.

ਕੈਨੇਡਾ ਦੇ ਸੁਰੀਲੇ ਗ੍ਰੰਥੀ ਸਿੰਘ ਜੀ
ਗਿਆਨੀ ਸੰਤੋਖ ਸਿੰਘ

ਵਾਕਿਆ ਇਹ ੧੯੭੮ ਦੀਆਂ ਗਰਮੀਆਂ ਦੇ ਮੌਸਮ ਦਾ ਹੈ। ਮੈ ਕੈਨੇਡਾ ਤੇ ਅਮ੍ਰੀਕਾ ਦੀ ਯਾਤਰਾ ਤੇ ਸਾਂ। ਮੇਰੇ ਮਿੱਤਰ ਸ. ਹਰਦਿਆਲ ਸਿੰਘ ਜੌਹਲ ਜੀ ਨੇ ਮੇਰਾ ਕਥਾ/ਵਿਖਿਆਨ ਦਾ ਪ੍ਰੋਗਰਾਮ, ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਦੇ ਇੱਕ ਸ਼ਹਿਰ ਵਿਚ, ਇੱਕ ਹਫ਼ਤੇ ਵਾਸਤੇ ਬਣਾ ਦਿਤਾ। ਨਾਂ ਮੈਨੂੰ ਹੁਣ ਉਸ ਸ਼ਹਿਰ ਦਾ ਯਾਦ ਨਹੀ ਰਿਹਾ। ਜਿਥੇ ਵੀ ਜਾਵਾਂ ਮੈ ਹਮੇਸ਼ਾਂ ਗੁਰਦੁਆਰਾ ਸਾਹਿਬ ਵਿੱਚ ਹੀ ਠਹਿਰਦਾ ਹਾਂ ਤਾਂ ਕਿ ਕਿਸੇ ਗ੍ਰਿਹਸਤੀ ਸਿੱਖ ਨੂੰ, ਮੇਰੇ ਕਰਕੇ, ਗ਼ੈਰ ਜ਼ਰੂਰੀ ਖੇਚਲ਼ ਨਾ ਹੋਵੇ ਪਰ ਓਥੇ ਰਹਿਣ ਵਾਲ਼ੇ ਇੱਕ ਨੌਜਵਾਨ, ਸ. ---ਸਿੰਘ, ਮੇਰੀ ਮਰਜੀ ਦੇ ਵਿਰੁਧ, ਜ਼ਿਦ ਕਰਕੇ, ਮੈਨੂੰ ਆਪਣੇ ਘਰ ਲੈ ਗਏ। ਉਹਨਾਂ ਦੇ ਕੰਮ ਉਪਰ ਚਲੇ ਜਾਣ ਪਿਛੋਂ ਮੈ ਤੁਰ ਕੇ ਹੀ ਗੁਰਦੁਆਰਾ ਸਾਹਿਬ ਵਿਖੈ ਚਲਿਆ ਜਾਂਦਾ ਸਾਂ। ਹਰ ਰੋਜ ਸ਼ਾਮ ਨੂੰ ਉਹ ਮੈਨੂੰ ਆਪਣੀ ਕਾਰ ਵਿੱਚ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਦੀ ਸਮਾਪਤੀ ਉਪ੍ਰੰਤ ਆਪਣੇ ਘਰ ਨੂੰ ਲੈ ਜਾਂਦੇ। ਉਸਦੀ ਸਿੰਘਣੀ ਕੈਨੇਡੀਅਨ ਮੇਮ ਸੀ ਜੋ ਕਿ ਤਿਆਰ ਬਰ ਤਿਆਰ ਸਿੰਘਣੀ ਸਜੀ ਹੋਈ ਸੀ ਤੇ ਪੰਜ ਕਕਾਰਾਂ ਦੇ ਧਾਰਨ ਤੋਂ ਇਲਾਵਾ, ਸਿਰ ਉਪਰ ਕੇਸਕੀ ਵੀ ਸਜਾਉਂਦੀ ਸੀ। ਦੋ ਉਹਨਾਂ ਦੇ ਛੋਟੇ, ਸੁੰਦਰ ਤੇ ਸੁਘੜ ਪੁੱਤਰ ਸਨ ਜੋ ਕਿ ਅੰਮ੍ਰਿਤਧਾਰੀ ਸਨ। ਮੇਰੇ ਓਥੇ ਟਿਕਾ ਸਮੇ ਉਹ ਬੀਬੀ, ਉਹਨਾਂ ਦੇ ਅੰਮ੍ਰਿਤ ਪਾਨ ਕਰਨ ਉਪ੍ਰੰਤ, ਪਹਿਲੇ ਦਿਨ ਸਕੂਲ ਭੇਜਣ ਸਮੇ, ਉਹਨਾਂ ਦੇ ਨਾਲ਼ ਗਈ। ਜਾਣ ਤੋਂ ਪਹਿਲਾਂ ਦੋਹਾਂ ਪੁੱਤਰਾਂ ਨੂੰ ਸਕੂਲ ਵਿੱਚ ਹੋਣ ਵਾਲੀਆਂ ਸੰਭਾਵਨਿਕ ਘਟਨਾਵਾਂ ਬਾਰੇ ਜਾਣਕਾਰੀ ਦੇਣ ਦੇ ਨਾਲ਼, ਉਸ ਹਾਲਤ ਵਿੱਚ ਉਹਨਾਂ ਦਾ ਵਤੀਰਾ ਕੈਸਾ ਹੋਵੇ, ਬਾਰੇ ਵੀ ਉਹਨਾਂ ਨੂੰ ਸਮਝਾਇਆ। ਉਸਨੇ ਬੱਚਿਆਂ ਦੇ ਨਾਲ਼ ਸਕੂਲੇ ਜਾ ਕੇ, ਸਕੂਲ ਵਾਲ਼ਿਆਂ ਨੂੰ ਵੀ ਜਾਣਕਾਰੀ ਦਿਤੀ ਕਿ ਉਸਦੇ ਬੱਚੇ ਕ੍ਰਿਪਾਨ ਸਮੇਤ, ਪੰਜ ਕਕਾਰ ਕਿਉਂ ਧਾਰਦੇ ਹਨ ਤਾਂ ਕਿ ਸਕੂਲ ਵਿਚ, ਕਿਸੇ ਭੁਲੇਖੇ ਕਾਰਨ ਕੋਈ ਅਣਸੁਖਾਵੀਂ ਘਟਨਾ ਨਾ ਘਟ ਜਾਵੇ।
ਉਹਨਾਂ ਦੇ ਘਰ ਰਹਿਣ ਸਮੇ ਹੀ ਮੈਨੂੰ ਪਤਾ ਲੱਗਾ ਕਿ ਪਰਦੇਸੀਂ ਰਹਿਣ ਵਾਲੇ ਨੌਕਰੀ ਪੇਸ਼ਾ ਪੰਜਾਬੀਆਂ ਦਾ ਵੀ ਚੰਗਾ ਗੁਜ਼ਾਰਾ ਹੀ ਚੱਲਦਾ ਹੈ। ਬਾਕੀ ਜਿਵੇਂ ਅਸੀਂ ਦੇਸ ਬੈਠੇ ਸੋਚਦੇ ਹੁੰਦੇ ਸਾਂ ਕਿ ਉਹ ਬਹੁਤ ਅਮੀਰ ਹੁੰਦੇ ਹਨ; ਅਜਿਹੀ ਕੋਈ ਗੱਲ ਨਹੀ। ਇਹ ਸ਼ਾਇਦ ਉਹਨਾਂ ਦੀ ਚੌਹਾਂ ਹੱਥਾਂ ਨਾਲ਼ ਕੀਤੀ ਕੁੱਝ ਸਾਲਾਂ ਦੀ ਕਮਾਈ ਅਤੇ ਉਸ ਕਮਾਈ ਨੂੰ ਕੰਜੂਸੀ ਸਹਿਤ ਵਰਤਦਿਆਂ, ਦੇਸ਼ ਆ ਕੇ ਵਿਖਾਲ਼ਾ ਲੋੜੋਂ ਵਧ ਪਾਉਣ ਕਰਕੇ, ਸਾਡਾ ਵਿਚਾਰ ਉਹਨਾਂ ਦੇ ਅਮੀਰ ਹੋਣ ਬਾਰੇ ਬਣ ਜਾਂਦਾ ਹੈ। ਹਾਂ, ਦੋਵੇ ਜੀਆਂ ਦੇ ਕੰਮ ਕਰਨ ਅਤੇ ਸੰਜਮ ਵਿੱਚ ਰਹਿਣ ਕਾਰਨ, ਕੁੱਝ ਸਾਲਾਂ ਵਿੱਚ ਉਹ ਦੇਸ਼ ਦਾ ਚੱਕਰ ਲਾਉਣ ਸਮੇ, ਆਪਣੀ ਅਮੀਰੀ ਦਾ ਪ੍ਰਭਾਵ ਪਾਉਣ ਵਿੱਚ ਸਫ਼ਲ ਰਹਿੰਦੇ ਹਨ। ਇਹ ਬੀਬੀ ਬਾਹਰ ਕੰਮ ਕਰਨ ਨਹੀ ਸੀ ਜਾਂਦੀ ਤੇ ਘਰ ਵਿਚ, ਪਰਵਾਰ ਦੀ ਸੁਖ ਸੁਵਿਧਾ ਦੇ ਨਾਲ਼ ਨਾਲ਼, ਆਏ ਗਏ ਧਾਰਮਿਕ ਵਿਅਕਤੀਆਂ ਦੀ ਸੇਵਾ ਤੇ ਸਨਮਾਨ ਬੜੇ ਪ੍ਰੇਮ ਨਾਲ ਕਰਿਆ ਕਰਦੀ ਸੀ। ਸ. -- ਸਿੰਘ ਜੀ ਆਰਾ ਮਿੱਲ ਵਿੱਚ ਕੰਮ ਕਰਦੇ ਸਨ ਜੋ ਕਿ ਉਸ ਸਮੇ ਕੈਨੇਡਾ ਵਿੱਚ ਸਭ ਤੋਂ ਵਧ ਇਵਜਾਨੇ ਵਾਲੀ ਮਜ਼ਦੂਰੀ ਮੰਨੀ ਜਾਂਦੀ ਸੀ।
ਇਕ ਦਿਨ ਸ਼ਾਮ ਦੇ ਪ੍ਰਸ਼ਾਦੇ ਤੋਂ ਬਾਅਦ ਦੁਨਿਆਵੀ ਗੱਲਾਂ ਦੇ ਚੱਲਦਿਆਂ, ਵਿਚੇ ਹੀ ਬਾਹਰ ਰਹਿੰਦੇ ਪੰਜਾਬੀਆਂ ਦੀ ਆਮਦਨ ਬਾਰੇ ਚਰਚਾ ਛਿੜ ਪਈ ਤਾਂ ਸ. --- ਸਿੰਘ ਦੇ ਮੂੰਹੋਂ ਨਿਕਲ਼ਿਆ ਕਿ ਗੁਜ਼ਾਰਾ ਹੀ ਚੱਲਦਾ ਹੈ। ਇਹ ਗੱਲ ਮੇਰੇ ਵਾਸਤੇ ਬੜੀ ਹੈਰਾਨੀ ਵਾਲ਼ੀ ਸੀ ਕਿ ਜੇਕਰ ਕੈਨੇਡਾ ਵਿੱਚ ਵੀ ਗੁਜ਼ਾਰਾ ਹੀ ਚੱਲਦਾ ਹੈ ਤਾਂ ਫਿਰ ਲੋਕੀਂ ਆਪਣਾ ਦੇਸ਼ ਛਡ ਕੇ ਪਰਦੇਸ ਵਿੱਚ ਕਿਉਂ ਰਹਿੰਦੇ ਹਨ! ਮੇਰਾ ਅਜਿਹਾ ਵਿਚਾਰ ਸੁਣ ਕੇ ਫਿਰ ਉਸਨੇ ਆਪਣੇ ਘਰ ਦੇ ਬਜਟ ਬਾਰੇ ਚਾਨਣਾ ਪਾਇਆ। ਮਹੀਨੇ ਦੀ ਆਮਦਨ ਵਿਚੋਂ ਘਰ ਦਾ ਖ਼ਰਚ, ਤੇ ਹੋਰ ਸਾਰਾ ਕੁੱਝ ਗਿਣਾ ਕੇ, ਜਦੋਂ ਉਸਨੇ ਦੱਸਿਆ ਕਿ ਚਾਰ ਸੌ ਡਾਲਰ ਮਹੀਨਾ ਮਕਾਨ ਦੀ ਕਿਸ਼ਤ ਜਾਂਦੀ ਹੈ। ਮੈ ਫੌਰਨ ਖ਼ੁਸ਼ੀ ਵਿੱਚ ਚਹਿਕਿਆ ਤੇ ਬੋਲਿਆ, “ਚਲੋ, ਚਾਰ ਸੌ ਡਾਲਰ ਤਾਂ ਮਹੀਨੇ ਦੀ ਬਚਤ ਹੋ ਈ ਗਈ ਨਾਂ!” ਉਸ ਨੇ ਅੱਗੇ ਵਿਆਖਿਆ ਕੀਤੀ ਕਿ ਇਸ ਚਾਰ ਸੌ ਡਾਲੇ ਵਿਚੋਂ ਸਾਢੇ ਤਿੰਨ ਸੌ ਬਿਆਜ ਵਿੱਚ ਜਾਂਦਾ ਹੈ ਤੇ ਪੰਜਾਹ ਡਾਲੇ ਮੂਲ ਵਿਚੋਂ। ਇਸ ਤਰ੍ਹਾਂ ਆਖ ਸਕਦੇ ਹਾਂ ਕਿ ਅਤੀ ਸੰਜਮ ਸਹਿਤ ਗੁਜ਼ਾਰਾ ਕਰਨ ਤੇ ਵੀ ਮਹੀਨੇ ਦੇ ਸਿਰਫ ਪੰਜਾਹ ਡਾਲਰ ਹੀ ਬਚਤ ਹੁੰਦੀ ਹੈ। ਇਸ ਖ਼ਰਚ ਤੇ ਆਮਦਨ ਦੇ ਹਿਸਾਬ ਵਿੱਚ ਕੋਈ ਨਸ਼ਾ, ਮਾਸ, ਸਿਨੇਮਾ, ਪਾਰਟੀ ਆਦਿ ਵਰਗੀ ਫਜ਼ੂਲ ਖ਼ਰਚੀ ਸ਼ਾਮਲ ਨਹੀ ਸੀ। ਉਹਨਾਂ ਦੀ ਸਿੰਘਣੀ ਮੇਮ ਹੋਣ ਦੇ ਬਾਵਜੂਦ ਵੀ ਘਰ ਵਿੱਚ ਸ਼ਾਕਾਹਾਰੀ ਭੋਜਨ ਖ਼ੁਦ ਤਿਆਰ ਕਰਕੇ, ਪਰਵਾਰ ਤੇ ਆਏ ਗਏ ਨੂੰ ਪ੍ਰੋਸਦੀ ਤੇ ਘਰ ਦਾ ਸਾਰਾ ਕੰਮ ਕਾਰ ਖ਼ੁਦ ਕਰਦੀ ਸੀ। ਇਹ ਅਸਲੀਅਤ ਜਾਣ ਕੇ ਮੈਨੂੰ ਬੜੀ ਹੈਰਾਨੀ ਹੋਈ ਤੇ ਪੰਜਾਂ ਸਾਲਾਂ ਦੀਆਂ ਆਪਣੀਆਂ ਪਰਦੇਸੀ ਯਾਤਰਾਵਾਂ ਪਿੱਛੋਂ ਮੈਨੂੰ ਇਹ ਜਾਣਕਾਰੀ ਮਿਲ਼ੀ।
ਉਪ੍ਰੋਕਤ ਤੋਂ ਇਲਾਵਾ ਹੋਰ ਦਿਲਚਸਪ ਗੱਲ ਵੀ ਹੋਈ। ਜਿਸ ਗੁਰਦੁਆਰਾ ਸਾਹਿਬ ਵਿਖੇ ਮੈ ਕਥਾ ਹਿਤ ਜਾਦਾ ਸਾਂ ਉਸਦੇ ਗ੍ਰੰਥੀ ਸਿੰਘ ਜੀ ਵਾਹਵਾ ਉਚੇ ਲੰਮੇ, ਕਾਲ਼ੇ ਦਾਹੜੇ ਵਾਲ਼ੇ ਤੇ ਸਾਂਵਲੇ ਰੰਗ ਦੇ, ਚੜ੍ਹਦੀਕਲਾ ਵਾਲੇ ਸਿੰਘ ਸਨ। ਉਹਨਾਂ ਨੇ ਛੇ ਦਿਨ ਮੇਰੀ ਕਥਾ ਚੁਪ ਚਾਪ ਸੁਣੀ। ਦਿਨ ਵੇਲ਼ੇ ਵੀ ਉਹਨਾਂ ਨਾਲ਼ ਵਿਚਾਰ ਵਟਾਂਦਰਾ ਕਰਦੇ ਰਹਿਣਾ ਤੇ ਦੁਪਹਿਰ ਦਾ ਪ੍ਰਸ਼ਾਦਾ ਵੀ ਉਹਨਾਂ ਨੇ ਆਪਣੇ ਨਾਲ਼ ਮੈਨੂੰ ਛਕਾ ਦੇਣਾ। ਇਸ ਸਮੇ ਦੌਰਾਨ ਉਹ ਮੈਨੂੰ ਪਰੇਰਦੇ ਰਹੇ ਕਿ ਮੇਰਾ ਵਿਖਿਆਨ ਢਾਡੀਆਂ ਵਾਲ਼ਾ ਜੋਸ਼ੀਲਾ ਹੈ ਤੇ ਮੈ ਉਹਨਾਂ ਦੇ ਢਾਡੀ ਜਥੇ ਨਾਲ਼ ਰੱਲ਼ ਕੇ ਪ੍ਰਚਾਰ ਦੀ ਸੇਵਾ ਨਿਭਾਵਾਂ। ਮੈ ਉਹਨਾਂ ਦੇ ਇਹਨਾਂ ਸ਼ਬਦਾਂ ਨੂੰ, ਉਹਨਾਂ ਦੇ ਹਿਰਦੇ ਦੀ ਵਿਸ਼ਾਲਤਾ ਹੀ ਸਮਝਿਆ ਕਿ ਇਉਂ ਆਖ ਕੇ ਉਹ ਮੇਰਾ ਮਾਣ ਵਧਾ ਰਹੇ ਹਨ। ਮੈ ਆਖਿਆ ਕਿ ਮੈ ਲਗਾਤਾਰ ਤਾਂ ਬੋਲੀ ਜਾਂਦਾ ਹਾਂ ਪਰ ਕਦੋਂ ਬੋਲਣਾ ਤੇ ਕਦੋਂ ਚੁੱਪ ਕਰਨਾ ਢਾਡੀ ਜਥੇ ਨਾਲ਼, ਇਹ ਕੁੱਝ ਕਰਨ ਦੀ ਮੈਨੂੰ ਜਾਚ ਨਹੀ। ਇਸਦਾ ਜਵਾਬ ਉਹਨਾਂ ਨੇ ਇਹ ਦਿਤਾ, “ਇਹ ਤਾਂ ਅਸੀਂ ਸਿਖਾ ਲੈਣਾ ਹੈ ਕਿ! ਸਮੇ ਸਿਰ ਤੁਹਾਨੂੰ ਇਸ਼ਾਰਾ ਕਰ ਦਿਆ ਕਰਾਂਗੇ ਕਿ ਸ਼ੁਰੂ ਹੋ ਜਾਓ ਤੇ ਜਦੋਂ ਅਸੀਂ ਢੱਡ ਤੇ ਥਾਪ ਅਤੇ ਸਾਰੰਗੀ ਤੇ ਗਜ ਮਾਰਨਾ ਹੋਇਆ ਤਾਂ ਹੌਲ਼ੇ ਜਿਹੇ ਤੁਹਾਡੇ ਪੈਰ ਨਾਲ਼ ਪੈ ਛੁਹਾ ਦਿਆ ਕਰਾਂਗੇ। ਬੱਸ ਏਨਾ ਹੀ ਤੇ ਕੰਮ ਹੈ। ਲੈਕਚਰ ਤੁਹਾਡਾ ਬਹੁਤ ਵਧੀਆ ਢਾਡੀਆਂ ਦੇ ਫਿੱਟ ਆਉਣ ਵਾਲ਼ਾ ਹੈ। “ਇਹ ਗੱਲਾਂ ਸਾਡੀਆਂ ਕਿਸੇ ਬੰਨੇ ਲੱਗਣ ਤੋਂ ਬਿਨਾ ਗੱਲਾਂ ਹੀ ਰਹੀਆਂ। ਐਤਵਾਰ ਵਾਲੇ ਮੇਰੇ ਕਥਾ ਦੇ ਅਖੀਰਲੇ ਦਿਨ ਜਦੋਂ ਅਸੀਂ ਗੁਰਦੁਆਰੇ ਗਏ ਤਾਂ ਅਗੋਂ ਉਹ ਹਾਰਮੋਨੀਅਮ ਨਾਲ਼ ਕੀਰਤਨ ਕਰ ਰਹੇ ਸਨ। ਉਹਨਾਂ ਦੀ ਏਨੀ ਸੁੰਦਰ ਤੇ ਗੜ੍ਹਕੇ ਵਾਲੀ ਸੁਰੀਲੀ ਆਵਾਜ਼ ਵਿਚ, ਆਸਾ ਦੀ ਵਾਰ ਦਾ ਕੀਰਤਨ ਸੁਣ ਕੇ ਮੈ ਤਾਂ ਮੰਤਰ ਮੁਗਧ ਈ ਹੋ ਗਿਆ। ਵਿਚਾਰ ਵੀ ਆਇਆ ਕਿ ਹੈਂ! ਏਨਾ ਸੁੰਦਰ ਕੀਰਤਨੀਆ ਛੇ ਦਿਨ ਚੁੱਪ ਚਾਪ ਮਹਾਂਰਾਜ ਜੀ ਦੀ ਤਾਬਿਆ ਬੈਠ ਕੇ ਮੈਨੂੰ ਸੁਣਦਾ ਰਹਿੰਦਾ ਸੀ ਤੇ ਆਪ ਕੀਰਤਨ ਨਹੀ ਸੀ ਕਰਦਾ! ਮੈਨੂੰ ਉਸਦੇ ਇਸ ਤਹੱਮਲ ਪੂਰਨ ਰਵਈਏ ਨੇ ਬੜਾ ਹੀ ਪ੍ਰਭਾਵਤ ਕੀਤਾ। ਵੈਸੇ ਇਹਨਾਂ ਦਿਨਾਂ ਦੌਰਾਨ ਉਹਨਾਂ ਦੀ ਸ਼ਖ਼ਸੀਅਤ ਬਾਰੇ ਕੁੱਝ ਨਾ ਪ੍ਰਸੰਸਾ ਯੋਗ ਗੱਲਾਂ ਵੀ ਸੁਣਨ ਵਿੱਚ ਆਈਆਂ। ਉਹਨਾਂ ਵਿਚੋਂ ਕਿਸੇ ਦੇ ਮੂੰਹੋਂ ਇਹ ਵੀ ਸੁਣਿਆ ਕਿ ਇਸਨੂੰ ਗੁਰਮੁਖੀ ਨਹੀ ਪੜ੍ਹਨੀ ਆਉਂਦੀ। ਇਸ ਨੇ ਅੱਠ ਦਸ ਸ਼ਬਦ ਉੜਦੂ ਵਿਚ, ਗੱਤਿਆਂ ਉਪਰ ਲਿਖ ਕੇ, ਉਹ ਗੱਤੇ ਆਪਣੇ ਕੋਲ਼ ਰੱਖੇ ਹੋਏ ਹਨ। ਮਹਾਂਰਾਜ ਤੋਂ ਗ੍ਰੰਥੀ ਸਿੰਘਾਂ ਵਾਂਗ ਰੁਮਾਲਾ ਚੁੱਕ ਕੇ ਪੂਰੀ ਮਰਯਾਦਾ ਨਾਲ਼, ਥੱਲੇ ਗੁਪਤ ਰੱਖੇ ਗੱਤੇ ਤੋਂ ਇੱਕ ਸ਼ਬਦ ਪੜ੍ਹ ਦਿੰਦਾ ਹੈ ਤੇ ਸੰਗਤਾਂ ਨੂੰ ਇਸ ਗੱਲ ਦਾ ਪਤਾ ਨਹੀ ਲੱਗਦਾ। ਮੈ ਇਹ ਗੱਲ ਹਾਸੇ ਵਿੱਚ ਟਾਲ਼ ਦਿਤੀ। ਵੈਸੇ ਮੁਖਵਾਕ ਉਹਨਾਂ ਨੇ ਪੂਰੀ ਸੁਰੀਲੀ ਅਤੇ ਬੁਲੰਦ ਆਵਾਜ਼ ਵਿੱਚ ਲਿਆ ਕਰਨਾ।
ਮੈ ਇੱਕ ਹਫ਼ਤਾ ਸੰਗਤਾਂ ਨੂੰ ਕਥਾ ਸੁਣਾ ਕੇ, ਵਾਪਸ ਵੈਨਕੂਵਰ ਆ ਗਿਆ। ਫਿਰ ਹੌਲੀ ਹੌਲ਼ੀ ਰੁਕਦਾ, ਤੁਰਦਾ, ਫਿਰਦਾ, ਕੈਲੇਫ਼ੋਰਨੀਆ ਦੇ ਟਾਊਨ ਯੂਬਾ ਸਿਟੀ ਵਿੱਚ ਆ ਰੁਕਿਆ। ਇੱਕ ਦਿਨ ਭਾਈ ਬਲਰਾਜ ਸਿੰਘ ਗ੍ਰੰਥੀ ਜੀ ਨੇ ਦੱਸਿਆ ਕਿ ਮੇਰੇ ਵਾਸਤੇ ਕੈਨੇਡਾ ਤੋਂ ਫ਼ੋਨ ਹੈ। ਮੈ ਸੋਚਿਆ ਕਿ ਵੈਨਕੂਵਰ ਤੋਂ ਸ. ਹਰਦਿਆਲ ਸਿੰਘ ਜੀ ਦਾ ਹੋਣਾ ਏਂ, ਮੇਰਾ ਹਾਲ ਚਾਲ ਪੁੱਛਣ ਲਈ! ਜਦੋਂ ਜਾ ਕੇ ਮੈ ਰਸੀਵਰ ਆਪਣੇ ਕੰਨ ਨੂੰ ਲਾ ਕੇ ਹੈਲੋ ਕੀਤਾ ਤਾਂ ਅੱਗੋਂ ਉਸ ਸ਼ਹਿਰ ਦੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਜੀ ਬੋਲੇ। ਸੁਖ ਸਾਂਦ ਪੁੱਛਣ ਪਿੱਛੋਂ ਉਹਨਾਂ ਪੁੱਛਿਆ ਕਿ ਕਿਤੇ ਉਹਨਾਂ ਦੇ ਗ੍ਰੰਥੀ, ਫਲਾਣਾ ਸਿੰਘ ਜੀ, ਤਾਂ ਮੇਰੇ ਕੋਲ਼ ਨਹੀ ਆਏ! ਮੇਰੇ ਵੱਲੋਂ ਨਾਂਹ ਵਿੱਚ ਉਤਰ ਸੁਣ ਕੇ ਉਹ ਕੁੱਝ ਮਾਯੂਸੀ ਭਰੀ ਤੇ ਲਮਕਵੀਂ ਜਿਹੀ ਟੋਨ ਵਿਚ, ‘ਹੱਛਾ’ ਬੋਲੇ। ਅੱਗੋਂ ਮੇਰੇ ਵੱਲੋਂ ਕਾਰਨ ਪੁਛਣ ਤੇ ਉਹਨਾਂ ਨੇ ਝਕਦੇ ਝਕਦੇ ਇਉਂ ਦੱਸਿਆ, “ਸਾਡੇ ਗ੍ਰੰਥੀ ਸਿੰਘ ਜੀ ਅਕਸਰ ਤੁਹਾਡਾ ਜ਼ਿਕਰ ਕਰਿਆ ਕਰਦੇ ਸਨ। ਅਸੀਂ ਸੋਚਿਆ ਸ਼ਾਇਦ ਉਹ ਤੁਹਾਡੇ ਕੋਲ਼ ਚਲੇ ਗਏ ਹੋਣ!” ਮੇਰੇ ਹੈਰਾਨੀ ਨਾਲ਼, “ਕੀ ਹੋਇਆ?” ਪੁੱਛਣ ਤੇ ਉਹਨਾਂ ਨੇ ਕੁੱਝ ਝਿਜਕਦਿਆਂ ਹੋਇਆਂ ਦੱਸਿਆ ਕਿ ਉਹ ਗੁਰਦੁਅਰਾ ਸਾਹਿਬ ਦੇ ਕੀਮਤੀ ਭਾਂਡੇ ਅਤੇ ਹੋਰ ਕੀਮਤੀ ਵਸਤਾਂ ਲੈ ਕੇ, ਕਿਧਰੇ ਅਲੋਪ ਹੋ ਗਏ ਹਨ। ਇਹ ਸੁਣ ਕੇ ਮੈ ਤਾਂ ਗੁੰਮ ਹੀ ਹੋ ਗਿਆ। ਕੁੱਝ ਪਲ ਰੁਕ ਕੇ, ਆਪਣੇ ਹਾਸੇ ਵਾਲੇ ਸੁਭਾ ਕਰਕੇ ਮੈਥੋਂ ਰਿਹਾ ਨਾ ਗਿਆ। ਮੈ ਹੱਸਦਿਆਂ ਆਖਿਆ.” ਭਾਈ ਸਿੱਖੋ, ਆਪਣੇ ਘਰਾਂ ਵਿੱਚ ਝਾਤੀ ਮਾਰ ਕੇ -- ਦੀ ਗਿਣਤੀ ਵੀ ਕਰ ਲਵੋ; ਕਿਤੇ ਕੋਈ ਘਟ ਨਾ ਗਈ ਹੋਵੇ!
ਉਸਦੇ ਬੋਲਣ ਦੇ ਲਹਿਜੇ ਤੋਂ ਇਉਂ ਲੱਗਾ ਕਿ ਜਿਵੇਂ ਮੇਰੀ ਇਹ ਗੱਲ ਸੁਣ ਕੇ ਉਸਦੇ ਹੋਠਾਂ ਤੇ ਵੀ ਮੁਕ੍ਰਾਹਟ ਆ ਗਈ ਹੋਵੇ! ਉਸ ਨੇ ਇਹ ਆਖ ਕੇ ਫ਼ੋਨ ਬੰਦ ਕਰ ਦਿਤਾ, “ਜੇ ਉਹ ਭਾਈ ਤੁਹਾਨੂੰ ਕਿਤੇ ਮਿਲ਼ੇ ਤਾਂ ਸਾਨੂੰ ਇਸ ਨੰਬਰ ਤੇ ਫ਼ੋਨ ਕਰ ਦਿਓ।”
ਉਪਰ ਲਿਖੀ ਮੇਰੀ ਗੱਲ ਤੋਂ ਕਿਤੇ ਇਹ ਨਾ ਸਮਝ ਲੈਣਾ ਕਿ ਮੈ ਚੋਰੀ ਕਰਨ ਵਾਲ਼ੇ ਦੀ ਹਾਮੀ ਭਰ ਰਿਹਾ ਹਾਂ ਤੇ ਇਸ ਕੁਕਰਮ ਨੂੰ ਮਾੜਾ ਨਹੀ ਸਮਝਦਾ। ਬਲਕਿ ਗੁਰਬਾਣੀ ਦਾ ਫੁਰਮਾਣ ਤਾਂ ਇਸ ਪ੍ਰਥਾਇ ਇਉਂ ਹੈ;
ਚੋਰ ਕੀ ਹਾਮਾ ਭਰੇ ਨ ਕੋਇ॥
ਚੋਰ ਕੀਆ ਚੰਗਾ ਕਿਉ ਹੋਇ॥

ਵਿਚਾਰ ਤੁਹਾਨੂੰ ਵੀ ਆ ਰਹੀ ਹੋਵੇਗੀ ਤੇ ਮੈਨੂੰ ਵੀ ਆ ਰਹੀ ਹੈ ਕਿ ਧਾਰਮਿਕ ਵਿਅਕਤੀ ਅਜਿਹਾ ਕਿਉਂ ਕਰਦੇ ਹਨ। ਮੇਰੇ ਵਿਚਾਰ ਅਨੁਸਾਰ ਤਾਂ ਵਿਦਵਾਨਾਂ, ਸਾਹਿਤਕਾਰਾਂ, ਪੱਤਰਕਾਰਾਂ, ਪੁਲਸੀਆਂ, ਸਿਆਸਤਦਾਨਾਂ, ਡਾਕਟਰਾਂ, ਵਾਪਾਰੀਆਂ, ਟੀਚਰਾਂ, ਸਰਕਾਰੀ ਕਰਮਚਾਰੀਆਂ, ਮਜ਼ਦੂਰਾਂ, ਮਿਸਤਰੀਆਂ ਵਰਗੇ, ਹੋਰਨਾਂ ਕਿੱਤਿਆਂ ਵਾਲ਼ੇ ਲੋਕਾਂ ਵਾਂਗ ਹੀ ਇਹ ਵਿਅਕਤੀ ਵੀ ਸਾਡੇ ਆਮ ਸਮਾਜ ਵਿਚੋਂ ਹੀ ਹਨ। ਜਿਵੇਂ ਹੋਰਨਾਂ ਕਿੱਤਿਆਂ ਵਾਲ਼ੇ ਸਮੂਹਾਂ ਵਿੱਚ ਹਰ ਪ੍ਰਕਾਰ ਦੇ ਇਨਸਾਨ ਹੁੰਦੇ ਹਨ ਓਵੇਂ ਹੀ ਇਹਨਾਂ ਵਿੱਚ ਵੀ ਤਕਰੀਬਨ ਓਸੇ ਹੀ ਰੇਸ਼ੋ ਨਾਲ਼ ਮਾੜੇ ਚੰਗੇ ਬੰਦੇ ਮਿਲ਼ਦੇ ਹਨ। ਹਾਂ, ਇਹ ਗੱਲ ਜ਼ਰੂਰ ਹੈ ਕਿ ਇਹਨਾਂ ਪਾਸੋਂ ਦੂਜਿਆਂ ਨਾਲ਼ੋਂ ਵਧ ਸਦਾਚਾਰਕਤਾ ਦੀ ਆਸ ਰੱਖੀ ਜਾਂਦੀ ਹੈ। ਕਿਉਂਕਿ ਇਹ ਦੂਜਿਆਂ ਨੂੰ ਸਦਾਚਾਰੀ ਹੋਣ ਦਾ ਉਪਦੇਸ਼ ਜੂ ਕਰਦੇ ਹਨ, ਇਸ ਲਈ ਆਮ ਜਨਤਾ ਇਹਨਾਂ ਤੋਂ ਦੂਜਿਆਂ ਨਾਲ਼ੋਂ ਉਚੇਰੇ ਆਚਰਣ ਵਾਲ਼ੇ ਹੋਣ ਦੀ ਆਸ ਰੱਖਦੀ ਹੈ। ਫਿਰ ਸਭ ਦੀ ਨਿਗਾਹ ਵਿੱਚ ਹੋਣ ਕਾਰਨ, ਇਹਨਾਂ ਦੀਆਂ ਕਮੀਆਂ ਛੇਤੀ ਤੇ ਵਧ ਉਜਾਗਰ ਹੋ ਜਾਂਦੀਆਂ ਹਨ। ਇਹਨਾਂ ਦੀਆਂ ਸਿਰਫ਼ ਦੋ ਅੱਖਾਂ ਤੇ ਇਹਨਾਂ ਤੇ ਨਿਗਰਾਨੀ ਕਰਨ ਵਾਲ਼ਆਂ ਹਜਾਰਾਂ ਹੀ ਅੱਖਾਂ ਹੁੰਦੀਆਂ ਹਨ। ਹੋ ਸਕਦਾ ਹੈ ਕਿ ਇਹਨਾਂ ਨੂੰ ਆਮ ਵਿਅਕਤੀ ਨਾਲੋਂ ਗ਼ਲਤੀ ਕਰਨ ਦੇ ਵਧ ਮੌਕੇ ਮਿਲਣ ਕਰਕੇ, ਇਹ ਗ਼ਲਤੀਆਂ ਵੀ ਸ਼ਾਇਦ ਦੂਜਿਆਂ ਨਾਲ਼ੋਂ ਵਧ ਹੀ ਕਰਦੇ ਹੋਣ! ਮਹਾਂਰਾਜ ਦਾ ਫੁਰਮਾਣ ਹੈ:
ਜਿਸ ਹਥਿ ਜੋਰ ਕਰਿ ਵੇਖੇ ਸੋਇ॥ (ਜਪੁ ਜੀ)
ਫੇਰ ਇਹਨਾਂ ਦੇਸਾਂ ਦੀਆਂ ਸਹੂਲਤਾਂ ਬਾਕੀ ਲੋਕਾਂ ਵਾਂਗ ਇਹਨਾਂ ਨੂੰ ਵੀ ਖਿੱਚ ਪਾਉਂਦੀਆਂ ਹਨ ਤੇ ਇਹ ਵੀ ਬਾਕੀਆਂ ਵਾਂਗ ਹੀ ਏਧਰ ਵੱਸ ਜਾਣ ਲਈ ਯਤਨਸ਼ੀਲ ਹੁੰਦੇ ਹਨ। ਆਪ ਹੀ ਅਸੀਂ ਸੋਚੀਏ ਕਿ ਇਹਨਾਂ ਪੱਛਮੀ ਮੁਲਕਾਂ ਵਿੱਚ ਸੈਟਲ ਹੋਣ ਲਈ ਅਸੀਂ ਕੀ ਕੀ ਨਹੀ ਕਰਦੇ! ਝੂਠੇ ਵਿਆਹ, ਝੂਠੇ ਤਲਾਕ, ਨਾ ਭੈਣ ਭਰਾ ਦੇ ਰਿਸ਼ਤੇ ਦੀ ਪਰਵਾਹ, ਨਾ ਪਿਓ ਧੀ ਦੇ ਰਿਸ਼ਤੇ ਦਾ ਸਤਿਕਾਰ; ਭਰਜਾਈਆਂ, ਸਾਲ਼ੀਆਂ, ਚਚੇਰਿਆਂ, ਮਸੇਰਿਆਂ, ਫੁਫੇਰਿਆਂ ਆਦਿ ਦੀ ਤਾਂ ਗੱਲ ਹੀ ਛੱਡੋ। ਫਿਰ ਹੁਣ ਸਟੂਡੈਟਾਂ ਦੇ ਨਾਂ ਤੇ ਅਸੀਂ ਕੀ ਕੜ੍ਹੀ ਘੋਲ਼ ਰਹੇ ਹਾਂ। ਲੜਕੀ ਨੇ ਆਈਲੈਟ ਪਾਸ ਕਰ ਲਿਆ ਤਾਂ ਝੂਠਾ ਵਿਆਹ ਕਰਕੇ, ਅਨਪੜ੍ਹ ਪਰ ਰੱਜੇ ਘਰ ਦਾ ਜਵਾਨ ਮੁੰਡਾ ਨਾਲ਼ ਆ ਜਾਂਦਾ ਹੈ ਤੇ ਇਸ ਤਰ੍ਹਾਂ ਹੀ ਸ਼ਾਇਦ ਲੜਕੀ ਵੀ ਆ ਜਾਂਦੀ ਹੋਵੇਗੀ! ਭਾਵੇਂ ਸਾਰੇ ਇਸ ਤਰ੍ਹਾਂ ਨਹੀ ਆਉਂਦੇ ਪਰ ਸੁਣਿਆ ਹੈ ਕਿ ਦੇਸ਼ ਵਿੱਚ ਅਜਿਹਾ ਕੁੱਝ ਕਰਨ ਲਈ ਅਖ਼ਬਾਰਾਂ ਵਿੱਚ ਇਸ਼ਤਿਹਾਰ ਵੀ ਦੇ ਦਿਤੇ ਜਾਂਦੇ ਹਨ।
ਫਿਰ ਨਾਲਾਇਕ ਵਿਅਕਤੀਆਂ ਦਾ ਗ੍ਰੰਥੀ ਸਿੰਘ ਦੀ ਸਤਿਕਾਰਤ ਪਦਵੀ ਉਪਰ ਕਬਜਾ ਕਰ ਲੈਣ ਦਾ ਕਾਰਨ ਇੱਕ ਇਹ ਵੀ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਗ੍ਰੰਥੀ ਰੱਖਣ ਸਮੇ ਇਹ ਨਹੀ ਵੇਖਦੇ ਕਿ ਇਸ ਵਿਅਕਤੀ ਨੇ, ਇਸ ਕਿੱਤੇ ਦੀ ਵਿੱਦਿਆ ਕਿਥੋਂ ਪ੍ਰਾਪਤ ਕੀਤੀ ਹੈ ਤੇ ਕੀ ਇਹ ਇਸ ਪਦਵੀ ਦੇ ਯੋਗ ਵੀ ਹੈ! ਕੀ ਇਸਨੇ ਪਹਿਲਾਂ ਕਿਸੇ ਹੋਰ ਗੁਰੂ ਘਰ ਜਾਂ ਕਿਸੇ ਧਾਰਮਿਕ ਸੰਸਥਾ ਵਿੱਚ ਅਜਿਹੀ ਸੇਵਾ ਕੀਤੀ ਹੈ! ਜੇ ਕੀਤੀ ਹੈ ਤਾਂ ਓਥੋਂ ਸੇਵਾ ਮੁਕਤੀ ਦਾ ਕਾਰਨ ਕੀ ਸੀ! ਕਦੀ ਵੀ ਉਸਦੀ ਸੇਵਾ ਵਾਲ਼ੀ ਪਹਿਲੀ ਸੰਸਥਾ ਪਾਸੋਂ, ਉਸ ਬਾਰੇ, ਉਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਪਾਸੋ, ਰੀਪੋਰਟ ਮੰਗਣ ਦੀ ਲੋੜ ਨਹੀ ਸਮਝੀ ਜਾਂਦੀ। ਸਿਰਫ ਉਸਦੀ ਸ਼ਕਲ ਸੂਰਤ ਜਾਂ ਰਸੂਖ਼ ਵਾਲ਼ੇ ਪ੍ਰਬੰਧਕ ਦੀ ਸ਼ਕਤੀ ਭਰਪੂਰ ਸਿਫਾਰਸ਼ ਹੀ ਉਸਦੀ ਯੋਗਤਾ ਬਣ ਜਾਂਦੀ ਹੈ। ਜਾਂ ਫਿਰ ਕਈ ਵਾਰੀਂ ਇਉਂ ਵੀ ਹੁੰਦਾ ਹੈ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਜੀ, ਕਿਸੇ ਕਾਰਨ ਨਿਕਲ਼ ਗਏ ਹੁੰਦੇ ਹਨ ਜਾਂ ਕਢ ਦਿਤੇ ਗਏ ਹੁੰਦੇ ਹਨ; ਤੇ ਉਸ ਸਮੇ, “ਖੜ੍ਹੇ ਦਾ ਖ਼ਾਲਸਾ” ਵਾਲ਼ੇ ਮੁਹਾਵਰੇ ਅਨੁਸਾਰ, ਜੇਹੜਾ ਸਾਹਮਣੇ ਆ ਗਿਆ ਓਸੇ ਨੂੰ ਹੀ ਰੱਖ ਲਿਆ, ਇਹ ਸੋਚ ਕੇ ਕਿ ਜਦੋਂ ਯੋਗ ਵਿਅਕਤੀ ਮਿਲ਼ ਗਿਆ ਓਦੋਂ ਇਸ ਨੂੰ ਹਟਾ ਕੇ ਉਸ ਨੂੰ ਰੱਖ ਲਵਾਂਗੇ ਪਰ ਏਨੇ ਸਮੇ ਦੌਰਾਨ ਉਸ ਨਾਲ ਵੀ ਸੰਗਤ ਦੇ ਇੱਕ ਹਿੱਸੇ ਦੀ ਹਮਦਰਦੀ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਉਸਨੂੰ ਹਟਾਏ ਜਾਣ ਦਾ ਕਾਰਜ ਸੌਖਾ ਨਹੀ ਰਹਿ ਜਾਂਦਾ। ਕਮੇਟੀ ਤੇ ਸੰਗਤਾਂ ਵਿੱਚ ਇਸ ਮਸਲੇ ਤੇ ਧੜੇਬੰਦੀ ਬਣ ਜਾਂਦੀ ਹੈ। ਕਈ ਚਲਾਕ ਗ੍ਰੰਥੀ ਇਸ ਧੜੇਬੰਦੀ ਨੂੰ ਬਣਾਉਣ ਵਿੱਚ ਤੇ ਇਸ ਪਾੜੇ ਨੂੰ ਹੋਰ ਵਧਾਉਣ ਵਿਚ, ਧਰਮ ਦੇ ਨਾਂ ਥੱਲੇ ਵਾਹਵਾ ਹੀ ਉਪੱਦਰ ਕਰ ਲੈਂਦੇ ਹਨ। ਸਫ਼ਲ ਸਿਆਸਤਦਾਨ, ਸ. ਪ੍ਰਤਾਪ ਸਿੰਘ ਕੈਰੋਂ, ਆਪਣੇ ਚੇਲਿਆਂ ਨੂੰ ਆਖਿਆ ਕਰਦਾ ਸੀ ਕਿ ਹਰੇਕ ਪਿੰਡ ਦੇ ਜੱਟਾਂ ਵਿੱਚ ਦੋ ਧੜੇ ਹੁੰਦੇ ਹਨ। ਜਿਥੇ ਨਾ ਹੋਣ ਓਥੇ ਪੈਦਾ ਕਰ ਦਿਓ। ਫਿਰ ਇਹ ਨਾ ਵੇਖੋ ਕਿ ਵੱਡਾ ਧੜਾ ਕੇਹੜਾ ਹੈ ਤੇ ਛੋਟਾ ਕੇਹੜਾ। ਜੇਹੜਾ ਵੀ ਦੋਹਾਂ ਵਿਚੋਂ ਇੱਕ ਤੁਹਾਡੇ ਨਾਲ਼ ਜੁੜਦਾ ਹੈ ਉਸਨੂੰ ਜੋੜ ਲਵੋ। ਇਸ ਤਰ੍ਹਾਂ ਜੱਟਾਂ ਦੇ ਇੱਕ ਧੜੇ ਦੀਆਂ ਵੋਟਾਂ ਤੁਹਾਨੂੰ ਮਿਲ਼ ਜਾਣਗੀਆਂ। ਬਾਕੀ ਸ਼੍ਰੇਣੀਆਂ ਦੇ ਲੋਕਾਂ ਨੇ ਤਾਂ ਵੋਟਾਂ ਕਾਂਗਰਸ ਨੂੰ ਪਾਉਣੀਆਂ ਹੀ ਹਨ। ਇਸ ਤਰ੍ਹਾਂ ਹਰੇਕ ਪਿੰਡ ਵਿੱਚ ਤੁਹਾਡੀ ਜਿੱਤ ਵੱਟ ਤੇ ਪਈ ਹੈ। ਇਹ ਗੱਲ ਮੈਨੂੰ ੧੯੭੨ ਦੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਸਮੇ, ਸ. ਗੁਰਚਰਨ ਸਿੰਘ ਗਾਲਬ ਨੇ ਓਦੋਂ ਸੁਣਾਈ ਜਦੋਂ ਅਸੀਂ ਜਗਰਾਉਂ ਸੀਟ ਦੀ ਚੋਣ ਸਮੇ ਇੱਕ ਥਾਂ ਇਕੱਠੇ ਹੋਏ। ਇਸ ਧਰਮ ਦੀ ਭਾਸ਼ਾ ਤੇ ਬੁਰਕੇ ਹੇਠ ਲੁਕੇ ਕੁੱਝ ਗ੍ਰੰਥੀ ਸਿੰਘ ਜੀ ਵੀ ਕਈ ਵਾਰੀ ਸਫ਼ਲ ਸਿਆਸਤਦਾਨ ਹੋ ਨਿੱਬੜਦੇ ਹਨ। ਹਾਂ ਜੇਹੜਾ ਨਹੀ ਸਿਆਸਤਦਾਨ ਉਹ ਬਹੁਤਾ ਚਿਰ ਇੱਕ ਗੁਰਦੁਆਰੇ ਵਿੱਚ ਟਿਕ ਵੀ ਨਹੀ ਸਕਦਾ।
ਸੱਤਰਵਿਆਂ ਵਾਲ਼ੇ ਦਹਾਕੇ ਦੌਰਾਨ ਜਦੋਂ ਮੈ ਪਛਮੀ ਮੁਲਕਾਂ ਦੀ ਯਾਤਰਾ ਤੇ, ਪਹਿਲੀ ਵਾਰ ਗਿਆ ਤਾਂ ਲੰਡਨ ਵਿੱਚ ਇਹ ਵੇਖ ਕੇ ਹੈਰਾਨ ਹੋਇਆ ਕਿ ਇੱਕ ਰਿਟਾਇਡ ਐਮ. ਏ. ਬੀ. ਟੀ. ਪ੍ਰਿੰਸੀਪਲ ਸਾਹਿਬ ਗੁਰਦੁਆਰੇ ਵਿੱਚ ਗ੍ਰੰਥੀ ਦੀ ਸੇਵਾ ਨਿਭਾ ਰਹੇ ਹਨ। ਨਾ ਕਥਾ, ਨਾ ਕੀਰਤਨ, ਤੇ ਨਾ ਹੀ ਗ੍ਰੰਥੀ ਸਿੰਘ ਵਾਲੀ ਕੋਈ ਹੋਰ ਯੋਗਤਾ! ਸਿਰਫ ਉਹ ਪ੍ਰਬੰਧਕਾਂ ਦੇ ਫਿੱਟ ਸਨ। ਬਰਮਿੰਘਮ ਗਿਆ ਤਾਂ ਓਥੇ ਡਬਲ ਐਮ. ਏ. ਪ੍ਰੋਫ਼ੈਸਰ ਸਾਹਿਬ ਜੀ ਗ੍ਰੰਥੀ ਦੀ ਸੇਵਾ ਕਰ ਰਹੇ ਦਿਸੇ। ਨਿਊ ਯਾਰਕ ਗਿਆ ਤਾਂ ਓਥੇ ਮਹਾਰਾਜਾ ਸਾਹਿਬ ਪਟਿਆਲਾ ਜੀ ਦੇ ਛੋਟੇ ਭਰਾ, ਰਾਜਾ ਮ੍ਰਿਗਿੰਦਰ ਸਿੰਘ ਜੀ, ਗ੍ਰੰਥੀ ਦੀ ਸੇਵਾ ਕਰ ਰਹੇ ਸਨ। ਇਹ ਵੱਖਰੀ ਗੱਲ ਹੈ ਕਿ ਉਹ ਗੁਰਬਾਣੀ, ਸ਼ਾਸਤਰੀ ਤੇ ਗੁਰਮਤਿ ਸੰਗੀਤ ਦੇ, ਚੋਟੀ ਦੇ ਗਿਆਤਾ ਅਤੇ ਸੰਸਕ੍ਰਿਤ ਸਮੇਤ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿਦਵਾਨ ਵੀ ਸਨ/ਹਨ। ਟਰਾਂਟੋ ਗਿਆ ਤਾਂ ਓਥੇ ਰਿਟਾਇਰਡ ਕਰਨਲ ਸਾਹਿਬ ਜੀ ਗ੍ਰੰਥੀ ਦੀ ਸੇਵਾ ਕਰ ਰਹੇ ਮਿਲ਼ੇ। ਵਾਸਿੰਗਟਨ ਗਿਆ ਤਾਂ ਓਥੇ ਮੇਜਰ ਸਾਹਿਬ ਜੀ ਦੇ ਗ੍ਰੰਥੀ ਵਜੋਂ ਦਰਸ਼ਨ ਹੋਏ। ਅਜਿਹੇ ਸੱਜਣ, ਗ੍ਰੰਥੀ ਸਿੰਘ ਜੀ ਵਾਲ਼ੀਆਂ ਯੋਗਤਾਵਾਂ ਤੋਂ ਬਿਨਾ, ਇਸ ਪਦਵੀ ਉਪਰ, ਉਸ ਮੁਲਕ ਦੀ ਇਮੀਗ੍ਰੇਸ਼ਨ ਲੈਣ ਲਈ ਹੀ ਅਸੁਵਿਧਾਪੂਰਣ ਹਾਲਾਤ ਵਿੱਚ ਰਹਿ ਰਹੇ ਹੁੰਦੇ ਸਨ/ਹਨ
ਮੈ ਤਾਂ ਪਹਿਲਾਂ ਤੋਂ ਹੀ ਇਸ ਵਿਚਾਰ ਦਾ ਸਾਂ ਕਿ ਅਜਿਹੇ ਸੱਜਣ, ਗ੍ਰੰਥੀ ਸਿੰਘ ਦੀ ਸੇਵਾ ਨੂੰ ਆਪਣੇ ਪਧਰ ਤੋਂ ਬਹੁਤ ਥੱਲੇ ਦੀ ਸਮਝ ਕੇ, ਕਰਨ ਦੀ ਚਾਹਨਾ ਨਹੀ ਰੱਖਦੇ ਤੇ ਸਗੋਂ ਅਜਿਹੇ ਸੇਵਕਾਂ ਨੂੰ ਘਟੀਆ ਸਮਝਦੇ ਹਨ। ਇਸ ਸੇਵਾ ਤੇ ਨਿਯੁਕਤ ਹੋ ਜਾਣ ਦੇ ਉਪ੍ਰੰਤ ਵੀ ਉਹ, ਇਸ ਸੇਵਾ ਨਾਲ਼ ਸਬੰਧਤ, ਜਰੂਰੀ ਯੋਗਤਾ ਹਾਸਲ ਕਰਨ ਦਾ ਯਤਨ ਨਹੀ ਕਰਦੇ ਤੇ ਇਮੀਗ੍ਰੇਸ਼ਨ ਦੀ ਉਡੀਕ ਵਿੱਚ ਹੀ ਸਮਾ ਟਪਾਈ ਜਾਂਦੇ ਹਨ। ਬਹੁਤੀ ਵਾਰੀਂ, ਕਈ ਕਾਰਨਾਂ ਕਰਕੇ, ਇਹ ਉਡੀਕ ਏਨੀ ਲੰਮੀ ਹੋ ਜਾਂਦੀ ਹੈ ਕਿ ਉਸ ਸੱਜਣ ਵਿਚ, ਗੁਰਦੁਆਰੇ ਤੋਂ ਬਾਹਰ ਜਾ ਕੇ, ਕੋਈ ਹੋਰ ਕਾਰ ਵਿਹਾਰ ਕਰਨ ਵਾਸਤੇ, ਪਹਿਲਾਂ ਵਾਲਾ ਉਤਸ਼ਾਹ ਹੀ ਨਹੀ ਰਹਿੰਦਾ ਤੇ ਉਹ ਫਿਰ ਪੱਕਾ ਹੋ ਜਾਣ ਪਿੱਛੋਂ ਵੀ ਇਹ ਸੇਵਾ ਨਹੀ ਛੱਡਦਾ। ਉਸਨੂੰ ਹਟਾਉਣ ਲਈ ਫਿਰ ਕਈ ਥਾਂਈਂ ਪ੍ਰਬੰਧਕਾਂ ਨੂੰ ਬੁਰੇ ਦੇ ਘਰ ਤੱਕ ਵੀ ਅਪੱੜਨਾ ਪੈ ਜਾਂਦਾ ਹੈ। ਕਦੀ ਕਚਹਿਰੀਆਂ ਵਿੱਚ ਦੋਵੇਂ ਧਿਰਾਂ ਆਪਣਾ ਤੇ ਕੌਮ ਦਾ ਚੰਗਾ ਜਲੂਸ ਵੀ ਕਢਦੀਆਂ ਹਨ ਤੇ ਲੱਖਾਂ ਦੇ ਹਿਸਾਬ ਡਾਲਰ ਵੀ ਵਕੀਲਾਂ ਨੂੰ ਪੂਜਦੀਆਂ ਹਨ। ਇੱਕ ਧਿਰ ਗੁਰਦੁਆਰੇ ਵਿਚੋਂ ਗ੍ਰੰਥੀ ਕਢਣ ਲਈ ਜੋਰ ਲਾ ਰਹੀ ਹੁੰਦੀ ਹੈ ਤੇ ਦੂਜੇ ਪਾਸੇ ਗ੍ਰੰਥੀ ਅਤੇ ਉਸਦੇ ਕੁੱਝ ਹਿਮਾਇਤੀ ਉਸਨੂੰ ਗੁਰਦੁਆਰੇ ਵਿੱਚ ਰੱਖੀ ਰੱਖਣ ਲਈ ਯਤਨ ਕਰ ਰਹੇ ਹੁੰਦੇ ਹਨ। ਅਜਿਹੀ ਖਿੱਚੋਤਾਣ ਕਈ ਵਾਰ ਸਾਲਾਂ ਤੋਂ ਅੱਗੇ ਟੱਪ ਕੇ ਦਹਾਕਿਆਂ ਤੱਕ ਜਾ ਪੁੱਜਦੀ ਹੈ।




.