.

…ਫੁਲ ਹਰਿ ਸਰਿ ਪਾਵਏ

ਰਾਮਕਲੀ ਰਾਗ ਵਿੱਚ ਸੁੰਦਰ ਜੀ ਦੀ ਉਚਾਰਣ ਕੀਤੀ ਰਚਨਾ ‘ਸਦੁ’ ਵਿਚਲੀਆਂ ਇਹਨਾਂ ਪੰਗਤੀਆਂ ਬਾਰੇ ਆਮ ਤੌਰ `ਤੇ ਇਹ ਸਮਝਿਆ/ਆਖਿਆ ਜਾਂਦਾ ਹੈ ਕਿ ਇਹਨਾਂ ਵਿੱਚ ਗੁਰੂ ਅਮਰਦਾਸ ਜੀ ਨੇ ਆਪਣੇ ਫੁੱਲ ਹਰਿਦੁਆਰ ਪਾਉਣ ਦੀ ਆਗਿਆ ਕੀਤੀ ਹੈ। ਇਸ ਕਥਨ ਵਿੱਚ ਕਿੰਨੀ ਕੁ ਸਚਾਈ ਹੈ ਇਹ ਅਸੀਂ ਗੁਰਬਾਣੀ ਦੀ ਰੌਸ਼ਨੀ ਵਿੱਚ ਹੀ ਦੇਖਣ/ਸਮਝਣ ਦਾ ਯਤਨ ਕਰਦੇ ਹਾਂ।

ਇਸ ਪੰਗਤੀ ਦਾ ਅਰਥ ਭਾਵ ਸਮਝਣ ਤੋਂ ਪਹਿਲਾਂ ਸੰਖੇਪ ਵਿੱਚ ਇਹ ਦੇਖਣਾ/ਸਮਝਣਾ ਅਪ੍ਰਸੰਗਕ ਨਹੀਂ ਹੋਵੇਗਾ ਕਿ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਦੇ ਪਿੱਛੇ ਪਿੰਡ, ਫੁੱਲ ਅਤੇ ਦੀਵਾ ਆਦਿ ਕਿਰਿਆਵਾਂ ਕਿਉਂ ਕੀਤੀਆਂ ਜਾਂਦੀਆਂ ਹਨ।

ਪਿੰਡ ਦਾ ਅਰਥ ਹੈ ਪਿਤਰਾਂ ਨਮਿਤ ਜੌਂ ਦੇ ਆਟੇ, ਚੌਲਾਂ ਆਦਿ ਦਾ ਬਣਾਇਆ ਹੋਇਆ ਗੋਲਾਕਾਰ ਪਿੰਨਾ। ਪਿੰਡ ਦਾਨ ਕਰਨ ਲਈ ਇਹਨਾਂ ਨੂੰ ਪੱਤਲ (ਪੱਤਿਆਂ ਦੀ ਥਾਲੀ) ਉੱਤੇ ਰੱਖ ਕੇ ਮਨਸਨਾ (ਦਾਨ ਦਾ ਸੰਕਲਪ ਕਰਨਾ)। ਮੋਏ ਹੋਏ ਪ੍ਰਾਣੀ ਨਮਿਤ ਪਿੰਡ ਦਾਨ ਕਰਨ ਦਾ ਮਨੋਰਥ ਉਸ ਨੂੰ ਖ਼ੁਰਾਕ ਪਹੁੰਚਾਉਂਣਾ ਹੈ। ਦੀਵਾ ਜਗਾਉਣ ਦਾ ਮਨੋਰਥ ਅਕਾਲ ਚਲਾਣਾ ਕਰ ਚੁਕੇ ਵਿਅਕਤੀ ਦੀ ਆਤਮਾ ਨੂੰ ਯਮਲੋਕ ਵਿੱਚ ਚਾਣਨ ਕਰਨਾ ਹੈ। ਫੁੱਲ ਸਸਕਾਰ ਮਗਰੋਂ ਪ੍ਰਾਣੀ ਦੀਆਂ ਬੱਚ ਰਹੀਆਂ ਹੱਡੀਆਂ ਨੂੰ ਹਰਿਦੁਆਰ ਵਿਖੇ ਗੰਗਾ ਨਦੀ ਵਿੱਚ ਇਸ ਵਿਸ਼ਵਾਸ ਨਾਲ ਪਾਇਆ ਜਾਂਦਾ ਹੈ ਕਿ ਇਸ ਤਰ੍ਹਾਂ ਨਾਲ ਮੋਏ ਹੋਏ ਪ੍ਰਾਣੀ ਦੀ ਗਤੀ ਹੋਵੇਗੀ। ਸੰਖੇਪ ਵਿੱਚ ਇਹ ਸਮਝਣ ਪਿੱਛੋਂ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਇਹ ਸਮਝਣ ਦਾ ਯਤਨ ਕਰਦੇ ਹਾਂ ਕਿ ਸਤਿਗੁਰੂ ਜੀ ਨੇ ਇਸ ਸਬੰਧ ਵਿੱਚ ਕੀ ਆਖਿਆ ਹੈ। ਸਤਿਗੁਰੂ ਜੀ ਦੀਵਾ-ਵੱਟੀ, ਪਿੰਡ ਭਰਾਣੇ, ਕਿਰਿਆ ਕਰਾਣੀ, ਅਤੇ ਫੁੱਲ ਹਰਿਦੁਆਰ ਲੈ ਜਾਣ ਬਾਰੇ ਸਪਸ਼ਟ ਸ਼ਬਦਾਂ ਵਿੱਚ ਆਪਣਾ ਮੱਤ ਪ੍ਰਗਟ ਕਰਦੇ ਹੋਏ ਫ਼ਰਮਾਉਂਦੇ ਹਨ:

ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥ 1॥ ਲੋਕਾ ਮਤ ਕੋ ਫਕੜਿ ਪਾਇ॥ ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ॥ 1॥ ਰਹਾਉ॥ ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ॥ ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ॥ 2॥ ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ॥ ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ॥ 3॥ ਇੱਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ॥ ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ॥ 4॥ (ਪੰਨਾ 358)

ਅਰਥ: ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿੱਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿੱਚ ਮੈਂ (ਦੁਨੀਆ ਵਿੱਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ। ਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ। 1.

ਹੇ ਲੋਕੋ! ਮੇਰੀ ਗੱਲ ਉਤੇ ਮਖ਼ੌਲ ਨ ਉਡਾਓ। ਲੱਖਾਂ ਮਣਾਂ ਲੱਕੜ ਦੇ ਢੇਰ ਇਕੱਠੇ ਕਰ ਕੇ (ਜੇ) ਇੱਕ ਰਤੀ ਜਿਤਨੀ ਅੱਗ ਲਾ ਦੇਖੀਏ (ਤਾਂ ਉਹ ਸਾਰੇ ਢੇਰ ਸੁਆਹ ਹੋ ਜਾਂਦੇ ਹਨ। ਤਿਵੇਂ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਇੱਕ ਨਾਮ ਮੁਕਾ ਦੇਂਦਾ ਹੈ)। 1. ਰਹਾਉ।

ਪੱਤਲਾਂ ਉਤੇ ਪਿੰਡ ਭਰਾਣੇ (ਮਣਸਾਣੇ) ਮੇਰੇ ਵਾਸਤੇ ਪਰਮਾਤਮਾ (ਦਾ ਨਾਮ) ਹੀ ਹੈ, ਮੇਰੇ ਵਾਸਤੇ ਕਿਰਿਆ ਭੀ ਕਰਤਾਰ (ਦਾ) ਸੱਚਾ ਨਾਮ ਹੀ ਹੈ। ਇਹ ਨਾਮ ਇਸ ਲੋਕ ਵਿੱਚ ਪਰਲੋਕ ਵਿੱਚ ਹਰ ਥਾਂ ਮੇਰੀ ਜ਼ਿੰਦਗੀ ਦਾ ਆਸਰਾ ਹੈ। 2.

(ਹੇ ਪ੍ਰਭੂ!) ਤੇਰੀ ਸਿਫ਼ਤਿ-ਸਾਲਾਹ ਹੀ ਮੇਰੇ ਵਾਸਤੇ ਗੰਗਾ ਤੇ ਕਾਂਸ਼ੀ (ਆਦਿਕ ਤੀਰਥਾਂ ਦਾ ਇਸ਼ਨਾਨ ਹੈ, ਤੇਰੀ ਸਿਫ਼ਤਿ-ਸਾਲਾਹ ਵਿੱਚ ਹੀ ਮੇਰਾ ਆਤਮਾ ਇਸ਼ਨਾਨ ਕਰਦਾ ਹੈ। ਸੱਚਾ ਇਸ਼ਨਾਨ ਹੈ ਹੀ ਤਦੋਂ, ਜਦੋਂ ਦਿਨ ਰਾਤ ਪ੍ਰਭੂ-ਚਰਨਾਂ ਵਿੱਚ ਪ੍ਰੇਮ ਬਣਿਆ ਰਹੇ। 3.

ਬ੍ਰਾਹਮਣ (ਜਵਾਂ ਜਾਂ ਚੌਲਾਂ ਦੇ ਆਟੇ ਦਾ) ਪਿੰਨ (ਪੇੜਾ) ਵੱਟ ਕੇ ਇੱਕ ਪਿੰਨ ਦੇਵਤਿਆਂ ਨੂੰ ਭੇਟਾ ਕਰਦਾ ਹੈ ਤੇ ਦੂਜਾ ਪਿੰਨ ਪਿਤਰਾਂ ਨੂੰ, (ਪਿੰਨ ਵੱਟਣ ਤੋਂ ਪਿਛੋਂ) ਉਹ ਆਪ (ਖੀਰ-ਪੂਰੀ ਆਦਿਕ ਜਜਮਾਨਾਂ ਦੇ ਘਰੋਂ) ਖਾਂਦਾ ਹੈ। (ਪਰ) ਹੇ ਨਾਨਕ! (ਬ੍ਰਾਹਮਣ ਦੀ ਰਾਹੀਂ ਦਿੱਤਾ ਹੋਇਆ ਇਹ ਪਿੰਨ ਕਦ ਤਕ ਟਿਕਿਆ ਰਹਿ ਸਕਦਾ ਹੈ? ਹਾਂ) ਪਰਮਾਤਮਾ ਦੀ ਮੇਹਰ ਦਾ ਪਿੰਨ ਕਦੇ ਮੁੱਕਦਾ ਹੀ ਨਹੀਂ। 4.

ਇਹ ਗੁਰੂ ਨਾਨਕ ਸਾਹਿਬ ਜੀ ਦਾ ਫ਼ਰਮਾਉਂਣ ਹੈ। ਗੁਰੂ ਅਮਰਦਾਸ ਜੀ ਗੁਰੂ ਨਾਨਕ ਜੋਤ ਦੇ ਹੀ ਤੀਜੇ ਪ੍ਰਕਾਸ਼ ਸਨ। ਕੀ ਗੁਰੂ ਅਮਰਦਾਸ ਜੀ ਗੁਰੂ ਨਾਨਕ ਸਾਹਿਬ ਦੇ ਇਹਨਾਂ ਬਚਨਾਂ ਤੋਂ ਅਣਜਾਣ ਸਨ? ਨਹੀਂ, ਹਰਗ਼ਿਜ਼ ਨਹੀਂ। ਸਤਿਗੁਰੂ ਜੀ ਤਾਂ ਗੁਰੂ ਨਾਨਕ ਮਹਾਰਾਜ ਦੀ ਵਿਚਾਰਧਾਰਾ ਨੂੰ ਹੀ ਤਾਂ ਪ੍ਰਚਾਰਨ ਵਾਲੇ ਸਨ। ਇਹਨਾਂ ਪੰਗਤੀਆਂ ਦੇ ਅਜਿਹੇ ਅਰਥ ਕਰਨ ਵਾਲੇ ਸੱਜਣਾਂ ਨੇ ਕਿਸ ਗੱਲ ਨੂੰ ਆਧਾਰ ਬਣਾ ਕੇ ਇਹ ਲਿਖਿਆ ਜਾਂ ਆਖਣ ਦਾ ਹੀਆ ਕੀਤਾ ਹੈ, ਇਸ ਦਾ ਠੀਕ ਉੱਤਰ ਤਾਂ ਅਜਿਹਾ ਪ੍ਰਚਾਰਨ ਵਾਲੇ ਸੱਜਣ ਹੀ ਦੇ ਸਕਦੇ ਹਨ। ਅਸੀਂ ਤਾਂ ਇੱਥੇ ਕੇਵਲ ਇਸ ਗੱਲ ਵਲ ਹੀ ਸੰਕੇਤ ਕਰਨਾ ਚਾਹੁੰਦੇ ਹਾਂ ਕਿ ਜੇਕਰ ਸਿੱਖ ਗੁਰੂ ਗਰੰਥ ਸਾਹਿਬ ਉੱਤੇ ਹੀ ਵਿਸ਼ਵਾਸ ਕਰਕੇ ਗੁਰਬਾਣੀ ਨੂੰ ਪੜ੍ਹਨ ਸੁਣਨ ਗੇ ਤਾਂ ਕੋਈ ਵੀ ਵਿਅਕਤੀ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨੂੰ ਗ਼ਲਤ ਢੰਗ ਨਾਲ ਪ੍ਰਚਾਰਨ ਵਿੱਚ ਕਾਮਯਾਬ ਨਹੀਂ ਹੋ ਸਕੇਗਾ। (ਕਾਸ਼! ਅਸੀਂ ਅਜਿਹਾ ਕਰ ਲੈਂਦੇ ਤਾਂ ਅੱਜ ਸਾਡੇ ਵਿੱਚ ਕਰਮ ਕਾਡਾਂ ਦੀ ਭਰਮਾਰ ਨਾ ਹੁੰਦੀ। ਪਰ ਅਜੇ ਵੀ ਡੁਲੇ ਬੇਰਾਂ ਦਾ ਕੁੱਝ ਨਹੀਂ ਬਿਗੜਿਆ। ਜੇਕਰ ਅਜੇ ਵੀ ਅਸੀਂ ਸੁਚੇਤ ਹੋ ਕੇ ਗੁਰੂ ਗ੍ਰੰਥ ਸਾਹਿਬ ਦਾ ਲੜ ਪਕੜ ਲਈਏ ਤਾਂ ਨਿਆਰੀ ਰਹਿਤ ਦੇ ਧਾਰਨੀ ਬਣ ਸੱਚ ਮੁੱਚ ਗੁਰੂ ਜੀ ਦੇ ਬਖ਼ਸ਼ਿਸ਼ ਕੀਤੇ ਤੇਜ ਪ੍ਰਤਾਪ ਦੇ ਮਾਲਕ ਬਣ ਸਕਦੇ ਹਾਂ।)

ਜਿੱਥੋਂ ਤਕ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਨੂੰ ਇਸ ਤਰ੍ਹਾਂ ਦੇ ਕਰਮ ਰਾਹੀਂ ਭੋਜਨ ਆਦਿ ਪਹੁੰਚਾਉਂਣ ਦਾ ਸਵਾਲ ਹੈ, ਇਸ ਬਾਰੇ ਸਤਿਗੁਰੂ ਜੀ ਦਾ ਫ਼ਰਮਾਉਂਦੇ ਹਨ:

ਆਇਆ ਗਇਆ ਮੁਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥ ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰੁ॥ (ਪੰਨਾ 138)

ਅਰਥ: ਜੀਵ ਜਗਤ ਵਿੱਚ ਆਇਆ ਤੇ ਤੁਰ ਗਿਆ, (ਜਗਤ ਵਿੱਚ ਉਸ ਦਾ) ਨਾਮ ਭੀ ਭੁੱਲ ਗਿਆ, (ਉਸ ਦੇ ਮਰਨ ਪਿੱਛੋਂ) ਪੱਤਰਾਂ ਉਤੇ (ਪਿੰਡ ਭਰਾ ਕੇ) ਕਾਂਵਾਂ ਨੂੰ ਹੀ ਸੱਦੀਦਾ ਹੈ (ਉਸ ਜੀਵ ਨੂੰ ਕੁੱਝ ਨਹੀਂ ਅੱਪੜਦਾ)।

ਹੇ ਨਾਨਕ! ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ (ਜਗਤ ਨਾਲ) ਪਿਆਰ ਅੰਨ੍ਹਿਆਂ ਵਾਲਾ ਪਿਆਰ ਹੈ, ਗੁਰੂ (ਦੀ ਸਰਣ ਆਉਣ) ਤੋਂ ਬਿਨਾ ਜਗਤ (ਇਸ ‘ਅੰਧ ਪਿਆਰ’ ਵਿਚ) ਡੁੱਬ ਰਿਹਾ ਹੈ। 2.

ਪਿੰਡ ਦਾਨ ਕਰਨ ਅਤੇ ਫੁੱਲ ਪ੍ਰਵਾਹ ਕਰਨ ਦੇ ਮਨੋਰਥ ਬਾਰੇ ਸੰਖੇਪ `ਚ ਚਰਚਾ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸਬੰਧੀ ਗੁਰੂ ਸਾਹਿਬਾਨ ਦੇ ਦ੍ਰਿਸ਼ਟੀਕੋਣ ਨੂੰ ਦੇਖਣ ਪਿੱਛੋਂ ਹੁਣ ਅਸੀਂ ਇਹਨਾਂ (ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ॥) ਪੰਗਤੀਆਂ ਦੇ ਅਰਥ ਭਾਵ ਵਲ ਆਉਂਦੇ ਹਾਂ। ਇਸ ਪੰਗਤੀ ਤੋਂ ਪਹਿਲੀਆਂ ਪੰਗਤੀਆਂ ਇਸ ਤਰ੍ਹਾਂ ਹਨ: ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥ ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥ ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ॥ ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ॥ (ਪੰਨਾ 923)

ਇਹਨਾਂ ਪੰਗਤੀਆਂ ਦਾ ਅਰਥ ਹੈ: ਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ— (ਹੇ ਭਾਈ!) ‘ਮੇਰੇ ਪਿੱਛੋਂ ਨਿਰੋਲ ਕੀਰਤਨ ਕਰਿਓ, ਕੇਸੋ ਗੋਪਾਲ (ਅਕਾਲ ਪੁਰਖ) ਦੇ ਪੰਡਿਤਾਂ ਨੂੰ ਸੱਦ ਘੱਲਿਓ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ-ਰੂਪ ਪੁਰਾਣ ਪੜ੍ਹਨ। (ਚੇਤਾ ਰੱਖਿਓ, ਮੇਰੇ ਪਿੱਛੋਂ) ਅਕਾਲ ਪੁਰਖ ਦੀ ਕਥਾ (ਹੀ) ਪੜ੍ਹਨੀ ਚਾਹੀਦੀ ਹੈ, ਅਕਾਲ ਪੁਰਖ ਦਾ ਨਾਮ ਹੀ ਸੁਣਨਾ ਚਾਹੀਦਾ ਹੈ, ਬੇਬਾਣ ਭੀ ਗੁਰੂ ਨੂੰ (ਕੇਵਲ) ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗਦਾ ਹੈ। ਗੁਰੂ (ਤਾਂ) ਪਿੰਡ ਪਤਲਿ, ਕਿਰਿਆ, ਦੀਵਾ ਅਤੇ ਫੁੱਲ—ਇਹਨਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦਾ ਹੈ।’ ਅਕਾਲ ਪੁਰਖ ਨੂੰ ਪਿਆਰੇ ਲੱਗੇ ਹੋਏ ਗੁਰੂ ਨੇ (ਉਸ ਵੇਲੇ) ਇਉਂ ਆਖਿਆ।

ਗੁਰੂ ਗ੍ਰੰਥ ਸਾਹਿਬ ਵਿੱਚ ਇਹ (ਹਰਿ ਸਰਿ) ਸ਼ਬਦ ਇਸ ਰੂਪ ਵਿੱਚ ਅੱਠ ਵਾਰੀ ਆਇਆ ਹੈ; ਪਰ ਕਿਧਰੇ ਵੀ ਇਹ ਸ਼ਬਦ ਹਰਿਦੁਆਰ ਦੇ ਅਰਥਾਂ ਵਿੱਚ ਨਹੀਂ ਆਇਆ ਹੈ। ਇਹ ਸ਼ਬਦ ‘ਪ੍ਰਭੂ/ਨਾਮ ਦੇ ਸਰੋਵਰ ਵਿਚ’ ਦੇ ਅਰਥਾਂ ਵਿੱਚ ਹੀ ਵਰਤਿਆ ਗਿਆ ਹੈ। ਉਦਾਹਰਣ ਵਜੋਂ ਨਿਮਨ ਲਿਖਤ ਪੰਗਤੀਆਂ ਨੂੰ ਦੇਖਿਆ ਜਾ ਸਕਦਾ ਹੈ: ਨਿਰਮਲ ਹੰਸਾ ਪ੍ਰੇਮ ਪਿਆਰ॥ ਹਰਿ ਸਰਿ ਵਸੈ ਹਉਮੈ ਮਾਰਿ॥ ਅਹਿਨਿਸਿ ਪ੍ਰੀਤਿ ਸਬਦਿ ਸਾਚੈ ਹਰਿ ਸਰਿ ਵਾਸਾ ਪਾਵਣਿਆ॥ (ਪੰਨਾ 128) ਅਰਥ: ਉਹ ਮਨੁੱਖ, ਮਾਨੋ, ਸਾਫ਼ ਸੁਥਰਾ ਹੰਸ ਹੈ, ਜੇਹੜਾ ਪ੍ਰਭੂ ਦੇ ਪ੍ਰੇਮ-ਪਿਆਰ ਵਿੱਚ (ਟਿਕਿਆ ਰਹਿੰਦਾ) ਹੈ। ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ-ਸਰੋਵਰ ਵਿੱਚ ਵਸੇਬਾ ਰੱਖਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਦਿਨ ਰਾਤ ਸਦਾ-ਥਿਰ ਪਰਮਾਤਮਾ ਵਿੱਚ ਪ੍ਰੀਤਿ ਪਾਂਦਾ ਹੈ, ਤੇ ਇਸ ਤਰ੍ਹਾਂ ਪਰਮਾਤਮਾ ਸਰੋਵਰ ਵਿੱਚ ਨਿਵਾਸ ਹਾਸਲ ਕਰੀ ਰੱਖਦਾ ਹੈ।

ਹਉਮੈ ਮੈਲੁ ਸਭ ਉਤਰੀ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਹਰਿ ਸਰਿ ਨਾਤੇ ਰਾਮ॥ (ਪੰਨਾ 539) ਅਰਥ: ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲੇ ਹਰਿ – ਨਾਮ ਜਲ ਵਿਚ, ਹਰਿ –ਨਾਮ ਸਰੋਵਰ ਵਿੱਚ ਇਸ਼ਨਾਨ ਕੀਤਾ, ਉਹਨਾਂ ਦੀ ਹਉਮੈ ਦੀ ਸਾਰੀ ਮੈਲ ਲਹਿ ਗਈ। ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ ਹਰਿ ਸਰਿ ਰਹੀ ਭਰਪੂਰੇ॥

ਹਰਿ ਸਰਿ ਤੀਰਥਿ ਜਾਣਿ ਮਨੂਆ ਨਾਇਆ॥ (ਪੰਨਾ 1286) ਅਰਥ: ਮਨ ਆਤਮਕ ਜੀਵਨ ਦੀ ਸੂਝ ਹਾਸਲ ਕਰ ਕੇ ਪ੍ਰਭੂ-ਰੂਪ ਸਰੋਵਰ ਵਿੱਚ ਪ੍ਰਭੂ-ਰੂਪ ਤੀਰਥ ਉਤੇ ਇਸ਼ਨਾਨ ਕਰਦਾ ਹੈ।

ਇਸ ਪੰਗਤੀ ਵਿੱਚ ਹੀ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਵੀ ਇਹ ਨਹੀਂ ਆਖਿਆ ਗਿਆ ਕਿ ਪ੍ਰਾਣੀ ਦੀ ਇਹੋ ਜੇਹੇ ਕਿਸੇ ਕਰਮ ਨਾਲ ਸਦ ਗਤੀ ਦਾ ਕੋਈ ਸਬੰਧ ਹੈ। ਸੁੰਦਰ ਜੀ ਤਾਂ ਆਪਣੀ ਇਸ ਰਚਨਾ ਵਿੱਚ ਇਹ ਦਰਸਾ ਰਹੇ ਹਨ ਕਿ ਗੁਰੂ ਅਮਰਦਾਸ ਜੀ ਨੇ ਇਹ ਸਪਸ਼ਟ ਕੀਤਾ ਹੈ ਕਿ ਉਹਨਾਂ ਦੇ ਜੋਤੀ ਜੋਤ ਸਮਾਉਣ ਮਗਰੋਂ ਇਸ ਤਰ੍ਹਾਂ ਦਾ ਕੋਈ ਵੀ ਕਰਮਕਾਂਡ ਨਾ ਕੀਤਾ ਜਾਵੇ। ਹਜ਼ੂਰ ਨੇ ਕੇਵਲ ਵਾਹਿਗੁਰੂ ਜੀ ਦੀ ਸਿਫ਼ਤਿ ਸਾਲਾਹ ਕਰਨ ਦਾ ਹੀ ਉਪਦੇਸ਼ ਕਰਨ ਦੇ ਨਾਲ ਇਹ ਵੀ ਦਰਸਾਇਆ ਹੈ ਕਿ ਮਨੁੱਖ ਦੀ ਕਲਿਆਣ ਨਾਲ ਇਹਨਾਂ ਕਰਮ ਕਾਂਡਾਂ ਦਾ ਕੋਈ ਸਬੰਧ ਨਹੀਂ ਹੈ।

ਗੁਰੂ ਅਮਰਦਾਸ ਜੀ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਹੀ ਤੀਜੇ ਪ੍ਰਕਾਸ਼ ਸਨ। ਗੁਰੂ ਅੰਗਦ ਜੀ ਮਹਾਰਾਜ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤਕ ਨੌਂ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਹੀ ਤਾਂ ਪ੍ਰਚਾਰਿਆ ਹੈ, ਤਾਂਹੀਓ ਤਾਂ ਸਾਰੇ ਗੁਰੂ ਸਾਹਿਬ ਨੂੰ ਇਕੋ ਜੋਤ ਤੇ ਜੁਗਤ ਦਾ ਧਾਰਨੀ ਆਖਿਆ ਜਾਂਦਾ ਹੈ। ਇਸ ਪੰਗਤੀ ਬਾਰੇ ਇਹ ਪ੍ਰਚਾਰ ਕੇ ਕਿ ਗੁਰੂ ਅਮਰਦਾਸ ਜੀ ਨੇ ਹਰਿਦੁਆਰ ਵਿਖੇ ਆਪਣੀਆਂ ਅਸਥੀਆਂ ਪਾਉਣ ਦੀ ਆਗਿਆ ਕੀਤੀ ਹੈ, ਅਜਿਹੇ ਸੱਜਣ ਇਹ ਸਿੱਧ ਕਰਨਾ ਚਾਹੁੰਦੇ ਹਨ ਕਿ ਗੁਰੂ ਨਾਨਕ ਜੋਤ ਦੇ ਤੀਜੇ ਪ੍ਰਕਾਸ਼ ਨੇ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨਾਲੋਂ ਵੱਖ ਵਿਚਾਰਧਾਰਾ ਦਾ ਪ੍ਰਗਟਾਵਾ ਕੀਤਾ ਹੈ?

ਇਕ ਹੋਰ ਗੱਲ ਨੋਟ ਕਰਨ ਵਾਲੀ ਹੈ ਕਿ ਹਰਿਦੁਆਰ ਵਿੱਚ ਅਸਥੀਆਂ ਪਾਉਣ ਵਾਲੇ ਸੱਜਣ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਦੇ ਫੁੱਲ ਪ੍ਰਵਾਹ ਕਰਨ ਲਈ ਜਾਂਦੇ ਹਨ, ਦੀਵਾ ਅਤੇ ਪਿੰਡ ਪੱਤਲ ਆਦਿ ਨਹੀਂ। ਕਿਰਿਆ ਕਿਸੇ ਵਸਤੂ ਦਾ ਨਾਮ ਨਹੀਂ ਹੈ ਇਹ ਤਾਂ ਇਸ ਸਮੁੱਚੀ ਪਰਕਿਰਿਆ ਦਾ ਨਾਮ ਹੈ।

ਸੋ, ਇਸ ਪੰਗਤੀ ਦਾ ਭਾਵ ਹੈ ਕਿ ਗੁਰੂ ਅਮਰਦਾਸ ਜੀ ਨੇ ਜੋਤੀ ਜੋਤ ਸਮਾਉਣ ਲਗਿਆਂ ਕਿਸੇ ਤਰ੍ਹਾਂ ਦੇ ਵੀ ਕਰਮਕਾਂਡ ਦੀ ਮਨਾਹੀ ਕਰਦਿਆਂ ਹੋਇਆਂ ਸਪਸ਼ਟ ਕੀਤਾ ਕਿ ਉਹ ਇਹਨਾਂ (ਪਿੰਡ ਪੱਤਲ, ਦੀਵੇ ਅਤੇ ਫੁੱਲ) ਕਰਮਕਾਂਡਾਂ ਨੂੰ ਸਤਸੰਗਤ ਤੋਂ ਸਦਕੇ ਕਰਦੇ ਹਨ। ਭਾਵ, ਸਤਸੰਗ ਕਰਨ ਨੂੰ ਹੀ ਸ੍ਰੇਸ਼ਟ ਸਮਝਦੇ ਹਨ।

ਜਸਬੀਰ ਸਿੰਘ ਵੈਨਕੂਵਰ




.