.

ਸੁੰਦਰ ਮੁਖ ਅਨੂਪ
ਗਿਆਨੀ ਸੰਤੋਖ ਸਿੰਘ

ਇਕ ਮਹੀਨਾ ਘੱਟ ਪੂਰੇ ਵੀਹ ਸਾਲਾਂ ਪਿਛੋਂ ਮੁਲਕ ਮਲਾਵੀ ਵਿੱਚ ਮੈ ਪੁਰਾਣੇ ਸੱਜਣਾਂ ਦੇ ਦਰਸ਼ਨਾਂ ਦੀ ਸਿੱਕ ਦਾ ਖਿੱਚਿਆ ਹੋਇਆ ਗਿਆ ਤੇ ਸੱਤ ਅਫ਼੍ਰੀਕਨ ਮੁਲਕਾਂ ਦੀ ਯਾਤਰਾ ਕਰ ਆਇਆ। ਇਸ ਯਾਤਰਾ ਦੇ ਅੰਤਮ ਤੋਂ ਪਹਿਲੇ ਪੜਾ ਸਮੇ ਮੈ ਮਲਾਵੀ ਦੇ ਸ਼ਹਿਰ ਲਿੰਬੀ ਵਿਖੇ, ਗਿਆਨੀ ਹਰਜਿੰਦਰ ਸਿੰਘ ਜੀ ਹੰਬੜਾਂ ਵਾਲ਼ਿਆਂ ਪਾਸ ਠਹਿਰਿਆ ਹੋਇਆ ਸਾਂ। ਮਹੀਨਾ ਫ਼ਰਵਰੀ ਦਾ ਸੀ। ਲਿੰਬੀ ਦੇ ਨਾਲ਼ ਲਗਵੇਂ ਵੱਡੇ ਸ਼ਹਿਰ ਬਲੈਂਟਾਇਰ ਤੋਂ ਬੱਸ ਦੀ ਟਿਕਟ ਇੱਕ ਦਿਨ ਪਹਿਲਾਂ ਲੈ ਆਇਆ। ਉਹਨਾਂ ਦੱਸਿਆ ਕਿ ਸਵੇਰੇ ਛੇ ਵਜੇ ਬੱਸ ਜ਼ਿੰਬਾਂਬਵੇ ਦੀ ਰਾਜਧਾਨੀ ਹਰਾਰੇ ਨੂੰ ਚੱਲੇਗੀ। ਗਿਆਨੀ ਜੀ ਨਾਲ਼, ਸ. ਗੁਰਜੀਤ ਸਿੰਘ ਦੀ ਕਾਰ ਤੇ ਤਕਬੀਨ ਪੰਜ ਵਜੇ ਹੀ ਮੈ ਬੱਸ ਅੱਡੇ ਤੇ ਪਹੁੰਚ ਗਿਆ ਪਰ ਬੱਸ ਤਾਂ ਤੁਰਨ ਦਾ ਨਾਂ ਹੀ ਨਾ ਲਵੇ! ਦੁਪਹਿਰ ਹੋ ਗਈ ਪਰ ਬੱਸ ਦਾ ਰੁਖ਼ ਕੁੱਝ ਇਹੋ ਜਿਹਾ ਹੀ ਜਾਪੇ ਜਿਵੇਂ ਆਖ ਰਹੀ ਹੋਵੇ:
ਅਸਾਂ ਆਪਣੀ ਮਟਕ ਨਾਲ਼ ਤੁਰਨਾ
ਕਾਹਲ਼ਾ ਏਂ ਤਾਂ ਜਹਾਜ ਚੜ੍ਹ ਜਾਹ।
ਆਖਰ ਰੱਬ ਰੱਬ ਕਰਕੇ, ਮਜਾਜਾਂ ਭਰੀ ਬੱਸ ਆਪਣੀ ਮਟਕ ਨਾਲ਼ ਹੀ ਤੁਰੀ। ਊਭੜ ਖਾਭੜ, ਕਿਤੇ ਕੱਚੇ ਤੇ ਕਿਤੇ ਪੱਕੇ, ਵਲਿਅਸ ਖਾਂਦੇ ਰਾਹਾਂ ਉਪਰ, ਆਪਣੀ ਮਸਤ ਚਾਲੇ ਚੱਲਦੀ, ਹਲੋਰੇ ਖਾਂਦੀ, ਆਲੇ ਦੁਆਲੇ ਕਿਤੇ ਛੋਟੀਆਂ ਪਹਾੜੀਆਂ, ਕਿਤੇ ਝਾੜੀਆਂ ਵਿਚਦੀ ਸੜਕ ਉਪਰ ਗੁਜਰਦੀ, ਜ਼ਿੰਬਾਂਬਵੇ ਦੀ ਰਾਜਧਾਨੀ ਹਰਾਰੇ ਵੱਲ ਨੂੰ ਚੱਲ ਹੀ ਪਈ। ਇਸ ਸੁਹਾਵਣੀ ਦ੍ਰਿਸ਼ਾਵਲੀ ਵਿੱਚ ਇੱਕ ਨਾ ਵੇਖਣ ਯੋਗ ਦ੍ਰਿਸ਼ ਵੀ ਨਜਰੀਂ ਪੈ ਗਿਆ। ਅਜੇ ਮਲਾਵੀ ਮੁਲਕ ਦੀ ਹੱਦ ਅੰਦਰ ਹੀ ਜਾ ਰਹੇ ਸਾਂ ਤਾਂ ਕਿ ਇੱਕ ਨਿਕੇ ਜਿਹੇ ਪਿੰਡ ਦੇ ਬਾਹਰ ਵਾਰ, ਬੱਚਿਆਂ ਤੇ ਜਨਾਨੀਆਂ ਸਮੇਤ, ਕੁੱਝ ਲੋਕ ਇਕੱਠੇ ਹੋਏ ਹੋਏ ਸਨ। ਗਹੁ ਨਾਲ਼ ਵੇਖਣ ਤੇ ਹੋਰ ਪਤਾ ਲੱਗਾ ਕਿ ਕੁੱਝ ਤਕੜੀ ਦਿਖ ਵਾਲ਼ੇ ਬੰਦੇ ਇੱਕ ਗਾਂ ਨੂੰ ਦਰੱਖ਼ਤ ਨਾਲ਼ ਨੂੜ ਰਹੇ ਸਨ। ਉਸਦੇ ਗੱਲ ਵਾਲਾ ਰੱਸਾ ਦਰੱਖ਼ਤ ਦੇ ਦਵਾਲ਼ੇ ਵੱਲ਼ ਕੇ ਉਸਨੂੰ ਖਿੱਚ ਕੇ ਦਰੱਖ਼ਤ ਦੇ ਨੇੜੇ ਲਿਆ ਰਹੇ ਸਨ। ਇੱਕ ਬੰਦੇ ਦੇ ਹੱਥ ਵਿੱਚ ਕੋਈ ਤਿਖਾ ਜਿਹਾ ਸੂਆ ਤੇ ਦੂਜੇ ਹੱਥ ਵਿੱਚ ਵੱਡਾ ਸਾਰਾ ਹਥੌੜਾ ਫੜਿਆ ਹੋਇਆ ਸੀ ਤੇ ਉਹ ਗਾਂ ਵੱਲ ਵਧ ਰਿਹਾ ਸੀ। ਮੈਨੂੰ ਤਾਂ ਇਹ ਦ੍ਰਿਸ਼ ਵੇਖ ਕੇ ਇਉਂ ਹੀ ਭਾਸਿਆ ਕਿ ਜਿਵੇਂ ਉਹ ਗਾਂ ਦੇ ਸਿਰ ਵਿੱਚ ਸੂਆ ਠੋਕ ਕੇ ਉਸਨੂੰ ਮਾਰਨ ਦੀ ਤਿਆਰੀ ਕਰ ਰਹੇ ਹੋਣ। ਇਹ ਕੁੱਝ ਮੈ ਵੇਖ ਨਾ ਸਕਿਆ ਤੇ ਅੱਖਾਂ ਦੂਜੇ ਪਾਸੇ ਘੁਮਾ ਲਈਆਂ। ਸ਼ੁਕਰ ਹੈ ਰੱਬ ਦਾ ਕਿ ਬੱਸ ਓਥੇ ਰੁਕੀ ਨਾ ਤੇ ਆਪਣੀ ਸਾਧਾਰਣ ਚਾਲੇ ਚੱਲਦੀ, ਸਿਧੀ ਅੱਗੇ ਨੂੰ ਲੰਘ ਗਈ। ਹਰਾਰੇ ਅੱਪੜਨ ਤੋਂ ਪਹਿਲਾਂ ਉਸਨੇ ਮੁਜ਼ੰਬਿਕ ਮੁਲਕ ਦੇ ਸ਼ਹਿਰ ਟੇਟ ਵਿਚੋਂ ਦੀ ਗੁਜਰਨਾ ਸੀ। ਜਦੋਂ ਮਲਾਵੀ ਦੀ ਹੱਦ ਤੋਂ ਮੋਜ਼ੰਬਿਕ ਦੇਸ਼ ਵਿੱਚ ਦਾਖਲ ਹੋਣ ਲੱਗੇ ਤਾਂ ਬੱਸ ਰੁਕਵਾ ਕੇ ਕੰਡਕਟਰ ਨੇ ਸਾਰੇ ਸਵਾਰਾਂ ਪਾਸੋਂ ਪੈਸੇ ਉਗ੍ਰਾਹੁਣੇ ਸ਼ੁਰੂ ਕਰ ਦਿਤੇ ਤਾਂ ਕਿ ਇਮੀਗ੍ਰੇਸ਼ਨ ਅਫ਼ਸਰ ਨੂੰ ਰਿਸ਼ਵਤ ਵਜੋਂ ਦਿਤੇ ਜਾ ਸਕਣ। ਪਤਾ ਨਹੀ ਉਸਨੂੰ ਕਿਉਂ ਅਜਿਹਾ ਕਰਨ ਦੀ ਲੋੜ ਸੀ! ਹੋ ਸਕਦਾ ਹੈ ਕਿ ਅਫ਼੍ਰੀਕਨ ਸਵਾਰੀਆਂ ਵਿਚੋਂ ਕਿਸੇ ਦੇ ਕਾਗਜ਼ਾਂ ਵਿੱਚ ਕੋਈ ਊਣਤਾਈ ਹੋਵੇ ਤੇ ਅਜਿਹੀ ਪ੍ਰੈਕਟਿਸ ਓਥੇ ਆਮ ਵਰਤਾਰੇ ਵਾਂਗ ਹੀ ਹੋਵੇ! ਮੈ ਤਾਂ ਫ਼ੀਸ ਭਰ ਕੇ, ਜ਼ੈਂਬੀਆ ਦੀ ਰਾਜਧਾਨੀ ਲੁਸਾਕਾ ਵਿੱਚ ਮੌਜੂਦ ਮੁਜ਼ੰਬਿਕ ਦੀ ਐਂਬੈਸੀ ਤੋਂ ਦੋ ਇੰਟਰੀਆਂ ਦਾ ਵੀਜ਼ਾ ਵੀ ਲਿਆ ਹੋਇਆ ਸੀ ਤੇ ਬੱਸ ਦੀ ਟਿਕਟ ਵੀ ਖ਼ਰੀਦੀ ਹੋਈ ਸੀ। ਪਰ ਸਾਰੇ ਸਵਾਰ ਜਦੋਂ ਬਿਨਾ ਚੂੰ ਚਰਾਂ ਕੀਤੇ ਦੇ ਪੈਸੇ ਦਈ ਜਾ ਰਹੇ ਸਨ ਤਾਂ ਮੈ ਕਿਉਂ ਵਿਆਹ ਵਿੱਚ ਬੀ ਦਾ ਲੇਖਾ ਪਾਉਂਦਾ! ਇਹੋ ਜਿਹੇ ਮੁਲਕਾਂ ਵਿੱਚ ਫ਼ਿਰਨ ਸਮੇ ਤਾਂ ਮੈ ਖੁਲ੍ਹੀਆਂ ਜੇਬਾਂ ਵਿੱਚ ਖੁਲ੍ਹੀ ਲੋਕਲ ਕਰੰਸੀ ਰੱਖਦਾ ਹਾਂ ਤਾਂ ਕਿ ਕਿਸੇ ਕਿਸਮ ਦੀ ਕਿਤੇ ਦਿੱਕਤ ਨਾ ਆਵੇ। ਜਦੋਂ ਸਾਡੀ ਬੱਸ, ਮੁਜ਼ੰਬਿਕ ਮੁਲਕ ਦੇ ਟੇਟ ਸ਼ਹਿਰ ਵਿੱਚ ਪਹੁੰਚੀ ਤਾਂ ਮੈਨੂੰ ਵੀਹ ਸਾਲ ਪਹਿਲਾਂ ਉਸ ਸ਼ਹਿਰ ਵਿੱਚ ਰਹਿਣ ਵਾਲ਼ੇ ਇੱਕ ਅਤੀ ਸੁੰਦਰ ਦਿੱਖ ਦੇ ਮਾਲਕ, ਬਜ਼ੁਰਗ ਸਿੱਖ ਦੀ ਯਾਦ ਆ ਗਈ ਤੇ ਇਹ ਵੀ ਵਿਚਾਰ ਆਈ ਕਿ ਪਤਾ ਨਹੀ ਅਫ਼੍ਰੀਕਨ ਬੀਬੀਆਂ ਵਿਚੋਂ ਉਸਦੇ ਕਿੰਨੇ ਬੱਚੇ ਇਸ ਸ਼ਹਿਰ ਵਿੱਚ ਤੇ ਇਸਦੇ ਆਸ ਪਾਸ, ਗਰੀਬੀ ਦੀ ਹਾਲਤ ਵਿਚ, ਰਹਿ ਰਹੇ ਹੋਣਗੇ!
ਸੁੰਦਰ ਚੇਹਰਾ ਹਰੇਕ ਦੇ ਮਨ ਨੂੰ ਲੁਭਾਉਂਦਾ ਹੈ। ਗੁਰਬਾਣੀ ਵਿੱਚ ਵੀ ਰੱਬ ਦੀ ਭਾਲ਼ ਦੀ ਚਾਹਨਾ ਕਰਦਿਆਂ ਹੋਇਆਂ ਉਸਨੂੰ ਇਉਂ ਸੁੰਦਰ ਆਖਿਆ ਗਿਆ ਹੈ:
ਮੇਰੋ ਸੁੰਦਰੁ ਕਹਹੁ ਮਿਲੈ ਕਿਤ ਗਲੀ।
ਸੁੰਦਰ ਮੁਖੜਾ ਵੇਖ ਕੇ ਹਰ ਕੋਈ ਉਸ ਵੱਲ ਖਿੱਚਿਆ ਜਾਂਦਾ ਹੈ ਤੇ ਰੱਬ ਦੇ ਪਿਆਰੇ ਰੱਬ ਦੀ ਅਜਿਹੀ ਸੁੰਦਰ ਵਸਤੂ ਨੂੰ ਵੇਖ ਕੇ, ਵਿਸਮਾਦ ਵਿੱਚ ਆ ਕੇ, “ਸੁਭਾਨ ਤੇਰੀ ਕੁਦਰਤ!” ਕਹਿ ਉਠਦੇ ਹਨ। ਉਸ ਨਿਰੰਕਾਰ ਨੂੰ ਵੀ ਗੁਰਬਾਣੀ ਵਿਚ:
ਸੋਹਣੇ ਨਕ ਜਿਨ ਲੰਮੜੇ ਵਾਲਾ॥
ਕੰਚਨ ਕਾਇਆ ਸੋਇਨੇ ਕੀ ਢਾਲਾ॥
ਆਖ ਕੇ, ਉਸਦੀ ਸੁੰਦਰਤਾ ਤੋਂ ਕੁਰਬਾਨ ਜਾਣ ਵਾਲ਼ੀ ਅਵਸਥਾ ਵੱਲ ਇਸ਼ਾਰਾ ਕੀਤਾ ਗਿਆ ਹੈ।
ਮੈਨੂੰ ਵੀ ਗੁਰਬਾਣੀ ਵਿਆਕਰਣ ਦੇ ਰਚੇਤਾ, ਪ੍ਰਿੰਸੀਪਲ ਸਾਹਿਬ ਸਿੰਘ ਜੀ ਵਾਂਗ, ਬਚਪਨ ਤੋਂ ਹੀ ਕਿਸੇ ਸ਼ਸਤਰਧਾਰੀ ਗੁਰਸਿੱਖ ਦੇ ਪ੍ਰਭਾਵਸ਼ਾਲੀ ਨੈਨ ਨਕਸ਼, ਸੁੰਦਰ ਭਰਵਾਂ ਦਾਹੜਾ ਤੇ ਅਜਿਹੇ ਚੇਹਰੇ ਦੇ ਨਾਲ਼ ਬਰਾਬਰ ਢੁਕਵੀਂ ਦਸਤਾਰ ਵਾਲ਼ੀ ਸ਼ਖ਼ਸੀਅਤ ਪ੍ਰਭਾਵਤ ਕਰਦੀ ਆ ਰਹੀ ਹੈ। ਏਸੇ ਤਰ੍ਹਾਂ ਹੀ ਗੁਰਸਿੱਖ ਬੀਬੀ, ਆਪਣੀ ਸੁਘੜ ਸ਼ਖ਼ਸੀਅਤ ਨਾਲ਼ ਢੁਕਵੇਂ ਤੇ ਸਾਦੇ ਪੰਜਾਬੀ ਪਹਿਰਾਵੇ ਵਿਚ, ਫੱਬਵੀਂ ਦਿੱਖ ਵਿੱਚ ਸਜਿਤ ਤੇ ਸੁੰਦਰ ਲੱਗਦੀ ਹੈ। ਕੇਸਾਂ ਦੀ ਸੰਭਾਲ਼ ਵਾਸਤੇ ਜੇਕਰ ਸਿਰ ਉਪਰ ਕੇਸਕੀ ਸਜਾਈ ਹੋਵੇ ਤਾਂ ਕਹਿਣੇ ਹੀ ਕਿਆ; ਨਹੀ ਤਾਂ ਘਟ ਤੋਂ ਘਟ ਉਤਲੇ ਦੁਪੱਟੇ ਨਾਲ਼ ਸਿਰ ਕੱਜਿਆ ਹੋਇਆ ਹੀ ਸਿੱਖ ਇਸਤਰੀ ਦੀ ਸ਼ਾਨ ਵਿੱਚ ਵਾਧਾ ਕਰਦਾ ਹੈ। ਬਾਜ਼ਾਰਾਂ ਵਿੱਚ ਨੰਗਾ ਝਾਟਾ ਖਿਲਾਰੀ ਸਿੱਖ ਬੀਬੀ ਮੰਦ ਦ੍ਰਿਸ਼ਟੀ ਵਾਲ਼ਿਆਂ ਨੂੰ ਤਾਂ ਸ਼ਾਇਦ ਪ੍ਰਭਾਵਤ ਕਰਦੀ ਹੋਵੇ ਪਰ ਮੇਰੀਆਂ ਅੱਖਾਂ ਵਾਸਤੇ ਅਜਿਹਾ ਦ੍ਰਿਸ਼ ਕੋਈ ਸੋਭਾ ਪਾਊ ਨਹੀ ਹੁੰਦਾ। ਪ੍ਰਿੰਸੀਪਲ ਸਾਹਿਬ ਸਿੰਘ ਜੀ ਹਿੰਦੂ ਖੱਤਰੀ ਘਰਾਣੇ ਵਿੱਚ ਜਨਮ ਲੈ ਕੇ, ਕਿਸੇ ਵਿਦਵਾਨ ਪ੍ਰਚਾਰਕ ਜਾਂ ਸੰਤ ਮਹਾਂਪੁਰਸ਼ ਦੀ ਪ੍ਰੇਰਨਾ ਕਰਕੇ ਨਹੀ, ਬਲਕਿ ਫੌਜੀ ਸਿੱਖ ਜਵਾਨਾਂ ਦੇ ਸੋਹਣੀਆਂ ਜਾਲੀਆਂ ਪਾ ਕੇ ਸਜਾਏ ਹੋਏ ਦਾਹੜਿਆਂ ਅਤੇ ਢੁਕਵੇਂ ਚੁਸਤ ਫੌਜੀ ਲਿਬਾਸ ਪਹਿਨੇ ਸਨੱਧ ਬਧ ਰੂਪ ਵਿੱਚ ਦਰਸ਼ਨ ਕਰਕੇ, ਸਿੱਖੀ ਵੱਲ ਪ੍ਰੇਰਤ ਹੋਏ ਸਨ, ਸਿੱਖ ਬਣਨ ਲਈ। ਮੇਰਾ ਭਾਵੇਂ ਅਜਿਹਾ ਕੇਸ ਤਾਂ ਨਹੀ ਹੈ ਤੇ ਰੱਬ ਦੇ ਹੁਕਮ ਅਨੁਸਾਰ ਪੈਦਾ ਵੀ ਮੈ ਇੱਕ ਨਿੱਕੇ ਜਿਹੇ ਪਿੰਡ ਦੇ ਸਿੱਖ ਪਰਵਾਰ ਵਿੱਚ ਹੀ ਹੋਇਆ ਸਾਂ ਪਰ ਉਸ ਪਿੰਡ ਵਿੱਚ ਜਿਥੇ ਗੁਰਦੁਆਰੇ ਦੇ ਭਾਈ ਜੀ, ਮੇਰੇ ਭਾਈਆ ਜੀ ਤੇ ਦੋਵੇਂ ਚਾਚਾ ਜੀ ਅਤੇ ਦੋ ਚਾਰ ਹੋਰਾਂ ਨੂੰ ਛੱਡ ਕੇ, ਬਾਕੀ ਤਕਰੀਬਨ ਸਾਰੇ ਹੀ ਦਾਹੜੀਆਂ ਮੁੰਨਣ ਜਾਂ ਖ਼ਤ ਕਢ ਕੇ ਰੱਖਣ ਨੂੰ ਸੋਹਣਾ ਬਣ ਗਿਆ ਸਮਝਦੇ ਸਨ ਤੇ ਨਿੱਕੇ ਜਾਂ ਜਵਾਨ ਮੁੰਡਿਆਂ ਦੇ ਤੇ ਸਿਰ ਵੀ ਰੜੇ ਪਟੱਕ ਹੋਇਆ ਕਰਦੇ ਸਨ। ਅਜਿਹੇ ਵਾਤਾਵਰਣ ਵਿੱਚ ਸਾਡੇ ਸਤਿਕਾਰਯੋਗ ਦਾਦੀ ਜੀ ਦੇ ਪ੍ਰਭਾਵ ਕਰਕੇ, ਸਾਡਾ ਸਾਰਾ ਪਰਵਾਰ ਤਿਆਰ ਬਰ ਤਿਆਰ ਹੁੰਦਾ ਸੀ ਤੇ ਏਸੇ ਕਰਕੇ ਪਿੰਡ ਵਿੱਚ ਸਾਡੀ ਅੱਲ ‘ਭਾਈ’ ਪਈ ਹੋਈ ਸੀ। ਮੈਨੂੰ ਮੇਰੇ ਹਾਣੀ, ਮੇਰਾ ਨਾਂ ਲੈ ਕੇ ਬੁਲਾਉਣ ਦੀ ਬਜਾਇ, ਭਾਈ ਕਹਿ ਕੇ ਹੀ ਬੁਲਾਇਆ ਕਰਦੇ ਸਨ। ਕਾਰਨ ਇਹ ਸੀ ਕਿ ਸਿਰ ਮੁੰਨਣ ਤੋਂ ਬਚਿਆ ਹੋਇਆ ਹੋਣ ਦੇ ਨਾਲ਼ ਨਾਲ਼ ਮੈ ਕਿਸੇ ਸਾਧਾਰਣ ਕੱਛੇ ਦੀ ਥਾਂ ਸਿੰਘਾਂ ਵਾਲ਼ਾ ਕਛਹਿਰਾ ਪਹਿਨਿਆ ਕਰਦਾ ਸਾਂ।
ਫਿਰ ਅੰਮ੍ਰਿਤਸਰ ਆ ਗਏ। ਏਥੇ ਜਦੋਂ ਵੀ ਸ੍ਰੀ ਦਰਬਾਰ ਸਾਹਿਬ ਦੇ ਆਲ਼ੇ ਦੁਆਲੇ ਗੁਰਸਿੱਖਾਂ ਦੇ ਦਰਸ਼ਨ ਹੋਣੇ ਤਾਂ ਉਹਨਾਂ ਵਰਗਾ ਲੱਗਣ ਦੀ ਮਨ ਵਿੱਚ ਖਾਹਸ਼ ਪੈਦਾ ਹੋਣੀ। ਖਾਸ ਕਰਕੇ ਸ਼ਸਤਰਧਾਰੀ ਸੂਰਬੀਰ ਨਿਹੰਗ ਸਿੰਘਾਂ ਦੇ ਦਰਸ਼ਨ ਹੋ ਜਾਣ ਤਾਂ ਕਹਿਣਾ ਹੀ ਕੀ! ਇਹ ਦਰਸ਼ਨ ਏਥੇ ਆਮ ਤੌਰ ਤੇ ਹੁੰਦੇ ਹੀ ਰਹਿੰਦੇ ਸਨ। ਗੁਰਪੁਰਬਾਂ ਸਮੇ ਨਿਕਲਣ ਵਾਲੇ ਜਲੂਸਾਂ (ਜਿਨ੍ਹਾਂ ਨੁੰ ਹੁਣ ਨਗਰ ਕੀਰਤਨ ਆਖਣ ਦਾ ਰਿਵਾਜ ਪੈ ਗਿਆ ਹੈ) ਸਮੇ, ਗਤਕੇ ਦੇ ਜੌਹਰ ਵੇਖ ਵੇਖ ਮਨ ਹੀ ਮਨ ਗ਼ਦ ਗ਼ਦ ਹੁੰਦੇ ਰਹਿਣਾ। ਖ਼ੁਦ ਵੀ ਉਹਨਾਂ ਵਾਂਗ ਬਣਨ ਲਈ ਪ੍ਰੇਰਤ ਹੋਣਾ ਪਰ ਇਸ ਪਾਸੇ ਦੀ ਅਗਵਾਈ ਨਾ ਮਿਲ਼ਨ ਕਰਕੇ, ਹਾਲਾਤ ਅਜਿਹੇ ਨਾ ਬਣ ਸਕੇ। ਸਿਆਲ਼ ਸਮੇ ਚੇਹਰੇ ਨਾਲ਼ ਢੁਕਵੇਂ ਸੁੰਦਰ ਪ੍ਰਕਾਸ਼ਤ ਦਾਹੜੇ ਵਾਲ਼ਾ ਵਿਅਕਤੀ ਜਦੋਂ ਗੋਡਿਆਂ ਤੱਕ ਲੰਮੀ, ਕਾਲ਼ੇ ਰੰਗ ਦੀ ਐਚਕਨ ਤੇ ਚਿੱਟੇ ਰੰਗ ਦਾ ਚੂੜੀਦਾਰ ਪਜਾਮਾ ਪਹਿਨੇ ਦਿਸਣਾ ਤਾਂ ਬਹੁਤ ਹੀ ਪ੍ਰਭਾਂਵਸ਼ਾਲੀ ਲੱਗਣਾ। ਗਰਮੀ ਦੇ ਸਮੇ ਗੋਡਿਆਂ ਤੱਕ ਕੁਰਤਾ ਅਤੇ ਗੋਡਿਆਂ ਤੱਕ ਹੀ ਕਛਹਿਰਾ ਪਹਿਨਣ ਵਾਲ਼ਾ ਗੁਰਸਿੱਖ ਮਨ ਨੂੰ ਜਚਣਾ। ਮੈ ਆਪ ਵੀ ਦਹਾਕਿਆਂ ਤੱਕ ਏਹੀ ਲਿਬਾਸ ਪਹਿਨਦਾ ਰਿਹਾ ਹਾਂ।
ਮੈ ਮਾਰਚ, ੧੯੭੩ ਵਿੱਚ ਮਲਾਵੀ ਗਿਆ। ਓਥੇ ਕਿਸੇ ਗੁਰਸਿੱਖ ਦੇ ਘਰ ਵਿੱਚ ਉਸਦੀ ਪਰਵਾਰਕ ਐਲਬਮ ਵਿਚ, ਇੱਕ ਬਹੁਤ ਹੀ ਸੁੰਦਰ ਤੇ ਦੀਦਾਰੀ ਬਜ਼ੁਰਗ ਗੁਰਸਿੱਖ ਦੀ ਫ਼ੋਟੋ ਦੇ ਦਰਸ਼ਨ ਹੋਏ। ਨੂਰਾਨੀ ਚੇਹਰੇ ਉਪਰ ਢੁਕਵਾਂ ਤੇ ਫੱਬਵਾਂ ਚਿੱਟਾ ਦਾਹੜਾ। ਫ਼ੋਟੋ ਵਿੱਚ ਲਾਲੀ ਦੀ ਭਾਹ ਮਾਰਦਾ ਗੋਰਾ ਨਿਛੋਹ ਚੇਹਰਾ। ਚੇਹਰੇ ਨਾਲ਼ ਪੂਰੀ ਮੈਚ ਕਰਦੀ ਸੁੰਦਰ ਦਸਤਾਰ ਸਜਾਈ ਹੋਈ। ਢੁਕਵੇਂ ਪਰ ਸਾਦੇ ਬਸਤਰ। ਭਰਵਾਂ ਸਰੀਰ। ਸਿਰ ਉਪਰ ਨਿਸ਼ਾਨ ਸਾਹਿਬ ਦਾ ਚੋਲ਼ਾ ਸਤਿਕਾਰ ਸਹਿਤ ਉਠਾਈ, ਹੋਰ ਸਿੱਖਾਂ ਸਮੇਤ, ਨਿਸ਼ਾਨ ਸਾਹਿਬ ਵੱਲ ਵਧ ਰਹੇ ਸਨ; ਚੋਲ਼ਾ ਬਦਲਣ ਵਾਸਤੇ। ਬੜਾ ਹੀ ਪ੍ਰਭਾਵਤ ਹੋਇਆ ਮੈ, ਪੰਜਾਬੋਂ ਬਹੁਤ ਹੀ ਦੂਰ, ਅਫ਼੍ਰੀਕਾ ਦੇ ਇੱਕ ਨਿੱਕੇ ਜਿਹੇ ਮੁਲ਼ਕ ਵਿਚ, ਅਜਿਹੇ ਮਨੁਖਤਾ ਤੇ ਗੁਰਸਿੱਖੀ ਦੇ ਨਮੂਨੇ ਦੇ ਦਰਸਨ ਕਰਕੇ। ਪੁਛਿਆ, “ਇਹ ਸੱਜਣ ਕੌਣ ਹਨ?” ਉਹਨਾਂ ਸੱਜਣਾਂ ਬਾਰੇ ਮੈਨੂੰ ਦੱਸਿਆ ਗਿਆ ਕਿ ਉਹ ਪੁਰਚਗੀਜ਼ ਅਰਥਾਤ ਗਵਾਂਢੀ ਅਫ਼੍ਰੀਕੀ ਮੁਲਕ ਮੁਜ਼ੰਬਿਕ ਵਿਚੋਂ ਆਏ ਸਨ ਤੇ ਹਰੇਕ ਸਾਲ ਆਇਆ ਕਰਦੇ ਸਨ। ਮੇਰੇ ਮਨ ਤੇ ਉਹਨਾਂ ਦੀ ਸ਼ਖ਼ਸੀਅਤ ਦਾ ਬੜਾ ਹੀ ਪ੍ਰਭਾਵ ਬੈਠਾ ਤੇ ਮੈ ਉਸ ਦਿਨ ਦੀ ਉਡੀਕ ਕਰਨ ਲੱਗਾ ਜਦੋਂ ਅਜਿਹੇ ਗੁਰਸਿੱਖ ਦੇ ਦਰਸ਼ਨ ਹੋਣਗੇ।
ਜਦੋਂ ਦੂਜੀ ਵਾਰ ਸਮੇਤ ਪਰਵਾਰ ਦੇ ਨਵੰਬਰ ੧੯੭੫ ਵਿੱਚ ਮੈ ਫਿਰ ਮਲਾਵੀ ਗਿਆ ਤਾਂ ਸ. ਦਲੀਪ ਸਿੰਘ ਲਿਟ ਦੇ ਪਰਵਾਰ ਵਿੱਚ ਆਰਜ਼ੀ ਤੌਰ ਤੇ ਅਸੀਂ ਟਿਕਾਣਾ ਕੀਤਾ। ਓਥੇ ਇਹ ਸੱਜਣ ਵੀ ਸਾਡੇ ਤੋਂ ਪਹਿਲਾਂ ਦੇ ਆਏ ਹੋਏ ਸਨ। ਫ਼ੋਟੋ ਵਾਲ਼ੀ ਦਿੱਖ ਨਾਲੋਂ ਕੁੱਝ ਵਡੇਰੀ ਉਮਰ ਦੇ ਲੱਗੇ ਪਰ ਫਿਰ ਵੀ ਪ੍ਰਭਾਵਸ਼ਾਲੀ ਪਰਸਨੈਲਟੀ ਦੇ ਮਾਲਕ ਸਨ। ਨਾ ਤਾਂ ਉਹ ਪੰਜਾਬੀ ਬੋਲ ਸਕਦੇ ਸਨ ਤੇ ਨਾ ਹੀ ਅੰਗ੍ਰੇਜ਼ੀ। ਪੁਰਤਗਾਲੀ ਤੇ ਗੁਜਰਾਤੀ ਹੀ ਬੋਲਣੀ ਜਾਣਦੇ ਸਨ। ਥੋਹੜੀ ਬਹੁਤ ਟੁਟੀ ਭੱਜੀ ਹਿੰਦੀ ਨਾਲ਼ ਡੰਗ ਸਾਰ ਲੈਂਦੇ ਸਨ। ਕਾਰਨ ਇਸਦਾ ਇਹ ਸੀ ਕਿ ਉਸ ਮੁਲਕ ਵਿੱਚ ਉਹਨਾਂ ਦਾ ਵਾਹ ਪੰਜਾਬੀ ਤੇ ਹਿੰਦੀ ਬੋਲਣ ਵਾਲ਼ਿਆਂ ਨਾਲ਼ ਨਹੀ ਸੀ ਪੈਂਦਾ। ਗੁਜਰਾਤੀ ਤੇ ਜਾਂ ਫਿਰ ਪੁਰਤਗਾਲੀ ਹੀ ਬੋਲਣੀ ਪੈਂਦੀ ਸੀ। ਉਹਨਾਂ ਦੇ ਦੱਸਣ ਮੁਤਾਬਿਕ ਜਿਉਂ ਉਹ ਦੇਸੋਂ ਆਏ ਸਨ ਸਿਰਫ ਇੱਕ ਵਾਰੀ ਹੀ ਦੇਸ ਗਏ ਸਨ; ਅਤੇ ਭਰਾਵਾਂ ਦੀ ‘ਕਿਰਪਾ’ ਨਾਲ਼ ਕੁੱਝ ਦਿਨ ਹੀ ਓਥੇ ਰਹਿ ਸਕੇ ਸਨ। ਫਿਰ ਮੁੜ ਕੇ ਉਹਨਾਂ ਨੇ ਦੇਸ ਵੱਲ ਮੂੰਹ ਨਹੀ ਕੀਤਾ। ਸ. ਦਲੀਪ ਸਿੰਘ ਲਿਟ ਦੇ ਘਰੋਂ ਉਹ ਮੇਰੇ ਪਾਸ ਆ ਗਏ ਤੇ ਮੇਰੀ ਪਤਨੀ ਉਹਨਾਂ ਦੀ, ਉਹਨਾਂ ਦੇ ਓਥੇ ਟਿਕਣ ਸਮੇ ਦੌਰਾਨ, ਪ੍ਰਸਾਦ ਪਾਣੀ ਦੀ ਸੇਵਾ ਕਰਦੀ ਰਹੀ ਪਰ ਉਹਨਾਂ ਦੀ ਬੋਲ ਬਾਣੀ ਸਾਨੂੰ ਕੁੱਝ ਚੁਭਵੀਂ ਜਿਹੀ ਲੱਗਣੀ। ਭਾਵੇਂ ਕਿ ਉਹ ਮੇਰੀ ਸਿੰਘਣੀ ਦੇ ਬਾਬੇ ਦੀ ਉਪਰ ਦੇ ਲੱਗਦੇ ਸਨ ਪਰ ਉਹ ਉਸਨੂੰ ‘ਭਾਈ ਕੀ ਲੁਗਾਈ’ ਹੀ ਆਖਣ। ਨਾ ਧੀਏ, ਨਾ ਪੁੱਤਾ ਤੇ ਨਾ ਹੀ ਉਸਦਾ ਨਾਂ ਸੱਦਣ। ਉਹਨਾਂ ਦੇ ਲਫ਼ਜ਼ ਸਾਨੂੰ ਵਾਹਵਾ ਉਖੜਵੇਂ ਜਿਹੇ ਸੁਣਾਈ ਦੇਣੇ। ਅਸੀਂ ਇਹ ਸਮਝ ਕੇ ਹਊ ਪਰ੍ਹੇ ਕਰ ਛੱਡਣਾ ਕਿ ਬੋਲੀ ਦੀ ਘੱਟ ਜਾਣਕਾਰੀ ਹੋਣ ਕਰਕੇ, ਕਿਸੇ ਨੂੰ ਸੰਬੋਧਨ ਕਰਨ ਲਈ ਉਹਨਾਂ ਨੂੰ ਸ਼ਾਇਦ ਢੁਕਵੇਂ ਸ਼ਬਦ ਨਹੀ ਅਹੁੜਦੇ ਹੋਣਗੇ। ਇੱਕ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਉਹਨਾਂ ਨੇ ਆਪਣੀ ‘ਕਾਰਗੁਜ਼ਾਰੀ’ ਦਾ ਕੱਚਾ ਚਿੱਠਾ ਮੇਰੇ ਸਾਹਮਣੇ ਖੋਹਲਿਆ। ਉਹਨਾਂ ਦਾ ਆਖਣਾ ਸੀ ਕਿ ਉਹ ਕਿਸੇ ਅਫ਼੍ਰੀਕਨ ਇਸਤਰੀ ਨੂੰ ਆਪਣੇ ਘਰ ਤਨਖਾਹ ਤੇ ਨੌਕਰ ਨਹੀਂ ਰਖਦੇ ਬਲਕਿ ਉਸਨੂੰ ਪਤਨੀ ਬਣਾ ਕੇ ਰੱਖਦੇ ਸਨ ਤਾਂ ਕਿ ਉਸ ਨੂੰ ਤਨਖਾਹ ਨਾ ਦੇਣੀ ਪਵੇ। ਜਦੋਂ ਹੀ ਉਸਨੂੰ ਬੱਚਾ ਹੋ ਜਾਣ ਦੀ ਅਵੱਸਥਾ ਆ ਜਾਵੇ ਤਾਂ ਉਸਨੂੰ ਕਿਸੇ ਨਾ ਕਿਸੇ ਬਹਾਨੇ, ਘਰੋਂ ਕਢ ਕੇ ਕਿਸੇ ਹੋਰ ਲੋੜਵੰਦ ਇਸਤਰੀ ਨੂੰ ਰੱਖ ਲੈਂਦੇ ਸਨ। ਇਸ ਤਰ੍ਹਾਂ ਤਨਖਾਹ ਨਹੀ ਸੀ ਕਿਸੇ ਨੂੰ ਦੇਣੀ ਪੈਂਦੀ। ਇਸ ਤੋਂ ਇਲਾਵਾ ਉਸਦੇ ਘਰ ਵਿੱਚ ਰਹਿਣ ਸਮੇ, ਢੁਕਵੇਂ ਸਮੇ ਤੇ ਉਸਨੂੰ ਘਰੋਂ ਕਢ ਦੇਣ ਨਾਲ਼, ਬੱਚਾ ਪੈਦਾ ਹੋ ਜਾਣ ਕਰਕੇ ਕਿਸੇ ਪ੍ਰਕਾਰ ਦੀ ਜ਼ਿੰਮੇਵਾਰੀ ਉਠਾਉਣ ਦੀ ਲੋੜ ਵੀ ਨਹੀ ਸੀ ਰਹਿੰਦੀ। ਉਸ ਸੋਹਣੀ ਸੂਰਤ ਦਾ ਇਹ ਕਰਤੱਵ ਜਾਣ ਕੇ, ਬਿਆਨ ਨਹੀ ਕੀਤਾ ਜਾ ਸਕਦਾ ਕਿ ਮੇਰੇ ਵਿਸ਼ਵਾਸ਼ ਨੂੰ ਕਿੰਨਾ ਧੱਕਾ ਲੱਗਾ।
ਠੀਕ ਹੈ, ਜ਼ਰੂਰੀ ਨਹੀ ਕਿ ਸੋਹਣੀ ਸੂਰਤ ਵਾਲ਼ਾ ਵਿਅਕਤੀ ਸੋਹਣੀ ਸੀਰਤ ਦਾ ਵੀ ਮਾਲਕ ਹੋਵੇ! ਸ਼ਾਇਦ ਏਸੇ ਕਰਕੇ ਹੀ ਕਿਸੇ ਉਰਦੂ ਦਾਂ ਦਾਨਿਸ਼ਮੰਦ ਨੇ ਆਖਿਆ ਹੈ:
ਸੂਰਤ ਹੂਈ ਤੋ ਕਿਆ!
ਸੀਰਤ ਕੇ ਹਮ ਗ਼ੁਲਾਮ ਹੈਂ।
ਗੁਰਬਾਣੀ ਕਿਸ ਨੂੰ ਸੋਹਣਾ ਆਖਦੀ ਹੈ:
ਸੇਈ ਸੁੰਦਰ ਸੋਹਣੇ॥ ਸਾਧ ਸੰਗੇ ਜਿਨ ਬੈਹਣੇ॥
ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ॥ (੧੩੨)

ਅਰਥਾਤ, ਗੁਰਬਾਣੀ ਅਨੁਸਾਰ ਓਹੀ ਸੁੰਦਰ ਤੇ ਸੋਹਣੇ ਸੱਜਣ ਹਨ ਜੋ ਸੱਤ ਪੁਰਸ਼ਾਂ ਦੀ ਸੰਗਤ ਕਰਦੇ ਹਨ। ਜਿਨ੍ਹਾਂ ਨੇ ਰੱਬ ਦੇ ਨਾਮ ਰੂਪੀ ਧਨ ਨੂੰ ਇਕੱਤਰ ਕੀਤਾ ਹੈ, ਉਹ ਗੰਭੀਰ ਤੇ ਡੂੰਘੇ ਹੁੰਦੇ ਹਨ।




.