.

‘ਦੇਹਿ ਅਸੀਸ ਕਹੇ ਜਗਦੀਸ’
ਕੰਜਰ ਕਵਿਤਾ `ਚ ਅਸੀਸ

ਸਰਵਜੀਤ ਸਿੰਘ

ਰਿਸ਼ਤੇਦਾਰੀ ਵਿੱਚ ਹੋਏ ਵਿਆਹ ਦੀ ਵੀਡੀਓ ਦੇਖ ਕੇ ਇਹ ਮਹਿਸੂਸ ਹੋ ਰਿਹਾ ਸੀ ਕੇ ਇਹ ਵਿਆਹ ਪੰਜਾਬ ਵਿੱਚ ਨਹੀ ਸਗੋਂ ਕਿਸੇ ਕਿਸੇ ਪੱਛਮੀ ਮੁਲਕ ਵਿੱਚ ਹੋ ਰਿਹਾ ਹੋਵੇ। ਮੈਰਜ ਪੈਲਸ ਦੀ ਸ਼ਾਨੋ ਸ਼ੌਕਤ ਦੇਖ ਕੇ ਤਾਂ ਅੱਖਾਂ ਚੁੰਧਿਆ ਹੀ ਗਈਆਂ। ਖਾਣ-ਪੀਣ ਵਾਲੀਆਂ ਵਸਤੂਆਂ ਅਤੇ ਵਰਤਾਵੇ-ਵਰਤਾਵੀਆਂ ਦਾ ਤਾਂ ਕੀ ਕਹਿਣਾ। ਰਹਿੰਦੀ-ਖੁਹੰਦੀ ਕਸਰ ਉਥੇ ਦੇ ਰੌਲ੍ਹੇ-ਰੱਪੇ ਅਤੇ ਨੱਚਣ-ਟੱਪਣ ਵਾਲ਼ੇ/ਵਾਲ਼ੀਆਂ ਨੇ ਪੂਰੀ ਕਰ ਦਿੱਤੀ। ਜੇ ਕਰ ਕੋਈ ਕਮੀ ਸੀ ਤਾਂ ਸਿਰਫ ਗੁਰਦਵਾਰਾ ਸਾਹਿਬ ਵਿੱਚ ਅਨੰਦ ਕਾਰਜ ਵੇਲੇ ਜਾਂਜੀਆਂ-ਮਾਂਜੀਆਂ ਦੀ। ਜਦੋ ਕਿਸੇ ਕੋਲ ਗੁਰਦਵਾਰੇ ਜਾਣ ਦਾ ਸਮਾਂ ਨਹੀ ਹੈ ਤਾਂ ਕੀਰਤਨੀ ਜਥੇ ਨੇ ਵੀ ਸਮਾਂ ਕਿਸ ਆਸਰੇ ਲੈਣਾ ਸੀ। ਉਨ੍ਹਾਂ ਨੇ ਵੀ ਬੜੀ ਫੁਰਤੀ ਨਾਲ ਜਰੂਰੀ ਸ਼ਬਦਾਂ ਦਾ ਹੀ ਕੀਰਤਨ ਕੀਤਾ। ਪਰ ਇੱਕ ਅਸੀਸ ਦੇਣੀ ਨਹੀ ਭੁਲੇ।
ਢੋਲ ਮ੍ਰਿਦੰਗ ਬਜੇ ਸਭ ਹੀ ਘਰ ਯੌ ਪੁਰ ਆਜ ਕੁਲਾਹਲ ਭਾਰੀ।
ਗਾਵਤ ਗੀਤ ਬਜਾਵਤ ਤਾਲ ਦਿਵਾਵਤ ਆਵਤਿ ਨਾਗਰਿ ਗਾਰੀ।
ਭੇਰ ਹਜਾਰ ਬਜੀ ਇੱਕ ਬਾਰ ਮਹਾ ਛਬਿਯਾਰ ਹਸੈ ਮਿਲਿ ਨਾਰੀ।
ਦੇਹਿ ਅਸੀਸ ਕਹੇ ਜਗਦੀਸ ਇਹ ਜੋਰੀ ਜਿਯੋ ਜੁਗ ਚਾਰਿ ਤਿਹਾਰੀ।
ਹੈਰਾਨੀ ਹੁੰਦੀ ਹੈ ਅਜੇਹੇ ਪ੍ਰਚਾਰਕਾਂ ਦੀ ਸੋਚ ਉਪਰ, ਇੱਕ ਪਾਸੇ ਤਾਂ ਰੋਜਾਨਾ ਹੀ ਅਨੰਦ ਸਾਹਿਬ ਵਿੱਚ ਇਹ ਪੜ੍ਹਦੇ ਹਨ, ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ (ਪੰਨਾ 920) ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੀ ਕੱਚੀਆਂ ਪਿੱਲੀਆਂ ਰਚਨਾਵਾਂ ਪੜ੍ਹਨ ਦਾ ਕੀ ਕਾਰਨ? ਇਸ ਦਾ ਜਵਾਬ ਹੈ ਅਗਿਆਨਤਾ। ਸੰਗਤ ਵੀ ਸੋਚਦੀ ਹੈ ਕੇ ਸੁਭਾਗ ਜੋੜੀ ਨੂੰ ਬੁਹਤ ਹੀ ਵਧੀਆਂ ਅਸੀਸ ਦਿੱਤੀ ਗਈ ਹੈ। ‘ਇਹ ਜੋਰੀ ਜਿਯੋ ਜੁਗ ਚਾਰਿ ਤਿਹਾਰੀ’। (43, 20, 000 ਸਾਲ) ਇਹ ਅੱਧੀ ਪੰਗਤੀ ਸੁਣ ਕੇ ਹੀ ਸੰਗਤ ਮਾਇਆ ਦਾ ਮੀਹ ਵਰਾਂ ਦਿੰਦੀ ਹੈ ਤਾਂ ਪ੍ਰਚਾਰਕਾਂ ਨੂੰ ਇਸ ਦੀ ਅਸਲੀਅਤ ਜਾਨਣ ਦੀ ਕੀ ਲੋੜ? ਜਦੋਂ ਕੇ ਆਪਣੇ ਆਪ ਨੂੰ ਵਿਦਵਾਨ ਅਖਵਾਉਂਣ ਵਾਲੇ ਹੀ ਇਸ ਦੀ ਅਸਲੀਅਤ ਨੂੰ ਨਹੀ ਸਮਝ ਸਕੇ ਅਤੇ ਇਸ ਦੇ ਹੱਕ ਵਿੱਚ ਹੀ ਲਿਖੀ ਗਏ।
“ਜਿਥੋ ਤਕ ਅਨੰਦ ਕਾਰਜ ਸਮੇਂ ਇਹ ਰਚਨਾ ਪੜ੍ਹਨ ਦਾ ਸਵਾਲ ਹੈ, ਭਾਵੇਂ ਇਹ ਗੁਰ-ਮਰਯਾਦਾ ਦਾ ਅੰਗ ਨਹੀਂ, ਪਰ ਇਸ ਨੂੰ ਕਿਸੇ ਖੁਸ਼ੀ ਦੇ ਕੰਮ ਵਿੱਚ ਪੜ੍ਹਨਾ ਮਨਮਤਿ ਵੀ ਨਹੀਂ ਕਿਹਾ ਜਾਂ ਸਕਦਾ। ਕਿਉਂਕਿ ਕਈ ਲੋਕ ਵਿਆਹ ਸ਼ਾਦੀ ਤੇ ਅਸੀਸਾਂ ਦਿੰਦੇ ਹਨ, ਸਿਹਰੇ ਪੜ੍ਹਦੇ ਹਨ, ਸਿਖਿਆ ਪੜ੍ਹੀ ਜਾਂਦੀ ਹੈ, ਉਹ ਸਮਾਂ ਅਨੰਦ ਮੰਗਲਚਾਰ ਦਾ ਹੁੰਦਾ ਹੈ। ਅਜਿਹੇ ਸਮੇਂ ਉਤੇ ਪੁਰਾਤਨ ਰੀਤੀ ਅਨੁਸਾਰ ਜੇ ਕੋਈ ਰਾਗੀ ਉਪਰੋਕਤ ਰਚਨਾ ਦਾ ਗਾਇਨ ਕਰ ਵੀ ਲਏ ਤਾਂ ਕੀ ਹਰਜ ਹੈ?” (ਸ੍ਰੀ ਦਸਮ ਗ੍ਰੰਥ ਦਰਪਣ, ਪੰਨਾ109 ਹਰਿਬੰਸ ਸਿੰਘ, ਗੁਰਮਿਤ ਨਿਰਣੈ ਭਵਨ, ਪਟਿਆਲਾ)
ਆਓ! ਆਪਾਂ ਇਸ ਦੀ ਅਸਲੀਅਤ ਨੂੰ ਸਮਝੀਏ। ਆਖੇ ਜਾਂਦੇ ਦਸਮ ਗ੍ਰੰਥ ਵਿੱਚ ਦਰਜ `ਚਰਿਤ੍ਰੋਪਾਖਿੑਯਾਨ (ਕੰਜਰ ਕਵਿਤਾਂ) ਨੰ: 108 ਅਤੇ 109 (ਪੰਨਾ 954) ਦੀ ਪੂਰੀ ਵਾਰਤਾ ਇਓ ਹੈ;
ਹਿੰਦੂ ਮਿਥਿਹਾਸ ਦਾ ਪ੍ਰਸਿਧ ਪਾਤਰ ਕਪਿਲ ਮੁਨੀ, (ਕਪਿਲ: ਇੱਕ ਪ੍ਰਸਿਧ ਰਿਸ਼ੀ, ਜਿਹੜਾ ਸਾਂਖ੍ਯ ਸ਼ਾਸ਼ਤੱਰ ਦਾ ਬਾਨੀ ਸੀ ਹਰੀਵੰਸ਼ ਵਿੱਚ ਇਸ ਨੂੰ ਵਿਤਥ ਦਾ ਪੁੱਤਰ ਮੰਨਿਆ ਗਿਆ ਹੈ। ਕਈ ਵਾਰੀ ਇਸ ਦਾ ਵਿਸ਼ਨੂੰ ਅਤੇ ਕਈ ਵਾਰੀ ਇਸ ਦਾ ਅਗਨੀ ਨਾਲ ਏਕੀਕਰਨ ਕੀਤਾ ਜਾਂਦਾ ਹੈ। ਇਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਨੇ ਰਾਜਾ ਸਗਰ ਦੇ ਇੱਕ ਲੱਖ ਪੁੱਤਰਾਂ ਨੂੰ ਇੱਕ ਟਕ ਵੇਖਕੇ ਭਸਮ ਕਰ ਦਿੱਤਾ ਸੀ। -ਹਿੰਦੂ ਮਿਥਿਹਾਸ ਕੋਸ਼ ਪੰਨਾ 166) ਰੰਭਾ ਨਾਂ ਦੀ ਅੱਪਛਰਾ ਨੂੰ ਦੇਖ ਕੇ ਕਾਮ ਵਿੱਚ ਅਜੇਹਾ ਪਾਗਲ ਹੋਇਆ ਕੇ ਉਸ ਦਾ ਵੀਰਜ ਧਰਤੀ ਉਤੇ ਡਿੱਗ ਪਿਆ। ਵੀਰਜ ਤਾਂ ਧਰਤੀ ਉਪਰ ਡਿੱਗਿਆ ਸੀ (ਬੀਰਜ ਭੂਮਿ ਮਝਾਰ) ਪਰ ਗਰਭਵਤੀ ਹੋ ਗਈ ਰੰਭਾ। ਉਸ ਨੇ ਇੱਕ ਸੁੰਦਰ ਕੰਨਿਆ ਨੂੰ ਜਨਮ ਦਿੱਤਾ ਅਤੇ ਉਸ ਕੰਨਿਆ ਨੂੰ ਸਿੰਧ ਨਦੀ ਵਿੱਚ ਸੁੱਟ ਕੇ ਆਪ ਵਾਪਸ ਸਵਰਗ ਨੂੰ ਚਲੀ ਗਈ। ਉਸ ਰੁੜ੍ਹੀ ਜਾਂਦੀ ਕੰਨਿਆ ਨੂੰ ਰਾਜਾ ਬ੍ਰਹਮਦੱਤ ਨੇ ਬਚਾ ਲਿਆ ਅਤੇ ਆਪਣੀ ਧੀ ਬਣਾ ਲਿਆ। ਉਸ ਦਾ ਨਾਮ ਰੱਖਿਆ ਗਿਆ ਸੱਸੀ।
ਸੱਸੀ ਜਦੋ ਜਵਾਨ ਹੋਈ ਤਾਂ ਰਾਜਾ ਬ੍ਰਹਮਦੱਤ ਨੇ ਉਸ ਦਾ ਵਿਆਹ ਪੰਨੂ ਨਾਲ, ਜੋ ਪਹਿਲਾ ਹੀ ਵਿਆਹਿਆ ਹੋਇਆ ਸੀ, ਕਰਨ ਦੀ ਪੱਕੀ-ਠੱਕੀ ਕੀਤੀ। ਇਸ ਵਿਆਹ ਦੀ ਖੁਸ਼ੀ ਵਿੱਚ ਜੋ ਮੇਲ ਇਕੱਠਾ ਹੋਇਆ ਸੀ ਉਸ ਵਲੋਂ, ਗੌਣ-ਬਜਾਉਣ, ਸ਼ੋਰ-ਸ਼ਰਾਬਾ, ਹਾਸਾ-ਠੱਠਾ ਅਤੇ ਗਾਲ਼੍ਹਾਂ ਕੱਢਕੇ ਕੇ ਖੁਸ਼ੀ ਮਨਾਏ ਜਾਣ ਵੇਲੇ ਇਹ ਅਸੀਸ ਵੀ ਦਿੱਤੀ ਗਈ ਸੀ।
ਢੋਲ ਮ੍ਰਿਦੰਗ ਬਜੇ ਸਭ ਹੀ ਘਰ ਯੌ ਪੁਰ ਆਜ ਕੁਲਾਹਲ ਭਾਰੀ।
ਗਾਵਤ ਗੀਤ ਬਜਾਵਤ ਤਾਲ ਦਿਵਾਵਤ ਆਵਤਿ ਨਾਗਰਿ ਗਾਰੀ।
ਭੇਰ ਹਜਾਰ ਬਜੀ ਇੱਕ ਬਾਰ ਮਹਾ ਛਬਿਯਾਰ ਹਸੈ ਮਿਲਿ ਨਾਰੀ।
ਦੇਹਿ ਅਸੀਸ ਕਹੇ ਜਗਦੀਸ ਇਹ ਜੋਰੀ ਜਿਯੋ ਜੁਗ ਚਾਰਿ ਤਿਹਾਰੀ। 11. (ਪੰਨਾ 955)

ਸਾਰੇ ਨਰ-ਨਾਰੀਆਂ ਜੋੜੀ ਨੂੰ ਸ਼ੁਭ ਅਸੀਸਾਂ ਦੇ ਰਹੇ ਸਨ ਕਿ ਕਿਸੇ ਪਿਛਲੇ ਜਨਮ ਦੇ ਪੁੰਨਾਂ ਕਰਕੇ ਹੀ ਇਹ ਜੋੜੀ ਬਣੀ ਹੈ। ਇਹ ਜੋੜੀ ਜੁਗਾਂ-ਜੁਗਾਂ ਤੀਕ ਸਲਾਮਤ ਰਹੇ। ਰਾਜਾ ਬ੍ਰਹਮਦੱਤ ਦੇ ਦੁਆਰ ਤੇ ਦੇਵਤੇ ਵੀ ਵਧਾਈਆਂ ਦੇਣ ਲਈ ਆਣ ਪਧਾਰੇ।
ਜਦੋਂ ਪੰਨੂ ਦੇ ਵਿਆਹ ਦੀ ਖਬਰ ਉਸ ਦੀ ਪਹਿਲੀ ਪਤਨੀ ਨੂੰ ਮਿਲੀ ਤਾਂ ਉਸ ਨੇ ਵੀ ਆਪਣੇ ਰੰਗ ਢੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਕਈ ਤਰ੍ਹਾਂ ਦੇ ਜੰਤ੍ਰ-ਮੰਤ੍ਰ ਅਤੇ ਕਈ ਹੋਰ ਓੜ੍ਹ-ਪੋੜ੍ਹ ਕੀਤੇ ਗਏ ਤਾਂ ਜੋ ਸੱਸੀ ਆਪਣੇ ਸਾਂਈ ਨੂੰ ਚੰਗੀ ਨਾ ਲੱਗੇ। ਜਿਸ ਵਿੱਚ ਉਸ ਨੂੰ ਸਫਲਤਾ ਵੀ ਮਿਲੀ। ਪੰਨੂ ਦੀ ਬੇਰੁਖੀ ਕਾਰਨ ਸੱਸੀ ਉਦਾਸ ਰਹਿਣ ਲੱਗੀ।
ਹੁਣ ਸੱਸੀ ਨੇ ਵੀ ਆਪਣੀਆ ਸਖੀਆਂ-ਸਹੇਲੀਆਂ ਨੂੰ ਇਕੱਤਰ ਕਰਕੇ ਕੋਈ ਵਿਉਂਤ ਬਣਾਉਣ ਦੀ ਸੋਚੀ। ਸੱਸੀ ਦੀਆਂ ਸਹੇਲੀਆਂ ਨੇ ਐਸੇ ਧਾਗੇ-ਤਵੀਤ ਅਤੇ ਟੂਣੇ-ਟਮਾਣੇ ਕੀਤੇ ਕੇ ਪੰਨੂ ਸੱਸੀ ਜੋਗਾ ਹੀ ਰਹਿ ਗਿਆ। ਸੱਸੀ ਨੇ ਪੰਨੂ ਨੂੰ ਆਪਣੇ ਪ੍ਰੇਮ ਜਾਲ਼ ਵਿੱਚ ਐਸਾ ਕਾਬੂ ਕੀਤਾ ਕੇ ਉਹ ਆਪਣੇ ਸਾਰੇ ਕਾਰ-ਵਿਹਾਰ ਹੀ ਭੁੱਲ ਗਿਆ। ਸੱਸੀ ਵੀ ਉਸ ਦਾ ਭੋਰਾ ਵਸਾ ਨਾਂ ਕਰਦੀ ਸਗੋਂ ਉਹ ਦੋਵੇ ਗੁੜ-ਮੱਖੀ ਦੀ ਤਰ੍ਹਾਂ ਇੱਕ ਦੂਜੇ ਨੂੰ ਚਿਪਕੇ ਰਹਿੰਦੇ।
ਇਹ ਸਭ ਦੇਖ ਕੇ ਉਸ ਦੀ ਪਹਿਲੀ ਰਾਣੀ ਕਿਵੇ ਬਰਦਾਸ਼ਤ ਕਰ ਸਕਦੀ ਸੀ? ਉਹ ਗੁਸੇ ਵਿੱਚ ਲਾਲ-ਪੀਲੀ ਹੋ ਗਈ। ਉਸ ਨੇ ਸੋਚਿਆ ਕੇ ਅਜੇਹੇ ਸੁਹਾਗ ਨਾਲੋ ਤਾਂ ਰੰਡੀ ਹੀ ਚੰਗੀ ਹਾਂ। ਉਸ ਨੇ ਆਪਣੇ ਵਿਸ਼ਵਾਸ ਪਾਤਰ ਸਿਪਾਹੀ ਨਾਲ ਅੱਖ-ਮਟੱਕਾ ਕਰਕੇ ਪੰਨੂ ਨੂੰ ਕਤਲ ਕਰਵਾਉਣ ਦੀ ਹੀ ਸਕੀਮ ਬਣਾ ਲਈ। ਬਣਾਈ ਹੋਈ ਸਕੀਮ ਦੇ ਮੁਤਾਬਕ ਰਾਣੀ ਦੇ ਦੂਤ ਨੇ ਰਾਜੇ ਨੂੰ ਸ਼ਿਕਾਰ ਤੇ ਜਾਣ ਲਈ ਤਿਆਰ ਕੀਤਾ ਅਤੇ ਘਣੇ ਜੰਗਲ ਵਿੱਚ ਲਿਜਾ ਕੇ ਐਸਾ ਖਿਚ ਕੇ ਤੀਰ ਮਾਰਿਆ ਕੇ ਸੂੰ ਕਰਦਾ ਪੰਨੂ ਦੀ ਵੱਖੀ ਵਿੱਚ ਜਾ ਧੱਸਿਆ। ਜਖਮੀ ਪਨੂੰ ਨੇ ਵੀ ਕ੍ਰੋਧ ਵਿੱਚ ਆਕੇ ਅਜੇਹਾ ਬਾਰ ਕੀਤਾਂ ਤਾਂ ਉਸ ਦੇ ਦੁਸ਼ਮਣ ਨੇ ਪਾਣੀ ਵੀ ਨਹੀ ਮੰਗਿਆ।
ਹੁਣ ਪੰਨੂ ਵੀ ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਧਰਤੀ ਤੇ ਮੂੰਧੇ ਮੂੰਹ ਡਿੱਗ ਪਿਆ ਤਾਂ ਉਸ ਦੇ ਸੇਵਕਾਂ ਨੂੰ ਫਿਕਰ ਹੋਇਆ ਕੇ ਹੁਣ ਅਸੀ ਰਾਣੀ ਨੂੰ ਕੀ ਮੂੰਹ ਵਿਖਾਵਾਗੇ। ਅਚਾਨਕ ਉਨ੍ਹਾਂ ਨੂੰ ਅਕਾਸ਼ਬਾਣੀ ਹੋਈ ਕੇ ਹੇ ਮੂਰਖੋ! ਸੂਰਮਿਆਂ ਦੀ ਮੌਤ ਤੇ ਕੋਣ ਰੋਦਾਂ ਹੈ ਇਸ ਦੀ ਲਾਸ਼ ਨੂੰ ਇਥੇ ਹੀ ਦਫ਼ਨਾ ਦਿਓ ਅਤੇ ਇਸ ਦਾ ਘੋੜਾ ਅਤੇ ਹੋਰ ਨਿਸ਼ਾਨੀਆ ਵਾਪਸ ਲੈ ਜਾਓ ਅਤੇ ਰਾਣੀ ਨੂੰ ਸੂਚਨਾ ਦੇ ਦਿਓ। ਸੇਵਕਾਂ ਨੇ ਪੰਨੂ ਨੂੰ ੳਥੇ ਹੀ ਦਫਨਾ ਦਿੱਤਾ ਅਤੇ ਉਸ ਦਾ ਘੋੜਾ ਅਤੇ ਬਸਤ੍ਰ ਲੈ ਕੇ ਸੱਸੀ ਨੂੰ ਜਾ ਸੁਨੇਹਾ ਦਿੱਤਾ। ਸੁਣਦੇ ਸਾਰ ਹੀ ਸੱਸੀ ਵੀ ਉਥੇ ਨੂੰ ਹੀ ਚੱਲ ਪਈ ਜਿਥੇ ਉਸ ਦਦੇ ਸਿਰ ਦਾ ਸਾਂਈ ਮਰਿਆ ਸੀ। ਆਪਣੀ ਕੀਤੀ ਹੋਈ ਪ੍ਰਤਿਗਿਆ ਨੂੰ ਤੋੜ ਨਿਭਾਉਣ ਦੀ ਖਾਤਰ ਸੱਸੀ ਵੀ ਉਸੇ ਕਬਰ ਵਿੱਚ ਹੀ ਲੀਨ ਹੋ ਗਈ। ਸੱਸੀ ਨੇ ਆਪਣੇ ਪ੍ਰੀਤਮ ਲਈ ਆਪਾ ਕੁਰਬਾਨ ਕਰ ਦਿੱਤਾ ਅਤੇ ਉਸ ਨੂੰ ਲੈ ਕੇ ਦੇਵ ਲੋਕ ਵਿੱਚ ਚਲੀ ਗਈ ਜਿਥੇ ਇੰਦਰ ਨੇ ਉਸ ਦਾ ਮਾਣ-ਤਾਣ ਹੀ ਨਹੀ ਕੀਤਾ ਸਗੋਂ ਅੱਧਾ ਸਿੰਘਾਸਣ ਵੀ ਦੇ ਦਿੱਤਾ।
ਇਥੇ ਸ੍ਰੀ ਚਰਿਤ੍ਰੋਪਾਖਿਆਨ 108ਵੇਂ ਚਰਿਤ੍ਰ, ਜਿਸ ਦੇ ਕੁਲ 51 ਛੰਦ ਹਨ ਦੀ ਸਮਾਪਤੀ ਹੁੰਦੀ ਹੈ। ਹੁਣ ਸੁਰੂ ਹੁੰਦੀ ਹੈ ਕਹਾਣੀ ਦੇ ਅੱਗਲੇ ਹਿਸੇ, 58 ਛੰਦਾਂ ਵਾਲੇ ਚਰਿਤ੍ਰ 109ਵੇਂ ਦੀ। (ਪੰਨਾ 959)
ਜਦੋ ਸੱਸੀ ਅਤੇ ਪੰਨੂ ਦੀ ਮੌਤ ਦਾ ਕੇਸ ਧਰਮ ਰਾਜ ਦੀ ਕਚਿਹਰੀ ਵਿੱਚ ਪੁੱਜਾ ਤਾਂ ਉਸ ਨੇ ਸਾਰੀ ਫਾਈਲ ਨੂੰ ਵੇਖਿਆ। ਧਰਮ ਰਾਜ ਇਸ ਨਤੀਜੇ ਤੇ ਪੁੱਜਾ ਕੇ ਜਿਵੇ ਸੌਂਕਣ-ਸਾੜੇ ਵੱਸ ਹੋਕੇ ਸੱਸੀ ਦੀ ਸੌਂਕਣ ਨੇ ਆਪਣੇ ਪਤੀ ਨੂੰ ਹੀ ਕਤਲ ਕਰਵਾ ਦਿੱਤਾ। ਇਸ ਲਈ ਉਸ ਇਸਤਰੀ ਨੂੰ ਵੀ ਅਜੇਹੀ ਹੀ ਸਜਾ ਦੇਣੀ ਚਾਹੀ ਦੀ ਹੈ। ਯਮਰਾਜ ਦੇ ਦਰਵਾਰ ਦੀ ਇੱਕ ਵੇਸਵਾ ਉਰਬਸੀ, ਨੂੰ ਇਹ ਜਿਮੇਵਾਰੀ ਸੌਂਪੀ ਗਈ। ਉਸ ਨਾਚੀ ਨੇ ਮਰਦ ਦਾ ਭੇਸ ਬਣਾ ਲਿਆ। ਉਸ ਨੇ ਇੱਕ ਬਹੁਤ ਹੀ ਕੀਮਤੀ (10, 000 ਟੱਕੇ ਦਾ) ਘੋੜਾ ਖਰੀਦਿਆ। ਆਪ ਵੀ ਬੁਹਤ ਹੀ ਕੀਮਤੀ ਬਸਤ੍ਰ ਅਤੇ ਗਹਿਣੇ ਧਾਰਨ ਕੀਤੇ। ਅੱਖਾਂ ਵਿੱਚ ਸੁਰਮਾ ਪਾਉਣ ਦੇ ਨਾਲ-ਨਾਲ ਹੋਰ ਵੀ ਹਾਰ-ਸਿੰਗਾਰ ਕੀਤੇ। ਉਸ ਨੇ ਐਸੇ-ਐਸੇ ਸ਼ਸ਼ਤ੍ਰ ਧਾਰਨ ਕੀਤੇ, ਕੇ ਵੇਖਣ ਵਾਲਿਆਂ ਨੂੰ ਕ੍ਰਿਸ਼ਨ ਦਾ ਹੀ ਭੁਲੇਖਾ ਪੈ ਰਿਹਾ ਸੀ। ਉਸ ਨੇ ਮੱਥੇ ਤੇ ਕੇਸਰ ਲਾਇਆ ਅਤੇ ਪਾਨ ਚਬਾਉਦੇ ਹੋਏ ਦਾ ਕਵੀ ‘ਰਾਮ’ ਨੇ ਇਜ ਬਿਆਨ ਕੀਤਾ ਹੈ।
ਝੂਮਕ ਦੈਤ ਝੁਕੈ ਝੁਮਕੇ ਕਬਿ ਰਾਮ ਸੁ ਭਾਵ ਭਲੋ ਲਖਿ ਪਾਯੋ। 19.
ਇਸ ਤਰ੍ਹਾਂ ਦਾ ਭੇਸ ਬਣਾਕੇ ਉਹ ਉਥੇ ਆ ਪੁਹੰਚੀ ਜਿਥੇ ਸੱਸੀ ਦੀ ਸੌਕਣ ਨੇ ਆਪਣੇ ਪਤੀ ਨੂੰ ਮਰਵਾ ਕੇ ਰਾਜ ਛੱਤਰ ਆਪਣੇ ਪੁੱਤਰ ਦੇ ਸਿਰ ਧਰਿਆ ਸੀ। ਸੱਸੀ ਦੀ ਸੌਕਣ ਸੋਚਦੀ ਸੀ ਕੇ ਹੁਣ ਮੇਰੇ ਕੋਲ ਧਨ ਦੌਲਤ ਦੀ ਕੋਈ ਕਮੀ ਨਹੀ ਹੈ। ਮੈ ਆਪਣੀ ਮਰਜੀ ਦੀ ਮਾਲਕ ਹਾਂ। ਪੰਨੂ ਭਾਵੇਂ ਮੈਨੂੰ ਪਿਆਰ ਨਹੀ ਸੀ ਕਰਦਾ ਪਰ ਹੁਣ ਮੈ ਆਪਣੀ ਮਰਜੀ ਦੇ ਮਰਦ ਨੂੰ ਆਪਣੇ ਕੋਲ ਬੁਲਾ ਸਕਦੀ ਹਾਂ।
ਇਹ ਭੇਦ ਪਾਕੇ ਉਰਬਸੀ ਆਪਣੇ ਸਾਰੇ ਹਾਰ-ਸ਼ਿਗਾਰ ਕਰਕੇ ਘੋੜੇ ਤੇ ਸਵਾਰ ਹੋਕੇ ਨਿਕਲ ਪਈ। ਉਸ ਦੀ ਸ਼ੋਭਾ ਦੇਖ ਕੇ ਚੰਦ ਨੂੰ ਵੀ ਲੱਜਾ ਆ ਰਹੀ ਸੀ। ਸਾਰੇ ਦੇਵ ਅਤੇ ਦੈਤ ਉਸ ਤੇ ਰੀਜ ਰਹੇ ਸਨ। ਇਹ ਦੇਖ ਕੇ ਕਵੀ ਸਿਆਮ ਕਹਿੰਦਾ ਹੈ ਮਾਨੋ ਇਹ ਮਾਤ ਲੋਕ ਦੀਆਂ ਇਸਤਰੀਆਂ ਦੇ ਮਨ ਨੂੰ ਮੋਹਣ ਆਈ ਹੈ।
ਸੑਯਾਮ ਭਨੈ ਮਹਿ ਲੋਕ ਕੀ ਮਾਨਹੁ ਮਾਨਨਿ ਕੋ ਮੁਨ ਮੋਹਨੁ ਅਯੋ। 32.
ਉਰਬਸੀ ਨੂੰ ਦੇਖ ਕੇ ਸੱਸੀ ਦੀ ਸੌਕਣ ਬੁਹਤ ਹੀ ਪ੍ਰਸੰਨ ਹੋਈ। ਉਸ ਦਾ ਰੂਪ ਦੇਖ ਕੇ ਰਾਣੀ ਆਪਣੀ ਸੁਧ-ਬੁਧ ਹੀ ਭੁਲ ਗਈ। ਰਾਣੀ ਨੇ ਆਪਣੇ ਦੂਤਾਂ ਰਾਹੀ ਉਸ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਉਸ ਨੇ ਵੀ ਰਾਣੀ ਦਾ ਸੱਦਾ ਪ੍ਰਵਾਨ ਕਰ ਲਿਆ। ਹੁਣ ਰਾਣੀ ਉਸ ਨੂੰ ਪੁਛਦੀ ਹੈ ਕਿ ਤੂੰ ਕੌਣ ਹੈ? ਤੂੰ ਸੂਰਜ ਹੈ ਜਾਂ ਚੰਦ੍ਰਮਾ, … ਤੁੰ ਗਣੇਸ਼ ਹੈ ਜਾਂ ਮਹੇਸ਼। ਤੁੰ ਕਿਸ ਰਾਜੇ ਦਾ ਪੁਤਰ ਹੈ, ਤੂੰ ਕਿਸ ਕੰਮ ਲਈ ਸਾਡੇ ਦੇਸ ਆਇਆ ਹੈ?
ਉਰਬਸੀ ਨੇ ਉਤਰ ਦਿੱਤਾ, ਮੈ ਨਾ ਗਣੇਸ਼ ਹਾਂ ਨਾ ਮਹੇਸ਼ ਹਾਂ, … ਨਾ ਇੰਦਰ ਹਾਂ ਨਾ ਕ੍ਰਿਸ਼ਨ ਹਾਂ। ਮੈ ਦੱਖਣ ਦੇਸ ਦੇ ਰਾਜੇ ਦਾ ਪੁੱਤਰ ਹਾਂ ਅਤੇ ਮੇਰਾ ਨਾਮ ਹੈ ਮੋਹਣ। ਮੈ ਆਪਣੇ ਸੌਹਰੇ ਘਰ ਜਾਂ ਰਿਹਾ ਸੀ ਤੇਰੀ ਸ਼ੋਭਾ ਸੁਣ ਕੇ ਤੇਰੇ ਦਰਸ਼ਨਾਂ ਲਈ ਆਇਆ ਹਾਂ। ਤੁਸੀ ਸੁਖੀ ਵਸੋ। ਹੁਣ ਤੁਸੀ ਮੈਨੂੰ ਵਿਦਾ ਕਰੋ ਤਾਂ ਜੋ ਮੈ ਆਪਣੇ ਸੌਹਰੇ ਘਰ ਜਾਂਵਾ।
ਵਿਦਾ ਹੋਣ ਦੀ ਗਲ ਸੁਣਦੇ ਸਾਰ ਹੀ ਰਾਣੀ ਦਾ ਗੁਲਾਬ ਵਾਂਗ ਖਿੜਿਆ ਹੋਇਆ ਚੇਹਰਾ ਪੀਲ਼ਾ ਭੁਕ ਹੋ ਗਿਆ। ਉਹ ਬੇਚੈਨ ਹੋ ਗਈ। ਰਾਣੀ ਨੇ ਉਸ ਨੂੰ ਬੇਨਤੀ ਕੀਤੀ ਕੇ ਕੁੱਝ ਦਿਨ ਤਾਂ ਹੋਰ ਰੁਕੋ। ਹੱਸ-ਹੱਸ ਗੱਲਾਂ ਕਰੋ। ਸੌਹਰਿਆਂ ਦਾ ਏਨਾ ਮੋਹ ਕਿਓ ਕਰਦਾ ਹੈ? ਇਥੇ ਦਾ ਰਾਜ ਲੈ ਲਵੋ। ਤੈਨੂੰ ਵੇਖਦੇ ਹੀ ਮੈ ਸੁਧ-ਬੁਧ ਭੁਲ ਗਈ ਹਾਂ ਮੇਰੀ ਭੁਖ-ਪਿਆਸ ਖਤਮ ਹੋ ਗਈ ਹੈ। ਆਓ, ਮੇਰੀ ਸੇਜ ਨੂੰ ਭਾਗ ਲਾਓ। ਮੈ ਦਾਸੀ ਬਣ ਕੇ ਤੇਰੀ ਸੇਵਾ ਕਰਾਗੀ। ਛੱਡ, ਕਮਲ਼ਾ ਨਾ ਹੋਵੇ ਤਾਂ! ਆਪਣੇ ਸੁਹਰੀ ਜਾਂ ਕੇ ਤੈ ਕੀ ਲੈਣਾ?
ਉਰਬਸੀ (ਮੋਹਣ) ਨੇ ਕਿਹਾ ਹੇ ਸੁੰਦਰੀ, ਮੈ ਆਪਣਾ ਧਰਮ ਨਸ਼ਟ ਨਹੀ ਕਰਨ ਚਾਹੁੰਦਾ। ਤੂੰ ਆਪਣੇ ਮਹੱਲਾਂ ਵਿੱਚ ਸੁਖੀ ਵਸ। ਤੂੰ ਕਿਓ ਮੇਰੇ ਪਿਛੇ ਹੀ ਪੈ ਗਈ ਹੈ? ਰਾਣੀ ਵਲੋ ਵਾਰ-ਵਾਰ ਬੇਨਤੀਆਂ ਕਰਨ ਤੇ ਮੋਹਣ ਨੇ ਕਿਹਾ ਕਿ ਸਾਡੀ ਰੀਤ ਹੈ ਕਿਸੇ ਦੇ ਘਰ ਜਾਣਾ ਨਹੀ ਅਤੇ ਜੋ ਚੱਲ ਕੇ ਸਾਡੇ ਘਰ ਆ ਜਾਵੇ ਉਸ ਨੂੰ ਸੁੱਕਾ ਛੱਡਣਾ ਨਹੀ। ਇਹ ਸੁਣਦੇ ਹੀ ਰਾਣੀ ਦੇ ਚੇਹਰੇ ਤੇ ਰੌਣਕ ਆ ਗਈ ਅਤੇ ਉਹ ਮੋਹਣ ਦੇ ਘਰ ਜਾਣ ਨੂੰ ਤਿਆਰ ਹੋ ਗਈ। ਉਸ ਨੇ ਕਿਹਾ ਹੇ ਪ੍ਰੀਤਮ ਮੈ ਤਾਂ ਤੈਨੂੰ ਮਿਲਣ ਲਈ ਸੱਤ ਸਮੁੰਦਰ ਪਾਰ ਕਰਕੇ ਵੀ ਆਉਣ ਲਈ ਤਿਆਰ ਹਾਂ। ਗੱਲਾਂ-ਗੱਲਾਂ ਵਿੱਚ ਹੀ ਰਾਤ ਪੈ ਗਈ ਅਤੇ ਰਾਣੀ ਨੇ ਉਸ ਨੂੰ ਘਰ ਭੇਜ ਦਿੱਤਾ। ਆਪ ਵੀ ਹਾਰ-ਸਿੰਗਾਰ ਕਰਨ ਲੱਗ ਪਈ।
ਮੋਹਣ ਨੇ ਆਪਣੇ ਘਰ ਆਕੇ ਆਪਣੀ ਤਿਆਰੀ ਆਰੰਭ ਦਿੱਤੀ। ਉਸ ਨੇ ਵੀ ਸੁੰਦਰ ਭੇਸ ਬਣਾ ਲਿਆ। ਉਸ ਨੇ ਇੱਕ ਗੁਥਲੀ ਵਿੱਚ ਸਿੱਕੇ ਭਰ ਕੇ ਉਸ ਉਪਰ ਮੋਮ ਦਾ ਲੇਪ ਕਰਕੇ ਚਪਟੀ ਬਣਾ ਲਈ (ਚਪਟੀ - ਸੰਗ੍ਯਾ-ਬਣਾਉਟੀ ਜਨਨੇਂਦ੍ਰਿਯ (ਲਿੰਗ) ਦੇਖੋ ਚਰਿਤ੍ਰ 109 ਛੰਦ 52, ਮਹਾਨਕੋਸ਼) ਅਤੇ ਉਸ ਨੂੰ ਆਪਣੇ ਕਾਮ ਆਸਣ ਉਤੇ ਕੱਸ ਕੇ ਬੰਨ ਲਿਆ।
ਟਕਿਯਨ ਕੀ ਚਪਟੀ ਉਰਬਸੀ ਮੋਮ ਮਾਰਿ ਆਸਨ ਸੌ ਕਸੀ। 52.
ਮੋਹਨ ਨੇ ਚਪਟੀ ਉਪਰ ਵਿਸ਼ ਦਾ ਲੇਪ ਕਰ ਲਿਆ, ਜਦੋ ਰਾਣੀ ਉਸ ਦੇ ਘਰ ਆਈ ਤਾਂ ਉਹ ਵਿਆਕੁਲ ਹੋਈ ਉਸ ਨਾਲ ਲਿਪਟ ਗਈ। ਰਾਣੀ ਉਰਬਸੀ ਨੂੰ ਮੋਹਨ ਸਮਝ ਕੇ ਉਸ ਨਾਲ ਸੁਖ ਹਾਸਲ ਕਰਦੀ ਰਹੀ ਅਤੇ ਕਾਮ ਵਿੱਚ ਅੰਨੀ ਹੋਈ ਚਪਟੀ ਦੇ ਭੇਦ ਨੂੰ ਵੀ ਨਾ ਸਮਝ ਸਕੀ। ਜਦੋ ਉਸ ਨੇ ਬੁਹਤ ਸੁਖ ਪ੍ਰਾਪਤ ਕਰ ਲਿਆ ਤਾਂ ਜ਼ਹਿਰ ਚੜ੍ਹਨ ਕਾਰਨ ਉਹ ਜਮ ਦੇ ਦਰਬਾਰ ਵਿੱਚ ਜਾਂ ਪੁਜੀ। ਰਾਣੀ ਨੂੰ ਮਾਰ ਕੇ ਉਰਬਸੀ ਵੀ ਕਾਲ ਦੀ ਸਭਾ ਵਿੱਚ ਜਾਂ ਹਾਜਰ ਹੋਈ। ਕਾਲ ਨੇ ਉਸ ਨੂੰ ਕਿਹਾ ਕੇ ਤੂੰ ਮੇਰਾ ਬੁਹਤ ਵੱਡਾ ਕੰਮ ਕੀਤਾ ਹੈ। ਉਸ ਇਸਤਰੀ ਨੇ ਜਿਸ ਦੁਖ ਕਾਰਨ ਆਪਣਾ ਪਤੀ ਮਾਰਿਆ ਸੀ ਤੂੰ ਉਸ ਨੂੰ ਉਸੇ ਦੁਖ ਨਾਲ ਮਾਰ ਦਿੱਤਾ ਹੈ। ਧੰਨ-ਧੰਨ ਜਮਰਾਜ ਦੀ ਜੈ ਹੋ।
ਜਾ ਦੁਖ ਤੇ ਜਿਨਿ ਇਸਤ੍ਰਿਯਹਿ ਨਿਜੁ ਪਤਿ ਹਨ੍ਯੋ ਰਿਸਾਇ।
ਤਿਸੀ ਦੋਖ ਮਾਰਿ੍ਯੋ ਤਿਸੈ ਧੰਨ੍ਯ ਧੰਨ੍ਯ ਜਮ ਰਾਇ। 58.
ਕੀ ਇਹ ਕਥਾ ਪ੍ਰਚੱਲਤ ਕਹਾਣੀ ਦੇ ਅਨੂੰਸਾਰ ਹੀ ਹੈ?
ਖਾਲਸਾ ਜੀ ਜਾਗੋ! ਇਹ ਹੈ ਕਵੀ ਰਾਮ–ਸਾੑਯਮ ਵਲੋ ਲਿਖੀ ਗਈ ‘ਕੰਜਰ ਕਵਿਤਾਂ’ `ਚ ਲਈਆਂ ਗਈਆਂ ਉਨ੍ਹਾਂ ਕੁੱਝ ਪੰਗਤੀਆਂ ਦੀ ਅਸਲੀਅਤ, ਜਿਸ ਨੂੰ ਕਈ ਜਥੇ ਅਨੰਦ ਕਰਜ ਵੇਲੇ, ਗੁਰੂ ਗ੍ਰੰਥ ਸਾਹਿਬ ਦੀ ਦੀ ਹਜੂਰੀ ਵਿੱਚ ਹੇਕਾਂ ਲਾ-ਲਾ ਕੇ ਪੜ੍ਹਦੇ ਹਨ ਅਤੇ ਸੰਗਤਾਂ ਵੀ ਆਪਣੀ ਮਾਇਆ ਨੂੰ ਸਫਲਾਂ ਕਰਦੀਆਂ ਹਨ। ਪਰ ਜਦੋ ਕਿਸੇ ਪ੍ਰਚਾਰਕ ਨੂੰ ਸਵਾਲ ਪੁਛੋ ਤਾਂ ਉਹ ਖਚਰੀ ਜਿਹੀ ਹਾਸੀ ਹੱਸ ਕੇ ਸਾਰ ਦਿੰਦੇ ਹਨ। ਇਨ੍ਹਾਂ ਵਿਚਾਰੇ ਪ੍ਰਚਾਰਕਾਂ ਦਾ ਵੀ ਕੀ ਦੋਸ਼, ਜਿਨ੍ਹਾਂ `ਚ ਬੁਹ ਗਿਣਤੀ ਤਾਂ (ਸਾਰੇ ਨਹੀਂ) ਰੋਟੀ ਖਾਤਰ ਹੀ ਬਾਜੇ ਢੋਲਕੀਆਂ ਬਜਾਂਉਦੇ ਹਨ। ਜਦੋ ਕੇ ਆਪਣੇ ਆਪ ਨੂੰ ਜਥੇਦਾਰ ਅਤੇ ਸਿੰਘ ਸਾਹਿਬ ਅਖਵਾਉਣ ਵਾਲੇ ਵੀ ਇਸ ਚਰਿਤ੍ਰੋਪਾਖਿਆਨ (ਕੰਜਰ ਕਵਿਤਾ) ਅੱਗੇ ਨੱਕ ਰਗੜੀ ਜਾਂਦੇ ਹਨ ਅਤੇ ਇਸ ਦੇ ਅਖੰਡ ਪਾਠ (ਭੇਟਾ ਸਿਰਫ 4100ਰੁ:) ਕਰੀ/ਕਰਵਾਈ ਜਾਂਦੇ ਹਨ।




.