.

ਮੌਜੂਦਾ ਹਾਲਾਤ `ਚ ਜਿਤਨੇ ਤੇਜ਼ੀ ਨਾਲ ਗੁਰਦੁਆਰੇ ਤੇ ਉਹਨਾਂ ਨਾਲ ਅਜੋਕੀ ਸ਼੍ਰੇਣੀ ਦੇ ਪ੍ਰਚਾਰਕ ਕਥਾਵਾਚਕ, ਰਾਗੀ ਢਾਡੀ ਲਿਖਾਰੀ ਉਪ੍ਰੰਤ ਉਸੇ ਪੱਧਰ `ਚ ਸ਼ਤਾਬਦੀਆਂ ਦੀ ਹੋੜ ਤੇ ਕੀਰਤਨ ਦਰਬਾਰ, ਇਸ `ਚ ਪੰਥ ਦੀ ਸੰਭਾਲ ਨਾਲੋਂ ਵੱਧ ਤੱਬਾਹੀ ਹੀ ਉਭਰ ਰਹੀ ਹੈ। ਇਸ ਤੋਂ ਪਹਿਲਾਂ ਕਿ ਪੰਥ ਹੋਰ ਰਸਾਤਲ `ਚ ਚਲਾ ਜਾਵੇ, ਸਮਾਂ ਰਹਿੰਦੇ ਜਾਗਣ ਅਤੇ ਸਿਦਕਦਿਲੀ ਨਾਲ ਇਸ ਪਾਸੇ ਧਿਆਨ ਦੀ ਲੋੜ ਹੈ।

ਗੁਰਦੁਆਰਾ ਚੋਣਾਂ ਵਾਲੇ ਭਿਅੰਕਰ ਰਾਖਸ਼ ਦੇ ਜ਼ਾਲਮ ਖੂਨੀ ਤੇ ਮਾਰੂ ਪੰਜੇ `ਚ ਫ਼ਸਿਆ ‘ਗੁਰੂ ਕਾ ਪੰਥ’

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ ਮੈਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956

“ਤਿਨੑ ਮੰਗਾ ਜਿ ਤੁਝੈ ਧਿਆਇਦੇ” (ਪੰ: ੪੬੮)

ਹੇ ਸਚੇ ਪਾਤਸ਼ਾਹ! ਬਹੁੜੀ ਕਰੋ ਤੇ ਕਢੋ ਆਪਣੇ ਦੂਲੇ ਪੰਥ ਦੇ ਗੁਰਦੁਆਰਾ ਪ੍ਰਬੰਧ ਨੂੰ ‘ਗੁਰਦੁਆਰਾ-ਚੌਣਾਂ (Elections) ਵਾਲੇ ਇਸ ਮਾਰੂ ਭਿਅੰਕਰ ਰਾਖਸ਼ ਦੇ ਜ਼ਾਲਮ ਖੂਨੀ ਪੰਜੇ ਵਿਚੋਂ

ਜੋਦੜੀਆਂ ਤੇ ਲਿਲਕੜੀਆਂ

ਸੰਸਾਰ ਪਧਰ `ਤੇ ਮਾੜੇ ਤੋਂ ਮਾੜਾ ਧਰਮ ਵੀ ਨਹੀਂ ਮਿਲੇਗਾ ਜਿਸ ਨੇ ਆਪਣੀ ਕਲਪਣਾ `ਚ ਵੀ ਧਰਮ ਦੇ ਪ੍ਰਸਾਰ ਤੇ ਸੰਭਾਲ ਲਈ ਚੋਣਾਂ (Elections) ਵਾਲਾ, ਘਟੀਆ ਤੋਂ ਵੀ ਮਹਾ ਘਟੀਆ ਤੇ ਬਦਨਾਮ ਢੰਗ ਅਪਣਾਇਆ ਹੋਵੇ, ਸਿਵਾਏ ਸਿੱਖ ਕੌਮ ਦੇ।

ਸੰਸਾਰ ਦਾ ਇਕੋ ਇੱਕ ਇਲਾਹੀ ਰੱਬੀ ਤੇ ਸੱਚ ਧਰਮ, ਜੋ ਸੰਸਾਰ ਭਰ ਦੇ ਮਨੁੱਖਾਂ ਦਾ ਵਾਹਿਦ ਤੇ ਮੂਲ ਆਲਮਗੀਰੀ ਧਰਮ ਹੈ। ਉਹ ਧਰਮ, ਜਿਸਦਾ ਨਾ ਕੋਈ ਬਦਲ ਹੈ ਨਾ ਬਰਾਬਰੀ। ਉਹ ਇਲਾਹੀ ਤੇ ਸੱਚ ਧਰਮ ਜਿਸਨੂੰ ਆਦਿ ਜੁਗਾਦੀ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਪ੍ਰਾਪਤ ਹੈ। ਉਹ ਇਲਾਹੀ ਤੇ ਰੱਬੀ ਧਰਮ ਜਿਸਦਾ ਗੁਰੂ ਪ੍ਰਵਾਰਾਂ ਵਿਚੋਂ ਸ੍ਰੀਚੰਦ, ਦਾਤੂ ਜੀ, ਦਾਸੂ ਜੀ, ਪ੍ਰਿਥੀ ਚੰਦ, ਰਾਮਰਾਏ, ਧੀਰਮਲ ਆਦਿ ਵੀ ਸਰਕਾਰੀ ਸ੍ਰਪ੍ਰਸਤੀਆਂ ਲੈ ਕੇ ਮੂੰਹ ਦੀ ਖਾ ਗਏ ਪਰ ਇਸ ਰੱਬੀ ਕਿਲੇ `ਚ ਸੁਰਾਖ ਤੀਕ ਨਾ ਕਰ ਸਕੇ। ਕਿਸੇ ਇੱਕ ਦੀ ਵੀ ਗੁਰੂ ਦਰ ਵਿਰੁਧ ਦੁਕਾਨ ਨਾ ਚਲ ਸਕੀ। ਤੱਤੀਆਂ ਲੋਹਾਂ, ਉਬਲਦੀਆਂ ਦੇਗ਼ਾਂ, ਆਰੇ, ਚਰਖੜੀਆਂ ਤੇ ਬੇਅੰਤ ਤਸੀਹੇ ਵੀ ਜਿਸ ਧਰਮ ਦੇ ਆੜੇ ਨਾ ਆ ਸਕੇ।

ਅੱਜ ਉਹੀ ਸਰਬ-ਉੱਤਮ ਧਰਮ ਗੁਰਦੁਆਰਾ ਪ੍ਰਬੰਧ ਦੀਆਂ ਚੌਣਾਂ ਦੇ ਖੂਨੀ ਪੰਜੇ `ਚ ਫ਼ਸਿਆ ਪਿਆ ਹੈ। ਇਸ ਸੱਚੇ ਸੁਚੇ ਧਰਮ ਦੇ ਫੈਲਾਅ ਤੇ ਸੰਭਾਲ ਲਈ ਬਣੇ ਗੁਰਦੁਆਰਿਆਂ ਦੇ ਪ੍ਰਬੰਧਕ ਉਹਨਾਂ ਚੋਣਾਂ ਰਸਤੇ ਗੁਰਦੁਆਰਾ ਸਟੇਜ `ਤੇ ਪੁੱਜ ਰਹੇ ਹਨ, ਜਿਸ ਰਸਤੇ ਪੁੱਜਣ ਲਈ ਸਾਰੀਆਂ ਧਰਮ ਵਿਰੋਧੀ ਵਸਤਾਂ ਤੇ ਢੰਗ ਖੁਲੇਆਮ ਤੇ ਬੜੀ ਬੇਹਿਆਈ ਨਾਲ ਵਰਤੇ ਜਾਂਦੇ ਹਨ। ਗੁਰਦੁਆਰਾ ਪ੍ਰਬੰਧਾਂ ਦੀ ਜਫ਼ੇਮਾਰੀ ਲਈ ਜੇਕਰ ੧੦੦% ਨਹੀਂ ਤਾਂ ਵੀ ਵੱਡੀ ਗਿਣਤੀ `ਚ ਉਮੀਦਵਾਰ ਜੋ ਢੰਗ ਵਰਤ ਰਹੇ ਹਨ ਉਹ ਢੰਗ ਹਨ ਸ਼ਰਾਬ, ਨਸ਼ੇ, ਜੁਰਮ, ਕਤਲੋ-ਗ਼ਾਰਤ, ਠੱਗੀਆਂ, ਫ਼ਰੇਬ, ਵਿੱਤਕਰੇ, ਗੁਟ-ਬੰਦੀਆਂ, ਅਦਾਲਤਾਂ, ਮੁਕਦਮੇਬਾਜ਼ੀਆਂ, ਕਈ ਵਾਰੀ ਤਾਂ ਹੋਰ ਵੀ ਬਹੁਤ ਕੁੱਝ ਕਨੀਂ ਪੈਂਦਾ ਹੈ ਜਿਸ ਬਾਰੇ ਕਿ ਪਾਤਸ਼ਾਹ ਤੂੰ ਆਪ ਹੀ ਜਾਣਦਾ ਹੈ, ਉਸਨੂੰ ਕਲਮ ਹੇਠ ਲਿਆਉਣਾ ਵੀ ਸੌਖਾ ਨਹੀਂ। ਇਸ ਇਲੈਕਸ਼ਨਾ ਵਾਲੇ ਰਸਤੇ `ਚ ਤਾਂ ਸੰਸਾਰ ਭਰ ਦੇ ਹਜ਼ਾਰਹਾਂ ਗੁਣਾਹ ਆਪਣੀ ਰਿਹਾਇਸ਼-ਗਾਹ ਬਣਾਈ ਬੈਠੇ ਹਨ, ਜਿਸ ਰਸਤੇ ਨੂੰ ਟੱਪ ਕੇ ਉਮੀਦਵਾਰ ਨੇ ਗੁਰਦੁਆਰਾ ਸਟੇਜ ਤੇ ਗੁਰਦੁਆਰਾ ਪ੍ਰਬੰਧ ਤੀਕ ਪੁੱਜਣਾ ਹੁੰਦਾ ਹੈ। ਇੱਕ ਜਾਂ ਦੋ ਨਹੀਂ, ਇਸੇ ਖੂਨੀ ਪੰਜੇ ਦੇ ਵਾਰ ਤੋਂ ਪੰਥ ਅੱਜ ਹਜ਼ਾਰਹਾਂ ਗੁੱਟਾਂ-ਦੁਸ਼ਮਣੀਆਂ `ਚ ਵੰਡਿਆ ਜਾ ਚੁੱਕਾ ਹੈ ਅਤੇ ਇਸ `ਚ ਕੌੜੀ ਵੇਲ ਵਾਂਗ ਨਿੱਤ ਵਾਧਾ ਵੀ ਜਾਰੀ ਹੈ। ਇਹ ਸਭ ਉਹ ਢੰਗ ਹਨ ਜਿਨ੍ਹਾਂ ਦਾ ਸਹਾਰਾ ਲਏ ਬਿਨਾ ਉਹ ਵਿਰਲੇ ਵਡਭਾਗੀ ‘ਗੁਰਦੁਆਰਾ ਪ੍ਰਬੰਧਕ’ ਹੀ ਹਨ ਜਿਨ੍ਹਾਂ ਨੂੰ ਇਸ ਸੀੜ੍ਹੀ ਦੀ ਲੋੜ ਨਾ ਪਵੇ ਅਤੇ ਇਸ ਦਾ ਸਹਾਰਾ ਲਏ ਬਿਨਾਂ ਇਸ ਉਚੇ ਸੁਚੇ ਪਦ ਨੂੰ ਪ੍ਰਾਪਤ ਹੋ ਜਾਣ।

ਅਕੱਟ ਸੱਚਾਈ ਹੈ, ਜੇਕਰ ਚੋਣਾਂ ਰਸਤੇ ਹੀ ਸਿੱਖ ਧਰਮ ਨੇ ਸੰਸਾਰ `ਚ ਫੈਲਣਾ ਹੁੰਦਾ ਤਾਂ ਭਾਈ ਲਹਿਣਾ ਜੀ ਕਦੇ ਗੁਰੂ ਅੰਗਦ ਸਾਹਿਬ ਵਾਲੇ ਉੱਚਤਮ ਗੁਰੂ-ਪਦ ਨੂੰ ਪ੍ਰਾਪਤ ਨਹੀਂ ਸਨ ਹੋ ਸਕਦੇ। ਜੇਕਰ ਚੋਣਾਂ ਰਸਤੇ ਹੀ ਕੌਮ ਨੇ ਆਪਣੇ ਨਿਸ਼ਾਨੇ ਵਲ ਅੱਗੇ ਵਧਣਾ ਹੁੰਦਾ ਤਾਂ ਅੱਜ ਪੰਜ ਪਿਆਰੇ ਵੀ ਉਹ ਨਾ ਹੁੰਦੇ, ਜਿਨ੍ਹਾਂ ਦੇ ਚਰਨਾਂ `ਚ ਹਰ ਸਮੇਂ ਕੌਮ ਦਾ ਸਿਰ ਝੁੱਕਦਾ ਹੈ ਅਤੇ ਜਿਨ੍ਹਾਂ ਨੂੰ ਹਰੇਕ ਅਰਦਾਸ `ਚ ਯਾਦ ਕੀਤਾ ਜਾਂਦਾ ਹੈ। ਆਪਣੇ ਆਪ `ਚ ਵੱਡਾ ਸਬੂਤ ਹੈ ਕਿ ਗੁਰਦੇਵ ਨੂੰ ਸਿੱਖ ਧਰਮ ਦੀਆਂ ਧਰਮਸ਼ਾਲਾਵਾਂ ਤੇ ਸੰਗਤਾਂ (ਗੁਰਦੁਆਰਿਆਂ) ਦੇ ਪ੍ਰਬੰਧ ਵਾਲਾ ਇਹ ਰਸਤਾ ਉੱਕਾ ਮਨਜ਼ੂਰ ਨਹੀਂ। ਯਕੀਨਣ ਗੁਰਦੁਆਰਾ ਪ੍ਰਬੰਧ ਲਈ ਇਹ ਜੋ ਰਸਤਾ ਅੱਜ ਵਰਤਿਆ ਜਾ ਰਿਹਾ ਹੈ, ਇਹ ਤਾਂ ਕੇਵਲ ਸਿੱਖ ਧਰਮ ਦੀ ਤੱਬਾਹੀ ਲਈ ਵਿਰੋਧੀਆਂ ਦਾ ਪਾਇਆ ਮਾਇਆ ਜਾਲ ਜਾਂ ਅਣ-ਅਧੀਕਾਰੀ ਪ੍ਰਬੰਧਕਾਂ ਦਾ ਬਹਿਸ਼ਤ ਜਿਹੜੇ ਸਿੱਖ ਧਰਮ ਦੀ ਬਰਬਾਦੀ ਅਤੇ ਮੌਤ ਦੇ ਵਾਰੰਟਾ ਤਾਂ ਸਹੀ ਤਾਂ ਕਰ ਸਕਦੇ ਹਨ ਪਰ ਕਿਸੇ ਵੀ ਕੀਮਤ `ਤੇ ਗੁੜ ਦੀ ਭੇਲੀ `ਤੇ ਮਖੀਆਂ ਦੀ ਨਿਆਂਈ’ ਕਿਸੇ ਹੀਲੇ ਤੇ ਕਿਸੇ ਵੀ ਕੀਮਤ `ਤੇ ਆਪਣੇ ਇਸ ਬਹਿਸ਼ਤ ਨੂੰ ਉਜੜਦਾ ਨਹੀਂ ਦੇਖਣਾ ਚਾਹੁੰਦੇ।

“ਹੈਨਿ ਵਿਰਲੇ ਨਾਹੀ ਘਣੇ” (ਪੰ: ੧੪੧੧) ਸ਼ੱਕ ਨਹੀਂ, ਪੰਥਕ ਲੀਡਰਾਂ, ਗੁਰਦੁਆਰਾ ਪ੍ਰਬੰਧਕਾਂ, ਪ੍ਰਚਾਰਕਾਂ, ਭਾਈ-ਗ੍ਰੰਥੀ ਸਹਿਬਾਨ ਤੇ ਸੰਗਤਾਂ ਭਾਵ ਹਰੇਕ ਵਰਗ `ਚ ਅਜਿਹੇ ਸੱਜਨ ਅੱਜ ਵੀ ਮੌਜੂਦ ਹਨ ਜੋ ਇਸ ਰਸਤੇ ਹੋ ਰਹੀ ਪੰਥ ਦੀ ਤੱਬਾਹੀ ਲਈ, ਖੂਨ ਦੇ ਅਥਰੂ ਤਾਂ ਕੇਰ ਰਹੇ ਹਨ ਪਰ ਮੌਜੂਦਾ ਹਾਲਾਤ `ਚ ਆਪਣੇ ਆਪ ਨੂੰ ਉਹ ਵੀ ਬਹੁਤਾ ਕਰਕੇ ਬੇਵੱਸ ਹੀ ਮਹਿਸੂਸ ਕਰਦੇ ਹਨ। ਅਜਿਹੇ ਸੱਜਨਾਂ ਵਿਚੋਂ ਤਾਂ ਕਈ ਵਾਰੀ ਅਜਿਹੇ ਸੱਜਨਾਂ ਦੇ ਦਰਸ਼ਨ ਵੀ ਹੁੰਦੇ ਹਨ ਜੋ ਤਨੋ, ਮਨੋ ਤੇ ਪੂਰੀ ਤਰ੍ਹਾਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਹੀ ਸਮ੍ਰਪਿਤ ਹਨ। “ਗੁਰੂ ਗ੍ਰੰਥ ਸਾਹਿਬ ਜੀ” ਤੋਂ ਛੁੱਟ, ਗੁਰੂ ਤੁਲ ਸੰਸਾਰ ਭਰ ਦੀ ਕਿਸੇ ਵੀ ਰਚਨਾ ਵਲ ਝਾਕਦੇ ਵੀ ਨਹੀਂ। ਉਹਨਾਂ ਦਾ ਜੀਵਨ ‘ਖੰਡੇ ਦੀ ਪਾਹੁਲ’ ਰਸਤੇ, ਦਸਮੇਸ਼ ਜੀ ਰਾਹੀਂ ਨਿਯਤ “ਗੁਰੂ ਗ੍ਰੰਥ ਸਾਹਿਬ ਜੀ” ਪ੍ਰਤੀ ‘ਪੂਜਾ ਅਕਾਲਪੁਰਖ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਕਾ” ਵਾਲੀ ਸੀਮਾ `ਚ ਹੀ ਬੱਝਾ ਹੋਇਆ ਹੈ ਤੇ ਜੀਊਂਦੇ ਜੀਅ, ਸਿਦਕਦਿਲੀ ਨਾਲ ਇਸ ਉੱਤਮ ਸੀਮਾ ਤੋਂ ਬਾਹਰ ਜਾਂਦੇ ਵੀ ਨਹੀਂ। ਪਰ ਅਜਿਹੀਆਂ ਰੂਹਾਂ ਵੀ ਤਾਂ ਗਿਣਤੀ ਦੀਆਂ ਹੀ ਹਨ, ਵੱਧ ਨਹੀਂ।

ਦੂਜੇ ਪਾਸੇ, ਗੁਰਦੁਆਰਾ ਚੋਣਾਂ ਵਾਲੇ ਰਾਖਸ਼ ਦੇ ਖੂਨੀ ਪੰਜੇ `ਚ ਫਸ ਚੁੱਕੇ ਪੰਥ ਦੀ ਹਾਲਤ ਅੱਜ “ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ” (ਪੰ: ੪੬੮) ਤੋਂ ਵੱਧ ਨਹੀਂ ਰਹਿ ਚੁੱਕੀ। ਗੁਰਦੁਆਰਾ ਪ੍ਰਬੰਧ ਲਈ, ਇਸੇ ਚੋਣਾਂ ਵਾਲੇ ਰਸਤੇ ਨੂੰ ਅਪਣਾ ਕੇ ਹੀ, ਵੱਡੀ ਗਿਣਤੀ `ਚ ਸਿੱਖੀ ਜੀਵਨ ਤੋਂ ਖਾਲੀ, ਗੁਰਮਤਿ ਹੀਣੇ, ਗੁਰਮਤਿ ਦੇ ੳ, ਅ ਤੋਂ ਅਨਜਾਣ, ਦੁਨੀਆਵੀ ਰਾਜਨੀਤੀ ਦੀ ਗ਼ਲੀਚ ਪਉੜੀ ਨੂੰ ਵਰਤ ਕੇ ਪਹਿਲਾਂ ‘ਗੁਰਦੁਆਰਾ ਪ੍ਰਬੰਧਕ’, ਫ਼ਿਰ ਵਿਧਾਨ ਸਭਾ, ਰਾਜ ਸਭਾ, ਮੁਖ ਮੰਤ੍ਰੀ ਆਦਿ ਪਦਾਂ ਤੇ ਪਹੁੰਚ ਰਹੇ ਹਨ। ਗੁਰਦੁਆਰਾ ਇਲੈਕਸ਼ਨਾ ਰਸਤੇ ਉਭਰੇ ਅਜਿਹੇ ਬਹੁਤੇ ਪੰਥਕ ਨੇਤਾ ਤੇ ਗੁਰਦੁਆਰਾ ਪ੍ਰਬੰਧਕ “ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ” (ਪੰ: ੧੪੫) ਦੀ ਗਿਣਤੀ `ਚ ਹੀ ਆਉਂਦੇ ਹਨ ਅਤੇ ਆਪਣੀ-ਆਪਣੀ ਕਰਣੀ ਤੋਂ ਵੀ ਇਸੇ ਸੱਚ ਦਾ ਸਪਸ਼ਟ ਸਬੂਤ ਪੇਸ਼ ਕਰ ਰਹੇ ਹਨ।

ਮੇਰੇ ਸਤਿਗੁਰੂ ਜੀ! ਗੁਰਦੁਆਰਿਆਂ `ਤੇ ਛਾ ਚੁੱਕੇ ਅਜਿਹੇ ਪ੍ਰ੍ਰਬੰਧਕਾਂ ਦੀ ਹੀ ਗ਼ਲੀਚ ਰਹਿਣੀ ਕਾਰਨ, ਤੇਰੇ ਨਿਆਰੇ ਤੇ ਨਿਰਾਲੇ ਪੰਥ ਦਾ ਰੱਜਵਾਂ ਖੂਨ ਚੂਸਿਆ ਜਾ ਰਿਹਾ ਹੈ। ਇਸੇ ਗੁਰਦੁਆਰਾ ਪ੍ਰਬੰਧ ਰਸਤੇ ਪੰਥ ਉਪਰ ਕਾਬਿਜ਼ ਨੇਤਾਵਾਂ ਅਤੇ ਅਣ-ਅਧਿਕਾਰੀ ਗੁਰਦੁਆਰਾ ਪ੍ਰਬੰਧਕਾਂ ਦੀ ਝੂਠ, ਫ਼ਰੇਬ, ਗੁਨਾਹਾਂ, ਠਗੀਆਂ ਹੇਠ ਤਿਆਰ, “ਸਚਿ ਕਾਲੁ ਕੂੜੁ ਵਰਤਿਆ” ਵਾਲੀ ਛੱਤ ਹੇਠ, ਯੋਗ ਤੇ ਜੀਵਨ ਵਾਲੇ ਗੁਰਮਤਿ ਦੇ ਵਿਦਵਾਨ ਪ੍ਰਚਾਰਕ ਨਹੀਂ ਬਲਕਿ ਜੀਵਨ ਹੀਣੇ, ਗੁਰਮਤਿ ਤੋਂ ਕੋਰੇ, ਚਾਪਲੂਸ, ਆਪਣੀਆਂ ਰੋਟੀਆਂ ਸੇਕਣ ਵਾਲੇ ਪ੍ਰਚਾਰਕਾਂ ਦੀਆਂ ਕਤਾਰਾਂ ਵੀ ਨਿੱਤ ਲੰਮੀਆਂ ਹੁਦੀਆਂ ਜਾ ਰਹੀਆਂ ਹਨ। ਦਰਅਸਲ ਇਹ ਲੋਕ “ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀਂ ਹਰਿ ਹਰਿ ਭੀਜੈ ਰਾਮ ਰਾਜੇ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ” (ਪੰ: ੪੫੦) ਅਨੁਸਾਰ ਸੰਗਤਾਂ ਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਨਹੀਂ ਬਲਕਿ ਆਪਣੇ ਧੰਨ, ਮਾਲ, ਐਸ਼ੋਆਰਾਮ, ਕੋਠੀਆਂ, ਬੈਂਕ ਬੈਲੇਸਾਂ ਦੇ ਵਾਧੇ, ਨਿੱਤ ਹਵਾਈ ਉਡਾਰੀਆਂ ਜਾਂ ਫ਼ਿਰ ਸੰਗਤਾਂ ਨੂੰ ਡੇਰਿਆਂ `ਤੇ ਦੰਭੀਆਂ, ਪਾਖੰਡੀਆਂ ਦੀ ਭੀੜ ਬਨਾ ਕੇ, ਅਨਮਤੀ ਕਰਮਕਾਂਡਾਂ ਵਿਸ਼ਵਾਸਾਂ `ਚ ਹੀ ਉਲਝਾ ਰਹੇ ਹਨ। ਗੁਰੂ ਗੁਰਬਾਣੀ-ਜੀਵਨ ਨਾਲ ਜੋੜਣ ਦੀ ਬਜਾਏ ਸਮੂਚੀਆਂ ਸੰਗਤਾਂ ਦੇ ਬਹੁਮੁਲੇ ਜੀਵਨ ਲਈ “ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ” (ਪੰ: ੪੬੫) ਲਈ ਖੁਲੇ ਤੇ ਮੋਕਲੇ ਰਸਤੇ ਬਣੇ ਹੋਏ ਹਨ।

ਸਾਡੇ ਬਹੁਤੇ ਅਜਿਹੇ ਪ੍ਰਚਾਰਕ “ਵਾਇਨਿ ਚੇਲੇ ਨਚਨਿ ਗੁਰ॥ ਪੈਰ ਹਲਾਇਨਿ ਫੇਰਨਿੑ ਸਿਰ॥ ਉਡਿ ਉਡਿ ਰਾਵਾ ਝਾਟੈ ਪਾਇ॥ ਵੇਖੈ ਲੋਕੁ ਹਸੈ ਘਰਿ ਜਾਇ” ਦੀ ਪਧਤੀ ਤੇ ਚਲਦੇ ਹੋਏ “ਰੋਟੀਆ ਕਾਰਣਿ ਪੂਰਹਿ ਤਾਲ॥ ਆਪੁ ਪਛਾੜਹਿ ਧਰਤੀ ਨਾਲਿ” (ਪੰ: ੪੬੫) ਦੀ ਹਾਲਤ `ਚ ਪੁੱਜੇ ਹੋਏ, ਇੱਕ ਤਰੀਕੇ ਸੰਗਤਾਂ ਨੂੰ ਕੁਰਾਹੇ ਪਾਉਣ ਲਈ ਹੀ ਦਿਨ-ਰਾਤ ਇੱਕ ਕਰ ਰਹੇ ਹਨ। ਇਹਨਾ `ਚੋਂ ਬਹੁਤੇ ਪ੍ਰਚਾਰਕਾਂ ਦੀ ਹਾਲਤ ਤਾਂ “ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨਾੑ ਭਿ ਆਵਹਿ ਓਈ ਸਾਦ॥ ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥ ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ” (ਪੰ: ੪੭੧) ਤੋਂ ਉੱਕਾ ਵੱਧ ਨਹੀਂ ਅਤੇ ਅਜਿਹੇ ਵਧੀਆ ਕਿਰਦਾਰ ਲਈ ਹੀ ਆਪਣੀ ਨਿਤਤ ਤੇ ਤੇਜ਼ੀ ਨਾਲ ਵੱਧ ਰਹੀ ਗਿਣਤੀ ਦਾ ਹੀ ਸਬੂਤ ਦੇ ਰਹੇ ਹਨ। ਗੁਰੂ ਕੀਆਂ ਸੰਗਤਾਂ ਲਈ ‘ਗੁਰਮਤਿ ਪਖੋਂ ਉਹਨਾਂ ਲਈ ਕਿਸੇ ਆਤਮਕ ਜੀਵਨ ਦੇ ਉਸਾਰੂ ਸਾਬਤ ਨਹੀਂ ਹੋ ਰਹੇ’।

ਇਥੇ ਹੀ ਬਸ ਨਹੀਂ, ਇਹਨਾ ਗੁਰਦੁਆਰਾ ਚੋਣਾ ਵਾਲੇ ਭੇੜੀਏ ਦੀ ਬਰਕਤ ਨਾਲ ਪੰਥ ਅੰਦਰ ਇਸੇ ਕਾਲੀ ਖੂੰਖਾਰ ਗੁਰਦੁਆਰਾ ਇਲੈਕਸ਼ਨਾਂ ਦੀ ਖੂਨੀ ਛੱਤ ਹੇਠ, ਆਪਣੀਆਂ ਜੜ੍ਹਾਂ ਜਮਾਅ ਚੁੱਕੀ ਪੁਜਾਰੀ ਸ਼੍ਰੇਣੀ ਵੀ ਬਹੁਤਾ ਕਰਕੇ “ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ” (ਪੰ: ੬੬੨) ਵਾਲੀ ਹੀ ਖੇਡ, ਖੇਡ ਰਹੀ ਹੈ। ਬਲਕਿ ਕਈ ਹਾਲਤਾਂ `ਚ ਤਾਂ ਇਹਨਾ ਲੀਡਰਾਂ-ਪ੍ਰਬੰਧਕਾਂ ਰਸਤੇ ਇਹਨਾ ਨੂੰ ਪ੍ਰਾਪਤ ਹਲਾਸ਼ੇਰੀ ਦਾ ਨਤੀਜਾ, ਕਈ ਵਾਰੀ ਇਹ ਲੋਕ ਗੁਰਬਾਣੀ ਅਨੁਸਾਰ ਕੁਰਾਹੇ ਪੈ ਚੁੱਕੇ ਉਹਨਾਂ ਕਾਦੀਆਂ, ਬਾਹਮਣਾ, ਜੋਗੀਆਂ ਵਾਲੀ ਹਾਲਤ ਤੋਂ ਵੀ ਆਪਣੇ ਆਪ ਨੂੰ ਗੁਰਬਾਣੀ ਤੋਂ ਵੀ ਅੱਗੇ ਮਹਿਸੂਸ ਕਰ ਰਹੇ ਸਾਬਤ ਹੁੰਦੇ ਹਨ ਅਤੇ ਉਹਨਾਂ ਲਈ ਤਾਂ ਗੁਰਬਾਣੀ-ਗੁਰੂ ਵਾਲੀ ਸੋਚ ਵੀ ਬਹੁਤ ਪਿਛੇ ਰਹਿ ਚੁੱਕੀ ਹੁੰਦੀ ਹੈ।

ਮਸਲੇ ਦੀ ਜੜ੍ਹ ਤੀਕ ਪੁਜੀਏ ਤਾਂ ਮੁੜ ਚੁੜ ਕੇ ਇਕੋ ਹੀ ਵੱਡਾ ਕਾਰਨ ਮਿਲੇਗਾ ਤੇ ਉਹ ਹੋਵੇਗਾ ਗੁਰਦੁਆਰਿਆਂ ਦੇ ਪ੍ਰਬੰਧ ਲਈ ਮੌਜੂਦਾ ਇਲੈਕਸ਼ਨਾ ਵਾਲਾ ਰਾਖਸ਼। ਇਸ ਲਈ ਹੇ ਪਾਤਸ਼ਾਹ ਜੀ! ਜਦ ਤੀਕ ਤੁਸੀਂ ਆਪ ਬਹੁੜੀ ਨਹੀਂ ਕਰੋਗੇ ਇਸਦੇ ਖੂਨੀ ਪੰਜੇ `ਚ ਫ਼ਸਿਆ, ਤੜ-ਫ਼ੜਾ ਰਿਹਾ ਹਰੇਕ ਗੁਰੂ ਕਾ ਲਾਲ-ਫ਼ਿਰ ਭਾਵੇਂ ਅੱਜ ਉਹ ਕੌਮ ਦਾ ਨੇਤਾ ਹੈ, ਪ੍ਰਬੰਧਕ, ਪ੍ਰਚਾਰਕ, ਰਾਗੀ, ਢਾਡੀ ਭਾਈ, ਗ੍ਰੰਥੀ, ਲੇਖਕ, ਸਾਧਾਰਣ ਸੰਗਤ ਜਾਂ ਕੁੱਝ ਹੋਰ (ਵਿਰਲਿਆਂ ਗੁਰਮੁਖ ਪਿਆਰਿਆਂ ਨੂੰ ਛੱਡ ਕੇ) ਉਸਦੀ ਸਿੱਖੀ ਜੀਵਨ ਅਤੇ ਧਰਮ ਪਖੋਂ ਹਾਲਤ ਇਹੀ ਬਣੀ ਪਈ ਹੈ ਜਿਸ ਨੂੰ ਗੁਰਬਾਣੀ ਰਾਹੀਂ ਆਪ ਨੇ ਬਿਆਨਿਆ ਹੈ ਆਪ ਦਾ ਫ਼ੁਰਮਾਣ ਹੈ “ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥ ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ” (ਪੰ: ੪੬੯)।

ਤਾਂ ਤੇ ਹੇ ਸਚੇ ਪਾਤਸ਼ਾਹ ਆਪ ਹੀ ਆਪਣੇ ਦਰ ਦੀ ਕੋਈ ਨੁਰਾਨੀ ਖੇਡ ਵਰਤੋ ਜਿਥੋਂ ਕਿ ਤੁਹਾਡਾ ਲਾਡਲਾ, ਨਿਰਾਲਾ ਤੇ ਦੂਲਾ ਪੰਥ, ਗੁਰਦੁਆਰਾ ਇਲੈਕਸ਼ਨਾ ਵਾਲੇ ਇਸ ਖੂੰਖਾਰ ਰਾਖਸ਼ ਤੋਂ ਨਿਜਾਤ ਹਾਸਿਲ ਕਰ ਸਕੇ। #173s09.01s09#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 173

ਗੁਰਦੁਆਰਾ ਚੌਣਾਂ ਵਾਲੇ ਭਿਅੰਕਰ ਰਾਖਸ਼ ਦੇ ਜ਼ਾਲਮ ਖੂਨੀ ਤੇ ਮਾਰੂ ਪੰਜੇ `ਚ ਫ਼ਸਿਆ ‘ਗੁਰੂ ਕਾ ਪੰਥ”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.