.

“ਵਣਜਾਰਿਆ ਮਿਤਰਾ”

ਇਹ ਜਗਤ ਰਚਨਾ ਪ੍ਰਭੂ ਦੀ ਰਚੀ ਹੋਈ ਖੇਡ ਹੈ। ਪ੍ਰਭੂ ਦਾ ਘੱਲਿਆ ਹੋਇਆ ਜੀਵ ਦੁਨੀਆਂ ਤੇ ਆਉਂਦਾ ਹੈ। ਜਿਸ ਤਰ੍ਹਾਂ ਦੇ ਲੇਖ ਧੁਰੋਂ ਲਿਖਵਾ ਕੇ ਬੰਦਾ ਆਉਂਦਾ ਹੈ ਉਸੇ ਤਰ੍ਹਾਂ ਦੇ ਇੱਥੇ ਕਰਮ ਕਮਾਂਦਾ ਹੈ। “ਜੋ ਧੁਰਿ ਲਿਖਿਆ ਲੇਖ ਸੇ ਕਰਮ ਕਮਾਇਸੀ॥” (ਪੰਨਾ-510)। ਪ੍ਰਭੂ ਦੇ ਹੁਕਮ ਅਨੁਸਾਰ ਦੁੱਖ-ਸੁਖ ਭੋਗਦਾ ਹੋਇਆ ਜੀਵ ਅਖੀਰ ਲਿਖੇ ਸਮੇਂ ਅਨੁਸਾਰ ਇੱਥੋਂ ਤੁਰ ਜਾਂਦਾ ਹੈ। ਇੱਛਾਵਾਂ, ਤ੍ਰਿਸ਼ਨਾਵਾਂ ਇਸ ਨੂੰ ਮੁੜ ਮੁੜ ਜੂਨੀਆਂ ਵਿੱਚ ਜਨਮ ਲੈ ਕੇ ਦੁਨੀਆਂ ਤੇ ਆਉਣ ਦਾ ਕਾਰਣ ਬਣਦੀਆਂ ਹਨ। “ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤ”। ਪ੍ਰਭੂ ਦਾ ਨਾਮ ਸਿਮਰ ਕੇ, ਪ੍ਰਭੂ ਦੀ ਯਾਦ ਨੂੰ ਮਨ ਵਿੱਚ ਵਸਾ ਕੇ ਮਾਇਆ ਦੇ ਬੰਧਨਾਂ ਅਤੇ ਮੁੜ ਮੁੜ ਜਨਮ ਲੈਣ ਤੋਂ ਛੁਟਕਾਰਾ ਮਿਲ ਸਕਦਾ ਹੈ। ਪਰ ਬੰਦਾ ਦੁਨੀਆਂ ਤੇ ਆ ਕੇ ਪ੍ਰਭੂ ਨੂੰ ਭੁਲਾ ਕੇ ਉਸ ਦੀ ਰਚਨਾ ਵਿੱਚ ਮਸਤ ਹੋ ਜਾਂਦਾ ਹੈ। “ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ॥” ਧਰਮ ਦਾ ਵਪਾਰ ਛੱਡ ਕੇ ਮਾਇਆ ਦੇ ਮੋਹ ਵਿੱਚ ਮਸਤ ਹੋ ਕੇ ਸਾਰਾ ਜੀਵਨ ਅਜਾਈਂ ਗਵਾ ਦਿੰਦਾ ਹੈ। ਅੰਤ ਵੇਲੇ ਮੌਤ ਆਉਣ ਤੇ ਪਛਤਾਂਦਾ ਹੈ।

ਗੁਰੂ ਸਾਹਿਬ ਬੰਦੇ ਦੇ ਜੱਗ ਤੇ ਆਉਣ ਤੋਂ ਲੈ ਕੇ, ਜੱਗ ਤੋਂ ਤੁਰ ਜਾਣ ਤੱਕ ਦੇ ਸਫ਼ਰ ਨੂੰ ਰਾਤ ਦੇ ਚਾਰ ਪਹਿਰਾਂ ਨਾਲ ਤੁਲਨਾ ਦਿੰਦੇ ਹੋਏ ਅਤੇ ਬੰਦੇ ਨੂੰ ਵਣਜਾਰਾ ਦੱਸਦੇ ਹੋਏ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਕੋਈ ਵਣਜਾਰਾ ਕਿਸੇ ਪਿੰਡ ਵਿੱਚ ਰਾਤ ਪਈ ਤੋਂ ਉਥੇ ਹੀ ਰਾਤ ਗੁਜ਼ਾਰ ਕੇ, ਰਾਤ ਮੁੱਕੀ ਤੋਂ ਉਥੋਂ ਤੁਰ ਪੈਂਦਾ ਹੈ। ਇਸੇ ਤਰ੍ਹਾਂ ਜੀਵ ਦੁਨੀਆਂ ਤੇ ਪ੍ਰਭੂ ਦੇ ਨਾਮ ਦਾ ਵਪਾਰ, ‘ਵਣਜ’ ਕਰਨ ਲਈ ਆਇਆ ਹੈ ਪਰ ਪ੍ਰਭੂ ਨੂੰ ਭੁਲਾ ਕੇ, ਦੁਨਿਆਵੀ ਧੰਦਿਆਂ ਵਿੱਚ ਫ਼ਸ, ਸਾਰਾ ਜੀਵਨ ਅਜਾਈਂ ਗਵਾ ਕੇ, ਆਪਣੀ ਪਹਿਲੀ ਰਾਸ ਪੂੰਜੀ (ਚੰਗੇ ਆਤਮਕ ਗੁਣਾਂ ਦੇ ਸੰਸਕਾਰ) ਵੀ ਗਵਾ ਕੇ ਇੱਥੋਂ ਤੁਰ ਜਾਂਦਾ ਹੈ।

ਗੁਰੂ ਸਾਹਿਬ ਬੰਦੇ ਦੇ ਜੀਵਨ ਦੇ ਪਹਿਲੇ ਹਿੱਸੇ (ਜਨਮ ਲੈ ਕੇ ਜੱਗ ਤੇ ਆਉਣ ਵੇਲੇ) ਨੂੰ ਰਾਤ ਦੇ ਪਹਿਲੇ ਪਹਿਰ ਨਾਲ ਤੁਲਨਾ ਦਿੰਦੇ ਹੋਏ ਕਹਿੰਦੇ ਹਨ ਕਿ ਬੰਦਾ ਬਿਨਾ ਮਰਜਾਦਾ ਦੇ ਨੰਗਾ ਦੁਨੀਆਂ ਤੇ ਆਉਂਦਾ ਹੈ। ਅਤੇ ਅੰਤ ਵੇਲੇ ਉਸੇ ਤਰ੍ਹਾਂ ਬਿਨਾ ਮਰਜਾਦਾ ਦੇ ਨੰਗਾ ਤੁਰ ਜਾਂਦਾ ਹੈ। ਕੀਤੇ ਕਰਮਾਂ ਅਨੁਸਾਰ ਜਿਸਤਰ੍ਹਾਂ ਦੇ ਲੇਖ ਬੰਦਾ ਲਿਖਵਾ ਕੇ ਲਿਆਉਂਦਾ ਹੈ, ਉਸੇ ਤਰ੍ਹਾਂ ਦੀ ਆਤਮਕ ਜੀਵਨ ਦੀ ਰਾਸ ਪੂੰਜੀ ਉਸ ਜੀਵ ਵਣਜਾਰੇ ਪਾਸ ਹੁੰਦੀ ਹੈ, ਉਸੇ ਤਰ੍ਹਾਂ ਦਾ ਉਹ ਇੱਥੇ ਵਣਜ ਕਰਦਾ ਹੈ।

ਜ਼ਿੰਦਗ਼ੀ ਦੇ ਦੂਜੇ ਹਿੱਸੇ (ਬਚਪਨ/ਰਾਤ ਦੇ ਦੂਜੇ ਪਹਿਰ) ਬਾਰੇ ਗੁਰੂ ਸਾਹਿਬ ਕਹਿੰਦੇ ਹਨ ਕਿ ਜਦੋਂ ਜੀਵ ਦੁਨੀਆਂ ਤੇ ਆਉਂਦਾ ਹੈ ਤਾਂ ਉਸ ਦੇ ਸਕੇ ਸੰਬੰਧੀ ਉਸ ਨੂੰ ਲਾਡ ਪਿਆਰ ਕਰਦੇ ਹਨ। ਇਸ ਲਾਡ ਪਿਆਰ ਵਿੱਚ ਉਸ ਨੂੰ ਪਰਮਾਤਮਾ ਦਾ ਧਿਆਨ ਭੁੱਲ ਜਾਂਦਾ ਹੈ।

ਜ਼ਿੰਦਗ਼ੀ ਦੇ ਤੀਜੇ ਹਿੱਸੇ, ਅਰਥਾਤ ਜਵਾਨੀ ਵੇਲੇ (ਰਾਤ ਦੇ ਤੀਜੇ ਪਹਰ) ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਹੇ ‘ਹਰਿ-ਸਿਮਰਨ’ ਦਾ ਵਣਜ ਕਰਨ ਆਏ ਵਣਜਾਰੇ ਮਿੱਤਰ ਜਵਾਨੀ ਦੇ ਨਸ਼ੇ ਵਿੱਚ ਤੇਰਾ ਮਨ, ਧਨ ਅਤੇ ਜਵਾਨੀ ਨਾਲ ਪਰਚ ਗਿਆ ਹੈ। ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਜਿਸ ਦੀ ਬਰਕਤ ਨਾਲ ਤੂੰ ਧਨ ਜੋਬਨ ਦੇ ਮੋਹ ਦੇ ਬੰਧਨਾਂ ਤੋਂ ਖਲਾਸੀ ਪਾ ਸਕੇਂ।

ਜ਼ਿੰਦਗ਼ੀ ਦੇ ਚੌਥੇ ਪਹਰ (ਰਾਤ ਦੇ ਚੌਥੇ ਪਹਰ) ਬਾਰੇ ਗੁਰੂ ਸਾਹਿਬ ਕਹਿੰਦੇ ਹਨ:

“ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤ॥ ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤ॥ ਭੇਤ ਚੇਤ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ॥ ਝੂਠਾ ਰੁਦਨੁ ਹੋਆ ਦ+ਆਲੈ ਖਿਨ ਮਹਿ ਭਇਆ ਪਰਾਇਆ॥ ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ॥ ਕਹੁ ਨਾਨਕ ਪ੍ਰਾਣੀ ਚਉਥੈ ਪਹਿਰੈ ਲਾਵੀ ਲੁਣਿਆ ਖੇਤੁ॥ ੪॥ ੧॥ (ਪੰਨਾ-74) ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿੱਤ੍ਰ! ਜ਼ਿੰਦਗ਼ੀ ਦੀ ਰਾਤ ਦੇ ਚੌਥੇ ਪਹਿਰ (ਭਾਵ, ਬੁਢਾਪਾ ਆ ਜਾਣ ਤੇ) (ਸਰੀਰ-) ਖੇਤ ਨੂੰ ਵੱਢਣ ਵਾਲਾ (ਜਮ) ਆ ਪਹੁੰਚਿਆ। ਹੇ ਵਣਜਾਰੇ ਮਿੱਤ੍ਰ! ਜਦੋਂ ਜਮ ਨੇ (ਆ ਕੇ ਜੀਵਾਤਮਾ ਨੂੰ) ਫ਼ੜ ਕੇ ਅੱਗੇ ਲਾ ਲਿਆ ਤਾਂ ਕਿਸੇ (ਸੰਬੰਧੀ) ਨੂੰ ਭੀ ਇਹ ਸਮਝ ਨਾ ਪਈ ਕਿ ਇਹ ਕੀ ਹੋਇਆ। ਪਰਮਾਤਮਾ ਦੇ ਇਸ ਹੁਕਮ ਤੇ ਭੇਤ ਦੀ ਕਿਸੇ ਨੂੰ ਸਮਝ ਨਾ ਪੈ ਸਕੀ। ਜਦੋਂ ਜਮ ਨੇ (ਜੀਵਾਤਮਾ ਨੂੰ) ਫ਼ੜ ਕੇ ਅੱਗੇ ਲਾ ਲਿਆ, ਤਾਂ (ਉਸਦੇ ਮਿਰਤਕ ਸ਼ਰੀਰ ਦੇ) ਦੁਆਲ਼ੇ ਵਿਅਰਥ ਰੋਣ-ਕੁਰਲਾਉਣ ਸ਼ੁਰੂ ਹੋ ਗਿਆ। (ਉਹ ਜਿਸ ਨੂੰ ਸਾਰੇ ਹੀ ਸੰਬੰਧੀ ਮੇਰਾ ਮੇਰਾ ਕਿਹਾ ਕਰਦੇ ਸਨ) ਇੱਕ ਖਿਨ ਵਿੱਚ ਹੀ ਓਪਰਾ ਹੋ ਗਿਆ। ਜਿਸ ਨਾਲ (ਸਾਰੀ ਉਮਰ) ਮੋਹ ਕੀਤੀ ਰੱਖਿਆ (ਤੇ ਉਸ ਦੇ ਅਨੁਸਾਰ ਜੋ ਜੋ ਕਰਮ ਕੀਤੇ, ਅੰਤ ਵੇਲੇ) ਉਹ ਕੀਤੀ ਕਮਾਈ ਸਾਹਮਣੇ ਆ ਗਈ (ਪ੍ਰਾਪਤ ਹੋ ਗਈ)।

ਹੇ ਨਾਨਕ! ਆਖ- (ਜ਼ਿੰਦਗ਼ੀ ਦੀ ਰਾਤ ਦੇ) ਚੌਥੇ ਪਹਰ (ਭਾਵ ਬੁਢੇਪਾ ਆ ਜਾਣ ਤੇ) ਵੱਢਣ ਵਾਲੇ (ਜਮਦੂਤ) ਨੇ (ਸਰੀਰ-) ਖੇਤ ਨੂੰ ਆ ਕੱਟਿਆ। ੪। ੧।

ਇੱਥੇ ਕੁੱਝ ਕੁ ਗੱਲਾਂ ਚੇਤੇ ਰੱਖਣ ਵਾਲੀਆਂ ਹਨ: ਪਹਿਲਾ ਇਹ ਕਿ ਗੁਰੂ ਸਾਹਿਬ ਨੇਂ ਜੀਵ ਦੀ ਵਣਜਾਰੇ ਨਾਲ ਤੁਲਨਾ ਕੀਤੀ ਹੈ। ਅਤੇ ‘ਵਣਜਾਰੇ’ ਦੇ ਅਰਥ ਪ੍ਰੋ: ਸਾਹਿਬ ਸਿੰਘ ਨੇ ਇਸ ਤਰ੍ਹਾਂ ਲਿਖੇ ਹਨ: “ਸ਼ੀਸ਼ੇ, ਸੁਰਮਾ, ਸਲਾਈ, ਚੂੜੀਆਂ, ਮੁਰਕੀਆਂ ਆਦਿਕ ਜ਼ਨਾਨੇ ਸ਼ਿੰਗਾਰ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਲੈਕੇ ਪਿੰਡ ਪਿੰਡ ਵੇਚਣ ਵਾਲੇ ਨੂੰ ਵਣਜਾਰਾ ਕਹਿੰਦੇ ਹਨ। ਆਪਣੇ ਨਗਰ ਸ਼ਹਰ ਤੋਂ ਦੂਰ ਆਇਆ ਹੋਇਆ ਵਣਜਾਰਾ ਰਾਤ ਦੇ ਚਾਰ ਪਹਿਰ ਜਿਸ ਪਿੰਡ ਰਾਤ ਪਈ ਉਥੇ ਗੁਜ਼ਾਰਦਾ ਹੈ। ਜੀਵ ਭੀ ਵਣਜਾਰਾ ਹੈ। ਪ੍ਰਭੂ-ਦਰ ਤੋਂ ਦੂਰ ਇੱਥੇ ਸੰਸਾਰ ਵਿੱਚ ਹਰਿ-ਨਾਮ ਦਾ ਵਣਜ ਕਰਨ ਆਇਆ ਜੀਵ ਜ਼ਿੰਦਗ਼ੀ ਦੀ ਚਾਰ ਪਹਰੀ ਰਾਤ ਇੱਥੇ ਗੁਜ਼ਾਰਦਾ ਹੈ”।

ਦੂਸਰੀ ਗੱਲ ਕਿ ਵਣਜਾਰੇ ਨੇ ਕਿਸੇ ਪਿੰਡ ਰਾਤ ਕੱਟ ਕੇ ਰਾਤ ਖ਼ਤਮ ਹੋਈ ਤੋਂ ਉਥੋਂ ਅੱਗੇ ਤੁਰ ਪੈਣਾ ਹੁੰਦਾ ਹੈ।

ਤੀਸਰੀ ਗੱਲ ਕਿ ਡੂੰਘੇ ਅਰਥਾਂ ਦੇ ਨਾਮ ਤੇ ਬੁਰਬਾਣੀ ਦੇ ਜਿੰਨੇ ਮਰਜੀ ਅਰਥ ਬਦਲ ਦਿੱਤੇ ਜਾਣ ਪਰ ਇਸ ਗੱਲ ਨੂੰ ਬਦਲਣਾ ਏਨਾ ਆਸਾਨ ਨਹੀਂ ਕਿ, ਗੁਰੂ ਸਾਹਿਬ ਨੇਂ ਇੱਥੇ ਜੀਵ ਦੇ ਗਰਭ ਵਿੱਚ ਵਾਸ ਲੈਣ ਤੋਂ ਲੈ ਕੇ ਬੁਢੇਪਾ ਆਉਣ ਮਗ਼ਰੋਂ ਮੌਤ ਆਈ ਤੋਂ ਜਮਾਂ ਦੁਆਰਾ ‘ਪਕੜਿ ਚਲਾਇਆ’ ‘ਲਾਵੀ ਲੁਣਿਆ ਖੇਤ’ ਦੀ ਗੱਲ ਕੀਤੀ ਹੈ। ਇਸੇ ਜੀਵਨ ਵਿੱਚ ਸਭ ਕੁੱਝ ਖ਼ਤਮ ਹੋ ਜਾਣ ਦੀ ਗੱਲ ਨਹੀਂ ਕੀਤੀ। ਜਮ ਦੁਆਰਾ ‘ਪਕੜਿ ਚਲਾਇਆ’ ਤੋਂ ਮਗ਼ਰੋਂ ‘ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ’ ਦੀ ਗੱਲ ਕੀਤੀ ਹੈ। ਅਰਥਾਤ ਮੌਤ ਆਉਣ ਮਗ਼ਰੋਂ ਉਹੀ ਕੁੱਝ ਪ੍ਰਾਪਤ ਹੋਣ ਦੀ ਗੱਲ ਕੀਤੀ ਹੈ ਜਿਸ ਨਾਲ ਉਸ ਨੇ ਮੋਹ/ ਹੇਤ ਲਾਈ ਰੱਖਿਆ।

ਇਸੇ ਤਰ੍ਹਾਂ ਹੀ ਗੁਰੂ ਸਾਹਿਬ ਨੇ ਅਗਲੀ ਪੰਜਾਂ ਬੰਦਾਂ ਦੀ ਬਾਣੀ ਵਿੱਚ ਵੀ ਕੁੱਝ ਇਸੇ ਤਰ੍ਹਾਂ ਦੇ ਵਿਚਾਰ ਦਿੱਤੇ ਹਨ। ਪਹਰਿਆਂ ਦੀ ਇਸ ਬਾਣੀ ਵਿੱਚ ਬੰਦੇ ਨੂੰ ਸਮਝਾਇਆ ਹੈ ਕਿ ਤੇਰੀ ਸਾਰੀ ਉਮਰ ਹਰਿ-ਨਾਮ ਜਪਣ ਤੋਂ ਬਿਨਾ ਹੀ ਗੁਜ਼ਰ ਗਈ, ਹੁਣ ਬੁਢੇਪਾ ਆਉਣ ਤੇ ਤਾਂ ਪ੍ਰਭੂ ਨੂੰ ਚੇਤੇ ਕਰ ਲੈ। ਜਿਹੜਾ ਜੀਵ ਆਤਮਕ ਗੁਣਾਂ ਦੀ ਸਹਾਇਤਾ ਨਾਲ ਇੱਥੋਂ ਜਾਂਦਾ ਹੈ ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਪੈਂਦਾ। ਫ਼ੁਰਮਾਨ ਹੈ:

“……॥ ਤੀਜੇ ਪਹਰੇ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੇ ਆਇਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ ਆਂਵ ਘਟੈ ਦਿਨੁ ਜਾਇ॥ ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ॥ ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ ਖਿਨ ਮਹਿ ਭਇਆ ਪਰਾਇਆ॥ ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗੁਣ ਪਛੁਤਾਇ॥ ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭੁ ਚੇਤਹੁ ਲਿਵ ਲਾਇ॥ ੩॥

ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿੱਤ੍ਰ! (ਜ਼ਿੰਦਗ਼ੀ ਦੀ ਰਾਤ ਦੇ) ਤੀਜੇ ਪਹਰ ਸਿਰ ਉਤੇ ਧੋਲੇ ਆ ਜਾਂਦੇ ਹਨ। ਹੇ ਵਣਜਾਰੇ ਮਿੱਤ੍ਰ! (ਜਿਉਂ ਜਿਉਂ) ਜਵਾਨੀ ਘਟਦੀ ਹੈ ਬੁਢੇਪਾ (ਸਰੀਰ ਤਾਕਤ ਨੂੰ) ਜਿੱਤਦਾ ਜਾਂਦਾ ਹੈ (ਉਮਰ ਦਾ) ਇੱਕ ਇੱਕ ਦਿਨ ਲੰਘਦਾ ਹੈ ਉਮਰ ਘਟਦੀ ਜਾਂਦੀ ਹੈ।

ਹੇ ਮਾਇਆ ਦੇ ਮੋਹ ਵਿੱਚ ਅੰਨ੍ਹੇ ਹੋਏ ਜੀਵ! ਜਦੋਂ ਜਮ ਨੇ ਫ਼ੜ ਕੇ ਤੈਨੂੰ ਅੱਗੇ ਲਾ ਲਿਆ, ਤਦੋਂ ਅਖੀਰਲੇ ਵੇਲੇ ਤੂੰ ਪਛਤਾਏਂਗਾ। ਤੂੰ ਹਰੇਕ ਚੀਜ਼ ਆਪਣੀ ਬਣਾ ਕੇ ਸਾਂਭਦਾ ਗਿਆ, ਉਹ ਸਭ ਕੁੱਝ ਇੱਕ ਖਿਨ ਵਿੱਚ ਪਰਾਇਆ ਮਾਲ ਹੋ ਜਾਇਗਾ।

(ਮਾਇਆ ਦੇ ਮੋਹ ਵਿੱਚ ਫ਼ਸਕੇ ਜੀਵ ਦੀ) ਅਕਲ ਮਾਰੀ ਜਾਂਦੀ ਹੈ, ਸਿਆਣਪ ਗੁੰਮ ਹੋ ਜਾਂਦੀ ਹੈ, ਮੰਦੇ ਕੰਮ ਕਰ ਕਰ (ਆਖ਼ਰ ਅੰਤ ਵੇਲੇ) ਪਛਤਾਂਦਾ ਹੈ।

ਹੇ ਨਾਨਕ! ਆਖ- ਹੇ ਜੀਵ! (ਜ਼ਿੰਦਗ਼ੀ ਦੀ ਰਾਤ ਦੇ) ਤੀਜੇ ਪਹਰ (ਸਿਰ ਉਤੇ ਧੌਲੇ ਆ ਗਏ ਹਨ, ਤਾਂ ਪ੍ਰਭੂ-ਚਰਨਾਂ ਵਿੱਚ) ਸੁਰਤਿ ਜੋੜ ਕੇ ਸਿਮਰਨ ਕਰ। ੩।

ਚਉਥੈ ਪਹਰੈ ਰੈਣ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ॥ ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ॥ ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ॥ ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ॥ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ॥ ੪॥

ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿੱਤ੍ਰ! (ਜ਼ਿੰਦਗ਼ੀ ਦੀ) ਰਾਤ ਦੇ ਚੌਥੇ ਪਹਰ (ਜੀਵ) ਬੁੱਢਾ ਹੋ ਜਾਂਦਾ ਹੈ, (ਉਸ ਦਾ) ਸਰੀਰ ਕਮਜ਼ੋਰ ਹੋ ਜਾਂਦਾ ਹੈ। ਹੇ ਵਣਜਾਰੇ ਮਿੱਤ੍ਰ! ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ, (ਅੱਖਾਂ ਤੋਂ ਠੀਕ) ਨਹੀਂ ਦਿਸਦਾ। ਕੰਨਾਂ ਨਾਲ ਬੋਲ ਚੰਗੀ ਤਰ੍ਹਾਂ ਨਹੀਂ ਸੁਣ ਸਕਦਾ। ਅੱਖਾਂ ਤੋਂ ਅੰਨ੍ਹਾਂ ਹੋ ਜਾਂਦਾ ਹੈ, ਜੀਭ ਵਿੱਚ ਸੁਆਦ (ਦੀ ਤਾਕਤ) ਨਹੀਂ ਰਹਿੰਦੀ, ਉਦਮ ਅਤੇ ਤਾਕਤ ਰਹਿ ਜਾਂਦੇ ਹਨ, ਆਪਣੇ ਹਿਰਦੇ ਵਿੱਚ ਕਦੇ ਪਰਮਤਮਾ ਦੇ ਗੁਣ ਨਹੀਂ ਵਸਾਏ, ਹੁਣ ਸੁਖ ਕਿੱਥੋਂ ਮਿਲੇ? ਮਨ ਦੇ ਮੁਰੀਦ ਨੂੰ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ। (ਜਿਵੇਂ) ਪੱਕੀ ਹੋਈ ਫ਼ਸਲ ਦਾ ਨਾੜ ਕੁੜਕ ਕੇ ਟੁੱਟ ਜਾਂਦਾ ਹੈ (ਤਿਵੇਂ ਬੁਢੇਪਾ ਆਉਣ ਤੇ ਸਰੀਰ) ਨਾਸ ਹੋ ਜਾਂਦਾ ਹੈ, (ਜੀਵ ਜਗਤ ਤੇ) ਆ ਕੇ (ਆਖ਼ਰ ਇੱਥੋਂ) ਤੁਰ ਪੈਂਦਾ ਹੈ (ਇਸ ਸਰੀਰ ਦਾ) ਮਾਣ ਕਰਨਾ ਵਿਅਰਥ ਹੈ।

ਹੇ ਨਾਨਕ! ਆਖ- ਹੇ ਪ੍ਰਾਣੀ! (ਜ਼ਿੰਦਗ਼ੀ ਦੀ ਰਾਤ ਦੇ) ਚੌਥੇ ਪਹਰ (ਤੂੰ ਬੁੱਢਾ ਹੋ ਗਿਆ ਹੈਂ, ਹੁਣ) ਗੁਰੂ ਦੇ ਸ਼ਬਦ ਨੂੰ ਪਛਾਣ (ਗੁਰ ਸ਼ਬਦ ਨਾਲ ਡੂੰਘੀ ਸਾਂਝ ਪਾ)। ੪।

ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ॥ ਇੱਕ ਰਤੀ ਗੁਣ ਨ ਸਮਾਇਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ॥ ਗੁਣ ਸੰਜਮਿ ਜਾਵੈ ਚੋਟ ਨ ਖਾਵੈ ਨਾ ਤਿਸੁ ਜੰਮਣੁ ਮਰਨਾ॥ ਕਾਲੁ ਜਾਲੁ ਜਮ ਜੋਹਿ ਨ ਸਾਕੈ ਭਾਇ ਭਗਤਿ ਭੈ ਤਰਣਾ॥ ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ॥ ਕਹੁ ਨਾਨਕ ਪ੍ਰਾਣੀ ਗੁਰਮੁਖਿ ਛੁਟੈ ਸਾਚੇ ਤੇ ਪਤਿ ਪਾਵੈ॥ ੫॥ ੨॥ (ਪੰਨਾ-76)।

ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿੱਤ੍ਰ! (ਜੀਵ ਨੂੰ ਉਮਰ ਦੇ ਜਿੱਤਨੇ ਸੁਆਸ ਮਿਲੇ ਸਨ ਆਖਿਰ) ਉਨ੍ਹਾਂ ਸੁਆਸਾਂ ਦਾ ਅਖੀਰ ਆ ਗਿਆ, ਬਲੀ ਬੁਢੇਪਾ ਮੋਢੇ ਉਤੇ (ਨੱਚਣ ਲੱਗ ਪਿਆ)। ਹੇ ਵਣਜਾਰੇ! ਮਿਤ੍ਰ! ਜਿਸ ਦੇ ਹਿਰਦੇ ਵਿੱਚ ਰਤਾ ਭਰ ਭੀ ਗੁਣ ਨਾ ਟਿਕੇ ਉਸ ਨੂੰ (ਉਸ ਦੇ ਆਪਣੇ ਹੀ ਕੀਤੇ ਹੋਏ) ਔਗਣ ਬੰਨ੍ਹ ਕੇ ਲੈ ਤੁਰਦੇ ਹਨ।

ਜਿਹੜਾ ਜੀਵ (ਇੱਥੋਂ ਆਤਮਕ) ਗੁਣਾਂ ਦੇ ਸੰਜਮ (ਦੀ ਸਹਾਇਤਾ) ਨਾਲ ਜਾਂਦਾ ਹੈ, ਉਹ (ਜਮਰਾਜ ਦੀ) ਚੋਟ ਨਹੀਂ ਸਹਾਰਦਾ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ। ਜਮ ਦਾ ਜਾਲ, ਮੌਤ ਦਾ ਡਰ ਉਸ ਵੱਲ ਤੱਕ ਨਹੀਂ ਸਕਦਾ। ਪਰਮਾਤਮਾ ਦੇ ਪ੍ਰੇਮ ਦੀ ਬਰਕਤ ਨਾਲ ਪਰਮਾਤਮਾ ਦੀ ਭਗਤੀ ਨਾਲ ਉਹ (ਸੰਸਰ-ਸਮੂੰਦਰ ਦੇ ਸਾਰੇ) ਡਰਾਂ ਤੋਂ ਪਾਰ ਲੰਘ ਜਾਂਦਾ ਹੈ। ਉਹ ਇੱਥੋਂ ਇੱਜਤ ਨਾਲ ਜਾਂਦਾ ਹੈ, ਸਦਾ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ, ਉਹ ਆਪਣੇ ਸਾਰੇ ਦੁੱਖ-ਕਲੇਸ਼ ਦੂਰ ਕਰ ਲੈਂਦਾ ਹੈ।

ਹੇ ਨਾਨਕ! ਆਖ-ਜੇਹੜਾ ਜੀਵ ਗੁਰੂ ਦੀ ਸ਼ਰਨ ਪੈਂਦਾ ਹੈ ਉਹ (ਸੰਸਾਰ-ਸਮੁੰਦਰ ਦੇ ਸਾਰੇ ਡਰਾਂ ਤੋਂ) ਬਚ ਜਾਂਦਾ ਹੈ, ਉਹ ਸਦਾ ਥਿਰ ਪ੍ਰਭੂ ਦੇ ਦਰ ਤੋਂ ਜਿੱਤ ਪ੍ਰਾਪਤ ਕਰਦਾ ਹੈ।

ਇੱਥੇ ਵੀ ਗੁਰੂ ਸਾਹਿਬ ਨੇ ਜੀਵ ਦੇ ਜਨਮ ਲੈਣ ਤੋਂ ਲੈ ਕੇ ਮਰਨ ਤੱਕ ਦੇ ਜੀਵਨ-ਸਫ਼ਰ ਦਾ ਜ਼ਿਕਰ ਕਰਦਿਆਂ ਹੋਇਆਂ ਗੁਰਮੁਖ ਅਤੇ ਮਨਮੁਖ ਦੋਨੋਂ ਕਿਸਮ ਦੇ ਬੰਦਿਆਂ ਬਾਰੇ ਗੱਲ ਕੀਤੀ ਹੈ। ਅਤੇ ਸਮਝਾਇਆ ਹੈ ਕਿ ਮਨਮੁੱਖ ਬੰਦੇ ਦੇ ਮਰ ਜਾਣ ਤੇ (ਜਮ ਦੇ ਪਕੜਿ ਚਲਾਉਣ ਤੇ) ਉਸ ਦੇ ਆਪਣੇ ਹੀ ਕੀਤੇ ਕਰਮ ਉਸ ਨੂੰ ਬੰਨ੍ਹ ਕੇ ਅੱਗੇ ਲਾ ਲੈਂਦੇ ਹਨ। ਅਤੇ ਗੁਰਮੁਖ ਬੰਦਾ ਆਤਮਕ ਗੁਣਾਂ ਦਾ ਵਪਾਰ ਕਰਕੇ ਜਾਂਦਾ ਹੈ। ਮਨਮੁਖ ਨੂੰ ‘ਆਵਣ ਜਾਣਾ’ ਹੈ ਅਤੇ ਗੁਰਮੁਖ ਪ੍ਰਾਣੀ ਬਾਰੇ ਗੁਰੂ ਸਾਹਿਬ ਕਹਿੰਦੇ ਹਨ ਉਹ - ‘ਸਹਜਿ ਸਮਾਵੈ’ ਅਤੇ ‘ਛੁਟਹਿਗਾ ਹਰਿ ਚੇਤਿ’।

ਪਹਰੇ ਬਾਣੀ ਵਿੱਚ ਹੀ ਪੰਨਾ-76 ਤੇ, ਗੁਰੂ ਰਾਮਦਾਸ ਜੀ ਵੀ ਬੰਦੇ ਦੇ ਜੀਵਨ ਨੂੰ ਰਾਤ ਦੇ ਚਾਰ ਪਹਰਾਂ ਨਾਲ ਤੁਲਨਾ ਦਿੰਦੇ ਹੋਏ, ਬੰਦੇ ਦੇ ‘ਉਰਧ ਮਝਾਰ (ਗਰਭ ਵਿੱਚ) ਪੈਣ ਤੋਂ ਲੈ ਕੇ ਰਾਤ ਦਾ ਚੌਥਾ ਪਹਿਰ ਅਰਥਾਤ ਜੀਵਨ ਦਾ ਅਖੀਰ ਆਉਣ ਤੱਕ ਦਾ ਜ਼ਿਕਰ ਕਰਕੇ ਸੁਚੇਤ ਕਰਦੇ ਹਨ ਕਿ ਸਾਰੀ ਰਾਤ ਗੁਜ਼ਰਨ ਦੇ ਨੇੜੇ ਹੈ ਸਮਾ ਰਹਿੰਦਿਆਂ ਹਜੇ ਵੀ “ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ॥”। ਜਿਹੜੇ ਭਗਤ ਜਨ ਨੇ ‘ਹਰਿ ਸੇਵਿਆ’ ਹੈ ਉਹ ‘ਹਰਿ ਸੇਤੀ ਸਦ ਰਲੀਆਂ ਮਾਣਦਾ’ ਹੈ। ਉਸ ਦਾ ਜਨਮ-ਮਰਨ ਦਾ ਦੁਖ ਕੱਟਿਆ ਜਾਂਦਾ ਹੈ, ‘ਨਾ ਤਿਸੁ ਜੰਮਣੁ ਮਰਨਾ’।

“…. . ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ॥ ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ॥ ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ॥ ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ॥ ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ॥ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਸਫਲਿਉ ਰੈਣਿ ਭਗਤਾ ਦੀ॥ ੪॥ ੧॥ ੩॥ (ਪੰਨਾ-76-77)।

ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਪਹਿਰੇ ਬਾਣੀ ਵਿੱਚ ਇੱਕੋ ਹੀ ਵਿਸ਼ਾ ਹੈ ਅਤੇ ਇੱਕੋ ਹੀ ਗੱਲ ਸਮਝਾਈ ਹੈ ਕਿ ਜੀਵ ਜਨਮ ਤੋਂ ਲੈ ਕੇ ਮਰਨ ਤੱਕ ਪ੍ਰਭੂ ਨੂੰ ਨਹੀਂ ਸਿਮਰਦਾ। ਇਸ ਲਈ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ। ਪਰ ਕਈ ਜੀਵ ਜਿਨ੍ਹਾਂ ਤੇ ਪ੍ਰਭੂ ਦੀ ਕਿਰਪਾ ਹੋ ਜਾਂਦੀ ਹੈ ਉਹ ਪ੍ਰਭੂ ਸਿਮਰਨ ਦੀ ਬਰਕਤ ਨਾਲ ਜਨਮ ਮਰਨ ਦੇ ਗੇੜ ਤੋਂ ਛੁੱਟ ਜਾਂਦੇ ਹਨ।

ਸੋ ਗੁਰਮਤ ਅਨੁਸਾਰ ਜੀਵ ਨੇ ਜਗਤ ਤੇ ਆ ਕੇ ਪ੍ਰਭੂ ਸਿਮਰਨ ਦਾ ਵਪਾਰ ਕਰਨਾ ਹੈ। ਪਰ ਜਿਹੜੇ ਜੀਵ ਪ੍ਰਭੂ ਨੂੰ ਭੁਲਾ ਕੇ ਮਾਇਆ ਦੇ ਮੋਹ ਵਿੱਚ ਫ਼ਸ ਜਾਂਦੇ ਹਨ ਉਨ੍ਹਾਂ ਨੂੰ ਅੰਤ ਵੇਲੇ ਪਛਤਾਣਾ ਪੈਂਦਾ ਹੈ ਅਤੇ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦੇ ਹਨ।

(ਨੋਟ: ਇੱਥੇ ਲਿਖੇ ਗਏ ਗੁਰਬਾਣੀ ਦੇ ਅਰਥ ਪ੍ਰੋ: ਸਾਹਿਬ ਸਿੰਘ ਦੁਆਰਾ ਕੀਤੇ ਗਏ ਹਨ। ਭਾਵਾਰਥਾਂ ਲਈ ਵੀ ਪ੍ਰੋ: ਸਾਹਿਬ ਸਿੰਘ ਦੇ ਟੀਕੇ ਤੋਂ ਮਦਦ ਲਈ ਗਈ ਹੈ)।

ਜਸਬੀਰ ਸਿੰਘ (ਕੈਲਗਰੀ)




.