.

ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੂਰਬ ਮੌਕੇ ਗੁਰਦੁਆਰਿਆਂ ਵਿਚ ਦੂਰਗਾ ਪਾਠ ਕਿਉਂ ?

- ਖਾਲ਼ਸਾ ਨਾਰੀ ਮੰਚ

 ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੂਰਬ ਸਮੇਂ ਹਰ ਗੁਰਦੁਆਰੇ ਵਿਚ ਇਹ ਪੰਗਤੀਆਂ ਜ਼ਰੂਰ ਸੁਣਨ ਨੂੰ ਮਿਲਦੀਆਂ ਹਨ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਜਿਸ ਨੂੰ ਆਪਣੇ ਆਪ ਨੂੰ ਮੰਨਣ ਵਾਲਾ ਹਰ ਸ਼ਰਧਾਲੂ ਸਿੱਖ ਜੋਸ਼ ਭਰੇ ਅੰਦਾਜ ਵਿਚ ਪੜ੍ਹ-ਪੜ੍ਹ ਕੇ ਆਪਣਾ ਜਨਮ ਸਫਲਾ ਕਰਦਾ ਹੈ ਅਤੇ ਕਦੇ ਵੀ ਇਹ ਸੋਚਣ ਦਾ ਜਤਨ ਨਹੀਂ ਕਰਦਾ ਕਿ ਜਿਹੜੀ ਰਚਨਾ ਗੁਰੂ ਘਰ ਵਿਚ ਪੜ੍ਹੀ ਜਾ ਰਹੀ ਹੈ ਉਹ ਕਿਥੋਂ ਲਈ ਗਈ ਹੈ।

ਇਸ ਲੇਖ ਨੂੰ ਅਗਾਂਹ ਪੜਨ ਤੋਂ ਪਹਿਲਾਂ ਪਾਠਕਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ ਕਿ ਜਦ ਵੀ ਕਿਸੇ ਗੁਰੂ ਦਰਬਾਰ ਵਿਚ ਕੀਰਤਨ ਸੁਣਨ ਜਾਓ ਤਾਂ ਅੱਖਾਂ ਤੇ ਕੰਨਾਂ ਨੂੰ ਖੋਲ੍ਹ ਕੇ ਇਕ ਸੂਝਵਾਨ ਤੇ ਸੁਚੇਤ ਸਿੱਖ ਵੱਜੋਂ ਜਾਵੋ, ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਪੁਕਾਰ ਪੁਕਾਰ ਕੇ ਫੁਰਮਾਉਂਦੇ ਹਨ “ਆਵਹੁ ਸਿੱਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ” “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ (ਗੁਰੂ ਗ੍ਰੰਥ ਸਾਹਿਬ ਅੰਕ-920) ਇਸ ਲਈ ਪਿਆਰਿਹੋ ! ਸੱਚੀ ਤੇ ਕੱਚੀ ਬਾਣੀ ਵਿਚ ਫਰਕ ਕਰਣ ਦਾ ਅੰਤਰ ਸਿੱਖੋ ਅਤੇ ਇਸ ਗੱਲ ਦਾ ਖਾਸ ਧਿਆਨ ਰੱਖੋ ਕੇ ਮਾਇਆ ਦੇ ਗੱਫੇ ਲੈਣ ਵਾਲਾ ਕੀਰਤਨੀਆ ਤੁਹਾਨੂੰ ਗੁਰੂ ਦੀ ਗੱਲ ਸੁਣਾ ਵੀ ਰਿਹਾ ਹੈ ਜਾਂ ਇਥੋਂ ਇਥੇ ਦੀ ਗੱਲ ਸੁਣਾ ਕੇ ਆਪਣੀ ਮਾਇਆ ਲੈ ਫੁਰ ਹੋ ਕੇ ਆਪਣੇ ਨਾਲ ਤੁਹਾਨੂੰ ਵੀ ਕੱਚਿਆਂ ਦੀ ਗਿਣਤੀ ਵਿਚ ਖੜਾ ਕਰ ਗਿਆ (ਕਹਿਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ)। ਪਰ ਅਜਿਹੀ ਸੌਝੀ ਤਦ ਆਵੇਗੀ ਜਦ ਗੁਰਬਾਣੀ (ਗੁਰੂ ਗ੍ਰੰਥ ਸਾਹਿਬ ਜੀ) ਨੂੰ ਸਮਝਣ ਤੇ ਵਿਚਾਰਣ ਪੱਖੋਂ ਅਸੀ ਪਰਪੱਕ ਹੋਵਾਂਗੇ, ਫਿਰ ਅਸੀਂ ਠੱਗੇ ਨਹੀਂ ਜਾਂਵਾਂਗੇ। ਇਹ ਇਕ ਅੱਟਲ ਸੱਚਾਈ ਹੈ ਕਿ ਸਾਡਾ ਸਿੱਖ ਭਾਈਚਾਰਾ ਗੁਰਬਾਣੀ ਨੂੰ ਸਮਝਣ ਤੇ ਵਿਚਾਰਣ ਤੋਂ ਕੋਹਾਂ ਦੂਰ ਬੈਠਾ ਹੈ ਤਾਂ ਹੀ ਅਜਿਹੀ ਸੱਮਸਿਆਵਾਂ ਨਿਤ ਪੈਦਾ ਹੋ ਰਹੀਆਂ ਹਨ ਪਰ ਇਸ ਦੇ ਨਾਲ “ਆਸ ਦੇ ਭਾਂਡੇ ਭਰੇ ਰਹਿਣ ” ਵਾਲੇ ਕਥਨ ਉਤੇ ਵੀ ਭਰੋਸਾ ਰਖ ਕੇ ਇਹ ਸਚਾਈ ਜ਼ਾਹਰ ਕੀਤੀ ਜਾ ਰਹੀ ਹੈ ।

ਆਓ ਜਾਣੀਏ ਕਿ ਕਿਸ ਤਰ੍ਹਾਂ ਹਰ ਗੁਰਪੂਰਬ ਮੌਕੇ ਸਾਨੂੰ ਸ਼ਰਧਾਲੂ ਸਿੱਖ ਜਾਣਦੇ ਹੋਏ ਕੱਚੀ ਬਾਣੀ (ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ) ਦੇ ਲੜ ਲਾ ਕੇ ਸਾਨੂੰ ਸੱਚੇ ਬਣਨ ਤੋਂ ਰੋਕਿਆ ਜਾ ਰਿਹਾ ਹੈ ।

ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ - ਪੰਗਤੀ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੀ ਰਚਨਾ ਵਾਰ ਸ੍ਰੀ ਭਗਉਤੀ ਜੀ ਕੀ ਵਿਚੋਂ ਲਿਆ ਹੈ । ਅਖੌਤੀ ਦਸਮ ਗ੍ਰੰਥ ਦੇ ਰਚੈਤਾ ਕਵੀ ਰਾਮ, ਕਵੀ ਸ਼ਾਮ ਹਨ, ਜਿਸ ਦੀ ਛਾਪ ਇਸ ਗ੍ਰੰਥ ਵਿਚ ਕਈ ਥਾਂ ਮਿਲਦੀ ਹੈ । ਇਸ ਗ੍ਰੰਥ ਦੇ ਲਿਖਾਰੀ ਨੇ ਬੜੀ ਚਲਾਕੀ ਨਾਲ ਭਗਉਤੀ ਕੀ ਵਾਰ ਵਿਚ ਸਿੱਖਾਂ ਤੋਂ ਪਹਿਲਾਂ ਭਗੌਤੀ ਨੂੰ ਧਿਆ ਲਿਆ ਬਾਅਦ ਵਿਚ ਨੌ ਗੁਰੂ ਸਾਹਿਬਾਨਾਂ ਨੂੰ ਵੱਖ ਵੱਖ ਦਾਤਾਂ (ਦੂਖ ਦੂਰ ਕਰਣ ਵਾਲੇ, ਨਉ ਨਿਧੀਆਂ ਦੇਣ) ਵਾਲਾ ਦਰਸਾ ਕੇ ਬਾਣੀ ਦੇ ਮੁੱਖ ਉਪਦੇਸ਼ “ਬਾਣੀ ਗੁਰੂ, ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ ਤੋਂ ਸਿੱਖਾਂ ਨੂੰ ਦੂਰ ਕਰਨ ਦੀ ਗਰਿਹੀ ਚਾਲ ਚੱਲੀ ਹੈ।

ਇਸ ਵਾਰ ਦੀ ਸ਼ੁਰੂਆਤੀ ਪੰਗਤੀਆ ਇਸ ਤਰ੍ਹਾਂ ਹਨ (ਦਸਮ ਗ੍ਰੰਥ ਪੰਨਾ-119)

ੴ ਵਾਹਿਗੁਰੂ ਜੀ ਕੀ ਫਤਹ, ॥ ਸ੍ਰੀ ਭਗਉਤੀ ਜੀ ਸਹਾਇ ॥ ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸ਼ਾਹੀ 10

ਇਸ ਭਗਉਤੀ ਕੀ ਵਾਰ ਵਿਚ, ਕਵੀ ਨੇ ਦੇਵੀ ਭਗਉਤੀ ਦੇ ਰਾਖਸਾਂ ਨਾਲ ਜੰਗ ਅਤੇ ਉਨ੍ਹਾਂ ਦੇ ਸੰਘਾਰ ਦਾ ਵਰਣਨ ਕੀਤਾ ਹੈ ।

ਪ੍ਰਿਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ । ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ।

ਅਰਜਨ ਹਰਿ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਇ । ਸ੍ਰੀ ਹਰਿ ਕ੍ਰਿਸਨ ਧਿਆਈਐ ਜਿਸ ਡਿਠੇ ਸਭ ਸੁਖ ਜਾਇ ।

ਤੇਗ ਬਹਾਦਰ ਸਿਮਰੀਐ ਘਰਿ ਨਉ ਨਿਧਿ ਆਵੈ ਧਾਇ ਸਭ ਥਾਈ ਹੋਇ ਸਹਾਇ ।

ਇਸੇ ਪਉੜੀ ਨੂੰ ਹੀ ਸਿੱਖਾਂ ਦੀ ਪੰਥਕ ਅਰਦਾਸ ਦਾ ਮੁਖੜਾ ਵੀ ਬਣਾ ਦਿੱਤਾ ਗਿਆ ਕਿਉਂਕਿ ਇਸ ਉਪਰ ਕਿਸੇ ਪੰਥ ਦੋਖੀ ਵੱਲੋਂ ਪਾਤਸ਼ਾਹੀ 10 ਵੀ ਦੀ ਮੋਹਰ ਲਾ ਦਿੱਤੀ ਗਈ ਅਤੇ ਸਿਰਫ ਸਿਰਲੇਖ ਦੇ ਆਧਾਰ ’ਤੇ (ਜਦਕਿ ਅੰਦਰਲੀ ਰਚਨਾ ਵਿਚ ਗੁਰਮਤਿ ਤੋਂ ਉਲਟ ਰਚਨਾਵਾਂ ਹਨ) ਉਸ ਨੂੰ ਨਾਨਕ ਜੋਤਿ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਮੰਨ ਕੇ ਸਮੁੱਚੀ ਸਿੱਖ ਕੌਮ ਦੇ ਸਿਰ ਤੇ ਪੰਥਕ ਅਰਦਾਸ ਦੀ ਮੋਹਰ ਲਾ ਕੇ ਮੜ ਦਿੱਤਾ ਗਿਆ। ਜੇਕਰ ਇਸ ਰਚਨਾ ਦੇ ਕਵੀ ਪਾਤਸ਼ਾਹੀ 10 (ਗੁਰੂ ਗੋਬਿੰਦ ਸਿੰਘ ਜੀ) ਹਨ ਤਾਂ ਸਵਾਲ ਇਹ ਖੜਾ ਹੁੰਦਾ ਹੈ ਕਿ

ਕੀ ਗੁਰੂ ਗੋਬਿੰਦ ਸਿੰਘ ਜੀ ਦੇਵੀ (ਭਗੌਤੀ, ਦੁਰਗਾ, ਜਗਮਾਤਾ) ਦੇ ਪੂਜਕ ਸਨ ?

- ਜੇਕਰ ਅਜਿਹਾ ਮੰਨ ਲਿਆ ਜਾਂਦਾ ਹੈ ਤਾਂ ਫਿਰ – ਗੁਰੂ ਸਾਹਿਬ ਜੀ ਜਿਸ ਸ਼ਬਦ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ 1708 ਵਿਚ ਸੰਪੂਰਨਤਾ ਬਖਸ਼ਿਸ਼ ਕਰਦੇ ਹਨ ਫਿਰ ਉਸ ਵਿਚ ਦੇਵੀ ਤੇ ਅਵਤਾਰ-ਪੂਜਾ ਦਾ ਖੰਡਨ ਕਿਉਂ ?

• ਦੁਰਗਾ ਕੋਟਿ ਜਾ ਕੈ ਮਰਦਨੁ (ਚਰਣਾਂ ਨੂੰ ਮਲਦੀ ਹੈ) ਕਰੈ ॥ (1162)

• ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥ (332)

• ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ ॥ (637)

ਦੇਵੀਆ ਨਹੀ ਜਾਨੈ ਮਰਮ ਸਭ ਊਪਰਿ ਅਲਖ ਪਾਰਬ੍ਰਹਮ (ਅੰਕ -894)

• ਮਾਇਆ ਮੋਹੇ ਦੇਵੀ ਸਭ ਦੇਵਾ (227)

ਅਤੇ ਅਖੌਤੀ ਦਸਮ ਗ੍ਰੰਥ ਵਿਚ ਉਨ੍ਹਾਂ ਦੇਵੀ-ਦੇਵਤਾਵਾਂ ਨੂੰ ਆਪਣਾ ਇਸ਼ਟ ਮੰਨਣ ਦੀਆਂ ਪ੍ਰੋੜਤਾ ਕਿਉਂ ?

ਕੀ ਗੁਰੂ ਸਾਹਿਬ ਅਜਿਹਾ ਕਰ ਸਕਦੇ ਸਨ ? ਇਕ ਪਾਸੇ ਤਾਂ ਗੁਰੂ ਸਾਹਿਬ ਜੀ ਸਮੁਚੀ ਮਨੁੱਖਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਂਵਾਂ ਨੂੰ ਅਪਨਾ ਕੇ ਜੀਵਨ ਨੂੰ ਖੁਸ਼ਹਾਲ ਬਣਾਉਣ ਦਾ ਉਪਦੇਸ਼ ਦੇਣ ਦੂਜੇ ਪਾਸੇ ਉਸੇ ਗੁਰਮਤਿ ਦੇ ਉਪਦੇਸ਼ ਤੋਂ ਉਲਟ ਮਨੁੱਖਤਾ ਨੂੰ ਤਬਾਹ ਕਰਣ ਵਾਲਾ ਸੰਦੇਸ਼ ਦੇਣ । ਕੀ ਅਜਿਹਾ ਹੋ ਸਕਦਾ ਹੈ ? ਕੀ ਇਹ ਗੁਰੂ ਗੋਬਿੰਦ ਸਿੰਘ ਦੀ ਮਹਾਨ ਸ਼ਖਸੀਅਤ ਨੂੰ ਕਲੰਕਤ ਕਰਣ ਦੀ ਸਾਜਿਸ਼ ਨਹੀਂ ?

ਇਸ ਚਲਦੀ ਰਚਨਾ ਵਿਚ ਬੜੀ ਚਲਾਕੀ ਨਾਲ ਨੌ ਗੁਰੂ ਸਾਹਿਬਾਨਾਂ ਦੇ ਨਾਂ ਲਿਖਣ ਤੋਂ ਬਾਅਦ ਕਵੀ ਅੱਗੇ ਲਿਖਦਾ ਹੈ

ਇਕ ਦਿਹਾੜੇ ਨਾਵਣ ਆਈ ਦੁਰਗਸ਼ਾਹ । ਇੰਦ੍ਰ ਬ੍ਰਿਥਾ ਸੁਣਾਈ ਆਪਣੇ ਹਾਲ ਦੀ ।

ਛੀਨ ਲਈ ਠੁਕਰਾਈ ਸਾਤੇ ਦਾਨਵੀ । ਲੋਕੀ ਤਿਹੀ ਫਿਰਾਈ ਦੋਹੀ ਆਪਣੀ

ਦਿਤੈ ਦੇਵ ਭਜਾਈ ਸਭਨਾਂ ਰਾਖਸ਼ਾਂ । ਕਿਨੈ ਨਾ ਜਿਤਾ ਜਾਈ ਮਰਖੈ ਦੈਤ ਨੂੰ ।

ਤੇਰਾ ਸਾਮ ਤਕਾਈ ਦੇਵੀ ਦੁਰਗਸ਼ਾਹ । (ਛੰਤ -4 ਪੰਨਾ 119 ਦਸਮ ਗ੍ਰੰਥ)

ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਦਸਦਾ ਹੈ ਕਿ ਕਿਸ ਤਰ੍ਹਾਂ ਚੰਡੀ ਕਾਲਕਾ ਨੂੰ ਚੇਤੇ ਕਰਦੀ ਹੈ ਤੇ ਫਿਰ ਉਸੀ ਚੰਡੀ ਦਾ ਮੱਥਾ ਫੋੜ ਕੇ ਕਾਲਕਾ ਪੈਦਾ ਹੁੰਦੀ ਹੈ

ਸੂਰੀ ਸੰਘਰੁ ਰਚਿਆ ਢੋਲ ਸੰਖ ਨਗਾਰੇ ਵਾਇਕੈ। ਚੰਡਿ ਚਿਤਾਰੀ ਕਾਲਿਕਾ ਮਨਿ ਬਾਹਲਲਾ ਰੋਹ ਬਢਾਇਕੈ ।

ਨਿਕਲੀ ਮਥਾ ਫੋੜਿਕੈ ਜਣੁ ਫਤਿਹ ਨੀਸਾਨ ਬਜਾਇਕੈ । ਜਾਗਿ ਸੁ ਜੁੰਮੀ ਜੁਧ ਨੋ ਜਰਵਾਣਾ ਜਣੁ ਮਰੜਾਇਕੈ ।

ਰਣੁ ਵਿਚਿ ਘੇਰਾ ਘਤਿਆ ਜਣੁ ਸੀਂਹ ਤੁਰਿਆ ਗਣਣਾਇਕੈ। ਆਪ ਵਿਸੂਲਾ ਹੋਇਆ ਤਿਹੁੰ ਲੋਕਾ ਤੇ ਖੁਣਸਾਇਕੈ ।

ਰੋਹ ਸਿਧਾਇਆ ਚਕ੍ਰ ਪਾਣਿ ਕਰਿ ਨੰਦਗ ਖੜਗ ਉਠਾਇਕੈ।...........ਰਣਿ ਕਾਲੀ ਗੁਸਾ ਖਾਇਕੈ (ਵਾਰ ਦੁਰਗਾ/ਭਗੌਤੀ ਕੀ 41 ਛੰਤ)

ਅਰਥ : ਸੂਰਵੀਰਾਂ ਨੇ ਢੋਲ, ਸੰਖ ਅਤੇ ਨਗਾਰੇ ਵਜਾ ਕੇ ਯੁੱਧ ਸ਼ੁਰੂ ਕਰ ਦਿੱਤਾ ਹੈ । ਚੰਡੀ ਨੇ (ਆਪਣੇ) ਮਨ ਵਿਚ ਬਹੁਤ ਰੋਹ ਵਧਾ ਕੇ ਕਾਲਕਾ ਦਾ ਧਿਆਨ ਕੀਤਾ। (ਚੰਡੀ ਦਾ) ਮੱਥਾ ਫੋੜ ਕੇ (ਕਾਲਕਾ ਉਸ ਵਿਚੋਂ ਇਉਂ) ਨਿਕਲੀ ਮਾਨੋ ਜਿੱਤ ਦਾ ਧੌਂਸਾ ਵਜਾ ਕੇ ਨਿਕਲੀ ਹੋਵੇ। ਅਗਨੀ (ਜਾਗਿ) ਰੂਪੀ ਕਾਲਕਾ ਯੁੱਧ ਕਰਨ ਚਲ ਪਈ ਮਾਨੋ ਸ਼ਿਵ (ਮਰੜਾਇ) ਤੋਂ ਵੀਰ ਭਦ੍ਰ (ਪੈਦਾ ਹੋਇਆ ਹੋਵੇ) (ਕਾਲਕਾ ਨੇ) ਰਣ ਵਿਚ ਅਜਿਹਾ ਘੇਰਾ ਪਾ ਦਿੱਤਾ ਮਾਨੋ ਸ਼ੇਰ ਗਰਜਦਾ ਹੋਵੇ। ਤਿੰਨਾਂ ਲੋਕਾਂ ਉਤੇ ਖਿਝ ਕੇ ਆਪ ਬਹੁਤ ਕ੍ਰੋਧਵਾਨ ਹੋ ਗਿਆ। (ਦੁਰਗਾ ਅਤੇ ਕਾਲਕਾ) ਹੱਥ ਵਿਚ ਚੱਕਰ ਅਤੇ ਨੰਦਗ ਨਾਂ ਦੀ ਤਲਵਾਰ ਚੁੱਕ ਕੇ ਗੁੱਸੇ ਨਾਲ ਭਰੀਆਂ ਚਲ ਪਈਆਂ (ਵੇਰਵਾ :ਡਾ ਰਤਨ ਸਿੰਘ ਜੱਗੀ ਪੁਸਤਕ ਦਸਮ ਗ੍ਰੰਥ ਭਾਗ -1 ਵਾਰ ਦੁਰਗਾ ਕੀ)

ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਦਸਦਾ ਹੈ ਕਿ ਦੇਵੀ ਦੁਰਗਾ (ਜਿਸ ਨੂੰ ਕਦੇ ਉਹ ਭਗਉਤੀ ਕਦੇ ਜਗਮਾਤਾ ਵੀ ਕਹਿੰਦਾ ਹੈ ) - ਚੌਦਹਾਂ ਲੋਕਾਂ ਵਿਚ ਛਾ ਜਾਣ ਵਾਲੀ ਕਿਸ ਤਰ੍ਹਾਂ ਅਯਾਸ਼ ਰਾਜਾ ਇੰਦ੍ਰ ਦਾ ਰਾਜ ਖੋਹ ਲੈਣ ਵਾਲੇ ਸ਼ੁੰਭ ਨਿਸ਼ੁੰਭ ਰਾਖਸ਼ਾਂ ਨੂੰ ਜੁੱਧ ਵਿਚ ਮਾਰ ਕੇ, ਇੰਦਰ ਨੂੰ ਉਸ ਦਾ ਖੋਹਿਆ ਰਾਜ-ਭਾਗ ਸੌਂਪਦੀ ਹੈ ।

ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ॥ ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ ਨੂੰ

ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ ॥ ਚਉਦੀ ਲੋਕਾ ਛਾਇਆ ਜਸ ਜਗਮਾਤ ਦਾ - (ਪਉੜੀ 55 ਪੰਨਾ 127 ਦਸਮ ਗ੍ਰੰਥ) 

 ਇਸ ਤਰ੍ਹਾਂ ਕਵੀ ਆਪਣੇ ਇਸ਼ਟ ਭਗਉਤੀ ਪ੍ਰਤੀ ਆਪਣੀ ਵਚਨਬੱਧਤਾ ਦਰਸਾ ਕੇ ਹਰ ਪਾਸੇ ਉਸਨੂੰ ਆਪਣੀ ਸਹਾਈ ਦੱਸ ਕੇ ਅੰਤਲੀ ਪਉੜੀ ਵਿਚ ਸਪਸ਼ਟ ਕਰਦਾ ਹੈ ਕਿ ਇਹ ਸਭ ਪਉੜੀਆ ਦੁਰਗਾ ਪਾਠ ਦੀਆਂ ਹਨ

ਦੁਰਗਾ ਪਾਠ ਬਣਾਇਆ ਸਭੇ ਪਉੜੀਆ ਫਿਰਿ ਨਾ ਜੂਨੀ ਆਇਆ ਜਿਨਿ ਇਹ ਗਾਇਆ ॥ 55 (ਪਉੜੀ 55 ਪੰਨਾ 127 ਦਸਮ ਗ੍ਰੰਥ)

ਅਤੇ ਜਿਹੜਾ ਕੋਈ ਵੀ ਇਸ ਨੂੰ ਗਾਉਂਦਾ ਹੈ ਉਹ ਮੁੜ ਜੂਨਾਂ ਵਿਚ ਨਹੀਂ ਭਟਕਦਾ । ਸਾਰੀ ਵਾਰ ਵਿਚ ਦੁਰਗਾ ਦਾ ਰਾਖਸ਼ਾਂ ਨਾਲ ਜੁੱਧ ਅਤੇ ਰਾਖਸਾਂ ਨੂੰ ਸੰਘਾਰਣ ਦਾ ਵਰਣਨ ਮਿਲਦਾ ਹੈ। ਅਜਿਹਾ ਵੇਰਵਾ ਦੇਵੀ ਦੁਰਗਾ ਦੀ ਉਸਤਤਿ ਵਿਚ ਲਿਖੀ ਪੁਸਤਕ “ਮਾਰਕੰਡੇ ਪੁਰਾਣ” ਵਿਚੋਂ ਵੀ ਮਿਲਦਾ ਹੈ (ਵੇਖੋ ਮਾਰਕੰਡੇ ਪੁਰਾਣ, ਗੀਤਾ ਪ੍ਰੈਸ ਗੋਰਖਪੁਰ) ।

ਪਤਾ ਨਹੀਂ ਕਿਉਂ, ਆਰੰਭ ਦੀਆਂ ਕੁਝ ਪੰਗਤੀਆਂ ਦੇ ਆਸਰੇ ਭੌਲੀ ਸਿੱਖ ਜਨਤਾ ਇਨ੍ਹਾਂ ਰਚਨਾਵਾਂ ਨਾਲ ਜੁੜ ਕੇ ਜਿਥੇ ਆਪਣੇ ਗੁਰੂ ਸਾਹਿਬਾਨਾਂ ਦੇ ਸਤਿਕਾਰ ਵਿਚ ਤੌਹੀਨ ਕਰ ਰਹੀ ਹੈ ਉਥੇ ਆਪਣੇ ਜੀਵਨ ਨੂੰ ਵੀ ਗੁਰਮਤਿ ਦੇ ਰਾਹ ਤੋਂ ਭਟਕਾ ਕੇ ਤਬਾਹੀ ਵਾਲੇ ਰਾਹ ਤੁੱਰ ਪਈ ਹੈ ।

ਅਖੌਤੀ ਦਸਮ ਗ੍ਰੰਥ ਦੀ ਇਹ ਰਚਨਾ ਗੁਰਮਤਿ ਦੇ ਸਿਧਾਂਤਾਂ ’ਤੇ ਕਿੰਨੀ ਢੁੱਕਵੀ ਹੈ ਆਓ ਇਸ ਬਾਰੇ ਵੀ ਜਾਣ ਲਈਏ

ਇਸ ਰਚਨਾ ਵਿਚ ਕਵੀ ਨੇ ਨੌ ਗੁਰੂ ਸਾਹਿਬਾਨਾਂ ਦੇ ਵੱਖ ਵੱਖ ਨਾਂ ਲੈ ਕੇ, ਕਿਸੇ ਨੂੰ ਦੁਖ ਦੂਰ ਕਰਣ ਵਾਲੇ, ਕਿਸੇ ਨੂੰ ਨਉਨਿਧੀਆਂ ਦੇਣ ਵਾਲਾ ਸਾਬਤ ਕਰ ਕੇ ਉਨ੍ਹਾਂ ਨੂੰ ਮਿਥਿਹਾਸ ਦੇ ਦੇਵੀ-ਦੇਵਤਿਆਂ ਵਾਂਗ ਵੱਖ-ਵੱਖ ਦਾਤਾਂ ਦੇਣ ਵਾਲਾ ਦਰਸਾਇਆ ਹੈ, ਜਿਵੇਂ ਇੰਦਰ ਵਰਖਾ ਵਰਸਾਉਂਦਾ ਹੈ, ਲਖਮੀ ਧਨ ਦੇਂਦੀ ਹੈ ਆਦਿਕ । ਗੁਰੂ ਸਾਹਿਬਾਨਾਂ ਨੂੰ ਵੱਖ ਵੱਖ ਦਾਤਾਂ ਦਾ ਮਾਲਕ ਦੱਸ ਕੇ ਲਿਖਾਰੀ ਇਹ ਭੁੱਲ ਜਾਂਦਾ ਹੈ ਕਿ ਇਕੋ ਜੋਤਿ- ਦਸ ਗੁਰੂ ਸਾਹਿਬਾਨਾਂ ਦਾ ਗੁਰੂ - ਸ਼ਬਦ ਹੀ ਸੀ (ਸ਼ਬਦ ਗੁਰੂ ਸੁਰਤਿ ਧੁਨਿ ਚੇਲਾ) ਉਨ੍ਹਾਂ ਨੇ ਸ਼ਬਦ ਮੁਤਾਬਕ ਜੀਵਨ-ਸ਼ੈਲੀ ਨੂੰ ਜਿਥੇ ਆਪ ਅਪਣਾਇਆ ਉਥੇ ਸਮੁੱਚੀ ਮਨੁੱਖਤਾ ਨੂੰ ਵੀ ਇਹ ਸੱਚ ਦ੍ਰਿੜ ਕਰਵਾਇਆ।

ਰਹੀ ਦੁਖ ਦੂਰ ਕਰਣ ਵਾਲੀ ਗੱਲ ਤਾਂ ਗੁਰਬਾਣੀ ਵਿਚ ਸੁਖ ਤੇ ਦੁਖ ਨੂੰ ਇਕੋ ਸਮਾਨ ਜਾਣਨ ਲਈ ਉਪਦੇਸ਼ ਦਿੱਤਾ ਗਿਆ ਹੈ "ਸੁਖ ਦੁਖ ਸਮ ਕਰਿ ਜਾਣੀਅਹਿ" ( ਅੰਕ-57 )ਇਹ ਇਕ ਅਜਿਹਾ ਪੜਾਅ ਹੈ ਜਿਹੜਾ ਹਰ ਮਨੁੱਖ ਦੀ ਜਿੰਦਗੀ ਅੰਦਰ ਆਂਦਾ ਜਾਂਦਾ ਹੈ । ਇਸ ਪੜਾਅ ਉਤੇ ਇਨਸਾਨੀ ਮਨੋਬਲ (Morale) ਨੂੰ ਉੱਚਾ ਚੁਕਣ ਲਈ ਗੁਰੂ ਸਾਹਿਬ ਧੁਰ ਕੀ ਬਾਣੀ ਦਾ ਸਿਧਾਂਤ ਦ੍ਰਿੜ ਕਰਾਉਂਦੇ ਹਨ ਕਿ ਸੁਖ ਤੇ ਦੁਖ ਨੂੰ ਇਕੋ ਸਮਾਨ ਜਾਣਨਾ ਹੈ ਭਾਵ ਦੋਵੇਂ ਅਵਸਥਾ ਵਿਚ ਆਪਣੇ ਮਨ ਦੀ ਅਵਸਥਾ (State of mind) ਨੂੰ ਡਿੱਗਣ ਨਹੀਂ ਦੇਣਾ। ਆਪ ਦਸ ਜਾਮਿਆਂ ਅੰਦਰ ਗੁਰੂ ਸਾਹਿਬਾਨਾਂ ਵੱਲੋਂ ਦੁਖ ਤਕਲੀਫਾਂ ਨੂੰ ਕਾਬੂ ਕਰਣ ਦਾ ਰਾਹ ਧੁਰ ਕੀ ਬਾਣੀ ਦੇ ਉਪਦੇਸ਼ਾਂ ਨੂੰ ਮੰਨਿਆ ਹੈ । ਸੁਖ ਦੁਖ ਹੀ ਤੇ ਗੁਰ ਸਬਦਿ ਅਤੀਤਾ ॥ ਨਾਨਕ ਰਾਮੁ ਰਵੈ ਹਿਤ ਚੀਤਾ ॥ (ਅੰਕ -1189) ਗੁਰੁ ਦੇ ਸ਼ਬਦ ਦੁਆਰਾ ਹੀ ਹਰ ਤਰ੍ਹਾਂ ਦੇ ਕਲ-ਕਲੇਸ਼ਾ ਦਾ ਨਿਵਾਰਣ ਕੀਤਾ ਜਾ ਸਕਦਾ ਹੈ । ਕਲਿ ਕਲੇਸ ਗੁਰ ਸਬਦਿ ਨਿਵਾਰੇ ॥ (ਅੰਕ -191) ਇਸ ਕਰਕੇ ਨਉਨਿਧੀਆਂ ਦੇਣ ਅਤੇ ਦੁਖ ਦੂਰ ਕਰਣ ਵਾਲੀਆਂ ਸੱਤਰਾਂ ਆਪ ਗੁਰੂ ਸਾਹਿਬਾਨਾਂ ਵੱਲੋਂ ਦ੍ਰਿੜ ਕਰਾਏ ਧੁਰ ਕੀ ਬਾਣੀ ਦੇ ੳਪਦੇਸ਼ਾਂ ’ਤੇ ਢੁੱਕਵੀਆਂ ਨਹੀਂ

ਗੁਰਮਤਿ ਦੇ ਉਪਦੇਸ਼ ਵਿਚ ਦੁਖ-ਸੁੱਖ ਨੂੰ ਇਕ ਸਮਾਨ ਜਾਣ ਕੇ ਗੁਰ ਸ਼ਬਦ ਰਾਹੀਂ ਉਨ੍ਹਾਂ ਤੋਂ ਨਿਰਲੇਪ ਰਹਿਣ ਦੀ ਜੁਗਤਿ ਦੱਸੀ ਗਈ ਹੈ ਅਜਿਹੇ ਸਿਧਾਂਤ ਦੇ ਬਾਵਜੂਦ, ਬਚਿੱਤਰ ਨਾਟਕ ਦਾ ਲਿਖਾਰੀ ਸਿਰਫ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦੁਖ ਦੂਰ ਕਰਣ ਲਈ ਕਿਉਂ ਚੁਣਦਾ ਹੈ ? ਬਾਕੀ ਗੁਰੂ ਸਾਹਿਬਾਨ ਦੂਖ ਦੂਰ ਕਿਉਂ ਨਹੀਂ ਕਰ ਸਕਦੇ ? ਉਹ ਇਸ ਲਈ ਤਾਂ ਜੁ ਇਕੋ ਵਿਚਾਰਧਾਰਾ ਵਿਚ ਵੱਖਵਾਦ ਪੈਦਾ ਕਰ ਕੇ ਸਿੱਖ ਨੂੰ ਸ਼ਬਦ ਤੋਂ ਦੂਰ ਕੀਤਾ ਜਾ ਸਕੇ ।

ਇਸ ਲਈ ਜਦ ਗੁਰੂ ਦਾ ਸਿੱਖ ਆਪਣੇ ਗੁਰੂ (ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ) ਦੇ ਅਥਾਹ ਗਿਆਨ ਨੂੰ ਛੱਡ ਕੇ ਕਿਸੇ ਹੋਰ ਹੋਰ ਪਾਸੇ ਨਿਸ਼ਚਾ ਰਖਣ ਲਗੇਗਾ ਤਾਂ ਆਪਣੀ ਤਬਾਹੀ ਨੂੰ ਯਕੀਨਨ ਬਣਾਵੇਗਾ। ਇਸ ਲਈ ਉਸ ਤੋਂ ਪਹਿਲਾਂ - ਸਿੰਘੋ ਜਾਗੋ ! ਸੁਚੇਤ ਹੋਵੋ, ਤਾਂ ਜੁ ਗੁਰਮਤਿ ਦੇ ਵੇੜੇ ਵਿਚੋਂ ਗੁਰੂ ਸਾਹਿਬਾਨਾਂ ਦੇ ਨਾਂ ’ਤੇ ਛੱਪ ਚੁੱਕੀਆਂ ਇਨ੍ਹਾਂ ਗੁਰਮਤਿ ਵਿਰੋਧੀ ਲਿਖਤਾਂ ਨੂੰ ਦੂਰ ਕੀਤਾ ਜਾ ਸਕੇ ।

-ਖਾਲ਼ਸਾ ਨਾਰੀ ਮੰਚ, 9899109543




.