.

ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਰੋਸ਼ਨੀ ਵਿੱਚ --

ਪ੍ਰਬਲ ਪ੍ਰਾਕ੍ਰਿਤਕ ਪ੍ਰੇਰਨਾ: ਕਾਮ

ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੧੩੫੩ ਤੋਂ ੧੩੬੦ ਉਪਰ, ‘ਸਲੋਕ ਸਹਸਕ੍ਰਿਤੀ’ ਨਾਮ ਦੀ ਬਾਣੀ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ, ਅੰਕਤ ਹੈ। ਇਸ ਬਾਣੀ ਦੇ ਸਲੋਕਾਂ ਦੀ ਕੁੱਲ ਗਿਣਤੀ ੬੭ ਹੈ। ਪੰਨਾ ਨੰਬਰ ੧੩੫੮ ਉਪਰ ਪੰਜ ਸਲੋਕਾਂ, ਨੰਬਰ ੪੫ ਤੋਂ ੪੯ ਵਿਚ, ਗੁਰੂ ਜੀ ਨੇ ਮਨੁਖ ਦੀਆਂ ਜਬਰਦਸਤ ਪੰਜ ਪ੍ਰਾਕ੍ਰਿਤਕ ਪ੍ਰੇਰਨਾਵਾਂ ਦਾ ਵਰਨਣ ਕੀਤਾ ਹੈ। ਇਹਨਾਂ ਨੂੰ ਅਸੀਂ ਆਮ ਧਾਰਮਿਕ ਬੋਲੀ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਖਦੇ ਹਾਂ। ਇਹਨਾਂ ਨੂੰ ਗੁਰਬਾਣੀ ਵਿੱਚ ਵੱਖ ਵੱਖ ਨਾਵਾਂ ਨਾਲ਼ ਬਿਆਨਿਆ ਗਿਆ ਹੈ; ਜਿਵੇਂ ਕਿ, ਪੰਚ ਚੋਰ, ਪੰਚ ਸੂਰਬੀਰ, ਮਹਾਂਬਲੀ ਆਦਿ। ‘ਸਲੋਕ ਸਹਸਕ੍ਰਿਤੀ' ਬਾਣੀ ਵਿੱਚ ਇਹਨਾਂ ਦੀ ਇਸ ਪ੍ਰਕਾਰ ਦੀ ਤਰਤੀਬ ਵਿੱਚ ਥੋਹੜਾ ਕੁ ਅੰਤਰ ਹੈ। ਅਰਥਾਤ ਗੁਰੂ ਜੀ ਨੇ ਪਹਿਲਾਂ ਜ਼ਿਕਰ ਮੋਹ ਦਾ ਕੀਤਾ ਹੈ। ਇਸ ਤੋਂ ਉਪ੍ਰੰਤ ਫਿਰ ਕਾਮ ਤੋਂ ਸ਼ੁਰੂ ਕਰਕੇ, ਬਾਕੀ ਤਿਨਾਂ ਨੂੰ ਬਿਆਨਿਆ ਹੈ।

ਪਹਿਲੇ ਮੋਹ ਦਾ ਜ਼ਿਕਰ ਗੁਰੂ ਜੀ ਨੇ ਤਿੰਨ ਲਾਈਨਾਂ ਦੇ ਸਲੋਕ ਵਿੱਚ ਕੀਤਾ ਹੈ। ਕਾਮ ਅਤੇ ਕ੍ਰੋਧ ਦਾ ਚਾਰ ਚਾਰ ਲਈਨਾਂ ਦੇ ਸਲੋਕਾਂ ਵਿੱਚ ਅਤੇ ਲੋਭ ਅਤੇ ਅਹੰਕਾਰ ਦਾ ਜ਼ਿਕਰ ਪੰਜ ਪੰਜ ਲਾਈਨਾਂ ਦੇ ਸਲੋਕਾਂ ਵਿੱਚ ਕੀਤਾ ਹੈ। ਇਹਨਾਂ ਪੰਜ ਮਹਾਂਬਲੀਆਂ ਬਾਰੇ ਵਿਚਾਰ ਪਹਿਲਾਂ ਆਪਾਂ ਪ੍ਰਚਲਤ ਤਰਤੀਬ ਅਨੁਸਾਰ ਆਏ ‘ਕਾਮ’ ਦੀ ਵਿਆਖਿਆ ਤੋਂ ਹੀ ਆਰੰਭ ਕਰਦੇ ਹਾਂ।

ਮਹਾਂਰਾਜ ਜੀ ਇਸ ਪ੍ਰਥਾਇ ਇਹਨਾਂ ਚਾਰ ਪੰਕਤੀਆਂ ਦੇ ਸਲੋਕ ਨੰਬਰ ੪੬ ਵਿੱਚ ਇਸ ਪ੍ਰਕਾਰ ਫੁਰਮਾਉਂਦੇ ਨੇ:

ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ॥

ਚਿਤ ਹਰਣੰ ਤ੍ਰੈ ਲੋਕ ਗਮ੍ਯ੍ਯੰ ਜਪ ਤਪ ਸੀਲ ਬਿਦਾਰਣਹ॥

ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ॥

ਤਵ ਭੈ ਬਿਮੁਚਿਤ ਸਾਧ ਸੰਗਮ ਓਟ ਨਾਨਕ ਨਾਰਾਇਣਹ॥ ੪੬॥ (੧੩੫੮)

ਪ੍ਰੋ. ਸਾਹਿਬ ਸਿੰਘ ਜੀ ਅਨੁਸਾਰ ਅਰਥ: ਹੇ ਕਾਮ! ਤੂੰ ਜੀਵਾਂ ਨੂੰ ਆਪਣੇ ਵੱਸ ਵਿੱਚ ਕਰ ਕੇ ਨਰਕ ਵਿੱਚ ਅਪੜਾਣ ਵਾਲਾ ਹੈਂ ਅਤੇ ਕਈ ਜੂਨਾਂ ਵਿੱਚ ਭਟਕਾਣ ਵਾਲਾ ਹੈਂ। ਤੂੰ ਜੀਵਾਂ ਦੇ ਮਨ ਭਰਮਾ ਲੈਂਦਾ ਹੈਂ, ਤਿੰਨਾਂ ਹੀ ਲੋਕਾਂ ਵਿੱਚ ਤੇਰੀ ਪਹੁੰਚ ਹੈ, ਤੂੰ ਜੀਵਾਂ ਦੇ ਜਪ ਤਪ ਤੇ ਸ਼ੁਧ ਆਚਰਨ ਦਾ ਨਾਸ ਕਰ ਦਿੰਦਾ ਹੈਂ। ਹੇ ਚੰਚਲ ਕਾਮ! ਤੂੰ ਸੁਖ ਤਾਂ ਥੋਹੜਾ ਹੀ ਦਿੰਦਾ ਹੈਂ, ਪਰ ਇਸਦੇ ਨਾਲ ਤੂੰ ਜੀਵਾਂ ਨੂੰ ਧਨ ਤੋਂ ਸੱਖਣਾ ਕਰ ਦਿੰਦਾ ਹੈਂ। ਜੀਵ ਉਚੇ ਹੋਣ, ਜਾਂ ਨੀਵੇਂ, ਸਭਨਾਂ ਵਿੱਚ ਤੂੰ ਪਹੁੰਚ ਜਾਂਦਾ ਹੈਂ। ਸਾਧ ਸੰਗਤਿ ਵਿੱਚ ਪਹੁੰਚਿਆਂ ਤੇਰੇ ਡਰ ਤੋਂ ਖ਼ਲਾਸੀ ਮਿਲਦੀ ਹੈ। ਹੇ ਨਾਨਕ! ਪ੍ਰਭੂ ਦੀ ਸ਼ਰਨ ਲੈ।

ਭਾਵ: ਮਨੁੱਖ ਉਚੀ ਜਾਤਿ ਦੇ ਹੋਣ ਚਾਹੇ ਨੀਵੀਂ ਜਾਤਿ ਦੇ, ਕਾਮਦੇਵ ਸਭਨਾਂ ਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ। ਇਸ ਦੀ ਮਾਰ ਤੋਂ ਉਹੀ ਬਚਦਾ ਹੈ ਜੋ ਸਾਧ ਸੰਗਤਿ ਵਿੱਚ ਟਿਕ ਕੇ ਪਰਮਾਤਮਾ ਦਾ ਆਸਰਾ ਲੈਂਦਾ ਹੈ।

ਕਾਮ ਹਰ ਪ੍ਰਕਾਰ ਦੇ ਜੀਵਾਂ ਵਿੱਚ ਅਜਿਹਾ ਨਿਰੰਕਾਰੀ ਤੋਹਫ਼ਾ ਹੈ ਜਿਸ ਦੀ ਅਣਹੋਂਦ ਵਿੱਚ ਸੰਸਾਰ ਦੀ ਉਤਪਤੀ ਦਾ ਹੋਣਾ ਅਸੰਭਵ ਹੈ। ਇਹ ਹਰੇਕ ਜੀਵ ਵਿੱਚ ਵਿਦਮਾਨ ਹੈ; ਬਚਪਨ ਤੋ ਲੈਕੇ ਮੌਤ ਤੱਕ, ਮਨੋਵਿਗਿਆਨੀ ਦੱਸਦੇ ਹਨ ਕਿ ਜੀਵ ਵਿੱਚ ਇਸਦਾ ਵਾਸਾ ਹੁੰਦਾ ਹੈ। ਸਮਝੋ ਕਿ ਕੰਪਿਊਟਰ ਦੇ ਪ੍ਰੋਗਰਾਮ ਵਾਂਗ ਆਰੰਭ ਤੋਂ ਹੀ ਕਾਦਰ ਦੀ ਕੁਦਰਤਿ ਵੱਲੋਂ, ਜਿਵੇਂ ਜੀਵ ਵਿੱਚ ਇਹ 'ਪ੍ਰੋਗਰਾਮਡ' ਹੀ ਕਰ ਦਿਤਾ ਜਾਂਦਾ ਹੈ।

ਸ਼ਾਇਦ ਸੰਸਾਰ ਦਾ ਸਾਰਾ ਰਜੋ ਗੁਣੀ ਪਸਾਰਾ ਇਸਦੀ ਕਿਰਪਾ ਨਾਲ਼ ਹੀ ਵਜੂਦ ਵਿੱਚ ਆ ਅਤੇ ਕਾਇਮ ਰਹਿ ਰਿਹਾ ਹੈ। ਤਿੰਨਾਂ ਗੁਣਾਂ ਦੇ ਭਰਮ ਵਿੱਚ ਹੀ ਸਾਰਾ ਸੰਸਾਰਕ ਪਸਾਰਾ ਗੁਰਬਾਣੀ ਨੇ ਮੰਨਿਆ ਹੈ। ਆਨੰਦ ਸਾਹਿਬ ਨਾਮੀ ਬਾਣੀ ਵਿਚ, ਸ੍ਰੀ ਗੁਰੂ ਅਮਰ ਦਾਸ ਜੀ ਦਾ ਫੁਰਮਾਣ ਹੈ, “ਤਿਹੀ ਗੁਣੀ ਸੰਸਾਰ ਭ੍ਰਮਿਆ” ਅਤੇ ਇਸ ਭਰਮ ਦੀ ਨੀਦ ਵਿੱਚ ਹੀ ਜੀਵ ਦੀ, "ਸੁਤਿਆਂ ਰੈਣਿ ਵਿਹਾਣੀ॥” ਅਨੁਸਾਰ ਜੀਵਨ ਰੂਪੀ ਆਰਜਾ ਵਿਹਾ ਜਾਂਦੀ ਹੈ।

ਗੁਰਮਤਿ ਇਸਨੂੰ ਖ਼ਤਮ ਕਰਨ ਦਾ ਉਪਦੇਸ਼ ਨਹੀ ਦਿੰਦੀ ਅਤੇ ਅਜਿਹਾ ਉਪਦੇਸ਼ ਕਦੇ ਗੁਰਮਤਿ ਦੇ ਹੀ ਨਹੀ ਸਕਦੀ ਜੋ ਕਿ ਕਾਦਰ ਦੀ ਕੁਦਰਤਿ ਦੇ ਨੇਮਾਂ ਦੇ ਉਲ਼ਟ ਹੋਵੇ ਬਲਕਿ ਨਿਰੰਕਾਰੀ ਤੋਹਫ਼ਿਆਂ ਦੀ ਸੁਚੱਜੀ ਤੇ ਸੰਜਮ ਭਰਪੂਰ ਵਰਤੋਂ ਕਰਕੇ, ਇਸ ਦਾ ਲਾਭ ਉਠਾਉਣ ਦੇ ਨਾਲ਼ ਨਾਲ਼, ਇਹ ਦਾਤ ਦੇਣ ਵਾਲ਼ੇ ਮਹਾਨ ਦਾਤੇ ਨੂੰ ਵੀ ਸਦਾ ਆਪਣੀ ਯਾਦ ਵਿੱਚ ਬਿਠਾਈ ਰੱਖਣਾ ਹੈ। ਇਹ ਨਾ ਕਿਤੇ ਗੁਰੂ ਕਾ ਸਿਖ ਕਰੇ ਕਿ "ਦਾਤਿ ਪਿਆਰੀ ਵਿਸਰਿਆ ਦਾਤਾਰੁ॥” ਹਾਲਤ ਵਿੱਚ ਚਲਿਆ ਜਾਵੇ।

ਆਮ ਸੰਸਾਰੀ ਜੀਵ ਪਰਾਏ ਧਨ ਤੇ ਪਰਾਏ ਤਨ ਪਿੱਛੇ ਪਾਗਲ ਹੋਏ ਫਿਰਦੇ ਹਨ। ਗੁਰਬਾਣੀ ਇਸਨੂੰ ਇਉਂ ਆਖਦੀ ਹੈ ਕਿ ਜਿਨ੍ਹਾਂ ਗੁਰਮੁਖਾਂ ਨੇ, “ਪਰ ਧਨ ਪਰ ਦਾਰਾ ਪਰਹਰੀ॥” ਦੇ ਉਪਦੇਸ਼ ਉਪਰ ਅਮਲ ਕੀਤਾ ਹੈ, "ਤਾਂ ਕੈ ਨਿਕਟ ਬਸੈ ਨਰ ਹਰੀ॥” ਵਾਲ਼ੀ ਉਹਨਾਂ ਦੀ ਅਵੱਸਥਾ ਹੋ ਜਾਂਦੀ ਹੈ। ਏਸੇ ਵਾਸਤੇ ਗੁਰਮਤਿ ਨੇ, “ਸਕਲ ਧਰਮ ਮਹਿ ਗ੍ਰਿਹਸਤ ਪ੍ਰਧਾਨ ਹੈ॥” ਆਖ ਕੇ, ਸੰਸਾਰਕ ਗ੍ਰਿਹਸਤੀ ਜੀਵਨ ਨੂੰ ਵਡਿਆਇਆ ਹੈ।

“ਪਰ ਤ੍ਰਿਅ ਰੂਪ ਨਾ ਪੇਖੈ ਨੇਤ੍ਰ॥” ਆਖ ਕੇ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਨੇ ਆਪਣੇ ਸਿੱਖਾਂ ਨੂੰ ਇਸ ਕੁਕਾਰਜ ਤੋਂ ਵਰਜਿਆ ਹੋਇਆ ਹੈ।

ਵੀ ਰਹਿਨਾਮੇ ਵਿੱਚ ਵੀ ਇਸ ਬਾਰੇ ਇਉਂ ਸੰਕੇਤ ਹੈ:

ਆਪਣੀ ਸਿੰਘਣੀ ਸਿਉਂ ਰਤ ਹੋਈ॥

ਰਹਿਤਵਾਨ ਗੁਰ ਕਾ ਸਿੰਘ ਸੋਈ॥

ਦਸਮ ਪਾਤਿਸ਼ਾਹ ਸਮੇ ਦੀ ਇੱਕ ਪ੍ਰਸਿਧ ਸਾਖੀ ਇਸ ਪ੍ਰਕਾਰ ਹੈ:

ਗੁਰੂ ਘਰ ਦੇ ਦੋਖੀ ਹਮਲਾਵਰਾਂ ਤੇ ਸਿੱਖਾਂ ਦੇ ਇੱਕ ਜਥੇ ਦਰਮਿਆਨ ਹੋਈ ਹਥਿਆਰਬੰਦ ਝੜਪ ਵਿਚ, ਦੁਸ਼ਮਣ ਹਮਲਾਵਰ ਨੂੰ ਹਾਰ ਤੇ ਖ਼ਾਲਸੇ ਨੂੰ ਫ਼ਤਿਹ ਪ੍ਰਾਪਤ ਹੋਈ। ਇਸ ਜਿੱਤ ਵਿਚੋਂ ਵਿਰੋਧੀ ਧਿਰ ਦੇ ਆਗੂ ਦਾ ਡੋਲ਼ਾ ਸਿੱਖਾਂ ਦੇ ਹੱਥ ਆ ਗਿਆ। ਸਿੱਖ ਵੀ ਉਸ ਨਾਲ਼ ਓਹੀ ਸਲੂਕ ਕਰਨਾ ਚਾਹੁੰਦੇ ਸਨ ਜੋ ਕਿ ਜੇਤੂ ਹਾਰੇ ਹੋਏ ਦੁਸ਼ਮਣ ਨਾਲ਼ ਕਰਦਾ ਹੈ। ਇਹ ਭ੍ਰਿਸ਼ਟ ਵਰਤਾਰਾ ਅੱਜ ਇਕੀਵੀਂ ਸਦੀ ਵਿੱਚ ਵੀ ਜੇਤੂ ਧੜੇ ਵੱਲੋਂ ਹਾਰੇ ਹੋਏ ਧੜੇ ਦੇ ਕਮਜ਼ੋਰ ਅੰਗ ਨਾਲ਼ ਕੀਤਾ ਜਾਂਦਾ ਹੈ; ਭਾਵੇਂ ਕਿੰਨੀਆਂ ਵੀ ‘ਜੈਨੇਵਾ ਕਨਵੈਨਸ਼ਨਾਂ’, ਜ਼ਾਲਮ ਹੱਥੋਂ ਮਣਲੂਮ ਨੂੰ ਬਚਾਉਣ ਲਈ ਰਚ ਲਈਆਂ ਜਾਣ ਪਰ ਤਾਕਤ ਹੰਕਾਰ ਵਿੱਚ ਮਨੁਖ ਮਾੜਿਆਂ ਉਪਰ ਆਪਣੀ ਧੌਂਸ ਜਮਾਉਣੋ ਬਾਜ ਨਹੀ ਆਉਂਦਾ। ਜੂਨ ੧੯੮੪ ਵਿੱਚ ਅਤੇ ਉਸ ਤੋਂ ਪਿੱਛੋਂ ਵੀ ਇੱਕ ਦਹਾਕੇ ਤੱਕ, ਪੰਜਾਬ ਦੀ ਧਰਤੀ ਅੰਦਰ, ਸਨਮਾਨਤ ਸਿੱਖ ਪਰਵਾਰਾਂ ਨਾਲ਼ ਹਿੰਦੁਸਤਾਨੀ ਫੌਜਾਂ ਵੀ ਅਜਿਹਾ ਘਿਨਾਉਣਾ ਸਲੂਕ ਕਰਦੀਆਂ ਰਹੀਆਂ ਹਨ। ਕਿਸੇ ਕੜੇ ਕਾਨੂੰਨ ਅਤੇ ਅੜੇ ਇਖ਼ਲਾਕ ਦੀ ਕਿਸੇ ਜ਼ਾਲਮ ਨੇ ਪਰਵਾਹ ਨਹੀ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਪ੍ਰਥਾਇ ਫੁਰਮਾਨ ਵੀ ਹੈ:

ਜਿਸ ਹਥਿ ਜੋਰ ਕਰਿ ਵੇਖੈ ਸੋਇ॥

ਪਰ ਕਲਗੀਧਰ ਪਾਤਿਸ਼ਾਹ ਜੀ ਨੇ ੧੯੯੮ ਵਿੱਚ ਹੀ ਆਪਣੇ ਸਿੱਖਾਂ ਨੂੰ ਸਦੀਵੀ ਸਦਾਚਾਰ ਦੇ ਉਪਦੇਸ਼ ਦੇ ਕੇ, ਤਾੜਨਾ ਭਰੇ ਸ਼ਬਦਾਂ ਰਾਹੀਂ, ਅਜਿਹੀ ਬਦਲੇ ਦੀ ਭਾਵਨਾ ਦੇ ਵਿਰੁਧ ਸੁਚੇਤ ਕਰ ਦਿਤਾ ਸੀ। ਜਦੋਂ ਜੇਤੂ ਸਿਖਾਂ ਨੇ ਦੁਬਿਧਾ ਵੱਸ ਹੋ ਕੇ, ਕਲਗੀਧਰ ਦੇ ਦਰਬਾਰ ਵਿੱਚ ਆ ਕੇ ਸ਼ੰਕਾ ਨਿਵਿਰਤੀ ਲਈ ਇਉਂ ਬੇਨਤੀ ਕੀਤੀ:

ਪੁਨ ਸਿੱਖਨ ਬੂਝੇ ਗੁਣਖਾਨੀ॥

ਸਕਲ ਤੁਰਕ ਭੁਗਵਹਿ ਹਿੰਦਵਾਨੀ॥

ਸਿੱਖ ਬਦਲਾ ਲੈ ਭਲਾ ਜਨਾਵੈ॥

ਗੁਰ ਸਾਸਤਰ ਕਿਉਂ ਬਰਜਿ ਹਟਾਵੈ॥

ਇਹ ਬੇਨਤੀ ਸੁਣ ਕੇ:

ਸੁਣ ਸਤਿਗੁਰ ਬੋਲੇ ਤਿਸ ਬੇਰੇ॥

ਹਮ ਲੇ ਜਾਣੋ ਪੰਥ ਉਚੇਰੇ॥

ਨਾਹਿ ਅਧੋਗਤਿ ਬਿਖੈ ਪੁਚਾਵੈਂ॥

ਤਾਂ ਤੇ ਕਲਮਲ ਕਰਨ ਹਟਾਵੈਂ॥

ਅਜਿਹਾ ਉਪਦੇਸ਼ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਬਖ਼ਸ਼ਿਆ ਹੈ ਤਾਂ ਕਿ ਉਹਨਾਂ ਦੇ ਸਿੱਖ ਵੀ ਬਾਕੀ ਖ਼ਲਕਤ ਵਾਂਗ ਹੀ ਪਾਪਾਂ ਵਿੱਚ ਨਾ ਖੱਚਤ ਹੋ ਜਾਣ।

ਇਸ ਮਹਾਨ ਉਪਦੇਸ਼ ਦੀ ਅੱਜ ਵੀ ਓਨੀ ਹੀ ਲੋੜ ਹੈ ਜਿੰਨੀ ਸਤਿਗੁਰਾਂ ਦੇ ਸਮੇ ਸੀ। ਹਰੇਕ ਜੰਗ ਜਾਂ ਉਥੱਲ ਪੁਥੱਲ ਸਮੇ, ਜਦੋਂ ਧਾਰਮਿਕ, ਸਦਾਚਾਰਕ, ਸਮਾਜਕ ਅਤੇ ਸਰਕਾਰੀ ਜਬਤ ਕਾਇਮ ਨਾ ਰਹੇ, ਇਸਤਰੀ ਜਾਤੀ ਉਪਰ ਜ਼ੁਲਮ ਹੁੰਦੇ ਹਨ। ਉਸਦੇ ਮਾਣ ਸਨਮਾਨ ਨੂੰ ਠੇਸ ਪੁਚਾਈ ਜਾਂਦੀ ਹੈ। ਜੁਝਾਰੂ ਦੌਰ ਸਮੇ ਹਥਿਆਰਬੰਦ ਫੌਜਾਂ ਅਤੇ ਜੁਝਾਰੂਆਂ ਦੇ ਭੇਸ ਵਿੱਚ ਫਿਰਦੇ ਸਰਕਾਰੀ ਲੁਟੇਰਿਆਂ ਵੱਲੋਂ, ਸਿੱਖ ਕੌਮ ਦੀ ਕੌਮੀ ਅਣਖ ਨੂੰ ਪੈਰਾਂ ਹੇਠ ਰੋਲਣ ਵਾਸਤੇ, ਸਿੱਖ ਪਰਵਾਰਾਂ ਦੀਆਂ ਬੱਚੀਆਂ ਨਾਲ਼ ਅਜਿਹੇ ਵਾਧੇ ਕੀਤੇ ਗਏ ਤਾਂ ਕਿ ਅਣਖੀ ਜੁਝਾਰੂ ਨੌਜਵਾਨ ਇਸ ਰਸਤੇ ਤੋਂ ਹਟਾਏ ਜਾ ਸਕਣ।

ਅੱਜ ਮਨੁਖ ਇਸ ਪੱਖੋਂ ਅਸੰਜਮੀ ਜੀਵਨ ਜੀਣ ਕਾਰਨ, ਅਣਗਿਣਤ ਬਿਮਾਰੀਆਂ ਵਿੱਚ ਗ੍ਰਸੇ ਹੋਏ ਹਨ। ਵੀਹਵੀਂ ਸਦੀ ਦੇ ਨੌਵੇਂ ਦਹਾਕੇ ਦੌਰਾਨ, ਏਡਜ਼ ਨਾਮ ਦੀ ਭਿਆਨਕ ਤੇ ਲਾ ਇਲਾਜ ਬਿਮਾਰੀ ਲਭਣ ਕਾਰਨ ਸੰਸਾਰ ਕਿੰਨਾ ਦੁਖੀ ਹੈ; ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀ। ਅਜਿਹੇ ਰੋਗਾਂ ਤੋਂ ਛੁਟਕਾਰਾ ਗੁਰੂ ਸਾਹਿਬਾਂ ਦੇ ਮਹਾਨ ਉਪਦੇਸ਼ ਉਪਰ ਅਮਲ ਕੀਤਿਆਂ ਹੀ ਪ੍ਰਾਪਤ ਹੋ ਸਕਦਾ ਹੈ।
.