.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਕਿਕਰਾਂ ਤੋਂ ਮਠਿਆਈਆਂ ਡਿੱਗਣੀਆਂ

ਬਚਪਨ ਤੋਂ ਹੀ ਅਕਸਰ ਆਮ ਕਰਕੇ ਕਰਾਮਾਤੀ ਸਾਖੀਆਂ ਸੁਣੀਆਂ ਸੁਣਾਈਆਂ ਜਾਂਦੀਆਂ ਸਨ। ਗੁਰੂ ਜੀ ਦੀ ਵਡਿਆਈ ਵੀ ਏਸੇ ਵਿੱਚ ਹੀ ਸਮਝੀ ਜਾਂਦੀ ਸੀ ਕਿ ਉਹਨਾਂ ਨੇ ਕਰਾਮਾਤ ਦਿਖਾ ਕੇ ਸਾਰਿਆਂ ਦੇ ਮਨ ਮੋਹ ਲਏ। ਕਰਾਮਾਤ ਕਰਕੇ ਹੀ ਲੋਕ ਉਹਨਾਂ ਦੇ ਪਿੱਛੇ ਪਿੱਛੇ ਚੱਲ ਪਏ। ਕਈ ਘਟਨਾਵਾਂ ਨੂੰ ਏਨਾ ਵਧਾ ਚੜਾਅ ਕੇ ਪੇਸ਼ ਕੀਤਾ ਗਿਆ ਹੈ ਉਸ ਵਿਚੋਂ ਅਸਲੀਅਤ ਲੱਭਣੀ ਬਹੁਤ ਔਖੀ ਹੋ ਜਾਂਦੀ ਹੈ ਕਿਉਂਕਿ ਲੋਕਾਂ ਦੀ ਸ਼ਰਧਾ ਭਾਵਨਾ ਓਸੇ ਤਰ੍ਹਾਂ ਦੀ ਬਣੀ ਹੋਈ ਹੁੰਦੀ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਜਾਤ ਪ੍ਰਣਾਲ਼ੀ ਦੀ ਪ੍ਰਥਾ ਨੂੰ ਮੁੱਢੋਂ ਹੀ ਉਖੇੜ ਕੇ ਰੱਖ ਦਿੱਤਾ, ਜਾਤ-ਪਾਤ ਵਿੱਚ ਪਰੁੱਚੇ ਹੋਏ ਮਨੁੱਖ ਨੂੰ ਕਿਹਾ—

“ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥ ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ”॥ ਪ੍ਰਭਾਤੀ ਮਹਲਾ ੧

ਜਾਤ ਦੇ ਬੰਧਨ ਵਿੱਚ ਬੱਝੇ ਹੋਏ ਮਨੁੱਖ ਨੂੰ ਕਿਹਾ ਕਿ ਜਿਸ ਤਰ੍ਹਾਂ ਮਹੁਰਾ ਚੱਖਣ ਨਾਲ ਮਨੁੱਖ ਦੀ ਮੌਤ ਹੋ ਜਾਂਦੀ ਹੈ ਏਸੇ ਤਰ੍ਹਾਂ ਹੀ ਜੋ ਜਾਤ ਰੂਪੀ ਮਹੁਰੇ ਨੂੰ ਚੱਖ ਰਿਹਾ ਹੈ ਉਹ ਵੀ ਅੰਤਰ ਆਤਮੇ `ਤੇ ਮਰਿਆ ਪਿਆ ਹੈ ਜੇਹਾ ਕਿ ਫਰਮਾਣ ਹੈ---

“ਜਾਤੀ ਦੈ ਕਿਆ ਹਥਿ, ਸਚੁ ਪਰਖੀਐ॥ ਮਹੁਰਾ ਹੋਵੈ ਹਥਿ, ਮਰੀਐ ਚਖੀਐ”॥

ਪੰਨਾ ੧੪੨—

ਜਾਤ-ਪਾਤ ਤਾਂ ਭਾਵੇਂ ਸਿਖੀ ਵਿਚੋਂ ਕੁੱਝ ਘੱਟ ਗਈ ਹੋਵੇ ਪਰ ਆਪਸੀ ਜੱਥੇਬੰਦੀਆਂ ਦੀ ਧੜੇਬੰਦੀ ਜਾਤ-ਪਾਤ ਨਾਲੋਂ ਵੀ ਖਤਰਨਾਕ ਮੋੜ `ਤੇ ਹੈ। ਬ੍ਰਾਹਮਣ ਦੀ ਰਸੋਈ ਵੱਖਰੀ ਸੀ, ਸਿੱਖੀ ਵਿੱਚ ਵੀ ਸਾਡੇ ਕੁੱਝ ਵੀਰਾਂ ਦੀ ਰਸੋਈ ਵੱਖਰੀ ਹੈ।

ਬ੍ਰਾਹਮਣ ਨੇ ਆਪਣੇ ਆਪ ਨੂੰ ਸਰਬ-ਸ੍ਰੇਸ਼ਠ ਮੰਨਦਿਆ ਸਦੀਆਂ ਤੋਂ ਇਹ ਭਰਮ ਪਾਲ ਰੱਖਿਆ ਹੋਇਆ ਸੀ ਕਿ ਮੇਰੀ ਹਰ ਪਰਕਾਰ ਦੀ ਸੇਵਾ ਵਿੱਚ ਸ਼ੂਦਰ ਨੂੰ ਤਤਪਪਰ ਰਹਿਣਾ ਪਏਗਾ। ਸਮਾਜ ਵਿੱਚ ਨਿਘਾਰ ਇਸ ਪੱਧਰ ਤੀਕ ਆ ਗਿਆ ਸੀ ਕਿ ਮਰਿਆ ਹੋਇਆ ਪੁਸ਼ੂ ਨੂੰ ਸ਼ੁਦਰ, ਬ੍ਰਹਾਮਣ ਦੀ ਬੋਲੀ ਵਿੱਚ ਚੂਹੜਾ ਹੀ ਉਠਾਏਗਾ। ਗੁਰੂ ਸਾਹਿਬ ਜੀ ਨੇ ਇਸ ਕੋਹੜ ਦੀ ਬਿਮਾਰੀ ਨੂੰ ਸਦਾ ਲਈ ਦੂਰ ਕਰਦਿਆਂ ਹੋਇਆਂ ਭਾਈ ਲਹਿਣੇ ਨੂੰ ਆਪਣਾ ਫਲਸਫਾ ਦਸ ਦਿੱਤਾ ਕਿ, ਲਹਿਣਿਆਂ! “ਕੰਮ ਕਰਨ ਵਿੱਚ ਕੋਈ ਵੀ ਮਿਹਣਾ ਨਹੀਂ ਹੈ ਪਰ ਕਿਰਤ ਵਿੱਚ ਇਮਾਨਦਾਰੀ ਦੀ ਚਾਸਨੀ ਚੜ੍ਹੀ ਹੋਣੀ ਚਾਹੀਦੀ ਹੈ”। ਇੱਕ ਦਿਨ ਸਵੇਰ ਵੇਲੇ ਧਰਮਸਾਲ ਦਾ ਦਰਵਾਜ਼ਾ ਖੋਹਲਿਆ ਤਾਂ ਅੰਦਰੋਂ ਮਰੀ ਹੋਈ ਚੂਹੀ ਦੀ ਮੁਸ਼ਕ ਆ ਰਹੀ ਸੀ। ਭਾਈ ਲਹਿਣੇ ਨੇ ਗੁਰੂ ਨਾਨਕ ਸਾਹਿਬ ਜੀ ਦਾ ਫਲਸਫ਼ਾ ਸਮਝਦਿਆ ਹੋਇਆਂ ਬਿਨਾਂ ਕਿਸੇ ਉਜਰਦਾਰੀ ਦੇ ਮਰੀ ਹੋਈ ਚੂਹੀ ਨੂੰ ਉੱਠਾਇਆ ਤੇ ਬਾਹਰ ਸੁੱਟ ਦਿੱਤਾ। ਭਾਈ ਲਹਿਣਾ ਕੋਈ ਸਵਾਲ ਜੁਆਬ ਕਰਨ ਲਈ ਨਹੀਂ ਸੀ ਆਇਆ। ਇਸ ਦੀ ਪ੍ਰਪੱਕਤਾ ਭਾਈ ਲਹਿਣਾ ਭਾਵ ਗੁਰੂ ਅੰਗਦ ਜੀ ਦੇ ਬੋਲਾਂ ਵਿਚੋਂ ਖ਼ੁਦ ਹੁੰਦੀ ਹੈ ---- “ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ” ਪੰਨਾ ੪੭੪--- ਮਰਿਆ ਹੋਇਆ ਪਸ਼ੂ ਕੇਵਲ ਨੀਵੀਂ ਜਾਤ ਭਾਵ ਚੂਹੜਾ ਹੀ ਕਿਉਂ ਉਠਾਵੇ, ਸਗੋ ਸਮਾਜ ਦੇ ਭਲੇ ਲਈ ਬਿਨਾਂ ਜਾਤ ਪਾਤ ਦੇ ਕੋਈ ਵੀ ਅਗਾਂਹ ਵੱਧ ਕੇ ਇਸ ਕੰਮ ਨੂੰ ਕਰ ਸਕਦਾ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਹਰ ਕਿਰਤੀ ਦੀ ਕਿਰਤ ਦਾ ਸਤਿਕਾਰ ਕੀਤਾ ਹੈ ਤੇ ਨਾਲ ਹੀ ਕਿਹਾ ਹੈ, ਕਿ ਕਿਰਤ ਕੋਈ ਵੀ ਮਾੜੀ ਨਹੀਂ ਇਹ ਤੇ ਸਗੋਂ---ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ ਪੰਨਾ ੧੨੪੫—ਹੋਇਆ ਇਹ ਕਿ ਸਿਆਲ ਦੀ ਰੁੱਤ ਵਿੱਚ ਬਰਸਾਤ ਜ਼ਿਆਦਾ ਹੋਣ ਕਰਕੇ ਧਰਮਸਾਲ ਦੀ ਦੀਵਾਰ ਡਿੱਗ ਪਈ। ਗੁਰੂ ਨਾਨਕ ਸਾਹਿਬ ਜੀ ਦੇ ਫਲਸਫ਼ੇ ਦੀ ਭਾਈ ਲਹਿਣੇ ਨੂੰ ਹੁਣ ਪੂਰੀ ਤਰ੍ਹਾਂ ਸਮਝ ਆ ਗਈ ਸੀ। ਬਿਨਾ ਕਿਸੇ ਰਾਜ ਮਿਸਤਰੀ ਨੂੰ ਬੁਲਾਇਆਂ ਭਾਈ ਲਹਿਣਾ ਰਾਤ ਦੇ ਹਨ੍ਹੇਰਿਆਂ ਤੇ ਠੰਡੀਆਂ ਹਵਾਵਾਂ ਦੇ ਬੁੱਲਿਆਂ ਵਿੱਚ ਢੱਠੀ ਹੋਈ ਦੀਵਾਰ ਨੂੰ ਮੁੜ ਉਸਾਰਨ ਵਿੱਚ ਲੱਗ ਗਿਆ। ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਹਨ ਕਿ ਭਾਈ ਲਹਿਣਾ ਹੱਟੀ ਦੇ ਕੰਮ ਦੇ ਗਿੱਝੇ ਹੋਏ ਸਨ ਪਰ ਨਰਮ ਹੱਥਾਂ ਲਈ ਇੱਕ ਬਿਲਕੁਲ ਨਵਾਂ ਕੰਮ ਸੀ। ਠੰਢੀ ਹਵਾ ਵਿੱਚ ਹੱਥ ਪੈਰ ਸੁੰਨ ਹੁੰਦੇ ਹੋਣ ਓਦੋਂ ਭਾਈ ਲਹਿਣਾ ਇਸ ਕੰਮ ਨੂੰ ਕਰ ਰਿਹਾ ਹੋਵੇ ਤਾਂ ਕਹਿਣਾ ਹੋਏਗਾ ਅੱਜ ਭਾਈ ਲਹਿਣੇ ਨੇ ਗੁਰੂ ਨਾਨਕ ਦੇ ਮਾਰਗ ਨੂੰ ਪਾ ਲਿਆ ਹੈ। ਭਾਵ ਸ਼ਬਦ ਸੁਰਤ ਦਾ ਸੁਮੇਲ ਹੋਇਆ ਹੈ।

ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਉਹਨਾਂ ਦੇ ਪੁੱਤਰਾਂ ਨੇ ਨਹੀਂ ਸਮਝਿਆ। ਇਤਿਹਾਸ ਵਿੱਚ ਜਿੰਨੀਆਂ ਵੀ ਸਾਖੀਆ ਆਉਂਦੀਆਂ ਹਨ ਉਹਨਾਂ ਸਾਰੀਆਂ ਵਿੱਚ ਪੁੱਤਰਾਂ ਵਲੋਂ ਹਮੇਸ਼ਾਂ ਨਾਂਹ ਵਿੱਚ ਜੁਆਬ ਹੀ ਮਿਲਿਆ ਹੈ। ਭਾਈ ਲਹਿਣੇ ਨੇ ਹਰ ਹੁਕਮ ਨੂੰ ਸਮਝਿਆ ਹੀ ਨਹੀਂ ਸਗੋਂ ਹਮੇਸ਼ਾਂ ਇੱਕ ਯਤਨ ਕੀਤਾ ਹੈ ਕਿ ਹੁਕਮ ਨੂੰ ਖਿੜੇ ਮੱਥੇ ਮੰਨ ਕੇ ਨਿਭਾਇਆ ਵੀ ਜਾਏ---

“ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ॥

ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ॥ ਤਾ ਦਰਗਹ ਪੈਧਾ ਜਾਇਸੀ”॥

ਪੰਨਾ ੪੭੧---

ਚੰਗੇ ਸਮਾਜ ਦੀ ਨਿਸ਼ਾਨੀ ਹੈ ਕਿ ਇੱਕ ਦੂਜੇ ਦੀ ਗੱਲ ਨੂੰ ਸਮਝ ਕੇ ਤਰੱਕੀ ਦੀਆਂ ਮੰਜ਼ਿਲਾਂ ਵਲ ਨੂੰ ਵਧਿਆ ਜਾਏ। ਭਾਈ ਲਹਿਣੇ ਨੇ ਸਭ ਤੋਂ ਪਹਿਲਾਂ ਇਸ ਵਿਚਾਰ ਨੂੰ ਸਮਝਿਆ ਕਿ ਸਮਾਜ ਵਿੱਚ ਮਨੁੱਖਤਾ ਦੀ ਸੇਵਾ ਵਰਗਾ ਹੋਰ ਕੋਈ ਉੱਤਮ ਕਰਮ ਨਹੀਂ ਹੈ—

“ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥

ਕਹੁ ਨਾਨਕ ਬਾਹ ਲੁਡਾਈਐ”॥ ਪੰਨਾ ੨੬

ਹਰ ਗੁਰਪੁਰਬ `ਤੇ ਇਹ ਸਾਖੀ ਸੁਣਾ ਦੇਂਦੇ ਹਾਂ, ਕਿ ਭਾਈ ਭਾਈ ਲਹਿਣੇ ਨੇ ਗੰਦੇ ਨਾਲੇ ਵਿਚੋਂ ਕੌਲਾ ਬਾਹਰ ਕੱਢ ਦਿੱਤਾ। ਜਿਸ ਤਰ੍ਹਾਂ ਗੁਰੂ ਜੀ ਦੇ ਪੁੱਤਰ ਇਹ ਗੱਲ ਸਮਝਣ ਤੋਂ ਅਸਮਰੱਥ ਰਹੇ, ਏਸੇ ਤਰ੍ਹਾਂ ਜੇ ਦੇਖਿਆ ਜਾਏ ਤਾਂ ਅਸੀਂ ਵੀ ਇਸ ਫਲਸਫ਼ੇ ਨੂੰ ਨਹੀਂ ਸਮਝਿਆ ਤੇ ਨਾ ਹੀ ਸਮਾਜ ਵਿੱਚ ਅਜੇ ਤਾਂਈ ਇਸ ਫਲਸਫ਼ੇ ਨੂੰ ਲਾਗੂ ਕਰਾ ਸਕੇ ਹਾਂ। ਅਜੇ ਸਮਾਜ ਦੀ ਤਾਂ ਦੂਰ ਦੀ ਗੱਲ ਹੈ, ਅਸੀਂ ਆਪਣੇ `ਤੇ ਹੀ ਨਹੀਂ ਹੰਢਾ ਸਕੇ। ਲੁਧਿਆਣੇ ਸ਼ਹਿਰ ਦੇ ਇੱਕ ਹੁਮਿਉਪੈਥਿਕ ਡਾਕਟਰ ਦੀ ਦੁਕਾਨ `ਤੇ ਜਾਣ ਦਾ ਸਬੱਬ ਬਣਿਆ। ਦੁਕਾਨ `ਤੇ ਰਸ਼ ਜ਼ਿਆਦਾ ਹੋਣ ਦੀ ਸੂਰਤ ਵਿੱਚ ਮੈਂ ਪਹਿਲਾਂ ਹੀ ਚਲਿਆ ਗਿਆ ਕਿ ਚਲੋ ਨੰਬਰ ਪਹਿਲਾਂ ਆ ਜਾਏਗਾ। ਡਾਕਟਰ ਜੀ ਦੇ ਨੌਕਰ ਨੇ ਆਪਣੀ ਦੁਕਾਨ ਦਾ ਕੂੜਾ ਆਪਣੇ ਦੋਵੇਂ ਪਾਸ ਦੀਆਂ ਦੁਕਾਨਾਂ ਅੱਗੇ ਕਰ ਦਿੱਤਾ। ਥੋੜੇ ਚਿਰ ਨੂੰ ਦੂਜੀਆਂ ਦੁਕਾਨਾ ਦੇ ਮਾਲਕ ਵੀ ਆ ਗਏ। ਉਹਨਾਂ ਨੇ ਆਪਣੀਆਂ ਦੁਕਾਨਾਂ ਦਾ ਕੂੜਾ ਡਾਕਟਰ ਦੀ ਦੁਕਾਨ ਵਲ ਨੂੰ ਧਕੇਲ ਦਿੱਤਾ। ਧਾਰਮਕ ਚਿੰਨ੍ਹਾਂ ਤੋਂ ਇਹ ਸਾਰੇ ਖ਼ੁਦਾ ਭਗਤ ਲੱਗਦੇ ਸਨ। ਇੰਜ ਲੱਗਦਾ ਸੀ ਕਿ ਜਿਵੇਂ ਡਾਕਟਰ ਜੀ ਹੁਣੇ ਹੀ ਗੁਰਦੁਆਰਿਉਂ ਹੋ ਕੇ ਆਏ ਹੋਣ `ਤੇ ਨਾਲ ਦੀ ਦੁਕਾਨ ਵਾਲੇ ਮੰਦਰ ਵਿੱਚ ਨਮਸਕਾਰ ਕਰਕੇ ਆਏ ਹੋਣ। ਪਰ ਧਰਮ ਦਾ ਗੁਣ ਤਿੰਨਾਂ ਵਿੱਚ ਹੀ ਕੋਈ ਨਹੀਂ ਸੀ। ਕੂੜਾ ਚੁੱਕ ਕੇ ਕੂੜੇ ਵਾਲੀ ਥਾਂ `ਤੇ ਸੁੱਟਣ ਦੀ ਬਜਾਏ ਅਸੀਂ ਆਪਣਾ ਕੂੜਾ ਇੱਕ ਦੂਜੇ ਦੇ ਅੱਗੇ ਹੀ ਕਰੀ ਜਾ ਰਹੇ ਹਾਂ। ਪਰ ਗੁਰੂ ਨਾਨਕ ਸਾਹਿਬ ਜੀ ਦਾ ਫਲਸਫ਼ਾ ਭਾਈ ਲਹਿਣੇ ਦੀ ਸਮਝ ਵਿੱਚ ਆ ਗਿਆ ਕਿ ਗੰਦੀਆਂ ਨਾਲੀਆਂ ਦਾ ਗੰਦ ਮਨੁੱਖ ਜਾਤੀ ਦਾ ਆਪਣਾ ਹੀ ਹੈ ਫਿਰ ਇਸ ਕੰਮ ਤੋਂ ਨਫਰਤ ਕਿਉਂ ਕੀਤੀ ਜਾਏ। ਕੌਲੇ ਵਾਲੀ ਘਟਨਾ ਤਾਂ ਗਲ਼ੀਆਂ-ਨਾਲੀਆਂ ਸਾਫ਼ ਕਰਨ ਦੀ ਤਾਗੀਦ ਕਰਦੀ ਹੈ। ਪਰ ਹਰ ਗੁਰਪੁਰਬ `ਤੇ ਜਿੰਨਾਂ ਕੁ ਗੰਦ ਅਸੀਂ ਵੱਧ ਤੋਂ ਵੱਧ ਪਾ ਸਕਦੇ ਹਾਂ ਪਾ ਕੇ ਚਲੇ ਜਾਂਦੇ ਹਾਂ ਪਰ ਕਦੇ ਸਫ਼ਾਈ ਵਲ ਧਿਆਨ ਨਹੀਂ ਦਿੱਤਾ। ਭਾਈ ਲਹਿਣੇ ਦੇ ਮਨ ਵਿਚੋਂ ਇਹ ਗੱਲ ਕਿਨਾਰਾ ਕਰ ਗਈ ਕਿ ਮੈਂ ਕਿਸੇ ਉੱਚੀ ਜਾਤ ਦਾ ਹਾਂ ਜਾਂ ਮੇਰਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਸੀ। ਹੁਣ ਅਜੇਹਾ ਕੰਮ ਮੈਂ ਕਿਉਂ ਕਰਾਂ।

ਸਦੀਆਂ ਤੋਂ ਸਾਡੀ ਸੰਸਕ੍ਰਿਤੀ ਵਿੱਚ ਇਹ ਖ਼ਿਆਲ ਚਲਿਆ ਆ ਰਿਹਾ ਹੈ ਉੱਤਮ ਖੇਤੀ, ਮੱਧਮ ਵਪਾਰ ਤੇ ਨਖਿੱਧ ਚਾਕਰੀ। ਪਰ ਗੁਰੂ ਨਾਨਕ ਸਾਹਿਬ ਜੀ ਆਪੂੰ ਚਾਰੇ ਕਿਤੇ ਵਪਾਰ, ਹੱਟੀ, ਨੌਕਰੀ, ਖੇਤੀ ਅਪਨਾ ਕੇ, ਉੱਤਮ, ਨੀਚ ਤੇ ਬੀਚ ਦਾ ਝਗੜਾ ਮੁਕਾ ਦਿੱਤਾ। ਇੱਕ ਦੁਕਾਨਦਾਰ ਨੂੰ ਹੱਟੀ ਕਰਦਿਆਂ ਖੇਤੀ ਵਲ ਨੂੰ ਪਰਤਣਾ ਬਹੁਤ ਮੁਸ਼ਕਲ ਹੁੰਦਾ ਹੈ। ਪਰ ਭਾਈ ਲਹਿਣੇ ਦੀ ਗੁਰੂ ਨਾਨਕ ਦੇ ਘਰ ਦੀ ਪੜ੍ਹਾਈ ਹੀ ਪੱਠਿਆਂ ਦੀ ਪੰਡ ਚੁੱਕਣ ਤੋਂ ਸ਼ੁਰੂ ਹੋਈ ਹੈ। ਆਮ ਕਰਕੇ ਪੱਠੇ-ਦੱਥੇ ਦਾ ਕੰਮ ਵੀ ਕਾਮਾ ਹੀ ਕਰਦਾ ਹੈ। ਘਾਹ ਦੀਆਂ ਪੰਡਾਂ ਤਿਆਰ ਪਈਆਂ ਸਨ। ਹੱਟੀ-ਪੱਟੀ ਦਾ ਕੰਮ ਕਰਨ ਗਿੱਝੇ ਹੋਏ ਭਾਈ ਲਹਿਣਾ ਜੀ ਵਾਸਤੇ ਜ਼ਿੰਦਗੀ ਵਿੱਚ ਇਹ ਪਹਿਲਾ ਅਨੋਖਾ ਤਜਰਬਾ ਸੀ। ਦੁਕਾਨਦਾਰੀ ਕਰਨ ਵਾਲੇ ਬਾਬਾ ਜੀ ਨੇ ਬਿਨਾ ਹੀਲ ਹੁਜਤ ਕੀਤਿਆਂ ਪੱਠਿਆਂ ਦੀ ਪੰਡ ਨੂੰ ਆਪਣੇ ਸਿਰ `ਤੇ ਰੱਖ ਕੇ ਗੁਰੂ ਨਾਨਕ ਸਾਹਿਬ ਦੇ ਪਿੱਛੇ ਪਿੱਛੇ ਚੱਲ ਪਏ।

‘ਸੈਭੰ’ ਦਾ ਅਰਥ ਹੈ ਪਰਮਾਤਮਾ ਸੁੱਤੇ ਸਿੱਧ ਪ੍ਰਕਾਸ਼ ਹੈ ਤੇ ਇਸ ਵਿਚਲੇ ਦੈਵੀ ਗੁਣ ਨਾਲ ਅਸਾਂ ਸਾਂਝ ਵੀ ਪਾਉਣੀ ਹੈ ਭਾਵ ਆਪਣਾ ਕੰਮ ਆਪ ਕਰਨ ਦਾ ਯਤਨ ਕੀਤਾ ਜਾਏ— “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ” ਦੇ ਇਲਾਹੀ ਹੁਕਮ ਵਿੱਚ ਚੱਲਦਿਆਂ ਆਪਣਿਆਂ ਬਸਤਰਾਂ ਦੀ ਮੈਲ਼ ਵੀ ਆਪ ਹੀ ਸਾਫ਼ ਕਰਨੀ ਚਾਹੀਦੀ ਹੈ। ਜੇ ਕੰਮ ਵਿਚੋਂ ਦਿਨੇ ਸਮਾਂ ਨਹੀਂ ਮਿਲਿਆ ਤਾਂ ਭਾਈ ਲਹਿਣਾ ਰਾਤ ਦੇ ਹਨ੍ਹੇਰਿਆ ਵਿੱਚ ਬਸਤਰ ਧੋਣ ਲਈ ਤੁਰ ਪੈਂਦੇ ਹਨ।

ਕਿੱਕਰਾਂ ਨੂੰ ਮਠਿਆਈ ਲੱਗਣੀ---

ਬਹੁਤ ਵਾਰੀ ਸੁਣਿਆ ਗਿਆ ਕਿ ਇੱਕ ਵਾਰੀ ਕਰਤਾਰਪੁਰ ਸੰਗਤ ਬਹੁਤ ਜ਼ਿਆਦਾ ਆ ਗਈ। ਦੂਸਰੇ ਪਾਸੇ ਵੱਰਖਾ ਨੇ ਵੀ ਆਪਣਾ ਜ਼ੋਰ ਫੜ ਲਿਆ ਜਿਸ ਨਾਲ ਬਾਲਣ ਸਾਰਾ ਗਿੱਲਾ ਹੋ ਗਿਆ। ਗੁਰੂ ਜੀ ਨੇ ਪੁੱਤਰਾਂ ਨੂੰ ਕਿਹਾ, ਕਿ “ਕਿੱਕਰ `ਤੇ ਚੜ੍ਹ ਕੇ ਹੁਲਾਰਾ ਮਾਰੋਂ ਉਸ ਤੋਂ ਮਠਿਆਈ ਡਿੱਗੇਗੀ”। ਪੁੱਤਰਾਂ ਨੇ ਹੁਕਮ ਨਹੀਂ ਮੰਨਿਆਂ ਪਰ ਭਾਈ ਲਹਿਣਾ ਜੀ ਨੇ ਕਿੱਕਰ `ਤੇ ਚੜ੍ਹ ਕੇ ਉਸਨੂੰ ਹਿਲਾਇਆ ਤਾਂ ਉਸ ਤੋਂ ਕਈ ਪਰਕਾਰ ਦੀ ਮਠਿਆਈ ਡਿੱਗੀ ਤੇ ਸੰਗਤਾਂ ਨੇ ਰੱਜ ਕੇ ਖਾਧੀ। ਕਿੱਕਰਾਂ `ਤੇ ਅੱਜ ਵੀ ਉਹੋ ਜੇਹੀਆਂ ਹੀ ਹਨ ਪਰ ਹੁਣ ਕਦੇ ਮਠਿਆਈ ਡਿੱਗੀ ਨਹੀਂ। ਅਸਲ ਇਸ ਰਮਜ਼ ਨੂੰ ਸਮਝਣ ਦੀ ਜ਼ਰੂਰਤ ਹੈ।

ਸੋਨਾ ਉਨਾਂ ਚਿਰ ਚਮਕ ਨਹੀਂ ਦੇਂਦਾ ਜਿੰਨਾ ਚਿਰ ਇਸ ਨੂੰ ਕੁਠਾਲ਼ੀ ਵਿੱਚ ਪਾ ਕੇ ਇਸ ਵਿਚਲੀ ਖੋਟ ਨੂੰ ਸਾੜਿਆ ਨਹੀਂ ਜਾਂਦਾ। ਸੁਰਮਾ ਕਦੇ ਵੀ ਅੱਖਾਂ ਦਾ ਸ਼ਿੰਗਾਰ ਨਹੀਂ ਬਣ ਸਕਦਾ ਜਿੰਨ੍ਹਾ ਚਿਰ ਇਸ ਨੂੰ ਖ਼ਰਲ਼ ਵਿੱਚ ਪਾ ਕੇ ਬਾਰ ਬਾਰ ਰਗੜਿਆ ਨਹੀਂ ਜਾਂਦਾ। ਕਹਿੰਦੇ ਨੇ ਮਹਿੰਦੀ ਵੀ ਰਗੜਾਂ ਖਾ ਖਾ ਕੇ ਹੀ ਸੁੰਦਰਤਾ ਦਾ ਰੂਪ ਧਾਰਨ ਕਰਦੀ ਹੈ। ਮਨੁੱਖ ਨੇ ਵੀ ਕੋਈ ਮੰਜ਼ਿਲ ਸਰ ਕਰਨੀ ਹੈ ਤਾਂ ਇਸ ਨੂੰ ਵੀ ਕਰੜੀ ਮਸ਼ੱਕਤ ਦੇ ਪੁੱਲ਼ ਹੇਠ ਦੀ ਲੰਘਣਾ ਪਏਗਾ।

ਆਮ ਦਰੱਖਤ `ਤੇ ਚੜ੍ਹਨ ਨਾਲੋਂ ਕਿੱਕਰ `ਤੇ ਚੜ੍ਹਨਾ ਬਹੁਤ ਕਠਨ ਹੈ। ਕਿਉਂਕਿ ਇਸ ਨੂੰ ਚਾਰ ਚੇਫੇਰੇ ਕੰਡੇ ਹੁੰਦੇ ਹਨ। ਇਹ ਇੱਕ ਪ੍ਰਤੀਕ ਹੈ ਕਿ ਭਾਈ ਲਹਿਣਾ ਜੀ ਵਾਕਿਆ ਹੀ ਕਿੱਕਰ `ਤੇ ਚੜ੍ਹੇ ਹਨ ਕਿਉਂਕਿ ਬ-ਜਾਤੇ ਖ਼ੁਦ ਤਾਂ ਉਹ ਹੱਟੀ-ਪੱਟੀ ਦਾ ਅਰਾਮ ਵਾਲਾ ਕੰਮ ਕਰਦੇ ਸੀ। ਪਰ ਕਰਤਾਰਪੁਰ ਆ ਕੇ ਸਭ ਅਰਾਮ ਤਿਆਗ ਦਿੱਤੇ। ਗੁਰੂ ਨਾਨਕ ਸਾਹਿਬ ਜੀ ਦੇ ਫਲਸਫ਼ੇ ਦੀਆਂ ਬਰੀਕੀਆਂ ਨੂੰ ਸਮਝਣ ਵਿੱਚ ਲੱਗ-ਪਗ ਸਤ ਸਾਲ ਲੱਗ ਗਏ। ਮਠਿਆਈ ਭਾਵ ਮਿੱਠੀ ਵਸਤੂ ਗੁਰਿਆਈ ਵਰਗੀ ਦਾਤ ਪ੍ਰਾਪਤ ਹੋਈ।

ਕਿੱਕਰ `ਤੇ ਚੜ੍ਹਨ ਦਾ ਅਰਥ ਹੈ ਔਖੀ ਤੋਂ ਔਖੀ ਘਾਟੀ ਨੂੰ ਸਰ ਕਰਨਾ। ਜੀਵਨ ਵਿੱਚ ਸਖਤ ਮਿਹਨਤ ਕਰਨੀ। ਛੇਵੀਂ ਜਮਾਤ ਦਾ ਵਿਦਿਆਰਥੀ ਮਿਹਨਤ ਰੂਪੀ ਕਿੱਕਰ `ਤੇ ਚੜ੍ਹਦਾ ਹੈ ਤਾਂ ਸਤਵੀਂ ਜਮਾਤ ਦੀ ਮਠਿਆਈ ਉਸ ਨੂੰ ਮਿਲ ਜਾਂਦੀ ਹੈ। ਸੁ ਕਿੱਕਰਾਂ ਨੂੰ ਕਦੇ ਮਠਿਆਈਆਂ ਨਹੀਂ ਲੱਗਦੀਆਂ ਇਹ `ਤੇ ਰਮਜ਼ ਨਾਲ ਸਖਤ ਮਿਹਨਤ ਕਰਨ ਗੱਲ ਸਮਝਾਈ ਹੈ----

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥

ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ 1॥

ਸਲੋਕ ਮ: ੫ ਪੰਨਾ ੫੨੨




.