.

ਗੁਰਬਾਣੀ ਅਨੁਸਾਰ ਪ੍ਰਬਲ ਪ੍ਰਾਕ੍ਰਿਤਕ ਪ੍ਰੇਰਨਾ: ਲੋਭ

ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ॥

ਧਾਵੰਤ ਜੀਆ ਬਹੁ ਪ੍ਰਕਾਰੰ ਅਨਿਕ ਭਾਂਤਿ ਬਹੁ ਡੋਲਤੇ॥

ਨਚ ਮਿਤ੍ਰੰ ਨਚ ਇਸਟੰ ਨਚ ਬਾਧਵ ਨਚ ਮਾਤ ਪਿਤਾ ਤਵ ਲਜਯਾ॥

ਅਕਰਣੰ ਕਰੋਤਿ ਅਖਾਦ੍ਯ੍ਯਿ ਖਾਦ੍ਯ੍ਯੰ ਅਸਾਜ੍ਯ੍ਯੰ ਸਾਜਿ ਸਮਜਯਾ॥

ਤ੍ਰਾਹਿ ਤ੍ਰਾਹਿ ਸਰਣਿ ਸੁਆਮੀ ਬਿਗਾੑਪ੍ਤਿ ਨਾਨਕ ਹਰਿ ਨਰਹਰਹ॥ ੪੮॥ (੧੩੫੮)

ਪ੍ਰਿੰਸੀਪਲ ਸਾਹਿਬ ਸਿੰਘ ਜੀ ਅਨੁਸਾਰ ਅਰਥ: ਹੇ ਲੋਭ ਤੂੰ ਏਨਾ ਬਲੀ ਹੈਂ ਕਿ ਮੁਖੀ ਬੰਦੇ ਵੀ ਤੇਰੇ ਅਸਰ ਨਾਲ਼ ਵਿਕਾਰਾਂ ਵਿੱਚ ਡੁੱਬ ਜਾਂਦੇ ਹਨ। ਤੇਰੀਆਂ ਲਹਿਰਾਂ ਵਿੱਚ ਅਨੇਕਾਂ ਕਲੋਲ ਕਰਦੇ ਹਨ। ਤੇਰੇ ਵੱਸ ਵਿੱਚ ਆਏ ਹੋਏ ਜੀਵ ਕਈ ਤਰ੍ਹਾਂ ਭਟਕਦੇ ਫਿਰਦੇ ਹਨ। ਅਨੇਕਾਂ ਤਰੀਕਿਆਂ ਨਾਲ ਡੋਲਦੇ ਹਨ। ਤੇਰੇ ਅਸਰ ਹੇਠ ਰਹਿਣ ਕਰਕੇ ਉਹਨਾਂ ਨੂੰ ਨਾ ਕਿਸੇ ਮਿੱਤਰ ਦਾ, ਨਾ ਗੁਰੂ-ਪੀਰ ਦਾ, ਨਾ ਸੰਬੰਧੀਆਂ ਦਾ ਅਤੇ ਨਾ ਹੀ ਮਾਂ ਪਿਉ ਦਾ ਕੋਈ ਲਿਹਾਜ ਰਹਿੰਦਾ ਹੈ। ਤੇਰੇ ਪ੍ਰਭਾਵ ਨਾਲ ਜੀਵ ਖੁਲ੍ਹੇ ਤੌਰ ਤੇ ਸਮਾਜ ਵਿੱਚ ਉਹ ਕੰਮ ਕਰਦਾ ਹੈ ਜੋ ਨਹੀਂ ਕਰਨੇ ਚਾਹੀਦੇ; ਉਹ ਚੀਜ਼ਾਂ ਖਾਂਦਾ ਹੈ ਜੋ ਨਹੀਂ ਖਾਣੀਆਂ ਚਾਹੀਦੀਆਂ; ਉਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਜੋ ਨਹੀਂ ਕਰਨੀਆਂ ਚਾਹੀਦੀਆਂ। ਹੇ ਨਾਨਕ! ਲੋਭ ਤੋਂ ਬਚਣ ਲਈ ਇਉਂ ਅਰਦਾਸ ਕਰ: ਹੇ ਪ੍ਰਭੂ! ਹੇ ਸੁਆਮੀ! ਮੈਂ ਤੇਰੀ ਸ਼ਰਨ ਆਇਆ ਹਾਂ, ਮੈਨੂੰ ਇਸ ਲੋਭ ਤੋਂ ਬਚਾ ਲੈ, ਬਚਾ ਲੈ। ੪੮।

ਭਾਵ ਕਿ ਲੋਭ ਦੇ ਅਸਰ ਹੇਠ ਮਨੁੱਖ ਸ਼ਰਮ ਛੱਡ ਕੇ ਅਯੋਗ ਕਰਤੂਤਾਂ ਕਰਨ ਲੱਗ ਪੈਂਦਾ ਹੈ। ਪਰਮਾਤਮਾ ਦੇ ਦਰ ਤੇ ਹੀ ਅਰਦਾਸਾਂ ਕਰ ਕੇ ਇਸ ਤੋਂ ਬਚਿਆ ਜਾ ਸਕਦਾ ਹੈ।

ਲੱਬ, ਲੋਭ, ਲਾਲਸਾ, ਲਾਲਚ, ਪਦਾਰਥ ਦੀ ਭੁੱਖ ਇਕੋ ਹੀ ਭਾਵ ਦੇ ਲਖਾਇਕ ਸ਼ਬਦ ਹਨ; ਜਿਸਦਾ ਸੰਖੇਪ ਅਰਥ ਹੈ ਦੂਸਰੇ ਦੇ ਪਦਾਰਥ ਉਪਰ ਕਬਜੇ ਦੀ ਇਛਾ।

ਮੋਹ ਦਾ ਜ਼ਿਕਰ ਗੁਰਬਾਣੀ ਵਿਚ, ਮਹਾਂ ਬਲੀਆਂ ਵਿਚੋਂ ਆਮ ਤੌਰ ਤੇ ਤੀਜੇ ਨੰਬਰ ਉਪਰ ਆਉਂਦਾ ਹੈ। ਇਹਨਾਂ ਸਲੋਕਾਂ ਵਿੱਚ ਇਸਦਾ ਚੌਥਾ ਨੰਬਰ ਹੈ। ਗੁਰਬਾਣੀ ਅਨੁਸਾਰ ਮੁਢਲੀਆਂ ਪੰਜ ਪ੍ਰਾਕ੍ਰਿਤਕ ਪ੍ਰੇਰਨਾਵਾਂ ਵਿਚੋਂ ਇਹ ਇੱਕ ਹੈ ਤੇ ਇਸਦੇ ਅਸਰ ਅਧੀਨ, ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਮਨੁਖ ਅਜਿਹੀਆਂ ਕੋਝੀਆ ਕਰਤੂਤਾਂ ਕਰ ਜਾਂਦਾ ਹੈ ਕਿ ਜੋ ਕਰਨੀਆਂ ਸਭਿਅਕ ਮਨੁਖ ਨੂੰ ਕਦਾਚਿਤ ਨਹੀਂ ਸੋਭਦੀਆਂ। ਇਸਦੇ ਅਧੀਨ ਹੋ ਚੁੱਕੇ ਮਨੁਖ ਦੀ ਹਾਲਤ ਨੂੰ ਹਲ਼ਕਾਏ ਕੁੱਤੇ ਦੇ ਸਮਾਨ ਗੁਰਬਾਣੀ ਫੁਰਮਾਉਂਦੀ ਹੈ:

ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ॥

ਤਿਉ ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ॥ (੫੦)

ਜਿਸ ਤਰ੍ਹਾਂ ਹਲ਼ਕਾਇਆ ਹੋਇਆ ਕੁੱਤਾ ਚਾਰ ਚੁਫੇਰੇ, ਹਰੇਕ ਸਾਹਮਣੇ ਆਉਣ ਵਾਲ਼ੇ ਜੀਵ ਨੂੰ ਚੱਕ ਮਾਰਨ ਲਈ ਭੱਜਾ ਫਿਰਦਾ ਹੈ ਏਸੇ ਤਰ੍ਹਾਂ ਲੋਭ ਦੇ ਅਧੀਨ ਮਨੁਖ ਵੀ ਦੂਜਿਆਂ ਦਾ ਵੀ ਸਭ ਕੁੱਝ ਆਪਣੇ ਕਬਜੇ ਕਰਕੇ ਹਜਮ ਕਰਨ ਦੇ ਫਿਕਰ ਵਿੱਚ ਵਿਚਰਦਾ ਹੈ।

ਸ੍ਰੀ ਗੁਰੂ ਰਾਮਦਾਸ ਜੀ ਮਹਾਂਰਾਜ ਫੁਰਮਾਉਂਦੇ ਹਨ ਕਿ ਇਸ ਹਲ਼ਕਾ ਦੇ ਅਸਰ ਅਧੀਨ ਹੀ:

ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭੈ ਬਿਗਾਰੇ॥ (੯੮੩)

ਅਰਥਾਤ ਜਿਸ ਤਰ੍ਹਾਂ ਹਲਕਾ ਸਮਝਦਾਰ ਤੇ ਵਫਾਦਾਰ ਕੁੱਤੇ ਨੂੰ ਵਿਗਾੜ ਦਿੰਦਾ ਹੈ ਅਤੇ ਇਸਦੇ ਅਸਰ ਅਧੀਨ ਉਹ ਆਪਣੇ ਮਾਲਕ ਨੂੰ ਵੀ ਨਹੀਂ ਬਖ਼ਸ਼ਦਾ ਏਸੇ ਤਰ੍ਹਾਂ ਸਮਝਦਾਰ ਮਨੁਖ ਉਪਰ ਵੀ ਜਦੋਂ ਲੋਭ ਰੂਪੀ ਹਲ਼ਕਾ ਦਾ ਅਸਰ ਹੁੰਦਾ ਹੈ ਤਾਂ ਇਸਨੂੰ ਵੀ ਆਪਣੇ ਪਰਾਏ ਦੀ ਸੋਝੀ ਨਹੀਂ ਰਹਿੰਦੀ। ਇਹ ਹਰੇਕ ਨਾਲ਼ ਧੋਖਾ, ਹਰੇਕ ਦੀ ਲੁੱਟ, ਹਰੇਕ ਦਾ ਨੁਕਸਾਨ ਕਰਨ ਦੀਆਂ ਸੋਚਾਂ ਹੀ ਸੋਚਣ ਦਾ ਆਦੀ ਹੋ ਜਾਂਦਾ ਹੈ। ਹਾਲਤ ਫਿਰ ਇਸਦੀ ਇਹ ਹੋ ਜਾਂਦੀ ਹੈ:

ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ (੫੫੪)

ਭਗਤ ਨਾਮਦੇਵ ਜੀ ਵੀ ਇਸ ਪ੍ਰਥਾਇ ਫੁਰਮਾਉਂਦੇ ਹਨ:

ਲੋਭ ਲਹਰਿ ਅਤਿ ਨੀਝਰ ਬਾਜੈ॥ ਕਾਇਆ ਡੂਬੈ ਕੇਸਵਾ॥ ੧॥

ਸੰਸਾਰੁ ਸਮੁੰਦੇ ਤਾਰਿ ਗ+ਬਿੰਦੇ॥ ਤਾਰਿ ਲੈ ਬਾਪ ਬੀਠੁਲਾ॥ ੧॥ ਰਹਾਉ॥ (੧੧੯੬)

ਹੇ ਮੇਰੇ ਸੋਹਣੇ ਕੇਸਾਂ ਵਾਲੇ ਬੀਠਲ ਰੱਬ ਜੀ, ਮੈਨੂੰ ਲੋਭ ਦੇ ਠਾਠਾਂ ਮਾਰਦੇ ਤਿੱਖੇ ਵਹਿਣ ਵਿਚੋਂ ਡੁੱਦੇ ਨੂੰ ਬਚਾ ਲੈ। ਇਸ ਸੰਸਾਰ ਸਮੁੰਦਰ ਵਿੱਚ ਮੇਰਾ ਸਰੀਰ ਡੁੱਬਦਾ ਜਾ ਰਿਹਾ ਹੈ; ਇਸ ਵਿਚੋਂ ਤੁਸੀਂ ਹੀ ਮੈਨੂੰ ਬਚਾ ਸਕਦੇ ਹੋ।

ਗੁਰਬਾਣੀ ਦੱਸਦੀ ਹੈ ਕਿ ਮਨੁਖ ਏਨਾ ਸਵਾਰਥੀ ਹੈ ਕਿ ਉਹ ਆਪਣਾ ਮੇਲ਼ ਜੋਲ਼, ਰਿਸ਼ਤੇਦਾਰੀ, ਮਿੱਤਰਤਾ ਆਦਿ ਸਭ ਕੁੱਝ ਲੋਭ ਦੇ ਅਸਰ ਥੱਲੇ ਹੋ ਕੇ ਹੀ ਕਿਸੇ ਨਾਲ ਰੱਖਦਾ ਹੈ। ਇਸ ਪ੍ਰਥਾਇ ਫੁਰਮਾਣ ਹੈ:

ਅਪਨੇ ਲੋਭ ਕਉ ਕੀਨੋ ਮੀਤ॥

ਅਰਥਾਤ ਸਾਡਾ ਸਭ ਕੁੱਝ ਹੀ ਲੋਭ ਤੋਂ ਪ੍ਰਭਾਵਤ ਹੈ। ਸੰਸਾਰੀ ਤੇ ਨਿਰੰਕਾਰੀ ਸਾਰੀਆਂ ਹੀ ਸਾਡੀਆਂ ਸਰਗਰਮੀਆਂ ਦਾ ਕੇਂਦਰੀ ਧੁਰਾ ਸਾਡਾ ਸਵਾਰਥ ਹੈ। ਸੰਸਾਰ ਦੇ ਸਾਰੇ ਸਬੰਧ ਹੀ ਇਸ ਦੁਆਲ਼ੇ ਘੁੰਮਦੇ ਹਨ। ਇਸ ਸਚਾਈ ਦੀ ਸੋਝੀ ਸਾਨੂੰ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ ਇਉਂ ਕਰਵਾਉਂਦੇ ਹਨ:

ਜੋ ਸੰਸਾਰੈ ਕੇ ਕੁਟੰਬ ਮਿਤ੍ਰ ਭਾਈ ਦੀਸਹਿ ਮਨ ਮੇਰੇ ਤੇ ਸਭਿ ਅਪਨੈ ਸੁਆਇ ਮਿਲਾਸਾ॥

ਜਿਤੁ ਦਿਨਿ ਉਨੑ ਕਾ ਸੁਆਉ ਹੋਇ ਨ ਆਵੈ ਤਿਤੁ ਦਿਨਿ ਨੇੜੈ ਕੋ ਨ ਢੁਕਾਸਾ॥ (੮੬੦)

ਗੁਰਮਤਿ ਸਾਨੂੰ ਦੱਸਦੀ ਹੈ:

ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ॥ (੧੪੧੭)

ਅਰਥਾਤ ਜਿਥੋਂ ਤਕ ਵੀ ਵਾਹ ਚੱਲੇ ਲੋਭੀ ਦਾ ਯਕੀਨ ਨਹੀ ਕਰਨਾ।

ਕੋਈ ਵਿਰਲਾ ਸੂਰਮਾ ਹੀ ਗੁਰਬਾਣੀ ਦੀ ਸਿਖਿਆ ਦੀ ਰੋਸ਼ਨੀ ਵਿਚ, ਇਸ ਰੱਬੋਂ ਬਖ਼ਸ਼ੀ ਦਾਤ ਦੀ ਸੰਜਮ ਸਹਿਤ ਵਰਤੋਂ ਕਰਕੇ, ਭਲਾਈ ਵਾਲੇ ਪਾਸੇ ਜੀਵਨ ਨੂੰ ਲਾ ਸਕਦਾ ਹੈ। ਬਿਬੇਕ ਬੁਧੀ ਦੁਆਰਾ ਲੋਭ ਨੂੰ ਸੇਵਾ, ਸਹਾਇਤਾ, ਸਿਮਰਨ, ਲੋਕ ਭਲਾਈ ਆਦਿ ਸੁਚੱਜੇ ਕਾਰਜਾਂ ਨੂੰ ਸਰੰਜਾਮ ਦੇਣ ਹਿਤ ਵੀ ਵਰਤਿਆ ਜਾ ਸਕਦਾ ਹੈ। ਇਹ ਬਿਬੇਕ ਬੁਧੀ ਸਤਿਗੁਰੂ ਜੀ ਦੀ ਸ਼ਰਨ ਤੋਂ ਬਿਨਾ ਪ੍ਰਾਪਤ ਹੋਣੀ ਅਸੰਭਵ ਹੈ।

ਗਿਆਨੀ ਸੰਤੋਖ ਸਿੰਘ




.