.

ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਸਬੰਧੀ ਕੁੱਝ ਭਰਮ ਭੁਲੇਖੇ

ਗੁਰੂ ਗ੍ਰੰਥ ਸਾਹਿਬ ਸਾਡੇ ਲਈ ਕੇਵਲ ਧਾਰਮਕਿ ਗ੍ਰੰਥ ਦਾ ਹੀ ਦਰਜਾ ਨਹੀਂ ਰੱਖਦੇ ਬਲਕਿ ਗੁਰੂ ਦਾ ਦਰਜਾ ਰੱਖਦੇ ਹਨ। ਇਸ ਲਈ ਅਸੀਂ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਜੀ/ਤਖ਼ਤ ਪੋਸ਼ `ਤੇ, ਉਪਰ ਚਾਣਨੀ ਲਗਾ ਕੇ, ਪ੍ਰਕਾਸ਼ ਕਰਦੇ ਹਾਂ। ਚੌਰ – ਬਰਦਾਰ ਸੇਵਾ ਵਿੱਚ ਹਾਜ਼ਰ ਰਹਿੰਦਾ ਹੈ। ਇਹ ਪਾਤਸ਼ਾਹੀ ਚਿੰਨ੍ਹ ਕੇਵਲ ਗੁਰੂ ਗ੍ਰੰਥ ਸਾਹਿਬ ਲਈ ਹੀ ਹਨ। ਇਹ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਭੌਤਕ ਆਕਾਰ ਕਰਕੇ ਨਹੀਂ, ਇਨ੍ਹਾਂ ਵਿਚਲੀ ਬਾਣੀ/ਗਿਆਨ ਕਰਕੇ ਹੈ। ਇਹਨਾਂ ਦੇ ਸਤਿਕਾਰ ਦੇ ਦੋ ਪੱਖ ਹਨ: ਇੱਕ ਹੈ ਇਹਨਾਂ ਵਿੱਚ ਦਰਸਾਈ ਜੀਵਨ – ਜਾਚ ਨੂੰ ਪੜ੍ਹ, ਬੁੱਝ, ਸਮਝ ਕੇ ਅਪਣਾਉਣਾ ਅਤੇ ਦੂਜਾ ਹੈ ਬਾਹਰਲਾ, ਇਸ ਬਾਹਰਲੇ ਸਤਿਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਸਤਿਕਾਰ ਨਾਲ ਰੁਮਾਲੇ ਵਿੱਚ ਲਪੇਟ ਕੇ ਰੱਖਣਾ, ਉਪਰ ਚਾਣਨੀ/ਚੰਦੋਆ ਲਗਾਉਣਾ, ਸਤਿਕਾਰ ਸਹਿਤ ਮੰਜੀ ਜਾਂ ਤੱਖਤ ਪੋਸ਼ ਉੱਤੇ ਪ੍ਰਕਾਸ਼ ਕਰਨਾ, ਅਦਬ ਨਾਲ ਮੱਥਾ ਟੇਕਣਾ, ਸੰਤੋਖਣਾ ਆਦਿ ਆਉਂਦੇ ਹਨ। ਗੁਰੂ ਸਾਹਿਬ ਦਾ ਜਿਤਨਾ ਵੀ ਅਸੀਂ ਸਤਿਕਾਰ ਕਰ ਸਕੀਏ ਥੋਹੜਾ ਹੈ। ਪਰ ਅਸੀਂ ਜਾਣੇ – ਅਣਜਾਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰਲੇ ਸਤਿਕਾਰ ਦੇ ਕੁੱਝ ਅਜਿਹੇ ਰੂਪ ਕਾਇਮ ਕਰ ਲਏ ਹੋਏ ਹਨ ਜਿਨ੍ਹਾਂ ਦਾ ਸਤਿਕਾਰ ਨਾਲ ਕੋਈ ਸਬੰਧ ਨਹੀਂ ਹੈ। ਸਾਡੇ ਅਜਿਹੇ ਸਤਿਕਾਰ ਦੇ ਮਾਪਦੰਡ ਜੇਕਰ ਕੋਈ ਹੋਰ ਵਿਅਕਤੀ ਨਹੀਂ ਅਪਣਾਉਂਦਾ ਤਾਂ ਉਸ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਅਜਿਹਾ ਪ੍ਰਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਰਿਹਾ ਹੈ। ਕਈ ਵਾਰ ਤਾਂ ਅਜਿਹੇ ਕਥਿੱਤ ਸਤਿਕਾਰ ਨਾ ਕਰਨ ਵਾਲੇ ਨੂੰ ਬਹੁਤ ਬੁਰਾ -ਭਲਾ ਵੀ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਇਹੋ ਜੇਹੇ ਮਾਪਦੰਡਾਂ ਵਿਚੋਂ ਕੁੱਝ ਕੁ ਦੀ ਇੱਥੇ ਚਰਚਾ ਕਰ ਰਹੇ ਹਾਂ।

ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਕ ਥਾਂ ਤੋਂ ਦੂਜੇ ਥਾਂ ਲਿਜਾਣ ਸਮੇਂ ਤੁਪਕਾ ਤੁਪਕਾ ਪਾਣੀ ਦਾ ਤਰੋਂਕਦੇ ਜਾਣ ਸਬੰਧੀ: ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਸਮੇਂ, ਸਵਾਰੀ ਦੇ ਅੱਗੇ ਇੱਕ ਪ੍ਰਾਣੀ ਪਾਣੀ ਦਾ ਛਿੱਟਾ ਦੇਂਦਾ ਜਾਂਦਾ ਹੈ। ਇਸ ਕ੍ਰਿਆ ਨੂੰ ਸਤਿਗੁਰੂ ਜੀ ਦੇ ਸਤਿਕਾਰ ਦਾ ਚਿੰਨ੍ਹ ਮੰਨਿਆ ਹੋਇਆ ਹੈ। ਕਈ ਵਾਰੀ ਤਾਂ ਅਜਿਹਾ ਵੀ ਦੇਖਣ ਨੂੰ ਮਿਲਦਾ ਹੈ ਕਿ ਮੀਂਹ ਪੈ ਰਿਹਾ ਹੁੰਦਾ ਹੈ ਪਰ ਫਿਰ ਵੀ ਤੁਪਕਾ ਤੁਪਕਾ ਪਾਣੀ ਦਾ ਤਰੌਂਕਿਆ ਜਾ ਰਿਹਾ ਹੁੰਦਾ ਹੈ। ਪਿੱਛਲੇ ਕੁੱਝ ਸਮੇਂ ਤੋਂ ਕਈ ਥਾਂਈਂ ਨਗਰ ਕੀਰਤਨ ਸਮੇਂ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅੱਗੇ ਪਾਣੀ ਦਾ ਛਿੜਕਾਓ ਕਰਨ ਦਾ ਰਿਵਾਜ ਪ੍ਰਚਲਤ ਹੋ ਗਿਆ ਹੈ। ਜੇਕਰ ਰਸਤਾ ਕੱਚਾ ਹੋਣ ਕਾਰਨ ਮਿੱਟੀ ਘੱਟਾ ਉੱਡਣ ਦੀ ਸੰਭਾਵਨਾ ਹੈ ਤਾਂ ਯੋਗ ਹੈ, ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਜਾਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਪਾਣੀ ਦਾ ਛਿੜਕਾਓ ਕੀਤਾ ਜਾਵੇ ਤਾਂ ਕਿ ਲੰਘਣ ਲਗਿਆਂ ਮਿੱਟੀ ਘੱਟਾ ਨਾ ਉੱਡੇ। ਤੁਪਕਾ ਤੁਪਕਾ ਪਾਣੀ ਨਾਲ ਮਿੱਟੀ – ਘੱਟੇ ਨੂੰ ਉੱਡਣੋਂ ਨਹੀਂ ਰੋਕਿਆ ਜਾ ਸਕਦਾ। ਪਰੰਤੂ ਜਦ ਅਸੀਂ ਪੱਕੀ ਸੜਕ/ਰਸਤੇ `ਤੇ ਵੀ ਪਾਣੀ ਤਰੋਂਕਦੇ ਜਾਂਦੇ ਹਾਂ ਤਾਂ ਉਸ ਸਮੇਂ ਸਾਡਾ ਇਹ ਕਰਮ ਕਰਮਕਾਂਡ ਤੋਂ ਵੱਧ ਹੋਰ ਕੁੱਝ ਨਹੀਂ ਕਿਹਾ ਜਾ ਸਕਦਾ। ਹੈਰਾਨਗੀ ਇਸ ਗੱਲ ਦੀ ਹੈ ਕਿ ਕਈ ਗੁਰਦੁਆਰਿਆਂ ਵਿਖੇ ਉਚੇਚੇ ਤੌਰ `ਤੇ ਅਜਿਹਾ ਪ੍ਰਬੰਧ ਕੀਤਾ ਹੋਇਆ ਹੈ ਕਿ ਜਿਸ ਵੈਨ ਆਦਿ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਲਿਜਾਣਾ ਹੁੰਦਾ ਹੈ ਉਸ ਦੇ ਅੱਗੇ ਪੱਕੇ ਤੌਰ `ਤੇ ਕੁੱਪੀ ਆਦਿ ਬਨ੍ਹੀ ਹੋਈ ਹੈ, ਜਿਸ ਵਿਚੋਂ ਤੁਪਕਾ ਤੁਪਕਾ ਪਾਣੀ ਚੋਂਦਾ ਰਹਿੰਦਾ ਹੈ। ਕਈ ਥਾਂਈਂ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਕਾਰ ਆਦਿ ਵਿੱਚ ਲੈ ਕੇ ਜਾ ਰਿਹਾ ਹੁੰਦਾ ਹੈ ਤਾਂ ਇੱਕ ਸ਼ਰਧਾਲੂ ਮੋਟਰ ਸਾਈਕਲ `ਤੇ ਸਵਾਰ ਹੋ ਕੇ ਉਸ ਕਾਰ ਦੇ ਅੱਗੇ ਅੱਗੇ ਪਾਣੀ ਤ੍ਰੋਂਕਦਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਅੱਗੇ ਇਸ ਤਰ੍ਹਾਂ ਤੁਪਕਾ ਤੁਪਕਾ ਪਾਣੀ ਛਿੜਕਣ ਦੀ ਸਾਡੇ ਵਿੱਚ ਕੋਈ ਰਵਾਇਤ ਨਹੀਂ ਹੈ। (ਕਈ ਥਾਂਈਂ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਿਆਉਣ ਸਮੇਂ ਵੀ ਪਾਣੀ ਛਿੜਕਿਆ ਜਾਂਦਾ ਹੈ ਅਤੇ ਕੁੱਝ ਕੁ ਗੁਰਦੁਆਰਿਆਂ ਵਿਖੇ ਤਾਂ ਪੰਜ ਪਿਆਰਿਆਂ ਦੇ ਅੱਗੇ ਵੀ ਪਾਣੀ ਦਾ ਛਿੜਕਾਓ ਕੀਤਾ ਜਾਂਦਾ ਹੈ।) ਭਾਵੇਂ ਇਤਿਹਾਸ ਦੇ ਲਗਭਗ ਹਰੇਕ ਪੰਨੇ `ਤੇ ਹੀ ਗੁਰਮਤਿ ਦੇ ਵਿਰੁੱਧ ਕੁੱਝ ਨਾ ਕੁੱਝ ਲਿਖਿਆ ਜ਼ਰੂਰ ਮਿਲ ਜਾਂਦਾ ਹੈ ਪਰ ਇਸ ਬਾਰੇ ਪੁਰਾਤਨ ਲਿਖਤਾਂ ਵਿੱਚ ਵੀ ਕਿਧਰੇ ਵਰਣਨ ਨਹੀਂ ਮਿਲਦਾ। ਜੇਕਰ ਸਾਡਾ ਇਹੀ ਹਾਲ ਰਿਹਾ ਤਾਂ ਸ਼ਾਇਦ ਕੋਈ ਸੱਜਣ ਇਹ ਵੀ ਉੱਦਮ ਕਰ ਦੇਵੇ ਕਿ ਵਿਦੇਸ਼ਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਆਉਣ ਲਈ ਹਵਾਈ ਜਹਾਜ `ਤੇ ਵੀ ਕੋਈ ਅਜਿਹਾ ਪ੍ਰਬੰਧ ਕਰ ਲਵੇ ਕਿ ਜਹਾਜ ਦੇ ਅਗਲੇ ਹਿੱਸੇ ਵਿੱਚ ਕੋਈ ਅਜਿਹੀ ਚੀਜ਼ ਫਿਟ ਕਰ ਦੇਵੇ, ਜਿਸ ਵਿੱਚ ਪਾਣੀ ਦੀ ਇਨ੍ਹੀ ਕੁ ਮਾਤਰਾ ਮੌਜੂਦ ਹੋਵੇ ਕਿ ਉਸ ਵਿੱਚ ਆਪਣੇ ਆਪ ਹੀ ਤੁਪਕਾ ਤੁਪਕਾ ਪਾਣੀ ਦਾ ਛਿੜਕਾਓ ਹੁੰਦਾ ਰਹੇ।

ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਵਾਉਣ ਸਬੰਧੀ: ਕੜਾਹ ਪ੍ਰਸ਼ਾਦ ਬਾਰੇ ਕਈ ਪ੍ਰਾਣੀ ਇਹ ਸਮਝਦੇ ਹਨ ਕਿ ਅਰਦਾਸ ਰਾਂਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਦਾ ਭੋਗ ਲਵਾਇਆ ਜਾਂਦਾ ਹੈ। ਕਈ ਥਾਂਈ ਤਾਂ ਇਸ ਧਾਰਨਾ ਕਾਰਨ ਅਰਦਾਸ ਲਈ ਜੇਹੜੀ ਦੇਗ ਬਣਾਈ ਜਾਂਦੀ ਹੈ ਉਹ ਦੇਸੀ ਘਿਉ ਦੀ ਬਣਾਈ ਜਾਂਦੀ ਹੈ ਅਤੇ ਸੰਗਤਾਂ ਵਿੱਚ ਵਰਤਾਉਣ ਲਈ ਡਾਲਡੇ ਘਿਓ ਦੀ ਬਣਾ ਕੇ ਵਰਤਾਈ ਜਾਂਦੀ ਹੈ। ਕੜਾਹ ਪ੍ਰਸ਼ਾਦ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪ੍ਰਸ਼ਾਦੇ ਦਾ ਥਾਲ ਲਿਆ ਕੇ ਰੱਖਣ ਸਬੰਧੀ ਵੀ ਇਹੋ ਜੇਹੀ ਧਾਰਨਾ ਹੀ ਦੇਖਣ ਨੂੰ ਮਿਲਦੀ ਹੈ। (ਨੋਟ: ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੇਵਲ ਕੜਾਹ ਪ੍ਰਸ਼ਾਦ ਦੀ ਅਰਦਾਸ ਦੀ ਹੀ ਪਰੰਪਰਾ ਹੈ, ਪ੍ਰਸ਼ਾਦੇ ਦੀ ਨਹੀਂ।) ਅਰਦਾਸੀਏ ਵਲੋਂ ਵੀ ਅਰਦਾਸ ਵਿੱਚ ਇਹਨਾਂ ਸ਼ਬਦਾਂ ਦੀ ਵਰਤੋਂ ਨਾਲ ਕਿ ਆਪ ਜੀ ਨੂੰ ਭੋਗ ਲਗੇ, ਇਸ ਭਰਮ ਨੂੰ ਹੋਰ ਬਲ ਦੇਣ ਵਿੱਚ ਸਹਾਇਕ ਹੁੰਦੇ ਹਨ। ਕਈ ਪਰਵਾਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪਣੇ ਘਰ ਵਿਖੇ ਕੀਤਾ ਹੋਇਆ ਹੈ, ਉਹ ਜੇਕਰ ਪ੍ਰਸ਼ਾਦਾ ਬਾਹਰੋਂ ਛੱਕ ਕੇ ਆਉਣ ਤਾਂ ਫਿਰ ਘਰ ਆ ਕੇ ਸਤਿਗੁਰੂ ਜੀ ਲਈ ਉਚੇਚੇ ਤੌਰ `ਤੇ ਪ੍ਰਸ਼ਾਦਾ ਤਿਆਰ ਕਰਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਲਿਆ ਕੇ ਹਜ਼ੂਰ ਨੂੰ ਭੋਗ ਲਵਾਉਂਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਨੂੰ ਗਰਮੀ ਅਤੇ ਸਰਦੀ ਲੱਗਣ ਸਬੰਧੀ: ਗੁਰੂ ਗ੍ਰੰਥ ਸਾਹਿਬ ਜੀ ਨੂੰ ਗਰਮੀਆਂ ਦੀ ਰੁੱਤ ਵਿੱਚ ਪਤਲੇ ਅਥਵਾ ਠੰਡੇ ਅਤੇ ਗਰਮੀਆਂ ਵਿੱਚ ਗਰਮ ਰੁਮਾਲੇ ਇਸ ਧਾਰਨਾ ਨਾਲ ਚੜ੍ਹਾਏ ਜਾਂਦੇ ਹਨ ਕਿ ਗੁਰੂ ਸਾਹਿਬ ਨੂੰ ਵੀ ਗਰਮੀ ਜਾਂ ਸਰਦੀ ਲੱਗਦੀ ਹੈ। ਕਈ ਥਾਈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸੰਤੋਖਣ ਉਪਰੰਤ ਜਿਸ ਸਥਾਨ ਤੇ ਰੱਖਿਆ ਜਾਂਦਾ ਹੈ, ਉਸ ਕਮਰੇ ਆਦਿ ਵਿਖੇ ਹੀਟਰ ਆਦਿ ਦਾ ਪ੍ਰਬੰਧ ਇਸੇ ਹੀ ਸੋਚ ਕਾਰਨ ਕੀਤਾ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਗੁਰੁ ਗਿਆਨ ਦਾ ਖ਼ਜ਼ਾਨਾ ਹੈ, ਇਹ ਗਿਆਨ ਗਰਮੀ ਅਤੇ ਸਰਦੀ ਤੋਂ ਰਹਿਤ ਹੈ। ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲੇ ਵਿੱਚ ਲਪੇਟ ਕੇ ਰੱਖਣ ਦਾ ਮਨੋਰਥ ਸਤਿਕਾਰ ਅਤੇ ਸੰਭਾਲ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਤੇ ਸੰਤੋਖਨ ਸਬੰਧੀ: ਗੁਰੂ ਸਾਹਿਬ ਨੂੰ ਗਰਮੀ ਅਤੇ ਸਰਦੀ ਤੋਂ ਪ੍ਰਭਾਵਿਤ ਹੋਣ ਵਾਲਾ ਸਮਝਣ ਵਾਲੇ ਕਈ ਵੀਰ/ਭੈਣ ਗੁਰੂ ਗ੍ਰੰਥ ਸਾਹਿਬ ਦੇ ਸੰਤੋਖਨ ਸਬੰਧੀ ਇਹ ਧਾਰਨਾ ਰੱਖਦੇ ਹਨ ਕਿ ਗੁਰੂ ਸਾਹਿਬ ਨੂੰ ਆਰਾਮ ਦਿਵਾਉਣ ਲਈ ਸੁਖ – ਆਸਨ ਕੀਤਾ ਜਾਂਦਾ ਹੈ। ਅਜਿਹੀ ਸੋਚ ਕਾਰਨ ਹੀ ਕਈ ਪ੍ਰਾਣੀ ਸੁਖ – ਆਸਨ ਦੀ ਅਰਦਾਸ ਸਮੇਂ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਹਨ ਕਿ, “ਹੇ ਸੱਚੇ ਪਾਤਸ਼ਾਹ ਜੀਓ! ਆਪ ਜੀ ਦੇ ਸੁਖ – ਆਸਨ ਕੀਤੇ ਗਏ ਹਨ, ਆਪ ਹੁਣ ਵਿਸ਼ਰਾਮ ਕਰੋ, ਸੰਗਤਾਂ ਨੂੰ ਛੁੱਟੀਆਂ ਬਖ਼ਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦਿਦਾਰ ਬਖ਼ਸ਼ਸ਼ ਕਰਕੇ ਨਿਹਾਲ ਕਰਨਾ।” ਕਈ ਥਾਈਂ ਤਾਂ ਜਿਸ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਿਰਾਜਮਾਨ ਕੀਤਾ ਹੁੰਦਾ ਹੈ, ਉੱਥੇ ਦੀਵਾਨ ਦੀ ਸਮਾਪਤੀ ਉਪਰੰਤ ਆਉਣ ਵਾਲੀਆਂ ਸੰਗਤਾਂ ਨੂੰ ਕਮਰੇ ਦੇ ਬਾਹਰੋਂ ਹੀ ਇਹ ਕਹਿੰਦਿਆਂ ਹੋਇਆਂ ਮੱਥਾ ਟੇਕਣ ਲਈ ਆਖਦੇ ਹਨ ਕਿ ਗੁਰੂ ਮਹਾਰਾਜ ਹੁਣ ਆਰਾਮ ਕਰ ਰਹੇ ਹਨ। ਇਸ ਸੋਚ ਕਾਰਨ ਹੀ ਕਈ ਸੱਜਣ ਅਖੰਡ ਪਾਠ ਦੀ ਸਮਾਪਤੀ ਉਪਰੰਤ ਤੁਰੰਤ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ – ਆਸਨ ਕਰ ਦੇਂਦੇ ਹਨ। ਗੁਰੂ ਗ੍ਰੰਥ ਸਾਹਿਬ ਬਾਰੇ ਇਹੋ ਜੇਹੀ ਧਾਰਨਾ ਸਾਡੀ ਅਗਿਆਨਤਾ ਦਾ ਹੀ ਲਖਾਇਕ ਹੈ। ਗੁਰੂ ਗਿਆਨ ਮਨੁੱਖ ਵਾਂਗੂ ਸੌਣ ਅਤੇ ਜਾਗਣ ਤੋਂ ਉਪਰ ਹੈ, ਇਹ ਤਾਂ ਸਦਾ ਹੀ ਜਾਗਦੇ ਹਨ। ਸਿੱਖ ਰਹਿਤ ਮਰਯਾਦਾ ਵਿੱਚ ਸੁਖ – ਆਸਨ ਸਬੰਧੀ ਕੇਵਲ ਇਤਨਾ ਹੀ ਲਿਖਿਆ ਹੋਇਆ ਹੈ, “ਜਦ ਤਕ ਗਰੰਥੀ ਜਾਂ ਸੇਵਾਦਾਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਲਈ ਹਾਜ਼ਰ ਰਹਿ ਸਕੇ ਜਾਂ ਪਾਠੀਆਂ, ਦਰਸ਼ਨ ਕਰਨ ਵਾਲਿਆਂ ਦੀ ਆਵਾਜਾਈ ਰਹੇ ਜਾਂ ਬੇਅਦਬੀ ਦਾ ਖਤਰਾ ਨਾ ਹੋਵੇ ਤਦ ਤਕ ਪ੍ਰਕਾਸ਼ ਰਹੇ। ਉਪਰੰਤ ਸੁਖ- ਆਸਨ ਕਰ ਦੇਣਾ ਉਚਿਤ ਹੈ ਤਾਂ ਜੋ ਬੇਅਦਬੀ ਨਾ ਹੋਵੇ।” ਰਹਿਤ ਮਰਯਾਦਾ ਵਿੱਚ ਹੀ ਨਹੀਂ ਬਲਕਿ ਕਿਧਰੇ ਵੀ ਇਹ ਨਹੀਂ ਲਿਖਿਆ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਆਮ ਪ੍ਰਾਣੀ ਵਾਂਗ ਸੌਂਦੇ ਜਾਂ ਜਾਗਦੇ ਹਨ।

ਪਦ-ਛੇਦ ਅਤੇ ਲੜੀਵਾਰ ਬੀੜ ਸਬੰਧੀ: ਕਈ ਵੀਰ ਪਦਛੇਦ ਬੀੜ ਦਾ ਪ੍ਰਕਾਸ਼ ਹੋਇਆ ਹੋਵੇ ਤਾਂ ਮੱਥਾ ਨਹੀਂ ਟੇਕਦੇ। ਉਹਨਾਂ ਦਾ ਇਹ ਮੰਨਣਾ ਹੈ ਕਿ ਗੁਰੂ ਸਾਹਿਬ ਨੇ ਲੜੀਵਾਰ ਬੀੜ ਨੂੰ ਗੁਰਗੱਦੀ ਸੌਂਪੀ ਸੀ। ਇਸ ਲਈ ਉਹ ਪਦਛੇਦ ਬੀੜ ਨੂੰ ਗੁਰੂ ਮੰਨਣ ਤੋਂ ਇਨਕਾਰੀ ਹਨ। ਇਹੋ ਜੇਹੀ ਸੋਚ ਰੱਖਣ ਵਾਲੇ ਸੱਜਣ ਗੁਰਬਾਣੀ ਵਿਚਲੇ ਗਿਆਨ ਨੂੰ ਗੁਰੂ ਸਵੀਕਾਰ ਕਰਨ ਦੀ ਬਜਾਏ, ਲੜੀਵਾਰ ਬੀੜ ਵਿਚਲੇ ਗਿਆਨ ਨੂੰ ਹੀ ਗੁਰੂ ਮੰਨਦੇ ਹਨ। ਇਸ ਤਰ੍ਹਾਂ ਇਹ ਵੀਰ/ਭੈਣ ਗੁਰੂ ਗਿਆਨ ਦੇ ਪੁਜਾਰੀ ਹਨ ਜਾਂ ਅੱਖਰਾਂ ਦੇ, ਇਸ ਦਾ ਉੱਤਰ ਤਾਂ ਅਜਿਹੇ ਸੱਜਣ ਹੀ ਦੇ ਸਕਦੇ ਹਨ। (ਨੋਟ: ਅਜਿਹੀ ਸੋਚ ਰੱਖਣ ਵਾਲੇ ਸੱਜਣਾਂ ਨੇ ਪਦ - ਛੇਦ ਬੀੜ ਬਾਰੇ ਕਈ ਸਵਾਲ ਉਠਾਏ ਹਨ, ਅਸੀਂ ਉਹਨਾਂ ਬਾਰੇ ਵੱਖਰੇ ਤੌਰ `ਤੇ ਵਿਚਾਰ ਕਰਾਂਗੇ। ਇੱਥੇ ਕੇਵਲ ਇਸ਼ਾਰੇ ਮਾਤਰ ਹੀ ਇਸ ਦਾ ਜ਼ਿਕਰ ਕੀਤਾ ਗਿਆ ਹੈ।)

ਗੁਰੂ ਗ੍ਰੰਥ ਸਾਹਿਬ ਦਾ ਸਰੂਪ ਘਰ ਆਦਿ ਲੈਕੇ ਜਾਣ ਸਮੇਂ ਨੰਗੇ ਪੈਰੀਂ ਚਲਣ ਸਬੰਧੀ:

ਨੰਗੇ ਪੈਰੀਂ ਚਲਣ ਦੀ ਮਹੱਤਾ ਨੂੰ ਗੁਰਮਤਿ ਵਿੱਚ ਪ੍ਰਵਾਣ ਨਹੀਂ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇਸ ਕਰਮ ਨੂੰ ਅਗਿਆਨਮਈ ਕਰਮ ਹੀ ਆਖਿਆ ਗਿਆ ਹੈ। ਇਤਿਹਾਸ ਵਿੱਚ ਵੀ ਇਹੋ ਜੇਹੀ ਕੋਈ ਲਿਖਤ ਨਹੀਂ ਮਿਲਦੀ ਜਿਸ ਵਿੱਚ ਇਹ ਲਿਖਿਆ ਹੋਵੇ ਕਿ ਗੁਰੂ ਮਹਾਰਾਜ ਨਾਲ ਤੁਰਨ ਵਾਲੇ ਗੁਰਸਿੱਖ ਸਤਿਗੁਰੂ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਨੰਗੇ ਪੈਂਰੀ ਚਲਿਆ ਕਰਦੇ ਸਨ। ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧ ਵਿੱਚ ਇਤਨਾ ਹੀ ਲਿਖਿਆ ਹੋਇਆ ਹੈ, “ਜਿਸ ਨੇ ਸਿਰ ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਚੁੱਕਿਆ ਹੋਵੇ, ਉਹ ਨੰਗੇ ਪੈਰੀਂ ਚਲੇ, ਪਰ ਜੇਕਰ ਕਿਸੇ ਮੌਕੇ ਜੋੜੇ ਪਾਣ ਦੀ ਅਤੀ ਲੋੜ ਪੈ ਜਾਵੇ, ਤਾਂ ਭਰਮ ਨਹੀਂ ਕਰਨਾ।” ਅਤਿ ਦੀ ਗਰਮੀ ਜਾਂ ਸਰਦੀ ਵਿੱਚ ਮਨ ਹਠ ਨਾਲ ਨੰਗੇ ਪੈਂਰੀ ਤੁਰਨਾ ਆਪਣੀ ਮੱਤ ਤਾਂ ਕਹੀ ਜਾ ਸਕਦੀ ਹੈ ਪਰੰਤੂ ਗੁਰਮਤਿ ਨਹੀਂ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਘਰ ਆਦਿ ਲੈ ਕੇ ਜਾਣ ਸਮੇਂ ਜੇਕਰ ਕਿਸੇ ਜੁੱਤੀ ਪਾਈ ਹੋਈ ਹੈ ਤਾਂ ਉਹ ਵਿਅਕਤੀ ਸਤਿਗੁਰੂ ਜੀ ਦੀ ਬੇਅਦਬੀ ਨਹੀਂ ਕਰ ਰਿਹਾ।

ਜੁਰਾਬਾਂ ਪਾ ਕੇ ਤਾਬਿਆ ਵਿੱਚ ਬੈਠਣ ਸਬੰਧੀ: ਕਈ ਜੁਰਾਬਾਂ ਪਾਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ `ਚ ਬੈਠਣ ਨੂੰ ਬੇਅਦਬੀ ਸਮਝਦੇ ਹਨ। ਇਸ ਦਾ ਕਾਰਨ ਜੁਰਾਬਾਂ ਪਾ ਕੇ ਜੁੱਤੀ ਪਹਿਣਨ ਕਾਰਨ ਜੁੱਤੀ ਦੀ ਭਿੱਟ ਹੀ ਮੰਨਿਆ ਜਾਂਦਾ ਹੈ। ਪਰੰਤੂ ਸਿੱਖੀ ਵਿੱਚ ਜੁੱਤੀ ਦੀ ਭਿੱਟ ਨੂੰ ਇਸ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਗਿਆ। ਹਾਂ, ਜੇ ਕਰ ਜੁਰਾਬਾਂ ਮੈਲੀਆਂ ਜਾਂ ਮੁੜ੍ਹਕਾ ਆਦਿ ਆਉਣ ਕਾਰਣ ਗਿੱਲੀਆ ਹੋਣ ਤਾਂ ਜੁਰਾਬਾਂ ਲਾਹ ਲੈਣੀਆਂ ਚਾਹੀਦੀਆਂ ਹਨ। ਪਰ ਜੇਕਰ ਜੁਰਾਬਾਂ ਸਾਫ਼ ਸੁਥਰੀਆਂ ਪਹਿਨੀਆਂ ਹੋਈਆਂ ਹਨ ਤਾਂ ਉਹਨਾਂ ਨੂੰ ਉਤਾਰਨ ਦੀ ਜ਼ਰੂਰਤ ਨਹੀਂ ਹੈ। ਭਾਵ ਤਾਂ ਇਤਨਾ ਹੀ ਸੀ ਕਿ ਗੰਦੇ ਜਾਂ ਮਿੱਟੀ ਘੱਟੇ ਨਾਲ ਲਿਬੜੇ ਪੈਰ ਧੋ ਕੇ ਅਰਥਾਤ ਸਾਫ ਕਰਕੇ ਮਹਾਰਾਜ ਦੀ ਹਜ਼ੂਰੀ `ਚ ਬੈਠਿਆ ਜਾਵੇ। ਸੋ, ਕਾਰਨ ਸਫਾਈ ਹੀ ਸੀ, ਕਿਸੇ ਤਰ੍ਹਾਂ ਦਾ ਵਹਿਮ ਭਰਮ ਨਹੀਂ ਸੀ; ਪਰੰਤੂ ਸਹਿਜੇ ਸਹਿਜੇ ਇਸ ਨੂੰ ਵਹਿਮ ਭਰਮ ਦੇ ਰੂਪ ਵਿੱਚ ਬਦਲ ਦਿੱਤਾ ਗਿਆ।

ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਚੌਂਕੀ ਆਦਿ `ਤੇ ਬੈਠਣ ਸਬੰਧੀ: ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਈ ਪ੍ਰਾਣੀ ਸਰੀਰਕ ਕਮਜ਼ੋਰੀ ਆਦਿ ਕਾਰਨ ਸਟੂਲ, ਬੈਂਚ ਆਦਿ ਦੀ ਵਰਤੋਂ ਕਰ ਲੈਂਦੇ ਹਨ। ਕਈ ਸੱਜਣ ਮਜਬੂਰੀ ਵਿੱਚ ਇਹਨਾਂ ਦੀ ਵਰਤੋਂ ਕਰ ਕੇ ਸੰਗਤ ਵਿੱਚ ਬੈਠੇ ਵਿਅਕਤੀਆਂ ਨੂੰ ਦੇਖ ਕੇ ਇਹ ਮਹਿਸੂਸ ਕਰਦੇ ਹਨ ਕਿ ਅਜਿਹੇ ਪ੍ਰਾਣੀ ਗੁਰੂ ਮਹਾਰਾਜ ਦੀ ਬੇਅਦਬੀ ਕਰ ਰਹੇ ਹਨ। ਅਜਿਹੇ ਵੀਰ/ਭੈਣ ਇਹ ਸਮਝਦੇ ਹਨ ਕਿ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਕਿਸੇ ਨੂੰ ਇਸ ਤਰ੍ਹਾਂ ਨਹੀਂ ਬੈਠਣਾਂ ਚਾਹੀਦਾ। ਕਈ ਸੱਜਣ ਸਿੱਖ ਰਹਿਤ ਮਰਯਾਦਾ ਦੇ ਇਹਨਾਂ ਸ਼ਬਦਾਂ, “ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿੱਚ ਗਦੇਲਾ, ਆਸਣ, ਕੁਰਸੀ, ਚੌਂਕੀ, ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਕਰੇ ਨਾਲ ਬੈਠਣਾ ਮਨਮੱਤ ਹੈ।” ਦੀ ਰੌਸ਼ਨੀ ਵਿੱਚ ਚੌਂਕੀ ਆਦਿ `ਤੇ ਬੈਠਣ ਵਾਲਿਆਂ ਦਾ ਵਿਰੋਧ ਕਰਦੇ ਹਨ। ਪਰ ਰਹਿਤ ਮਰਯਾਦਾ ਦੇ ਇਹਨਾਂ ਸ਼ਬਦਾਂ ਦਾ ਇਹ ਭਾਵ ਤਾਂ ਕਿਸੇ ਵਿਅਕਤੀ ਦਾ ਆਪਣੇ ਆਪ ਨੂੰ ਸੰਗਤ ਨਾਲੋਂ ਉੱਚਾ/ਸ੍ਰੇਸ਼ਟ ਸਮਝ ਕੇ ਇਸ ਤਰ੍ਹਾਂ ਨਾਲ ਬੈਠਣ ਜਾਂ ਬੈਠਾਉਣ ਦੇ ਸਬੰਧ ਵਿੱਚ ਹੈ। ਮਜਬੂਰੀ `ਚ ਚੌਂਕੀ, ਸਟੂਲ ਆਦਿ ਵਰਤੋਂ ਕਰਦੇ ਹਨ ਨਾ ਕਿ ਆਪਣੇ ਆਪ ਨੂੰ ਸੰਗਤ ਨਾਲੋਂ ਸ੍ਰੇਸ਼ਟ ਦਰਸਾਉਣ ਲਈ, ਇਸ ਤਰ੍ਹਾਂ ਬੈਠਣਾ ਤਾਂ ਉਹਨਾਂ ਦੀ ਮਹਿਜ਼ ਮਜਬੂਰੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਮੰਜੀ ਜਾਂ ਪਾਲਕੀ ਦੇ ਪਾਵਿਆਂ ਨੂੰ ਘੁੱਟਣ ਸਬੰਧੀ:

ਕਈ ਪ੍ਰਾਣੀ ਪਾਲਕੀ ਜਾਂ ਮੰਜੀ ਦੇ ਪਾਵਿਆਂ ਨੂੰ ਇਹ ਸਮਝ ਕੇ ਘੁੱਟਦੇ ਹਨ ਕਿ ਇਹ ਗੁਰੂ ਸਾਹਿਬ ਜੀ ਦੇ ਚਰਨ ਹਨ। ਪਰ ਗੁਰੂ ਸਾਹਿਬ ਜੀ ਦੇ ਚਰਨ ਤਾਂ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਹੈ ਨਾ ਕਿ ਪਾਲਕੀ ਜਾਂ ਮੰਜੀ ਦੇ ਪਾਵੇ। ਗੁਰ ਸ਼ਬਦ ਨੂੰ ਪੜ੍ਹ ਵਿਚਾਰ ਕੇ ਹਿਰਦੇ ਵਿੱਚ ਵਸਾਉਣਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨੂੰ ਪਕੜਨਾ ਹੈ। (ਨੋਟ: ਅਸੀਂ ਇੱਥੇ ਕੇਵਲ ਸੰਕੇਤ ਮਾਤਰ ਹੀ ਗੁਰੂ ਦੇ ਚਰਨਾਂ ਦਾ ਜ਼ਿਕਰ ਕਰ ਰਹੇ ਹਾਂ। ਇਸ ਲਈ ਵਿਸਥਾਰ ਸਹਿਤ ਇਸ ਸਬੰਧੀ ਕੁੱਝ ਹੋਰ ਨਹੀਂ ਲਿਖ ਰਹੇ।)

ਇਸ ਵਿੱਚ ਕੋਈ ਸੰਦੇਹ ਨਹੀਂ ਕਿ ਸੰਗਤਾਂ ਅਜਿਹਾ ਆਪਣੇ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਹੀ ਕਰਦੀਆਂ ਹਨ। ਚੂੰਕਿ ਆਮ ਸੰਗਤਾਂ ਨੂੰ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਨਾ ਹੋਣ ਕਾਰਨ, ਉਹਨਾਂ ਨੂੰ ਜੋ ਕੁੱਝ ਕਿਸੇ ਨੇ ਦੱਸਿਆ, ਉਸ ਨੂੰ ਉਹਨਾਂ ਨੇ ਸੱਚ ਕਰਕੇ ਮੰਨ ਲਿਆ ਹੋਇਆ ਹੈ। ਭਾਵੇਂ ਇਹ ਹਰੇਕ ਸਿੱਖ ਦੀ ਜ਼ੁੰਮੇਵਾਰੀ ਹੈ ਕਿ ਉਹ ਗੁਰਮਤਿ ਦੀ ਰਹੁਰੀਤ ਨੂੰ ਸਮਝਣ ਦਾ ਖ਼ੁਦ ਯਤਨ ਕਰੇ ਪਰ ਜ਼ੁੰਮੇਵਾਰ ਸੱਜਣਾਂ ਦੀ ਵਧੇਰੇ ਜ਼ੁੰਮੇਵਾਰੀ ਬਣਦੀ ਹੈ ਕਿ ਉਹ ਸੰਗਤਾਂ ਨੂੰ ਗੁਰਮਤਿ ਦੇ ਸਿਧਾਂਤਾਂ ਤੋਂ ਜਾਣੂੰ ਕਰਾਉਣ। ਚੂੰਕਿ ਆਮ ਸੰਗਤਾਂ ਨੂੰ ਜਦ ਕਦੀ ਕੋਈ ਜ਼ੁੰਮੇਵਾਰ ਪ੍ਰਾਣੀ ਇਹ ਕਹਿੰਦਾ ਹੈ ਕਿ ਗੁਰੂ ਸਾਹਿਬ ਦੇ ਸਤਿਕਾਰ ਵਿੱਚ ਅਜਿਹਾ ਕਰਨਾ ਜ਼ਰੂਰੀ ਹੈ ਤਾਂ ਸੰਗਤਾਂ ਸ਼ਰਧਾ ਭਾਵ ਨਾਲ ਅਜਿਹਾ ਕਰਮ ਕਰਨ ਵਿੱਚ ਸਤਿਗੁਰੂ ਜੀ ਦੀ ਪ੍ਰਸੰਨਤਾ ਹਾਸਲ ਕਰਨ ਲਈ ਇਸ ਕਰਮ ਤੋਂ ਵਾਂਝੀਆਂ ਕਿਵੇਂ ਰਹਿ ਸਕਦੀਆਂ ਹਨ? ਇਸ ਤਰ੍ਹਾਂ ਅਸੀਂ ਜਾਣੇ – ਅਣਜਾਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਇਸ ਰੂਪ ਨੂੰ ਕਰਮਕਾਂਡ `ਚ ਬਦਲ ਕੇ ਰੱਖ ਦਿੱਤਾ ਹੈ, ਸਾਨੂੰ ਇਸ ਤੋਂ ਉਪਰ ਉੱਠਣ ਦੀ ਲੋੜ ਹੈ।

ਜਸਬੀਰ ਸਿੰਘ ਵੈਨਕੂਵਰ




.