.

ਗੁਰਬਾਣੀ ਅਤੇ ਇਤਿਹਾਸ ਦੀ ਰੋਸ਼ਨੀ ਵਿੱਚ --
ਪ੍ਰਬਲ ਪ੍ਰਕ੍ਰਿਤਕ ਪ੍ਰੇਰਨਾ:
ਕ੍ਰੋਧ
ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ॥
ਬਿਖਯੰਤ ਜੀਵੰ ਵਸ੍ਯ੍ਯੰ ਕਰੋਤਿ ਨਿਰਤ੍ਯ੍ਯੰ ਕਰੋਤਿ ਜਥਾ ਮਰਕਟਹ॥
ਅਨਿਕ ਸਾਧਨ ਜਮਦੂਤਹ ਤਵ ਸੰਗੇ ਅਧਮੰ ਨਰਹ॥
ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ ਸਰਬ ਜੀਅ ਰਖ੍ਯ੍ਯਾ ਕਰੋਤਿ॥ ੪੭॥ (੧੩੫੮)

ਅਰਥ: ਹੇ ਝਗੜੇ ਦੇ ਮੁੱਢ ਕ੍ਰੋਧ! ਤੇਰੇ ਅੰਦਰ ਕਦੇ ਦਇਆ ਨਹੀ ਪੈਦਾ ਹੁੰਦੀ। ਤੂੰ ਵਿਸ਼ਈ ਜੀਵਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈਂ। ਤੇਰੇ ਵੱਸ ਵਿੱਚ ਆਇਆ ਜੀਵ ਬਾਂਦਰ ਵਾਂਗ ਨੱਚਦਾ ਹੈ। ਤੇਰੀ ਸੰਗਤ ਵਿੱਚ ਜੀਵ ਨੀਚ ਸੁਭਾ ਵਾਲੇ ਬਣ ਜਾਂਦੇ ਹਨ। ਜਮਦੂਤ ਉਹਨਾਂ ਨੂੰ ਅਨੇਕਾਂ ਹੁਕਮ ਤੇ ਦੰਡ ਦਿੰਦੇ ਹਨ। ਹੇ ਨਾਨਕ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਦਿਆਲ ਪ੍ਰਭੂ ਹੀ ਇਸ ਕ੍ਰੋਧ ਤੋਂ ਸਭ ਜੀਵਾਂ ਦੀ ਰੱਖਿਆ ਕਰਦਾ ਹੈ।
ਭਾਵ: ਬਲੀ ਕ੍ਰੋਧ ਦੇ ਵੱਸ ਵਿੱਚ ਆ ਕੇ ਮਨੁੱਖ ਕਈ ਝਗੜੇ ਖੜ੍ਹੇ ਕਰ ਲੈਂਦਾ ਹੈ ਤੇ ਆਪਣਾ ਜੀਵਨ ਦੁਖੀ ਬਣਾ ਲੈਂਦਾ ਹੈ। ਇਸ ਦੀ ਮਾਰ ਤੋਂ ਬਚਣ ਲਈ ਭੀ ਪਰਮਾਤਮਾ ਦੀ ਸ਼ਰਨ ਹੀ ਇਕੋ ਇੱਕ ਵਸੀਲਾ ਹੈ।
ਦੁਨੀਆ ਦੇ ਹਰ ਪ੍ਰਕਾਰ ਦੇ ਝਗੜਿਆਂ ਦਾ ਮੂਲ ਕ੍ਰੋਧ ਹੈ। ਜਦੋਂ ਮਨੁਖ ਦੀ ਮਨ ਚਿਤਵੀ ਮਨਸ਼ਾ ਪੂਰੀ ਨਹੀ ਹੁੰਦੀ ਤਾਂ ਉਹ ਜਬਰਦਸਤੀ ਉਸਦੀ ਪੂਰਤੀ ਕਰਨੀ ਚਾਹੁੰਦਾ ਹੈ। ਜਦੋਂ ਉਸਦੇ ਰਸਤੇ ਵਿੱਚ ਕੋਈ ਅੜਿਕਾ ਪਾਉਣ ਦਾ ਯਤਨ ਕਰਦਾ ਹੈ ਤਾਂ ਉਸ ਵਿਅਕਤੀ ਉਸਨੂੰ ਕ੍ਰੋਧ ਆਉਂਦਾ ਹੈ। ਕੁੱਝ ਸਿਆਣਿਆ ਦਾ ਮੱਤ ਹੈ ਕਿ ਮਨੁਖ ਦੀਆਂ ਮੁਢਲੀਆਂ ਪ੍ਰਬਲ ਪ੍ਰਾਕ੍ਰਿਤਕ ਪ੍ਰੇਰਨਾਵਾਂ ਵਿਚੋਂ ਮੁਢਲੀ, ਅਰਥਾਤ ਕਾਮ ਦੀ ਜਦੋਂ ਪੂਰਤੀ ਨਹੀ ਹੁੰਦੀ ਤਾਂ ਮਨੁਖ ਉਪਰ ਕ੍ਰੋਧ ਹਾਵੀ ਹੋ ਜਾਂਦਾ ਹੈ। ਉਸ ਕ੍ਰੋਧਤ ਸਮੇ ਮਨੁਖ ਕਿਸੇ ਦਾ ਘਾਣ ਵੀ ਕਰ ਸਕਦਾ ਹੈ। ਕਿੰਨੇ ਹੀ ਜੰਗ ਯੁਧ ਦੁਨੀਆਂ ਉਪਰ ਹੋਏ ਤੇ ਹੋ ਰਹੇ ਹਨ; ਇਹਨਾ ਜੰਗਾਂ ਦਾ ਕਾਰਨ ਤਿੰਨ ਜ਼, ਭਾਵ ਜ਼ਰ, ਜ਼ੋਰੂ ਤੇ ਜ਼ਮੀਨ ਪਿੱਛੇ ਹੀ ਹੋਏ, ਸਿਆਣੇ ਮੰਨਦੇ ਹਨ। ਇਹਨਾਂ ਤਿੰਨਾਂ ਚੀਜਾਂ ਦੀ ਪ੍ਰਾਪਤੀ ਦੇ ਰਸਤੇ ਵਿੱਚ ਜਦੋਂ ਕੋਈ ਰੁਕਾਵਟ ਬਣਦਾ ਹੈ ਤਾਂ ਜਾਬਰ ਪੁਰਸ਼ ਉਪਰ ਕ੍ਰੋਧ ਹਾਵੀ ਹੋ ਜਾਂਦਾ ਹੈ। ਫਿਰ ਉਹ ਹਿੰਸਕ ਹੋ ਕੇ ਉਸ ਰੁਕਾਵਟ ਨੂੰ ਦੂਰ ਕਰਨ ਦਾ ਯਤਨ ਕਰਦਾ ਹੈ। ਸਿੱਖ ਇਤਿਹਾਸ ਕੀ ਹੈ? ਭਗਤ ਕਬੀਰ ਜੀ ਦੇ ਸਬਦਾਂ ਵਿੱਚ “ਉਹ ਗਰੀਬ ਮੋਹਿ ਭਾਵੈ॥” ਦੇ ਨਤੀਜਿਆਂ ਦਾ ਵਿਸਥਾਰ। ਸਮੇ ਦੇ ਜਾਬਰ ਹਾਕਮਾਂ ਦੇ ਜ਼ੁਲਮਾਂ ਦੇ ਖ਼ਿਲਾਫ਼ ਭਗਤਾਂ, ਗੁਰੂ ਸਾਹਿਬਾਨ ਅਤੇ ਉਹਨਾਂ ਦੇ ਸਿਦਕੀ ਸਿੱਖਾਂ ਨੇ ਸਟੈਂਡ ਲਿਆ ਅਤੇ ਸਮੇ ਦੇ ਜਾਬਰ ਨੂੰ ਇਹ ਭਾਇਆ ਨਾ। ਸ਼ਾਤਮਈ ਸ਼ਹੀਦੀਆਂ ਦੇ ਨਾਲ਼ ਹਥਿਆਰਬੰਦ ਜਦੋ ਜਹਿਦ ਵੀ, ਛੇਵੇਂ ਪਾਤਿਾਸ਼ਾਹ ਜੀ ਦੇ ਸਮੇ ਤੋਂ ਹੁਣ ਤੱਕ, ਜ਼ਾਲਮ ਜੋਰਾਵਰਾਂ ਦੇ ਖ਼ਿਲਾਫ਼, ਸੱਚਾ ਖ਼ਾਲਸਾ ਜੂਝਦਾ ਆਇਆ ਹੈ। ਇਤਿਹਾਸ ਵਿੱਚ ਇਹ ਵਾਰਤਾ ਪ੍ਰਤੱਖ ਹੈ।
ਸਿਖ ਪੰਥ ਦੇ ਇਤਿਹਾਸ ਤੋਂ ਇਲਾਵਾ ਵੀ ਅਸੀ ਭਾਰਤ ਜਾਂ ਦੁਨੀਆਂ ਦੇ ਇਤਿਹਾਸ ਤੇ ਨਿਗਾਹ ਮਾਰੀਏ ਤਾਂ ਸਾਨੂੰ ਇਹੋ ਹੀ ਦਿਸਦਾ ਹੈ ਕਿ ਜੋ ਵੀ ਲੜਾਈ ਭਿੜਾਈ ਹੋਈ, ਸਭ ਕ੍ਰੋਧ ਦੇ ਅਧੀਨ ਹੀ ਹੋਈ। ਕਈ ਵਾਰੀਂ ਮਾਮੂਲੀ ਗੱਲ ਤੋਂ ਵੀ ਝਗੜਾ ਹੋ ਜਾਂਦਾ ਹੈ। ਇੱਕ ਪੁਰਸ਼ ਨੇ, ਆਪਣੇ ਸੁਭਾ ਮੁਤਾਬਿਕ, ਕਿਸੇ ਨੂੰ ਸਹਿਜ ਸੁਭਾ ਮਖੌਲ ਕਰ ਦਿਤਾ ਤਾਂ ਦੂਜਾ ਲੋਹਾ ਲਾਖਾ ਹੋ ਗਿਆ। ਇਸ ਤੋਂ ਝਗਵਾ ਛਿੜ ਪਿਆ। ਫਿਰ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਜੋ ਵਿਅਕਤੀ ਹਰੇਕ ਨੂੰ ਮਖੌਲ ਕਰਨ ਦਾ ਆਦੀ ਹੋਵੇ, ਜਦੋਂ ਕੋਈ ਉਸਨੂੰ ਮਖੌਲ ਕਰੇ ਤਾਂ ਉਹ ਅੱਗੋਂ ਕ੍ਰੋਧ ਕਰ ਬੈਠਦਾ ਹੈ। ਦੁਨੀਆਂ ਵਿੱਚ ਦੁਨਿਆਵੀ ਰਿਸ਼ਤਿਆਂ ਦਰਮਿਆਨ ਵੀ ਟਿਚਕਰਬਾਜ਼ੀ ਚੱਲੀ ਹੀ ਆਈ ਹੈ। ਵਿਆਹ ਸਮੇ ਕੁੜਮਾਂ ਤੇ ਜਾਂਞੀਆਂ ਨੂੰ ਸਿੱਠਣੀਆਂ ਦੇ ਰੂਪ ਵਿੱਚ ਮਖੌਲ ਕਰਨ ਦਾ ਪੁਰਾਣੇ ਸਮੇ ਵਿੱਚ ਰਿਵਾਜ ਸੀ। ਭਰਜਾਈ ਤੇ ਸਾਲੀ ਦੇ ਥਾਂ ਲੱਗਣ ਵਾਲ਼ੀਆਂ ਬੀਬੀਆਂ ਵੀ ਦੇਰਾਂ, ਜੇਠਾਂ, ਜੀਜਿਆਂ ਨੂੰ ਮਖੌਲ ਕਰ ਲਿਆ ਕਰਦੀਆਂ ਸਨ। ਅਜਿਹਾ ਹੀ ਮਖੌਲ ਕਰ ਬੈਠੀ ਦ੍ਰੋਪਦੀ, ਆਪਣੇ ਦੇਰ ਦੁਰਯੋਧਨ ਨੂੰ। ਨਤੀਜੇ ਵਜੋਂ ਮਹਾਂਭਾਰਤ ਮਚ ਗਿਆ। ਗੱਲ ਤਾਂ ਮਾਮੂਲੀ ਸੀ ਪਰ ਦੁਰਯੋਧਨ ਆਪਣੀ ਤਾਕਤ ਦੇ ਅਹੰਕਾਰ ਵਿੱਚ ਕ੍ਰੋਧਵਾਨ ਹੋ ਗਿਆ ਤੇ ਨਤੀਜਾ ਏਨਾ ਭਿਆਨਕ ਨਿਕਲ਼ਿਆ ਕਿ ਭਾਰਤ ਦੀ ਸਾਰੀ ਸਭਿਅਤਾ ਤਬਾਹ ਹੋ ਗਈ।
ਗੁਰਬਾਣੀ ਵਿੱਚ ਕਾਮ ਅਤੇ ਕ੍ਰੋਧ ਦੀ ਪ੍ਰਬਲਤਾ ਵਾਲੇ ਵਿਆਕਤੀ ਨੂੰ ਸੰਬੋਧਨ ਕਰਦੇ ਹੋਏ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਫੁਰਮਾਉਂਦੇ ਹਨ:
ਕਾਮੁ ਕ੍ਰੋਧੁ ਕਾਇਆ ਕਉ ਗਾਲੈ॥
ਜਿਉ ਕੰਚਨ ਸੋਹਾਗਾ ਢਾਲੈ॥ (੯੩੨)

ਅਰਥਾਤ ਜਿਵੇਂ ਸੋਨੇ ਨੂੰ ਸੁਹਾਗਾ ਢਾਲ ਦਿੰਦਾ ਹੈ ਏਸੇ ਤਰ੍ਹਾਂ ਹੀ ਇਹ ਦੋਵੇਂ ਦੋਖ ਮਨੁਖ ਦੇ ਸਰੀਰ ਤੇ ਆਤਮਾ ਨੂੰ ਕਮਜੋਰ ਕਰ ਦਿੰਦੇ ਹਨ। ਇੱਕ ਹੋਰ ਗੁਰਬਾਣਿ ਵਿੱਚ ਇਉਂ ਵੀ ਆਇਆ ਹੈ:
ਓਨਾ ਪਾਸ ਦੁਆਸ ਨ ਭਿਟੀਐ
ਜਿਨਾਂ ਅੰਤਰਿ ਕ੍ਰੋਧ ਚੰਡਾਲ॥

ਅਰਥਾਤ ਜਿਨ੍ਹਾਂ ਮਨੁਖਾਂ ਅੰਦਰ ਕ੍ਰੋਧ ਰੂਪੀ ਚੰਡਾਲ ਦਾ ਵਾਸਾ ਹੈ, ਉਹਨਾਂ ਦੇ ਨੇੜੇ ਵੀ ਨਹੀ ਜਾਣਾ ਚਾਹੀਦਾ।
ਇਕ ਨੀਤੀ ਦੇ ਗ੍ਰੰਥਕਾਰ ਨੇ ਕ੍ਰੋਧ ਨੂੰ ਜ਼ਹਿਰ ਨਾਲ਼ੋਂ ਵੀ ਵਧ ਖ਼ਤਰਨਾਕ ਦੱਸਦਿਆਂ ਇਉਂ ਆਖਿਆ ਹੈ:
ਕਾਲਕੂਟ ਅਰ ਕ੍ਰੋਧ ਕੋ, ਬੜੋ ਅੰਤਰੋ ਆਹਿ।
ਕ੍ਰੋਧ ਨਿਜ ਆਸਰੇ ਦਹੈ, ਬਿਖ ਨਹਿ ਨਿਜ ਆਸਰੇ ਦਾਹਿ।
ਮਤਲਬ ਕਿ ਜ਼ਹਿਰ ਤੇ ਕ੍ਰੋਧ ਵਿੱਚ ਬੜਾ ਫਰਕ ਹੈ। ਜਿਥੇ ਜ਼ਹਿਰ ਆਪਣੇ ਭਾਂਡੇ ਦਾ ਕੁੱਝ ਨਹੀ ਵਿਗਾੜਦਾ; ਸਿਰਫ ਪੀਣ ਵਾਲ਼ੇ ਦਾ ਹੀ ਕੂੰਡਾ ਕਰਦਾ ਹੈ। ਇਸ ਦੇ ਉਲ਼ਟ ਕ੍ਰੋਧ ਜਿਸ ਭਾਂਡੇ ਵਿੱਚ ਪੈਂਦਾ ਹੈ ਪਹਿਲਾਂ ਉਸਨੂੰ ਸਾੜਦਾ ਹੈ ਤੇ ਫਿਰ ਦੂਜੇ ਤੱਕ ਸੇਕ ਪੁਚਾਉਂਦਾ ਹੈ।
ਦੂਜੇ ਬੰਨੇ ਗੁਰੂ ਸਾਹਿਬਾਨ ਨੇ ਸਿੱਖਿਆ ਦੁਆਰਾ ਜੋ ਇਸਦਾ ਸੁਧਰਿਆ ਹੋਇਆ ਰੂਪ ਆਪਣੇ ਸਿੱਖਾਂ ਨੂੰ ਸਮਝਾਇਆ ਹੈ ਉਸਨੂੰ ਅਸੀਂ ਸਿੱਖ ਧਾਰਮਿਕ ਸ਼ਬਦਾਵਲੀ ਵਿੱਚ ‘ਜੋਸ਼’ ਆਖਦੇ ਹਾਂ। ਬਿਨਾ ਜੋਸ਼ ਤੋਂ ਅਸੀਂ ਆਪਣੇ ਸਵੈਮਾਣ, ਧਰਮ, ਇਜ਼ਤ, ਅਣਖ, ਮਾਣ, ਸਨਮਾਨ ਅਤੇ ਆਜ਼ਾਦੀ ਦੀ ਰਾਖੀ ਨਹੀ ਕਰ ਸਕਦੇ। ਕ੍ਰੋਧ ਦੇ ਅਧੀਨ ਹੋ ਕੇ ਨਿੱਕੀ ਨਿੱਕੀ ਗੱਲ ਤੋਂ ਐਵੇਂ ਹੀ ਸੰਪਰਕ ਵਿੱਚ ਆਉਣ ਵਾਲ਼ੇ ਜੀਵਾਂ ਨਾਲ਼ ਬਖੇੜੇ ਖੜ੍ਹੇ ਕਰੀ ਰੱਖਣੇ। ਬੇਸੂਦ ਲੜਾਈਆਂ ਲੜੀ ਜਾਣੀਆਂ ਕੇਵਲ ਆਪਣੀ ਸੂਰਮਗਤੀ ਵਿਖਾਉਣ ਲਈ; ਇਸਦਾ ਗੁਰਸਿੱਖੀ ਵਿੱਚ ਕੋਈ ਸਥਾਨ ਨਹੀ ਹੈ। ਮਨੁਖਾ ਜੀਵਨ ਕੋਈ ਏਨੀ ਸਸਤੀ ਵਸਤੂ ਨਹੀ ਕਿ ਇਸਨੂੰ ਜੀਵਨ ਦੇ ਹਰੇਕ ਦਾ ਉਪਰ ਜੂਏ ਵਾਂਗ ਲਗਾ ਦਿਤਾ ਜਾਵੇ ਪਰ ਏਨਾ ਮਹਿੰਗਾ ਵੀ ਨਹੀ ਕਿ ਸਵੈਮਾਨ ਜਾਂਦਾ ਵੇਖ ਕੇ ਵੀ, ਇਸ ਨਾਲ਼ ਮੋਹ ਕਰਕੇ ਹਰੇਕ ਤਰੀਕੇ ਨਾਲ਼ ਇਸਨੂੰ ਬਚਾਉਣ ਦਾ ਯਤਨ ਕੀਤਾ ਜਾਵੇ।
ਗੁਰੂ ਸਾਹਿਬਾਨ, ਭਗਤਾਂ, ਸੱਚੇ ਸੰਤਾਂ ਅਤੇ ਉਹਨਾਂ ਦੇ ਪੂਰਨਿਆਂ ਉਪਰ ਚੱਲਣ ਵਾਲੇ ਗੁਰਸਿੱਖਾਂ, ਸ਼ਹੀਦਾਂ ਆਦਿ ਨੇ ਸਮਾ ਆਉਣ ਉਤੇ ਜੋਸ਼ ਨੂੰ ਵਰਤਿਆ ਹੈ ਪਰ ਹੋਸ਼ ਨੂੰ ਕਾਇਮ ਰੱਖ ਕੇ। ਕ੍ਰੋਧ ਅਧੀਨ ਹੋ ਕੇ ਲੜ ਮਰਨ ਨੂੰ ਗੁਰੂ ਸਾਹਿਬਾਨ ਨੇ ਨਹੀ ਪਰਵਾਨਿਆ, ਬਲਕਿ ਮਾਰੂ ਰਾਗ ਵਾਲ਼ੀ ਵਾਰ ਦੀ, ਨੌਵੀ ਪਉੜੀ ਵਿਚ, ਸ੍ਰੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਇਉਂ ਹੈ:
ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ॥
ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ॥
ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖ ਪਾਵਹਿ॥
ਹਰਿ ਜੀਉ ਅਹੰਕਾਰੁ ਨ ਭਾਵਨੀ ਵੇਦ ਕੂਕ ਸੁਣਾਵਹਿ॥
ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰ ਆਵਹਿ॥ ੯॥ (੧੦੮੯)

ਅਰਥ: ਜੋ ਦੁਖ ਅਹੰਕਾਰ ਵਿੱਚ ਮਰਦੇ ਖਪਦੇ ਹਨ ਤੇ ਦੁਖ ਪਾਉਂਦੇ ਹਨ ਉਹਨਾਂ ਨੂੰ ਸੂਰਮੇ ਨਹੀ ਆਖਿਆ ਜਾ ਸਕਦਾ। ਉਹ ਅਹੰਕਾਰ ਵਿੱਚ ਅੰਨ੍ਹੇ ਆਪਣੀ ਅਸਲੀਅਤ ਨਹੀ ਪਛਾਣਦੇ ਅਤੇ ਮਾਇਆ ਦੇ ਮੋਹ ਵਿੱਚ ਖੁਆਰ ਹੁੰਦੇ ਹਨ। ਬੜੇ ਕ੍ਰੋਧ ਵਿੱਚ ਆ ਕੇ ਦੂਜਿਆਂ ਨਾਲ਼ ਲੜਦੇ ਹਨ। ਦੋਹਾਂ ਲੋਕਾਂ ਵਿੱਚ ਦੁਖ ਹੀ ਪਾਉਂਦੇ ਹਨ। ਧਾਰਮਿਕ ਗ੍ਰੰਥ ਵੀ ਉਚੀ ਆਵਾਜ਼ ਵਿੱਚ ਕਹਿੰਦੇ ਹਨ ਕਿ ਰੱਬ ਨੂੰ ਅਹੰਕਾਰ ਨਹੀ ਭਾਉਂਦਾ। ਅਹੰਕਾਰੀ ਪੁਰਸ਼ਾਂ ਦੀ ਗਤੀ ਨਹੀ ਹੁੰਦੀ। ਉਹ ਜਨਮ ਮਰਨ ਦੇ ਚੱਕਰ ਵਿੱਚ ਫਸੇ ਰਹਿੰਦੇ ਹਨ।
ਇਸਦੇ ਉਲ਼ਟ ਸੱਚੇ ਸੂਰਮਿਆਂ ਵੱਲੋਂ, ਸੱਚੇ ਕਾਜ਼ ਲਈ ਜੂਝ ਕੇ ਸ਼ਹੀਦੀ ਪ੍ਰਾਪਤ ਕਰ ਲੈਣ ਵਾਲ਼ੇ ਮਹਾਨ ਬਲੀਦਾਨ ਨੂੰ, ਮਹਾਂਰਾਜ ਜੀ ਪਰਵਾਨਗੀ ਬਖ਼ਸ਼ਦੇ ਹੋਏ ਇਉਂ ਆਖਦੇ ਹਨ:
ਮਰਣੁ ਮੁਣਸਾਂ ਸੂਰਿਆਂ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹ ਸਾਚੀ ਮਾਣੋ॥ (੫੮੦)
ਅਹੰਕਾਰ ਵਿੱਚ ਕਿਸੇ ਨਾਲ਼ ਲੜ ਮਰਨ ਅਤੇ ਕਿਸੇ ਉਚੇਰੇ ਕਾਜ਼ ਲਈ ਜਾਨ ਦੀ ਬਾਜੀ ਲਾ ਦੇਣ ਵਿਚਲਾ ਭੇਦ, ਆਮ ਮਨੁਖ ਦੀ ਸਮਝ ਵਿੱਚ ਆਉਣਾ ਮੁਸ਼ਕਲ ਹੈ। ਸਤਿਗੁਰੂ ਜੀ ਹੀ ਆਪਣੇ ਸਿੱਖਾਂ ਉਪਰ ਮੇਹਰ ਕਰਕੇ, ਬਿਬੇਕ ਬੁਧੀ ਪ੍ਰਦਾਨ ਕਰਨ ਤਾਂ ਕੋਈ ਵਿਰਲਾ ਭਾਗਸ਼ਾਲੀ ਗੁਰਸਿੱਖ ਹੀ ਇਸ ਭੇਦ ਨੂੰ ਸਮਝ ਸਕਦਾ ਹੈ।
ਗਿਆਨੀ ਸੰਤੋਖ ਸਿੰਘ




.