.

“ਅੰਤਿ ਕਾਲਿ ਨਾਰਾਇਣੁ ਸਿਮਰੈ॥”

ਰਾਗ ਗੂਜਰੀ ਵਿੱਚ ਭਗਤ ਤ੍ਰਿਲੋਚਨ ਜੀ ਦਾ ਸ਼ਬਦ ਹੈ:

“ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੋ ਮਰੈ॥ ਸਰਪ ਜੋਨਿ ਵਲਿ ਵਲਿ ਅਉਤਰੈ॥ ੧॥

ਅਰੀ ਬਾਈ ਗੋਬਿੰਦ ਨਾਮੁ ਮਤਿ ਬੀਸਰੈ॥ ਰਹਾਉ॥

ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬੇਸਵਾ ਜੋਨਿ ਵਲਿ ਵਲਿ ਅਉਤਰੈ॥ ੨॥

ਅੰਤਿ ਕਾਲਿ ਜੇ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਸੂਕਰ ਜੋਨਿ ਵਲਿ ਵਲਿ ਅਉਤਰੈ॥ ੩॥

ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ॥ ੪॥

ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ ੫॥ (ਪੰਨਾ-526)।

ਭਾਈ ਕਾਨ੍ਹ ਸਿੰਘ ਨਾਭਾ ਨੇ ‘ਅੰਤ ਕਾਲ’ ਦੇ ਅਰਥ ਲਿਖੇ ਹਨ ਅੰਤ ਸਮਾਂ, ਮਰਨ ਦਾ ਵੇਲਾ।

ਅਤੇ ਪ੍ਰੋ: ਸਾਹਿਬ ਸਿੰਘ ਨੇ ਵੀ ਇਹੀ ਅਰਥ ਲਿਖੇ ਹਨ: ਅੰਤਿ ਕਾਲਿ- ਅੰਤ ਦੇ ਵੇਲੇ, ਮਰਨ ਸਮੇਂ।

ਪ੍ਰੋ: ਸਾਹਿਬ ਸਿੰਘ ਦੁਆਰਾ ਕੀਤੇ ਗਏ ਸ਼ਬਦ ਦੇ ਅਰਥ: “ਜੋ ਮਨੁੱਖ ਮਰਨ ਵੇਲੇ ਧਨ-ਪਦਾਰਥ ਚੇਤੇ ਕਰਦਾ ਹੈ ਤੇ ਇਸੇ ਸੋਚ ਵਿੱਚ ਮਰ ਜਾਂਦਾ ਹੈ, ਉਹ ਮੁੜ ਮੁੜ ਸੱਪ ਦੀ ਜੂਨੇ ਪੈਂਦਾ ਹੈ”।

“ਹੇ ਭੈਣੇ! (ਮੇਰੇ ਲਈ ਅਰਦਾਸ ਕਰ) ਮੈਨੂੰ ਕਦੇ ਪਰਮਾਤਮਾ ਦਾ ਨਾਮ ਨਾਹ ਭੁੱਲੇ ਤਾਂ ਜੁ ਅੰਤ ਵੇਲੇ ਭੀ, ਉਹ ਪਰਮਾਤਮਾ ਹੀ ਚੇਤੇ ਆਵੇ। ਰਹਾਉ।

ਜੋ ਮਨੁੱਖ ਮਰਨ ਸਮੇਂ (ਆਪਣੀ) ਇਸਤ੍ਰੀ ਨੂੰ ਹੀ ਯਾਦ ਕਰਦਾ ਹੈ ਤੇ ਇਸੇ ਯਾਦ ਵਿੱਚ ਪ੍ਰਾਣ ਤਿਆਗ ਦੇਂਦਾ ਹੈ, ਉਹ ਮੁੜ ਮੁੜ ਵੇਸਵਾ ਦਾ ਜਨਮ ਲੈਂਦਾ ਹੈ।

ਜੋ ਮਨੁੱਖ ਅੰਤ ਵੇਲੇ (ਆਪਣੇ) ਪੁਤ੍ਰਾਂ ਨੂੰ ਹੀ ਯਾਦ ਕਰਦਾ ਹੈ ਤੇ ਪੁਤ੍ਰਾਂ ਨੂੰ ਯਾਦ ਕਰਦਾ ਕਰਦਾ ਹੀ ਮਰ ਜਾਂਦਾ ਹੈ ਉਹ ਸੂਰ ਦੀ ਜੂਨੇ ਮੁੜ ਮੁੜ ਜੰਮਦਾ ਹੈ।

ਜੇ ਮਨੁੱਖ ਅਖ਼ੀਰ ਵੇਲੇ (ਆਪਣੇ) ਘਰ ਮਹਲ-ਮਾੜੀਆਂ ਦੇ ਹਾਹੁਕੇ ਲੈਂਦਾ ਹੈ ਤੇ ਇਹਨਾਂ ਹਾਹੁਕਿਆਂ ਵਿੱਚ ਸਰੀਰ ਛੱਡ ਜਾਂਦਾ ਹੈ, ਉਹ ਮੁੜ ਮੁੜ ਪ੍ਰੇਤ ਬਣਦਾ ਹੈ।

ਤ੍ਰਿਲੋਚਨ ਆਖਦਾ ਹੈ- ਜੇ ਮਨੁੱਖ ਅੰਤ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਇਸ ਯਾਦ ਵਿੱਚ ਟਿਕਿਆ ਹੋਇਆ ਹੀ ਚੋਲਾ ਤਿਆਗਦਾ ਹੈ, ਉਹ ਮਨੁੱਖ (ਧਨ, ਇਸਤ੍ਰੀ, ਪੁੱਤਰ ਤੇ ਘਰ ਆਦਿਕ ਦੇ ਮੋਹ ਤੋਂ) ਆਜ਼ਾਦ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿੱਚ ਪਰਮਾਤਮਾ ਆਪ ਆ ਵੱਸਦਾ ਹੈ।

ਕਈ ਵਿਦਵਾਨ ਇਸ ਸ਼ਬਦ ਦੀ ਵਿਆਖਿਆ ਕਰਦੇ ਹੋਏ, ਇੱਥੇ ‘ਅੰਤਕਾਲ’ ਦਾ ਅਰਥ ਇਸ ਤਰ੍ਹਾਂ ਲਿਖਦੇ ਹਨ: “ਅਗਿਆਨਤਾ ਦੇ ਕਾਰਣ ਬੁੱਧੀ ਵਾਲਾ ਦੀਵਾ ਗੁੱਲ ਹੋਇਆ ਪਿਆ ਹੈ, ਜਿਸ ਕਰਕੇ ਸਾਡੀ ਆਤਮਕ ਮੌਤ ਹੈ ਤੇ ਇਸ ਨੂੰ ਅੰਤ-ਕਾਲ ਜਾਂ ਕਾਲ ਫ਼ਾਸ ਕਿਹਾ ਗਿਆ ਹੈ। ਬਿਬੇਕ ਬੁੱਧੀ ਭਾਵ ਗਿਆਨ ਤੋਂ ਬਿਨਾ ਸੋਚਣ ਦਾ ਨਾਂ ਆਤਮਕ ਮੌਤ ਹੈ ਤੇ ਅਜੇਹੀ ਨੀਵੇਂ ਤਲ਼ ਦੀ ਸੋਚ ਨੂੰ ਜੂਨਾਂ ਭੋਗਣਾਂ ਕਿਹਾ ਗਿਆ ਹੈ। ਪਰਮੇਸਰ ਵਿਸਰ ਜਾਏ ਤਾਂ ਆਤਮਕ ਰੋਗ ਜਨਮ ਲੈਂਦੇ ਹਨ। ਇਹ ਮਲੀਨ ਸੋਚ ਸਾਨੂੰ ਸੁਭਾਅ ਕਰਕੇ ਵੱਖ ਵੱਖ ਜੂਨਾਂ ਵਾਲੀ ਦਸ਼ਾ ਵਿੱਚ ਲਿਜਾਂਦੀ ਹੈ। ਜਿਨ੍ਹਾਂ ਦੇ ਅੰਦਰ ਭਗਵਾਨ ਦੀ ਪ੍ਰੀਤਿ ਨਹੀਂ ਹੈ, ਉਹ ਵਿਕਾਰਾਂ ਵਿੱਚ ਮਰੀ ਹੋਈ ਆਤਮਾ ਵਾਲੇ ਹਨ, ਤੇ ਇਨ੍ਹਾਂ ਵਾਸਤੇ ਹੀ ਇਸ ਸ਼ਬਦ ਵਿੱਚ ‘ਅੰਤਕਾਲ’ ਸ਼ਬਦ ਵਰਤਿਆ ਗਿਆ ਹੈ। ਗੁਰਬਾਣੀ ਆਤਮਕ ਤਲ਼ ਦੇ ਮਰੇ ਹੋਏ ਤੇ ਜੂਨਾਂ ਭੋਗਣ ਦੀ ਗੱਲ ਕਰ ਰਹੀ ਹੈ। ਇਸ ਸ਼ਬਦ ਵਿੱਚ ਬ੍ਰਹਮਣੀ ਕਰਮ-ਕਾਂਡ ਦੀ ਰਵਾਇਤ ਅਨੁਸਾਰ ਮਰਣ ਤੋਂ ਉਪਰੰਤ ਵਾਲੀਆਂ ਜੂਨਾਂ ਦੀ ਸ਼ਬਦਾਵਲੀ ਵਰਤ ਕੇ ਅਜੋਕੇ ਸਮੇਂ ਵਿੱਚ, ਭਾਵ ਹੱਥਲੇ ਜੀਵਨ ਵਿੱਚ ਮਰੀ ਹੋਈ ਆਤਮਾ ਦੁਆਰਾ ਵੱਖ ਵੱਖ ਸੁਭਾਵਾਂ ਨੂੰ ਭੋਗਣ ਦੀ ਗੱਲ ਸਪੱਸ਼ਟ ਕੀਤੀ ਗਈ ਹੈ। ਜੇ ਰੱਬ ਵਿਸਰ ਜਾਏ ਤਾਂ ਮਨੁੱਖ ਦੀ ਮਾਨਸਕ ਦਸ਼ਾ ਕਿਹੋ ਜੇਹੀ ਹੁੰਦੀ ਹੈ, ਇੱਥੇ ਇਸ ਸ਼ਬਦ ਵਿੱਚ ਇਸ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ ਗਿਆ ਹੈ।

ਅੱਜ-ਕਲ੍ਹ ਦੀ ਨਵੀਂ ਸੋਚ ਦੁਆਰਾ ਕੀਤੇ ਗਏ ਸ਼ਬਦ ਦੇ ਅਰਥ:

“ਅਰੀ ਬਾਈ ਗੋਬਿੰਦ ਨਾਮੁ ਮਤ ਬੀਸਰੈ”॥ ਰਹਾਉ॥

“ਹੇ ਭੈਣੇ! (ਮੇਰੇ ਲਈ ਅਰਦਾਸ ਕਰ) ਮੈਨੂੰ ਕਦੇ ਪਰਮਾਤਮਾ ਦਾ ਨਾਮ ਨਾਹ ਭੁੱਲੇ (ਤਾਂ ਜੁ ਅੰਤ ਵੇਲੇ ਭਾਵ ਕੋਈ ਕਿਰਦਾਰ ਤੋਂ ਗਿਰਿਆ ਹੋਇਆ ਕਰਮ ਕਰਨ ਲੱਗਾਂ ਜਿਸ ਨੂੰ ਆਤਮਕ ਮੌਤ ਕਿਹਾ ਹੈ ਤਾਂ ਮੈਨੂੰ ਉਹ ਪਰਮਾਤਮਾ ਹੀ ਚੇਤੇ ਆਵੇ।

“ਅੰਤਿ ਕਾਲਿ ਜੋ ਲਛਮੀ ਸਿਮਰੇ ਐਸੀ ਚਿੰਤਾ ਮਹਿ ਜੇ ਮਰੈ॥ ਸਰਪ ਜੋਨਿ ਵਲਿ ਵਲਿ ਅਉਤਰੈ॥ 1॥”

ਜਦੋਂ ਕੋਈ ਵਿਅਕਤੀ ਨਾਜਾਇਜ਼ ਢੰਗ ਨਾਲ ਕਮਾਈ ਕਰਦਾ ਹੈ ਤਾਂ ਸਮਝੋ ਉਸ ਦੀ ਆਤਮਾ ਮਰ ਚੁੱਕੀ ਹੈ। ਇਹ ਆਤਮਕ ਤਲ਼ ਤੇ ਮਰਿਆ ਹੋਇਆ ਇਨਸਾਨ ਅਸਲ ਵਿੱਚ ਜਿਉਂਦਿਆਂ ਹੀ ਸੱਪ ਦੀ ਜੂਨ ਭੋਗ ਰਿਹਾ ਹੈ।

“ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬੇਸਵਾ ਜੋਨਿ ਵਲਿ ਵਲਿ ਅਉਤਰੈ॥ 2॥”

“ਇਸ ਤੁਕ ਵਿੱਚ ਗ੍ਰਹਿਸਤੀ ਜੀਵਨ ਦੀ ਮਹਾਨਤਾ ਦੀ ਸਿੱਖ਼ਰ ਤੇ ਪਹੁੰਚਣ ਦੀ ਤਾਗ਼ੀਦ ਹੈ ਅਤੇ ਆਪਣੇ ਘਰ ਤੋਂ ਬਾਹਰ ਝੱਖਾਂ ਮਾਰਨ ਵਾਲੇ ਨੂੰ ਸੁਚੇਤ ਕੀਤਾ ਗਿਆ ਹੈ। ਜਦੋਂ ਮਨੁੱਖ ਦੀ ਮਲੀਨ ਸੋਚ ਜਾਂ ਅੱਖ ਮੈਲ਼ੀ ਹੋ ਜਾਏ ਭਾਵ ਪਰਮਾਤਮਾ ਦੇ ਸ਼ੁਭ ਗੁਣਾਂ ਨੂੰ ਮਨੋਂ ਵਿਸਾਰ ਦੇਵੇ ਤਾਂ ਉਸ ਦਾ ਅੰਤ ਕਾਲ ਜਾਂ ਆਤਮਕ ਮੌਤ ਹੈ, ਤੇ ਉਹ ਇਸ ਮਾਨਸਕ ਅਵਸਥਾ ਵਿੱਚ ਵੇਸਵਾ ਦੇ ਤਲ਼ ਤੇ ਜੀਉਂ ਰਿਹਾ ਹੈ।

“ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਸੂਕਰ ਜੋਨਿ ਵਲਿ ਵਲਿ ਅਉਤਰੈ॥ 3॥”

ਜਿਹੜਾ ਆਦਮੀ (ਧੀਆਂ ਅਤੇ ਪੁੱਤਰਾਂ ਵਿੱਚੋਂ ਕੇਵਲ) ਪੁੱਤਰ ਮੋਹ ਵਿੱਚ ਫ਼ਸਿਆ ਪਿਆ ਹੈ ਉਹ ਜਿਉਂਦਿਆਂ ਹੀ ਸੂਰ ਦੀ ਜੂਨ ਵਿੱਚ ਪਿਆ ਹੋਇਆ ਹੈ। ਜੋ ਇਨਸਾਨ ਕੇਵਲ ਪੁੱਤਰ ਮੋਹ ਪਾਲ ਰਿਹਾ ਹੈ ਉਹ ਹੁਣ ਹੀ ਸੂਰ ਦੇ ਤਲ਼ ਤੇ ਘੁੰਮ ਰਿਹਾ ਹੈ।

“ਅੰਤਿ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ॥ 4॥”

ਘਰ ਦੇ ਮੋਹ ਵਿੱਚ ਫ਼ਸਿਆ ਹੋਇਆ, ਕਿਸੇ ਦੀ ਧਨ ਸੰਪਤੀ ਤੇ ਕਬਜਾ ਕਰਨ ਵਾਲਾ ਇਨਸਾਨ ਆਤਮਕ ਤਲ਼ ਤੇ ਮਰਿਆ ਹੋਇਆ ਹੈ। ਐਸਾ ਆਤਮਕ ਤਲ਼ ਤੇ ਮਰਿਆ ਹੋਇਆ ਇਨਸਾਨ ਸਮਝੋ ਪ੍ਰੇਤ ਦੀ ਜੂਨ ਭੁਗਤ ਰਿਹਾ ਹੈ।

“ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ 5॥ 2॥”

ਜੇ ਇਨਸਾਨ ਪਰਖ ਦੀ ਘੜੀ ਦੇ ਸਮੇਂ ਸਿਧਾਂਤ ਤੋਂ ਥਿੜਕਣ ਤੋਂ ਬਚ ਗਿਆ ਤਾਂ ਉਸ ਨੂੰ ਮੁਕਤ ਹੋਇਆ ਸਮਝੋ। ਤਾਂ ਉਹ ਆਤਮਕ ਮੌਤ ਨਹੀਂ ਮਰੇਗਾ। ਔਗੁਣਾਂ ਵਾਲੇ ਬੰਧਨਾਂ ਤੋਂ ਮੁਕਤ ਹੋ ਗਿਆ। {ਨੋਟ: “ਉਹ ਆਤਮਕ ਮੌਤ ਨਹੀਂ ਮਰੇਗਾ” ਪਰ ਤੁਕ ਵਿੱਚ ਤਾਂ ਆਇਆ ਹੈ ‘ਐਸੀ ਚਿੰਤਾ ਮਹਿ ਜੇ ਮਰੈ’ ਅਰਥਾਤ ਮਰਨ ਦਾ ਜ਼ਿਕਰ ਕੀਤਾ ਗਿਆ ਹੈ। ਸੋ ਇੱਥੇ ‘ਨਹੀਂ ਮਰੇਗਾ’ ਅਰਥ ਨਹੀਂ ਹੋ ਸਕਦੇ}

ਵਿਚਾਰ: ਉਪਰ ਦਿੱਤੇ ਸ਼ਬਦ ਦੀ ਪ੍ਰੋ: ਸਾਹਿਬ ਸਿੰਘ ਅਤੇ ਅੱਜ-ਕਲ੍ਹ ਦੀ ਨਵੀਂ ਸੋਚ ਦੁਆਰਾ ਕੀਤੀ ਗਈ ਵਿਆਖਿਆ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਪ੍ਰੋ: ਸਾਹਿਬ ਸਿੰਘ ਦੁਆਰਾ ਕੀਤੀ ਗਈ ਵਿਆਖਿਆ ਅਨੁਸਾਰ, ਨੀਵੇਂ ਤਲ਼ ਦੀ ਜ਼ਿੰਦਗ਼ੀ ਬਸਰ ਕਰਕੇ ਮਰ ਜਾਣ ਵਾਲੇ ਵਿਅਕਤੀ ਨੂੰ ਮਰਨ ਪਿੱਛੋਂ ਵੱਖ ਵੱਖ ਜੂਨਾਂ ਭੋਗਣੀਆਂ ਪੈਂਦੀਆਂ ਹਨ। ਅਤੇ ਨਵੀਂ ਸੋਚ ਦੀ ਵਿਆਖਿਆ ਅਨੁਸਾਰ ਬੰਦੇ ਦੇ ਇਸੇ ਜਨਮ ਵਿੱਚ, ਪਰਖ ਦੀ ਘੜੀ ਦੇ ਵਕਤ ਆਤਮਕ ਤੌਰ ਤੇ ਨੀਵੇਂ ਤਲ਼ ਦੀ ਸੋਚ ਦਾ ਜ਼ਿਕਰ ਕੀਤਾ ਗਿਆ ਹੈ।

ਸ਼ਬਦ ਵਿੱਚ ਆਏ ਕੁੱਝ ਖ਼ਾਸ ਲਖ਼ਜ਼ਾਂ ਨੂੰ ਥੋੜ੍ਹੇ ਜਿਹੇ ਧਿਆਨ ਨਾਲ ਵਿਚਾਰਿਆ ਜਾਏ ਤਾਂ, ਕੀ ਠੀਕ ਅਤੇ ਕੀ ਗ਼ਲਤ, ਇਸ ਦਾ ਨਿਰਣਾ ਇਸੇ ਸ਼ਬਦ ਵਿੱਚੋਂ ਹੀ ਹੋ ਜਾਏਗਾ।

ਸ਼ਬਦ ਵਿੱਚ ਲਫ਼ਜ਼ ਆਏ ਹਨ: ਅੰਤਕਾਲ, ਮਰੇ, ਵਲਿ ਵਲਿ ਅਉਤਰੈ।

‘ਅਉਤਰੈ’ ਦਾ ਅਰਥ ਹੈ- ਉਪਰੋਂ ਹੇਠਾਂ ਆਉਣ ਦੀ ਕ੍ਰਿਯਾ, ਉਤਰਨਾ, ਜਨਮ ਲੈਣਾ, ਸਰੀਰ ਧਾਰਨਾ, (ਦੇਖੋ, ਮਹਾਨ ਕੋਸ਼)। ‘ਵਲਿ ਵਲਿ ਅਉਤਰੈ’ ਦਾ ਅਰਥ ਹੋਇਆ ਬਾਰ ਬਾਰ ਜਨਮ ਲੈਂਦਾ ਹੈ।

ਗੁਰਬਾਣੀ ਦੇ ਅਰਥ ਕਰਨ ਲੱਗਿਆਂ ਜਿੱਥੇ ਡੂੰਘੇ ਅਰਥ ਕਰਨ ਦੀ ਜਰੂਰਤ ਹੈ ੳੇੁਥੇ ਤਾਂ ਕਰਨੇ ਲਾਜ਼ਮੀ ਹਨ। ਪਰ ਉਹ ਵੀ ਗੁਰਬਾਣੀ ਵਿੱਚੋਂ ਹੀ ਸੇਧ ਲੈ ਕੇ। ਇਹ ਨਹੀਂ ਕਿ ਆਪਣੀ ਹੀ ਮਰਜ਼ੀ ਦੇ ਅਰਥ ਘੜ ਲਏ ਜਾਣ। ਪਰ ਜਿੱਥੇ ਡੂੰਘੇ ਅਰਥਾਂ ਦੀ ਜ਼ਰੂਰਤ ਹੀ ਨਹੀਂ ਗੁਰਮਤ ਫ਼ਲੌਸਫ਼ੀ ਸਾਫ਼ ਨਜ਼ਰ ਆ ਰਹੀ ਹੈ, ਉਥੇ ਵੀ ਡੂੰਘੇ ਅਰਥਾਂ ਦੇ ਨਾਂ ਤੇ ਜੇ ਅਰਥ ਬਦਲਾਂ ਗੇ ਤਾਂ ਅਰਥਾਂ ਦੇ ਅਨਰਥ ਹੀ ਹੋਣਗੇ ਅਤੇ ਉਹ ਗੁਰੂ ਸਾਹਿਬਾਂ ਦੀ ਫ਼ਲੌਸਫ਼ੀ ਨਹੀਂ ਬਲਕਿ ਆਪਣੀ ਹੀ ਫ਼ਲੌਸਫ਼ੀ ਹੋਵੇਗੀ। ਇੱਥੇ ਸ਼ਬਦ ਵਿੱਚ ਮਰਨ ਦਾ ਅਤੇ ਮਰਨ ਪਿੱਛੋਂ ਅਉਤਰਣ, ਅਰਥਾਤ ਜਨਮ ਲੈਣ ਦਾ, ਸਰੀਰ ਧਾਰਨ ਦਾ ਜ਼ਿਕਰ ਕੀਤਾ ਗਿਆ ਹੈ।

ਸ਼ਬਦ ਦੇ ਅਖੀਰਲੇ ਬੰਦ ਨੂੰ ਦੇਖੋ, ‘ਅੰਤਿ ਕਾਲਿ’ ਨਾਰਾਇਣੁ ਸਿਮਰੈ ‘ਐਸੀ ਚਿੰਤਾ ਮਹਿ ਜੇ ਮਰੈ’॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥

ਜੇ ਅੰਤ ਕਾਲ ਦਾ ਅਰਥ ਗਿਆਨ ਤੋਂ ਬਿਨਾ ਸੋਚਣਾ ਹੈ ਅਤੇ ‘ਮਰੈ’ ਦਾ ਅਰਥ (ਸਿਰਫ਼) ਆਤਮਕ ਮੌਤ ਹੈ ਤਾਂ ਇੱਥੇ ਗੁਰਬਾਣੀ ਦਾ ਸਾਰਾ ਸਿਧਾਂਤ ਹੀ ਫ਼ੇਲ੍ਹ ਹੋ ਜਾਂਦਾ ਹੈ। ਕਿਉਂਕਿ ਗੁਰਮਤ ਅਨੁਸਾਰ ਤਾਂ ਪ੍ਰਭੂ (ਨਾਰਾਇਣੁ) ਨੂੰ ਸਿਮਰਨ ਵਾਲੇ ਦੀ ਆਤਮਕ ਮੌਤ ਨਹੀਂ ਹੁੰਦੀ। ਬੇਸ਼ਕ ਆਮ ਗੁਰਮਤ ਪ੍ਰੇਮੀਆਂ ਨੂੰ ਧੋਖੇ ਵਿੱਚ ਰੱਖਣ ਲਈ ਅਖੀਰਲੀ ਪੰਗਤੀ ਦੇ ਅਰਥ ਬਦਲ ਦਿੱਤੇ ਜਾਂਦੇ ਹਨ। ਪਰ ਆਪਣੀ ਹੀ ਮਰਜ਼ੀ ਨਾਲ ਅਰਥ ਕਿਸ ਤਰ੍ਹਾਂ ਬਦਲੇ ਜਾ ਸਕਦੇ ਹਨ? ਸਾਰੇ ਸ਼ਬਦ ਦੀਆਂ ਪੰਗਤੀਆਂ ਜ਼ਰਾ ਧਿਆਨ ਨਾਲ ਦੇਖੋ:

“ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ॥”

“ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥”

“ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥”

“ਅੰਤਿ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥”

“ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥”

ਸਾਰੀਆਂ ਤੁਕਾਂ ਵਿੱਚ ਆਏ ਇੱਕੋ ਜਿਹੇ ਲਫ਼ਜ਼ਾਂ ਦੇ ਅਰਥ ਕਿਸੇ ਇੱਕ ਪੰਗਤੀ ਵਿੱਚ ਆਪਣੀ ਹੀ ਮਰਜ਼ੀ ਨਾਲ ਕਿਸ ਤਰ੍ਹਾਂ ਬਦਲੇ ਜਾ ਸਕਦੇ ਹਨ?

ਹੋਰ ਦੇਖੋ ‘ਨਾਰਾਇਣੁ ਸਿਮਰੈ’ ਵਾਲੀ ਪੰਗਤੀ ਨੂੰ ਛੱਡ ਕੇ ਹੋਰ ਸਾਰੀਆਂ ਪੰਗਤੀਆਂ ਵਿੱਚ ਭਗਤ ਜੀ ਨੇ ‘ਅਉਤਰੈ’ ਲਫ਼ਜ਼ ਵਰਤਿਆ ਹੈ ਪਰ ‘ਨਾਰਾਇਣ ਸਿਮਰਨ’ ਵਾਲੀ ਪੰਗਤੀ ਵਿੱਚ ‘ਅਉਤਰੈ’ ਦੇ ਮੁਕਾਬਲੇ ਵਿੱਚ ਲਫ਼ਜ਼ `ਤੇ ਨਰ ਮੁਕਤਾ’ ਵਰਤਿਆ ਹੈ। ਅਰਥਾਤ ਲਛਮੀ, ਇਸਤ੍ਰੀ, ਲੜਕੇ, ਮੰਦਰ (ਘਰ-ਬਾਰ), ਸਿਮਰਨ ਵਾਲੇ ਨੂੰ ‘ਅਉਤਰਣਾ’ (ਜਨਮ ਲੈ ਕੇ ਧਰਤੀ ਤੇ ਆਉਣਾ) ਪੈਂਦਾ ਹੈ। ਪਰ ਨਾਰਾਇਣੁ ਸਿਮਰਨ ਵਾਲੇ ਜਨਮ ਮਰਣ ਤੋਂ ਮੁਕਤ ਹਨ।

ਸ਼ਬਦ ਸੰਬੰਧੀ ਪ੍ਰੋ: ਸਾਹਿਬ ਸਿੰਘ ਦਾ ਫ਼ੁਟ ਨੋਟ ਅਤੇ ਗੁਰਮਤ ਫ਼ਲੌਸਫ਼ੀ: “…. . ਜੂਨਾਂ ਵਿੱਚ ਪੈਣ ਬਾਰੇ ਜੋ ਖਿਆਲ ਆਮ ਹਿੰਦੂ ਜਨਤਾ ਵਿੱਚ ਚੱਲੇ ਹੋਏ ਸਨ ਉਨ੍ਹਾਂ ਦਾ ਹੀ ਹਵਾਲਾ ਦੇ ਕੇ ਤ੍ਰਿਲੋਚਨ ਜੀ ਸਮਝਾ ਰਹੇ ਹਨ ਕਿ ਸਾਰੀ ਉਮਰ ਧਨ ਇਸਤ੍ਰੀ ਪੁੱਤਰ ਤੇ ਮਹਲ ਮਾੜੀਆਂ ਦੇ ਧੰਦਿਆਂ ਵਿੱਚ ਹੀ ਇਤਨਾ ਖ਼ਚਿਤ ਨਾਹ ਰਹੋ ਕਿ ਮਰਨ ਵੇਲੇ ਭੀ ਸੁਰਤਿ ਇਹਨਾਂ ਵਿੱਚ ਹੀ ਟਿਕੀ ਰਹੇ। ਗ੍ਰਿਹਸਤ-ਜੀਵਨ ਦੀਆਂ ਜਿੰਮੇਵਾਰੀਆਂ ਇਸ ਤਰੀਕੇ ਨਾਲ ਨਿਭਾਓ ਕਿ ਕਿਰਤ ਕਾਰ ਕਰਦਿਆਂ ਭੀ “ਅਰੀ ਬਾਈ, ਗੋਬਿੰਦ ਨਾਮੁ ਮਤਿ ਬੀਸਰੇ” ; ਤਾਂ ਕਿ ਅੰਤ ਵੇਲੇ ਧਨ ਇਸਤ੍ਰੀ ਪੁੱਤਰ ਮਹਲ-ਮਾੜੀਆਂ ਵਿੱਚ ਸੁਰਤਿ ਭਟਕਣ ਦੇ ਥਾਂ ਮਨ ਪ੍ਰਭੂ-ਚਰਨਾਂ ਵਿੱਚ ਜੁੜੇ …. .”

ਸ਼ਬਦ ਵਿੱਚ ਆਏ ‘ਅੰਤਿ ਕਾਲ, ਮਰੈ, ਅਉਤਰੈ ਆਦਿ ਲਫ਼ਜ਼ਾਂ ਤੋਂ ਸਾਫ਼ ਜ਼ਾਹਰ ਹੈ ਕਿ ਸ਼ਬਦ ਵਿੱਚ ਮਰਨ ਪਿੱਛੋਂ ਜੂਨਾਂ ਵਿੱਚ ਪੈਣ ਦਾ ਜ਼ਿਕਰ ਹੈ। ਅਤੇ ਪ੍ਰਭੂ ਸਿਮਰਨ ਨਾਲ ਜਨਮ ਮਰਣ ਤੋਂ ਮੁਕਤ ਹੋ ਸਕੀ ਦਾ ਹੈ।

ਜਸਬੀਰ ਸਿੰਘ (ਕੈਲਗਰੀ)

(ਨੋਟ:- ਇਸ ਹਫਤੇ ਇਸ ਸ਼ਬਦ ਦੀ ਵਿਆਖਿਆ ਦੋ ਸੱਜਣਾਂ ਵਲੋਂ ਕੀਤੀ ਹੋਈ ‘ਸਿੱਖ ਮਾਰਗ’ ਤੇ ਪਾਈ ਗਈ ਹੈ। ਇਹਨਾ ਦੋਹਾਂ ਨੂੰ ਪੜ੍ਹ ਕੇ ਭਾਈ ਜਸਬੀਰ ਸਿੰਘ ਵੈਨਕੂਵਰ ਵਲੋਂ ਕੀਤੀ ਹੋਈ ਵਿਆਖਿਆ ਵੀ ਉਹਨਾ ਦੇ ਪਹਿਲੇ ਲੇਖਾਂ ਵਿੱਚ ਜਰੂਰ ਪੜ੍ਹੋ-ਸੰਪਾਦਕ)




.