅਕਾਲ ਪੁਰਖ ਵਿੱਚ ਕੋਈ ਭੇਦ ਨਹੀਂ। ਭਟ ਗੁਰੂ ਜੀ ਨੂੰ ਆਦਿ ਪੁਰਖ, ਗੋਬਿੰਦ, ਵਾਹਿਗੁਰੂ ਕਹਿੰਦਾ ਹੈ। ਸਤਿਗੁਰ ਨੂੰ ਸਿਮਰਨ ਦਾ ਉਪਦੇਸ ਵੀ ਦਿੰਦਾ ਹੈ।

ਪੰਨਾ ੧੪੦੨ ਤੋਂ ੧੪੦੭

ਸਤਿ ਸਾਚ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ ਜੀਉ॥

ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਉ॥ ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਿਗੁਰੂ ਤੇਰਾ ਸਭ ਸਦਕਾ॥ (ਸਤਿਗੁਰੂ= ਗੋਬਿੰਦ, ਪਰਮਾਤਮਾ ਹੈ)

ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ॥

(ਵਾਹਿਗੁਰੂ ਨੇ ਸੰਸਾਰ ਦੀ ਖੇਡ ਬਣਾਈ ਹੈ, ਵਾਹਿਗੁਰੂ ਸਭ ਰਚਨਾ ਤੇਰੀ ਹੈ।

ਜਹਿ ਸਤਿਗੁਰੁ ਸਿਮਰੰਥ ਰਿਦੈ ਹਰਿਨਾਮ ਦਿਨੋ ਦਿਨੁ॥ ਜਿਹ ਸਤਿਗੁਰ ਸਿਮਰੰਥ ਜੀਅ ਕੀ ਤਪਤਿ ਮਿਟਾਵੈ॥ ਜਿਹ ਸਤਿਗੁਰੁ ਸਿਮਰੰਥਿ ਰਿਧਿ ਸਿਧਿ ਨਵਨਿਧਿਪਾਵੈ॥ ਸੋਈ ਰਾਮਦਾਸ ਗੁਰੁ ਬਲ ਭਣਿ ਮਿਲਿ ਸੰਗਤਿ ਧੰਨ ਧੰਨ ਕਰਹੁ॥ ਜਿਹ ਸਤਿਗੁਰ ਲਗਿ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ॥ ਜਿਨ ਸਬਦਿ ਕਮਾਇ ਪਰਮਪਦ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ॥ ਤਾ ਤੇ ਗਉਹਰੁ ਗਯਾਨ ਪ੍ਰਗਟੁ ਉਜਿਆਰਉ ਦੁਖ ਦਰਿਦ੍ਰ ਅੰਧਯਾਰ ਕੋ ਨਾਸ॥

ਅਗਮ ਅਗੋਚਰੁ ਪਾਰਬ੍ਰਹਮ ਸਤਿਗੁਰੁ ਦਰਸਾਯਉ॥

(ਮਨ ਬੁਧੀ ਦੀ ਵਿਚਾਰ ਤੋਂ ਪਰੇ ਪਾਰਬ੍ਰਹਮ ਦੇ ਦਰਸਨ ਸਤਿਗੁਰੂ ਨੇ ਕਰਾ ਦਿਤੇ)

ਉਪਰ ਦਿਤੇ ਪਰਮਾਣਾਂ ਤੋਂ ਅਸੀਂ ਸਮਝ ਸਕਦੇ ਹਾਂ ਕਿ ਸਾਰੀ ਗੁਰਬਾਣੀ, ਸਤਿਗਰੂ ਤੇ ਨਾਮ ਰੂਪ ਅਕਾਲ ਪੁਰਖ, ਵਾਹਿਗੁਰੂ, ਨੂੰ ਗੁਰਮੰਤ੍ਰ ਨਾਮ = ਗੁਰਸਬਦ=ਸਬਦ ਗਰੂ, ‘ਵਾਹਿਗੁਰੂ’ ਦੇ ਜਪ/ਸਿਮਰਨ/ਆਰਾਧਨਾ ਦਾ ਉਪਦੇਸ਼ ਦਿੰਦੀ ਹੈ। ਜਪ ਸਿਮਰਨ ਕਰਦਿਆਂ ਮਨ, ਨਾਮ ਸੁਣਨ ਵਿੱਚ ਮਗਨ ਹੋ ਜਾਂਦਾ ਹੈ, ਸੰਸਾਰ ਦੇ ਸਾਰੇ ਧਿਆਨ, ਮਨ ਦੀ ਭਟਕਨਾਂ ਤੇ vibrations ਬੰਦ ਹੋ ਜਾਂਦੀਆਂ ਹਨ, ਮਨ ਸੀਤਲ ਸਾਂਤ ਤੇ ਥਿਰ ਹੋ ਜਾਂਦਾ ਹੈ, ਗੁਰਸਬਦ ਦੇ ਜਪ ਤੋਂ ਉਠਦੀਆਂ ਤਰੰਗਾਂ ਨਾਲ ਮਨ ਭਰਪੂਰ ਭਰ ਜਾਂਦਾ ਹੈ ਅਨਹਦ ਧੁਨਾਂ ਸੁਣਦੀਆਂ ਹਨ, ਸਬਦ/ਨਾਮ ਦੀਆਂ ਤਰੰਗਾਂ ਮਹਿਸੂਸ ਹੁੰਦੀਆਂ ਹਨ, ਫਿਰ ਮਨ ਸੁੰਨ ਸਹਿਜ ਅਵਸਥਾ ਵਿੱਚ ਟਿਕ ਜਾਂਦਾ ਹੈ, ਤੇ ਆਤਮ ਪਰਗਾਸ ਹੁੰਦਾ ਹੈ, ਆਤਮ ਜੋਤਿ ਪਰਮਾਤਮ ਜੋਤਿ ਵਿੱਚ ਰਲ ਕੇ ਇੱਕ ਹੀ ਹੋ ਜਾਂਦੀ ਹੈ। ਇਹ ਹੀ ਬ੍ਰਹਮ ਗਿਆਨ ਹੈ, ਜਨਮ ਮਰਨ ਦਾ ਗੇੜ ਕਟਿਆ ਜਾਂਦਾ ਹੈ॥ ਇਹ ਗੁਰਬਾਣੀ ਦਾ ਸਾਰ ਤੇ ਅਸਲ਼ੀਅਤ ਹੈ।

ਕੁਝ ਅਰਥ ਭਾਈ ਕਾਹਨ ਸਿੰਘ ਦੇ ਮਹਾਨ ਕੋਸ਼ ਤੋਂ

ਸਬਦ ਬਿਚਾਰ= ਅਸਲੀਅਤ ਜਾਨਣ ਦੀ ਕ੍ਰਿਯਾ –ਤਤ ਦਾ ਨਿਰਣਾ।

ਨਾਮ ਬਿਚਾਰ ਤਤ ਜਾਨਣ ਦੀ ਕ੍ਰਿਯਾ।

ਸਬਦਿ ਸੁਰਤਿ= ਗੁਰਸਬਦ ਵਿੱਚ ਜੁੜੀ ਹੋਈ ਵ੍ਰਿਤੀ।

ਸਬਦਿ ਸਵਰ = ਬਿਰਤੀ, ਸਿਮਰਣ ਤੋਂ ਉਪਜੀ ਧਵਨੀਂ ਵਿਚ।

ਨਾਮਿ ਲੈਤਿ ਅਤਿ ਮੂੜ ਸੁਗਿਆਨਾ॥

ਗੁਰਿ ਰਉਪਦੇਸੁ ਕਹਿਓ ਇਹ ਸਾਰੁ॥ ਹਰਿ ਕੀਰਤਿ ਮਨ ਨਾਮੁ ਅਧਾਰੁ॥ ਪ ੧੧੪੨

ਪ੍ਰਭ ਕੈ ਸਿਮਰਨ ਗਿਆਨੁ ਧਿਆਨੁ ਤਤੁ ਬੁਧਿ॥ ਪ ੨੬੨

ਕੁਝ ਗੁਰਸਿਖ ਕਹਿੰਦੇ ਹਨ, ਵਾਹਿਗ੍ਰੁਰੂ ਬੋਲਨ ਜਾਂ ਸਿਮਰਨ ਦਾ ਉਪਦੇਸ ਗੁਰਬਾਣੀ ਨਹੀਂ ਦਿੰਦੀ, ਦੂਜੇ ਕਹਿੰਦੇ ਹਨ ਵਾਹਿਗੁਰੂ ਨਾਮ ਸਿਮਰਨ ਗੁਰਬਾਣੀ ਦਾ ਸਾਰ ੳਪੁਦੇਸ਼ ਹੈ। ਦਾਸ ਨੇ ਉਪਰਲੀ ਵਿਚਾਰ ਇਸ ਦਾ ਨਿਰਣਾ ਕਰਨ ਲਈ ਕੀਤੀ ਹੈ। ਕੀ ਅਸੀਂ ਸੰਗਤਿ ਵਿੱਚ ਵਿਚਾਰ ਗੋਸ਼ਟੀ ਕਰ ਕੇ ਨਿਰਣਾ ਕਰ ਸਕਦੇ ਹਾਂ?

ਡਾਕਟਰ ਗੁਰਮੁਖ ਸਿੰਘ B6/58, safdarjang Enclave New Delhi, 110029 Tel 26102376




.